-ਭਾਈ ਖਜ਼ਾਨ ਸਿੰਘ
ਸਾਰੇ ਨਾਮਧਾਰੀ ਸੰਤ ਖਾਲਸੇ ਵਿਚੋਂ ਜਿਸਨੂੰ ਸਮਕਾਲੀ ਕਵੀ ਜਾਂ ਰਾਗੀ ਸਿੰਘ ਨੇ 'ਲਾਡਲਾ ਸਪੂਤ' ਲਿਖਿਆ ਸੀ ਉਹ ਕਿਹੋ ਜਿਹਾ ਹੋਏਗਾ ? ਉਸਨੂੰ ਵਕਤ ਦੇ ਅੰਗਰੇਜ਼ ਹਾਕਮ ਸਤਿਗੁਰੂ ਰਾਮ ਸਿੰਘ ਜੀ ਦਾ ਸਿਆਸੀ ਉੱਤਰਾਧਿਕਾਰੀ ਲਿਖਦੇ ਹਨ। ਉਸ ਦੀ ਬੋਲਚਾਲ, ਤੀਖਣ ਬੁੱਧੀ, ਮੌਕੇ 'ਤੇ ਫੈਸਲੇ ਲੈਣ ਦੀ ਜੁਰਅਤ, ਦਲੇਰੀ, ਨਿਰਭੈਤਾ, ਅਡੋਲਤਾ, ਸੰਜਮੀ ਅਤੇ ਸਿਰੜੀ ਜੀਵਨ, ਸਤਿਗੁਰੂ ਜੀ ਅਤੇ ਉਹਨਾਂ ਦੁਆਰਾ ਵਿੱਢੇ ਕੌਮੀ ਮੁਕਤੀ ਸੰਗਰਾਮ ਪ੍ਰਤੀ ਮੁਕੰਮਲ ਸਮਰਪਣ ਦੀ ਭਾਵਨਾ, ਦੂਰ ਅੰਦੇਸ਼ੀ, ਵੈਰੀ ਦੀਆਂ ਸਾਰੀਆਂ ਚਾਲਾਂ ਦਾ ਜੁਆਬ ਦੇਣ ਲਈ ਨਵੀਂ ਵਿਊਹ ਰਚਨਾ ਕਰ ਲੈਣਾ, ਕਸ਼ਟਾਂ ਦੀ ਕੁਠਾਲੀ ਵਿਚ ਦੇਹੀ ਨੂੰ ਢਾਲ ਕੇ ਕੁੰਦਨ ਬਣਨ ਦੀ ਸਮਰੱਥਾ ਨੇ, ਉਸ ਨੂੰ ਕੂਕਾ ਅੰਦੋਲਨ ਦਾ ਅਮਰ ਨਾਇਕ ਬਣਾ ਦਿੱਤਾ ਹੈ। ਉਹ ਉਹਨਾਂ ਸੂਰਬੀਰਾਂ ਅਤੇ ਸੰਗਰਾਮੀਆਂ ਵਿਚੋਂ ਹੈ, ਜੋ ਆਪਣੇ ਛੋਟੇਰੇ ਜੀਵਨ ਕਾਲ ਵਿਚ ਵੀ ਵੱਡੀਆਂ ਪ੍ਰਾਪਤੀਆਂ ਕਰਕੇ, ਇਤਿਹਾਸ ਦੀ ਹਿੱਕੜੀ ਤੇ ਆਪਣੀਆਂ ਪੈੜਾਂ ਸਦੀਵ ਕਾਲ ਲਈ ਅੰਕਿਤ ਕਰ ਜਾਂਦੇ ਹਨ। ਮਨੁੱਖੀ ਮੁਕਤੀ ਯੁੱਧ ਵਿਚ ਉਹਨਾਂ ਦੁਆਰਾ ਪਾਇਆ ਯੋਗਦਾਨ, ਉਹਨਾਂ ਨੂੰ ਸਮੇਂ ਸਥਾਨ ਅਤੇ ਦੇਸ਼ ਕਾਲ ਦੇ ਬੰਧਨਾਂ ਤੋਂ ਵੀ ਉੱਪਰ ਉਠਾ ਕੇ ਵਿਸ਼ਵ ਇਤਿਹਾਸ ਦੇ ਪੰਨਿਆਂ 'ਤੇ ਚਮਕਣ ਵਾਲੇ ਨਾਵਾਂ ਦੀ ਸੂਚੀ ਵਿਚ ਦਾਖ਼ਲ ਕਰ ਦਿੰਦਾ ਹੈ। ਉਹਨਾਂ ਦਾ ਜੀਵਨ ਕੁਤਬ ਤਾਰੇ ਜਿਉਂ ਬੇਯਕੀਨੀ ਦੀ ਹਾਲਤ ਵਾਲੀਆਂ ਰਾਤਾਂ ਵਿਚ ਮਾਰਗ ਦਰਸ਼ਕ ਬਣ ਜਾਂਦਾ ਹੈ। ਉਹਨਾਂ ਦੀ ਕੀਰਤੀ, ਕੌਮਾਂ ਨੂੰ ਆਪਣੇ ਜੀਵਨ ਦੇ ਉਤਰਾਵਾਂ ਚੜ੍ਹਾਵਾਂ ਦੀ ਤਰਾਸਦਿਕ ਸਥਿਤੀ ਵਿਚੋਂ ਉਭਾਰਨ ਦੀ, ਇਕ ਸ਼ਕਤੀਸ਼ਾਲੀ ਵਾਹਕ ਬਣਦੀ ਹੈ। ਉਹ ਮਨੁੱਖੀ ਬਰਕਤਾਂ ਦਾ ਮੁਜੱਸਮਾ ਬਣ ਕੇ ਇਨਸਾਨੀ ਸਮਰੱਥਾਵਾਂ ਦੀ ਬੇਪਨਾਹ ਬੁਲੰਦੀ ਦੇ ਦਰਸ਼ਨ ਕਰਵਾਉਂਦੇ ਹਨ। ਉਹਨਾਂ ਦੇ ਪੈਰਾਂ ਵਿਚ ਧਰਤੀ ਦੀ ਤੋਰ, ਸੀਨਿਆਂ ਵਿਚ ਸਾਗਰਾਂ ਦਾ ਜੋਸ਼,ਹੱਥਾਂ ਵਿਚ ਪੌਣਾਂ ਦੀ ਫੁਰਤੀ ਨੇਤਰਾਂ ਵਿਚ ਚੜ੍ਹਦੇ ਸੂਰਜ ਦੀ ਚਮਕ ਅਤੇ ਮੱਥੇ ਵਿਚ ਦ੍ਰਿੜ੍ਹ ਵਿਸ਼ਵਾਸਾਂ ਦੇ ਦੀਪਕ ਜਗਮਗਾਉਂਦੇ ਹਨ। ਉਹ ਸਾਧਾਰਨ ਜਨਾ ਵਿਚੋਂ ਹੁੰਦਿਆਂ ਵੀ, ਲਹਿਰਾਂ ਦੇ ਕੰਧਾੜਿਆਂ ਤੇ ਚੜ੍ਹ ਕੇ ਅਸਧਾਰਨ ਕਾਰੇ ਕਰ ਜਾਂਦੇ ਹਨ। ਚਰਿੱਤਰ ਦੇ ਇਹਨਾਂ ਮੀਰੀ ਗੁਣਾਂ ਕਾਰਨ ਹੀ, ਪੰਜਾਬ ਦੇ ਮੋਢੀ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ ਜੀ ਦਾ "ਲਾਡਲਾ ਸਪੂਤ" ਅਖਵਾਉਣ ਦਾ ਸ਼ਰਫ ਸੂਬਾ ਸਾਹਿਬ ਸਿੰਘ ਜੀ ਦੇ ਹਿੱਸੇ ਆਇਆ।
ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਇਕ ਉਪਦੇਸ਼ ਵਿਚ ਸੂਬਾ ਜੀ ਬਾਰੇ ਮੁੱਢਲੀ ਜਾਣਕਾਰੀ ਇਉਂ ਦਰਜ ਹੈ—“ਸਾਹਿਬ ਸਿੰਘ ਜੀ ਜਿਹੜੇ ਸਤਿਗੁਰਾਂ ਦੇ ਪਾਸ ਰਹਿਣ ਵਾਲੇ ਖ਼ਾਸ ਸੂਬਿਆਂ ਵਿਚੋਂ ਸਨ, ਜਿਨ੍ਹਾਂ ਉੱਤੇ ਬਹੁਤ ਕਿਰਪਾ ਸੀ । ਬਾਬਾ ਜੱਸਾ ਸਿੰਘ ਜੀ (ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪੂਜਯ ਪਿਤਾ ਸੀ), ਜਿਨ੍ਹਾਂ ਨੂੰ ਬਹੁਤ ਪਿਆਰ ਕਰਦੇ ਸੀ। ਬਾਬਾ ਜੀ ਦਾ ਜਨਮ ਬਰਮਾਲੀ ਪੁਰ ਪਿੰਡ (ਆਮ ਬੋਲਚਾਲ ਵਿਚ ਬੰਗਾਲੀ ਪੁਰ ਕਿਹਾ ਜਾਂਦਾ ਹੈ...), ਜ਼ਿਲ੍ਹੇ ਅੰਮ੍ਰਿਤਸਰ (ਹੁਣ ਤਰਨਤਾਰਨ) ਦਾ ਸੀ। ਜਿਹੜੀ ਤਿੰਨਾ ਘੋੜੀਆਂ ਵਾਲੀ ਤਸਵੀਰ ਹੈ ਦਰਮਿਆਨ ਦੀ ਤਸਵੀਰ ਬਾਬਾ ਜੀ ਦੀ ਹੈ, ਜਿਨ੍ਹਾਂ ਦਾ ਇਓ ਹੱਥ ਕੀਤਾ ਹੋਇਆ।... ਤਾਂ ਉਹ (ਭਾਈ ਖਜਾਨ ਸਿੰਘ ਰਾਗੀ) ਇਉਂ ਉਸ ਵੇਲੇ ਕਹਿੰਦੇ ਸੀ-ਬਈ ਸਤਿਗੁਰਾਂ ਦੇ ਪੁੱਤਰ ਹਨ, ਬਾਬਾ ਸਾਹਿਬ ਸਿੰਘ ਜੀ। ਕੁੰਜੀਆਂ ਉਹਨਾਂ ਕੋਲ ਸੀਆਂ। ਗੌਰਮਿੰਟ ਦੇ ਕਾਗਜ਼ਾਂ ਵਿਚ ਵੀ ਇਹ ਲਫਜ਼ ਆਏ ਹਨ ਕਿ ਇਹ ਆਦਮੀ ਜਿਹੜਾ ਹੈ, ਇਹਦੇ ਦਿਲ ਦਾ ਭੇਦ ਨਹੀਂ ਸਮਝਿਆ ਜਾ ਸਕਦਾ ।
ਇਕ ਤਿੰਨਾਂ ਘੋੜੀਆਂ ਵਾਲੀ ਤਸਵੀਰ ਲੁਧਿਆਣਾ ਦੇ ਸਤਿਗੁਰੂ ਜੀ ਦੇ ਸਮਕਾਲੀ ਮੁਸੱਵਰ ਵਜ਼ੀਰ ਅਲੀ ਦੀ ਬਣਾਈ ਹੋਈ ਸੀ ਜਿਸ ਵਿਚ ਸਤਿਗੁਰੂ ਜੀ ਦੇ ਸਾਹਵੇਂ ਸਲੋਤਰਾਂ ਵਾਲੇ ਪੈਦਲ ਸ਼ਹੀਦ ਸਿੰਘ, ਹੀਰਾ ਸਿੰਘ ਲਹਿਣਾ ਸਿੰਘ ਆਦਿ ਛੇ ਸਿੰਘਾਂ ਦਾ ਮਸਤਾਨਾ ਦਲ ਹੈ ਅਤੇ ਸੂਬਾ ਸਾਹਿਬ ਸਿੰਘ ਤੋਂ ਇਲਾਵਾ ਸੂਬਾ ਲੱਖਾ ਸਿੰਘ ਜੀ ਹਨ। ਸੂਬਾ ਜੀ ਦੇ ਹੱਥ ਦੇ ਇਸ਼ਾਰੇ ਦਾ ਭਾਵ ਹੈ ਕਿ ਉਹ ਕਿਸੇ ਜਗਿਆਸੂ ਨੂੰ ਸਤਿਗੁਰੂ ਜੀ ਬਾਰੇ ਜਾਣਕਾਰੀ ਦੇ ਰਹੇ ਹਨ।
ਜੇ.ਡਬਲਯੂ. ਮੈਕਨਬ ਜੋ ਪਿਛਲੇ ਵਰ੍ਹੇ ਤੱਕ ਅੰਬਾਲੇ ਦਾ ਕਾਰਜਕਾਰੀ ਕਮਿਸ਼ਨਰ ਸੀ ਅਤੇ ਮਗਰੋਂ ਭਾਰਤ ਸਰਕਾਰ ਨੇ ਅਪ੍ਰੈਲ ੧੮੭੨ ਈ. ਵਿਚ ਉਸ ਨੂੰ ਨਜ਼ਰਬੰਦ ਕੂਕੇ ਸੂਬਿਆਂ ਦੇ ਅਲਾਹਾਬਾਦ ਕਿਲ੍ਹੇ ਵਿਚ ਬਿਆਨ ਲੈ ਕੇ ਉਹਨਾਂ ਦੀ ਤਕਦੀਰ ਬਾਰੇ ਸਿਫਾਰਸ਼ਾਂ ਕਰਨ ਦਾ ਅਧਿਕਾਰ ਦਿੱਤਾ ਸੀ। ਸਾਹਿਬ ਸਿੰਘ ਹੋਰਾਂ ਦੇ ਮੈਕਨਬ ਸਾਹਮਣੇ ਦਿੱਤੇ ਬਿਆਨ ਮੁਤਾਬਿਕ ਉਹਨਾਂ ਦਾ ਜਨਮ ੧੮੩੪ ਈ. ਦਾ ਹੈ ਪਿਤਾ ਦਾ ਨਾਮ ਦਿਆਲ ਸਿੰਘ ਪਿੰਡ ਇਥੇ ਬਨਵਾਲੀ ਪੁਰ, ਤਰਨ ਤਾਰਨ, ਅੰਮ੍ਰਿਤਸਰ ਲਿਖਿਆ ਮਿਲਦਾ ਹੈ। ਉਹ ਰਾਮਗੜ੍ਹੀਆ ਸਿੱਖ ਜਾਤੀ ਵਿਚੋਂ ਸਨ । ਉਹਨਾਂ ਦੇ ਦੱਸਣ ਮੁਤਾਬਿਕ ਨਾਮ ਦੀ ਦਾਤ ਲੈ ਕੇ ਨਾਮਧਾਰੀ, ਉਹ ਹਜਰੋਂ ਨਿਵਾਸੀ ਗੁਰੂ ਬਾਲਕ ਸਿੰਘ ਜੀ ਤੋਂ ੧੮੫੯ ਈ. ਵਿਚ ਬਣਿਆ ਸੀ, ਜੋ ਤਿੰਨ ਸਾਲ ਬਾਅਦ ਦੇਹ ਦਾ ਉਹਲਾ ਕਰ ਗਏ ਸਨ। ਉਸ ਦੇ ਦੋ ਹੋਰ ਭਾਈ ਸਨ ਹੀਰਾ ਸਿੰਘ ਅਤੇ ਰੂੜ ਸਿੰਘ। ਰੂੜ ਸਿੰਘ ਆਪ ਤੋਂ ਤਿੰਨ ਵਰ੍ਹੇ ਵੱਡਾ ਸੀ।ਉਹ ਵਿਆਹਿਆ ਵਰ੍ਹਿਆ ਸੀ ਅਤੇ ਅੰਮ੍ਰਿਤਸਰ ਸਾਹਿਬ ਵਿਚ ਨਿਵਾਸ ਰੱਖਦਾ ਸੀ ਜਿਸਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਸੂਬਾ ਥਾਪਿਆ ਸੀ। ਸੰਨ ੧੮੫੯-੬੦ ਈ. ਵਿਚ ਹੀ ਸਾਹਿਬ ਸਿੰਘ ਭੈਣੀ ਸਾਹਿਬ ਸਤਿਗੁਰੂ ਜੀ ਪਾਸ ਪੁੱਜਦਾ ਹੈ। ਇੱਥੇ ਆਉਣ ਤੋਂ ਪਹਿਲਾਂ ਉਹ ਤਕਰੀਬਨ ਨੌਂ ਸਾਲ ਉਦਾਸੀ ਸਾਧੂ ਦੇ ਰੂਪ ਵਿਚ ਦੇਸਾਰਟਨ ਕਰਦਾ ਰਿਹਾ ਅਤੇ ਇਉਂ ਗ੍ਰਹਿਸਤ ਮਾਰਗ ਤੋਂ ਵਿਰਕਤ ਹੀ ਰਿਹਾ ਫਿਰ ਉਸ ਦੇ ਹੋਰ ਵਡੇਰੇ ਮਿਸ਼ਨ, ਦੇਸ਼ ਦਾ ਸੁਤੰਤਰਤਾ ਸੰਗਰਾਮ ਅਤੇ ਕੂਕਾ ਜਥੇਬੰਦੀ ਦੇ ਸੰਗਠਨ ਨੇ ਉਸ ਨੂੰ ਬਿਹੰਗਮ ਜੀਵਨ ਤੋਂ ਇਲਾਵਾ ਹੋਰ ਕੁਝ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ। ਸਾਡਾ ਪਹਿਲਾ ਇਤਿਹਾਸਕਾਰ ਉਸ ਦੇ ਭੈਣੀ ਸਾਹਿਬ ਆਉਣ ਨੂੰ ਇਕ ਪੌਰਾਣਿਕ ਸਾਖੀ ਨਾਲ ਜੋੜ ਕੇ ਉਸਨੂੰ ਸਤਿਗੁਰੂ ਜੀ ਦਾ ਆਦਿ ਜੁਗਾਦੀ ਮਿੱਤਰ ਜਾਂ ਸੰਗੀ ਸਖਾ ਲਿਖ ਕੇ ਇਉਂ ਵਡਿਆਉਂਦਾ ਹੈ—
“ਬਾਬਾ ਸਾਹਿਬ ਸਿੰਘ ਜੀ ਆਇਆ ਕਹਿਣ ਲੱਗਾ ਜੀ ਮੇਰੇ ਏਥੇ ਰਹਿਣ ਦਾ ਸੰਕਲਪ ਹੈ। ਮੈਸਾਂ ਚਾਰ ਲਿਆਇਆ ਕਰਾਂਗਾ। ਗੁਰੂ ਜੀ ਕਿਹਾ ਚੰਗਾ। ਰਹਿਣੇ ਲੱਗਾ। ਫੇਰ ਵਿੱਦਿਆ ਪੜ੍ਹਾਉਣੇ ਲਗਾ ਮੁੰਡਿਆਂ ਨੂੰ । ਸਤਿਗੁਰੂ ਜੀ ਬਚਨ ਕੀਤਾ ਪਹਿਲੇ ਮੈਂ ਆਪਣੇ ਹੱਥੀਂ ਸੇਵਾ ਕਰਦਾ ਹੁੰਦਾ ਸਾਂ। ਜਾਂ ਮੈਂ ਅੱਠ ਬਰਸਾਂ ਕਾ ਸੀ ਤਾਂ ਮੈਂ ਮੈਸਾਂ ਚਾਰਨ ਜਾਂਦਾ ਹੁੰਦਾ ਸੀ। ਮੈਂ ਆਪਣੇ ਹੱਥੀਂ ਸੇਵਾ ਕੀਤੀ ਹੈ ਤਾਂ ਅੱਗੇ ਹੁਣ ਸੇਵਾ ਕਰਨ ਵਾਲੇ ਹਾਜ਼ਰ ਆਣ ਹੋਏ ਹੈਂ।... ਲੰਕਾ ਜਦ ਡੰਕਾ ਬਜਾ ਕੇ ਫਤੇ ਕੀਤੀ ਸੀ ਤਾਂ ਹਨੂਮਾਨ ਜੀ ਵਰ ਮੰਗਿਆ ਸੀ ਕਿ ਜੇ ਮਾਤ ਲੋਕ ਮੈਂ ਆਵੋ ਤਾਂ ਨਾਲ ਹੀ ਆਈਏ, ਜੇ ਬੈਕੁੰਠ ਮੈਂ ਜਾਵੋ ਤਾਂ ਨਾਲ ਹੀ ਜਾਈਏ। ਤਿੰਨਾਂ ਕੋ ਪੈਦਾ ਕਰਨ ਲੱਗੇ ਹਾਂ।
ਇਸ ਸਮੇਂ ਸਤਿਗੁਰੂ ਜੀ ਦੁਆਬੇ ਤੋਂ ਲੁਧਿਆਣੇ ਨੂੰ ਆ ਕੇ ਮਾਮੀ ਦੇ ਘਰੋਂ ਪਰਸ਼ਾਦਾ ਛਕ ਕੇ, ਬਿਰਾਜ ਕੇ ਸੁਬਾਹ ਭੈਣੀ ਸਾਹਿਬ ਨੂੰ ਤੁਰੇ ਤਾਂ ਇਕ ਫੰਧਕ ਨੇ ਪੰਛੀ ਫੜੇ ਹੋਏ ਸਨ। ਸਾਹਿਬ ਸਿੰਘ ਨੂੰ ਹੁਕਮ ਦੇ ਕੇ ਫੰਦਕ ਨੂੰ ਕੁਝ ਮਾਇਆ ਦਿੱਤੀ ਅਤੇ ਉਸ ਤੋਂ ਪੰਛੀ ਮੁਕਤ ਕਰਵਾਏ।
ਅਪ੍ਰੈਲ ੧੮੬੧ ਈ. ਵਿਚ ਹਰਦੁਆਰ ਅਰਧ ਕੁੰਭੀ ਦੇ ਮੇਲੇ ਤੇ ਸ੍ਰੀ ਸਤਿਗੁਰੂ ਜੀ ਸਾਹਿਬ ਸਿੰਘ ਅਤੇ ਹੋਰ ਨਿਕਟ ਵਰਤੀਆਂ ਸਮੇਤ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਪਹੁੰਚਦੇ ਹਨ। ਇਸ ਫੇਰੀ ਸਮੇਂ ਬਾਹੋਵਾਲ ਜੀ ਨੇ ਆਪਦੇ ਬਹੁਤ ਸਾਰੇ ਬਚਨ ਸਾਖੀਆਂ ਕੌਤਕ ਦਰਜ ਕੀਤੇ ਹਨ, ਜਿਹਨਾਂ ਦਾ ਮਕਸਦ ਗਿਆਨ ਵਿਹੂਣੀ, ਅੰਧੀ ਰਈਅਤ ਨੂੰ ਸੁਮਾਰਗ ਦੀ ਸੋਝੀ ਕਰਵਾਉਣੀ ਸੀ। ਆਪਣੇ ਸੇਵਕਾਂ ਨਾਲ ਗੁਰ ਸਿੱਖੀ ਵਾਲੇ ਸੰਬੰਧਾਂ ਨੂੰ ਹੋਰ ਵਧੇਰੇ ਬਲ ਬਖਸ਼ਣ ਲਈ ਉਹਨਾਂ ਨੂੰ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਸਿੱਖੀ ਮੰਡਲ ਨਾਲ ਜੋੜਨ ਲਈ, ਹਿੰਦੂ ਪੌਰਾਣਿਕ ਸਾਹਿਤ ਦੀ ਭਰਪੂਰ ਵਰਤੋਂ ਸਤਿਗੁਰੂ ਜੀ ਕਰਿਆ ਕਰਦੇ ਸਨ। ਉਹ ਮਨੁੱਖੀ ਮਨੋ ਵਿਗਿਆਨ ਦੇ ਮਰਮੱਗ ਸਨ ਕਿ ਆਦਮੀ ਬਹੁਤ ਸਮਾਂ ਮਿੱਥ ਵਿਚ ਵੀ ਅਨੰਦਿਤ ਮਹਿਸੂਸ ਕਰਦਾ ਹੈ। ਇਸੇ ਦੌਰੇ ਸਮੇਂ ਇਕ ਸਿੱਖਣੀ ਨੇ ਜੋ ਵਿਚਾਰੀ ਵਾਹਵਾ ਸਧਾਰਨ ਬੁੱਧ ਹੋਏਗੀ ਕਿਹਾ ਕਿ ਮੈਨੂੰ ਟੱਪਾ (ਭਜਨ) ਭੁੱਲ ਗਿਆ ਹੈ। ਸਤਿਗੁਰੂ ਜੀ ਉਸ 'ਤੇ ਕ੍ਰੋਧਿਤ ਹੋ ਗਏ ਤਾਂ ਪਾਸੋਂ ਸਾਹਿਬ ਸਿੰਘ ਦੇਕਹਿਣ ਤੇ ਕਿ "ਬਖਸ਼ਿਓ ਜੀ" ਬਾਹੋਵਾਲ ਦੇ ਸ਼ਬਦਾਂ ਵਿਚ "ਗੁਰੂ ਜੀ ਬਚਨ ਕੀਤਾ ਤੇਰਾ ਪਿਓ ਮਾਰਿਆ ਸੀ। ਅੰਗਦ ਤੇਰਾ ਨਾਮ ਸੀ।" ਤਦੋਂ ਤੁਸਾਂ ਵਰ ਮੰਗਿਆ ਸੀ ਕਿ ਜੁੱਗੋ ਜੁੱਗ ਨਾਲ ਰੱਖੀ। ਸੋ ਤੁਸੀਂ ਨਾਲ ਆਏ ਹੋ।
ਸਤਿਗੁਰੂ ਜੀ ਦੇ ਹੁਕਮ ਤੇ ਸਾਹਿਬ ਸਿੰਘ ਆਪਣੇ ਤੋਂ ਦੂਣੇ ਲੋਕਾਂ ਨਾਲ ਵੀ ਭਿੜ ਜਾਂਦਾ ਸੀ। ਭੈਅ ਨਹੀਂ ਸੀ ਮੰਨਦਾ ਕਿਸੇ ਦਾ ਅਤੇ ਸਦਾ ਤਿਆਰ ਬਰ ਤਿਆਰ ਰਹਿੰਦਾ ਸੀ 'ਧਰਮ ਜੁੱਧ ਕੇ ਚਾਓ' ਵਿਚ। ਇਹੋ ਕਾਰਨ ਸੀ ਕਿ ਜਦੋਂ ਸ੍ਰੀ ਸਤਿਗੁਰੂ ਜੀ ਨੇ, ਨਾਮਧਾਰੀ ਸੰਤ ਖਾਲਸੇ ਦੀ ਪੁਨਰ ਸਿਰਜਨਾ ਬਾਅਦ, ਆਪਣੇ ਪੰਥ ਦੇ ਜਥੇ ਬੰਦਕ ਢਾਂਚੇ ਨੂੰ ਚੁਸਤ ਦਰੁਸਤ ਬਨਾਉਣ ਲਈ ਪਹਿਲੇ ਪੰਜ ਸੂਬਿਆਂ ਦੀ ਸਥਾਪਨਾ ਕੀਤੀ (ਸੂਬਿਆਂ ਦੇ ਅਲਾਹਾਬਾਦ ਕਿਲ੍ਹੇ ਵਿਚ ਅਪ੍ਰੈਲ ੧੮੭੨ ਈ. ਵਿਚ ਦਿੱਤੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਸਥਾਪਨਾ ੧੮੬੫ ਈ. ਵਿਚ ਹੋਈ) ਜਦੋਂ ਸ੍ਰੀ ਸਤਿਗੁਰੂ ਜੀ ਨੂੰ ਭੈਣੀ ਸਾਹਿਬ ਵਿਖੇ ਨਜ਼ਰਬੰਦ ਕੀਤਾ ਸੀ ਕਿ ਬਾਹਰ ਪਰਚਾਰ ਦੌਰੇ ਨਾ ਕਰ ਸੱਕਣ। ਪਹਿਲੇ ਪੰਜਾਂ ਵਿਚੋਂ ਕਾਹਨ ਸਿੰਘ, ਸੁੱਧ ਸਿੰਘ, ਜੁਆਹਰ ਸਿੰਘ ਤੋਂ ਬਾਅਦ ਹੀ ਲੱਖਾ ਸਿੰਘ ਅਤੇ ਸਾਹਿਬ ਸਿੰਘ ਨੂੰ ਥੋੜ੍ਹੇ-ਥੋੜ੍ਹੇ ਵਕਫੇ ਬਾਅਦ ਇਸ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੇ ਪਦ ਦੀ ਜ਼ਿੰਮੇਵਾਰੀ ਸਉਂਪੀ ਗਈ।
ਵੈਸੇ ਤਾਂ ਬਰਤਾਨਵੀ ਵਸਤਾਂ ਅਤੇ ਸੰਸਥਾਵਾਂ ਦੇ ਬਾਈਕਾਟ ਦਾ ਲਗਾਤਾਰ ਚਾਰ ਕੂਕੇ ਕਰ ਰਹੇ ਸਨ ਪਰ ਕੂਕਿਆਂ ਦਾ ਡਾਕ ਦਾ ਆਪਣਾ ਪ੍ਰਬੰਧ ਏਨਾ ਵਿਸ਼ਾਲ ਅਤੇ ਹੈਰਤ ਅੰਗੇਜ਼ ਸੀ ਕਿ ਅੰਗਰੇਜ਼ ਸਰਕਾਰ ਮੂੰਹ ਵਿਚ ਉਂਗਲਾਂ ਪਾਉਣ 'ਤੇ ਮਜਬੂਰ ਹੋ ਜਾਂਦੀ ਸੀ। ਇਸ ਮਹਿਕਮੇ ਦੀ ਸਫਲਤਾ ਦਾ ਸਿਹਰਾ ਵੀ ਤੀਖਣ ਬੁੱਧੀ ਅਤੇ ਪਹਿਲ ਕਦਮੀ ਨਾਲ ਭਰਪੂਰ ਸੂਬਾ ਸਾਹਿਬ ਸਿੰਘ ਦੇ ਸੀਸ 'ਤੇ ਹੀ ਸਜਦਾ ਸੀ। ਸੰਤ ਇੰਦਰ ਸਿੰਘ ਚੱਕਰਵਰਤੀ ਦੇ ਸ਼ਬਦਾਂ ਵਿਚ-
-ਮਹਾਂ ਕਾਵਿ ਮਾਲਵੇਂਦਰ
ਇਕ ਹੋਰ ਪ੍ਰਸਿੱਧ ਨਾਮਧਾਰੀ, ਇਤਿਹਾਸਕਾਰ ਸੰਤ ਨਿਧਾਨ ਸਿੰਘ ਆਲਿਮ ਆਪਣੀ ਪੁਸਤਕ ਦੇ “ਕੂਕਾ ਪੋਸਟਲ ਸਰਵਿਸ" ਵਾਲੇ ਅਧਿਆਇ ਵਿਚ ਦਰਜ ਕਰਦੇ ਹਨ-
"ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਡਾਕ ਦਾ ਆਪਣਾ ਪ੍ਰਾਈਵੇਟ ਮਹਿਕਮਾ ਜਥੇਬੰਦ ਕਰਕੇ ਸੂਬਾ ਸਾਹਿਬ ਸਿੰਘ ਨੂੰ ਉਸ ਦਾ ਵੱਡਾ ਅਫਸਰ ਨੀਯਤ ਕੀਤਾ। ਉਨ੍ਹਾਂ ਨੂੰ ਆਪਣੀ ਦੂਰ ਦਰਸ਼ਤਾ ਨਾਲ ਪਹਿਲੋਂ ਹੀ ਅਨੁਭਵ ਕਰ ਲਿਆ ਸੀ ਕਿ ਜੇ ਡਾਕ ਨੂੰ ਸੈਂਸਰ ਹੋਣ ਤੋਂ ਬਚਾਇਆ ਜਾ ਸਕਦਾ ਹੈ ਤਾਂ ਉਸਦਾ ਅਦੁੱਤੀ ਤਰੀਕਾ ਡਾਕ ਦੇ ਸੁਤੰਤਰ ਮਹਿਕਮੇ ਦੀ ਸਥਾਪਨਾ ਹੈ। ਇਹ ਮਹਿਕਮਾ ਇਸ ਖੂਬੀ ਨਾਲ ਕਾਇਮ ਕੀਤਾ ਗਿਆ ਕਿ ਕੋਈ ਪੱਤਰ ਕਿਸੇ ਗ਼ੈਰ ਦੇ ਹੱਥ ਨਹੀਂ ਸੀ ਆ ਸਕਦਾ ਅਤੇ ਖ਼ਬਰਾਂ ਵੀ ਸਰਕਾਰੀ ਮਹਿਕਮਾ ਡਾਕ ਨਾਲੋਂ ਛੇਤੀ ਤੇ ਬਿਨਾਂ ਪੈਸੇ ਖਰਚ ਕਰਨ ਤੋਂ ਪੁੱਜ ਜਾਂਦੀਆਂ ਸਨ।ਖ਼ਬਰਾਂ ਵਾਸਤੇ ਸੰਕੇਤ ਨੀਯਤ ਕੀਤੇ ਗਏ ਸਨ, ਜਿਨ੍ਹਾਂ ਦਾ ਹਰਕਾਰਿਆਂ ਨੂੰ ਵੀ ਪਤਾ ਨਹੀਂ ਸੀ ਹੁੰਦਾ। ਉਨ੍ਹਾਂ ਤੋਂ ਕੇਵਲ ਸੂਬੇ ਅਤੇ ਜੱਥੇਦਾਰ ਹੀ ਜਾਣੂ ਹੁੰਦੇ ਸਨ।... ‘ਕੂਕਾ ਪੋਸਟਲ ਸਰਵਿਸ' ਸੰਬੰਧੀ ਸਰਕਾਰੀ ਰੀਕਾਰਡ ਵਿਚ ਵੀ ਪ੍ਰਸ਼ੰਸਾ ਕੀਤੀ ਗਈਆ ਹੈ। ਲਿਖਿਆ ਹੈ ਕਿ -
"ਕੂਕੇ ਜਿਨ੍ਹਾਂ ਨੂੰ ਸੰਤ ਖਾਲਸਾ ਵੀ ਕਿਹਾ ਜਾਂਦਾ ਹੈ, ਉਹਨਾਂ ਦਾ ਡਾਕ ਦਾ ਮਹਿਕਮਾ ਪ੍ਰਾਈਵੇਟ ਹੈ, ਜੋ ਬੜੀ ਖ਼ੂਬੀ ਨਾਲ ਜਥੇਬੰਦ ਕੀਤਾ ਹੋਇਆ ਹੈ। ਇਹ ਕੂਕਾ ਜੋ ਡਾਕ ਲੈ ਕੇ ਦੂਜੇ ਪਿੰਡ ਦੇ ਕੂਕੇ ਪਾਸ ਪੁੱਜਦਾ ਹੈ, ਉਹ ਜੋ ਕੰਮ ਕਰਦਾ ਹੋਵੇ ਵਿਚ ਛੱਡ ਦਿੰਦਾ ਹੈ। ਜੇ ਰੋਟੀ ਅੱਧੀ ਖਾਧੀ ਤੇ ਅੱਧੀ ਰਹਿੰਦੀ ਹੈ, ਤਾਂ ਉਹ ਦੂਜੀ ਗਿਰਾਹੀ ਮੂੰਹ ਵਿਚ ਨਹੀਂ ਪਾਉਂਦਾ, ਅਤੇ ਕੋਈ ਪ੍ਰਸ਼ਨ ਪੁੱਛਣ ਤੋਂ ਬਿਨਾਂ ਹੀ ਚਿੱਠੀ ਲੈ ਕੇ ਦੌੜ ਜਾਂਦਾ ਹੈ, ਅਰ ਦੂਜੇ ਪੜਾਅ 'ਤੇ ਪੁੱਜ ਕੇ ਦੂਜੇ ਕੂਕੇ ਦੇ ਹਵਾਲੇ ਕਰ ਦਿੰਦਾ ਹੈ। ਖ਼ਾਸ ਡਾਕ ਜ਼ਬਾਨੀ ਹੁੰਦੀ ਹੈ, ਜੋ ਲਿਖੀ ਨਹੀਂ ਜਾਂਦੀ। ਮੇਜ਼ਰ ਪਰਕਿਨਜ਼ ਦੇ ਕਹਿਣ ਅਨੁਸਾਰ ਉਹ ਜਰਨੈਲੀ ਸੜਕ ਛੱਡ ਕੇ ਲੰਮਾਂ ਵਲਾ ਪਾਉਂਦੇ ਤੇ ਲਾਂਭਿਉਂ ਦੀ ਜਾਂਦੇ ਹਨ।
ਅਕਤੂਬਰ ੧੮੬੭ ਈ. ਦੀ ਸ੍ਰੀ ਅੰਮ੍ਰਿਤਸਰ ਦੀ ਦੀਪਮਾਲਾ ਦੇ ਮੌਕੇ 'ਤੇ ਸਤਿਗੁਰੂ ਜੀ ਮਾਝੇ, ਮਾਲਵੇ, ਦੁਆਬੇ ਬਾਰ ਅਤੇ ਦੜਪ ਦੀ ਸੰਗਤ ਨੂੰ ਦਰਸ਼ਨ ਦੇਣ ਲਈ ਸ੍ਰੀ ਅੰਮ੍ਰਿਤਸਰ ਜਾਣਾ ਚਾਹੁੰਦੇ ਸਨ । ਇਸ ਕਾਰਜ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਆਪ ਨੇ ਦੋ ਸੂਬੇ ਨਿਯੁਕਤ ਕੀਤੇ। "ਬਾਬਾ ਕਾਹਨ ਸਿੰਘ ਤੇ ਬਾਬਾ ਸਾਹਿਬ ਸਿੰਘ ਦੋਵੇਂ ਲਾਹੌਰ ਗਏ। ਜਾਇ ਅਰਜੀ ਦਿੱਤੀ ਕਿ ਦੀਪਮਾਲਾ ਕੀ ਛੁੱਟੀ ਮੰਗਦੇ ਹਾਂ। ਫਰੰਗੀ ਬੋਲਿਆ ਕਿ ਛੁੱਟੀ ਨਾ ਮਿਲੇਗੀ। ਸਿੰਘਾਂ ਨੇ ਕਿਹਾ ਕਿ ਦਰਵੇਸ਼ ਲੋਕ ਹੈਂ ਕਿਸੀ ਕਾ ਹਰਜ ਨਹੀਂ ਕਰਦੇ। ਫਰੰਗੀ ਨੇ ਕਹਾ ਤੁਮ ਦਰਵੇਸ਼ ਨਹੀਂ ਹੈ। ਕੜਾਹ ਪ੍ਰਸ਼ਾਦਿ ਛਕਦੇ ਹੋ। ਲਾਲੀਆਂ ਤੁਹਾਡੇ ਮੂੰਹ ਪਰ ਦਗ਼ਦੀਆਂ ਹਨ। ਦਰਵੇਸ਼ਾਂ ਵਾਲਾ ਤੁਹਾਡਾ ਕੋਈ ਕੰਮ ਨਹੀਂ। ਤੁਮਾਰਾ ਤੌਰ ਪਾਤਸ਼ਾਹਾਂ ਵਾਲਾ ਹੈ। ਅਸੀਂ ਧੁਆਨੂੰ ਖੁੱਲ੍ਹੇ ਕਰਕੇ ਆਪਨੇ ਰਾਜ ਸੇ ਹੱਥ ਧੋਇ ਬੈਠੀਏ ਜਾਓ ਛੁੱਟੀ ਨਹੀਂ ਮਿਲੇਗੀ। ਇਹ ਵੱਖਰੀ ਗੱਲ ਹੈ ਕਿ ਜਦੋਂ ਆਨੰਦਪੁਰ ਸਾਹਿਬ ਦੇ ਪਿਛਲੇ ਹੋਲੇ ਜਿਉਂ ਸਰਕਾਰ ਨੂੰ ਸੂਹ ਮਿਲ ਗਈ ਕਿ ਉਹ ਅੰਮ੍ਰਿਤਸਰ ਪੁੱਜਣ ਲਈ ਬਜ਼ਿਦ ਹਨ—ਭਾਵ ਉਹ ਮਨਾਹੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣਗੇ ਤਾਂ ਆਪਣਾ ਨਮੂਜ ਰੱਖਣ ਲਈ ਛੁੱਟੀ ਦਾ ਪਰਵਾਨਾ ਸ੍ਰੀ ਭੈਣੀ ਸਾਹਿਬ ਭੇਜ ਦਿੱਤਾ ਗਿਆ।
ਸਤਿਗੁਰੂ ਜੀ ਸਾਹਿਬ ਸਿੰਘ ਨੂੰ ਆਪਣੀ ਹਜ਼ੂਰੀ ਵਿਚ ਭਜਨ ਦੇਣ ਦਾ ਹੁਕਮ ਵੀ ਕਰਿਆ ਕਰਦੇ ਸਨ ਅਤੇ ਜਦੋਂ ਮਾਈਆਂ ਸਿੱਖੀ ਧਾਰਨ ਕਰਦੀਆਂ ਸਨ ਤਾਂ ਉਹਨਾਂ ਦੇ ਸਰੀਰ ਤੋਂ, ਮਨਮੱਤ ਦੇ ਪ੍ਰਤੀਕ ਗਹਿਣੇ ਅਦਿਕ ਲੁਹਾਉਣ ਦੀ ਸੇਵਾ ਸਾਹਿਬ ਸਿੰਘ ਦੇ ਜ਼ਿੰਮੇ ਲੱਗਦੀ ਸੀ।ਰਾਜੇ ਜੰਗ (ਲਾਹੌਰ) ਦਾ ਜ਼ਿਕਰ ਬਾਹੋਵਾਲ ਜੀ ਕਰਦੇ ਹਨ, "ਉਸ ਵਕਤ ਜਨਾਨੀਆਂ ਦੇ ਹੱਥੀਂ ਪਹੁੰਚੀਆਂ ਬੱਧੀਆਂ ਹੋਈਆਂ ਦੇਖ ਕੇ ਬਚਨ ਕੀਤਾ-ਲਿਆ ਭਾਈ ਸਾਹਿਬ ਸਿੰਘ ਰੰਬਾ ਪਹੁੰਚੀਆਂ ਵੱਢੀਏ। ਵੱਢ ਕੇ ਬਚਨ ਕੀਤਾ... ਫੇਰ ਨਹੀਂ ਗਹਿਣੇ ਚੂੜੀਆਂ ਆਦਿਕ ਪਹਿਰਨੀਆਂ। ਸਾਹਿਬ ਸਿੰਘ ਪਰਮਾਰਥ ਬਾਰੇ ਵੀ ਅਕਸਰ ਚਰਚਾ ਸਤਿਗੁਰੂ ਜੀ ਨਾਲ ਕਰਦਾ ਰਹਿੰਦਾ। ਉਸ ਦੀ ਵਾਰਤਾ ਦਾ ਵਿਸ਼ਾ ਸਿੱਖੀ ਸਿਦਕ ਹੀ ਹੁੰਦਾ ਸੀ। ਸੂਬਿਆਂ ਦੇ ਆਪਸੀ ਵਿਵਾਦਾਂ ਦੇ ਨਿਪਟਾਰੇ ਸਮੇਂ ਵੀ ਸਾਹਿਬ ਸਿੰਘ ਦੀ ਹੀ ਯੋਗਤਾ ਪਰਖੀ ਜਾਂਦੀ ਸੀ। ਸਾਹਿਬ ਸਿੰਘ ਆਪਣੀ ਹਾਜਰ ਜੁਆਬੀ ਵਿਚ ਵੀ ਲਾ ਜੁਆਬ ਸੀ। ਬਾਹੋਵਾਲ ਜੀ ਦੁਆਰਾ ਲਿਖਤ ਇਕ ਹੋਰ ਪ੍ਰਸੰਗ-“ਏਕ ਬ੍ਰਾਹਮਣ ਕਾਂਸ਼ੀ ਥੀਂ ਆਇਆ। ਸਾਰਾ ਦਿਨ ਬੈਠਾ ਦੇਖਦਾ ਰਿਹਾ। ਜੇੜ੍ਹਾ ਸਿੰਘ ਮਦਾਨੇ ਜਾਵੇ ਸਾਰੇ ਬਸਤ ਕੱਪੜੇ ਉਤਾਰ ਕੇ ਜਾਵੇ। ਆਇਕੇ ਸਣ ਕੇਸੀਂ ਇਸ਼ਨਾਨ ਕਰਨਾ। ਜੇੜ੍ਹਾ ਪਰਨਾ ਨਾਲ ਲਜਾਵਣਾ ਸੋ ਧੋਇ ਲੈਣਾ। ਬ੍ਰਾਹਮਣ ਨੇ ਕਹਾ ਬ੍ਰਾਹਮਣਾਂ ਕੇ ਕਰਮ ਸ਼ੂਦਰ ਵੈਸ਼ ਕਰਦੇ ਹੈਨ। ਬਾਬੇ ਸਾਹਿਬ ਸਿੰਘ ਬੋਲ ਕੀਤਾ, “ਪੰਡਿਤ ਜੀ! ਤੁਸੀਂ ਗੁੱਸਾ ਕਿਉਂ ਕਰਦੇ ਹੋ ? ਅਸੀਂ ਇਹ ਮਰਯਾਦਾ ਜ਼ੋਰ ਨਾਲ ਨਹੀਂ ਲਈ ਹੈ। ਅਸੀਂ ਤਾਂ ਡਿੱਗੀ ਪਈ ਚੁੱਕੀ ਹੈ। ਨਿਰਾਦਰ ਹੁੰਦਾ ਦੇਖ ਕੇ ਅਸੀਂ ਆਦਰ ਕੀਤਾ ਹੈ। ਪੰਡਿਤ ਨੂੰ ਕੋਈ ਉੱਤਰ ਨਾ ਆਇਆ।
ਸਾਹਿਬ ਸਿੰਘ ਪੰਜਾਬੀ ਲੋਕ ਸੱਭਿਆਚਾਰ ਤੋਂ ਵੀ ਭਲੀ ਭਾਂਤ ਪਰਿਚਿਤ ਸੀ। ਮਲੂਮ ਹੁੰਦਾ ਹੈ ਕਿ ਉਹ ਹੀਰ ਰਾਂਝੇ ਦੇ ਕਿੱਸੇ ਵਿਚ ਵੀ ਦਿਲਚਸਪੀ ਰੱਖਦਾ ਸੀ। ਇਹ ਉਸਦੇ ਅਤੀ ਰੁਝੇਵਿਆਂ ਭਰੇ ਜੀਵਨ ਦਾ ਕੋਮਲ ਪੱਖ ਵੀ ਸੀ ਇਸੇ ਲਈ ਉਹਨੇ ਆਪਣੇ ਮਨ ਦੀ ਜਗਿਆਸਾ ਸਤਿਗੁਰੂ ਜੀ ਨਾਲ ਸਾਂਝੀ ਕੀਤੀ-"ਬਾਬੇ ਸਾਹਿਬ ਸਿੰਘ ਨੇ ਅਰਜ਼ ਕੀਤੀ ਜੀ ਲੋਕ ਹੀਰ ਰਾਂਝਾ ਬਹੁਤ ਪੜ੍ਹਦੇ ਸੁਣਦੇ ਹੈਂ। ਦੀਨਾ ਨਾਥ ਜੀ ਬਚਨ ਕੀਤੇ ਉਨ੍ਹਾਂ ਦੀ ਸੱਚੀ ਆਸ਼ਕੀ ਸੀ। ਉਹਨਾਂ ਵਰਗਾ ਕਲੂ ਕਾਲ ਵਿਚ ਕੋਈ ਨਹੀਂ ਹੈ ਪਰ ਤੁਸੀਂ ਬਾਣੀ ਹੀ ਪੜ੍ਹੋ। ਸੂਰਜ ਪ੍ਰਕਾਸ਼ ਵਿਚ ਕਥਾ ਆਉਂਦੀ ਹੈ ਕਿ ਦਸਵੇਂ ਪਾਤਸ਼ਾਹ ਨੇ ਇਕ ਵੇਰ, ਇਕ ਆਜੜੀ ਜੋ ਰਾਤ ਸੱਸੀ ਗਾਉਂਦਾ ਸੀ, ਆਪਣੀ ਮੌਜ ਵਿਚ, ਉਸਨੂੰ ਦਿਨੇ ਪਾਸ ਬੁਲਾਕੇ ਫਿਰ ਸੱਸੀ ਸੁਣੀ। ਸਿੱਖਾਂ ਦੇ ਕੱਚੀ ਬਾਣੀ ਵਾਲੀ ਸ਼ੰਕਾ ਕਰਨ ਤੇ ਕਿਹਾ ਕਿ ਜਿਸ ਧਰਤੀ ਵਿਚ ਉਂਗਲ ਨਹੀਂ ਗੱਡੀ ਜਾ ਸਕਦੀ, ਸੱਸੀ ਆਪਣੇ ਪ੍ਰੇਮ ਖਾਤਰ ਉਸ ਧਰਤੀ ਵਿਚ ਸਮਾ ਗਈ ਸੀ।
ਸੂਬਾ ਸਾਹਿਬ ਸਿੰਘ ਵੀ ਦੇਸ਼ ਪ੍ਰੇਮ ਦਾ ਐਸਾ ਮਤਵਾਲਾ ਸੀ ਜਿਹਨੂੰ ਆਪਣੇ ਸਤਿਗੁਰੂ ਤੋਂ ਇਹ ਦਾਤ ਮਿਲੀ ਸੀ। ਆਪਣੇ ਸਤਿਗੁਰੂ ਦੇ ਡੇਰੇ ਵਿਚ ਭਾਵੇਂ ਉਹ ਪਸ਼ੂਆਂ ਦਾ ਛੇੜੂ ਬਣਕੇ ਆਇਆ ਸੀ, ਪਰ ਸਤਿਗੁਰੂ ਜੀ ਦੀ ਪਾਰਖੂ ਅੱਖ ਨੇ ਉਸ ਵਿਚਲੇ ਲੀਡਰਸ਼ਿੱਪ ਦੇ ਗੁਣਾਂ ਨੂੰ ਭਾਂਪ ਲਿਆ ਸੀ ਅਤੇ ਉਹ ਕੂਕਾ ਜਥੇਬੰਦੀ ਦਾ ਸਤਿਗੁਰੂ ਜੀ ਤੋਂ ਉੱਤਰ ਕੇ ਇਕ ਮੁੱਖ ਧੁਰਾ ਬਣ ਗਿਆ ਸੀ। ਉਹ ਛੋਟੇ ਵੱਡੇ ਸਮਾਗਮਾਂ ਵਿਚ ਦੀਵਾਨ ਸਥਾਨ ਦੀ ਤਿਆਰੀ ਦਾ ਵੀ ਜ਼ਿੰਮੇਵਾਰ ਹੁੰਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਰੀਕਾਰਡ ਹੋਏ ਉਪਦੇਸ਼ ਵਿਚ ਦਰਜ ਹੈ "ਦੀਵਾਨ ਦਾ ਮੈਦਾਨ, ਬਾਬਾ ਸਾਹਿਬ ਸਿੰਘ ਜੀ ਸੂਬੇ ਲਵਾਉਂਦੇ ਹੁੰਦੇ ਸੋਟੀ ਲੈ ਲੈਣੀ ਜਾ ਕੇ ਗੋਲ ਚੱਕਰ ਬਣਾਉਣਾ ਬਹੁਤ ਵੱਡਾ।”ਸਾਹਿਬ ਸਿੰਘ ਨਾਮਧਾਰੀ ਸਿੰਘਾਂ ਦਾ ਡਰਿਲ ਇੰਸਟਰਕਟਰ ਵੀ ਸੀ ਭਾਵ ਉਹਨਾਂ ਨੂੰ ਕਵਾਇਦ ਵੀ ਕਰਵਾਉਂਦਾ ਸੀ। ਕੈਪਟਨ ਮਿੱਲਰ ਦਾ ਭੇਜਿਆ ਹੋਇਆ ਇਕ ਗੇਂਦਾ ਸਿੰਘ ਨਾਂ ਦਾ ਜਸੂਸ ਜੂਨ ੧੮੬੩ ਈ. ਵਿਚ ਭੈਣੀ ਸਾਹਿਬ ਪੁੱਜਦਾ ਹੈ ਅਤੇ ਉਹ ਦੱਸਦਾ ਹੈ ਕਿ ਰਾਤ ਦੇ ਸਮੇਂ ਢੋਲ ਵੱਜਣ ਬਾਅਦ, ਪੰਜਾਹ ਕੂਕਿਆਂ ਨੂੰ ਸਾਹਿਬ ਸਿੰਘ ਨੇ ਲਾਠੀਆਂ ਨਾਲ ਕਵਾਇਦ ਕਰਵਾਈ। ਉਸ ਨੂੰ ਸਾਹਿਬ ਸਿੰਘ ਨੇ ਭਜਨ ਦੱਸ ਕੇ ਕੂਕਿਆਂ ਵਿਚ ਸ਼ਾਮਲ ਵੀ ਕਰ ਲਿਆ। ਫਿਰ ਜਦੋਂ ਗੇਂਦਾ ਸਿੰਘ ਸਾਹਿਬ ਸਿੰਘ ਪਾਸ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਿਆ ਪ੍ਰਗਟ ਕਰਦਾ ਹੈ ਤਾਂ ਸਾਹਿਬ ਸਿੰਘ ਉਹਨੂੰ ਦੋ ਭਵਿੱਖਤ ਵਾਕਾਂ 'ਤੇ ਆਧਾਰਿਤ ਪੱਤਰ, ਸ੍ਰੀ ਸਤਿਗੁਰੂ ਜੀ ਨੂੰ ਦੇਣ ਲਈ ਦਿੰਦਾ ਹੈ ਜਿਹਨਾਂ ਵਿਚ ਸਰਕਾਰ ਵਿਰੁੱਧ ਬਹੁਤ ਸਾਰਾ ਗੁੱਸਾ ਅਤੇ ਨਫਰਤ ਹੈ। ਪ੍ਰੰਤੂ ਆਲਿਮ ਜੀ ਦਾ ਮੱਤ ਹੈ ਕਿ ਸੂਬਾ ਸਾਹਿਬ ਸਿੰਘ ਵਰਗਾ ਸੁਘੜ ਤੇ ਨੀਤੀ ਨਿਪੁੰਨ ਵਿਅਕਤੀ, ਇਸ ਤਰ੍ਹਾਂ ਦੇ ਬਗਾਵਤੀ ਭਾਸ਼ਾ ਵਾਲੇ ਪੱਤਰ, ਕਿਸੇ ਓਬੜ ਬੰਦੇ ਦੇ ਹੱਥ ਨਹੀਂ ਸੀ ਦੇ ਸਕਦਾ। ਦਰਅਸਲ ਸਰਕਾਰੀ ਅਧਿਕਾਰੀ ਖੋਟਿਆਂ ਦੇ ਅਨੰਦ ਕਾਰਜਾਂ ਤੋਂ ਬਾਅਦ, ਸਤਿਗੁਰੂ ਜੀ ਦੀ ਨਜ਼ਰਬੰਦੀ ਸਮੇਂ, ਕੂਕਿਆਂ ਵੱਲੋਂ ਮੜ੍ਹੀਆਂ-ਮਸਾਣਾਂ, ਕਬਰਾਂ-ਖਾਨਗਾਹਾਂ ਆਦਿ ਦੀ ਭੰਨ ਤੋੜ ਕਰਨ ਦੀ ਤਹਿਰੀਕ ਨੂੰ, ਧਾਰਮਕ ਦੀ ਬਜਾਏ ਸਿਆਸੀ ਸਿੱਧ ਕਰਨ ਲੱਗ ਪਏ ਸਨ।
ਖਾਲਸਾ ਰਾਜ ਦੀ ਪੁਨਰ ਸੁਰਜੀਤੀ ਜਾਂ ਪੰਜਾਬ ਵਿਚ ਸੁਤੰਤਰ ਰਾਜ ਦਾ ਨਿਰਮਾਣ, ਕੂਕਿਆਂ ਦਾ ਮਨੋਰਥ ਸਮਝ ਕੇ, ਸਰਕਾਰ ਸਤਿਗੁਰੂ ਜੀ ਤੇ ਸੂਬਿਆਂ ਤੇ ਹੱਥ ਪਾਉਣ ਲਈ ਬਹਾਨੇ ਘੜੀ ਜਾ ਰਹੀ ਸੀ। ਛੇਤੀ ਹੀ ਸਤਿਗੁਰੂ ਜੀ ਅਤੇ ੨੨ ਸੂਬਿਆਂ ਤੇ ਨਜ਼ਰਬੰਦੀ ਦੇ ਹੁਕਮ ਆਇਦ ਕਰ ਦਿੱਤੇ ਗਏ ਸਨ। ਪਰ ਉਹਨਾਂ ਨੇ ਜਦੋ ਵੀ ਸਰਕਾਰ ਨੂੰ ਝਟਕਾ ਦੇਣਾ ਹੁੰਦਾ, ਮਨਾਹੀ ਦੇ ਹੁਕਮ ਰੱਦ ਕਰਕੇ, ਸ੍ਰੀ ਅੰਮ੍ਰਿਤਸਰ ਜਾਂ ਅਨੰਦਪੁਰ ਸਾਹਿਬ ਦੇ ਪੁਰਬਾਂ ਦੇ ਸਮੇਂ, ਉੱਧਰ ਵਹੀਰਾਂ ਘੱਤ ਦਿੰਦੇ ਸਨ।
ਦੇਸ਼ ਆਜ਼ਾਦੀ ਲਈ ਨਾਮਧਾਰੀ ਦਰਬਾਰ ਨੇ ਸਤਿਗੁਰੂ ਜੀ ਦੇ ਆਦੇਸ਼ ਮੁਤਾਬਿਕ ਵਿਆਪਕ ਵਿਊਹ ਰਚਨਾ ਵੀ ਕੀਤੀ ਸੀ। ਬਦੇਸ਼ੀ ਗੁਆਂਢੀ ਸ਼ਕਤੀਆਂ ਅਤੇ ਦੇਸ਼ ਵਿਚਲੀਆਂ ਗਵਾਲੀਅਰ, ਲਖਨਊ, ਬਨਾਰਸ ਆਦਿ ਰਿਆਸਤਾਂ ਨਾਲ ਵੀ ਸੰਬੰਧ ਕਾਇਮ ਕੀਤੇ ਜਾ ਰਹੇ ਸਨ। ਜੰਮੂ ਕਸ਼ਮੀਰ ਵਿਚ ਹੀਰਾ ਸਿੰਘ ਸਢੌਰਾ ਦੀ ਅਗਵਾਈ ਹੇਠ ਕੂਕਾ ਰੈਜੀਮੈਂਟ ਖੜ੍ਹੀ ਕਰਨ ਬਾਅਦ, ਹੁਣ ਨੇਪਾਲ ਨਾਲ ਕੂਟਨੀਤਕ ਸੰਬੰਧਾਂ ਦੇ ਯਤਨ ਅਰੰਭੇ ਗਏ। ਕੁਝ ਲਾਹੌਰ ਦਰਬਾਰ ਦੇ ਪੁਰਾਣੇ ਸੈਨਿਕ ਵੀ ਨੇਪਾਲ ਦੀ ਰਾਣਾ ਜੰਗ ਬਹਾਦਰ ਦੀ ਸਰਕਾਰ ਵਿਚ ਫੌਜੀ ਮੁਲਾਜ਼ਮ ਸਨ। ਨੇਪਾਲ ਦਾ ਰਾਣਾ ਜੰਗ ਬਹਾਦਰ ਏਸ਼ੀਆ ਦੇ ਇਸ ਖਿੱਤੇ ਵਿਚ ਵਧਦੇ ਬ੍ਰਿਟਿਸ਼ ਪ੍ਰਭਾਵ ਤੋਂ ਚਿੰਤਤ ਵੀ ਸੀ ਪਰ ਸ਼ਕਤੀਸ਼ਾਲੀ ਸਾਮਰਾਜ ਦੇ ਮੁਕਾਬਲੇ ਲਈ ਮਜ਼ਬੂਤ ਧਿਰ ਦੀ ਅਣਹੋਂਦ ਵਿਚ ਉਹ ਆਪਣੇ ਦੇਸ਼ ਜਾਂ ਕੌਮ ਨੂੰ ਬਲੀ ਦਾ ਬੱਕਰਾ ਵੀ ਨਹੀਂ ਸੀ ਬਨਾਉਣਾ ਚਾਹੁੰਦਾ। ਸੰਨ ੧੮੫੭ ਈ. ਦੇ ਸੁਤੰਤਰਤਾ ਸੰਗਰਾਮ ਵਿਚ ਭਾਰਤੀ ਗ਼ਦਰੀਆਂ ਦੀ ਮੱਦਦ ਲਈ ਉਸ ਆਪਣੀ ਸੈਨਾ ਤੋਰ ਦਿੱਤੀ ਸੀ,ਪਰ ਜਦੋਂ ਉਸਨੂੰ ਮਲੂਮ ਹੋਇਆ ਕਿ ਅੰਗਰੇਜ਼ਾਂ ਵਿਰੁੱਧ ਸਾਰਾ ਦੇਸ਼ ਇਕ ਜੁੱਟ ਨਹੀਂ ਹੋਇਆ ਅਤੇ ਗ਼ਦਰੀਆਂ ਦੇ ਪੈਰ ਉੱਖੜਨੇ ਸ਼ੁਰੂ ਹੋ ਗਏ ਹਨ, ਤਾਂ ਉਸਨੇ ਲਖਨਊ ਤੋਂ ਆਪਣੀ ਸੈਨਾ ਵਾਪਸ ਨੇਪਾਲ ਮੰਗਵਾ ਲਈ ਸੀ।
ਗ੍ਰੰਥ ਗੜ੍ਹ (ਅੰਮ੍ਰਿਤਸਰ) ਦੇ ਕੂਕੇ ਕਿਸ਼ਨ ਸਿੰਘ, (ਕਈ ਥਾਵਾਂ ਤੇ ਉਸਦਾ ਨਾਮ ਹਰੀ ਸਿੰਘ ਵੀ ਲਿਖਿਆ ਹੈ) ਰਾਹੀਂ ਰਾਣਾ ਨੂੰ ਪੰਜਾਬ ਵਿਚ ਕੂਕਾ ਅੰਦੋਲਨ ਦੇ ਰਾਜਸੀ ਨਿਸ਼ਾਨਿਆਂ ਦੇ ਪ੍ਰਫੁੱਲਤ ਹੋਣ ਦੀ ਸੂਹ ਮਿਲੀ। ਕਿਸ਼ਨ ਸਿੰਘ ਹੋਰਾਂ ਸਤਿਗੁਰੂ ਰਾਮ ਸਿੰਘ ਤੱਕ ਰਾਣੇ ਦੀ ਬੇਨਤੀ ਪੁਚਾਈ ਕਿ ਇੱਥੇ ਆ ਕੇ ਦਰਸ਼ਨ ਦਿਉ| ਸੋ ਸਤਿਗੁਰੂ ਜੀ ਨੇ ਰਾਣੇ ਦੀ ਬੇਨਤੀ 'ਤੇ ਆਪਣੇ ਦੋ ਖ਼ਾਸ ਸੂਬਿਆਂ ਕਾਹਨ ਸਿੰਘ ਨਿਹੰਗ ਅਤੇ ਸਾਹਿਬ ਸਿੰਘ ਨੂੰ ੧੮੭੦-੭੧ ਈ. ਦੀਆਂ ਸਰਦੀਆਂ ਵਿਚ ਨੇਪਾਲ ਭੇਜਿਆ। ਦੋਹਾਂ ਪਾਸਿਆਂ ਤੋਂ ਕੁਝ ਕੀਮਤੀ ਤੋਹਫਿਆਂ ਦਾ ਆਦਾਨ ਪ੍ਰਦਾਨ ਵੀ ਹੋਇਆ। ਸਿਆਸੀ ਮਹੱਤਵ ਦਾ ਵਿਚਾਰ ਵਟਾਂਦਰਾ ਵੀ ਹੋਇਆ। ਸਤਿਗੁਰੂ ਜੀ ਦੇ ਨਾਮ ਨੇਪਾਲ ਨਰੇਸ਼ ਨੇ, ਕੂਕਾ ਗੋਰਖਾ ਸੰਬੰਧਾਂ ਨੂੰ, ਜਿਹੜੇ ਸਿੱਖ ਰਾਜ ਵੇਲੇ ਤੋਂ ਹੀ ਚੱਲੇ ਆ ਰਹੇ ਸਨ ਹੋਰ ਪ੍ਰਗਾਢ ਕਰਨ ਲਈ ਇਕ ਸ਼ਾਹੀ ਮੁਰਾਸਲਾ ਵੀ ਭੇਜਿਆ। ਪਰ ਜਦੋਂ ਕਾਸ਼ੀ ਨਰੇਸ਼ ਸ਼ਿਵਰਾਜ ਸਿੰਘ ਰਾਹੀਂ ਅੰਗਰੇਜ਼ ਸਰਕਾਰ ਨੇ ਨੇਪਾਲ ਵਿਚਲੀਆਂ ਕੂਕਾ ਸਰਗਰਮੀਆਂ ਦੀ ਸੂਹ ਕੱਢਣੀ ਚਾਹੀ ਤਾਂ ਆਪਣੇ ਚਰਿੱਤਰ ਦੇ ਦੋਹਰੇ ਸੁਭਾਉ ਕਾਰਨ ਰਾਣਾ ਜੰਗ ਬਹਾਦਰ ਘਬਰਾ ਗਿਆ ਅਤੇ ਉਸਨੇ ਅੰਗਰੇਜ਼ਾਂ ਤੋਂ ਇਹ ਕਹਿਕੇ ਜਾਨ ਛੁਡਾਈ ਕਿ ਕੂਕੇ ਨੇਪਾਲ ਦਰਬਾਰ ਦੀ ਸੈਨਾ ਵਿਚ ਭਰਤੀ ਹੋਣ ਦੇ ਮੌਕੇ ਤਲਾਸ਼ਣ ਆਏ ਸਨ ਪਰ ਅਸੀਂ ਜੁਆਬ ਦੇ ਦਿੱਤਾ ਹੈ ਕਿ ਅਸੀਂ ਗੋਰਖਿਆਂ ਤੋਂ ਬਿਨਾਂ ਕਿਸੇ ਹੋਰ ਕੌਮ ਨੂੰ ਆਪਣੀ ਸੈਨਾ ਵਿਚ ਨਹੀਂ ਰੱਖਦੇ। ਉਂਝ ਕਾਠਮੰਡੂ ਦੇ ਅੰਗਰੇਜ਼ ਰੈਜ਼ੀਡੈਂਟ ਨੂੰ ਰਾਣੇ ਨੇ ਉਸਦੀ ਪੁੱਛਗਿੱਛ ਬਾਅਦ ਦੱਸ ਦਿੱਤਾ ਕਿ ਪੰਜਾਬ ਵਿਚ ਹੁਣੇ ਬਣੇ ਇਸ ਨਵੇਂ ਮੱਤ ਵਿਚ ਤਿੰਨ ਲੱਖ ਅਨੁਆਈ ਆਪਣੇ ਗੁਰੂ ਵਿਚ ਪੱਕਾ ਭਰੋਸਾ ਰੱਖਦੇ ਹਨ ਅਤੇ ਉਸਦੇ ਹੁਕਮ ਤੇ ਕੁਝ ਵੀ ਚੰਗਾ ਜਾਂ ਮਾੜਾ ਕਰਨ ਲਈ ਤਤਪਰ ਹਨ—ਇਸ ਲਈ ਜੇ ਸਰਕਾਰ ਅੰਗਰੇਜ਼ੀ ਨੇ ਉਹਨਾਂ ਦਾ ਪੂਰਾ ਧਿਆਨ ਨਾ ਰੱਖਿਆ ਤਾਂ ਉਹ ਸਰਕਾਰ ਲਈ ਕਿਸੇ ਵੇਲੇ ਵੀ ਮੁਸੀਬਤ ਖੜ੍ਹੀ ਕਰ ਸਕਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਸ੍ਰੀ ਸਤਿਗੁਰੂ ਜੀ ਦੇ ਵਿਸ਼ੇਸ਼ ਏਲਚੀ, ਵਿਦੇਸ਼ ਮੰਤਰੀ ਜਾਂ ਰਾਜਦੂਤ ਦੇ ਤੌਰ 'ਤੇ ਸਾਹਿਬ ਸਿੰਘ ਹੋਰਾਂ ਨੇ ਆਪਣੀ ਲਹਿਰ ਦੇ ਮੰਤਵ ਨੂੰ, ਨੇਪਾਲ ਨਰੇਸ਼ ਪਾਸ ਪੂਰੀ ਸਪੱਸ਼ਟਤਾ ਨਾਲ ਪੇਸ਼ ਕੀਤਾ।
ਸਤਿਗੁਰਾਂ ਦੇ ਵਿਸ਼ਵਾਸਪਾਤਰ ਸੂਬੇ ਹੋਣ ਦੇ ਅਨੇਕਾਂ ਪ੍ਰਮਾਣਾਂ ਵਿਚੋਂ ਇਕ ਜ਼ਿਕਰ ਫਿਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿਚੋਂ ਮਿਲਦਾ ਹੈ। ਪੁਰਾਣੇ ਸਮਿਆਂ ਵਿਚ ਸਿਆਣੇ ਲੋਕ ਕਾਲ ਸੁਕਾਲ ਆਦਿ ਬਿਪਤਾ ਵੇਲੇ ਲਈ, ਕੁਝ ਮਾਇਆ ਨੱਪ ਛੱਡਦੇ ਸਨ। ਰੁਪਈਏ ਚਾਂਦੀ ਦੇ ਹੁੰਦੇ ਸਨ। ਉਹ ਖ਼ਰਾਬ ਨਹੀਂ ਸਨ ਹੁੰਦੇ। ਸਤਿਗੁਰੂ ਰਾਮ ਸਿੰਘ ਜੀ ਨੇ ਵੀ ਇਸੇ ਮਕਸਦ ਹਿਤ-ਰਾਮ ਸਿੰਘ ਜੀ ਨੇ ਵੀ ਇਸੇ ਮਕਸਦ ਹਿਤ- “ਉਹ ਮਾਇਆ ਦੀ ਗਾਗਰ, ਬਾਬੇ ਸਾਹਿਬ ਸਿੰਘ ਜੀ, ਮਹੰਤ ਗੁਰਦਿੱਤ ਸਿੰਘ ਜੀ ਤੇ ਗੁਰੂ ਹਰੀ ਸਿੰਘ ਜੀ ਨੂੰ ਨਾਲ ਲੈ ਕੇ ਤਬੇਲੇ 'ਚ ਦੱਬੀ। ਗੁਰੂ ਹਰੀ ਸਿੰਘ ਜੀ ਕਹਿੰਦੇ, "ਜਿਦਣ ਉਹ ਮਾਇਆ ਕੱਢਕੇ ਵਰਤੀ, ਫੇਰ ਅਸੀਂ ਆਖਿਆ, ਹੁਣ ਸੱਚੇ ਪਾਤਸ਼ਾਹ ਕਿਵੇਂ ਬਣੇਗੀ ਖੇਡ ? ਫੇਰ ਪਤਾ ਨਹੀਂ ਕਿਧਰੋਂ ਆਉਂਦੀ ਗਈ, ਸਾਨੂੰ ਨਹੀਂ ਫਿਰ ਪਤਾ ਲੱਗਿਆ, ਸਤਿਗੁਰਾਂ ਨੇ ਕਿਸ ਤਰ੍ਹਾਂ ਲੰਗਰ ਚਲਾਇਆ।”
ਨਾਮਧਾਰੀ ਪੰਥ ਦੀ ਨੀਂਹ ਸਤਿਗੁਰੂ ਜੀ ਨੇ ਸਬਰ, ਸਿਦਕ, ਸੰਤੋਖ ਆਦਿ ਮਾਨਵੀ ਕਦਰਾਂ ਕੀਮਤਾਂ ਦੇ ਆਧਾਰ 'ਤੇ ਰੱਖੀ ਸੀ। ਇਹਨਾਂ ਗੁਣਾਂ ਵਿਚ ਸਾਹਿਬ ਸਿੰਘ ਹੋਰਾਂ ਸਮੇਤ ਸਾਰੇ ਸੂਬੇ ਜਾਂ ਉਸ ਵਕਤ ਦੇ ਆਮ ਸਿੱਖ ਸਾਧ ਪਰਪੱਕ ਸਨ। ਐਸਾ ਹੀ ਇਕ ਪ੍ਰਸੰਗ ਸਤਿਗੁਰੂ ਪਰਤਾਪ ਸਿੰਘ ਵਰਣਨ ਕਰਦੇ ਹਨ ਜਿਸ ਨਾਲ ਅਨਮਤੀ ਵੀ ਨਾਮਧਾਰੀਆਂ ਵੱਲ ਖਿੱਚੇ ਤੁਰੇ ਆਉਂਦੇ ਸਨ-"ਇਹ ਸੰਤੋਖ-ਮੈਂ ਅਰਜ਼ ਕਰਾਂ-ਕੀ ਸਤਿਗੁਰੂ ਰਾਮ ਸਿੰਘ ਨੇ ਬਣਾਇਆ ਸੀ। ਮਠੱਡੇ ਪਿੰਡ ਵਿਚ ਸੱਚੇ ਪਾਤਸ਼ਾਹ ਗਏ, ਧਰਮਸ਼ਾਲਾ ਵਿਚ ਬੈਠੇ ਹਨ। ਇਕ ਸਿੱਖ ਦੁੱਧ ਦਾ ਛੰਨਾ ਲੈਕੇ ਆਇਆ, ਸਤਿਗੁਰਾਂ ਨੂੰ ਦਿੱਤਾ। ਸਤਿਗੁਰਾਂ ਬਾਬੇ ਸਾਹਿਬ ਸਿੰਘ ਹੁਰਾਂ ਨੂੰ ਫੜਾਇਆ, ਉਹਨਾਂ ਲੱਖਾ ਸਿੰਘ ਹੁਰਾਂ ਨੂੰ ਫੜਾਇਆ, ਬਾਬੇ ਜਵਾਹਰ ਸਿੰਘ ਹੁਰਾਂ ਨੂੰ। ਜਿਉਂ ਘੁੰਮਣ ਲੱਗਾ ਛੰਨਾ, ਇਕ ਦੂਏ ਨੂੰ ਦੇਵੇ, ਦੁਆ ਦੂਏ ਨੂੰ ਦੇਵੇ, ਮੁੜਕੇ ਸਤਿਗੁਰਾਂ ਕੋਲ ਆ ਗਿਆ। ਦੋ ਸਰੀਰ ਆਏ ਹੋਏ ਸੀ—ਵਿਚ, ਨਾਮਧਾਰੀ ਨਹੀਂ ਸਨ, ਜਿਨ੍ਹਾਂ ਨੇ ਭਜਨ ਪੁੱਛ ਲਿਆ। ਉਹਨਾਂ ਆਖਿਆ-ਏਨਾ ਸੰਤੋਖ ਹੈ। ਤੇ ਹੁਣ ਆਪਾਂ ਇਕ ਦੂਏ ਦੇ ਲੀੜੇ ਲਾਹੁਣ ਨੂੰ ਤਿਆਰ ਹੁੰਦੇ ਹਾਂ ਤੇ ਫਿਰ ਨਾਮਧਾਰੀ ਕਹਾਉਂਦੇ ਹਾਂ।”
ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਪੰਜਾਬ ਵਿਚ ਗਊ ਬੱਧ ਲਈ ਬੁੱਚੜਖਾਨਿਆਂ ਦੀ ਮਨਜ਼ੂਰੀ ਦੇ ਦਿੱਤੀ। ਸਤਿਗੁਰੂ ਜੀ ਦਾ ਮਾਰਗ ਤਾਂ ਮਾਲਾ ਫੇਰਨ ਵਾਲਾ ਸੀ ਪਰ ਕੁਝ ਸਿੰਘਾਂ ਦਾ ਖਾਲਸਈ ਜੋਸ਼ ਉਬਾਲੇ ਮਾਰ ਉੱਠਿਆ। ਨਤੀਜੇ ਵਜੋਂ ਅੰਮਿ੍ਤਸਰ ਰਾਇਕੋਟ ਆਦਿ ਥਾਂਵਾਂ 'ਤੇ ਨਾਮਧਾਰੀ ਸਿੰਘ ੧੮੭੧ ਈ. ਦੇ ਅਗਸਤ ਸਿਤੰਬਰ ਮਹੀਨਿਆਂ ਵਿਚ ਫਾਂਸੀ ਲਾਕੇ ਸ਼ਹੀਦ ਕਰ ਦਿੱਤੇ ਗਏ । ਰਾਇਕੋਟ ਕਤਲਾਂ ਦੇ ਬਹਾਨੇ ਨਿਰਦੋਸ਼ ਸੂਬਿਆਂ ਗਿਆਨੀ ਸਿੰਘ ਉਰਫ ਰਤਨ ਸਿੰਘ ਮੰਡੀਕਲਾਂ ਅਤੇ ਰਤਨ ਸਿੰਘ ਨਾਈਵਾਲਾ (ਕਰਤਾਰਗੜ੍ਹ) ਨੂੰ ਨਵੰਬਰ ੧੮੭੧ ਈ. ਵਿਚ ਲੁਧਿਆਣੇ ਫਾਂਸੀ ਲਾਕੇ ਸ਼ਹੀਦ ਕਰ ਦਿੱਤਾ। ਰਾਇਕੋਟ ਕਾਂਡ ਵਿਚ ਸਰਕਾਰ ਨੇ ਸਤਿਗੁਰੂ ਜੀ ਨੂੰ ਫਸਾਉਣ ਦੀ ਪੂਰੀ ਵਾਹ ਲਾਈ, ਪਰ ਪੁਖਤਾ ਸਬੂਤ ਨਾ ਮਿਲਣ ਕਾਰਨ, ਕੇਸ ਸਿਰੇ ਨਾ ਚੜ੍ਹਨ ਦੀ ਨਮੋਸ਼ੀ ਦੇ ਡਰੋਂ ਚੁੱਪ ਕਰ ਰਹੇ। ਸਤਿਗੁਰੂ ਜੀ ਨੂੰ ਸਰਕਾਰ ਵਲੋਂ ਰੋਜ਼ ਰੋਜ਼ ਦੀਆਂ ਪਰੇਸ਼ਾਨੀਆਂ ਪੈਦਾ ਕਰਨ ਤੋਂ ਭਾਈ ਹੀਰਾ ਸਿੰਘ ਲਹਿਣਾ ਸਿੰਘ ਸਕਰੌਦੀ ਵਾਲਿਆਂ ਨੇ ਇਕ ਮਸਤਾਨਾ ਦਲ ਜਾਂ ਸ਼ਹੀਦੀ ਜੱਥਾ ਤਿਆਰ ਕਰਕੇ ਮਰਨਾ ਮੰਡ ਲਿਆ ਸੀ। ਮਲੇਰਕੋਟਲੇ ਵਿਚ ਇਕ ਗੁਰਮੁਖ ਸਿੰਘ ਨਾਮੀ ਸਿੱਖ ਸਾਹਵੇਂ ਉਸਨੂੰ ਬੈਲ ਜ਼ਿਬਾਹ ਕਰਕੇ ਅਪਮਾਨਿਤ ਕਰਨ ਦੀ ਘਟਨਾ ਨੇ ਵੀ ਬਲਦੀ 'ਤੇ ਤੇਲ ਪਾ ਦਿੱਤਾ ਸੀ।ਸਤਿਗੁਰੂ ਰਾਮ ਸਿੰਘ ਜੀ ਅਤੇ ਸੂਬੇ ਮਾਰਚ ਅਪ੍ਰੈਲ ੧੮੭੨ ਈ. ਵਿਚ ਇਕ ਸਮੇਂ ਸਰਕਾਰ ਦੇ ਖਿਲਾਫ ਵਿਆਪਕ ਵਿਦਰੋਹ ਦੀ ਯੋਜਨਾ ਬਣਾ ਰਹੇ ਸਨ। ਮਸਤਾਨਿਆਂ ਦੇ ਭਾਰੀ ਗਿਣਤੀ ਵਿਚ ਜਨਵਰੀ ੧੮੭੨ ਈ. ਨੂੰ ਮਾਘੀ ਦੇ ਮੇਲੇ ਤੇ ਭੈਣੀ ਸਾਹਿਬ ਇਕੱਠੇ ਹੋ ਕੇ, ਮਲੇਰਕੋਟਲੇ 'ਤੇ ਧਾਵਾ ਬੋਲਣ ਦੀ ਕਾਰਵਾਈ ਨੂੰ, ਸਤਿਗੁਰੂ ਜੀ ਨੇ ਵੱਡੀ ਯੋਜਨਾ ਦੀ ਅਸਫਲਤਾ ਨਿਸ਼ਚਿਤ ਜਾਣ ਕੇ, ਉਹਨਾਂ ਸਿੰਘਾਂ ਨੂੰ ਹਾਲ ਦੀ ਘੜੀ ਸ਼ਸਤਰ ਨਾ ਚੁੱਕਣ ਲਈ ਖ਼ੁਦ ਵੀ ਕਿਹਾ। ਇਸ ਅਤੀ ਮਹੱਤਵਪੂਰਨ ਕਾਰਜ ਲਈ ਸੂਬਾ ਸਾਹਿਬ ਸਿੰਘ ਜੀ ਨੂੰ ਵੀ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਸੂਬੇ ਲੱਖਾ ਸਿੰਘ ਨੂੰ ਮਸਤਾਨਿਆਂ ਨੇ ਇਹ ਕਹਿ ਕੇ ਵਾਪਸ ਮੋੜ ਦਿੱਤਾ ਸੀ-"ਧੁਆਨੂੰ ਹੋਏਗੀ ਜਗੀਰਾਂ ਦੀ ਲੋੜ।" ਪਤਾ ਤੇ ਸਾਹਿਬ ਸਿੰਘ ਨੂੰ ਵੀ ਸੀ ਕਿ ਖਾਲਸਾ ਚੌਥੇ ਪਦ ਵਿਚ ਖੇਡ ਰਿਹਾ ਹੈ ਪਰ ਬਚਨ ਮੰਨਕੇ ਉਹ ਮਾਨ ਅਪਮਾਨ ਤੋਂ ਨਿਆਰਾ ਹੋ ਕੇ ਚਲਾ ਗਿਆ। “ਬਾਬੇ ਸਾਹਿਬ ਸਿੰਘ ਨੇ ਕਿਹਾ, “ਹੀਰਾ ਸਿੰਘ ਤੇ ਲਹਿਣਾ ਸਿੰਘ ਸੰਗਤ ਕਾ ਪ੍ਰਸਾਦ ਬਣਿਆ ਹੋਇਆ ਹੈ ਨਾ ਗੁਵਾਵੋ।” ਹੀਰਾ ਸਿੰਘ ਨੇ ਕਹਾ ਹੋ ਮਸੰਦਾ! ਖਾਇਕੇ ਪੇਟ ਬਧਾਇਆ ਹੈ। ਜਿਨ੍ਹਾਂ ਚਿਰ ਗਿਆਨੀ ਸਿੰਘ ਕਾ ਬੈਰ ਲੈਂਦੇ ਨਹੀਂ, ਓਨਾ ਚਿਰ ਸਾਨੂੰ ਪ੍ਰਸਾਦਾ ਛਕਨਾ ਭੀ ਹਰਾਮ ਹੈ, ਨਾਲੇ ਗਊਆਂ ਕੇ ਗੱਲ ਬਢੀਦੇ ਹੈਂ, ਛੱਤਰੀ ਕੋ ਪ੍ਰਸਾਦਾ ਛਕਣਾ ਕੈਸੇ ਸੁਝਦਾ ਹੈ। ਮਰੇ ਮਾਰੇ ਬਿਨਾਂ ਕਿਉਂ ਟਲਦਾ ਹੈ। ਅਸੀਂ ਤਾਂ ਗਿਆਨੀ ਸਿੰਘ ਕੀ ਜੰਞ ਚੜ੍ਹਨਾ ਹੈ। ਸਾਹਿਬ ਸਿੰਘ ਸੂਬੇ ਦਾ ਮੂੰਹ ਪੀਲਾ ਹੋਇ ਗਿਆ ਤੇ ਚੁੱਪ ਕਰ ਰਹਿਆ। ਸਾਹਿਬ ਸਿੰਘ ਕੂਕਾ ਵਿਦਰੋਹ ਦੀ ਸੰਭਾਵਿਤ ਅਸਫਲਤਾ ਤੇ ਹੁਣ ਅਫਸੋਸ ਹੀ ਕਰ ਸਕਦਾ ਸੀ।
੧੫ ਜਨਵਰੀ ਨੂੰ ਸਵੇਰੇ ਮਲੇਰਕੋਟਲੇ ਸਿੰਘਾਂ ਨੇ ਹੱਲਾ ਬੋਲ ਦਿੱਤਾ। ਇਸ ਤੋਂ ਪਹਿਲੀ ਰਾਤ ਮਲੌਦ ਦੇ ਸਰਦਾਰ ਬਦਨ ਸਿੰਘ ਨਾਲ ਸ਼ਸਤਰ ਲੈਣ ਲਈ ਲੜਾਈ ਕੀਤੀ। ੧੬ ਜਨਵਰੀ ਨੂੰ ਇਹ ਸਿੰਘ ਸ਼ੇਰਪੁਰ ਦੇ ਕਿਲ੍ਹੇ ਵਿਚ ਜਾ ਪੇਸ਼ ਹੋਏ। ਇਸੇ ਦਿਨ ਮਲੌਦ ਲੁਧਿਆਣੇ ਦੇ ਡੀ.ਸੀ. ਕਾਵਨ ਨੇ ਸਤਿਗੁਰੂ ਜੀ ਨੂੰ ਸੱਦ ਭੇਜਿਆ। "ਗੁਰੂ ਸਾਹਿਬ ਜੀ ਪੰਜਾਂ ਸਿੰਘਾਂ ਨਾਲ ਚੱਲੇ। ਬਾਬਾ ਜਵਾਹਰ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਸਾਹਿਬ ਸਿੰਘ, ਖਜ਼ਾਨ ਸਿੰਘ ਤੇ ਜੋਗਾ ਸਿੰਘ।... ਫਰੰਗੀ ਨੇ ਸਤਿਗੁਰੂ ਜੀ ਕਾ ਨਾਮ ਲਿਖਿਆ ਤੇ ਸੂਬਿਆਂ ਦਾ ਕਿਤਾ ਪੁੱਛਿਆ ਕੀ ਕਰਦੇ ਹੋ ? ਬਚਨ ਹੋਇਆ ਇਹਨਾਂ ਦਾ ਭਜਨ ਸੁਨਾਉਣ ਦਾ ਕਿੱਤਾ ਹੈ।
੧੬ ਜਨਵਰੀ ਦੀ ਰਾਤ ਸਤਿਗੁਰੂ ਜੀ ਨੇ ਉਪਰੋਕਤ ਸਿੰਘਾਂ ਸਮੇਤ ਸਿਆੜ੍ਹ ਪਿੰਡ ਵਿਚ ਬਤੀਤ ਕੀਤੀ। ੧੭ ਜਨਵਰੀ ਨੂੰ ਜਦੋਂ ਮਲੇਰਕੋਟਲੇ ਦੇ ਰੱਕੜ ਵਿਚ ਸਿੰਘ ਤੋਪਾਂ ਨਾਲ ਸ਼ਹੀਦ ਕੀਤੇ ਜਾ ਰਹੇ ਸਨ, ਉਸ ਸਮੇਂ ਵੀ ਸਤਿਗੁਰੂ ਜੀ ਤੇ ਉਪਰੋਕਤ ਸਿੰਘ ਸਿਆੜ ਵਿਚ ਹੀ ਸਨ । ਹੁਣ ਡੀ.ਸੀ. ਤਾਂ ਮਲੌਦ ਹੀ ਸਤਿਗੁਰੂ ਜੀ ਅਤੇ ਸੂਬਿਆਂ ਨੂੰ ਕਹਿ ਗਿਆ ਸੀ ਕਿ ਜਦੋਂ ਸੱਦਾਂਗੇ ਲੁਧਿਆਣੇ ਆ ਜਾਣਾ। ਸਿਆੜ੍ਹ ਤੋਂ ਭੈਣੀ ਸਾਹਿਬ ਤੁਰਨ ਲੱਗਿਆਂ ਜਵਾਹਰ ਸਿੰਘ, ਸਾਹਿਬ ਸਿੰਘ ਅਤੇ ਕਾਹਨ ਸਿੰਘ ਤਿੰਨਾਂ ਸੂਬਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਸਤਿਗੁਰੂ ਜੀ ਵਰ ਦਿੰਦੇ ਹਨ। ਬਾਹੋਵਾਲ ਜੀ ਦੇ ਸ਼ਬਦਾਂ ਵਿਚ-
“ਬਾਬੇ ਜਵਾਹਰ ਸਿੰਘ ਜੀ ਕਹਾ ਸਾਹਿਬ ਸਿੰਘ ਹੁਣ ਕੋਠੜੀ ਦੇ ਵਿਚ ਬੈਠ ਕੇ ਸ਼ਰਦਾਈ ਨਹੀਂ ਪੀਣੀ ਮਿਲਣੀ। ਹੁਣ ਨਹੀਂ ਸਾਨੂੰ ਤੁਹਾਨੂੰ ਬੈਠਣਾ ਮਿਲਦਾ ਹੈ। ਤੁਰੇ ਆਉਂਦੇ ਹੈਂ, ਰਸਤੇ ਮੇਂ ਸ੍ਰੀ ਸਤਿਗੁਰੂ ਜੀ ਬਚਨ ਕੀਤਾ ਸਾਹਿਬ ਸਿੰਘ ਸਰਬ ਫੌਜਾਂ ਕਾ ਅਫਸਰ ਹੋਇਆ। ਸਾਹਿਬ ਸਿੰਘ ਕਾ ਅਫ਼ਸਰ ਕਾਹਨ ਸਿੰਘ ਹੋਇਆ। ਨਾਮ ਜਪਣ ਵਾਲਿਆਂ ਦਾ ਤੇ ਗ੍ਰੰਥੀਆਂ ਦਾ ਅਫ਼ਸਰ ਬਾਬਾ ਜਵਾਹਰ ਸਿੰਘ ਹੋਇਆ।
੧੭-੧੮ ਜਨਵਰੀ ਦੋਵੇਂ ਦਿਨ ਮਲੇਰਕੋਟਲੇ ਦੇ ਰੱਕੜ ਵਿਚ ਸਿੰਘਾਂ ਦਾ ਕਤਲਾਮ ਜਾਰੀ ਰਿਹਾ। ਫਿਰ ੧੭-੧੮ ਜਨਵਰੀ ਦੀ ਦਰਮਿਆਨੀ ਰਾਤ ਨੂੰ, ੧੮੧੮ ਦੇ ਬੰਗਾਲ ਰੈਗੂਲੇਸ਼ਨ ਐਕਟ ਦੀ ਧਾਰਾ ਤਿੰਨ ਦੇ ਤਹਿਤ ਸਤਿਗੁਰੂ ਜੀ ਅਤੇ ਸੂਬਿਆਂ ਦੇ ਦੇਸ ਨਿਕਾਲੇ ਦੇ ਹੁਕਮ ਆ ਗਏ। ਬਾਬਾ ਸਾਹਿਬ ਸਿੰਘ ਦੇ ਪੁੱਛਣ 'ਤੇ ਸਤਿਗੁਰੂ ਜੀ ਨੇ ਉਸਨੂੰ ਪੰਜਾਹ ਸੱਠ ਰੁਪੈ ਨਾਲ ਲੈ ਲੈਣ ਲਈ ਕਿਹਾ। ਗੱਡੇ ਦੀ ਇਸ ਸੁਆਰੀ ਵਿਚ ਸਤਿਗੁਰੂ ਜੀ, ਸੂਬਾ ਜਵਾਹਰ ਸਿੰਘ, ਸੂਬਾ ਸਾਹਿਬ ਸਿੰਘ, ਸੇਵਕ ਨਾਨੂੰ ਸਿੰਘ ਅਤੇ ਪੰਜਵਾਂ ਗਾਡੀ ਗੁਰਦਿਤ ਸਿੰਘ ਮੋਰੋਂ (ਜਲੰਧਰ) ਸੀ। ਅੰਬਾਲੇ ਦੇ ਕਮਿਸ਼ਨਰ ਫੌਰਸਿੱਥ ਨੇ ਤਕਰੀਬਨ ਦੋ ਘੰਟੇ ਸਤਿਗੁਰੂ ਜੀ ਨਾਲ ਨਿਰੋਲ ਇਕਾਂਤ ਵਿਚ ਗੱਲਬਾਤ ਕੀਤੀ। ਬਾਹਰ ਆਕੇ ਕਹਿਣ ਲੱਗਾ, "ਵੈਲ ਸਾਹਿਬ ਸਿੰਘ ਤੁਮਨੇ ਦੰਗਾ ਕੀਆ ?" ਸਾਹਿਬ ਸਿੰਘ ਨੇ ਜੁਆਬ ਦਿੱਤਾ ਕਿ ਤੁਹਾਨੂੰ ਬਰਵਕਤ ਇਤਲਾਹ ਦੇ ਦਿੱਤੀ ਸੀ, ਜੇ ਅਸੀਂ ਹੱਥੀਂ ਕੁਝ ਕਰਦੇ ਤੁਸੀਂ ਕਹਿਣਾ ਸੀ ਕਾਨੂੰਨ ਹੱਥਾਂ ਵਿਚ ਕਿਉਂ ਲਿਆ। ਸਾਹਿਬ ਸਿੰਘ ਹਰ ਸਥਿਤੀ ਵਿਚ ਆਪਣਾ ਸੰਤੁਲਨ ਬਣਾਈ ਰੱਖਣ ਦੇ ਸਮਰੱਥ ਸੀ। ਉਹ ਪੂਰਨ ਹਮ ਗਿਆਨੀਆਂ ਜਿਉਂ ਹਰਖ ਸੋਗ ਤੋਂ ਨਿਆਰਾ ਹੋ ਚੁੱਕਾ ਸੀ। ਜਿਸ ਅੰਦੋਲਨ, ਸੰਗਤ ਅਤੇ ਪ੍ਰਾਣ ਪਿਆਰੇ ਦੇਸ਼ ਦੀ ਮਿੱਟੀ ਦੀ ਉਹ ਪੈਦਾਵਾਰ ਸੀ, ਇਸ ਤੋਂ ਅੰਤਿਮ ਵਿਛੋੜੇ ਨੂੰ ਉਸ ਸਹਿਜ ਭਾਵ ਨਾਲ ਸਵੀਕਾਰ ਕੀਤਾ। ਲੰਮੇ ਸਫਰ ਦੇ ਪਾਂਧੀ ਨੂੰ ਰਸਤੇ ਦੀਆਂ ਦੁਸ਼ਵਾਰੀਆਂ ਅਤੇ ਪਿੰਜਰੇ ਵਿਚ ਪਏ ਸ਼ੇਰ ਨੂੰ, ਵੈਰੀ ਦੀਆਂ ਗਿੱਦੜ ਭਬਕੀਆਂ ਡੁਲਾ ਨਹੀਂ ਸਕੀਆਂ।
ਗੰਗਾ ਜਮਨਾ ਅਤੇ ਕਲਪਿਤ ਸਰਸਵਤੀ ਦੇ ਸੰਗਮ ਤਟ 'ਤੇ ਵਸੇ ਹਿੰਦੂਆਂ ਦੇ ਪਵਿੱਤਰ ਤੀਰਥ ਪਰਿਆਗ ਰਾਜ ਜਿਸ ਨੂੰ ਇਲਾਹਾਬਾਦ ਸ਼ਹਿਰ ਵੀ ਕਿਹਾ ਜਾਂਦਾ ਹੈ ਦੇ ਕਿਲ੍ਹੇ ਵਿਚ, ਪੰਜ ਦਰਿਆਵਾਂ ਦੀ ਧਰਤੀ ਦੇ ਸੂਰਮਿਆਂ ਨੂੰ ਸਤਿਗੁਰੂ ਜੀ ਸਮੇਤ ਕੈਦ ਕਰ ਦਿੱਤਾ ਗਿਆ। ਉਹ ੧੯ ਜਨਵਰੀ ਤੋਂ ੯ ਮਾਰਚ ਤੱਕ ਸਤਿਗੁਰੂ ਜੀ ਸਮੇਤ ਇੱਥੇ ਇਕੱਠੇ ਰਹਿੰਦੇ ਹਨ। ਇਲਾਹਾਬਾਦ ਵਿਖੇ ਮੈਕਨਬ ਦੀ ਇਸ ਜਾਂਚ ਪੜਤਾਲ ਮੁਤਾਬਿਕ ਸੂਬਿਆਂ ਵਿਚੋਂ (ਸਰਕਾਰ ਦੀਆਂ ਅੱਖਾਂ ਵਿਚ ਆਪਣੇ ਗੁਣਾਂ ਸਦਕਾ ਰੜਕਣ ਵਾਲਾ) ਪਹਿਲੇ ਨੰਬਰ ਦਾ ਸੂਬਾ ਸਾਹਿਬ ਸਿੰਘ ਹੈ। ਉਹ (ਗੁਰੂ) ਰਾਮ ਸਿੰਘ ਦੇ ਹਾਲੀਆ ਨੈਪਾਲ ਮਿਸ਼ਨ ਵਿਚ ਉਸਦਾ ਸਫੀਰ ਸੀ। ਪੁਲੀਸ ਅਧਿਕਾਰੀਆਂ ਦੇ ਦਸਤਾਵੇਜ਼ਾਂ ਮੁਤਾਬਿਕ ਉਹ (ਗੁਰੂ) ਰਾਮ ਸਿੰਘ ਦਾ ਸੰਭਾਵਿਤ ਉੱਤਰਾਧਿਕਾਰੀ' ਹੈ-ਉਸਦਾ 'ਵਿਸ਼ਵਾਸਪਾਤਰ ਅਤੇ ਗੁੱਝੇ ਭੇਦ ਜਾਨਣ ਵਾਲਾ' ਸੂਬਾ ਹੈ,ਉਹ (ਸਤਿਗੁਰੂ) ਰਾਮ ਸਿੰਘ ਜੀ ਦਾ ਲਫਟੈਣ ਹੈ, ਹਮੇਸ਼ਾਂ (ਗੁਰੂ) ਰਾਮ ਸਿੰਘ ਦੇ ਨਾਲ ਰਹਿਣ ਵਾਲਾ ਹੈ, ਸਾਰੇ ਸੂਬਿਆਂ ਵਿਚੋਂ ਸਭ ਤੋਂ ਵਧ ਜਾਣਿਆ ਜਾਣ ਵਾਲਾ ਹੈ, ਅਤੇ ਮੈਕਨਬ ਦੇ ਮੁਤਾਬਿਕ ਉਹ “ਪੜ੍ਹਿਆ ਲਿਖਿਆ, ਮਹੱਤਵਾਕਾਂਖੀ, ਹਮੇਸ਼ਾਂ ਨਵੀਆਂ ਗੋਂਦਾਂ ਗੁੰਦਣ ਵਾਲਾ ਅਤੇ (ਗੁਰੂ) ਰਾਮ ਸਿੰਘ ਨੂੰ ਕੋਈ ਨਾ ਕੋਈ ਨਵਾਂ ਅੰਦੋਲਨ ਵਿਢਣ ਲਈ ਉਕਸਾਉਣ ਵਾਲਾ ਵੀ ਹੈ। ਉਹ ਮਾਘੀ ਜਾਂ ਲੋਹੜੀ ਦੇ ਅੰਤਿਮ ਮੇਲੇ ਸਮੇਂ ਭੈਣੀ ਸਾਹਿਬ ਵਿਖੇ ਹੀ ਸੀ ਅਤੇ ਉਸਨੂੰ ਹੀਰਾ ਸਿੰਘ ਲਹਿਣਾ ਸਿੰਘ ਆਦਿ ਦੇ ਸ਼ਹੀਦੀ ਜੱਥੇ ਨੂੰ ਉਕਸਾਉਣ ਵਾਲਾ ਵੀ ਲਿਖਿਆ ਗਿਆ ਹੈ, ਜਦੋਂ ਮਸਤਾਨੇ ਬੇਕਾਬੂ ਹੋ ਰਹੇ ਸਨ ਤਾਂ ਸਰਕਾਰ ਪਾਸ ਇਹ ਵੀ ਸੂਚਨਾ ਹੈ ਕਿ ਸਾਹਿਬ ਸਿੰਘ ਨੇ ਗੁਰੂ ਰਾਮ ਸਿੰਘ ਜੀ ਨਾਲ ਹੋਰਨਾਂ ਸੂਬਿਆਂ ਸਮੇਤ ਇਕ ਗੁਪਤ ਮੀਟਿੰਗ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਖ਼ੁਦ ਨੂੰ ਪਾਤਸ਼ਾਹ ਘੋਸ਼ਿਤ ਕਰਕੇ “ਆਪਣਾ ਰਾਜ ਵਾਪਸ ਲੈਣ" ਦਾ ਐਲਾਨ ਕਰ ਦੇਣ। ਜੇ ਇਹਨਾਂ ਹਾਲਾਤ ਵਿਚ ਸਾਹਿਬ ਸਿੰਘ ਹੋਰਾਂ ਦੀ ਇਹ ਯੋਜਨਾ ਮੰਨ ਲਈ ਜਾਂਦੀ ਤਾਂ ਸ਼ਾਇਦ ਇਸ ਦੇ ਦੂਰ ਰਸ ਨਤੀਜੇ ਨਿਕਲਦੇ ਪਰ ਬਾਬੇ ਜਵਾਹਰ ਸਿੰਘ ਹੋਰਾਂ ਦਾ ਵਿਚਾਰ ਸੀ ਕਿ "ਕੱਚੀ ਵਛੇਰੀ ਦਾ ਲੱਕ ਨਾ ਤੋੜਿਆ ਜਾਏ।" ਮੈਕਨਬ ਇਹ ਵੀ ਲਿਖਦਾ ਹੈ ਕਿ ਜੇ ਸਾਹਿਬ ਸਿੰਘ ਨੂੰ ਕਦੇ ਵੀ ਪੰਜਾਬ ਵਿਚ ਵਾਪਸ ਭੇਜਿਆ ਗਿਆ ਤਾਂ ਕੂਕਾਵਾਦ ਫਿਰ ਜਾਗ੍ਰਿਤ ਹੋ ਜਾਏਗਾ ਅਤੇ ਸਾਡੇ ਲਈ ਮੁਸੀਬਤ ਜ਼ਦਾ ਹੋਵੇਗਾ। ਇਸ ਲਈ ਇਸ ਵਿਅਕਤੀ ਨੂੰ ਤਾ ਉਮਰ ਦੇਸੋਂ ਬਾਹਰ ਰੱਖਿਆ ਜਾਵੇ। ਮੈਕਨਬ ਆਪਣੀ ਪਹਿਲੀ ਰਿਪੋਰਟ ਵਿਚ ਸਾਹਿਬ ਸਿੰਘ ਨੂੰ “ਬੁੱਧੀਮਾਨ, ਚਤੁਰ, ਦ੍ਰਿੜ੍ਹ ਨਿਸ਼ਚੇ ਵਾਲਾ ਅਤੇ ਸੂਬਿਆਂ ਵਿਚੋਂ ਸਭ ਤੋਂ ਯੋਗ" ਲਿਖਦਾ ਹੈ ਜੋ ਕਿ ਆਪਣੇ ਬਿਆਨਾਂ ਮੁਤਾਬਿਕ ਬਚਪਨ ਅਤੇ ਜੁਆਨੀ ਦੇ ਕੁਝ ਸਮੇਂ ਉਦਾਸੀ ਸਾਧ ਵੀ ਰਿਹਾ ਅਤੇ ਬ੍ਰਹਮਾ ਸਿੰਘ ਨਾਲ ਮੁਕਤਸਰ ਮਾਘੀ ਦੇ ਕਿਸੇ ਮੇਲੇ 'ਤੇ ਮਿਲ ਕੇ ਗੁਰੂ ਬਾਲਕ ਸਿੰਘ ਜੀ ਪਾਸ ਨਾਮ ਦਾਨ ਲਈ ਗਿਆ ਸੀ ਅਤੇ ਛੇਤੀ ਹੀ ਫਿਰ ਸ੍ਰੀ ਭੈਣੀ ਸਾਹਿਬ ਚੀਨੀ ਨਾਥ ਦੇ ਦਰਬਾਰ ਵਿਚ ਆ ਹਾਜ਼ਰ ਹੋਇਆ ਸੀ। ਇਸ ਲਈ ਉਸਦੀ ਤਾ ਉਮਰ ਨਜ਼ਰਬੰਦੀ ਨੂੰ ਉਚਿਤ ਠਹਿਰਾਉਂਦਿਆਂ ਸਰਕਾਰੀ ਰੀਕਾਰਡ ਵਿਚ ਦਰਜ ਹੈ ਕਿ ਇਹੋ ਸੁਝਾਅ ਦਰੁਸਤ ਹੈ (ਸਾਹਿਬ ਸਿੰਘ ਬਾਰੇ)। “ਬੰਦਾ ਖ਼ਤਰਨਾਕ ਹੈ। ਅਤੇ ਜਿਵੇਂ ਕਿ ਪੰਜਾਬ ਵਿਚ ਆਮ ਤੌਰ 'ਤੇ ਲੋਕ 'ਅਨਜਾਣ' ਅਤੇ ਉਹ ‘ਕੱਟੜਵਾਦ’ ਤੋਂ ਪ੍ਰਭਾਵਿਤ ਹਨ, ਇਸ ਲਈ ਇਹਨਾਂ ਹਾਲਤਾਂ ਵਿਚ ਸਾਹਿਬ ਸਿੰਘ ਪਾਸ ਕਾਫੀ ਜਲਣਸ਼ੀਲ ਸਮੱਗਰੀ ਮੌਜੂਦ ਰਹੇਗੀ। ਜਿਹਨੂੰ ਉਹ ਕਦੇ ਵੀ ਤੀਲੀ ਲਾ ਸਕਦਾ ਹੈ।
ਇਸ ਕੂਕਾ ਪੰਥ ਦੇ ਕ੍ਰਿਆਸ਼ੀਲ ਅਤੇ ਸਿਆਸੀ ਭਾਗ ਦਾ ਉਹ ਨਿਸ਼ਚੇ ਹੀ ਮੁੱਖ ਆਗੂ ਹੈ | ਕੈਪਟਨ ਮੈਨਜ਼ੀਜ ਨਾਂ ਦੇ ਇਕ ਅਧਿਕਾਰੀ ਨੇ ਇੱਥੋਂ ਤੱਕ ਲਿਖਿਆ ਹੈ ਕਿ ਸਾਹਿਬ ਸਿੰਘ ਨੂੰ ਕੂਕਿਆਂ ਵਿਚ ਗੁਰੂ ਰਾਮ ਸਿੰਘ ਨਾਲੋਂ ਵੀ ਵੱਧ ਸੁਣਿਆ ਜਾਂਦਾ ਹੈ। ਇਸ ਦਾ ਮਤਲਬ ਉਸ ਦੀ ਗੁਰੂ ਤੋਂ ਨਾਬਰੀ ਨਹੀਂ ਸਗੋਂ ਇਹ ਗੁਰੂ ਕਿਰਪਾ ਸੀ ਜਿਸਨੇ ਆਮ ਲੋਕਾਂ ਵਿਚ ਆਪਣੇ ਜਿਹੇ ਮੀਰੀ ਗੁਣ ਪੈਦਾ ਕਰ ਦਿੱਤੇ ਸਨ। ਸਾਹਿਬ ਸਿੰਘ ਦੀ ਮਹਾਂ-ਪ੍ਰਤਿਭਾ ਨੂੰ ਬਿਆਨਣ ਲਈ ਸਾਡੇ ਦੁਸ਼ਮਣ ਤਤਕਾਲੀ ਹਾਕਮਾਂ ਤੋਂ ਵਧੇਰੇ ਹੋਰ ਕੌਣ ਜਾਣੂ ਹੋ ਸਕਦਾ ਸੀ।ਇਸ ਲਈ ਉਹਨੂੰ ਲੱਖਾ ਸਿੰਘ, ਕਾਹਨ ਸਿੰਘ ਆਦਿ ਸੂਬਿਆਂ ਜਿਉਂ ਤਾ ਉਮਰ ਨਜ਼ਰਬੰਦ ਰੱਖਣ ਦੀ ਸਿਫਾਰਸ਼ ਕੀਤੀ। ਉਹਨਾਂ ਤਿੰਨਾਂ ਨੂੰ ਵੀ ਸਤਿਗੁਰੂ ਜੀ ਜਿਉਂ, ਹਿੰਦੁਸਤਾਨ ਵਿਚ ਕਿਤੇ ਵੀ ਨਾ ਰੱਖਣ ਦੀ ਵੀ ਸਿਫਾਰਸ਼ ਕੀਤੀ ਗਈ। ਇਸ ਲਈ ਪੁਰਾਣੇ ਮਿੱਤਰਾਂ ਕਾਹਨ ਸਿੰਘ ਨਿਹੰਗ ਅਤੇ ਸਾਹਿਬ ਸਿੰਘ ਨੂੰ ਮੱਕੇ ਵਾਲੇ ਪਾਸੇ, ਅਦਨ ਵਿਖੇ ਭੇਜਿਆ ਗਿਆ। ਇਕ ਹੋਰ ਕਾਰਨ ਇਹ ਵੀ ਸੀ ਕਿ ਕਾਹਨ ਸਿੰਘ ਬਜ਼ੁਰਗ ਸੀ ਅਤੇ ਉਸਦੀ ਸੰਗਤ, ਯੁਵਾ ਸੂਬੇ ਦੇ ਹਿਰਦੇ ਵਿਚ ਭੜਕਦੀਆਂ ਕ੍ਰਾਂਤੀ ਦੀਆਂ ਚਿੰਗਾਰੀਆਂ ਨੂੰ ਕਦੇ ਕਦੇ ਬਜ਼ੁਰਗੀ ਦੇ ਬਚਨਾਂ ਨਾਲ ਸ਼ਾਂਤ ਕਰਨ ਦੇ ਸਮਰੱਥ ਵੀ ਹੋਵੇਗੀ।
ਸਾਹਿਬ ਸਿੰਘ ਹੋਰਾਂ ਦੇ ਸਭ ਤੋਂ ਛੋਟੇ ਭਰਾਤਾ ਹੀਰਾ ਸਿੰਘ ਵੀ ਬਹੁਤ ਸਾਧੂ ਸੁਭਾਉ ਅਤੇ ਕੂਕਾ ਕਾਰ ਦੀ ਰੰਗਣਾਂ ਵਿਚ ਰੰਗੇ ਹੋਏ ਸਨ । ਸੰਤ ਇੰਦਰ ਸਿੰਘ ਚੱਕਰਵਰਤੀ ਦਾ, ਸਤਿਜੁਗ ਦੀ ੧੯੩੬ ਈ. ਵਿਚ ਜ਼ਬਤੀ ਦਾ ਕਾਰਨ ਬਣਿਆ ਵਿਸ਼ੇਸ਼ ਬਸੰਤ ਅੰਕ, ਜਿਸ ਵਿਖਿਆਤ ਰਚਨਾ 'ਅਪੂਰਵ ਬਲੀਦਾਨ' ਦੇ ਕਾਰਨ ਸੀ, ਉਸ ਦਾ ਅਰੰਭਸੰਤ ਜੀ ਭੈਣੀ ਸਾਹਿਬ ਵਿਖੇ ਭਾਈ ਹੀਰਾ ਸਿੰਘ ਅਤੇ ਸੂਬਾ ਸਾਹਿਬ ਸਿੰਘ ਨਿਰਬਾਣ ਦੇ ਵਾਰਤਾਲਾਪ ਨਾਲ ਕਰਦੇ ਹਨ। ਆਪਣੇ ਇਕ ਮਾਝੇ ਦੇ ਦੌਰੇ ਸਮੇਂ ਸਤਿਗੁਰੂ ਪਰਤਾਪ ਸਿੰਘ ਜੀ ਨੇ ਬੰਗਾਲੀਪੁਰ ਵਿਖੇ ਹੀਰਾ ਸਿੰਘ ਹੋਰਾਂ ਨੂੰ ਦਰਸ਼ਨ ਦਿੱਤੇ ਸਨ ਅਤੇ ਰਾਮ-ਵਿਓਗੀਆਂ ਵਾਲੀ ਉਸ ਮਨੋਦਸ਼ਾ ਦਾ ਵੀ ਬਖ਼ੂਬੀ ਚਿਤਰਣ, ਆਪ ਦੇ ਰੀਕਾਰਡ ਹੋਏ ਉਪਦੇਸ਼ ਵਿਚ-ਆਸ਼ਕਾਂ ਦੀਆਂ ਨਿਸ਼ਾਨੀਆਂ ਕੀ ਕੀ ਹਨ ਦੇ ਸੰਦਰਭਵਿਚ ਕਰਦੇ ਹਨ-
“ਬਾਬਾ ਸਾਹਿਬ ਸਿੰਘ ਹੁਰੀਂ ਬੰਗਾਲੀਪੁਰ ਦਾ ਜਨਮ ਸੀ, ਸਤਿਗੁਰਾਂ ਦੇ ਖ਼ਾਸ ਸੂਬੇ ਸੀ... ਅੰਗਰੇਜ਼ ਨੇ ਭੀ ਲਿਖਿਆ ਹੈ ਕਿ ਇਸਦੇ ਦਿਮਾਗ਼ ਨੂੰ ਅਸੀਂ ਨਹੀਂ ਸਮਝ ਸਕੇ ਕਿ ਕਿੰਨਾ ਇਹ ਸਿਆਣਾ ਹੈ। ਉਨ੍ਹਾਂ ਦੇ ਛੋਟੇ ਭਾਈ, ਗਰਮੀ ਦੀ ਰੁੱਤ, ਬਾਬਾ ਹੀਰਾ ਸਿੰਘ ਜੀ ਬੰਗਾਲੀਪੁਰ, ਤਰਨਤਾਰਨ ਦੇ ਪਾਸ ਨਗਰ ਹੈ—ਗਏ, ਹਲਕਾ ਜਿਹਾ ਸਰੀਰ, ਸਾਉਲਾ ਰੰਗ, ਪਉਏ ਪਾਏ ਹੋਏ। ਐਸ ਵੇਲੇ ਅਸੀਂ ਗਏ। ਆਏ-ਅੱਛਾ! ਕਹਿ ਗਏ ਸੀ ਆਵਾਂਗੇ-ਹਉਕੇ ਤੇ ਹਉਕਾ, ਆਹ ਸਰਦੋ ।'
ਸਰਕਾਰ ਬਰਤਾਨੀਆਂ ਦੇ ਕੱਟੜ ਵੈਰੀ ਸੂਬਾ ਸਾਹਿਬ ਸਿੰਘ ਅਤੇ ਕਾਹਨ ਸਿੰਘ ੨੪ ਮਾਰਚ ੧੮੭੩ ਈ. ਨੂੰ ਅਦਨ ਪੁੱਜੇ ਸਨ। ਇੱਥੇ ਗਰਮੀ ਏਨੀ ਸੀ ਕਿ ਰੁੱਖ ਦਾ ਪੱਤਾ ਨੰਗੇ ਪਿੰਡੇ 'ਤੇ ਪਵੇ ਤਾਂ ਸਰੀਰ ਸੜਦਾ ਸੀ। ਇੱਥੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਕਮਰਿਆਂ ਵਿਚ ਇਹਨਾਂ ਨੂੰ ਰੱਖਿਆ ਗਿਆ। ਦੋਹਾਂ ਸੂਬਿਆਂ ’ਤੇ ਉਸ ਸਮੇਂ ਸਰਕਾਰ ਦਾ ਮਾਸਿਕ ਖਰਚਾ ੧੦੨ ਰੁਪੈ ਹੁੰਦਾ ਸੀ। ਇੱਥੇ ਇਹ ਦੋਵੇਂ ਸੂਬੇ ਢਿੱਲੇ ਰਹਿਣ ਲੱਗ ਪਏ। ਕਾਹਨ ਸਿੰਘ ਦੇ ਸਰੀਰ ਤੇ ਫੋੜੇ ਨਿਕਲ ਆਏ ਅਤੇ ਅੱਖਾਂ ਵੀ ਖ਼ਰਾਬ ਹੋ ਗਈਆਂ। ਅਦਨ ਦੇ ਜੇਲ੍ਹ ਸੁਪਰੀਡੈਂਟ ਨੇ ਦੋਹਾਂ ਦੀ ਖ਼ਰਾਬ ਸਿਹਤ ਬਾਰੇ ਭਾਰਤ ਸਰਕਾਰ ਨੂੰ ੨ ਜਨਵਰੀ ੧੮੭੫ ਈ. ਨੂੰ ਲਿਖ ਭੇਜਿਆ ਜਿਸ 'ਤੇ ਗਵਰਨਰ ਜਨਰਲ ਨੇ ਇਲਾਹਾਬਦ ਤੋਂ ਬਿਨਾਂ ਪੰਜਾਬੋਂ ਬਾਹਰ ਕਿਤੇ ਵੀ ਭੇਜਣ ਲਈ ਕਹਿ ਦਿੱਤਾ ਅਤੇ ਹਜ਼ਾਰੀ ਬਾਗ ਦੀ ਸਿਫਾਰਸ਼ ਵੀ ਕੀਤੀ।ਸੋ ਮਈ ੧੮੭੫, ਵਿਚ ਦੋ ਦੋ ਦੇਸੀ ਸਿਪਾਹੀਆਂ ਨਾਲ ਦੋਵੇਂ ਸੂਬੇ ਹਜ਼ਾਰੀ ਬਾਗ ਜੇਲ੍ਹ ਵਿਚ ਭੇਜ ਦਿੱਤੇ, ਜੋ ਅੱਜਕਲ੍ਹ ਝਾਰਖੰਡ ਰਾਜ ਵਿਚ ਹੈ। ਇਸ ਜੇਲ੍ਹ ਦੇ ਸੁਪਰਟੈਂਡੈਂਟ ਦੀ ੨੧ ਮਈ ੧੮੭੫ ਦੀ ਚਿੱਠੀ ਮੁਤਾਬਿਕ ਸਾਹਿਬ ਸਿੰਘ ਸ਼ੱਕਰ ਰੋਗ ਤੋਂ ਪੀੜਤ ਸੀ ਅਤੇ ਰੋਗ ਬਹੁਤ ਵੱਧ ਚੁੱਕਾ ਸੀ। ਇਹਨਾਂ ਸੂਬਿਆਂ ਨੇ ਭਾਰਤ ਸਰਕਾਰ ਨੂੰ ਲਿਖਿਆ ਕਿ ਉਹਨਾਂ ਨੂੰ ਮੌਲਮੀਨ ਭੇਜ ਦਿੱਤਾ ਜਾਵੇ ਜਿੱਥੇ ਉਹਨਾਂ ਦੇ ਤਿੰਨ ਹੋਰ ਸਾਥੀ ਸੂਬੇ ਕੈਦ ਕੱਟ ਰਹੇ ਸਨ। ਪਰ ਦੁਸ਼ਮਣਾਂ ਦੇ ਹੱਥੋਂ ਕਿਸੇ ਰਿਆਇਤ ਦੀ ਗੁੰਜਾਇਸ਼ ਕਦੋਂ ਹੁੰਦੀ ਹੈ। ਹਜ਼ਾਰੀ ਬਾਗ ਜੇਲ੍ਹ ਦੇ "ਯੂਰਪੀਨ ਪ੍ਰਾਸ਼ਚਿਤ ਗ੍ਰਹਿ” ਵਿਖੇ ੧੬-੧੬ ਕੋਠੜੀਆਂ ਦੀਆਂ ਦੋ ਕਤਾਰਾਂ ਸਨ । ਇਕ ਪਾਸੇ ਇਕੱਲੇ ਕਾਹਨ ਸਿੰਘ ਨੂੰ ਅਤੇ ਦੂਜੇ ਪਾਸੇ ਸਾਹਿਬ ਸਿੰਘ ਨੂੰ ਇਕੱਲਿਆਂ ਰੱਖਿਆ ਜਾ ਰਿਹਾ ਸੀ। ਸਰਕਾਰ ਨੇ ਏਨੀ ਫਰਾਖ ਦਿਲੀ ਵੀ ਨਾ ਵਖਾਈ ਕਿ ਹੁਣ ਜਦੋਂ ਇਹ ਸ਼ਾਹੀ ਕੈਦੀ ਘੜੀਆਂ ਪਲਾਂ ਦਾ ਪ੍ਰਾਹੁਣਾ ਹੈ ਤਾਂ ਇੱਥੇ ਹੀ ਇਸਦੇ ਸੰਗੀ ਕਾਹਨ ਸਿੰਘ ਨੂੰ ਇਸ ਦੇ ਨਾਲ ਦੀ ਕੋਠੜੀ ਵਿਚ ਟਿਕਾ ਦਈਏ ਜਿੱਥੇ ਉਹ ਕਦੇ ਬਚਨ ਬਲਾਸ ਕਰ ਕੇ ਦਿਲ ਦੀ ਭੜਾਸ ਕੱਢ ਲੈਣ। ਸੁਵਰਨ ਸਿੰਘ ਸਨੇਹੀ ਦੇ ਸ਼ਬਦਾਂ ਵਿਚ, “ਸਾਹਿਬ ਸਿੰਘ ਦੀ ਸਿਹਤ ਦਿਨੋਂ ਦਿਨ ਹੋਰ ਵਿਗੜਦੀ ਜਾ ਰਹੀ ਸੀ ਪਰ ਕੋਈ ਆਪਣੀ ਕਾਰਗੁਜ਼ਾਰੀ ਕਰਨ ਦੀ ਥਾਂ ਸਰਕਾਰੀ ਮਸ਼ੀਨਰੀ ਸਿਫਾਰਸ਼ਾਂ ਤੱਕ ਹੀ ਸੀਮਤ ਰਹੀ ਜਾਪਦੀ ਹੈ। ਇਹ ਜਾਣ ਬੁੱਝ ਕੇ ਅਪਣਾਈ ਗਈ ਨੀਤੀ ਦਾ ਸਿੱਟਾ ਹੀ ਸੀ। ਇਸ ਨੀਤੀ ਦਾ ਸ਼ਿਕਾਰ ਹੋ ਕੇ ਹੀ, ਨਾਮਧਾਰੀ ਪੰਥ ਦਾ ਇਹ ਨਿਧੜਕ ਜਰਨੈਲ, ਸੂਬਾ ਸਾਹਿਬ ਸਿੰਘ, ਹਜਾਰੀ ਬਾਗ ਦੀ ਜੇਲ੍ਹ ਵਿਚ ਹੀ ੧੦ ਜੂਨ ੧੮੭੯ ਨੂੰ ਦਮ ਤੋੜ ਗਿਆ ।
ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਉਹ ਇਸ ਕਦਰ ਖੁੱਭਿਆ ਸੀ ਕਿ ਉਸਨੂੰ ਵਿਆਹ ਕਰਵਾ ਕੇ ਗ੍ਰਹਿਸਤ ਸੁਖ ਭੋਗਣ ਦਾ ਕਦੇ ਫੁਰਨਾ ਤੱਕ ਵੀ ਨਹੀਂ ਆਇਆ। ਅੰਤ ਵਿਚ ਅਸੀਂ ਪੰਜਾਬੀ ਦੀਆਂ ਇਹਨਾਂ ਕਾਵਿ ਸਤਰਾਂ ਨਾਲ ਇਤਿਹਾਸ ਦੇ ਇਸ ਅਮਰ ਪਾਤਰ ਦੀ ਗਾਥਾ ਸਮੇਟਦੇ ਹਾਂ-
ਸੁਵਰਨ ਸਿੰਘ ਵਿਰਕ