ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਅਨਿੰਨ ਸੇਵਕ ਭਾਈ ਲਹਿਣਾ ਸਿੰਘ ਨੇ ਸਤਿਗੁਰੂ ਜੀ ਦੇ ਇਕਾਂਤ ਵਿੱਚ ਨਾਮ ਸਿਮਰਨ ਕਰਨ ਦੀ ਇੱਛਾ ਨੂੰ ਧਿਆਨ ਵਿੱਚ ਰੱਖਕੇ ਇਹ ਸਥਾਨ ਭੇਟ ਕੀਤਾ ਸੀ। ਏਥੇ ਕੱਚੀ ਕੋਠੜੀ ਵਿੱਚ ਇੱਕ ਥੜ੍ਹਾ ਬਣਾਇਆ ਅਤੇ ਥੜ੍ਹੇ ਦੇ ਚਾਰੇ ਪਾਸੇ ਪਾਣੀ ਦੀ ਖੇਲ ਬਣਾਈ ਤਾਂ ਜੋ ਤਪੱਸਿਆ ਕਰਦਿਆਂ ਕੋਈ ਕੀੜਾ ਅੰਦਰ ਆ ਕੇ ਬਿਰਤੀ ਵਿੱਚ ਵਿਘਨ ਨਾ ਪਾਵੇ। ਇਕ ਥੜ੍ਹਾ ਕੋਠੜੀ ਦੇ ਬਾਹਰ ਬੈਠ ਕੇ ਨਾਮ ਸਿਮਰਨ ਕਰਨ ਲਈ ਵੀ ਬਣਾਇਆ ਗਿਆ।
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਸ ਅਸਥਾਨ ਤੇ ਲੰਮਾ ਸਮਾਂ ਤਪ ਕੀਤਾ, ਜਿਸ ਕਰਕੇ ਇਹ ਥਾਂ ਅਕਾਲ-ਬੁੰਗੇ ਦੇ ਨਾਮ ਨਾਲ ਪ੍ਰਸਿੱਧ ਹੈ। ੧੩ ਜਨਵਰੀ ੧੮੭੨ ਈ: ਨੂੰ ਗਊ ਗਰੀਬ ਅਤੇ ਦੇਸ਼ ਦੀ ਸੁਤੰਤਰਤਾ ਲਈ ਸ: ਹੀਰਾ ਸਿੰਘ ਦੀ ਅਗਵਾਈ ਵਿੱਚ ਸ਼ਹੀਦੀ ਜਥਾ ਏਥੋਂ ਹੀ ਮਲੇਰਕੋਟਲੇ ਨੂੰ ਰਵਾਨਾ ਹੋਇਆ ਸੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਅਕਾਲ ਬੁੰਗੇ ਦੇ ਇਸ ਇਤਿਹਾਸਕ ਸਥਾਨ ਨੂੰ ਪੁਰਾਤਨ ਰੂਪ ਵਿਚ ਸੰਭਾਲਣ ਦੀ ਕਿਰਪਾ ਕੀਤੀ ਹੈ।