15 ਜੂਨ 1871 ਈ. ਸਵੇਰੇ ਸੁਵਖ਼ਤੇ, ਲਗਭਗ ਇੱਕ ਵਜੇ ਦੇ ਕਰੀਬ, ਨਾਨਕਸ਼ਾਹ ਫ਼ਕੀਰ ਅਤੇ ਜ਼ਖਮੀ ਉਮਰਾ 'ਮਾਸ਼ਕੀ' ਲਾਹੌਰੀ ਗੇਟ ਵਾਲੀ ਪੁਲਿਸ ਬੈਰਕ ਵਿੱਚ, ਬਦ-ਹਵਾਸੀ ਦੀ ਹਾਲਤ ਵਿੱਚ ਪੁੱਜੇ। ਘੋੜਸਵਾਰ ਪੁਲਿਸ ਸਾਰਜੰਟ ਜੁੰਮੇ ਖਾਂ, ਜੋ ਕਿ ਉਸ ਸਮੇਂ ਬੈਰਕ ਵਿੱਚ ਸੁੱਤਾ ਹੋਇਆ ਸੀ, ਨੂੰ ਜਗਾ ਕੇ ਆਉਣ ਵਾਲਿਆਂ ਨੇ ਰਿਪੋਰਟ ਕੀਤੀ ਕਿ ਥੋੜ੍ਹੀ ਦੇਰ ਪਹਿਲਾਂ ਦੀਨ ਗੜ੍ਹ ਦੇ ਬੁੱਚੜਖਾਨੇ ਦੇ ਕਸਾਈਆਂ ਉੱਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਹਥਿਆਰਬੰਦ ਹਮਲਾ ਹੋਇਆ ਹੈ, ਛੇਤੀ ਹੀ ਵਾਰਦਾਤ ਵਾਲੀ ਥਾਂ ਤੇ ਚੱਲਿਆ ਜਾਵੇ। ਨਾਨਕਸ਼ਾਹ ਫਕੀਰ ਬੁੱਚੜਖਾਨੇ ਦੇ ਪਿੱਛੇ ਨੇੜੇ ਹੀ 'ਤਕੀਏ' (ਕੁਟੀਆ) ਵਿੱਚ ਰਹਿੰਦਾ ਸੀ। ਹਮਲੇ ਵਿੱਚ ਜ਼ਖਮੀ ਹੋਇਆ ਉਮਰਾ ਮਾਸ਼ਕੀ ਉਸ 'ਫ਼ਕੀਰ' ਨੂੰ ਨਾਲ ਲੈ ਕੇ ਥਾਣੇ ਰਿਪੋਰਟ ਲਿਖਵਾਉਣ ਅਤੇ ਮਦਦ ਲੈਣ ਲਈ ਆਇਆ ਸੀ।
ਲਾਹੌਰੀ ਗੇਟ ਦੀ ਪੁਲਿਸ ਬੈਰਕ ਅੰਮ੍ਰਿਤਸਰ ਸ਼ਹਿਰ ਦੇ ਡੀ. ਡਿਵੀਜ਼ਨ ਥਾਣੇ ਹੇਠ ਆਉਂਦੀ ਸੀ। ਸਾਰਜੰਟ ਜੁੰਮੇ ਖਾਂ ਤੁਰੰਤ 30-35 ਸਿਪਾਹੀਆਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ 'ਤੇ ਪੁੱਜਾ। ਰਾਤ ਘੁੱਪ ਹਨੇਰੀ ਸੀ, ਇਸ ਲਈ ਹਮਲਾਵਰਾਂ ਦੀ ਪਛਾਣ ਨਾ ਹੋ ਸਕੀ। ਇਸ ਹਮਲੇ ਵਿੱਚ ਚਾਰ ਕਸਾਈ ਮਾਰੇ ਗਏ ਅਤੇ ਸੱਤ ਜ਼ਖਮੀ- ਜਿਨ੍ਹਾਂ ਵਿੱਚੋਂ ਤਿੰਨ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ। ਸਾਰਜੰਟ ਜੁੰਮੇ ਖ਼ਾਂ ਨੇ ਘਟਨਾ ਦੀ ਜਾਣਕਾਰੀ ਤੁਰੰਤ ਡੀ.ਸੀ. ਨੂੰ ਭੇਜੀ, ਜੋ ਕਿ ਉਸ ਸਮੇਂ ਸ਼ਹਿਰ ਤੋਂ ਬਾਹਰ ਡਲਹੌਜ਼ੀ ਵਿਖੇ ਸੀ। ਡੀ.ਸੀ. ਨੇ ਉਸੇ ਸਮੇਂ ਸ਼ਹਿਰ ਦੇ ਸਿਵਿਲ-ਸਰਜਨ ਨੂੰ ਵਾਰਦਾਤ ਵਾਲੀ ਥਾਂ 'ਤੇ ਪਹੁੰਚਣ ਦੇ ਹੁਕਮ ਕੀਤੇ। ਥੋੜ੍ਹੀ ਲੋਅ ਲੱਗਣ 'ਤੇ ਵਾਰਦਾਤ ਵਾਲੀ ਥਾਂ ਤੋਂ ਨੀਲੀਆਂ ਦਸਤਾਰਾਂ ਅਤੇ ਚੱਕਰ ਬਰਾਮਦ ਹੋਏ। 3 ਅਪ੍ਰੈਲ ਤੋਂ ਸ਼ਹਿਰ ਵਿੱਚ ਜਦੋਂ ਗਊ-ਹੱਤਿਆ ਦੇ ਵਿਰੋਧ ਵਿੱਚ ਹਿੰਦੂ-ਮੁਸਲਿਮ ਵਿਵਾਦ ਦਾ ਤਨਾਅ ਸੀ। ਇੱਕ ਦਿਨ ਇਕ ਨਿਹੰਗ ਨੇ ਕਸਾਈਆਂ ਨੂੰ ‘ਗਊ-ਮਾਸ ਵੇਚਣ ਤੋਂ ਬਾਜ ਆਉਣ, ਨਹੀਂ ਤਾਂ 'ਸੋਧ ਦੇਣ’ ਦੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਸ਼ਹਿਰ ਪ੍ਰਸ਼ਾਸਨ ਨੇ 6 ਮਈ ਨੂੰ ਬੱਚੜਖਾਨੇ ਦੇ ਬਾਹਰ ਪੁਲਿਸ ਦੀ ਚੌਂਕੀ ਬਿਠਾ ਦਿੱਤੀ ਸੀ, ਜੋ 31 ਮਈ ਤੱਕ ਬੈਠੀ ਰਹੀ ਸੀ। ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਸੀ ਮਿਲਿਆ। ਇਸ ਲਈ ਨੀਲੀਆਂ ਦਸਤਾਰਾਂ ਅਤੇ ਚੱਕਰਾਂ ਤੋਂ ਮੁੱਢਲੇ ਤੌਰ ਤੇ ਇਹ ਅੰਦਾਜ਼ਾ ਲਗਾਇਆ ਗਿਆ ਕਿ ਹਮਲੇ ਦੀ ਕਾਰਵਾਈ ਵਿੱਚ ਨਿਹੰਗਾਂ ਦਾ ਹੱਥ ਹੋ ਸਕਦਾ ਹੈ। ਸਵੇਰ ਹੁੰਦਿਆਂ ਤੱਕ ਸਿਵਲ ਸਰਜਨ- ਐਡਮ ਟੇਲਰ ਵੀ ਮੌਕਾ-ਵਾਰਦਾਤ ਵਾਲੀ ਥਾਂ 'ਤੇ ਪਹੁੰਚ ਗਿਆ। ਉਸ ਨੇ ਹਮਲੇ ਦਾ ਸ਼ਿਕਾਰ ਹੋਏ ਕਸਾਈਆਂ ਦਾ ਮੁਆਇਨਾ ਕੀਤਾ। ਚਾਰ ਕਸਾਈ ਮਰ ਚੁੱਕੇ ਸਨ- ਇਮਾਮੁਦੀਨ, ਸ਼ਾਦੀ, ਜੀਵਨ ਅਤੇ ਪੀਰ ਬਖਸ਼। ਸੱਤਾਂ ਫੱਟੜਾਂ ਦੀ ਮੌਕੇ ਉੱਤੇ ਲੋੜੀਂਦੀ ਮਰਹੱਮ ਪੱਟੀ ਕਰਕੇ, ਤਿੰਨ ਬੁਰੀ-ਤਰ੍ਹਾਂ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਅਤੇ ਮਾਰੇ ਗਏ ਕਸਾਈਆਂ ਨੂੰ ਸਾਰਜੈਂਟ ਜੁੰਮੇ ਖਾਂ, ਲੈ ਜਾ ਕੇ ਅਤੇ ਕਾਗਜ਼ੀ ਕਾਰਵਾਈ ਕਰਕੇ, ਮੁਰਦਾ-ਘਰ ਛੱਡ ਕੇ, ਫੇਰ ਮੌਕੇ ਤੇ ਆ ਗਿਆ। ਦਿਨ ਚੜ੍ਹਦੇ ਨੂੰ ਸ਼ਹਿਰ ਅੰਮ੍ਰਿਤਸਰ ਵਿੱਚ ਹਾਜ਼ਰ ਹੋਰ ਅਫ਼ਸਰ ਵੀ ਮੌਕੇ 'ਤੇ ਪੁੱਜਣ ਲੱਗ ਪਏ ਅਤੇ ਜੋ ਵੱਡੇ ਅਫ਼ਸਰ ਸ਼ਹਿਰ ਤੋਂ ਬਾਹਰ ਸਨ, ਖ਼ਬਰ ਮਿਲਦਿਆਂ ਹੀ ਸ਼ਹਿਰ ਨੂੰ ਰਵਾਨਾ ਹੋ ਗਏ।
ਭਾਵੇਂ ਸ਼ਹਿਰ ਦੀ ਪੁਲਿਸ ਅਤੇ ਅਫ਼ਸਰ ਇਸ ਵਾਰਦਾਤ ਬਾਰੇ ਤਫ਼ਤੀਸ਼ ਵਿੱਚ ਤੁਰੰਤ ਤੇਜ਼ੀ ਨਾਲ ਲੱਗੇ ਹੋਏ ਸਨ, ਫੇਰ ਵੀ ਸ਼ਹਿਰ ਵਿੱਚ ਅਤੇ ਹੋਰ ਇਲਾਕਿਆਂ ਵਿੱਚ ਮੁਸਲਮਾਨ ਕਸਾਈਆਂ ਅਤੇ ਆਮ ਮੁਸਲਮਾਨਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੋਇਆ ਸੀ, ਉਹ ਡਰੇ ਹੋਏ ਸਨ। ਕਿਲ੍ਹਾ ਗੋਬਿੰਦਗੜ੍ਹ ਵਿੱਚ ਰਹਿੰਦੇ ਗੋਰਿਆਂ ਨੂੰ ਗਊ-ਮਾਸ ਮੁਹੱਈਆ ਕਰਵਾਉਣ ਵਾਲੇ ਕਸਾਈ ਰਾਤ ਕਿਲ੍ਹੇ ਵਿੱਚ ਹੀ ਗੁਜ਼ਾਰਨ ਲੱਗ ਪਏ। ਉਸ ਸਮੇਂ ਦੀਆਂ ਅਖ਼ਬਾਰਾਂ ਵਿੱਚ ਵੀ ਉਡਾਰੂ ਖ਼ਬਰਾਂ ਦੀਆਂ ਸੁਰਖ਼ੀਆਂ ਲੱਗਣੀਆਂ ਅਤੇ ਪਾਠਕਾਂ ਦੇ ਵਿਚਾਰ ਛਪਣ ਲੱਗ ਪਏ। 20 ਜੂਨ ਦੀ 'ਇੰਡੀਅਨ ਪਬਲਿਕ ਓਪੀਨੀਅਨ' ਅਖ਼ਬਾਰ ਵਿੱਚ ਖ਼ਬਰ ਛਪੀ ਕਿ ਅੰਮ੍ਰਿਤਸਰ ਬੁੱਚੜ-ਕੇਸ ਦੀ ਘਟਨਾ ਤੋਂ ਬਾਅਦ ਤਰਨਤਾਰਨ, ਕਸੂਰ ਅਤੇ ਹੋਰ ਕਈ ਸ਼ਹਿਰਾਂ ਵਿੱਚ ਵੀ ਘਟਨਾਵਾਂ ਵਾਪਰੀਆਂ ਸਨ। ਏਸੇ ਦਿਨ ਦੀ ਅਖ਼ਬਾਰ ਵਿੱਚ ਇੱਕ ਖ਼ਬਰ ਵਿੱਚ ਇੱਕ ਪਾਠਕ ਨੇ ਖ਼ਬਰ ਦਿੱਤੀ ਕਿ ਜਿਸ ਗੈਂਗ ਨੇ ਬੁੱਧਵਾਰ 14 ਜੂਨ ਰਾਤ ਨੂੰ ਅੰਮ੍ਰਿਤਸਰ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਸੀ, ਉਹਨਾਂ ਨੇ ਹੀ ਸ਼ੁੱਕਰਵਾਰ ਨੂੰ ਬਿਆਸ ਵਿਖੇ ਹਮਲਾ ਕੀਤਾ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਉਹਨਾਂ ਨੇ ਹੀ ਸ਼ੁੱਕਰਵਾਰ ਨੂੰ ਬਿਆਸ ਰੇਲਵੇ ਸਟੇਸ਼ਨ ਦੇ ਨੇੜੇ 'ਵਜ਼ੀਰ ਬੁਲਾਰ' ਵਿਖੇ ਹਮਲਾ ਕੀਤਾ ਅਤੇ ਇਸ ਘਟਨਾ ਵਿੱਚ 5 ਲੋਕ ਮਰੇ ਅਤੇ 8 ਜ਼ਖਮੀ ਹੋਏ ਹਨ। 30 ਜੂਨ ਦੀ ਏਸੇ ਅਖ਼ਬਾਰ ਵਿੱਚ ਮੁਸਲਮਾਨਾਂ ਵੱਲੋਂ ਧਮਕੀ ਵੀ ਛਪੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਹਿੰਦੂਆਂ ਨਾਲੋਂ ਕਿਤੇ ਜ਼ਿਆਦਾ- 60,000 ਤੋਂ ਉੱਪਰ- ਮੁਸਲਮਾਨ ਵਸਦੇ ਹਨ, ਇਸ ਗੱਲ ਦਾ ਧਿਆਨ ਰੱਖਿਆ ਜਾਵੇ। ਇਹ ਸਭ ਉਡਾਰੂ ਖ਼ਬਰਾਂ ਸਨ। ਘਟਨਾ ਨੂੰ ਕਈ ਦਿਨ ਬੀਤ ਜਾਣ ਦੇ ਬਾਅਦ ਵੀ ਜਦੋਂ ਦੋਸ਼ੀਆਂ ਬਾਰੇ ਕੋਈ ਸੁਰਾਗ਼ ਨਾ ਮਿਲਿਆ ਤਾਂ 'ਕਾਬਲ ਜਾਸੂਸ ਅਤੇ ਪੁਲਿਸ ਅਫ਼ਸਰ ਡੀ.ਐੱਸ.ਪੀ. ਹੁਸ਼ਿਆਰਪੁਰ ਕ੍ਰਿਸ਼ਟੀ ਨੂੰ ਵਿਸ਼ੇਸ਼ ਤੌਰ 'ਤੇ ਇਸ ਕੇਸ ਦੀ ਪੜਤਾਲ ਲਈ ਧਰਮਸ਼ਾਲਾ ਤੋਂ ਬੁਲਾ ਲਿਆ ਗਿਆ।
ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ 1849 ਈ. ਵਿੱਚ ਪੰਜਾਬ ਉੱਤੇ ਪੂਰਨ ਰੂਪ ਵਿੱਚ ਕਬਜ਼ਾ ਕਰ ਲਿਆ ਸੀ। ਕਬਜ਼ੇ ਦੇ ਤੁਰੰਤ ਬਾਅਦ ਹੀ ਉਹਨਾਂ ਨੇ ਪੂਰੇ ਖੇਤਰ ਵਿੱਚ ਗਊ-ਘਾਤ ਦੀ ਖੁੱਲ੍ਹ ਦੇ ਦਿੱਤੀ ਕਿਉਂਕਿ ਅੰਗਰੇਜ਼ ਆਪ ਗਊ-ਮਾਸ ਖਾਂਦੇ ਸਨ ਅਤੇ ਗਉਘਾਤ ਕਰਨ ਵਾਲੇ ਮੁਸਲਮਾਨ ਸਨ। ਪੰਜਾਬ ਵਾਸੀਆਂ ਨੂੰ ਆਪਸ ਵਿੱਚ ਪਾੜਣ ਤੋਂ ਲੜਾਉਣ ਵਾਲੀ ਸੀ- ਇਹ ਨੀਤੀ। ਸਿੱਖ ਰੈਜੀਮੈਂਟਾਂ ਤੋੜ ਦਿੱਤੀਆਂ ਗਈਆਂ ਸਨ ਅਤੇ ਥੋੜੇ੍ ਹੀ ਸਮੇਂ ਵਿੱਚ ਪੰਜਾਬ ਦੇ ਉੱਘੇ ਆਗੂ ਦੇਸ਼ ਵਿਦੇਸ਼ ਵਿਚ ਨਿਵਾਸ ਕਰਕੇ ਕੈਦ ਕਰ ਦਿੱਤੇ ਗਏ ਤਾਂ ਕਿ ਪੰਜਾਬ ਵਿੱਚ ਕੋਈ ਵੀ ਐਸਾ ਨੇਤਾ ਨਾ ਰਹੇ ਜੋ ਉਹਨਾਂ ਦੀ ਹੋਂਦ ਨੂੰ ਖ਼ਤਰਾ ਬਣ ਸਕੇ। ਲਾਹੌਰ ਦੇ ਰੀਜੈਂਟ, ਸਰ ਫੈ੍ਰਡਰਿਕ ਕਰੀ ਨੇ 4 ਅਕਤੂਬਰ 1848 ਈ. ਨੂੰ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੂੰ ਇੱਕ ਚਿੱਠੀ ਵਿੱਚ ਲਿਖਿਆ ਸੀ-
“ਸਾਡੇ ਕਬਜ਼ੇ ਦੇ ਮੁੱਢ ਤੋਂ ਹੀ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਸਾਡੇ ਵਿਰੁੱਧ ਅਸ਼ਾਂਤੀ ਅਤੇ ਵਿਰੋਧ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦਾ ਵਿਸ਼ੇਸ਼ ਪ੍ਰਭਾਵ ਫ਼ੌਜ ਵਿੱਚੋਂ ਕੱਢੇ ਗਏ ਫ਼ੌਜੀਆਂ ਉੱਤੇ ਹੈ।”
ਇਸ ਚਿੱਠੀ ਤੋਂ ਇੱਕ ਦਿਨ ਪਹਿਲਾਂ 3 ਅਕਤੂਬਰ ਨੂੰ ਰੌਬਰਟ ਨੇਪੀਅਰ ਨੇ ਫੈ੍ਰਡਰਿਕ ਕਰੀ ਨੂੰ ਲਿਖਿਆ ਸੀ-
"ਮੇਰਾ ਵਿਚਾਰ ਹੈ ਕਿ ਜੇ ਅਸੀਂ ਪੰਜਾਬ ਲੈ ਲਈਏ ਤਾਂ ਸਾਨੂੰ ਚਾਹੀਦਾ ਹੈ ਕਿ ਸਰਦਾਰਾਂ ਨੂੰ ਉੱਕਾ ਹੀ ਖ਼ਤਮ ਕਰ ਦੇਈਏ। ਆਗੂਆਂ ਤੋਂ ਬਿਨਾ ਲੋਕ ਕੁਝ ਵੀ ਨਹੀਂ ਹੁੰਦੇ।”
ਲਾਰਡ ਡਲਹੌਜ਼ੀ ਨੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਲਿਖਿਆ ਸੀ-
“ਜਿੰਨੀ ਦੇਰ ਅਸੀਂ ਸਿੱਖ ਜਨਤਾ ਨੂੰ ਪੂਰੀ ਤਰ੍ਹਾਂ ਲਤਾੜ ਨਹੀਂ ਦਿੰਦੇ ਅਤੇ ਇੱਕ ਆਜ਼ਾਦ ਕੌਮ ਦੀ ਹੈਸੀਅਤ ਵਿੱਚ ਉਨਾਂ ਦੀ ਤਾਕਤ ਨੂੰ ਬਿਲਕੁਲ ਤਬਾਹ ਨਹੀਂ ਕਰ ਦਿੰਦੇ, ਹਿੰਦੁਸਤਾਨ ਵਿੱਚ ਕਦੇ ਵੀ ਅਮਨ ਦਾ ਸੌਖਿਆਂ ਹੀ ਯਕੀਨ ਨਹੀਂ ਹੋ ਸਕਦਾ।”
ਇਸ ਤਰ੍ਹਾਂ ਦੀ ਨੀਤੀ ਉੱਤੇ ਅਮਲ ਕਰਦਿਆਂ ਹੋਇਆਂ ਅੰਗਰੇਜ਼ ਅਫ਼ਸਰਾਂ ਨੇ ਪੰਜਾਬ ਵਿੱਚੋਂ ਹੌਲੀ-ਹੌਲੀ ਉਹਨਾਂ ਆਗੂਆਂ ਅਤੇ ਸਰਦਾਰਾਂ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਸੀ ਜੋ ਉਹਨਾਂ ਲਈ ਖ਼ਤਰਾ ਬਣ ਸਕਦੇ ਸਨ। ਮਹਾਰਾਣੀ ਜਿੰਦਾਂ, ਬਾਲਕ ਮਹਾਰਾਜਾ ਦਲੀਪ ਸਿੰਘ, ਰਾਮ ਸਿੰਘ ਪਠਾਨੀਆ, ਭਾਈ ਮਹਾਰਾਜ ਸਿੰਘ ਆਦਿ ਨੂੰ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ਵਿੱਚ ਭੇਜ ਕੇ ਕੈਦ ਕਰ ਦਿੱਤਾ ਸੀ। ਪੰਜਾਬ ਦੀ ਜਨਤਾ ਵਿੱਚ ਗੁੱਸਾ ਸੀ, ਵਿਰੋਧ ਸੀ, ਪਰ ਨੇਤਾ-ਵਿਹੀਣ ਹੋਣ ਕਰਕੇ ਉਹ ਕੁਝ ਨਹੀਂ ਸੀ ਕਰ ਸਕਦੇ। ਐਸੇ ਮਾਹੌਲ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੇ 1857 ਈ. ਦੀ ਵਿਸਾਖੀ ਤੋਂ ਅੰਗਰੇਜ਼ ਬਸਤੀਵਾਦ ਵਿਰੁੱਧ ਕੂਕਾ ਅੰਦੋਲਨ ਚਲਾਇਆ ਹੋਇਆ ਸੀ। ਨਿਰਾਸਤਾ ਵਿੱਚ ਗ੍ਰਸਤ ਜਨਤਾ ਨੂੰ ਜਿਵੇਂ ਨਵੀਂ ਆਕਸੀਜਨ ਮਿਲ ਗਈ ਹੋਵੇ। ਗੁਰੂ ਜੀ ਦੇ ਪੈਰੋਕਾਰ ਕੂਕੇ ਅਥਵਾ ਨਾਮਧਾਰੀਆਂ ਤੋਂ ਇਲਾਵਾ ਆਮ ਜਨਤਾ ਅੰਗਰੇਜ਼ੀਅਤ ਵਿਰੁੱਧ ਆਪਣੇ ਗੁੱਸੇ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਲੱਗ ਪਈ ਸੀ। ਏਸੇ ਕਰਕੇ ਹੀ ਜਦੋਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਈਸਾਈਅਤ ਦਾ ਵਿਸ਼ੇਸ਼ ਪ੍ਰਚਾਰ ਹੋਣ ਲੱਗ ਪਿਆ ਅਤੇ ਗਊ-ਮਾਸ ਸ਼ਹਿਰ ਵਿੱਚ ਸ਼ਰੇਆਮ ਵਿਕਣ ਲੱਗ ਪਿਆ ਤਾਂ ਹਿੰਦੂ-ਸਿੱਖ ਭੜਕ ਪਏ ਅਤੇ ਲੰਮਾ ਸਮਾਂ ਤਣਾਅ ਬਣਿਆ ਰਿਹਾ, ਪਰ ਪ੍ਰਸ਼ਾਸਨ ਨੇ ਜਨਤਾ ਦੀਆਂ ਭਾਵਨਾਵਾਂ ਨੂੰ ਲਤਾੜਨ ਦੀ ਨੀਤੀ ਉੱਤੇ ਅਮਲ ਕਰਦਿਆਂ ਹੋਇਆਂ ਉਹਨਾਂ ਦੀ ਕੋਈ ਗੱਲ ਨਾ ਸੁਣੀ ਅਤੇ ਕੋਈ ਕਾਰਵਾਈ ਨਾ ਕੀਤੀ।
ਕੂਕਾ ਅੰਦੋਲਨ ਦਾ ਪ੍ਰਚਾਰ ਜ਼ੋਰਾਂ 'ਤੇ ਸੀ। 1871 ਈ. ਵਿੱਚ ਵਿਦੇਸ਼ਾਂ ਨਾਲ ਤਾਲਮੇਲ ਬਣ ਰਹੇ ਸਨ, ਜਨਤਾ ਗੁਰੂ ਰਾਮ ਸਿੰਘ ਨੂੰ ਸੁਣਨਾ ਚਾਹੁੰਦੀ ਸੀ। ਇਸ ਸਾਲ ਦੇ ਸ਼ੁਰੂ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੇ ਮਾਘੀ ਮੁਕਤਸਰ ਮਨਾਉਣ ਤੋਂ ਬਾਅਦ ਹੋਲਾ ਪਿੰਡ ਖੋਟਿਆਂ ਵਿੱਚ ਕੀਤਾ। ਉੱਥੋਂ ਹੀ ਗੁਰੂ ਜੀ ਵਸਾਖੀ 'ਤੇ ਦਮਦਮੇ ਚਲੇ ਗਏ। ਲੋਕ ਵੱਡੀ ਗਿਣਤੀ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਅਤੇ ਉਪਦੇਸ਼ ਸੁਣਦੇ। ਪ੍ਰਚਾਰ ਦੌਰਾ ਕਰਦੇ-ਕਰਦੇ ਸਤਿਗੁਰੂ ਰਾਮ ਸਿੰਘ ਜੀ ਮਲੇਰਕੋਟਲਾ ਨਗਰ ਆਏ ਅਤੇ ਕੁਝ ਦਿਨ ਠਹਿਰੇ। ਮਹੀਨਾ ਮਈ ਦੇ ਸ਼ੁਰੂ ਦਾ ਸੀ। ਏਥੇ ਹੀ ਅੰਮ੍ਰਿਤਸਰ ਇਲਾਕੇ ਦੇ ਲੋਪੋਕੀ ਪਿੰਡ ਦੇ ਕੋਲ ਸਿੰਘਾਂ ਨੇ ਆ ਕੇ ਉੱਥੇ ਵਾਪਰ ਰਹੀਆਂ ਗਊ-ਬੱਧ ਦੀਆਂ ਘਟਨਾਵਾਂ ਬਾਬਤ ਸਤਿਗੁਰੂ ਜੀ ਨੂੰ ਦੱਸਿਆ। ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਗਊ-ਬੱਧ ਬਹੁਤ ਵੱਧ ਗਿਆ ਹੋਇਆ ਸੀ ਅਤੇ ਨਗਰ ਵਿੱਚ ਗਊ-ਮਾਸ ਸ਼ਰੇਆਮ ਵਿਕਣ ਲੱਗ ਪਿਆ ਸੀ। ਹਿੰਦੂਆਂ ਵੱਲੋਂ ਇਤਰਾਜ਼ ਕਰਨ 'ਤੇ ਵੀ ਸਰਕਾਰ ਨਹੀਂ ਚੇਤੀ ਅਤੇ ਹੁਣ ਗਊ-ਮਾਸ ਖੁੱਲ੍ਹੇ ਰੂਪ ਵਿੱਚ ਵਿਕਦਾ ਹੋਇਆ, ਸ੍ਰੀ ਦਰਬਾਰ ਸਾਹਿਬ ਦੇ ਨੇੜੇ ਤੱਕ ਆ ਪੁੱਜਾ। ਸ਼ਹਿਰ ਅੰਮ੍ਰਿਤਸਰ ਵਿੱਚ ਮੁਸਲਮਾਨਾਂ ਦੀ ਵਸੋਂ ਹਿੰਦੂ ਅਤੇ ਸਿੱਖਾਂ ਦੀ ਕੁੱਲ ਤਾਦਾਦ ਨਾਲੋਂ ਵੀ ਜ਼ਿਆਦਾ ਸੀ। ਏਸ ਦੇ ਨਾਲ-ਨਾਲ ਮੁਸਲਮਾਨ ਗਊ-ਮਾਸ ਖਾਂਦੇ ਸਨ ਅਤੇ ਅੰਗਰੇਜ਼ਾਂ ਨੂੰ ਵੀ ਮੁਹੱਈਆ ਕਰਵਾਉਂਦੇ ਸਨ। ਇਸ ਕਰਕੇ ਹੀ ਅੰਗਰੇਜ਼ ਅਧਿਕਾਰੀ ਹਿੰਦੂ, ਸਿੱਖਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਵੱਲ ਕੋਈ ਧਿਆਨ ਨਹੀਂ ਸੀ ਦਿੰਦੇ।
ਪਾਠਕਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਣਾ ਠੀਕ ਹੋਵੇਗਾ ਕਿ ਅੰਗਰੇਜ਼ੀ ਸਾਮਰਾਜ ਦੇ ਸਮੇਂ ਵਿੱਚ ਗਊ- ਹੱਤਿਆ ਵਿਰੁੱਧ ਹਿੰਦੁਸਤਾਨ ਵਿੱਚ ਜ਼ਿਆਦਾਤਰ ਦੰਗੇ ਅੰਗਰੇਜ਼ੀ ਇਲਾਕਿਆਂ ਵਿੱਚ ਹੀ ਹੋਏ ਸਨ, ਉਹਨਾਂ ਥਾਂਵਾਂ ਉੱਤੇ ਨਹੀਂ ਸਨ ਹੋਏ ਜਿੱਥੇ ਮੁਸਲਮਾਨ ਰਿਆਸਤਾਂ ਸਨ, ਜਿਵੇਂ ਹੈਦਰਾਬਾਦ ਆਦਿ। ਇਹ ਗੱਲ ਸਪੱਸ਼ਟ ਕਰਦੀ ਹੈ ਕਿ ਅੰਗਰੇਜ਼ ਅਧਿਕਾਰੀ ਧਰਮ ਦੇ ਨਾਂ 'ਤੇ ਹਿੰਦੁਸਤਾਨੀਆਂ ਨੂੰ ਆਪਸ ਵਿੱਚ ਲੜਾ ਕੇ ਉਨ੍ਹਾਂ ਵਿਚਕਾਰ ਪਾੜਾ ਵਧਾਉਣ ਦੀਆਂ ਕਾਰਵਾਈਆਂ ਕਰਨ ਵਿੱਚ ਵਿਅਸਤ ਸਨ। ਅੰਗਰੇਜ਼ਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਈਸਾਈਅਤ ਦਾ ਮਾਹੌਲ ਬਨਾਉਣਾ ਸ਼ੁਰੂ ਕੀਤਾ ਹੋਇਆ ਸੀ, ਤਾਂ ਕਿ ਉੱਥੇ ਗੁਰੂਆਂ ਦਾ ਅਤੇ ਸਿੱਖੀ ਦਾ ਪ੍ਰਭਾਵ ਘਟ ਸਕੇ।
ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਉੱਤਰ ਵਾਲੇ ਪਾਸੇ, ਜਿੱਧਰ ਨੂੰ ਜਲਿਆਂਵਾਲਾ ਬਾਗ ਪੈਂਦਾ ਸੀ, ਕੁਝ ਬੂੰਗੇ ਤੋੜ ਕੇ 1862 ਈ. ਤੋਂ ਈਸਾਈ ਨਮੂਨੇ ਵਾਲਾ 174 ਫੁੱਟ ਉੱਚਾ ਘੰਟਾ-ਘਰ ਬਨਾਉਣਾ ਸ਼ੁਰੂ ਕੀਤਾ ਹੋਇਆ ਸੀ ਅਤੇ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਜਾਣ ਵਾਲਾ ਮੁੱਖ ਰਸਤਾ, ਜੋ ਕਿ ਪਹਿਲਾਂ ਅਕਾਲ ਬੁੰਗੇ (ਤਖ਼ਤ) ਵੱਲੋਂ ਦੀ ਸੀ, ਬਦਲ ਕੇ ਘੰਟਾ ਘਰ ਵਾਲੇ ਪਾਸੇ ਦੀ ਕਰ ਦਿੱਤਾ ਸੀ ਤਾਂ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਅਭਿਲਾਸ਼ੀ ਲੋਕ ਘੰਟਾ- ਘਰ ਵੱਲੋਂ ਦੀ ਹੋ ਕੇ ਹੀ ਆਉਣ। ਏਥੇ ਘੰਟਾ-ਘਰ ਬਨਾਉਣ ਵਿੱਚ ਵੱਡੀ ਤਾਦਾਦ ਵਿੱਚ ਕਸ਼ਮੀਰੀ ਮੁਸਲਮਾਨ ਕੰਮ ਕਰਦੇ ਹੁੰਦੇ ਸਨ। ਨਤੀਜਾ ਇਹ ਹੋਇਆ ਕਿ ਗਊ-ਮਾਸ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਮੁਸਲਮਾਨਾਂ ਦੇ ਘਰਾਂ ਵਿਚ ਵਿਕਣ ਲੱਗ ਪਿਆ। ਵੇਚਣ ਵਾਲੇ ਖੁੱਲ੍ਹੇ ਰੂਪ ਵਿੱਚ ਗਊ-ਮਾਸ ਇੱਥੇ ਲਿਆ ਕੇ ਵੇਚਦੇ ਸਨ, ਜਿਸ ਨਾਲ ਹਿੰਦੂ, ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਸੀ।
ਹਿੰਦੂ ਸਮਾਜ ਵੱਲੋਂ ਕਈ ਵਾਰੀ ਰੋਸ-ਮਜ਼ਾਹਰੇ ਹੋਏ, ਹੜਤਾਲਾਂ ਹੋਈਆਂ, ਪਰ ਕੋਈ ਨਹੀਂ ਸੀ ਸੁਣਦਾ। ਅਪ੍ਰੈਲ ਮਹੀਨੇ ਵਿੱਚ ਡੇਰਾ ਨੌਰੰਗਾਬਾਦ ਦੇ ਇੱਕ ਸਿੱਖ ਦੇਵਾ ਸਿੰਘ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਗਊ-ਮਾਸ ਦੀ ਹੱਡੀ ਪਈ ਵੇਖੀ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਜਾਰੀਆਂ ਪਾਸ ਕੀਤੀ, ਜੋ ਉਸਨੂੰ ਦਰਬਾਰ ਸਾਹਿਬ ਦੇ ਮੈਨੇਜਰ ਸ. ਮੰਗਲ ਸਿੰਘ ਰਾਮਗੜ੍ਹੀਏ ਕੋਲ ਲੈ ਗਏ। ਮੈਨੇਜਰ ਦਰਬਾਰ ਸਾਹਿਬ ਅੰਗਰੇਜ਼-ਪ੍ਰਸਤ ਸੀ। ਹੋਰਨਾਂ ਵਾਂਗੂੰ ਹੀ ਉਸਨੇ ਵੀ ਦਰਬਾਰ ਸਾਹਿਬ ਦੀ ਪਵਿੱਤਰਤਾ ਬਾਰੇ ਕੋਈ ਵਿਚਾਰ ਕਰਨ ਦੀ ਬਜਾਏ ਉਸ ਸਿੱਖ ਦੇਵਾ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਹੋਰ ਵੀ ਭੜਕਣੀਆਂ ਸ਼ੁਰੂ ਹੋ ਗਈਆਂ। ਇਹਨੀ ਦਿਨੀਂ ਹੀ ਲੋਪੋਕੀ ਅਤੇ ਠੱਠੇ ਰਹਿੰਦੇ ਦੋ ਨਾਮਧਾਰੀ ਮਿਹਰ ਸਿੰਘ ਅਤੇ ਝੰਡਾ ਸਿੰਘ ਨੇ ਐਸੇ ਹੀ ਹਾਲਾਤਾਂ ਦਾ ਸਾਹਮਣਾ ਕੀਤਾ, ਜਦੋਂ ਉਹ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਅਤੇ ਇਸ਼ਨਾਨ ਕਰਨ ਆਏ ਸਨ। ਸਿੱਖ, ਪੁਜਾਰੀ ਅਤੇ ਹੋਰ ਉੱਘੇ ਸਰਦਾਰ ਤਾਂ ਅੰਗਰੇਜ਼ਾਂ ਦੇ ਫ਼ਰਮਾਬਰਦਾਰ ਬਣੇ ਹੋਏ ਸਨ, ਕੋਈ ਕੁਝ ਵੀ ਨਹੀਂ ਸੀ ਸੁਣਦਾ, ਬੋਲਦਾ। ਸ਼ਹਿਰ ਅੰਮ੍ਰਿਤਸਰ ਵਿੱਚ ਹਿੰਦੂ ਅਤੇ ਆਮ ਸਿੱਖਾਂ ਵਿੱਚ ਦਰਬਾਰ ਸਾਹਿਬ ਦੀ ਹੁੰਦੀ ਨਿਰਾਦਰੀ ਬਾਰੇ ਕਾਫ਼ੀ ਗੁੱਸਾ ਸੀ ਪਰ ਪ੍ਰਸ਼ਾਸਨ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ। ਸਗੋਂ ਦੇਵਾ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ 'ਤੇ ਉਸਨੂੰ ਤਿੰਨ ਸਾਲ ਦੀ ਕੈਦ ਕੀਤੀ ਗਈ।
ਸ਼ਹਿਰ ਅੰਮ੍ਰਿਤਸਰ ਵਿੱਚ ਨਾਮਧਾਰੀ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਸੀ। ਮਸਾਂ 8-10 ਘਰ ਹੀ ਕੂਕਿਆਂ ਦੇ ਸਨ। ਮੱਸਿਆ, ਸੰਗਰਾਂਦ ਅਤੇ ਪੂਰਨਮਾਸ਼ੀ 'ਤੇ ਹੀ ਸ਼ਹਿਰ ਦੇ ਬਾਹਰੋਂ ਵੱਡੀ ਗਿਣਤੀ ਵਿੱਚ ਸਿੱਖ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਉਂਦੇ ਸਨ। ਇਹਨਾਂ ਸ਼ਰਧਾਲੂਆਂ ਵਿੱਚ ਬਹੁਤ ਸਾਰੇ ਨਾਮਧਾਰੀ ਸਿੰਘ ਵੀ ਹੁੰਦੇ ਸਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਚਾਰ ਸਦਕਾ ਸਭ ਵਿੱਚ ਕੁਝ ਕਰ ਗੁਜ਼ਰਨ ਦਾ ਜੋਸ਼ ਵੀ ਸੀ। ਪਿੰਡ ਲੋਪੋਕੇ ਅਤੇ ਠੱਠੇ ਦੇ ਦੋ ਨਾਮਧਾਰੀ- ਮਿਹਰ ਸਿੰਘ ਤੇ ਝੰਡਾ ਸਿੰਘ- ਵੀ ਸ੍ਰੀ ਦਰਬਾਰ ਸਾਹਿਬ ਇਸ਼ਨਾਨ ਕਰਨ, ਹਰ ਸੰਗਰਾਂਦ ਨੂੰ ਆਇਆ ਕਰਦੇ ਸਨ। ਸ਼ਹਿਰ ਵਿੱਚ ਵਧਦੇ ਤਣਾਅ ਅਤੇ ਗਊ-ਬੱਧ ਤੋਂ ਵੀ ਉਹ ਭਲੀ-ਭਾਂਤ ਜਾਣੂ ਸਨ। ਇਹਨਾਂ ਸਿੰਘਾਂ ਨੇ ਧਰਮ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਕੁਝ ਕਰ ਗੁਜ਼ਰਨ ਦੀ ਸੋਚੀ।
ਗਊਆਂ ਉੱਤੇ ਹੋ ਰਹੇ ਅੱਤਿਆਚਾਰ
ਇਹਨਾਂ ਨਾਮਧਾਰੀ ਸਿੰਘਾਂ ਨੇ ਮੁੱਢਲੀ ਵਿਚਾਰ ਲਾਹੌਰ ਸ਼ਹਿਰ ਦੇ ਉੱਘੇ ਕੂਕੇ ਅਤੇ ਸੂਬੇ ਰਾਜਾ ਸਿੰਘ ਤਰਾਂਡੀ ਨਾਲ ਕੀਤੀ ਅਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਮਲੇਰਕੋਟਲੇ ਆ ਕੇ ਮਿਲੇ। ਉਸ ਸਮੇਂ ਸ੍ਰੀ ਸਤਿਗੁਰੂ ਜੀ ਹੋਲੇ ਅਤੇ ਵਿਸਾਖੀ ਮੇਲੇ ਦਮਦਮੇ ਸਾਹਿਬ ਤੋਂ ਵਾਪਸ ਆ ਰਹੇ ਸਨ ਅਤੇ ਮਲੇਰਕੋਟਲੇ ਰੁਕੇ ਹੋਏ ਸਨ। ਇਨ੍ਹਾਂ ਨਾਮਧਾਰੀ ਸਿੰਘਾਂ ਨੇ ਅੱਤਿਆਚਾਰ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਵਧਦੇ ਹੋਏ ਗਊ-ਮਾਸ ਦੀ ਵਿੱਕਰੀ, ਤਣਾਅ, ਦਰਬਾਰ ਸਾਹਿਬ ਦੀ ਹੋ ਰਹੀ ਬੇਅਦਬੀ ਅਤੇ ਸਰਕਾਰ ਵੱਲੋਂ ਕੁੱਝ ਵੀ ਧਿਆਨ ਨਾ ਦਿੱਤੇ ਜਾਣ ਅਤੇ ਆਪਣੇ ਇਰਾਦਿਆਂ ਬਾਰੇ ਸਤਿਗੁਰੂ ਜੀ ਨੂੰ ਦੱਸਿਆ। ਸਤਿਗੁਰੂ ਜੀ ਨੇ ਹੋਰ ਵੀ ਜਾਣਕਾਰੀਆਂ ਪੁੱਛੀਆਂ ਕਿ ਉਹਨਾਂ ਨੇ ਸ਼ਹਿਰ ਵਿੱਚ ਰਹਿੰਦੇ ਨਾਮਧਾਰੀਆਂ ਨਾਲ ਵਿਚਾਰ ਕੀਤੀ ਸੀ? ਦਰਬਾਰ ਸਾਹਿਬ ਦੇ ਮੈਨੇਜਰ ਅਤੇ ਪੁਜਾਰੀਆਂ ਦਾ ਰਵੱਈਆ ਕੀ ਸੀ? ਮਿਹਰ ਸਿੰਘ ਅਤੇ ਝੰਡਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸ਼ਹਿਰ ਵਿੱਚ ਰਹਿਣ ਵਾਲੇ ਕਿਸੇ ਵੀ ਨਾਮਧਾਰੀ ਨਾਲ ਅਜੇ ਤੱਕ ਕੋਈ ਗੱਲ ਨਹੀਂ ਸੀ ਕੀਤੀ ਅਤੇ ਪੁਜਾਰੀ ਲੋਕ ਤਾਂ ਕੁਝ ਨਹੀਂ ਸੀ ਕਰਦੇ ਕਿਉਂਕਿ ਉਹ ਅੰਗਰੇਜ਼ਾਂ ਦੇ ਵਫ਼ਾਦਾਰ ਜੁ ਬਣੇ ਹੋਏ ਸਨ। ਸਰਕਾਰ ਵੀ ਕੋਈ ਗੱਲ ਨਹੀਂ ਸੀ ਸੁਣ ਰਹੀ ਅਤੇ ਲੋਕਾਂ ਦੇ ਵਿਰੋਧ ਵੱਲ ਤਵੱਜੋ ਨਹੀਂ ਸੀ ਦੇ ਰਹੀ। ਸਾਰੀਆਂ ਗੱਲਾਂ ਸੁਣ ਕੇ ਅਤੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਹੋਇਆਂ ਸਤਿਗੁਰ ਜੀ ਨੇ ਲੋਪੋਕੇ ਸਿੰਘਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਪ੍ਰਵਾਨਗੀ ਨਹੀਂ ਦਿੱਤੀ। ਉਹ ਜਾਣਦੇ ਸਨ ਕਿ ਅਗਲੇ ਸਾਲ ਮਾਰਚ-ਅਪ੍ਰੈਲ ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਵਿਦਰੋਹ ਦੀਆਂ ਤਿਆਰੀਆਂ ਅੰਦਰੋ-ਅੰਦਰੀ ਚੱਲ ਰਹੀਆਂ ਸਨ ਅਤੇ ਕਿਸੇ ਵੀ ਕਾਰਵਾਈ ਸਦਕਾ ਉਹਨਾਂ ਦੇ ਬਣਾਏ ਜਾ ਰਹੇ ਮਨੋਰਥ ਪ੍ਰੋਗਰਾਮਾਂ ਨੂੰ ਝਟਕਾ ਨਾ ਲੱਗੇ। ਸਿੰਘ ਆਪਣੇ ਪਿੰਡ ਲੋਪੋਕੀ ਵਾਪਸ ਤਾਂ ਆ ਗਏ ਪਰ ਉਹ ਦਿਲ ਵਿੱਚ ਕੁੱਝ ਕਰ ਗੁਜ਼ਰਨ ਲਈ ਉਤਾਰੂ ਸਨ।
ਮਲੇਰਕੋਟਲੇ ਜਿਸ ਸਮੇਂ ਮਿਹਰ ਸਿੰਘ ਅਤੇ ਝੰਡਾ ਸਿੰਘ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਮਿਲਕੇ ਅੰਮ੍ਰਿਤਸਰ ਵਿਖੇ ਗਊ-ਬੱਧ ਤੋਂ ਉਪਜੇ ਹਾਲਾਤ ਅਤੇ ਬੁੱਚੜਾਂ ਵਿਰੁੱਧ ਕਾਰਵਾਈ ਦੀ ਆਗਿਆ ਬਾਰੇ ਅਰਜ਼ ਕਰ ਰਹੇ ਸਨ, ਉਸ ਸਮੇਂ ਹੋਰਨਾਂ ਤੋਂ ਇਲਾਵਾ ਪਿੰਡ ਚੂਹੜ-ਚੱਕ ਦਾ ਗੁਲਾਬ ਸਿੰਘ ਵੀ ਉੱਥੇ ਹਾਜ਼ਰ ਸੀ। ਉਹ ਹੋਲੇ ਤੋਂ ਹੀ ਸ੍ਰੀ ਸਤਿਗੁਰੂ ਜੀ ਦੇ ਜੱਥੇ ਨਾਲ ਸ਼ਾਮਲ ਸੀ। ਉਸ ਨੇ ਲੋਪੋਕੇ ਦੇ ਸਿੰਘਾਂ ਦੀ ਸ਼੍ਰੀ ਸਤਿਗੁਰੂ ਜੀ ਨੂੰ ਕੀਤੀ ਫ਼ਰਿਆਦ ਸੁਣੀ ਸੀ। ਲੋਪੋਕੇ ਦੇ ਸਿੰਘਾਂ ਦੇ ਵਾਪਸ ਚਲੇ ਜਾਣ ਤੋਂ ਅਗਲੇ ਦਿਨ ਗੁਲਾਬ ਸਿੰਘ ਨੇ ਵੀ ਅੰਮ੍ਰਿਤਸਰ ਦੇ ਮਸਲੇ 'ਤੇ ਉੱਥੇ ਜਾ ਕੇ ਨਾਮਧਾਰੀ ਸਿੰਘਾਂ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ। ਪਰ ਸਤਿਗੁਰੂ ਜੀ ਨੇ ਉਸ ਦੀ ਬੇਨਤੀ ਵੀ ਸਵੀਕਾਰ ਨਹੀਂ ਸੀ ਕੀਤੀ। ਪਰ ਗੁਲਾਬ ਸਿੰਘ ਮਨਮਰਜ਼ੀ ਦੇ ਜਨੂੰਨ ਵਿੱਚ ਆ ਕੇ ਆਪ ਹੀ ਅੰਮ੍ਰਿਤਸਰ ਚਲਾ ਗਿਆ। ਅੰਮ੍ਰਿਤਸਰ ਵਿੱਚ ਉਸ ਦੀ ਨਾਮਧਾਰੀ ਭਾਈਚਾਰੇ ਨਾਲ ਕੋਈ ਜਾਣ-ਪਛਾਣ ਨਹੀਂ ਸੀ ਪਰ ਪੁੱਛਦੇ ਪੁਛਾਂਦੇ ਉਹ ਫਤਿਹ ਸਿੰਘ ਦੀ ਦੁਕਾਨ ਤੇ ਪਹੁੰਚ ਗਿਆ। ਉੱਥੇ ਉਸਨੂੰ ਮਿਹਰ ਸਿੰਘ ਤੇ ਝੰਡਾ ਸਿੰਘ ਦਾ ਲੋਪੋਕੇ ਹੋਣ ਬਾਰੇ ਪਤਾ ਲੱਗਾ ਤਾਂ ਗੁਲਾਬ ਸਿੰਘ ਲੋਪੋਕੇ ਪਹੁੰਚ ਗਿਆ। ਦੋਵੇਂ ਨਾਮਧਾਰੀ ਸਿੰਘ ਉਸ ਸਮੇਂ ਪਿੰਡ ਵਿਚ ਨਹੀਂ ਸਨ। ਉਹ ਤਾਂ ਲਾਹੌਰ ਰਾਜਾ ਸਿੰਘ ਤਰਾਂਡੀ ਕੋਲ ਸਲਾਹ-ਮਸ਼ਵਰਾ ਕਰਨ ਗਏ ਹੋਏ ਸਨ। ਪਰ ਅਗਲੇ ਦਿਨ ਹੀ ਫਤਿਹ ਸਿੰਘ ਦੀ ਦੁਕਾਨ 'ਤੇ ਦੋਵੇਂ ਸਿੰਘਾਂ ਨੂੰ ਗੁਲਾਬ ਸਿੰਘ ਮਿਲ ਪਿਆ ਅਤੇ ਉਹਨਾਂ ਦੇ ਮਨੋਰਥ ਵਿੱਚ ਸ਼ਾਮਲ ਹੋ ਗਿਆ। ਇਸ ਤਰ੍ਹਾਂ ਗੁਲਾਬ ਸਿੰਘ 'ਸ਼ੱਕੀ ਅਤੇ ਸਰਕਾਰੀ ਬੰਦਾ ਲੱਗਦਾ ਹੈ।
ਬੁੱਚੜ-ਬੱਧ ਦੀ ਕਾਰਵਾਈ
ਏਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਗੁਲਾਬ ਸਿੰਘ ਚੂਹੜ-ਚੱਕ ਨੇ ਆ ਕੇ ਬੁੱਚੜ-ਬੱਧ ਦੀ ਯੋਜਨਾ ਨੂੰ ਮੂਰਤ ਰੂਪ ਦਿੱਤਾ ਅਤੇ ਝੂਠ ਹੀ ਆਖਿਆ ਕਿ ਗੁਰੂ ਜੀ ਵੀ ਇਹੀ ਚਾਹੁੰਦੇ ਹਨ ਕਿ ਕਸਾਈਆਂ ਵਿਰੁੱਧ ਕਾਰਵਾਈ ਹੋਵੇ। ਬੀਹਲਾ ਸਿੰਘ ਨਾਰਲੀ ਨੂੰ ਅਤੇ ਲਹਿਣਾ ਸਿੰਘ, ਲਛਮਣ ਸਿੰਘ ਅਤੇ ਇੱਕ ਦੋ ਹੋਰ ਸਿੰਘਾਂ ਨੂੰ ਬੁੱਚੜ-ਬੱਧ ਦੀ ਕਾਰਵਾਈ ਲਈ ਹੱਲਾਸ਼ੇਰੀ ਦੇਣ ਵਾਲਾ ਗੁਲਾਬ ਸਿੰਘ ਹੀ ਸੀ। ਲੋਪੋਕੀ ਦੇ ਸਿੰਘ ਸਤਿਗੁਰੂ ਜੀ ਪਾਸ ਆਗਿਆ ਨਾ ਮਿਲਣ ਕਰਕੇ ਢਿੱਲੇ ਪਏ ਹੋਏ ਸਨ, ਪਰ ਗੁਲਾਬ ਸਿੰਘ ਦੇ ਆਉਂਦਿਆਂ ਹੀ ਬੁੱਚੜਾਂ ਵਿਰੁੱਧ ਕਾਰਵਾਈ ਦੇ ਯਤਨ ਤੇਜ਼ ਹੋ ਗਏ।
ਫਤਿਹ ਸਿੰਘ ਭਾਟੜਾ ਦੀ ਦੁਕਾਨ ਰਾਮ ਬਾਗ਼ ਗੇਟ ਦੇ ਅੰਦਰਲੇ ਪਾਸੇ ਸੀ ਅਤੇ ਉਸ ਦੇ ਨੇੜੇ ਹੀ ਕਚਹਿਰੀ ਅਤੇ ਜੇਲ੍ਹ ਸੀ। ਲਹਿਣਾ ਸਿੰਘ ਪੰਨਵਾਂ ਕਚਹਿਰੀ ਵਿੱਚ ਤਰਖਾਣਾ ਕੰਮ ਕਰਿਆ ਕਰਦਾ ਸੀ ਅਤੇ ਸਮੇਂ-ਸਮੇਂ ਫਤਹਿ ਸਿੰਘ ਦੀ ਦੁਕਾਨ ਤੇ, ਜੋ ਕਿ ਨੇੜੇ ਹੀ ਸੀ, ਆ ਜਾਇਆ ਕਰਦਾ ਸੀ। ਇਸ ਤਰ੍ਹਾਂ ਫਤਹਿ ਸਿੰਘ ਦੀ ਦੁਕਾਨ ਇਹਨਾਂ ਸਾਰੇ ਸਿੰਘਾਂ ਦੇ ਮਿਲਣ ਦੀ ਥਾਂ ਬਣੀ ਹੋਈ ਸੀ। ਦੀਨਗੜ੍ਹ ਬੁੱਚੜਖਾਨੇ ਉੱਤੇ 14 ਜੂਨ ਦੀ ਅੱਧੀ ਰਾਤ ਨੂੰ ਕੀਤੇ ਗਏ ਹਮਲੇ ਤੋਂ ਪਹਿਲਾਂ ਤਿੰਨ ਵਾਰੀ ਅਸਫ਼ਲ ਹਮਲੇ ਕਰਨ ਦੇ ਸਮੇਂ ਫਤਹਿ ਸਿੰਘ ਦੀ ਦੁਕਾਨ 'ਤੇ ਹੀ ਵਿਚਾਰਾਂ ਕੀਤੀਆਂ ਜਾਂਦੀਆਂ ਸਨ ਅਤੇ ਕਈ ਸਿੰਘ ਇੱਥੋਂ ਹੀ ਕਾਰਵਾਈ ਲਈ ਤੁਰਦੇ ਹੁੰਦੇ ਸਨ। ਇਸ ਤਰ੍ਹਾਂ ਅੰਮ੍ਰਿਤਸਰ ਬੁੱਚੜਬੱਧ ਕੇਸ ਵਿੱਚ ਫਤਹਿ ਸਿੰਘ ਭਾਟੜੇ ਦੀ ਦੁਕਾਨ ਇੱਕ ਮਹੱਤਵਪੂਰਨ ਥਾਂ ਬਣੀ ਹੋਈ ਸੀ ਮਿਲਨ ਦੀ।
ਬੁੱਚੜਖਾਨੇ ਦੇ ਬਾਹਰ ਪੁਲਿਸ ਗਾਰਦ
14 ਜੂਨ 1871 ਈ. ਦੀ ਰਾਤ ਨੂੰ ਦੀਨਗੜ੍ਹ ਵਿਖੇ ਬੁੱਚੜਖਾਨੇ 'ਤੇ ਕਾਰਵਾਈ ਤੋਂ ਪਹਿਲੇ ਤਿੰਨ ਯਤਨ ਕਿਸੇ ਨਾ ਕਿਸੇ ਕਾਰਨ ਸਫ਼ਲ ਨਹੀਂ ਹੋ ਸਕੇ ਸਨ। ਕਦੇ ਇਕੱਠੇ ਹੋਣ ਵਾਲੀਆਂ ਥਾਵਾਂ ਤੇ ਸਾਰੇ ਜਣੇ ਸਮੇਂ-ਸਿਰ ਇਕੱਠੇ ਨਾ ਹੋ ਸਕੇ, ਕਦੇ ਸ਼ਹਿਰ ਤੋਂ ਬਾਹਰ ਨਿਕਲਣ ਵਿੱਚ ਰੁਕਾਵਟ ਪੈ ਗਈ, ਕਦੇ ਮੀਂਹ ਨੇ ਦੇਰ ਕਰਵਾ ਦਿੱਤੀ ਆਦਿ। ਹਰ ਵਾਰੀ ਕਾਰਵਾਈ ਕਰਨ ਵਾਲੇ ਮੁਖੀ ਤਾਂ ਉਹੀ ਰਹੇ, ਜਿਵੇਂ ਕਿ ਮਿਹਰ ਸਿੰਘ, ਝੰਡਾ ਸਿੰਘ, ਗੁਲਾਬ ਸਿੰਘ, ਫਤਿਹ ਸਿੰਘ ਆਦਿ ਪਰ ਕਈ ਸਹਾਇਕ ਅਦਲ-ਬਦਲ ਹੁੰਦੇ ਰਹੇ। 31 ਮਈ ਤੱਕ ਬੁੱਚੜਖਾਨੇ ਦੇ ਬਾਹਰ ਪੁਲਿਸ ਗਾਰਦ ਬੈਠੀ ਰਹੀ ਸੀ। ਜ਼ਾਹਰ ਹੈ ਕਿ ਕਸਾਈਆਂ ਵਿਰੁੱਧ ਪਹਿਲੀ ਕਾਰਵਾਈ ਦਾ ਯਤਨ ਇਕ ਜਾਂ ਦੋ ਜੂਨ ਨੂੰ ਹੀ ਹੋਇਆ ਸੀ। ਸਿਪਾਹੀ ਲਾਲ ਸਿੰਘ, ਜਿਸ ਨੇ ਤਲਵਾਰਾਂ ਲਿਆਉਣੀਆਂ ਸਨ, ਦੀ ਡਿਉਟੀ ਰਾਤ ਦੇ 11 ਵਜੇ ਤੱਕ ਸੀ ਅਤੇ ਉਸ ਨੇ ਡਿਊਟੀ ਤੋਂ ਬਾਅਦ ਹੀ ਹਥਿਆਰ ਲੈ ਕੇ ਆਉਣੇ ਸਨ। ਡਿਉਟੀ ਖ਼ਤਮ ਕਰਕੇ ਉਹ ਅਤੇ ਫਤਹਿ ਸਿੰਘ ਅੱਠ ਤਲਵਾਰਾਂ ਲੈ ਕੇ ਆ ਗਏ। ਪਹਿਲੇ ਵਾਰੀ ਹਮਲੇ ਦੇ ਯਤਨ ਵਿੱਚ 12 ਕੂਕੇ ਸਿੰਘ ਸ਼ਾਮਿਲ ਸਨ, ਜਿਨ੍ਹਾਂ ਵਿੱਚ ਲਾਹੌਰ ਤੋਂ ਰਾਜਾ ਸਿੰਘ ਤਰਾਂਡੀ ਅਤੇ ਦੋ ਕੁ ਹੋਰ ਸਿੰਘ ਵੀ ਸਨ। ਸਾਰਿਆਂ ਦੇ ਇਕੱਠੇ ਹੋਣ ਦੀ ਥਾਂ ਗੁਲਾਬ ਰਾਏ ਦੇ ਬਾਗ਼ (ਅੱਜ ਕੱਲ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਾ ਇਲਾਕਾ) ਦੇ ‘ਅਨੰਦ ਕੋਟ’ ਵਿਖੇ ਖੂਹ ਉਤੇ ਇਕੱਠਿਆਂ ਹੋਣਾ ਨਿਯਤ ਹੋਇਆ। ਇਹ ਖੂਹ ਰਾਮ ਤੀਰਥ ਰੋਡ ਅਤੇ ਲਾਹੌਰ ਜਾਂਦੀ ਸੜਕ ਦੇ ਚੌਂਕ ’ਤੇ ਸੀ ਅਤੇ ਨੇੜੇ ਹੀ ਅੰਮ੍ਰਿਤਸਰ ਛਾਉਣੀ ਇਲਾਕੇ 'ਚੋਂ ਆਉਂਦੀ ਸੜਕ, ਜਿਸਨੂੰ ਅੱਜ-ਕੱਲ੍ਹ ਸਦਰ ਥਾਣਾ ਰੋਡ ਆਖਦੇ ਹਨ ਅਤੇ ਇਹ ਸੜਕ ਅੱਗੇ ਚੱਲ ਕੇ ਰਾਣੀ ਦੇ ਬਾਗ਼ ਇਲਾਕੇ ਨੂੰ ਜਾਂਦੀ ਹੈ, ਉਸ ਜਰਨੈਲੀ ਸੜਕ ਉਤੇ ਦੋ ਪਿੱਲਰ ਲਗਪਗ 60 ਫੁੱਟ ਦੀ ਵਿੱਥ ਤੇ ਬਣੇ ਹੋਏ ਹਨ ਅਤੇ ਇਹ ਪਿੱਲਰ ਅੱਜ ਵੀ ਮੌਜੂਦ ਹਨ। ਇਹ ਦੋ ਪਿੱਲਰ ਛਾਵਣੀ ਇਲਾਕੇ ਦੀ ਹੱਦ ਦਰਸਾਉਂਦੇ ਹਨ।
ਕਿਲ੍ਹੇ ਵੱਲ ਨੂੰ ਵੀਰਾਨ ਸੜਕ
ਉਸ ਸਮੇਂ ਇਹ ਸੜਕ ਛਾਵਣੀ ਇਲਾਕੇ ਤੋਂ ਕਿਲ੍ਹਾ ਗੋਬਿੰਦਗੜ੍ਹ ਜਾਂਦੀ ਸੀ ਅਤੇ ਇਸ ਨੂੰ ਕਿਲ੍ਹਾ ਰੋਡ ਆਖਦੇ ਸਨ। ਅੱਜ-ਕੱਲ੍ਹ ਇਹ ਸੜਕ ਦੋ ਪਿੱਲਰਾਂ ਤੋਂ ਅੱਗੇ ਰੇਲਵੇ ਲਾਈਨ ਵੱਲ ਨੂੰ ਵੀਰਾਨ ਹੈ। ਸਾਰਿਆਂ ਸਿੰਘਾਂ ਨੂੰ ਇਹਨਾਂ ਦੋਹਾਂ ਪਿੱਲਰਾਂ ਦੀ ਨਿਸ਼ਾਨੀ ਦੱਸ ਕੇ ਰਾਮ ਤੀਰਥ ਰੋਡ ਦੇ ਸ਼ੁਰੂ ਵਿੱਚ ਖੂਹ ’ਤੇ ਇਕੱਠੇ ਹੋਣ ਦੀ ਤਾਕੀਦ ਕੀਤੀ ਗਈ ਸੀ, ਜਿੱਥੋਂ ਅੱਗੇ ਸਭ ਨੇ ਇਕੱਠੇ ਹੋ ਕੇ ਜਾਣਾ ਸੀ। ਇਹ ਥਾਂ ਛਾਵਣੀ ਇਲਾਕੇ ਦੇ ਨਾਲ ਲੱਗਦੇ ‘ਗੁਲਾਬ ਰਾਏ ਦੇ ਬਾਗ਼’ ਦੇ ਨੇੜੇ ਸੀ। ਇਹ ਪਾਸਾ ਉਜਾੜ ਸੀ। ਵੀਰਾਨ ਇਲਾਕੇ ਵਿੱਚ ਕਈ ਥਾਈਂ ਮੁਸਲਮਾਨਾਂ ਫ਼ਕੀਰਾਂ ਦੇ ‘ਤਕੀਏ’ ਸਨ ਅਤੇ ਕੁਝ ਭੱਠੇ ਵੀ ਸਨ। ਮਸ਼ਹੂਰ ਭੱਠਾ ਸੀ ਸ਼ਾਹ ਮੁਹੰਮਦ ਦਾ ਆਵਾ, ਜੋ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਸੀ ਅਤੇ ਸਭ ਨੂੰ ਅੰਤਿਮ ਰੂਪ ਵਿੱਚ ਇਸ ਭੱਠੇ 'ਤੇ ਇਕੱਠੇ ਹੋ ਕੇ ਅੱਗੇ ਦੀ ਕਾਰਵਾਈ ਲਈ ਦੱਸ ਦਿੱਤਾ ਗਿਆ ਸੀ। ਲੋੜ ਪੈਣ ’ਤੇ ਨੇੜੇ ਹੀ ‘ਤਪਾ ਬਨ’ ਘਣੇ ਬੂਟਿਆਂ ਵਾਲੀ ਥਾਂ ਵਿਖੇ ਇੱਕ ਖੂਹ ਵੀ ਸੀ। ਗਰਮੀ ਹੋਣ ਕਰਕੇ ਉੱਥੇ ਰੁਕਿਆ ਅਤੇ ਜਲ ਲਿਆ ਜਾ ਸਕਦਾ ਸੀ। ਅੰਤਿਮ ਹਮਲੇ ਸਮੇਂ ਸਿੰਘ ਇੱਥੇ ਰੁਕੇ ਵੀ ਸਨ ਅਤੇ ਕਈਆਂ ਇਸ਼ਨਾਨ ਵੀ ਕੀਤਾ ਸੀ ਗਰਮੀ ਕਰਕੇ।
ਪਹਿਲੇ ਯਤਨ ਸਮੇਂ ਸਾਰੇ ਸਿੰਘ ਮਿਥੀ ਹੋਈ ਥਾਂ ’ਤੇ ਸਮੇਂ ਸਿਰ ਇਕੱਠੇ ਨਾ ਹੋ ਸਕੇ। ਲਾਹੌਰੋਂ ਆਉਣ ਵਾਲੇ ਅਤੇ ਸ਼ਹਿਰ ਤੋਂ ਆਉਣ ਵਾਲੇ ਨਾਮਧਾਰੀ ਸਿੰਘ ਅੱਗੜ-ਪਿੱਛੜ ਹੋ ਗਏ ਅਤੇ ਜਦੋਂ ਸਾਰੇ ਮੁਹੰਮਦ ਸ਼ਾਹ ਦੇ ਆਵੇ 'ਤੇ ਇਕੱਠੇ ਹੋ ਗਏ, ਉਸ ਸਮੇਂ ਤੱਕ ਲੋਅ ਲੱਗ ਚੁੱਕੀ ਸੀ ਅਤੇ ਚੰਦਰਮਾ ਆਪਣੀ ਪੂਰੀ ਰੌਸ਼ਨੀ ਦੇ ਰਿਹਾ ਸੀ। ਫ਼ੈਸਲਾ ਕੀਤਾ ਗਿਆ ਕਿ ਅਗਲੀ ਕਾਰਵਾਈ ਹਨ੍ਹੇਰੀ ਰਾਤ ਦੇ ਆਉਣ ਤੱਕ ਅੱਗੇ ਪਾ ਦਿੱਤੀ ਜਾਵੇ। ਲਾਹੌਰ ਵਾਲੇ ਨਾਮਧਾਰੀ ਸਿੰਘ ਲਾਹੌਰ ਚਲੇ ਗਏ। ਅੰਮ੍ਰਿਤਸਰ ਵਾਲੇ ਅਤੇ ਗੁਲਾਬ ਸਿੰਘ ਆਪੋ ਆਪਣੇ ਘਰਾਂ ਨੂੰ ਚਲੇ ਗਏ। ਇਸ ਤਰ੍ਹਾਂ ਪਹਿਲੀ ਕਾਰਵਾਈ ਦਾ ਯਤਨ ਪੂਰਾ ਨਾ ਹੋ ਸਕਿਆ। ਇਸ ਕਾਰਵਾਈ ਵਿੱਚ ਮਿਹਰ ਸਿੰਘ, ਝੰਡਾ ਸਿੰਘ, ਫਤਿਹ ਸਿੰਘ, ਲਾਲ ਸਿੰਘ, ਲਛਮਣ ਸਿੰਘ, ਗੁਲਾਬ ਸਿੰਘ, ਜਵਾਹਰ ਸਿੰਘ, ਲਹਿਣਾ ਸਿੰਘ, ਬਸਾਵਾ ਸਿੰਘ, ਰਾਜਾ ਸਿੰਘ ਤਰਾਂਡੀ, ਸ਼ਾਮ ਸਿੰਘ ਅਤੇ ਮੱਲ ਸਿੰਘ ਸ਼ਾਮਲ ਸਨ। ਲਾਲ ਸਿੰਘ, ਸਿਪਾਹੀ ਤਲਵਾਰਾਂ ਵਾਪਸ ਬੈਰਕ ਵਿੱਚ ਲੈ ਗਿਆ। ਅਗਲੇ ਦਿਨ ਉਸ ਜੇਲ੍ਹ ਵਿੱਚ ਇੱਕ ਕੈਦੀ ਨੂੰ ਫ਼ਾਂਸੀ ਹੋਣੀ ਸੀ। ਜਦ ਸਿਪਾਹੀਆਂ ਨੇ ਦੇਖਿਆ ਕਿ ਉਹਨਾਂ ਦੀਆਂ ਤਲਵਾਰਾਂ ਅੱਗੇ ਪਿੱਛੇ ਟੰਗੀਆ ਹੋਈਆਂ ਸਨ, ਉਸ ਥਾਂ ਨਹੀਂ ਸਨ ਜਿੱਥੇ ਉਹਨਾਂ ਨੇ ਰੱਖੀਆਂ ਸਨ, ਤਾਂ ਥੋੜ੍ਹੀ ਜਿਹੀ ਸੁਗਬੁਗਾਹਟ ਤਾਂ ਹੋਈ ਪਰ ਬਾਅਦ ਵਿਚ ਗੱਲ ਖ਼ਤਮ ਹੋ ਗਈ।
ਹਮਲੇ ਦਾ ਦੂਸਰਾ ਯਤਨ
ਦੂਸਰਾ ਯਤਨ 11 ਜੂਨ ਐਤਵਾਰ ਨੂੰ ਕੀਤਾ ਗਿਆ। ਇਸ ਵਾਰੀ ਵਿਚਾਰਿਆ ਗਿਆ ਕਿ ਕਾਰਜ ਤੇ ਜਾਣ ਤੋਂ ਪਹਿਲਾਂ ਹਵਨ ਕੀਤਾ ਜਾਵੇ। ਮਿਸਤਰੀ ਲਹਿਣਾ ਸਿੰਘ ਦੇ ਘਰ ਹਵਨ ਕੀਤਾ ਗਿਆ ਅਤੇ ਉਸ ਸਮੇਂ ਉੱਥੇ ਲਹਿਣਾ ਸਿੰਘ ਤੋਂ ਇਲਾਵਾ ਗੁਲਾਬ ਸਿੰਘ, ਬੀਹਲਾ ਸਿੰਘ, ਫਤਹਿ ਸਿੰਘ, ਹਾਕਮ ਸਿੰਘ ਪਟਵਾਰੀ, ਮਿਹਰ ਸਿੰਘ, ਝੰਡਾ ਸਿੰਘ, ਲਛਮਣ ਸਿੰਘ, ਭਗਵਾਨ ਸਿੰਘ ਅਤੇ ਇੱਕ ਦੋ ਹੋਰ ਸਿੰਘ ਸਨ। ਕੁਛ ਸਿੰਘਾਂ ਨੂੰ ਸਿੱਧੇ ਹੀ ਰਾਮ ਤੀਰਥ ਰੋਡ ਵਾਲੇ ਖੂਹ ’ਤੇ ਪੁੱਜਣ ਨੂੰ ਕਿਹਾ ਗਿਆ ਸੀ। ਹਵਨ ਦੀ ਗੱਲ ਸ਼ਹਿਰ ਸੂਬੇ ਰੂੜ ਸਿੰਘ ਨੂੰ ਵੀ ਨਹੀਂ ਸੀ ਦੱਸੀ ਗਈ, ਜੋ ਸੂਬਾ ਸਾਹਿਬ ਸਿੰਘ ਦਾ ਵੱਡਾ ਭਰਾ ਸੀ। ਹਵਨ ਤੋਂ ਬਾਅਦ ਜਦੋਂ ਸੂਬਾ ਰੂੜ ਸਿੰਘ ਉੱਥੇ ਪੁੱਜਾ, ਉਸ ਦੇ ਪੁੱਛਣ 'ਤੇ ਵੀ ਉਸ ਨੂੰ ਅਸਲ ਮਨੋਰਥ ਬਾਰੇ ਕੁਝ ਨਹੀਂ ਦੱਸਿਆ ਗਿਆ। ਰਾਤ ਨੂੰ ਸਿੰਘਾਂ ਨੇ ਦੋ-ਦੋ ਅਤੇ ਤਿੰਨ-ਤਿੰਨ ਦੇ ਜੱਥਿਆਂ ਵਿੱਚ ਸੁਲਤਾਨਵਿੰਡ ਦਰਵਾਜ਼ੇ ਵੱਲੋਂ ਦੀ ਨਿਲਕਣਾ ਸੀ। ਲਛਮਣ ਸਿੰਘ ਅਤੇ ਫਤਹਿ ਸਿੰਘ ਤਾਂ ਬਾਹਰ ਨਿਕਲ ਗਏ, ਬਾਕੀ ਦਿਆਂ ਦੇ ਨਿਕਲਣ ਤੋਂ ਪਹਿਲਾਂ ਹੀ ਸ਼ਹਿਰ ਦੀ ਤੋਪ ਦੱਗ ਗਈ। ਤੋਪ ਚੱਲਣ ਤੋਂ ਬਾਅਦ ਸ਼ਹਿਰ ਦੇ ਕਿਸੇ ਵੀ ਗੇਟ ਥਾਈਂ ਨਾ ਤਾਂ ਕੋਈ ਬਾਹਰ ਜਾ ਸਕਦਾ ਸੀ ਅਤੇ ਨਾ ਹੀ ਅੰਦਰ ਆ ਸਕਦਾ ਸੀ ਰਾਤ ਨੂੰ। ਭੱਠੇ ਉੱਤੇ ਕੁਝ ਸਿੰਘ ਇਕੱਠੇ ਹੋ ਗਏ। ਲਹਿਣਾ ਸਿੰਘ ਕੋਲ ਗੰਡਾਸਾ (ਟਕੂਆ) ਸੀ ਅਤੇ ਝੰਡਾ ਸਿੰਘ ਅਤੇ ਜਮੀਅਤ ਸਿੰਘ ਤਿੰਨ ਤਲਵਾਰਾਂ ਲੈ ਆਏ। ਸਾਰਿਆਂ ਸਿੰਘਾਂ ਦੇ ਭੱਠੇ ਵਾਲੀ ਥਾਂ ਤੇ ਇਕੱਠੇ ਨਾ ਹੋ ਸਕਣ ਕਰਕੇ ਕਾਰਜ ਸਿਰੇ ਨਾ ਚੜ੍ਹਿਆ ਅਤੇ ਹਥਿਆਰ ਉੱਥੇ ਹੀ ਭੱਠੇ ਵਿੱਚ ਦੱਬ ਦਿੱਤੇ ਗਏ। ਹਾਕਮ ਸਿੰਘ ਅਤੇ ਜਮੀਅਤ ਸਿੰਘ ਆਪਣੇ ਪਿੰਡਾਂ ਨੂੰ ਚਲੇ ਗਏ ਅਤੇ ਫਤਹਿ ਸਿੰਘ, ਮਿਹਰ ਸਿੰਘ ਅਤੇ ਕੁਝ ਹੋਰ ਸਿੰਘ ਜੋ ਰਹਿ ਗਏ ਸਨ ਲਹਿਣਾ ਸਿੰਘ ਦੇ ਘਰ ਚਲੇ ਗਏ ਆਰਾਮ ਕਰਨ ਨੂੰ। ਇਸ ਤਰ੍ਹਾਂ ਦੂਸਰਾ ਯਤਨ ਵੀ ਅਗਲੇ ਦਿਨ ਤੇ ਪਾਉਣਾ ਪੈ ਗਿਆ।
ਤੀਸਰਾ ਯਤਨ
ਤੀਸਰਾ ਯਤਨ 13 ਜੂਨ ਦੀ ਰਾਤ ਦਾ ਸੀ। ਇਸ ਵਾਰੀ ਵੀ ਸਭ ਦੇ ਇਕੱਠੇ ਹੋਣ ਦੀ ਥਾਂ ਰਾਮ ਤੀਰਥ ਰੋਡ ਦਾ ਖੂਹ ਹੀ ਸੀ। ਨਾਮਧਾਰੀ ਸਿੰਘ ਦੋ-ਦੋ, ਚਾਰ-ਚਾਰ ਦੀ ਗਿਣਤੀ ਵਿੱਚ ਸ਼ਾਹ ਮੁਹੰਮਦ ਦੇ ਆਵੇ ਤੇ ਪੁੱਜ ਗਏ ਅਤੇ ਪਿਛਲੀ ਰਾਤ ਉੱਥੇ ਦਬਾਏ ਹੋਏ ਹਥਿਆਰ ਵੀ ਕੱਢ ਲਏ। ਅੱਜ ਮੌਸਮ ਖ਼ਰਾਬ ਹੋ ਗਿਆ ਸੀ। ਪਹਿਲੋਂ ਜ਼ੋਰਦਾਰ ਹਨੇਰੀ ਆਈ ਅਤੇ ਫੇਰ ਮੂਸਲਾਧਾਰ ਬਾਰਸ਼ ਹੋਣ ਲੱਗ ਪਈ। ਇਕੱਠੇ ਹੋਏ ਸਿੰਘਾਂ ਨੇ ਨੇੜੇ ਹੀ ਤਪਾਬਨ ਵਿੱਚ ਆਸਰਾ ਲਿਆ ਅਤੇ ਮੀਂਹ ਰੁਕਣ ਦੀ ਉਡੀਕ ਕਰਨ ਲੱਗ ਪਏ, ਪਰ ਮੀਂਹ ਲਗਾਤਾਰ ਪੈ ਰਿਹਾ ਸੀ। ਜਦੋਂ ਸਮਾਂ ਜ਼ਿਆਦਾ ਹੋ ਗਿਆ ਅਤੇ ਸਵੇਰ ਨੇੜੇ ਆ ਗਈ ਤਾਂ ਕਸਾਈਆਂ ਵਿਰੁੱਧ ਕਾਰਵਾਈ ਨੂੰ ਮਜ਼ਬੂਰਨ ਅਗਲੇ ਦਿਨ 'ਤੇ ਪਾਉਣਾ ਪਿਆ। ਇਹ ਨਿਸ਼ਚਿਤ ਕੀਤਾ ਗਿਆ ਕਿ ਸਾਰੇ ਸਿੰਘ ਆਉਂਦੀ ਰਾਤ ਨੂੰ ਸਿੱਧੇ ਹੀ ਭੱਠੇ 'ਤੇ ਆ ਕੇ ਇਕੱਠੇ ਹੋਣ। ਸਭਨਾਂ ਨੇ ਹਥਿਆਰ ਇਸ ਭੱਠੇ ਵਿੱਚ ਹੀ ਲੁਕਾ ਦਿੱਤੇ- ਸਿਵਾਏ ਚਤਰ ਸਿੰਘ, ਸੁਬੇਗ ਸਿੰਘ ਅਤੇ ਖੁਸ਼ਹਾਲ ਸਿੰਘ ਦੇ। ਇਹ ਤਿੰਨੋਂ ਸਿੰਘ ਆਪਣੇ ਹਥਿਆਰ ਲੈ ਕੇ ਵਾਪਸ ਚਲੇ ਗਏ ਅਤੇ ਅਗਲੀ ਰਾਤ ਦੀ ਬੁੱਚੜਾਂ ਵਿੱਰੁਧ ਕਾਰਵਾਈ ਵਿੱਚ ਨਹੀਂ ਆਏ। ਇਸ ਸਮੇਂ ਉੱਥੇ ਲਛਮਣ ਸਿੰਘ, ਫਤਹਿ ਸਿੰਘ, ਖੁਸ਼ਹਾਲ ਸਿੰਘ, ਸੁਬੇਗ ਸਿੰਘ, ਚਤਰ ਸਿੰਘ, ਭਗਵਾਨ ਸਿੰਘ, ਜਮੀਅਤ ਸਿੰਘ, ਲਹਿਣਾ ਸਿੰਘ ਤਰਖਾਣ, ਗੁਲਾਬ ਸਿੰਘ, ਬੀਲ੍ਹਾ ਸਿੰਘ, ਬਘੇਲ ਸਿੰਘ, ਝੰਡਾ ਸਿੰਘ, ਮਿਹਰ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ (ਜੱਟ) ਸਨ। ਜੋ ਤਿੰਨ ਤਲਵਾਰਾਂ ਅਤੇ ਗੰਡਾਸੇ ਲੈ ਕੇ ਆਏ ਸਨ, ਇਹ ਹਥਿਆਰ ਵੀ ਭੱਠੇ ਵਿੱਚ ਲੁਕਾ ਦਿੱਤੇ ਅਤੇ ਕੁਝ ਸਿੰਘ ਆਪੋ ਆਪਣੇ ਘਰਾਂ ਨੂੰ ਚਲੇ ਗਏ। ਕੁਝ ਨਾਮਧਾਰੀ ਸਿੰਘਾਂ ਦੁਰਗਿਆਣਾ ਮੰਦਰ ਦੇ ਤਲਾਅ ਵਿੱਚ ਇਸ਼ਨਾਨ ਕਰਕੇ ਸ਼ਹਿਰ ਵਿੱਚ ਨਾਰਲੀ ਬੁੰਗੇ ਜਾ ਅਰਾਮ ਕੀਤਾ।
ਚੌਥੀ ਅਤੇ ਸਫ਼ਲ ਕਾਰਵਾਈ
ਲਗਾਤਾਰ ਤਿੰਨ ਵਾਰੀ ਵਿਘਨ ਪੈਂਦੇ ਰਹਿਣ ਕਰਕੇ ਮੁਖੀ ਨਾਮਧਾਰੀ ਸਿੰਘਾਂ ਨੇ 14 ਜੂਨ ਦੀ ਰਾਤ ਨੂੰ ਕਾਰਵਾਈ ਹਰ ਹਾਲਤ ਵਿੱਚ ਸਿਰੇ ਚਾੜ੍ਹਣ ਦਾ ਫੈਂਸਲਾ ਕਰ ਲਿਆ ਅਤੇ ਦੋ-ਦੋ, ਤਿੰਨ-ਤਿੰਨ ਦੇ ਜੱਥਿਆਂ ਵਿੱਚ ਸ਼ਾਮ ਨੂੰ ਹੀ ਰਾਮਬਾਗ਼ ਗੇਟ ਵੱਲੋਂ ਦੀ ਸ਼ਹਿਰ ਦੀ ਫ਼ਸੀਲ ਤੋਂ ਬਾਹਰ ਨਿਕਲ ਗਏ। ਬਾਕੀ ਦੇ ਸਿੰਘ ਕੈਂਟੋਨਮੈਂਟ ਪਿੱਲਰ ਦੇ ਕੋਲੋਂ ਦੀ ਹੁੰਦੇ ਹੋਏ, ਪਹਿਲਾਂ ਰਾਮ ਤੀਰਥ ਰੋਡ ਉੱਤੇ 'ਅਨੰਦ ਦਾ ਕੋਟ' ਖੂਹ 'ਤੇ ਇਕੱਠੇ ਹੋਏ ਅਤੇ ਉੱਥੋਂ ਆਵੇ ਦੇ ਨੇੜੇ ਤਪਾ ਬਨ ਆ ਗਏ। ਗੁਲਾਬ ਸਿੰਘ ਅਤੇ ਲਛਮਣ ਸਿੰਘ ਲਾਹੌਰੀ ਗੇਟ ਵੱਲ ਦੀ ਹੁੰਦੇ ਹੋਏ ਬੁੱਚੜਖਾਨੇ ਦੀ ਨਜ਼ਰਸਾਨੀ ਕਰਦੇ ਹੋਏ ਦੂਸਰੇ ਜੱਥੇ ਨੂੰ ਭੱਠੇ 'ਤੇ ਆ ਮਿਲੇ। ਗਰਮੀ ਬਹੁਤ ਸੀ, ਸਿੰਘਾਂ ਨੇ ਤਪਾ-ਬਨ ਵਿਖੇ ਖੂਹ 'ਤੇ ਇਸ਼ਨਾਨ ਕੀਤਾ। ਸਭ ਨੇ ਕੱਪੜੇ ਲਾਹ ਕੇ ਅਲੱਗ-ਅਲੱਗ ਥਾਵਾਂ ’ਤੇ ਲੁਕਾਅ ਦਿੱਤੇ। ਫਿਰ ਸਭ ਭੱਠੇ ਵਾਲੀ ਥਾਂ ਆ ਗਏ, ਜੋ ਰੇਲਵੇ ਲਾਈਨ ਦੇ ਬਿਲਕੁਲ ਨੇੜੇ ਸੀ। ਵਿੱਚੋਂ ਇੱਕ-ਦੋ ਨੇ ਸਲਾਹ ਦਿੱਤੀ ਕਿ ਕਿਉਂ ਨਾ ਛਾਵਣੀ ਇਲਾਕੇ ਦੇ ਬੁੱਚੜਖਾਨੇ ਉੱਤੇ ਹੀ ਕਾਰਵਾਈ ਕੀਤੀ ਜਾਵੇ, ਪਰ ਭਗਵਾਨ ਸਿੰਘ ਮਰਾਣਾ ਨੇ ਦੱਸਿਆ ਕਿ ਉੱਥੇ ਬੁੱਚੜਖਾਨੇ ਦੇ ਨਾਲ ਅਹੀਰਾਂ ਦੇ ਬਹੁਤ ਸਾਰੇ ਘਰ ਹੋਣ ਕਰਕੇ ਹਮਲਾ ਕਰਨਾ ਸੌਖਾ ਨਹੀਂ ਹੋਵੇਗਾ। ਇਸ ਲਈ ਦੀਨਗੜ੍ਹ ਵਾਲੇ ਕਸਾਈਆਂ ਵਿਰੁੱਧ ਹੀ ਕਾਰਵਾਈ ਕਰਨ ਲਈ ਨਾਮਧਾਰੀ ਸਿੰਘਾਂ ਨੇ ਤਿਆਰੇ ਕਰ ਲਏ। ਅੱਧੀ ਰਾਤ ਹੋਣ ਤੱਕ ਸਾਰੇ ਦਸੇ ਸਿੰਘ ਠੀਕ ਸਮੇਂ ਦੀ ਉਡੀਕ ਕਰਦੇ ਰਹੇ ਜਦੋਂ ਤੱਕ ਲਾਹੌਰ ਤੋਂ ਰੇਲ ਗੱਡੀ ਨਹੀਂ ਆ ਗਈ। ਇਹ ਸਮਾਂ ਬਾਰਾਂ ਵਜੇ ਦਾ ਸੀ। ਸਭ ਨੇ ਭੱਠੇ ਵਿੱਚ ਲੁਕੋਏ ਹੋਏ ਆਪਣੇ ਹਥਿਆਰ ਕੱਢੇ ਤੇ ਬੁੱਚੜਖਾਨੇ ਨੂੰ ਤੁਰ ਪਏ। ਉੱਥੇ ਪਹੁੰਚ ਕੇ ਸਿੰਘਾਂ ਦੇਖਿਆ ਕਿ ਬਾਹਰ ਚਬੂਤਰੇ ਉੱਤੇ ਲੰਮੇ ਪਏ ਕਸਾਈਆਂ 'ਚੋਂ ਕਈ ਅਜੇ ਵੀ ਜਾਗ ਰਹੇ ਸਨ। ਇਸ ਤੋਂ ਪਹਿਲਾਂ ਕਿ ਸਿੰਘ ਕੁਝ ਸੋਚਦੇ, ਕੁੱਤੇ ਭੌਂਕ ਪਏ। ਬਸ ਫੇਰ ਕੀ ਸੀ, ਹੁਣ ਸੋਚਣ ਜਾਂ ਸਮਾਂ ਗਵਾਉਣ ਦਾ ਵੇਲਾ ਨਹੀਂ ਸੀ। ਸਿੰਘ ਕਸਾਈਆਂ ਉੱਤੇ ਟੁੱਟ ਪਏ ਅਤੇ ਵੱਢ-ਟੁੱਕ ਕਰਕੇ ਆਪਣੇ ਰਸਤੇ ਪਏ। ਇਸ ਹਮਲੇ ਵਿੱਚ ਸ਼ਾਮਲ ਦਸ ਨਾਮਧਾਰੀ ਸਿੰਘ ਸਨ- ਮਿਹਰ ਸਿੰਘ, ਝੰਡਾ ਸਿੰਘ, ਗੁਲਾਬ ਸਿੰਘ, ਫ਼ਤਹਿ ਸਿੰਘ, ਬੀਹਲਾ ਸਿੰਘ, ਲਹਿਣਾ ਸਿੰਘ ਤਰਖਾਣ, ਭਗਵਾਨ ਸਿੰਘ, ਲਛਮਣ ਸਿੰਘ ਅਤੇ ਲਹਿਣਾ ਸਿੰਘ ਲੋਪੋਕੀ।
ਤਫ਼ਤੀਸ਼ ਸ਼ੁਰੂ
ਰਾਤ ਹਨੇਰੀ ਹੋਣ ਕਰਕੇ ਪਤਾ ਨਹੀਂ ਸੀ ਲੱਗਿਆ ਕਿ ਹਥਿਆਰਬੰਦ ਹਮਲਾ ਕਿਨ੍ਹਾਂ ਨੇ ਕੀਤਾ ਸੀ ਅਤੇ ਕਿਉਂ ਕੀਤਾ ਸੀ। ਸਵੇਰੇ ਮੌਕੇ ਤੇ ਨੀਲੀ ਦਸਤਾਰ ਅਤੇ ਚੱਕਰ ਮਿਲਣ ਕਰਕੇ ਅੰਦਾਜ਼ਾ ਲਗਾਇਆ ਗਿਆ ਕਿ ਇਹ ਹਮਲਾ ਸ਼ਹਿਰ ਦੇ ਨਿਹੰਗਾਂ ਨੇ ਕੀਤਾ ਹੋਵੇਗਾ। ਅੰਮ੍ਰਿਤਸਰ ਸ਼ਹਿਰ ਦੀ ਪੁਲਿਸ ਅਤੇ ਅਫ਼ਸਰ ਸਰਗਰਮੀ ਨਾਲ ਤਫ਼ਤੀਸ਼ ਵਿੱਚ ਲੱਗ ਗਏ। ਡਿਪਟੀ ਕਮਿਸ਼ਨਰ ਨੂੰ ਵਾਰਦਾਤ ਦੀ ਜਦੋਂ ਖ਼ਬਰ ਮਿਲੀ ਸੀ, ਉਸ ਸਮੇਂ ਉਹ ਡਲਹੌਜ਼ੀ ਵਿਖੇ ਪਹਾੜਾਂ ਦੀ ਸੈਰ ਕਰ ਰਿਹਾ ਸੀ। ਉੱਥੋਂ ਹੀ ਉਸ ਨੇ ਫ਼ੌਰਨ ਮੇਜਰ ਡੇਵਿਸ ਤੇ ਕਰਨਲ ਬੇਲੀ ਡਿਪਟੀ ਇੰਸਪੈਕਟਰ ਜਨਰਲ ਨੂੰ ਤਫ਼ਤੀਸ਼ ਉੱਤੇ ਲਗਾ ਦਿੱਤਾ ਗਿਆ ਅਤੇ ਆਪ ਉਹ 18 ਜੂਨ ਨੂੰ ਅੰਮ੍ਰਿਤਸਰ ਪੁੱਜ ਗਿਆ। ਜਦੋਂ ਕਈ ਦਿਨ ਪੜਤਾਲ ਕਰਦਿਆਂ ਹੋਇਆਂ ਅੰਮ੍ਰਿਤਸਰ ਪੁਲਿਸ ਨੂੰ ਹੋ ਗਏ ਅਤੇ ਅਜੇ ਤੱਕ ਵੀ ਉਹਨਾਂ ਨੂੰ ਕੋਈ ਸੁਰਾਗ ਜਾਂ ਸਫ਼ਲਤਾ ਨਹੀਂ ਮਿਲੀ ਸੀ, ਤਾਂ ਕਮਿਸ਼ਨਰ ਮੇਜਰ ਡੇਵਿਸ ਨੇ ਕਾਬਲ ਜਾਸਸ ਅਤੇ ਜਲੰਧਰ ਡਿਵੀਜ਼ਨ ਦੇ ਸੁਪਰਡੈਂਟ-ਪੁਲਿਸ ਕ੍ਰਿਸ਼ਟੀ ਨੂੰ ਬੁਲਾ ਲਿਆ। ਉਸ ਸਮੇਂ ਉਹ ਵੀ ਪਹਾੜਾਂ ਦੀ ਸੈਰ ’ਤੇ ਹੀ ਗਿਆ ਹੋਇਆ ਸੀ। ਕ੍ਰਿਸਟੀ ਨੇ 24 ਜੂਨ ਨੂੰ ਅੰਮ੍ਰਿਤਸਰ ਪੁੱਜ ਕੇ ਪੜਤਾਲ ਦੀ ਸਾਰੀ ਜੁੰਮੇਵਾਰੀ ਆਪਣੇ ਹੱਥ ਵਿੱਚ ਲੈ ਲਈ, ਜੋ ਅਖੀਰ ਤੱਕ ਉਸ ਦੇ ਪਾਸ ਹੀ ਰਹੀ। ਅਗਲੀ ਸਾਰੀ ਕਾਰਵਾਈ ਅਤੇ ਪੜਤਾਲ ਅੰਮ੍ਰਿਤਸਰ ਦੇ ਕਮਿਸ਼ਨਰ ਮੇਜਰ ਡੇਵਿਸ ਅਤੇ ਕ੍ਰਿਸਟੀ ਦੀ ਦੇਖ-ਰੇਖ ਵਿੱਚ ਹੀ ਹੁੰਦੀ ਰਹੀ।
ਡੀ.ਐਸ.ਪੀ. ਕ੍ਰਿਸਟੀ ਪੜਤਾਲ ਤੇ ਲੱਗਾ
ਡੀ.ਐਸ.ਪੀ. ਜਲੰਧਰ ਕ੍ਰਿਸਟੀ ਨੇ 24 ਜੂਨ 1871 ਈ. ਨੂੰ ਅੰਮ੍ਰਿਤਸਰ ਆਉਂਦਿਆਂ ਹੀ ਲੋਕਲ ਪੁਲਿਸ ਦੀ ਉਦੋਂ ਤੱਕ ਕੀਤੀ ਗਈ ਕਾਰਵਾਈ 'ਤੇ ਨਜ਼ਰਸਾਨੀ ਕੀਤੀ ਅਤੇ ਉਸ ਉੱਤੇ ਆਪਣੀ ਗੈਰ-ਤਸੱਲੀ ਪ੍ਰਗਟ ਕੀਤੀ। ਉਸ ਨੇ ਆਪਣੀ ਮਦਦ ਲਈ ਹੁਸ਼ਿਆਰਪੁਰ ਪੁਲਿਸ ਦੇ ਤੇਰਾਂ ਕਰਮਚਾਰੀ ਅੰਮ੍ਰਿਤਸਰ ਬੁਲਾ ਲਏ ਅਤੇ ਲੋਕਲ ਪੁਲਿਸ ਨੂੰ ਪਾਸੇ ਕਰ ਦਿੱਤਾ। ਇਹਨਾਂ ਤੇਰਾਂ ਹੁਸ਼ਿਆਰਪੁਰ ਦੇ ਪੁਲਿਸ ਵਾਲਿਆਂ ਵਿੱਚ ਇੰਸਪੈਕਟਰ ਫ਼ਜ਼ਲ ਹੁਸੈਨ ਵੀ ਸ਼ਾਮਿਲ ਸੀ, ਜਿਸ ਨੇ 1867 ਈ. ਵਿੱਚ ਅਨੰਦਪੁਰ ਹੋਲੇ ਦੀ ਵਿਸ਼ੇਸ਼ ਰਿਪੋਰਟ ਸਰਕਾਰ ਨੂੰ ਭੇਜੀ ਸੀ। ਉਹ ਉੱਘੀ ਰਿਪੋਰਟ ਦਸਤਾਵੇਜ਼ਾਂ ਵਿੱਚ ਛਪੀ ਹੋਈ ਹੈ। ਅੰਮ੍ਰਿਤਸਰ ਪੁਲਿਸ ਵਾਲਿਆਂ ਦਾ ਹੁਣ ਸਿਰਫ਼ ਇਹ ਕੰਮ ਰਹਿ ਗਿਆ ਸੀ ਕਿ ਉਹ ਕ੍ਰਿਸਟੀ ਦੀ ਸੇਵਾ-ਚਾਕਰੀ ਕਰਨ ਅਤੇ ਉਹਨਾਂ ਦੇ ਕਹੇ ਅਨੁਸਾਰ ਨਿਗਰਾਨੀ ਅਤੇ ਚੌਂਕੀਦਾਰੀ ਕਰਨ। ਇਸ ਕਰਕੇ ਅੰਮ੍ਰਿਤਸਰ ਪੁਲਿਸ ਨੇ ਅੱਗੇ ਇਸ ਕੇਸ ਵਿੱਚ ਕੋਈ ਖ਼ਾਸ ਦਿਲਚਸਪੀ ਨਾ ਲਈ। ਉਹਨਾਂ ਦੀ ਨਾ ਤਾਂ ਕੋਈ ਸਲਾਹ ਲੈਂਦਾ ਸੀ ਅਤੇ ਨਾ ਹੀ ਕੋਈ ਗੱਲ ਸੁਣਦਾ ਸੀ। ਜੋ ਵੀ ਅਤੇ ਜਿਸ ਤਰ੍ਹਾਂ ਵੀ ਪੜਤਾਲ ਦਾ ਕੰਮ ਕਰਨਾ ਹੁੰਦਾ ਸੀ, ਕ੍ਰਿਸਟੀ ਅਤੇ ਉਸ ਦੇ ਸਹਿਯੋਗੀ ਹੀ ਆਪਣੀ ਮਰਜ਼ੀ ਅਨੁਸਾਰ ਕਰਦੇ ਰਹੇ। ਇਸ ਤਰ੍ਹਾਂ ਪੜਤਾਲ ਵਿੱਚ ਅੰਮ੍ਰਿਤਸਰ ਪੁਲਿਸ ਦੀ ਦਿਲਚਸਪੀ ਅਤੇ ਸਹਿਯੋਗ ਖ਼ਤਮ ਹੋ ਗਿਆ।
ਪੁਲਸੀਆ ਸਖ਼ਤੀਆਂ
ਕ੍ਰਿਸਟੀ ਇੱਕ ਯੋਗ ਪੁਲਿਸ ਅਫ਼ਸਰ ਅਤੇ ਜਾਸੂਸ ਸੀ। ਉਸ ਦਾ ਕਾਫ਼ੀ ਨਾਮ ਸੀ। ਨੌਂ ਦਿਨਾਂ ਦੀ ਅੰਮ੍ਰਿਤਸਰ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਹੋ ਕੇ 25 ਜੂਨ ਨੂੰ ਹੀ ਉਸ ਨੇ ਸ਼ਹਿਰ ਦੇ ਸਾਰੇ ਵਿਹਲੇ, ਅਵਾਰਾਗਰਦ ਅਤੇ ਸ਼ਰਾਰਤੀ ਲੋਕਾਂ ਨੂੰ ਪਕੜ ਬੁਲਾਇਆ, ਸਖ਼ਤੀ ਅਤੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਜੋ ਕੋਈ ਸੁਰਾਗ ਮਿਲ ਸਕੇ। ਨਾਲ ਹੀ ਪੁਖ਼ਤਾ ਸਬੂਤ ਦੇਣ ਵਾਲੇ ਨੂੰ ਵੱਡਾ ਇਨਾਮ- ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕਰ ਦਿੱਤਾ। ਉਸ ਸਮੇਂ ਇੱਕ ਹਜ਼ਾਰ ਰੁਪਏ ਬਹੁਤ ਵੱਡੀ ਰਕਮ ਹੁੰਦੀ ਸੀ। ਕ੍ਰਿਸਟੀ ਨੇ 24 ਜੂਨ ਤੋਂ ਪਹਿਲਾਂ ਦੀ ਸਾਰੀ ਪੁਲਿਸ ਕਾਰਵਾਈ ਅਤੇ ਸ਼ਹਿਰ ਵਿੱਚ ਵਾਪਰੇ ਤਨਾਅ ਬਾਰੇ ਪੁਲਿਸ ਰਿਪੋਰਟਾਂ ਮੰਗਵਾ ਕੇ ਉਸ ਨੂੰ ਘੋਖਿਆ ਅਤੇ ਇੱਕ ਖ਼ਬਰ ਉੱਤੇ ਉਸ ਦੀ ਉਚੇਚੀ ਨਜ਼ਰ ਪਈ, ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਤਵੱਜੋਂ ਨਹੀਂ ਸੀ ਦਿੱਤੀ।
21 ਜੂਨ ਨੂੰ ਅੰਮ੍ਰਿਤਸਰ ਪੁਲਿਸ ਦੇ ਦੋ ਸਿਪਾਹੀਆਂ ਕਰਮ ਬਖਸ਼ ਅਤੇ ਪੀਰ ਬਖਸ਼ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਬੁੱਚੜਖਾਨੇ ’ਤੇ ਹਮਲੇ ਤੋਂ ਕਈ ਪਹਿਲਾਂ ਜਦੋਂ ਅਜੇ ਪੁਲਿਸ ਦੀ ਚੌਂਕੀ ਉੱਥੇ ਬੈਠੀ ਹੋਈ ਸੀ, ਹੀਰਾ ਸਿੰਘ ਭਾਟੜਾ ਉੱਥੇ ਆਇਆ ਸੀ ਅਤੇ ਉਸਨੇ ਬੁੱਚੜਖਾਨੇ ਦੀ ਨਜ਼ਰਸਾਨੀ ਕੀਤੀ ਸੀ ਅਤੇ ਇਹ ਵੀ ਪਤਾ ਕਰ ਰਿਹਾ ਸੀ ਕਿ ਬੈਠੀ ਹੋਈ ਗਾਰਦ ਵਿੱਚ ਕਿੰਨੇ ਪੁਲਿਸ ਵਾਲੇ ਸਨ ਅਤੇ ਉਹ ਕਦੋਂ ਖਾਣਾ ਜਾਂਦੇ ਸਨ। ਇਸ ਖ਼ਬਰ ਦੀ ਪੁਸ਼ਟੀ ਇੱਕ ਕਸਾਈ ਸੁਰਬਤੀ ਨੇ ਵੀ ਕੀਤੀ ਸੀ। ਜਿਸ ਨੇ ਹੀਰੇ ਭਾਟੜੇ ਨੂੰ ਉੱਥੇ ਦੇਖਿਆ ਸੀ। ਇਸ ਖ਼ਬਰ ਉੱਤੇ ਕ੍ਰਿਸਟੀ ਨੂੰ ਕੁਝ ਸ਼ੱਕ ਪਿਆ ਅਤੇ ਉਸ ਨੇ ਹੀਰਾ ਸਿੰਘ ਭਾਟੜੇ ਨੂੰ ਪਕੜ ਬੁਲਾਇਆ। ਉਸ ਦੀ ਬੜੇ ਹੀ 'ਪਿਆਰ' ਨਾਲ ਪੁਲਸੀਆ ਸੇਵਾ ਕੀਤੀ ਅਤੇ ਸਰਕਾਰ ਵੱਲੋਂ ਰੱਖੇ ਗਏ ਇਨਾਮਾਂ ਬਾਰੇ ਵੀ ਦੱਸਿਆ। ਪੁਲਿਸ ਦੀ ਮਾਰ ਨਾ ਸਹਿੰਦਿਆਂ ਹੋਇਆਂ ਹੀਰੇ ਨੇ 3 ਜੁਲਾਈ ਨੂੰ ਆਪਣੇ ਵਾਅਦਾ-ਮੁਆਫ਼ੀ ਬਿਆਨ ਦਰਜ ਕਰਵਾ ਦਿੱਤੇ ਅਤੇ ਇੱਕ ਹੋਰ ਵਿਹਲੇ ਫਿਰਨ ਵਾਲੇ ਵਿਅਕਤੀ ਅਯਾ ਸਿੰਘ ਦਾ ਨਾਂ ਲੈ ਦਿੱਤਾ। ਹੀਰਾ ਸਿੰਘ ਭਾਟੜਾ ਬੁੱਚੜਬੱਧ ਕੇਸ ਵਿੱਚ ਸ਼ਾਮਲ ਫ਼ਤਹਿ ਸਿੰਘ ਭਾਟੜਾ ਦਾ ਸਾਲਾ ਲੱਗਦਾ ਸੀ। ਅਯਾ ਸਿੰਘ ਨੂੰ ਪਕੜ ਕੇ ਐਸਾ ਕੁਟਾਪਾ ਚਾੜਿਆ ਕਿ ਉਸ ਨੇ ਵੀ ਵਾਰਦਾਤ ਦੀ ਸਾਜ਼ਿਸ਼ ਵਿੱਚ ਹੀਰਾ ਸਿੰਘ ਵਾਂਗੂ ਵਾਅਦਾ ਮੁਆਫ਼ੀ ਦੀ ਸ਼ਰਤ ਉੱਤੇ ਕਬੂਲਨਾਮੇ ਦਾ ਬਿਆਨ 7 ਜੁਲਾਈ ਨੂੰ ਦਰਜ ਕਰਵਾ ਦਿੱਤਾ। ਇਹਨਾਂ ਦੋਹਾਂ ਦੇ ਕਬੂਲਨਾਮੇ ਵਿੱਚ ਇੱਕ ਨਾਂ ਹੋਰ ਆ ਗਿਆ। ਅੰਮ੍ਰਿਤਸਰ ਸ਼ਹਿਰ ਦੇ ਧਨਾਢ ਦਲਾਲ ਸੇਠ ਜੈ ਰਾਮ ਦਾ। ਉਸ ਨੂੰ ਵੀ ਤੁਰੰਤ ਪਕੜ ਕੇ, ਜੋ ਵੀ ਪੁਲਿਸ ਉਸ ਪਾਸੋਂ ਕਬੂਲ ਕਰਵਾਉਣਾ ਚਾਹੁੰਦੀ ਸੀ, ‘ਆਪਣੇ ਤਰੀਕੇ ਨਾਲ’ ਕਬੂਲ ਕਰਵਾ ਲਿਆ। ਭਿਆਨਕ ਤਸ਼ੱਦਦ ਦੇ ਅੱਗੇ ਕੌਣ ਟਿਕਦਾ ਹੈ? ਜੈ ਰਾਮ ਸੇਠ ਦਾ ਨਾਂ ਪਿਛਲੇ ਮਹੀਨਿਆਂ ਵਿੱਚ ਹਿੰਦੂਆਂ ਵੱਲੋਂ ਹੋਈਆਂ ਹੜਤਾਲਾਂ ਵਿੱਚ ਵੀ ਆਇਆ ਸੀ, ਇਸ ਲਈ ਪੜਤਾਲ ਕਰਨ ਵਾਲੇ ਅਫ਼ਸਰਾਂ ਨੇ ਉਸ ਨੂੰ ਕੁੱਟ-ਕੁੱਟ ਕੇ, ਉਹ ਜ਼ੁਰਮ ਜੋ ਉਸ ਨੇ ਨਹੀਂ ਸੀ ਕੀਤਾ, ਕਬੂਲ ਕਰਵਾ ਲਿਆ ਅਤੇ ਉਸ ਨੇ ਮੈਜਿਸਟ੍ਰੇਟ ਦੇ ਰੂਪ ਵਿੱਚ ਕੰਮ ਕਰ ਰਹੇ ਮੇਜਰ ਬਿਰਚ ਨੂੰ ਹੀਰਾ ਅਤੇ ਅਯਾ ਦੇ ਕਹੇ ਅਨੁਸਾਰ ਹੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਕਬੂਲਨਾਮਾ ਦਰਜ ਕਰਵਾ ਦਿੱਤਾ।
ਬੇਦੋਸ਼ੇ ਪਕੜੇ : ਕੇਸ ਦਰਜ
ਪੜਤਾਲ ਦੀ ਕਾਰਵਾਈ ਹਲਾਤ ਦੇ ਅਨੁਸਾਰ ਨਹੀਂ, ਸਗੋਂ ਕ੍ਰਿਸਟੀ ਅਤੇ ਕਮਿਸ਼ਨਰ ਦੀ ਮਰਜ਼ੀ ਅਨੁਸਾਰ ਚੱਲ ਰਹੀ ਸੀ। ਉਹ ਹਰ ਹਾਲਤ ਵਿੱਚ ਦੋਸ਼ੀਆਂ ਨੂੰ ਪਕੜ ਕੇ ਸਰਕਾਰ ਪਾਸੋਂ ਪ੍ਰਸ਼ੰਸਾ ਲੈਣੀ ਚਾਹੁੰਦੇ ਸਨ। ਇਸ ਕਾਹਲੀ ਕਰਨ ਕਰਕੇ ਪੜਤਾਲ ਕੁਰਾਹੇ ਪੈ ਗਈ। ਹੀਰਾ, ਅਯਾ ਅਤੇ ਸੇਠ ਜੈ ਰਾਮ ਨੂੰ ਗਿਫ਼ਤਾਰ ਕਰ ਲੈਣ ਤੋਂ ਬਾਅਦ ਹੁਣ ਪ੍ਰਸ਼ਾਸਨ ਦਾ ਜ਼ੋਰ ਸੀ ਕਿ ਹੋਰ ਹਮਲਾਵਰਾਂ ਦਾ ਪਤਾ ਵੀ ਕੱਢ ਲਿਆ ਜਾਵੇ ਕਿਉਂਕਿ ਇਹ ਕਾਰਾ ਸਿਰਫ਼ ਇਹਨਾਂ ਤਿੰਨਾਂ ਦਾ ਤਾਂ ਹੋ ਨਹੀਂ ਸਕਦਾ, ਹੋਰ ਵੀ ਸਹਾਇਕ ਹੋਣਗੇ। ਬੇਰਹਿਮ ਮਾਰ ਅਤੇ ਭਾਰੀ ਤਸੀਹਿਆਂ ਤੋਂ ਡਰਦਿਆਂ ਜੈ ਰਾਮ ਨੂੰ ਵੀ ਕੁਝ ਲੋਕਾਂ ਦੇ ਨਾਂ ਲੈਣੇ ਹੀ ਪੈਣੇ ਸਨ, ਭਾਵੇਂ ਉਸ ਦਾ ਅਤੇ ਪੜਤਾਲ ਵਿੱਚ ਘਿਰਨ ਵਾਲੇ ਲੋਕਾਂ ਦਾ ਬੁੱਚੜਖਾਨੇ ਉੱਤੇ 14 ਜੂਨ ਦੀ ਰਾਤ ਨੂੰ ਕੀਤੇ ਗਏ ਹਮਲੇ ਵਿੱਚ ਕੋਈ ਹੱਥ ਨਹੀਂ ਸੀ। 3 ਜੁਲਾਈ ਨੂੰ ਹੀਰਾ ਸਿੰਘ ਦੇ ਬਿਆਨ ਹੋਏ, 7 ਜੁਲਾਈ ਨੂੰ ਅਯਾ ਦੇ ਬਿਆਨ ਰਿਕਾਰਡ ਹੋਏ ਅਤੇ ਲਗਪਗ 12 ਜੁਲਾਈ ਨੂੰ ਸੇਠ ਜੈ ਰਾਮ ਨੇ ਵੀ ਵਾਇਦਾ ਮੁਆਫ਼ ਬਣਦਿਆਂ ਹੋਇਆਂ ਆਪਣੇ ਬਿਆਨ ਦਰਜ ਕਰਵਾ ਦਿੱਤੇ, ਜਿਸ ਦੇ ਨਤੀਜੇ ਵਜੋਂ ਅੰਮ੍ਰਿਤਸਰ ਸ਼ਹਿਰ ਦੇ ਬਾਰਾਂ ਲੋਕ ਗ੍ਰਿਫ਼ਤਾਰ ਕੀਤੇ ਗਏ। ਸੇਠ ਜੈ ਰਾਮ ਸ਼ਹਿਰ ਦੇ ਹਿੰਦੂ ਤਬਕੇ ਦਾ ਇੱਕ ਸਨਮਾਨਤ ਵਿਅਕਤੀ ਸੀ। ਮਾਰਚ ਤੋਂ ਮਈ 1871 ਈ. ਤੱਕ ਜੋ ਸ਼ਹਿਰ ਵਿੱਚ ਹਿੰਦੂਆਂ ਵੱਲੋਂ ਹੜਤਾਲਾਂ ਅਤੇ ਰੋਸ ਮੁਜ਼ਾਹਰੇ ਹੋਏ ਸਨ, ਜੈ ਰਾਮ ਨੇ ਗਊ-ਹੱਤਿਆ ਦੇ ਵਿਰੋਧ ਵਿੱਚ ਹਿੱਸਾ ਲਿਆ ਸੀ। ਇਸ ਸੇਠ ਉੱਤੇ ਕਰੜੀ ਨਜ਼ਰ ਸੀ ਅਤੇ ਉਸ ਦੇ ਕਸਾਈਆਂ ਉੱਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਵਿੱਚ ਹੱਥ ਨਾ ਹੋਣ ਦੀ ਗੱਲ ਨਾ ਮੰਨੀ ਤਾਂ ਤਕੜੇ ਤਸੀਹੇ ਦੇ-ਦੇ ਕੇ ਉਸ ਨੂੰ ਵਾਰਦਾਤ ਵਿੱਚ ਸ਼ਾਮਿਲ ਹੋਣਾ ਮਨਾਇਆ ਗਿਆ।
ਨਤੀਜੇ ਵਜੋਂ ਜਿਨ੍ਹਾਂ ਬਾਰਾਂ ਅੰਮ੍ਰਿਤਸਰ ਨਿਵਾਸੀਆਂ ਦਾ ਬੁੱਚੜਬੱਧ ਕੇਸ ਵਿੱਚ ਨਾਂ ਦਰਜ ਹੋਇਆ ਅਤੇ ਫੜੇ ਗਏ, ਉਹਨਾਂ ਦੇ ਨਾਂ ਸਨ- ਸੰਤ ਰਾਮ, ਰਾਮ ਕਿਸ਼ਨ, ਮੰਨਾ ਸਿੰਘ, ਜੁਆਲਾ ਸਿੰਘ, ਧੰਨਾ ਜੀ, ਮੂਲਾ, ਨਿਹਾਲ ਸਿੰਘ, ਮਾਇਆ, ਸੁੰਦਰ ਸਿੰਘ, ਭੂਪ ਸਿੰਘ, ਟੇਕਾ ਅਤੇ ਸੋਭਾ। ਇਹਨਾਂ ਸਾਰਿਆਂ ਨੂੰ ਪਕੜੇ ਜਾਣ ਤੋਂ ਜੁਰਮ ਕਬੂਲਣ ਲਈ ਘੋਰ ਅਣਮਨੁੱਖੀ ਤਸੀਹੇ ਦਿੱਤੇ ਗਏ। ਜਿਹੜਾ ਜ਼ੁਰਮ ਇਹਨਾਂ ਨੇ ਨਹੀਂ ਸੀ ਕੀਤਾ ਅਤੇ ਜਿਸ ਦੀ ਸਜ਼ਾ ਸਿਰਫ਼ ਫ਼ਾਂਸੀ ਹੀ ਸੀ, ਭਿਆਨਕ ਤਸੀਹਿਆਂ ਤੋਂ ਔਖੇ ਹੋ ਕੇ ਸਾਰਿਆਂ ਨੇ ਸਖ਼ਤੀਆਂ ਝੱਲਣ ਦੀ ਬਜਾਇ ਫਾਂਸੀ ’ਤੇ ਚੜ੍ਹਨਾ ਸੌਖਾ ਜਾਣਿਆ ਅਤੇ ਜ਼ੁਰਮ ਕਬੂਲ ਕਰ ਲਏ। ਕਮਿਸ਼ਨਰ ਮੇਜਰ ਡੇਵਿਸ ਅਤੇ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਸਭ ਦੇ ਬਿਆਨ ਦਰਜ ਕਰਵਾਏ ਗਏ। ਝੂਠੀ ਹੀ ਪੁਲਿਸ ਤਫ਼ਤੀਸ਼ ਦੀ ਮਿਸਲ ਤਿਆਰ ਕਰਕੇ ਅਤੇ ਕਸਾਈਆਂ ਦੇ ਕਤਲ ਦਾ ਦੋਸ਼ ਸਿੱਧ ਕਰਕੇ ਕੇਸ ਅੰਤਿਮ ਸਜ਼ਾ ਲਈ ਸੈਸ਼ਨ ਕੋਰਟ ਵਿੱਚ ਦੇਣ ਦੀ ਤਿਆਰੀ ਕਰ ਲਈ ਗਈ। ਪੁਲਿਸ ਅਫ਼ਸਰ ਕੱਛਾਂ ਵਜਾ ਕੇ ਕੇਸ ਨੂੰ ਸੁਲਝਾਅ ਲੈਣ ਦਾ ਦਾਅਵਾ ਕਰਨ ਲੱਗ ਪਏ।
ਕੂਕਿਆਂ 'ਤੇ ਸ਼ੱਕ
ਬੁੱਚੜਖਾਨੇ ਦੇ ਕਸਾਈਆਂ ਉੱਤੇ ਹਮਲੇ ਬਾਰੇ ਤਫ਼ਤੀਸ਼ ਦੌਰਾਨ ਹੋਰ ਵੀ ਕਈ ਕੁਝ ਚੱਲ ਰਿਹਾ ਸੀ, ਜਿਸ ਵਿੱਚ ਕੂਕਿਆਂ ’ਤੇ ਵੀ ਸ਼ੱਕ ਜ਼ਾਹਿਰ ਕੀਤੇ ਗਏ ਸਨ। ਪਹਿਲੇ ਜਦੋਂ ਕਿਸੇ ਤਰ੍ਹਾਂ ਦੀ ਕੋਈ ਪੁਖ਼ਤਾ ਜਾਣਕਾਰੀ ਨਾ ਮਿਲੀ ਤਾਂ ਕ੍ਰਿਸਟੀ ਅਤੇ ਉਸ ਦੇ ਸਾਥੀਆਂ ਨੇ ਹੋਰ ਜਾਸੂਸੀ ਰਸਤੇ ਅਖ਼ਤਿਆਰ ਕੀਤੇ ਅਤੇ ਸ਼ਹਿਰ ਦੇ ਹਿੰਦੂ ਲੀਡਰਾਂ ਅਤੇ ਅਵਾਰਾਗਰਦਾਂ ਉੱਤੇ ਗੁਪਤ ਤੌਰ 'ਤੇ ਨਜ਼ਰ ਰੱਖੀ ਜਾਣ ਲੱਗ ਪਈ। ਭਾਰੀ ਇਨਾਮ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਸੁਪਰਡੈਂਟ ਪੁਲਿਸ ਅਤੇ ਪੜਤਾਲ ਦਾ ਮੁਖੀਆ ਕ੍ਰਿਸਟੀ ਆਪ ਉਦਾਸੀ ਸਾਧ ਦਾ ਭੇਖ ਧਾਰ ਕੇ ਦਿਨੇ ਅਤੇ ਰਾਤ ਭਰ ਸ਼ਹਿਰ ਵਿੱਚ ਘੁੰਮਦਾ ਰਹਿੰਦਾ ਅਤੇ ਜਿੱਥੇ ਵੀ ਦੋ-ਚਾਰ ਲੋਕ ਇਕੱਠੇ ਗੱਲਾਂ ਕਰਦੇ ਹੁੰਦੇ, ਉਹਨਾਂ ਦੇ ਨੇੜੇ ਜਾ ਕੇ ਗੱਲਾਂ ਸੁਣਦਾ ਪਰ ਕੋਈ ਸਫ਼ਲਤਾ ਨਹੀਂ ਸੀ ਮਿਲ ਰਹੀ। ਮਾਰਚ ਮਹੀਨੇ ਤੋਂ, ਜਦੋਂ ਤੋਂ ਸ਼ਹਿਰ ਵਿੱਚ ਤਣਾਅ ਵਧਿਆ ਹੋਇਆ ਸੀ ਕੂਕੇ ਕਈ ਥਾਈਂ ਅਤੇ ਪੰਜਾਬ ਭਰ ਵਿੱਚ 1871 ਈ. ਦੀ ਦੀਵਾਲੀ ਤੱਕ ਗਊ-ਘਾਤ ਖ਼ਤਮ ਕਰ ਦੇਣ ਦੀਆਂ ਗੱਲਾਂ ਖੁੱਲ੍ਹੇਆਮ ਕਰਦੇ ਹੁੰਦੇ ਸਨ। ਸਤਿਗੁਰੂ ਰਾਮ ਸਿੰਘ ਜੀ ਦੇ ਗਊ-ਹੱਤਿਆ ਦੇ ਵਿਰੁੱਧ ਪ੍ਰਚਾਰ ਬਾਰੇ ਵੀ ਪ੍ਰਸ਼ਾਸ਼ਨ ਨੂੰ ਪਤਾ ਸੀ ਪਰ ਕੂਕਿਆਂ ਵੱਲ ਸ਼ੱਕ, ਖ਼ਾਸ ਕਰ ਅੰਮ੍ਰਿਤਸਰ ਬੁੱਚੜ-ਬੱਧ ਕੇਸ ਵਿੱਚ, ਇਸ ਲਈ ਨਹੀਂ ਸੀ ਕਿਸੇ ਦਾ ਗਿਆ ਕਿ ਪਿਛਲੇ ਕਈ ਮਹੀਨਿਆਂ ਦੀਆਂ ਹੜਤਾਲਾਂ, ਤਨਾਅ ਅਤੇ ਰੋਸ-ਮੁਜ਼ਾਹਰਿਆਂ ਵਿੱਚ ਕਦੀ ਵੀ ਕਿਸੇ ਕੂਕੇ ਅਥਵਾ ਨਾਮਧਾਰੀ ਨੇ ਹਿੱਸਾ ਨਹੀਂ ਸੀ ਲਿਆ। ਸਾਰੇ ਸ਼ਹਿਰ ਵਿੱਚ ਇਹਨਾਂ ਦੇ 8-10 ਘਰ ਹੀ ਸਨ ਅਤੇ ਉਹ ਕਦੇ ਵੀ ਕਿਸੇ ਬਖੇੜੇ ਵਿੱਚ ਸ਼ਾਮਲ ਨਹੀਂ ਹੋਏ। ਅੰਮ੍ਰਿਤਸਰ ਸ਼ਹਿਰ ਦੀ ਲੱਖ ਤੋਂ ਉੱਪਰ ਵਸੋਂ ਵਿੱਚ ਸਿੱਖ ਦਸ ਪ੍ਰਤੀਸ਼ਤ ਤੋਂ ਥੋੜ੍ਹਾ ਘੱਟ ਹੀ ਸਨ ਅਤੇ ਸਿੱਖਾਂ ਵਿੱਚ ਨਾਮਧਾਰੀ ਅਥਵਾ ਕੂਕੇ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਸਨ। ਇਸ ਲਈ ਜਦੋਂ ਕੋਈ ਨਾਮਧਾਰੀਆਂ 'ਤੇ ਸ਼ੱਕ ਦੀ ਗੱਲ ਕਰਦਾ ਸੀ, ਕੋਈ ਵੀ ਇਸ ਪਾਸੇ ਤਵੱਜੋਂ ਨਹੀਂ ਸੀ ਦਿੰਦਾ। ਛੇਤੀ ਹੀ ਹੋਰ ਖ਼ਬਰਾਂ ਵੀ ਨਿਕਲਣ ਲੱਗ ਪਈਆਂ।
12 ਜੁਲਾਈ ਦੇ ਆਸ-ਪਾਸ ਖ਼ਾਨ ਮੁਹੰਮਦ ਸ਼ਾਹ, ਆਨਰੇਰੀ ਮੈਜਿਸਟ੍ਰੇਟ ਨੇ ਮੇਜਰ ਡੇਵਿਸ ਅਤੇ ਬ੍ਰੀਚ ਨਾਲ ਸਲਾਹ ਕਰਕੇ ਇੱਕ ਚਾਲ ਚੱਲੀ। ਉਸ ਨੇ ਇੱਕ ਸਿੱਖ ਨਿਹਾਲ ਸਿੰਘ ਆਹਲੂਵਾਲੀਆ ਨੂੰ ਬੁਲਾ ਕੇ ਕਿਹਾ ਕਿ ਉਹ ਇੱਕ ਦੋ ਹੋਰ ਬੰਦਿਆਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਅਵਾਰਾਗਰਦਾਂ ਵਾਗੂੰ ਘੁੰਮੇ ਅਤੇ ਗਪੌੜ ਮਾਰੇ ਕਿ ਬੁੱਚੜਖਾਨੇ ਉੱਤੇ ਹਮਲੇ ਵਿੱਚ ਉਸ ਦਾ ਵੀ ਹੱਥ ਹੈ। ਉਸ ਨੂੰ ਵੱਡੇ ਇਨਾਮ ਦਾ ਲਾਲਚ ਦਿੱਤਾ ਗਿਆ ਅਤੇ ਨਾਲ ਹੀ ਗੁਪਤ ਰੂਪ ਵਿੱਚ ਇੱਕ ਪਰਵਾਨਾ ਵੀ ਲਿਖ ਕੇ ਦੇ ਦਿੱਤਾ ਗਿਆ ਕਿ ਕਿਤੇ ਗ਼ਲਤੀ ਨਾਲ ਉਸ ਦੇ ਗਪੌੜ ਨੂੰ ਸੱਚ ਮੰਨ ਲੈਣ 'ਤੇ ਪੁਲਿਸ ਅਫ਼ਸਰ ਕਿਤੇ ਗ੍ਰਿਫ਼ਤਾਰ ਨਾ ਕਰ ਲੈਣ। ਉਸ ਨੂੰ ਖ਼ਾਨ ਮੁਹੰਮਦ ਸ਼ਾਹ ਨੇ ਆਪਣੇ ਕੋਲੋਂ ਕੁਝ ਪੈਸੇ ਵੀ ਦਿੱਤੇ ਖਰਚੇ ਵਾਸਤੇ। ਨਿਹਾਲ ਸਿੰਘ ਨੇ ਉਪਰੋਕਤ ਕੰਮ ਲਈ ਗੁਰਮੁਖ ਸਿੰਘ ਅਤੇ ਕਾਨ੍ਹ ਸਿੰਘ, ਦੋ ਸਿੰਘਾਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਜਾਣਕਾਰੀਆਂ ਲੈਣ ਲਈ ਘੁੰਮਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਖ਼ਾਨ ਮੁਹੰਮਦ ਸ਼ਾਹ ਬਹਾਦਰ ਨੇ ਕ੍ਰਿਸਟੀ ਨੂੰ ਇੱਕ ਖ਼ਬਰ ਦਿੱਤੀ ਜੋ ਉਸਨੇ ਮੇਜਰ ਡੇਵਿਸ, ਕਮਿਸ਼ਨਰ ਨੂੰ ਪਹੁੰਚਾ ਦਿੱਤੀ। ਉਹਨਾਂ ਦੱਸਿਆ ਕਿ ਬੁੱਚੜਖਾਨੇ ਵਾਲੀ ਘਟਨਾ ਤੋਂ ਕੁਝ ਦਿਨ ਪਹਿਲਾਂ ਲਹਿਣਾ ਸਿੰਘ ਮਿਸਤਰੀ ਦੇ ਘਰ ਹਵਨ ਹੋਇਆ ਸੀ ਅਤੇ ਉਸ ਵਿੱਚ ਕਈ ਕੂਕੇ ਇਕੱਠੇ ਹੋਏ ਸਨ। ਇਸ ਘਟਨਾ ਦੀ ਪੜਤਾਲ ਕੀਤੀ ਜਾਵੇ। ਕ੍ਰਿਸਟੀ ਦੇ ਜਾਸੂਸਾਂ ਨੇ ਉਸ ਨੂੰ ਇਸ ਦੌਰਾਨ ਖ਼ਬਰ ਵੀ ਦਿੱਤੀ ਕਿ ਛੇਤੀ ਹੀ ਦੇਸ਼ 'ਚੋਂ ਅਤੇ ਸ਼ਹਿਰਾਂ 'ਚੋਂ ਬੁੱਚੜਖਾਨੇ ਖ਼ਤਮ ਕਰਵਾ ਦਿੱਤੇ ਜਾਣਗੇ ਅਤੇ ਇਸ ਪਵਿੱਤਰ ਕੰਮ ਲਈ ਸੌ ਕੁ ਨਾਮਧਾਰੀ ਸਿੱਖਾਂ ਨੇ ਸ਼ਹੀਦੀਆਂ ਦੇਣ ਲਈ ਆਪਣੇ ਆਪ ਨੂੰ ਗੁਰੂ ਰਾਮ ਸਿੰਘ ਨੂੰ ਸਮਰਪਿਤ ਕਰ ਦਿੱਤਾ ਹੈ। 'ਬੱਲ' ਦੇ ਰਹਿਣ ਵਾਲੇ ਇੱਕ ਬ੍ਰਾਹਮਣ ਵਧਾਵਾ ਨੂੰ ਇੱਕ ਕੂਕੇ ਨੇ ਦੱਸਿਆ ਸੀ ਕਿ ਆਉਂਦੀ ਦੀਵਾਲੀ ਤੱਕ ਗਊ-ਘਾਤ ਖ਼ਤਮ ਹੋ ਜਾਵੇਗਾ ਅਤੇ ਉਹ ਦੇਖਣਗੇ ਕਿ ਹਰ ਪਾਸੇ ਅਕਾਲ-ਅਕਾਲ ਹੋਵੇਗੀ।
ਦੋ ਕੂਕਿਆਂ ਦੀ ਗ੍ਰਿਫ਼ਤਾਰੀ
ਗੁਰਮੁਖ ਸਿੰਘ ਅਤੇ ਕਾਨ੍ਹ ਸਿੰਘ ਦੇ ਕਹੇ ਤੇ ਮੇਜਰ ਡੇਵਿਸ ਅਤੇ ਕ੍ਰਿਸਟੀ ਨੇ ਸੂਬਾ ਰੂੜ੍ਹ ਸਿੰਘ ਅਤੇ ਮਿਸਤਰੀ ਲਹਿਣਾ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ, ਪਰ ਕੋਈ ਕੰਮ ਦੀ ਗੱਲ ਨਾ ਲੱਭ ਸਕੀ ਕਿਉਂਕਿ ਇਹਨਾਂ ਕੂਕਿਆਂ ਨੂੰ ਅਸਲ ਕਹਾਣੀ ਦਾ ਪਤਾ ਨਹੀਂ ਸੀ ਪਰ ਫੇਰ ਵੀ ਇਹਨਾਂ ਦੋਨ੍ਹਾਂ ਨਾਮਧਾਰੀਆਂ ਨੂੰ ਹਵਾਲਾਤ ਵਿੱਚ ਹੀ ਰੱਖਿਆ ਗਿਆ। ਬਾਅਦ ਵਿੱਚ ਮਾਰਚ 1872 ਈ. ਵਿੱਚ ਗੁਰਮੁਖ ਸਿੰਘ ਅਤੇ ਕਾਨ੍ਹ ਸਿੰਘ ਨੇ ਇਸ ਦਿੱਤੀ ਗਈ ਜਾਣਕਾਰੀ ਲਈ ਇਨਾਮ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਸਰਕਾਰ ਨੇ ਪ੍ਰਵਾਨ ਨਹੀਂ ਸੀ ਕੀਤਾ। ਇਹਨਾਂ ਬਾਰੇ ਅਜੇ ਹੋਰ ਪੜਤਾਲਾਂ ਚੱਲ ਹੀ ਰਹੀਆਂ ਸਨ ਕਿ ਰਾਏਕੋਟ ਬੁੱਚੜਖਾਨੇ 'ਤੇ ਵੀ ਹਮਲਾ ਹੋ ਗਿਆ।
ਕਰਨਲ ਬੇਲੀ ਅਤੇ ਕ੍ਰਿਸਟੀ ਨੂੰ ਅੰਮ੍ਰਿਤਸਰ ਬਾਰੇ ਜਾਂਚ ਵਿੱਚੇ ਹੀ ਰੋਕਣੀ ਪਈ ਅਤੇ ਇਹ ਦੋਵੇਂ ਪੁਲਿਸ ਅਫ਼ਸਰ ਲੁਧਿਆਣੇ ਚਲੇ ਗਏ। ਇਸ ਦੌਰਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਬਿਰਚ ਕੋਲ ਕੁਝ ਹੋਰ ਜਾਣਕਾਰੀਆਂ ਕੂਕਿਆਂ ਦੇ ਅੰਮ੍ਰਿਤਸਰ ਕੇਸ ਵਿੱਚ ਸ਼ਾਮਲ ਹੋਣ ਬਾਰੇ ਪੁੱਜਦੀਆਂ ਰਹੀਆਂ। ਇਹਨਾਂ ਵਿੱਚ ਕੌਂਸਲਰ ਦਾ ਇਕ ਹਲਵਾਈ, ਕਿਲ੍ਹਾ ਸੋਭਾ ਸਿੰਘ ਦਾ ਅੰਮ੍ਰਿਤਸਰ ਵਿੱਚ ਰਹਿਣ ਵਾਲਾ ਇੱਕ ਅੱਖ ਤੋਂ ਕਾਣਾ ਹਰੀ ਸਿੰਘ ਬ੍ਰਾਹਮਣ, ਮਿੱਤਰ ਸਿੰਘ ਕਲਾਲ, ਲੱਕੜੀ ਦਾ ਕੰਮ ਕਰਨ ਵਾਲਾ ਸਰਮੁਖ ਸਿੰਘ, ਮਾਹੇ ਸਿੰਘ ਖੱਤਰੀ ਅਤੇ ਸ਼ਹਿਰ ਦੇ ਕੁਝ ਬ੍ਰਾਹਮਣ ਸ਼ਾਮਲ ਸਨ। ਇਹਨਾਂ ਦੇ ਦੱਸਣ ਅਨੁਸਾਰ ਕੂਕੇ ਗਊ-ਘਾਤਕਾਂ ਵਿਰੁੱਧ ਕਾਰਵਾਈ ਕਰਨ ਦੀਆਂ ਗੱਲਾਂ ਕਰਨਾ ਅਤੇ ਸ਼ਹਿਰ ਵਿੱਚ ਇਹਨੀਂ ਦਿਨੀਂ ਪਾਠ, ਭੋਗ ਅਤੇ ਵਿਆਹਾਂ ਵਿੱਚ ਅਰਦਾਸ ਸਮੇਂ ‘ਗਊ-ਸਿੱਖਾਂ ਦਾ ਭਲਾ ਹੋਵੇ, ਦੁਸ਼ਟਾਂ ਦਾ ਨਾਸ ਹੋਵੇ’ ਜ਼ਰੂਰ ਪੜ੍ਹਦੇ ਸਨ ਅਤੇ ਬ੍ਰਾਹਮਣਾਂ ਨੂੰ ਨਹੀਂ ਸਨ ਬੁਲਾਉਂਦੇ। ਇਹਨਾਂ ਸਾਰੀਆਂ ਖ਼ਬਰਾਂ ਬਾਰੇ ਡਿਪਟੀ ਕਮਿਸ਼ਨਰ ਲਿਖਦਾ ਹੈ ਕਿ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਾ ਹੋਣ ਕਰਕੇ ਅਤੇ ਬ੍ਰਾਹਮਣ-ਖੱਤਰੀ ਕੂਕਿਆਂ ਦੇ ਵਿਰੋਧੀ ਹੋਣ ਕਰਕੇ ਐਸੀਆਂ ਗੱਲਾਂ ਕਰਦੇ ਰਹਿੰਦੇ ਹਨ। ਇਸ ਕਾਰਣ ਕੂਕਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ।”
ਦੂਸਰੇ ਪਾਸੇ, ਪਕੜੇ ਗਏ ਸ਼ਹਿਰ ਅੰਮ੍ਰਿਤਸਰ ਦੇ ਬਾਰਾਂ ਵਿਅਕਤੀਆਂ ਵਿਰੁੱਧ ‘ਪੁਖ਼ਤਾ ਸਬੂਤ’ ਮਿਲ ਜਾਣ ਦੀ ਗੱਲ ਕਰਦਿਆਂ ਪੁਲਿਸ ਨੇ ਕੇਸ ਦੀ ਫ਼ਾਈਲ ਤਿਆਰ ਕਰ ਲਈ। ਪਕੜੇ ਜਾਣ ਵਾਲਿਆਂ ਵਿੱਚ ਸ਼ਹਿਰ ਦੇ ਤਿੰਨ ਨਿਹੰਗ, ਇੱਕ ਵੱਡੇ ਰੁਤਬੇ ਵਾਲਾ ਖੱਤਰੀ, ਜਿਸ ਬਾਰੇ ਸ਼ੱਕ ਜ਼ਾਹਰ ਕੀਤਾ ਗਿਆ ਕਿ ਉਸ ਨੇ ਬੁੱਚੜਖਾਨੇ 'ਤੇ ਹਮਲੇ ਦੀ ਸਾਜਿਸ਼ ਰਚੀ ਸੀ, ਬਾਕੀ ਦੇ ਸ਼ਹਿਰ ਦੇ ਬਦਮਾਸ਼ ਜਾਂ ਅਵਾਰਾਗਰਦ ਸਨ। ਇੱਕ ਵਿਅਕਤੀ ਚਸ਼ਮਦੀਦ ਗਵਾਹ ਬਣਕੇ ‘ਵਾਅਦਾ-ਮੁਆਫ਼ ਗਵਾਹ’ ਬਣ ਗਿਆ ਸੀ। ਪੁਲਿਸ ਨੇ ਸਾਰੀ ਕਾਰਵਾਈ ਦਾ ਚੰਗੀ ਤਰਾਂ ਕਾਗਜ਼ੀ-ਢਿੱਡ ਭਰ ਦਿੱਤਾ। ਗ੍ਰਿਫ਼ਤਾਰੀਆਂ ਅਤੇ ਹਥਿਆਰ ਆਦਿ ਦੀ ਬਰਾਮਦੀ ਵੀ ਦਿਖਾ ਦਿੱਤੀ ਗਈ। ਗੱਲ ਕੀ, ਪਲਿਸ ਨੇ ਇਹਨਾਂ ਬਾਰਾਂ ਲੋਕਾਂ ਵਿਰੁੱਧ ਕੇਸ ਤਿਆਰ ਕਰਕੇ ਸੈਸ਼ਨ ਕੋਰਟ ਦੇ ਹਵਾਲੇ ਸਜ਼ਾ ਦੇਣ ਲਈ ਕੀਤਾ, ਉਸ ਨੂੰ ਹਰ ਤਰ੍ਹਾਂ ਨਾਲ ਪੂਰਿਆਂ ਕੀਤਾ ਅਤੇ ਕੋਈ ਕਸਰ ਨਾ ਛੱਡੀ- ਉਪਰੋਕਤ ਬਾਰਾਂ ਬੰਦਿਆਂ ਨੂੰ ਦੋਸ਼ੀ ਸਾਬਤ ਕਰਨ ਦੀ।
ਰਾਏਕੋਟ ਬੁੱਚੜ-ਬੱਧ ਕੇਸ
25 ਜੁਲਾਈ 1871 ਈ. ਤੱਕ ਅੰਮ੍ਰਿਤਸਰ ਬੁੱਚੜ-ਬੱਧ ਕੇਸ ਦੀ ਪੜਤਾਲ ਕ੍ਰਿਸਟੀ ਪੁਲਿਸ ਅਤੇ ਲੋਕਲ ਸਰਕਾਰ ਦੀ ਮਰਜ਼ੀ ਅਨੁਸਾਰ ਚੱਲਦੀ ਰਹੀ। ਬਾਰ-ਬਾਰ ਸੂਹੀਆਂ ਦੇ ਕੂਕਿਆਂ ਬਾਰੇ ਸ਼ੱਕ ਦੀਆਂ ਖ਼ਬਰਾਂ ਦੇਣ ਦੇ ਬਾਵਜ਼ੂਦ ਵੀ ਪੁਲਿਸ ਨੂੰ ਕੂਕਿਆਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ। ਇਸ ਕਰਕੇ ਅੰਮ੍ਰਿਤਸਰ ਬੁੱਚੜ-ਬੱਧ ਕੇਸ ਦੀ, ਯੋਗ ਜਾਸੂਸ ਕ੍ਰਿਸਟੀ ਨੇ ਫੜੇ ਗਏ ਬਾਰਾਂ ਆਦਮੀਆਂ ਬਾਰੇ ਕੇਸ-ਫ਼ਾਈਲ ਹਰ ਤਰਾਂ ਨਾਲ ਪੂਰੀ ਕਰਕੇ ਸ਼ੈਸ਼ਨ ਸੁਪਰਦ ਕਰ ਦਿੱਤੀ। 15 ਜੁਲਾਈ 1871 ਈ. ਨੂੰ ਰਾਏਕੋਟ ਬੁੱਚੜਖਾਨੇ ਉੱਤੇ ਹਮਲਾ ਹੋ ਗਿਆ ਸੀ, ਜਿਸ ਵਿੱਚ ਦੋ ਬੁੱਚੜ ਮਾਰੇ ਗਏ ਅਤੇ ਸੱਤ ਜ਼ਖਮੀ ਹੋਏ। ਵਾਰਦਾਤ ਦੀ ਰਾਤ ਮੀਂਹ ਵੀ ਪਿਆ ਸੀ ਅਤੇ ਝੱਖੜ ਲਗਾਤਾਰ ਚੱਲ ਰਿਹਾ ਸੀ। ਹਾਦਸੇ ਵਾਲੀ ਥਾਂ ਤੋਂ ਥਾਣਾ ਸਿਰਫ਼ ਪੰਜ ਸੌ ਗਜ਼ ਦੀ ਦੂਰੀ ’ਤੇ ਸੀ। ਮੱਦਦ ਲਈ ਲੋਕ ਥਾਣੇ ਪੁੱਜੇ। ਥਾਣੇਦਾਰ ਉਸ ਰਾਤ ਨਗਰ ਤੋਂ ਬਾਹਰ ਸੀ ਅਤੇ ਉਸਦਾ ਨਾਇਬ ਬੁਖ਼ਾਰ ਨਾਲ ਮੰਜੇ ’ਤੇ ਪਿਆ ਹੋਇਆ ਸੀ। ਕੁਝ ਸਿਪਾਹੀ ਮੌਕਾ-ਏ-ਵਾਰਦਾਤ ’ਤੇ ਪੁੱਜੇ। ਵਾਰਦਾਤ ਨੂੰ ਕਾਫ਼ੀ ਸਮਾਂ ਲੰਘ ਗਿਆ ਸੀ ਅਤੇ ਝੱਖੜ ਅਤੇ ਰਾਤ ਕਰਕੇ ਕੁਝ ਵੀ ਨਹੀਂ ਸੀ ਹੋ ਸਕਦਾ। ਹਮਲਾਵਰ ਜਾ ਚੁੱਕੇ ਸਨ। ਸਵੇਰੇ ਪੁਲਿਸ ਨੂੰ ਮੌਕੇ 'ਤੇ ਕੋਈ ਵੀ ਸੁਰਾਗ ਨਾ ਮਿਲਿਆ। ਛੇਤੀ ਹੀ ਪਟਿਆਲਾ ਦੇ ਅਹਿਲਕਾਰ ਵੀ ਮਦਦ ਲਈ ਆ ਗਏ ਅਤੇ ਅੰਮ੍ਰਿਤਸਰ ਤੋਂ ਕ੍ਰਿਸਟੀ ਵੀ ਲੁਧਿਆਣੇ ਪਹੁੰਚ ਗਿਆ। ਪਟਿਆਲੇ ਦੇ ਅਹਿਲਕਾਰ ਆ ਤਫ਼ਤੀਸ਼ ਵਿੱਚ ਸ਼ਾਮਿਲ ਹੋਏ। ਛੇਤੀ ਹੀ ਖੁਰਾ-ਖੋਜੀ ਪੈੜਾਂ ਦੇ ਨਿਸ਼ਾਨ ਦੇਖਦੇ-ਦੇਖਦੇ ਜਲਾਲਦੀਵਾਲ ਅਤੇ ਛੀਨੀਵਾਲ ਪਹੁੰਚ ਗਏ। ਜਲਾਲਦੀਵਾਲ ਵਿਖੇ ਕੂਕਾ ਸਾਧ ਖਜ਼ਾਨ ਸਿੰਘ ਰਹਿੰਦਾ ਸੀ, ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕਈ ਜਾਣਕਾਰੀਆਂ ਉਸ ਤੋਂ ਮਿਲੀਆਂ। ਏਸੇ ਤਰ੍ਹਾਂ ਛੀਨੀਵਾਲ ਤੋਂ ਵੀ ਕਈ ਕੂਕਿਆਂ ਤੋਂ ਪੁੱਛ-ਪੜਤਾਲ ਹੋਈ। ਇੱਕ ਵਿਅਕਤੀ ਨੇ ਦੱਸ ਪਾਈ ਕਿ ਰਾਏਕੋਟ ਦੀ ਘਟਨਾ ਤੋਂ ਕੁਝ ਦਿਨ ਪਹਿਲਾਂ ਨਾਈਵਾਲ, ਜੋ ਰਾਏਕੋਟ ਤੋਂ ਪੰਦਰਾਂ ਕੁ ਮੀਲ ਤੇ ਹੈ, 10-15 ਕੂਕੇ ਇਕੱਠੇ ਦੇਖੇ ਗਏ ਸਨ। ਇਨ੍ਹਾਂ ਸਾਰੀਆਂ ਖ਼ਬਰਾਂ ਦਾ ਨਿਚੋੜ ਇਹ ਨਿਕਲਿਆ ਕਿ ਛੀਨੀਵਾਲ ਦੇ ਦਲ ਸਿੰਘ ਅਤੇ ਉਸ ਦੀ ਘਰ ਵਾਲੀ ਰਾਮ ਕੌਰ ਤੇ ਜਦੋਂ ਸਖ਼ਤੀ ਨਾਲ ਪੁੱਛ-ਪੜਤਾਲ ਹੋਈ ਤਾਂ ਖ਼ਜ਼ਾਨ ਸਿੰਘ, ਦਲ ਸਿੰਘ, ਮੰਗਲ ਸਿੰਘ, ਗੁਰਮੁਖ ਸਿੰਘ ਅਤੇ ਮਸਤਾਨ ਸਿੰਘ ਦੀ ਗ੍ਰਿਫ਼ਤਾਰੀ ਹੋਈ।
ਰਾਏਕੋਟ ਦਾ ਬੁੱਚੜਖਾਨਾ ਪਿੱਥੋਂ ਤੋਂ ਸ੍ਰੀ ਭੈਣੀ ਸਾਹਿਬ ਜਾਣ ਵਾਲੇ ਰਾਹ ਵਿੱਚ ਪੈਂਦਾ ਸੀ, ਇਸ ਕਰਕੇ ਵੀ ਸ਼ਾਇਦ ਪਿੱਥੋਂ ਕਿਆਂ ਨੇ ਰਾਇਕੋਟ ਘਟਨਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਸਾਰੀ ਤਫਤੀਸ਼ ਤੇਜ਼ੀ ਨਾਲ ਪੂਰੀ ਕੀਤੀ ਗਈ ਅਤੇ 26 ਜੁਲਾਈ ਨੂੰ ਸਾਰਾ ਕੇਸ ਸ਼ੈਸ਼ਨ ਜੱਜ ਦੇ ਸਪੁਰਦ ਕਰ ਦਿੱਤਾ ਗਿਆ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਅੰਮ੍ਰਿਤਸਰ ਬੁੱਚੜ ਕੇਸ, ਬਾਰਾਂ ਬੇਦੋਸ਼ਿਆਂ ਦੇ ਖਿਲਾਫ਼ ‘ਪੁਖਤਾ ਸਬੂਤਾਂ’ ਸਹਿਤ ਮੁਕੱਦਮਾ, 25 ਜੁਲਾਈ ਨੂੰ ਸੀ। 27 ਜੁਲਾਈ ਨੂੰ ਸੈਸ਼ਨ ਜੱਜ ਅਤੇ ਕਮਿਸ਼ਨਰ ਅੰਬਾਲਾ, ਮੈਕਨਬ ਨੇ ਰਾਏਕੋਟ ਦੇ ਚਾਰ ਦੋਸ਼ੀਆਂ, ਗੁਲਾਬ ਸਿੰਘ, ਗੁਰਮੁਖ ਸਿੰਘ, ਮੰਗਲ ਸਿੰਘ ਬਾਰੇ ਸੁਣਵਾਈ ਬੱਸੀਆਂ ਕੋਠੀ ਵਿਖੇ ਸ਼ੁਰੂ ਕੀਤੀ। ਚਾਰੋਂ ਕੂਕਿਆਂ ਨੂੰ ਨਾਲ ਲੱਗਦੇ ਨੌਕਰਾਂ ਦੇ ਕਮਰਿਆਂ ਵਿੱਚ ਰੱਖਿਆ ਗਿਆ ਸੀ। ਮੈਕਨਬ ਨੇ ਸੁਣਵਾਈ 27 ਜੁਲਾਈ ਨੂੰ ਸ਼ੁਰੂ ਕਰਕੇ 28 ਜੁਲਾਈ ਸ਼ਾਮ ਤੱਕ ਪੂਰੀ ਕਰ ਲਈ ਅਤੇ ਉਪਰੋਕਤ ਚਾਰੋ ਕੂਕਿਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਕੇ ਕੇਸ ਚੀਫ਼ ਕੋਰਟ ਨੂੰ ਪੁਸ਼ਟੀ ਲਈ ਭੇਜ ਦਿੱਤਾ।
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਉਪਦੇਸ਼
21-22 ਜੁਲਾਈ 1871 ਈ. ਨੂੰ ਸ੍ਰੀ ਭੈਣੀ ਸਾਹਿਬ ਵੱਡਾ ਇਕਠ ਹੋਇਆ ਸੀ ਜਿਸ ਵਿੱਚ ਦੂਰੋਂ-ਦੂਰੋਂ ਸੰਗਤਾਂ ਆਈਆਂ ਸਨ। ਅੰਮ੍ਰਿਤਸਰ ਤੋਂ ਵੀ ਸੰਗਤਾਂ ਆਈਆਂ ਸਨ, ਜਿਨਾਂ ਵਿੱਚ ਲਹਿਣਾ ਸਿੰਘ ਕਾਰੀਗਰ, ਬੀਹਲਾ ਸਿੰਘ ਅਤੇ ਹਾਕਮ ਸਿੰਘ ਵੀ ਸਨ। ਫਤਹਿ ਸਿੰਘ ਕਚਹਿਰੀ ਦੇ ਕੋਲ ਦੁਕਾਨ ਕਰਦਾ ਹੁੰਦਾ ਸੀ, ਉਹ ਦੁਕਾਨ ਦੇ ਕੰਮ ਕਰਕੇ ਸ੍ਰੀ ਭੈਣੀ ਸਾਹਿਬ ਨਹੀਂ ਸੀ ਆਇਆ। ਅੰਮ੍ਰਿਤਸਰ ਬੁੱਚੜ ਕੇਸ ਵਿੱਚ ਦਸ ਨਾਮਧਾਰੀ ਸਿੰਘਾਂ ਨੇ ਹਿੱਸਾ ਲਿਆ ਸੀ ਅਤੇ ਇਹਨਾਂ 'ਚੋਂ ਝੰਡਾ ਸਿੰਘ ਵਾਰਦਾਤ ਤੋਂ ਬਾਅਦ ਕਾਬਲ ਵੱਲ ਚਲਾ ਗਿਆ। ਗੁਲਾਬ ਸਿੰਘ, ਲਛਮਣ ਸਿੰਘ, ਜਵਾਹਰ ਸਿੰਘ ਅਤੇ ਭਗਵਾਨ ਸਿੰਘ ਮਾਲਵੇ ਦੇ ਇਲਾਕੇ ਵਿੱਚ ਚਲੇ ਗਏ। ਇਹ ਚਾਰੋਂ ਸਿੰਘ ਅੰਮ੍ਰਿਤਸਰ ਬੁੱਚੜ ਕੇਸ ਨਾਲ ਸੰਬੰਧਿਤ ਸਨ ਅਤੇ ਰਾਏਕੋਟ ਸਾਕੇ ਵਿੱਚ ਵੀ ਸ਼ਾਮਿਲ ਸਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਅੰਮ੍ਰਿਤਸਰ ਬੁੱਚੜ-ਬੱਧ ਕੇਸ ਵਿੱਚ ਕੂਕਿਆਂ ਦੇ ਸ਼ਾਮਲ ਹੋਣ ਬਾਰੇ ਸ਼ੰਕਾ ਹੈ ਸੀ, ਕਿਉਂਕਿ 1871 ਈ. ਖੋਟੀਂ ਹੋਲੇ ਹੁੰਦੇ ਹੋਏ ਸ੍ਰੀ ਸਤਿਗੁਰੂ ਜੀ ਜਦੋਂ ਮਲੇਰਕੋਟਲੇ ਦੇ ਇਲਾਕੇ ਵਿੱਚ ਰੁਕੇ ਸਨ, ਤਾਂ ਮਿਹਰ ਸਿੰਘ ਤੇ ਝੰਡਾ ਸਿੰਘ ਨੇ ਅੰਮ੍ਰਿਤਸਰ ਗਊ-ਬੱਧ ਬਾਰੇ ਸਤਿਗੁਰੂ ਜੀ ਨਾਲ ਚਰਚਾ ਕੀਤੀ ਸੀ ਅਤੇ ਅੰਮ੍ਰਿਤਸਰ ਬੁੱਚੜਖਾਨੇ ਦੇ ਕਸਾਈਆਂ ਵਿਰੁੱਧ ਕਾਰਵਾਈ ਕਰਨ ਦੀ ਆਗਿਆ ਮੰਗੀ ਸੀ।
ਇਸ ਲਈ 21-22 ਜੁਲਾਈ ਨੂੰ ਜਦੋਂ ਹਾਕਮ ਸਿੰਘ, ਲਹਿਣਾ ਸਿੰਘ ਅਤੇ ਬੀਹਲਾ ਸਿੰਘ ਸ੍ਰੀ ਸਤਿਗੁਰੂ ਜੀ ਪਾਸ ਨਮਸਕਾਰ ਕਰਨ ਲਈ ਆਏ ਤਾਂ ਸਤਿਗੁਰੂ ਜੀ ਨੇ ਅੰਮ੍ਰਿਤਸਰ ਦੇ ਸਾਕੇ ਬਾਰੇ ਉਹਨਾਂ ਨੂੰ ਪੁੱਛਿਆ। ਤਿੰਨਾਂ ਨਾਮਧਾਰੀ ਸਿੰਘਾਂ ਨੇ ਸਭ ਕੁੱਝ ਸੱਚ-ਸੱਚ ਦੱਸ ਦਿੱਤਾ ਅਤੇ ਇਹ ਵੀ ਦੱਸਿਆ ਕਿ ਪੁਲਿਸ ਨੂੰ ਕੂਕਿਆਂ ਉੱਤੇ ਕੋਈ ਸ਼ੱਕ ਨਹੀਂ ਸੀ ਅਤੇ ਬਾਰਾਂ ਬੇਦੋਸ਼ਿਆਂ ਨੂੰ ਤਸੀਹੇ ਦੇ ਕੇ ਕਸਾਈਆਂ ਉੱਤੇ ਹਮਲੇ ਵਿੱਚ ਸ਼ਾਮਲ ਹੋਣ ਬਾਰੇ ਪੁਲਿਸ ਨੇ ਇਕਬਾਲ ਕਰਵਾ ਲਿਆ ਹੈ ਅਤੇ ਮੁਕੱਦਮਾ ਸੈਸ਼ਨ ਕੋਰਟ ਵਿੱਚ ਜਾਣ ਦੀ ਤਿਆਰੀ ਵਿੱਚ ਹੈ। ਇਹ ਸਭ ਸੁਣ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਬਚਨ ਕੀਤਾ ਕਿ ਤੁਹਾਡੀ ਥਾਂ ਬੇਦੋਸ਼ੇ ਫਾਹੇ ਲੱਗ ਰਹੇ ਹਨ। ਮਿਹਨਤ ਤੁਸੀਂ ਕਰੋ ਅਤੇ ਉਸਦਾ ਫ਼ਲ ਕੋਈ ਹੋਰ ਲੈ ਜਾਵੇ, ਇਹ ਠੀਕ ਨਹੀਂ ਹੈ। ਕੱਲ ਨੂੰ ਬੁੱਚੜਾਂ ਨੂੰ ਸੋਧਣ ਅਤੇ ਸ਼ਹੀਦੀਆਂ ਪਾਉਣ ਦੀ ਸੋਭਾ ਇਹਨਾਂ ਬਾਰਾਂ ਸਰੀਰਾਂ ਨੂੰ ਮਿਲੇਗੀ, ਤੁਹਾਡਾ ਕਿਤੇ ਨਾਂ ਨਹੀਂ ਹੋਣਾ। ਕਿਸੇ ਨਹੀਂ ਕਹਿਣਾ ਕਿ ਧਰਮ-ਅਰਥ ਗਊਆਂ ਨੂੰ ਬਚਾਉਣ ਦੀ ਖ਼ਾਤਰ ਕੂਕਿਆਂ ਨੇ ਕਸਾਈ ਵੱਢੇ ਹਨ, ਸ਼ਹੀਦੀਆਂ ਦਿੱਤੀਆਂ ਹਨ- ਸੋ ਤੁਸੀਂ ਆਪ ਜਾ ਕੇ ਇਕਬਾਲੀ ਹੋਵੋ ਅਤੇ ਬੇ-ਗੁਨਾਹਾਂ ਨੂੰ ਛੁਡਾਓ। ਸ੍ਰੀ ਸਤਿਗੁਰ ਜੀ ਦੇ ਬਚਨਾਂ ਅੱਗੇ ਸੀਸ ਨਿਵਾ ਅਤੇ 'ਸਤਿ ਬਚਨ' ਕਹਿ ਕੇ ਇਹ ਤਿੰਨੇ ਸਿੰਘ ਅਗਲੇ ਹੀ ਦਿਨ ਅੰਮ੍ਰਿਤਸਰ ਜਾ ਪੁਲਿਸ ਕੋਲ ਇਕਬਾਲੀ ਹੋਏ ਕਿ ਬੁੱਚੜ ਅਸੀਂ ਵੱਢੇ ਹੈਂ ਅਤੇ ਫੜੇ ਗਏ ਬਾਰਾਂ ਸਰੀਰ ਬੇਗੁਨਾਹੀ ਹੈਨ।
ਕੂਕੇ ਆਪੂੰ ਇਕਬਾਲੀ ਹੋਏ
ਪੁਲਿਸ ਅਤੇ ਸਰਕਾਰੀ ਅਫ਼ਸਰ ਹੈਰਾਨ ਸਨ, ਕੂਕੇ ਸਿੰਘਾਂ ਦੇ ਇਕਬਾਲੀ ਹੋਣ 'ਤੇ। ਬਾਰਾਂ ਵਿਅਕਤੀ ਤਾਂ ਇਸ ਕੇਸ ਵਿੱਚ ਪਹਿਲੋਂ ਹੀ ਇਕਬਾਲੀਆ ਹੋ ਚੁੱਕੇ ਸਨ ਅਤੇ ਨਾਲ ਹੀ ਹਥਿਆਰ ਵੀ ਬਰਾਮਦ ਕਰਵਾ ਚੁੱਕੇ ਸਨ। ਵਾਰਦਾਤ ਵਿੱਚ ਸ਼ਾਮਲ ਹੋਣ ਵਾਲੇ ਵਾਅਦਾ-ਮੁਆਫ਼ ਗਵਾਹ ਵੀ ਗਵਾਹੀਆਂ ਦੇ ਚੁੱਕੇ ਸਨ। ਫੇਰ ਇਹਨਾਂ ਕੂਕਿਆਂ ਦੇ ਇਕਬਾਲੀਆ ਬਿਆਨ ਉੱਤੇ ਇਤਬਾਰ ਕਿਵੇਂ ਕੀਤਾ ਜਾਵੇ। ਅੱਜ ਤੱਕ ਕੋਈ ਵਾਰਦਾਤ ਕਰਨ ਵਾਲਾ ਆਪੂੰ ਇਕਬਾਲੀਆ ਨਹੀਂ ਸੀ ਹੋਇਆ, ਉਹ ਵੀ ਐਸੇ ਕੇਸ ਵਿੱਚ ਜਿਸ ਦੀ ਸਜ਼ਾ ਸਿਰਫ ਫ਼ਾਂਸੀ ਹੀ ਸੀ।
ਪਹਿਲਾਂ ਤਾਂ ਪੁਲਿਸ ਅਤੇ ਅੰਗਰੇਜ਼ ਅਫ਼ਸਰਾਂ ਨੂੰ ਕੂਕੇ ਅਥਵਾ ਨਾਮਧਾਰੀ ਸਿੰਘਾਂ ਦੀ ਗੱਲ 'ਤੇ ਯਕੀਨ ਨਹੀਂ ਹੋਇਆ, ਫੇਰ ਜਦੋਂ ਚਾਰੋਂ ਸਿੰਘਾਂ ਫਤਿਹ ਸਿੰਘ, ਬੀਹਲਾ ਸਿੰਘ, ਲਹਿਣਾ ਸਿੰਘ ਤਰਖਾਣ ਅਤੇ ਹਾਕਮ ਸਿੰਘ ਨੇ ਇਕਬਾਲੀਆ ਬਿਆਨਾਂ ਵਿੱਚ ਵਿਸਥਾਰ ਨਾਲ ਘਟਨਾ ਅਤੇ ਉਸ ਵਿੱਚ ਸ਼ਾਮਿਲ ਹੋਣ ਵਾਲੇ ਨਾਮਧਾਰੀ ਸਿੰਘਾਂ ਦੀ ਜਾਣਕਾਰੀ ਦਿੱਤੀ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕਰਵਾ ਦਿੱਤੇ ਤਾਂ ਪੁਲਿਸ ਅਫ਼ਸਰ ਪਰੇਸ਼ਾਨੀ ਵਿੱਚ ਪੈ ਗਏ। ਉਹਨਾਂ ਨੇ ਤਾਂ ਬਾਰਾਂ ਵਿਅਕਤੀਆਂ ਦੇ ਇਕਬਾਲੀਆ ਬਿਆਨ ਅਤੇ ਹਥਿਆਰ ਬਰਾਮਦੀ ਦਿਖਾ ਕੇ ਵਾਰਦਾਤ ਵਿੱਚ ਸ਼ਾਮਿਲ ਤਿੰਨ ਵਿਅਕਤੀਆਂ ਹੀਰਾ ਸਿੰਘ, ਜੈ ਰਾਮ ਅਤੇ ਅਯਾ- ਦੇ ਬਿਆਨਾਂ ਸਣੇ ਹਰ ਤਰ੍ਹਾਂ ਨਾਲ ਵਾਰਦਾਤ ਦੀ ਫ਼ਾਈਲ ਭਰ ਦਿੱਤੀ ਸੀ ਅਤੇ ਛੇਤੀ ਹੀ ਸਭ ਨੂੰ ਸੈਸ਼ਨ-ਕੋਰਟ ਸਪੁਰਦ ਕਰ ਦੇਣਾ ਸੀ। ਕਿਤੇ ਇਹ ਨਾ ਹੋਵੇ ਕਿ ਕੂਕੇ ਸਿੰਘ ਤਰਸ ਵਿੱਚ ਆ ਕੇ ਪਹਿਲੇ ਪਕੜੇ ਗਏ ਬਾਰਾਂ ਜਣਿਆਂ ਦੀ ਜਾਨ ਬਚਾਉਣ ਲਈ ਇਸ ਤਰ੍ਹਾਂ ਕਰ ਰਹੇ ਹੋਣ ਅਤੇ ਇਹ ਵੀ ਹੋ ਸਕਦਾ ਸੀ ਕਿ ਬਾਅਦ ਵਿੱਚ ਮੁੱਕਰ ਜਾਣ ਅਤੇ ਇੱਕ ਵੇਰਾਂ ਫੇਰ ਸੰਬੰਧਿਤ ਪੁਲਿਸ ਅਫ਼ਸਰਾਂ ਦੀ ਕਿਰਕਿਰੀ ਹੋ ਜਾਵੇ। ਇਸ ਲਈ ਨਾਮਧਾਰੀ ਸਿੰਘਾਂ ਦੇ ਬਿਆਨਾਂ ਦੀ ਚੰਗੀ ਤਰ੍ਹਾਂ ਘੋਖ ਕਰਕੇ ਹੀ ਸਾਰੀ ਗੱਲ ਉੱਪਰਲੇ ਅਫ਼ਸਰਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ।
ਬੇਦੋਸ਼ੇ ਛੁਡਵਾਏ
ਇਕਬਾਲੀਆ ਹੋਏ ਚਾਰੋਂ ਨਾਮਧਾਰੀ ਸਿੰਘ- ਫਤਿਹ ਸਿੰਘ, ਬੀਹਲਾ ਸਿੰਘ, ਲਹਿਣਾ ਸਿੰਘ ਤਰਖਾਣ ਅਤੇ ਹਾਕਮ ਸਿੰਘ ਨੇ ਆਪਣੇ ਬਿਆਨਾਂ ਵਿੱਚ ਬੁੱਚੜਖਾਨੇ ਉੱਤੇ ਹੋਏ ਹਮਲੇ ਵਿੱਚ ਛੇ ਹੋਰ ਸਿੰਘਾਂ ਦੇ ਨਾਂ ਦੱਸੇ। ਇਹ ਨਾਂ ਸਨ- ਮਿਹਰ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ ਜੱਟ, ਲਛਮਣ ਸਿੰਘ, ਭਗਵਾਨ ਸਿੰਘ ਅਤੇ ਗੁਲਾਬ ਸਿੰਘ। ਅਖੀਰਲੇ ਤਿੰਨ ਨਾਵਾਂ ਵਾਲੇ ਸਿੰਘ ਰਾਏਕੋਟ ਹਮਲੇ ਵਿੱਚ ਸ਼ਾਮਿਲ ਸਨ ਅਤੇ ਗੁਲਾਬ ਸਿੰਘ ਦੇ ਪਕੜੇ ਜਾਣ ਤੋਂ ਬਾਅਦ ਲਛਮਣ ਸਿੰਘ ਅਤੇ ਭਗਵਾਨ ਸਿੰਘ ਰੂ-ਪੋਸ਼ ਹੋ ਗਏ ਸਨ। ਝੰਡਾ ਸਿੰਘ ਕਾਬਲ ਵੱਲ ਚਲਾ ਗਿਆ ਸੀ ਅਤੇ ਮਿਹਰ ਸਿੰਘ ਅਤੇ ਲਹਿਣਾ ਸਿੰਘ ਜੱਟ ਵੀ ਰੂ-ਪੋਸ਼ ਹੋ ਚੁੱਕੇ ਸਨ। ਇਸ ਕਰਕੇ ਇਹਨਾਂ ਪੰਜਾਂ ਪਾਸ ਸ੍ਰੀ ਸਤਿਗੁਰੂ ਜੀ ਦਾ ਹੁਕਮ ਨਹੀਂ ਸੀ ਪਹੁੰਚਿਆ। ਅੰਮ੍ਰਿਤਸਰ ਪੁਲਿਸ ਨੇ ਪਹਿਲੋਂ ਬਾਰਾਂ ਪਕੜੇ ਗਏ ਵਿਅਕਤੀਆਂ ਬਾਰੇ ਕੇਸ-ਫ਼ਾਈਲ ਤਾਂ ਜਾਰੀ ਰੱਖੀ ਅਤੇ 26 ਜੁਲਾਈ ਨੂੰ ਸ਼ੈਸ਼ਨ ਜੱਜ ਕੋਲ ਫ਼ਾਈਲ ਭੇਜ ਦਿੱਤੀ। ਪੁਲਿਸ ਨੇ ਇਹ ਕੇਸ ਬਾਅਦ ਵਿੱਚ ਵਾਪਸ ਲਿਆ ਸੀ।
ਰਾਏਕੋਟ ਕੇਸ ਵਿੱਚ ਪਕੜੇ ਗਏ ਨਾਮਧਾਰੀ ਸਿੰਘਾਂ ਦੀ ਕੇਸ-ਫਾਈਲ 26 ਜੁਲਾਈ ਨੂੰ ਹੀ ਬੱਸੀਆਂ ਵਿਖੇ ਸੈਸ਼ਨ ਕੋਰਟ ਵਿੱਚ ਪੇਸ਼ ਕਰ ਦਿੱਤੀ। ਇਹਨਾਂ ਦਿਨਾਂ ਵਿੱਚ ਜਾਸੂਸ ਅਤੇ ਡੀ.ਐਸ.ਪੀ. ਕ੍ਰਿਸਟੀ ਵੀ ਰਾਏਕੋਟ ਕੇਸ ਵਿੱਚ ਲੁਧਿਆਣੇ ਹੀ ਸੀ। ਰਾਏਕੋਟ ਦੇ ਕੇਸ ਵਿੱਚ ਚਾਰ ਨਾਮਧਾਰੀ ਸਿੰਘ- ਗੁਲਾਬ ਸਿੰਘ, ਮੰਗਲ ਸਿੰਘ, ਮਸਤਾਨ ਸਿੰਘ ਅਤੇ ਗੁਰਮੁਖ ਸਿੰਘ ਦਾ ਕੇਸ ਸ਼ੈਸ਼ਨ-ਜੱਜ ਮੈਕਨਬ ਪਾਸ ਆ ਗਿਆ। ਅੰਮ੍ਰਿਤਸਰ ਕੇਸ ਵਿੱਚ ਕੂਕਿਆਂ ਨੇ ਜੋ ਦਸ ਨਾਂ ਦੱਸੇ ਸਨ, ਉਹਨਾਂ ’ਚੋਂ ਗੁਲਾਬ ਸਿੰਘ ਰਾਏਕੋਟ ਕੇਸ ਵਿੱਚ ਗ੍ਰਿਫ਼ਤਾਰ ਸੀ ਅਤੇ ਬਾਕੀ ਦੇ ਰੂਪੋਸ਼ ਸਨ। ਇਸ ਤਰ੍ਹਾਂ ਗੁਲਾਬ ਸਿੰਘ ਦੋਨ੍ਹਾਂ ਕੇਸਾਂ ਵਿੱਚ ਸਾਂਝਾ ਸੀ। ਏਸੇ ਦੌਰਾਨ ਕ੍ਰਿਸਟੀ ਨੇ ਗੁਲਾਬ ਸਿੰਘ ਨੂੰ ਵਾਅਦਾ-ਮੁਆਫ਼ ਗਵਾਹ ਬਣਨ ਲਈ ਪ੍ਰੇਰ ਲਿਆ ਅਤੇ ਜਦੋਂ ਸੈਸ਼ਨ ਜੱਜ ਅਤੇ ਫਿਰ ਚੀਫ਼-ਕੋਰਟ ਨੇ ਰਾਏਕੋਟ ਕੇਸ ਦੇ ਮੁਜਰਮਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਤਾਂ ਕ੍ਰਿਸਟੀ ਗੁਲਾਬ ਸਿੰਘ ਨੂੰ ਵਾਅਦਾ-ਮੁਆਫ਼ ਗਵਾਹ ਬਣਾ ਕੇ ਅੰਮ੍ਰਿਤਸਰ ਗਿਆ ਅਤੇ ਅਗਲੀ ਸਾਰੀ ਕਾਰਵਾਈ- ਪੜਤਾਲ ਇਸ ਤਰ੍ਹਾਂ ਦਰਸਾਈ ਗਈ, ਜਿਵੇਂ ਸਭ ਗ੍ਰਿਫ਼ਤਾਰੀਆਂ ਅਤੇ ਹਥਿਆਰਾਂ ਦੀ ਬਰਾਮਦਗੀ ਗੁਲਾਬ ਸਿੰਘ ਦੀ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਹੀ ਹੋਈਆਂ ਸਨ। ਪਹਿਲਾਂ ਵੀ ਜਿਸ ਤਰ੍ਹਾਂ ਬਾਰਾਂ ਜਣਿਆਂ ਉੱਤੇ ਝੂਠੇ ਕੇਸ ਅਤੇ ਹਥਿਆਰਾਂ ਦੀ ਬਰਾਮਦਗੀ ਦਿਖਾਈ ਗਈ ਸੀ, ਉਸੇ ਤਰ੍ਹਾਂ ਆਪਣੀ ਪਿੱਠ ਥਪਥਪਾਉਣ ਅਤੇ ਸ਼ਾਬਾਸ਼ੀ ਲੈਣ ਲਈ ਇੱਕ ਵਾਰ ਫੇਰ ਝੂਠਾ ਕੇਸ ਬਣਾ ਲਿਆ ਗਿਆ ਅਤੇ ਪਹਿਲੋਂ ਪਕੜੇ ਗਏ ਬਾਰਾਂ ਬੇਦੋਸ਼ਿਆਂ ਨੂੰ ਛੱਡ ਕੇ ਨਾਮਧਾਰੀ ਸਿੰਘਾਂ ਉੱਤੇ ਕੇਸ ਚਲਾਇਆ ਗਿਆ। ਇਹਨਾਂ ਸਿੰਘਾਂ ਦੇ ਨਾਂ ਸਨ- ਫਤਹਿ ਸਿੰਘ, ਬੀਹਲਾ ਸਿੰਘ, ਲਹਿਣਾ ਸਿੰਘ ਪੰਨਵ, ਹਾਕਮ ਸਿੰਘ, ਲਹਿਣਾ ਸਿੰਘ ਲੋਪੋਕੀ, ਮਿਹਰ ਸਿੰਘ, ਝੰਡਾ ਸਿੰਘ, ਭਗਵਾਨ ਸਿੰਘ, ਲਛਮਣ ਸਿੰਘ ਅਤੇ ਗੁਲਾਬ ਸਿੰਘ। ਗੁਲਾਬ ਸਿੰਘ ਵਾਅਦਾ-ਮੁਆਫ਼ ਗਵਾਹ ਬਣ ਗਿਆ ਸੀ। ਲਹਿਣਾ ਸਿੰਘ ਲੋਪੋਕੀ, ਮਿਹਰ ਸਿੰਘ, ਝੰਡਾ ਸਿੰਘ, ਭਗਵਾਨ ਸਿੰਘ, ਲਛਮਣ ਸਿੰਘ ਪਕੜੇ ਨਹੀਂ ਸਨ ਗਏ। ਇਹਨਾਂ ਨੂੰ ਰੂਪੋਸ਼ ਕਰਾਰ ਦਿੱਤਾ ਗਿਆ।
ਸ਼ਹੀਦੀਆਂ
14 ਜੂਨ ਨੂੰ ਵਾਰਦਾਤ ਵਾਲੇ ਹਮਲੇ ਵਿੱਚ ਸਿਪਾਹੀ ਲਾਲ ਸਿੰਘ ਅਤੇ ਲਹਿਣਾ ਸਿੰਘ ਮਿਸਤਰੀ ਸ਼ਾਮਲ ਨਹੀਂ ਸਨ, ਪਰ ਇਹਨਾਂ ਦੋਨਾਂ ਉੱਤੇ ਕਾਤਲਾਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਗਿਆ। ਚਾਰ ਨਾਮਧਾਰੀ ਸਿੰਘ-ਫਤਹਿ ਸਿੰਘ, ਬੀਹਲਾ ਸਿੰਘ, ਲਹਿਣਾ ਸਿੰਘ ਤਰਖਾਣ ਅਤੇ ਹਾਕਮ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਲਾਲ ਸਿੰਘ ਅਤੇ ਲਹਿਣਾ ਸਿੰਘ ਮਿਸਤਰੀ ਨੂੰ ਕਾਲੇ ਪਾਣੀ ਦੀਆਂ ਸਜ਼ਾਵਾਂ ਦੀ ਚੀਫ਼-ਕੋਰਟ ਨੇ ਪੁਸ਼ਟੀ ਕਰ ਦਿੱਤੀ।
ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਨਾਮਧਾਰੀ ਸਿੰਘਾਂ ਦੀ ਸੋਭਾ ਹੋ ਰਹੀ ਸੀ ਜਿਹਨਾਂ ਨੇ ਆਪ ਫਾਂਸੀ ਦੀ ਸਜ਼ਾ ਲੈ ਕੇ ਬੇਦੋਸ਼ਿਆਂ ਨੂੰ ਛੁਡਵਾਇਆ ਸੀ। 15 ਸਤੰਬਰ 1871 ਸਵੇਰੇ ਚਾਰੋਂ ਨਾਮਧਾਰੀ ਸਿੰਘਾਂ ਨੂੰ ‘ਰਾਮ ਬਾਗ’ ਦਰਵਾਜ਼ੇ ਦੇ ਨੇੜੇ ਜੇਲ ਵਿੱਚ ਫਾਂਸੀ ਦਿੱਤੀ ਜਾਣੀ ਸੀ। ਸਿੰਘਾਂ ਦੀ ਇੱਛਾ ਸੀ ਕਿ ਫ਼ਾਂਸੀ ਦੀ ਰੱਸੀ ਪਸ਼ੂਆਂ ਦੀ ਤੰਦੀ ਦੀ ਨਾ ਹੋਵੇ ਅਤੇ ਉਹ ਫਾਂਸੀ ਦੀ ਰੱਸੀ ਆਪ ਆਪਣੇ ਗਲਾਂ ਵਿੱਚ ਪਾਉਣਗੇ, ਜੱਲਾਦ ਉਹਨਾਂ ਨੂੰ ਹੱਥ ਨਾ ਲਗਾਵੇ। ਉਹ ਮਰਨੋਂ ਨਹੀਂ ਡਰਦੇ ਅਤੇ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਜਿਸ ਸਰੋਵਰ ਦੀ ਪਵਿੱਤਰਤਾ ਲਈ ਉਹ ਫ਼ਾਂਸੀ ਚੜਨ ਜਾ ਰਹੇ ਹਨ, ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੀ ਫ਼ਾਂਸੀ ਦਿੱਤੀ ਜਾਵੇ। ਭਾਵੇਂ ਇਹ ਗੱਲਾਂ ਪੁਲਸੀਆ ਕਾਰਵਾਈ ਤੋਂ ਔਖੀਆਂ ਸਨ, ਪਰ ਨਾਮਧਾਰੀ ਸਿੰਘਾਂ ਦੇ ਰਵੱਈਏ ਅਤੇ ਭਾਵਨਾ ਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਨਾਮਧਾਰੀ ਸਿੰਘਾਂ ਦੀ ਮੰਗ ਪ੍ਰਵਾਨ ਕਰ ਲਈ ਅਤੇ ਰੇਸ਼ਮ ਦੀ ਰੱਸੀ ਤਿਆਰ ਕਰਵਾ ਲਈ ਗਈ।
ਉਨੀਵੀਂ ਸਦੀ ਦੇ ਨੌਵੇਂ ਦਹਾਕੇ ਦੇ ਲਿਖਾਰੀ ਅਤੇ ਸਤਿਗੁਰੂ ਬਿਲਾਸ' ਦੇ ਕਰਤਾ ਸੰਤ ਸੰਤੋਖ ਸਿੰਘ ਬਾਹੋਵਾਲ ਫ਼ਾਂਸੀ ਵਾਲੀ ਘਟਨਾ ਨੂੰ ਆਪਣੇ ਗ੍ਰੰਥ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ-
“ਸਿੰਘਾਂ ਨੇ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਕੇ, ਪਾਠ ਕਰਕੇ ਜਾਂ ਭੋਗ ਪਾਇਆ ਚੜ੍ਹਾਈ ਕਰਨੇ ਕਾ, ਤਾਂ ਉਸੇ ਵਕਤ ਸਿਪਾਹੀ ਨੇ ਹੁਕਮ ਆਇ ਸੁਣਾਇਆ ਕਿ ਚਲੋ। ਸਿੰਘ ਢੋਲਕੀ ਬਜਾਇ ਕੇ ਸ਼ਬਦ ਪੜ੍ਹੇ ਗਏ-
ਤੇਰੀ ਸਰਣਿ ਮੇਰੇ ਦੀਨ ਦਇਆਲਾ ॥
ਸੁਖ ਸਾਗਰ ਮੇਰੇ ਗੁਰ ਗੋਪਾਲਾ ॥
ਕਰਿ ਕਿਰਪਾ ਨਾਨਕੁ ਗੁਣ ਗਾਵੈ
ਰਾਖਹੁ ਸਰਮ ਅਸਾੜੀ ਜੀਉ ॥
ਬੜੀ ਉੱਚੀ ਸੁਰ ਨਾਲ ਸ਼ਬਦ ਪੜ੍ਹਿਆ ਸਭ ਨੇ। ਬੀਹਲਾ ਸਿੰਘ ਨੇ ਅਰਦਾਸਾ ਕੀਤਾ ਅਤੇ ਆਏ ਫ਼ਾਂਸੀ ਵਾਲੀ ਜਗ੍ਹਾ ਰਾਮ ਬਾਗ ਕਚਹਿਰੀ ਅਤੇ ਜੇਲ। ਸਿੰਘਾਂ ਦੇ ਚੇਹਰਿਆਂ ਉੱਪਰ ਲਾਲੀਆਂ ਦਗਦੀਆਂ ਹੈਨ। ਬੇ-ਗ਼ਮ ਹੈਂ, ਇਨਾਂ ਕੇ ਮਨ ਮੈ ਮੌਤ ਕਾ ਭੈ ਨਹੀਂ ਹੈ। ਨਿਰਭੈ ਸ਼ਬਦ ਪੜਦੇ ਤਖ਼ਤੇ ਪਰ ਚੜ੍ਹੇ। ਅਰਦਾਸਾ ਚੜ੍ਹਾਈ ਕਾ ਕੀਤਾ ਤੇ ਬੋਲਾ ਇਹ ਕੀਤਾ ਜੋ ਮੈਂ ਤੇਰੇ ਪਰਤਾਪ ਸੇ ਤਖ਼ਤ ਪਰ ਚੜ੍ਹਿਆਂ ਹਾਂ। ਬੜੀ ਨੇਕ-ਨਾਮੀ ਪਾਈ ਹੈ। ਬੜਾ ਔਹਦਾ ਹੋਇਆ ਹੈ। ਬਡੇ ਹੌਸਲੇ ਵਾਲਿਆਂ ਨੇ ਜੱਲਾਦ ਨੇੜੇ ਨਹੀਂ ਆਉਣ ਦਿੱਤਾ। ਆਪਣੀ ਹੱਥੀਂ ਰੇਸ਼ਮ ਕੇ ਰੱਸੇ ਗਲਾਂ ਮੈ ਪਾਏ।”
15 ਸਤੰਬਰ 1871 ਦਿਨ ਸ਼ੁੱਕਰਵਾਰ ਸਵੇਰੇ ਸੂਰਜ ਚੜ੍ਹਦੇ ਨਾਲ ਚਾਰੋਂ ਨਾਮਧਾਰੀ ਸਿੰਘ ਫ਼ਾਂਸੀਆਂ ਤੇ ਝੂਲ ਗਏ। ਹਾਕਮ ਸਿੰਘ ਪਟਵਾਰੀ ਦੀ ਵਿਧਵਾ ਮਾਂ ਨੇ ਚਾਰਾਂ ਸ਼ਹੀਦਾਂ ਦਾ ਸਸਕਾਰ ਕੀਤਾ। ਉਹ ਨੇਕ-ਨਾਮੀ ਅਤੇ ਸੋਭਾ ਪਾ ਕੇ ਗੁਰਪੁਰੀ ਨੂੰ ਗਏ। ਝੰਡਾ ਸਿੰਘ ਕਾਬਲ ਤੋਂ ਵਾਪਿਸ ਆਇਆ ਅਤੇ ਉਸ ਨੂੰ ਵੀ ਪਕੜ ਕੇ ਅਗਸਤ 1873 ਈ. ਵਿੱਚ ਫ਼ਾਂਸੀ ਦੇ ਦਿੱਤੀ ਗਈ। ਸਿਪਾਹੀ ਲਾਲ ਸਿੰਘ ਅਤੇ ਲਹਿਣਾ ਸਿੰਘ ਮਿਸਤਰੀ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ ਅਤੇ ਇਹ ਦੋਵੇਂ ਗੁਰੂ ਕੇ ਲਾਲ ਉੱਧਰੇ ਹੀ ਚੜ੍ਹਾਈ ਕਰ ਗਏ। ਮਿਹਰ ਸਿੰਘ ਆਪਣਾ ਨਾਂ ਬਦਲ ਕੇ ‘ਸੰਤ ਸਿੰਘ’ ਰੱਖ ਭੈਣੀ ਸਾਹਿਬ ਰਹਿਣ ਲੱਗ ਪਿਆ। ਇਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਅਤੇ ਅੰਮ੍ਰਿਤਸਰ ਸ਼ਹਿਰ ਦੀ ਪਵਿੱਤਰਤਾ ਲਈ ਕੁੱਲ ਪੰਜ ਸਿੰਘਾਂ ਨੇ ਫਾਂਸੀ ਚੜ੍ਹਕੇ ਅਤੇ ਦੋ ਨੇ ਕਾਲੇ ਪਾਣੀ ਜਾ ਕੇ ਆਪਣੇ ਪ੍ਰਾਣ ਨਿਛਾਵਰ ਕੀਤੇ। ਇਹਨਾਂ ਸਿੰਘਾਂ ਦੀ ਕੁਰਬਾਨੀ ਸਦਾ ਯਾਦ ਰੱਖੀ ਜਾਵੇਗੀ।
ਜਸਵਿੰਦਰ ਸਿੰਘ ਹਿਸਟੋਰੀਅਨ