ਰਜ਼ਾ ਵਿਚ ਰਾਜ਼ੀ ਰਹਿਣਾ
ਗੁਰੂ ਅੰਗਦ ਦੇਵ ਜੀ ਦੇ ਵੇਲੇ ਦੀ ਗੱਲ ਹੈ। ਮੌਸਮ ਦੀ ਮਾਰ ਕਰਕੇ ਮੀਂਹ ਨਾ ਪਿਆ, ਲੋਕ ਪਰੇਸ਼ਾਨ ਹੋ ਗਏ, ਸਤਿਗੁਰੂ ਜੀ ਕੋਲ ਅਰਜ਼ ਕੀਤੀ , ਸਤਿਗੁਰੂ ਜੀ ਰਜ਼ਾ ਵਿਚ ਰਾਜ਼ੀ ਰਹਿਣ ਲਈ ਬਚਨ ਕੀਤਾ ਅਤੇ ਕਿਹਾ ਕਿ ਇਸ ਸੰਸਾਰ ਨੂੰ ਚਲਾਉਣ ਵਾਲਾ ਪਰਮਾਤਮਾ ਹੈ, ਉਸ ਅੱਗੇ ਅਰਦਾਸ ਕਰੋ , ਉਹ ਸਭ ਦਾ ਭਲਾ ਕਰਦਾ ਹੈ।
ਪਰ ਇਸ ਗਲ ਤੋਂ ਲੋਕ ਸੰਤੁਸ਼ਟ ਨਾ ਹੋਏ । ਉਹਨਾਂ ਨੂੰ ਲੱਗਾ, ਸ਼ਾਇਦ, ਗੁਰੂ ਸਾਹਿਬ ਕੋਲ ਕੋਈ ਕਰਾਮਾਤ ਨਹੀਂ ਜਾਂ ਓਹ ਕਰਾਮਾਤ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦੇ। ਇਸੇ ਨਗਰੀ ਵਿੱਚ ਇਕ ਜੋਗੀ ਰਹਿੰਦਾ ਸੀ, ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, ਬੇ-ਸਿਦਕੀ 'ਚ ਲੋਕ ਜੋਗੀ ਕੋਲ ਚਲੇ ਗਏ, ਉਸਨੇ ਕਿਹਾ ਮੀਂਹ ਮੈਂ ਪਵਾ ਦੇਵਾਂਗਾ, ਪਰ ਇਕ ਸ਼ਰਤ ਤੇ 'ਜੇਕਰ ਗੁਰੂ ਸਾਹਿਬ ਇਸ ਨਗਰ ਨੂੰ ਛੱਡ ਕੇ ਚਲੇ ਜਾਣ'। ਜੋਗੀ ਗੁਰੂ ਸਾਹਿਬ ਤੋਂ ਈਰਖਾ ਕਰਦਾ ਸੀ।
ਜਦੋਂ ਇਹ ਗੱਲ ਗੁਰੂ ਸਾਹਿਬ ਤੱਕ ਪਹੁੰਚੀ , ਪਾਤਸ਼ਾਹ ਜੀ ਨਗਰ ਛੱਡ ਕੇ ਚਲੇ ਗਏ। ਮੀਂਹ ਫਿਰ ਵੀ ਨਾ ਪਿਆ, ਜੋਗੀ ਨੇ ਬਹੁਤ ਜ਼ੋਰ ਲਾਇਆ ਪਰ ਗੱਲ ਨਾ ਬਣੀ, ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ, ਲੋਕ ਗੁੱਸੇ ਵਿਚ ਆ ਗਏ, ਉਹਨਾਂ ਗੁੱਸੇ ਵਿਚ ਜੋਗੀ ਨੂੰ ਕੁੱਟ-ਕੁੱਟ ਕੇ ਮਾਰ ਸੁੱਟਿਆ।
ਉਸੇ ਸਮੇਂ, ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਪਹੁੰਚੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਲਈ ਅਤੇ ਕਹਿਣ ਲੱਗੇ
"ਭਲਿਓ ਲੋਕੋ! ਤੁਸਾਂ ‘ਗੁਰੂ' ਦੀ ਸਾਰ ਨਹੀਂ ਜਾਤੀ। ਸਤਿਗੁਰੂ ਅੰਤਰ-ਆਤਮੇ ਪਰਮੇਸ਼ਰ ਨਾਲ ਅਭੇਦ ਹੈ ਤੇ ਪਰਮੇਸ਼ਰ ਦੀਆਂ ਸਾਰੀਆਂ ਸ਼ਕਤੀਆਂ ਸਤਿਗੁਰੂ ਵਿਚ ਮੌਜ਼ੂਦ ਹਨ। ਗੁਰੂ ਦੀ ਵਡਿਆਈ ਇਹ ਹੈ ਕਿ ਉਹ ਆਪਣੀ ਮਹਾਨਤਾ ਦਰਸਾਉਣ ਲਈ ਇਹਨਾਂ ਸ਼ਕਤੀਆਂ ਨੂੰ ਨਹੀਂ ਵਰਤਦਾ।"
"ਤੁਸੀਂ ਗੁਰੂ ਦੇ ਚਰਨਾਂ ਦਾ ਧਿਆਨ ਧਰੋ । ਆਓ ! ਸਾਰੇ ਜੁੜ ਕੇ ਅਰਦਾਸ ਕਰੀਏ, ਗੁਰੂ ਮੇਹਰ ਸਦਕਾ ਤੁਹਾਡਾ ਕਾਰਜ ਰਾਸ ਹੋਵੇਗਾ ਤੇ ਅਵੱਸ਼ ਹੋਵੇਗਾ।”
ਇਹ ਬਚਨ ਬੋਲਦਿਆਂ ਗੁਰੂ ਅਮਰਦਾਸ ਜੀ ਦੇ ਚਿਹਰੇ 'ਤੇ ਨਿਰਾਲੀ ਭਾਅ ਆ ਗਈ, ਮਾਨੋ ਰਿੱਧੀਆਂ-ਸਿੱਧੀਆਂ ਆਪ ਦੇ ਚਰਨਾਂ ਦੀ ਪਰਕਰਮਾਂ ਕਰਨ ਲੱਗੀਆਂ।
ਸਾਰਿਆਂ ਦੇ ਹੱਥ ਜੁੜ ਗਏ, ਨੈਣ ਮੁੰਦ ਗਏ, ਹਿਰਦੇ ਜੁੜ ਗਏ ਗੁਰੂ ਚਰਨਾਂ ਨਾਲ। ਪ੍ਰਭੂ ਦੀ ਮੇਹਰ ਹੋਈ, ਕੁਝ ਹੀ ਚਿਰ ਮਗਰੋਂ ਆਕਾਸ਼ 'ਤੇ ਬੱਦਲ ਚੜ੍ਹ ਆਏ ਤੇ ਬੇਹਿਸਾਬ ਮੀਂਹ ਪਿਆ।
ਅਰਦਾਸ ਪੂਰੀ ਹੋਈ ਲੋਕਾਂ ਦੇ ਮਨਾਂ 'ਚ ਖੁਸ਼ੀ ਦੀ ਲਹਿਰ ਦੌੜ ਉੱਠੀ ਨਾਲ ਹੀ ਸ਼ਰਮਿੰਦਗੀ ਵੀ ਹੋਈ, ਸਭ ਇਕੱਠੇ ਹੋ ਕੇ ਗੁਰੂ ਅੰਗਦ ਦੇਵ ਜੀ ਦੇ ਕੋਲ ਜਾ ਪਹੁੰਚੇ ਅਤੇ ਬਖ਼ਸ਼ਿਸ਼ ਦੀ ਯਾਚਨਾ ਕੀਤੀ।
ਬਖਸ਼ਿੰਦ ਪਾਤਸ਼ਾਹ ਨੇ , ਸਭ ਨੂੰ ਭਾਣਾ ਮੰਨਣ ਅਤੇ ਹਮੇਸ਼ਾ ਉਸ ਪਰਮੇਸ਼ਰ ਦੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਉਪਦੇਸ਼ ਦਿੱਤਾ ਅਤੇ ਗੁਰੂ ਅਮਰਦਾਸ ਜੀ ਨੂੰ ਕਰਾਮਾਤਾਂ ਤੋਂ ਦੂਰ ਰਹਿਣ ਦਾ ਹੁਕਮ ਵੀ ਕੀਤਾ।
ਇਸ ਸਾਖੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਾਡੀਆਂ ਕਈ ਮੰਗਾਂ ਹੁੰਦੀਆਂ ਨੇ, ਜਦੋਂ ਕੋਈ ਮੰਗ ਪੂਰੀ ਨਾ ਹੋਵੇ ਤੇ ਸਾਡੇ ਮਨ ਵਿਚ ਅਕਸਰ ਗੁਰੂ ਪ੍ਰਤੀ ਸ਼ਰਧਾ ਭਾਵਨਾ ਘੱਟ ਜਾਂਦੀ ਹੈ। ਅਸੀਂ ਥਾਂ-ਥਾਂ ਭਟਕਣਾ ਸ਼ੁਰੂ ਕਰ ਦਿੰਦੇ ਹਾਂ। ਸੰਤੁਸ਼ਟੀ ਫਿਰ ਵੀ ਨਹੀਂ ਆਉਂਦੀ।
ਦੇਖਿਆ ਜਾਵੇ ਤੇ ਸਾਡੀਆਂ ਮੰਗਾਂ ਤੇ ਬਹੁਤ ਛੋਟੀਆਂ ਨੇ , ਅੰਤਰਜਾਮੀ ਸਤਿਗੁਰੂ ਸਭਨਾਂ ਦੇ ਦਿਲਾਂ ਦੀਆਂ ਜਾਣਦਾ ਹੈ, ਉਸਨੂੰ ਪਤਾ ਹੈ ਉਸਦੇ ਸਿੱਖ ਨੂੰ ਕਿਸ ਚੀਜ਼ ਦੀ ਲੋੜ ਹੈ, ਇਹ ਉਸਦੀ ਰਜ਼ਾ ਹੈ ਉਸਨੇ ਕਦੋਂ ਤੇ ਕਿਵੇਂ ਸਾਡੀ ਮੰਗ ਪੂਰੀ ਕਰਨੀ ਹੈ। ਸਾਨੂੰ ਸਿਦਕ ਰੱਖਣਾ ਚਾਹੀਦਾ ਹੈ।
ਨਾਲੇ, ਗੁਰੂ ਨਾਲ ਸਾਡਾ ਰਿਸ਼ਤਾ ਸਿਰਫ਼ ਆਪਣੀਆਂ ਸੰਸਾਰਕ ਮੰਗਾਂ ਪੂਰੀਆਂ ਕਰਨ ਤੱਕ ਥੋੜ੍ਹੀ ਹੈ, ਜਦਕਿ ਇਸ ਤੋਂ ਬਹੁਤ ਉੱਪਰ ਹੈ।
ਗੁਰੂ ਸਾਨੂੰ ਜੀਵਨ ਜਾਂਚ ਸਿਖਾਉਂਦਾ ਹੈ। ਸੁੱਖ ਅਤੇ ਦੁੱਖ ਵਿਚ ਰਹਿਣ ਦਾ ਤਰੀਕਾ ਦੱਸਦਾ ਹੈ। ਪਰਮਾਨੰਦ ਦੀ ਪ੍ਰਾਪਤੀ ਦਾ ਰਾਹ ਦੱਸਦਾ ਹੈ। ਭਾਣਾ ਮੰਨਣ ਦਾ ਬੱਲ ਬਖਸ਼ਦਾ ਹੈ।
ਸੋ ਅਸੀਂ ਇਹੋ ਅਰਦਾਸ ਕਰੀਏ, ਜਿਸ ਬਾਰੇ ਗੁਰਬਾਣੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ।
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥
ਪ੍ਰੰਤੂ ਫਿਰ ਵੀ ਜੇਕਰ ਕੁੱਝ ਮੰਗਣਾ ਪੈ ਵੀ ਜਾਵੇ, ਤੇ ਮੰਗੋ ਇੱਕ ਕੋਲ਼ੋਂ ਹੀ।
ਹਰਕੀਰਤ ਸਿੰਘ
ਮੋ 9463010382