ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਸ਼ਰਧਾਵਾਨ ਸਿੱਖ ਸੰਤ ਕਮਲਜੀਤ ਸਿੰਘ ਪੁੱਤਰ ਸੰਤ ਸੁਰਿੰਦਰ ਸਿੰਘ ਮੱਲੂਵਾਲ ਵਾਲੇ ੨੦ ਜੁਲਾਈ ੨੦੧੦ ਨੂੰ ਆਪਣੇ ਸਵਾਸਾਂ ਦੀ ਪੂੰਜੀ ਮੁਕਾ ਕੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦਾ ਜਨਮ ੨੦ ਅਕਤੂਬਰ ੧੯੫੫ ਦਾ ਸੀ। ਉਹ ਆਪਣੇ ਤਿੰਨ ਭਰਾਵਾਂ-ਸਰਬ ਸੰਤ ਇੰਦਰਜੀਤ ਸਿੰਘ, ਮਨਜੀਤ ਸਿੰਘ ਤੇ ਖੁਸ਼ਵਿੰਦਰ ਸਿੰਘ ਅਤੇ ਦੋ ਭੈਣਾਂ ਬੀਬੀ ਅੰਮ੍ਰਿਤ ਕੌਰ-ਸੰਤ ਜਸਬੀਰ ਸਿੰਘ ਦਿੱਲੀ ਅਤੇ ਬੀਬੀ ਗੁਰਜੀਤ ਕੌਰ-ਸੰਤ ਗੁਰਮੁਖ ਸਿੰਘ ਸ਼ਾਹ ਮਾਨਸਾ ਵਿੱਚੋਂ ਚੌਥੇ ਨੰਬਰ ’ਤੇ ਸਨ।
ਸੰਤ ਕਮਲਜੀਤ ਸਿੰਘ ੨੦ ਜੁਲਾਈ ਨੂੰ ਆਪਣੇ ਇੱਕ ਸਾਥੀ ਨਾਲ ਅੰਮ੍ਰਿਤਸਰ ਜਾਣ ਲਈ ਨਵੀਂ ਦਿੱਲੀ ਸਟੇਸ਼ਨ ਤੇ ਪਹੁੰਚੇ। ਸ਼ਤਾਬਦੀ ਟਰੇਨ ਚੱਲਣ ਦਾ ਸਮਾਂ ਸੱਤ ਵੱਜ ਕੇ ਵੀਹ ਮਿੰਟ ਦਾ ਸੀ। ਜਦੋਂ ਇਹ ਗੱਡੀ ਵਿੱਚ ਆਪਣੀ ਸੀਟ ਤੇ ਬੈਠੇ, ਤਾਂ ਉਸੇ ਵਕਤ ਗੰਭੀਰ ਹਾਰਟ ਅਟੈਕ ਆਇਆ ਅਤੇ ਸੱਤ ਵੱਜ ਕੇ ਦਸ ਮਿੰਟ ਤੇ ਚੜ੍ਹਾਈ ਕਰ ਗਏ। ਸ਼ਾਮ ਨੂੰ ਹੀ ਉਹਨਾਂ ਦਾ ਸਸਕਾਰ ਪੰਜਾਬੀ ਬਾਗ ਸ਼ਮਸ਼ਾਨ ਭੂਮੀ ਵਿੱਚ ਕੀਤਾ ਗਿਆ। ਸਸਕਾਰ ਸਮੇਂ ਵੱਖ-ਵੱਖ ਪਾਰਟੀਆਂ ਦੇ ਆਗੂ, ਵਰਕਰ ਅਤੇ ਸਾਧ ਸੰਗਤ ਦਾ ਭਾਰੀ ਇਕੱਠ ਸੀ।
ਉਹ ਕਾਲਜ ਸਮੇਂ ਤੋਂ ਹੀ ਰਾਜਨੀਤੀ ਅਤੇ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੇ ਸਨ। ਉਹਨਾਂ ਸ਼ਿਵਾ ਜੀ ਕਾਲਜ ਵਿੱਚ ਪੜ੍ਹਦਿਆਂ ਆਪਣੇ ਰਾਜਨੀਤੀ ਅਤੇ ਖੇਡਾਂ ਪ੍ਰਤੀ ਰੁਝਾਨ ਨੂੰ ਹੋਰ ਪੱਕਿਆਂ ਕੀਤਾ। ਉਹ ਕ੍ਰਿਕਟ ਦੇ ਬਹੁਤ ਸ਼ੌਕੀਨ ਸਨ।