Sri Bhaini Sahib

Official website of central religious place for Namdhari Sect
RiseSet
07:19am05:28pm

ਇਹ ਮਹਾਂ ਪੁਰਸ਼ ਕੌਣ ਹਨ?

Date: 
13 Dec 2024

1947 ਈ: ਦਾ ਝੱਖੜ ਸ਼ੁਰੂ ਹੋਣ ਸਮੇਂ, ਵੱਡੇ ਬਾਬਾ ਜੀ ਨਾਲ ਸੰਤ ਕਿਰਪਾਲ ਸਿੰਘ ਹੁਰੀਂ ਸੇਵਕ ਵੱਜੋਂ, ਮੰਡੀ (ਹਿਮਾਚਲ) ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਲਾਹੌਰ ਸਨ। ਇਹਨਾਂ ਨੂੰ ਹੁਕਮ ਹੋਇਆ ਕਿ ਫ਼ੌਰਨ ਪਹੁੰਚੋ। ਇਹਨਾਂ ਨੇ ਹੁਕਮ ਮੰਨਿਆ ਉੱਥੋਂ ਬੱਸ ਫੜ ਕੇ ਦੋਵੇਂ ਅੰਮ੍ਰਿਤਸਰ ਪੁੱਜੇ। ਅੱਗੋਂ ਗੱਡੀ 'ਤੇ ਜਾਣਾ ਸੀ। ਗੱਡੀ ਲੇਟ ਹੋ ਗਈ। ਸੋ ਲਾਹੌਰ ਸਤਿਗੁਰੂ ਜੀ ਦੇ ਭੇਜੇ ਸੇਵਕ, ਸਟੇਸ਼ਨ 'ਤੇ ਆਪ ਜੀ ਦੀ ਇੰਤਜ਼ਾਰ ਕਰਕੇ ਮੁੜ ਗਏ ਕਿ ਖ਼ਵਰੇ ਗੱਡੀ ਆਏ ਕਿ ਨਾ, ਆਲੇ ਦੁਆਲੇ ਅੱਗਾਂ ਜੁ ਲੱਗੀਆਂ ਹੋਈਆਂ ਸਨ, ਬਜ਼ਾਰਾਂ ਦੇ ਬਜ਼ਾਰ ਸੜੇ ਪਏ ਸਨ। ਵੱਡੇ ਬਾਬਾ ਜੀ ਤੇ ਸੰਤ ਕਿਰਪਾਲ ਸਿੰਘ ਜੀ ਗੱਡੀ ਤੋਂ ਉੱਤਰ ਕੇ, ਟਾਂਗਾ ਲੈ ਕੇ, ਸਤਿਗੁਰੂ ਜੀ ਦੇ ਡੇਰੇ-ਸੰਤ ਧਿਆਨ ਸਿੰਘ ਜੀ ਪੱਥਰਾਂ ਵਾਲਿਆਂ ਘਰ ਜਾ ਹਾਜ਼ਰ ਹੋਏ।

ਸਤਿਗੁਰੂ ਪ੍ਰਤਾਪ ਸਿੰਘ ਜੀ ਫ਼ਿਕਰਮੰਦ ਸਨ ਕਿ ਏਧਰ ਪਾਕਿਸਤਾਨ ਬਣ ਜਾਣ ਕਰਕੇ ਹਾਲਤ ਬਦ ਤੋਂ ਬਦਤਰ ਬਣ ਰਹੇ ਸਨ। ਕੁਝ ਨਾਮਧਾਰੀ ਉਹਨਾਂ ਦੇ ਵਾਰਵਾਰ ਕਹਿਣ ਦੇ ਬਾਵਜੂਦ ਘੇਸ ਵੱਟੀ ਬੈਠੇ ਸਨ। ਆਪ ਨੇ ਵੱਡੇ ਬਾਬਾ ਜੀ ਨੂੰ ਆਗਿਆ ਕੀਤੀ ਕਿ ਉਹ ਕੋਈ ਸਵਾਰੀ ਲੈ ਕੇ ਨਾਮਧਾਰੀ ਇਲਾਕਿਆਂ ਵਿੱਚ ਜਾਣ ਅਤੇ ਸਤਿਗੁਰੂ ਜੀ ਦਾ ਤਾਕੀਦੀ ਹੁਕਮ ਸੁਣਾਉਣ ਕਿ ਸਾਰੇ ਰਾਵੀਓਂ ਪਾਰ ਹੋ ਜਾਣ।ਆਪ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਗਾਮੀ ਪ੍ਰੋਗਰਾਮ ਅਨੁਸਾਰ, ਸ੍ਰੀ ਭੈਣੀ ਸਾਹਿਬ ਨੂੰ ਕਮਰ ਕੱਸੇ ਕੀਤੇ।

ਸਤਿਗੁਰੂ ਜੀ ਦੀ ਆਗਿਆ ਅਨੁਸਾਰ ਵੱਡੇ ਬਾਬਾ ਜੀ ਇੱਕ ਕਾਰ ਤੇ ਸਵਾਰ ਹੋ ਕੇ, ਨਾਲ ਸੰਤ ਕਿਰਪਾਲ ਸਿੰਘ, ਜਥੇਦਾਰ ਨਾਹਰ ਸਿੰਘ ਤੇ ਡਰਾਈਵਰ ਨੂੰ ਲੈ ਕੇ ਦੌਰੇ ਨੂੰ ਚੱਲ ਪਏ। ਆਪ ਲਾਇਲਪੁਰ, ਮਾਲੂਵਾਲ, ਸਵਾਲ ਆਦਿ ਥਾਂਈਂ ਜਾ ਕੇ ਸਤਿਗੁਰੂ ਜੀ ਦਾ ਹੁਕਮ ਸੁਣਾਉਂਦੇ ਰਹੇ।

ਆਪ ਮਾਂਗਟ ਵਾਲੇ ਕੋਲੋਂ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਸਰਦਾਰ ਦੀ ਕਾਰ ਖ਼ਰਾਬ ਹੋਈ ਖੜੀ ਸੀ । ਉਹ ਸਰਦਾਰ ਤੇ ਉਸਦੇ ਬੀਵੀ-ਬੱਚੇ ਕੋਲ ਖੜ੍ਹੇ ਸਨ। ਥੋੜ੍ਹੀ ਦੂਰ ਹੀ ਕੁਝ ਮੁਸਲਮਾਨ ਖੇਤਾਂ ਵਿੱਚ ਕੰਮ ਕਰ ਰਹੇ ਸਨ । ਆਮ ਵਾਤਾਵਰਨ ਅਸੁਖਾਵਾਂ ਤਾਂ ਹੈ ਹੀ ਸੀ। ਵਸਤੂ ਸਥਿਤੀ ਨੂੰ ਜਾਣਨ ਵਾਸਤੇ ਬਾਬਾ (ਸਤਿਗੁਰੂ ਜਗਜੀਤ ਸਿੰਘ ਜੀ ਨੇ ਉਹਨਾਂ ਦੇ ਨੇੜੇ ਹੀ ਆਪਣੀ ਕਾਰ ਰੋਕ ਲਈ, ਜਥੇਦਾਰ ਨੂੰ ਕਿਹਾ,

"ਉਹਨਾਂ ਨੂੰ ਜਾ ਕੇ ਪੁੱਛ ਕੀ ਤਕਲੀਫ਼ ਹੈ ?"

ਜੀ, ਉਹਨਾਂ ਦੀ ਕਾਰ ਪੈਂਚਰ ਹੋ ਗਈ ਹੈ। ਡਰਾਈਵਰ ਪੈਂਚਰ ਲੁਆਉਣ ਗਿਆ ਹੋਇਆ ਹੈ। ਸਟੱਪਨੀ ਉਹਨਾਂ ਕੋਲ ਹੈ ਨਹੀਂ। ਸੋ ਜੀ ਡਾਈਵਰ ਨੂੰ ਉਡੀਕ ਰਹੇ ਹਨ। ਜਥੇਦਾਰ ਨਾਹਰ ਸਿੰਘ ਜੀ ਨੇ ਪੁੱਛ ਪਰਤੀਤ ਤੋਂ ਬਾਅਦ ਦੱਸਿਆ।

ਆਪ ਜੀ ਦੀ ਆਗਿਆ ਅਨੁਸਾਰ ਜਥੇਦਾਰ ਨਾਹਰ ਸਿੰਘ ਨੇ ਉਹਨਾਂ ਨੂੰ ਆਪਣੀ ਕਾਰ ਦੀ ਸਟੱਪਨੀ ਦਿੱਤੀ। ਫਿਰ ਪਟਰੌਲ ਪੁੱਛ ਕੇ 5 ਲੀਟਰ ਪਟਰੌਲ ਦਿੱਤਾ। ਸੰਤ ਕਿਰਪਾਲ ਸਿੰਘ ਜੀ ਨੇ ਆਗਿਆ ਅਨੁਸਾਰ ਉਸ ਦੇ ਜੀਆਂ ਨੂੰ ਆਪਣੀ ਕਾਰ ਵਿੱਚੋਂ ਸਮਾਨ ਲੈ ਕੇ ਸ਼ਰਬਤ ਤਿਆਰ ਕਰਕੇ ਛਕਾਇਆ। ਉਸ ਦੀ ਕਾਰ ਨੂੰ ਸਟੱਪਨੀ ਲੱਗ ਗਈ ਤਾਂ ਉਸ ਨੂੰ ਪੁੱਛਿਆ ਗਿਆ ਕਿ ਜੇ ਉਹ ਕਾਰ ਚਲਾਉਣੀ ਨਹੀਂ ਜਾਣਦਾ ਤਾਂ ਡਰਾਈਵਰ ਵੀ ਨਾਲ ਲੈ ਜਾਵੇ, ਉਹ ਆਪੇ ਚਲੇ ਜਾਣਗੇ।

ਉਹ ਸਰਦਾਰ ਹੈਰਾਨ ਸੀ ਕਿ ਇਹ ਫ਼ਰਿਸ਼ਤਾ ਕਿਹੜਾ ਆ ਗਿਆ ? ਨੇੜੇ ਕੰਮ ਕਰਦੇ ਮੁਸਲਮਾਨਾਂ ਤੋਂ ਭੈ ਖਾ ਕੇ ਹੋਰ ਤਾਂ ਕੋਈ ਰੁਕਿਆ ਹੀ ਨਹੀਂ ਸੀ। ਉਸਨੇ, ਜਲ ਪਾਣੀ ਛਕਾਉਂਦੇ, ਸੰਤ ਕਿਰਪਾਲ ਸਿੰਘ ਨੂੰ ਪੁੱਛਿਆ :

"ਭਲਾ ਇਹ ਮਹਾਂਪੁਰਸ਼ ਕੌਣ ਹਨ ?"

"ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜਗਜੀਤ ਸਿੰਘ ਜੀ ਹਨ।"

ਸੁਣ ਕੇ ਸਹਿਜੇ ਹੀ ਸ਼ੁਕਰਾਨੇ ਵਿੱਚ ਉਸ ਦਾ ਸਿਰ ਝੁਕ ਗਿਆ, ਉਸਦੇ ਜੀਆਂ, ਨੇ ਵੀ ਨਮਸਕਾਰ ਕੀਤੀ।

- ਤਾਰਾ ਸਿੰਘ ਅਨਜਾਣ (ਸਵ.)