ਕੌਡਾ ਆਦਮਖੋਰ - ਬੱਚਿਆਂ ਲਈ ਕਹਾਣੀ
ਇੱਕ ਵਾਰ ਦੀ ਗੱਲ ਹੈ ਸਤਿਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਆਂਧਰਾ ਪ੍ਰਦੇਸ਼ ਦੇ ਇੱਕ ਸੰਘਣੇ ਜੰਗਲ ਵਿੱਚੋਂ ਲੰਘ ਰਹੇ ਸਨ।
ਉਹ ਜੰਗਲ ਥੋੜਾ ਡਰਾਉਣਾ ਸੀ। ਕਿਉਂਕਿ ਉੱਥੇ ਜੰਗਲੀ ਲੋਕ ਰਹਿੰਦੇ ਸਨ, ਜੋ ਬਹੁਤ ਖਤਰਨਾਕ ਸਨ।
ਦੋ ਦਿਨ ਹੋ ਗਏ ਸਨ, ਭਾਈ ਮਰਦਾਨਾ ਜੀ ਨੂੰ ਕੁਝ ਖਾਣ ਲਈ ਨਹੀਂ ਮਿਲਿਆ।
ਉਨਾਂ ਨੂੰ ਬਹੁਤ ਭੁੱਖ ਲੱਗ ਗਈ। ਉਹ ਗੁਰੂ ਜੀ ਨੂੰ ਕਹਿੰਦੇ ਹਨ, "ਗੁਰੂ ਜੀ ਮੈਂ ਖਾਣ ਲਈ ਕੁਝ ਲੱਭ ਕੇ ਆਉਂਦਾ ਹਾਂ।"
ਇਹ ਕਹਿ ਕੇ ਮਰਦਾਨਾ ਜੀ ਜੰਗਲ ਵਿੱਚ ਦੂਰ ਚਲੇ ਗਏ। ਪਰ ਉੱਥੇ ਇੱਕ ਡਰਾਉਣਾ ਆਦਮੀ ਰਹਿੰਦਾ ਸੀ।
ਉਸਦਾ ਨਾਮ ਸੀ ਕੌਡਾ, ਉਹ ਇੱਕ ਆਦਮਖੋਰ ਸੀ, ਜੋ ਲੋਕਾਂ ਨੂੰ ਫੜ ਕੇ ਖਾ ਜਾਂਦਾ ਸੀ।
ਕੌਡੇ ਨੇ ਮਰਦਾਨਾ ਜੀ ਨੂੰ ਇਕੱਲਾ ਵੇਖਿਆ ਅਤੇ ਫੜ ਲਿਆ।
ਉਸਨੇ ਉਹਨਾਂ ਨੂੰ ਇੱਕ ਰੁੱਖ ਨਾਲ ਬੰਨ੍ਹ ਦਿੱਤਾ, ਉੱਥੇ ਇੱਕ ਵੱਡਾ ਕੜਾਹਾ ਸੀ ਜਿਸ ਵਿੱਚ ਤੇਲ ਗਰਮ ਹੋ ਰਿਹਾ ਸੀ।
ਕੌਡਾ ਸੋਚ ਰਿਹਾ ਸੀ ਕਿ ਉਹ ਮਰਦਾਨਾ ਜੀ ਨੂੰ ਤਲ ਕੇ ਖਾ ਲਵੇਗਾ।
ਉਧਰ ਗੁਰੂ ਨਾਨਕ ਦੇਵ ਜੀ ਨੂੰ ਅਹਿਸਾਸ ਹੋਇਆ ਕਿ ਮਰਦਾਨਾ ਜੀ ਮੁਸੀਬਤ ਵਿੱਚ ਹਨ।
ਉਹ ਉਹਨਾਂ ਨੂੰ ਲੱਭਦੇ ਲੱਭਦੇ ਕੌਡੇ ਦੀ ਝੌਂਪੜੀ ਤੱਕ ਪਹੁੰਚ ਗਏ।
ਜਦੋਂ ਮਰਦਾਨਾ ਜੀ ਨੇ ਗੁਰੂ ਜੀ ਨੂੰ ਵੇਖਿਆ, ਉਹ ਬਹੁਤ ਖੁਸ਼ ਹੋਏ।
ਉਹਨਾਂ ਨੇ ਸੋਚਿਆ ਹੁਣ ਮੈਂ ਬਚ ਜਾਵਾਂਗਾ। ਥੋੜੀ ਦੇਰ ਬਾਅਦ ਕੌਡਾ ਵਾਪਸ ਆਇਆ।
ਜਿਵੇਂ ਹੀ ਉਸਨੇ ਗੁਰੂ ਜੀ ਨੂੰ ਦੇਖਿਆ, ਕੁਝ ਅਜੀਬ ਹੋਇਆ।
ਗੁਰੂ ਜੀ ਦੀ ਪਵਿੱਤਰ ਨਜ਼ਰ ਨਾਲ ਹੀ ਕੜਾਹੇ ਦੀ ਅੱਗ ਬੁੱਝ ਗਈ, ਤੇਲ ਠੰਡਾ ਹੋ ਗਿਆ।
ਕੌਡਾ ਹੈਰਾਨ ਰਹਿ ਗਿਆ। ਉਸਨੂੰ ਸਮਝ ਆ ਗਿਆ ਕਿ ਇਹ ਕੋਈ ਆਮ ਮਨੁੱਖ ਨਹੀਂ, ਬਲਕਿ ਮਹਾਨ ਪੁਰਸ਼ ਹਨ।
ਉਸਨੇ ਤੁਰੰਤ ਮਰਦਾਨਾ ਜੀ ਨੂੰ ਖੋਲ੍ਹ ਦਿੱਤਾ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਨਿਵਾ ਕੇ ਕਿਹਾ, "ਮੈਨੂੰ ਮਾਫ਼ ਕਰ ਦਿਓ। ਮੈਂ ਬਹੁਤ ਗਲਤ
ਕੰਮ ਕੀਤੇ ਹਨ"।
ਗੁਰੂ ਜੀ ਨੇ ਪਿਆਰ ਨਾਲ ਕਿਹਾ, "ਅਸੀਂ ਤੈਨੂੰ ਸਜ਼ਾ ਦੇਣ ਨਹੀਂ ਆਏ। ਅਸੀਂ ਤੈਨੂੰ ਸਹੀ ਰਾਹ ਦਿਖਾਉਣ ਆਏ ਹਾਂ। ਅੱਜ ਤੋਂ ਬਾਅਦ ਕਿਸੇ ਵੀ ਜੀਵ ਨੂੰ ਨੁਕਸਾਨ ਨਾ ਪਹੁੰਚਾਉਣਾ, ਰੱਬ ਦਾ ਨਾਮ ਜੱਪਣਾ, ਮਿਹਨਤ ਕਰਨੀ ਅਤੇ ਜੋ ਮਿਲੇ ਉਹ ਵੰਡ ਕੇ ਖਾਣਾ।
ਉਸ ਦਿਨ ਤੋਂ ਕੌਡਾ ਆਦਮਖੋਰ ਬਦਲ ਗਿਆ, ਉਹ ਬੁਰਾਈ ਛੱਡ ਕੇ ਇੱਕ ਚੰਗਾ ਇਨਸਾਨ ਬਣ ਗਿਆ।
ਸਿੱਖਿਆ - ਹਮੇਸ਼ਾ ਚੰਗੇ ਬਣੋ, ਕਿਸੇ ਨੂੰ ਨੁਕਸਾਨ ਨਾ ਪਹੁੰਚਾਓ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ।
