ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਦੀ ਸੁਤੰਤਰਤਾ ਲਈ ਜੋ ਲਹਿਰ ਚਲਾਈ ਹੋਈ ਸੀ, ਉਸ ਨੂੰ ਦਬਾਉਣ ਲਈ ਮਲੇਰਕੋਟਲੇ ਦੀ ਘਟਨਾ ਤੋਂ ਬਾਅਦ ੧੮ ਜਨਵਰੀ ੧੮੭੨ ਈ: ਨੂੰ ਸ੍ਰੀ ਸਤਿਗੁਰੂ ਜੀ ਅਤੇ ਉਹਨਾਂ ਦੇ ਪ੍ਰਮਖ ਸੂਬਿਆਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਤੋਂ ਬਾਹਰ ਭੇਜ ਦਿੱਤਾ ਤਾਂ ਜੋ ਦੇਸ਼ ਦੀ ਸੁਤੰਤਰਤਾ ਦੇ ਪ੍ਰਰਨਾ ਸਰੋਤ, ਇਸ ਅਸਥਾਨ ਤੋਂ ਹਰ ਤਰ੍ਹਾਂ ਦੇ ਪ੍ਰਚਾਰ ਨੂੰ ਰੋਕਿਆ ਜਾ ਸਕੇ। ਚੌਕੀ ਦੇ ਸਿਪਾਹੀਆਂ ਨੂੰ ਸਖ਼ਤ ਹਿਦਾਇਤਾਂ ਦੇ ਕੇ ਏਥੇ ਭੇਜਿਆ ਜਾਂਦਾ ਸੀ, ਜੋ ਡਿਓਡੀ ਦੇ ਵਿਚਕਾਰ ਮੇਜ਼ ਕੁਰਸੀਆਂ ਲਗਾ ਕੇ ਬੈਠਦੇ ਅਤੇ ਸਭ ਤੇ ਘੋਖਵੀਂ ਨਜ਼ਰ ਰੱਖਦੇ। ਚੌਕੀ ਦੇ ਸਿਪਾਹੀ ਇਕ ਦਿਨ ਵਿਚ ਪਹਿਲਾਂ ਕੇਵਲ ਪੰਜਾਂ ਅਤੇ ਕੁਝ ਵਰ੍ਹਿਆਂ ਬਾਅਦ ਦਸ ਦਰਸ਼ਨਾਰਥੀਆਂ ਨੂੰ ਹੀ ਪੂਰੀ ਜਾਣਕਾਰੀ ਲਿਖ ਕੇ ਡੇਰੇ ਅੰਦਰ ਜਾਣ ਦਿੰਦੇ ਸਨ। ਇਹ ਸਿਪਾਹੀ ਡੇਰੇ ਵਿਚ ਰਹਿਣ ਵਾਲਿਆਂ ਅਤੇ ਦਰਸ਼ਨ ਕਰਨ ਆਉਣ ਵਾਲਿਆਂ ਨੂੰ ਬਹੁਤ ਤੰਗ ਕਰਦੇ, ਮੰਦਾ ਬੋਲਦੇ, ਧੱਕੇ ਮਾਰਦੇ ਅਤੇ ਹੁਕੇ ਗੁੜਗੜਾਉਦ। ਏਥੋਂ ਤੱਕ ਕਿ ਦਰਸ਼ਨ ਕਰਨ ਆਉਣ ਵਾਲਿਆਂ ਨੂੰ ਲੰਗਰ ਚੋਂ ਪ੍ਰਸ਼ਾਦਾ ਵੀ ਨਹੀਂ ਸਨ ਲੈਣ ਦਿੰਦੇ।
ਪੁਲਿਸ ਦੀ ਸਖ਼ਤੀ ਲਗਾਤਾਰ ਇਕਵੰਜਾ ਸਾਲ ਜਾਰੀ ਰਹੀ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਲਗਾਤਾਰ ਜਤਨਾਂ ਸਦਕਾ ਹੀ ਮਈ ੧੯੨੩ ਈ: ਵਿੱਚ ਚੌਕੀ ਚੁਕੀ ਜਾ ਸਕੀ। ਭਾਰਤ ਦੇ ਸੁਤੰਤਰਤਾ ਸੰਘਰਸ਼ ਦੌਰਾਨ ਹੋਰ ਕਿਸੇ ਵੀ ਅਜ਼ਾਦੀ ਲਹਿਰ ਦੇ ਹੈਡਕੁਆਰਟਰ ਮੂਹਰੇ ਪੁਲਿਸ ਗਾਰਦ ਏਨੇ ਲੰਮੇ ਸਮੇਂ ਲਈ ਨਹੀਂ ਬਿਠਾਈ ਗਈ।