ਸ੍ਰੀ ਭੈਣੀ ਸਾਹਿਬ ਦੀ ਤਪੋ ਭੂਮੀ ਤੇ ਅਖੰਡਾਂ ਪਾਠਾਂ ਦਾ ਪ੍ਰਵਾਹ ਆਰੰਭ
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਸ੍ਰੀ ਭੈਣੀ ਸਾਹਿਬ ਦੀ ਤਪੋ ਭੂਮੀ ਤੇ ਪਵਿੱਤਰ ਗੁਰਬਾਣੀ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦਾ ਪ੍ਰਵਾਹ ਆਰੰਭ ਹੋਇਆ। ਸ੍ਰੀ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਪੂਜਯ ਮਾਤਾ ਚੰਦ ਕੌਰ ਜੀ ਅਤੇ ਸੰਤ ਜਗਤਾਰ ਸਿੰਘ ਜੀ ਦੇ ਪ੍ਰਬੰਧ ਹੇਠ ਉਲੀਕੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਅਖੰਡ ਪਾਠਾਂ ਦੇ ਮਹਾਨ ਇਸ ਪ੍ਰਯੋਗ ਵਿੱਚ ਆਪੋ-ਆਪਣਾ ਯੋਗਦਾਨ ਪਾਉਣ ਲਈ ੧੫ ਦਸੰਬਰ ਤੱਕ ਸ੍ਰੀ ਭੈਣੀ ਪਹੁੰਚਣ ਲਈ ਸੱਦਾ ਦਿੱਤਾ ਗਿਆ ਸੀ। ਪਾਠੀ, ਧੂਪੀਏ ਅਤੇ ਸੇਵਾਦਾਰ ਇਸ ਮਹਾਨ ਕਾਰਜ ਵਿੱਚ ਹਿੱਸਾ ਲੈਣ ਲਈ ਬੜੇ ਉਤਸ਼ਾਹ ਨਾਲ ਪਹੁੰਚ ਰਹੇ ਸਨ। ਰਾਮ ਸਰੋਵਰ ਦੇ ਕੰਢੇ ਬਣੇ ਹਵਨ ਮੰਡਪ ਨੂੰ ਉਚੇਚੇ ਤੌਰ ਤੇ ਇਸ ਕਾਰਜ ਲਈ ਤਿਆਰ ਕੀਤਾ ਗਿਆ ਸੀ। ਮੌਸਮ ਦੀ ਨਜ਼ਾਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸਥਾਨ ਨੂੰ ਵਾਟਰ ਪਰੂਫ ਕੀਤਾ ਗਿਆ। ੧੬ ਦਿਸੰਬਰ ਨੂੰ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਸਾਰੇ ਪਾਠੀ ਸਿੰਘ ਸੁੱਚ-ਸੋਧ ਮਰਿਯਾਦਾ ਦੇ ਧਾਰਨੀ ਹੋ ਕੇ ਤਿਆਰ ਸਨ। ਸਾਰੀ ਤਿਆਰੀ ਹੋਣ ਉਪਰੰਤ ਦੁਪਿਹਰ ੨ ਵੱਜ ਕੇ ੪੦ ਮਿੰਟ ਤੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਾਠਾਂ ਲਈ ਤਿਆਰ ਕੀਤੇ ਕੰਪਲੈਕਸ ਵਿੱਚ ਪਾਠੀ ਸਿੰਘਾਂ ਨੂੰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕੀਤੀ। ਸ੍ਰੀ ਸਤਿਗੁਰੂ ਰਾਮ ਸਿੰਘ ਵੱਲੋਂ ਉਚੇਚੇ ਆਪਣੇ ਵਿਦੇਸ਼ ਤੋਂ ਲਿਖੇ ਹੋਏ ਹੁਕਮਨਾਮੇ ਵਿੱਚ ਦਰਸਾਈ ਸੁੱਚ ਸੋਧ ਦੀ ਮਰਿਯਾਦਾ ਅਨੁਸਾਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ ਹਜ਼ੂਰੀ ਵਿੱਚ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੇ ਆਰੰਭ ਸਮੇਂ ੨੧ ਅਖੰਡ ਪਾਠ ਆਰੰਭ ਕੀਤੇ ਗਏ। ਸ੍ਰੀ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਆਰੰਭ ਹੋਏ ਇਹਨਾਂ ਅਖੰਡ ਪਾਠਾਂ ਦੇ ਪ੍ਰਵਾਹ ਦੀ ਸਮਾਪਤੀ ਮਿਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ੧ ਜਨਵਰੀ ੨੦੧੨ ਦਿਨ ਐਤਵਾਰ ਨੂੰ ਹੋਵੇਗੀ।
ਰਿਪੋਰਟ - ਸੂਬਾ ਬਲਵਿੰਦਰ ਸਿੰਘ ਝੱਲ