ਮਿਤੀ ੧੨-੦੫-੨੦੧੩ ਮੁਤਾਬਿਕ ੨੭ਵੈਸਾਖ ੨੦੭੦, ਦਿਨ ਐਤਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਵੇਰੇ ੪:੩੨ ਮਿੰਟ ਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਪਲੇਠੇ ਦੌਰੇ ਲਈ ਸ੍ਰੀ ਭੈਣੀ ਸਾਹਿਬ ਤੋਂ ਸਮੇਤ ਪੂਜਯ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕਾਂ ਸਹਿਤ ਰਵਾਨਾ ਹੋਏ। ਨਵਾਂ ਸ਼ਹਿਰ, ਗੜਸ਼ੰਕਰ, ਊਨਾ ਹੁੰਦੇ ਹੋਏ ੯:੨੫ ਤੇ ਸਲਾਪੜ ਪਹੁੰਚੇ ਜਿੱਥੇ ਨਾਮਧਾਰੀ ਸਾਧ ਸੰਗਤ ਨੇ ਬੜੀ ਗਰਮਜੋਸ਼ੀ ਨਾਲ ਸ੍ਰੀ ਸਤਿਗੁਰੂ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਆਗਤ ਕੀਤਾ। ਸੁੰਦਰਨਗਰ ਨਾਮਧਾਰੀ ਧਰਮਸ਼ਾਲਾ ਵਿਖੇ ੧:੩੦ ਮਿੰਟ ਤੇ ਪਹੁੰਚੇ ਜਿੱਥੇ ਇਲਾਕੇ ਦੀ ਸਾਧ ਸੰਗਤ ਨੇ ਸ੍ਰੀ ਸਤਿਗੁਰੂ ਜੀ ਨੂੰ ਆਦਰ ਸਹਿਤ ਨਮਸਕਾਰ ਕਰਕੇ ਆਪਣੇ ਧੰਨ ਭਾਗ ਸਮਝੇ।
ਸੁੰਦਰਨਗਰ ਤੋਂ ਸ੍ਰੀ ਸਤਿਗੁਰੂ ਜੀ ਦੀਆਂ ਗੱਡੀਆਂ ਦਾ ਕਾਫਲਾ ਕਾਫੀ ਵੱਡੀ ਤਦਾਦ ਵਿੱਚ ਸੀ। ਮੰਡੀ ਮੇਨ ਬਜ਼ਾਰ ਦੇ ਰਸਤੇ ਹੁੰਦੇ ਹੋਏ ਸ੍ਰੀ ਸਤਿਗੁਰੂ ਜੀ ਨੇ ੧੨ ਵੱਜ ਕੇ ੧੩ ਮਿੰਟ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਚਰਨਸ਼ੋਹ ਪ੍ਰਪਾਤ ਅਤੇ ਨਿਵਾਸ ਅਸਥਾਨ ਬਿਆਸ ਦਰਿਆ ਦੇ ਕੰਡੇ ਵਾਲੀ ਕੋਠੀ ਜਿਸ ਨੂੰ ਹੁਣ ਨਵੀਂ ਦਿਖ ਪ੍ਰਦਾਨ ਕੀਤੀ ਹੈ ਵਿਖੇ ਪਹੁੰਚੇ। ਸਾਧ ਸੰਗਤ ਕਾਫੀ ਵੱਡੀ ਗਿਣਤੀ ਵਿੱਚ ਬੀਬੀਆਂ, ਬੱਚੇ ਅਤੇ ਨੌਜਵਾਨ ਸ੍ਰੀ ਸਤਿਗੁਰੂ ਜੀ ਦੇ ਸਵਾਗਤ ਲਈ ਹਾਜ਼ਰ ਸਨ। ਨੌਜਵਾਨਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਸਤਿਗੁਰੂ ਜੀ ਅਤੇ ਮਾਤਾ ਜੀ ਨੂੰ ਜੀ ਆਇਆਂ ਆਖਿਆ। ਇੱਥੇ ਸਾਧ ਸੰਗਤ ਨੂੰ ਦਰਸ਼ਨ ਦੇਣ ਉਪਰੰਤ ਰਾਮ ਹਰੀ ਮੋਟਰਜ਼ ਰਾਣੀ ਬਾਈ ਸੰਤ ਗੁਰਦੇਵ ਸਿੰਘ ਚੰਨ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪੰਡੋਹ ਵਿਖੇ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਉਪਰੰਤ ਮੰਡੀ ਵਿਖੇ ਡਾ: ਜੈਇੰਦਰ ਸਿੰਘ ਸਪੁੱਤਰ ਸੂਬਾ ਜੈਮਲ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕੀਤੀ। ਮੰਡੀ ਕੋਠੀ ਵਿਖੇ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਿਮਾਚਲ ਪ੍ਰਦੇਸ਼ ਠਾਕੁਰ ਕੌਲ ਸਿੰਘ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਏ।
ਸ਼ਾਮ ਨਾਮ ਸਿਮਰਨ ਦਾ ਪ੍ਰੋਗਰਾਮ ਰਾਮ ਹਰੀ ਮੰਦਰ ਰਾਣੀ ਬਾਈ ਵਿਖੇ ਸੀ। ਨਾਮ ਮਿਰਨ ੩:੧੦ ਤੋਂ ੭:੧੦ ਤੱਕ ਹੋਇਆ , ਉਪਰੰਤ ਕੀਰਤਨ ਸਮਾਪਤੀ ਤੋਂ ਬਾਅਦ ਸਤਿੰਦਰ ਸਿੰਘ ਨੇ ਬੜੇ ਹੀ ਭਾਵ ਪੂਰਵਕ ਸ਼ਬਦਾਂ ਵਿੱਚ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੂੰ ਮੰਡੀ ਦਰਸ਼ਨ ਦੇਣ ਤੇ ਜੀ ਆਇਆ ਆਖਿਆਂ ਅਤੇ ਧੰਨਵਾਦ ਕੀਤਾ। ਸੰਤ ਮਨਜੀਤ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਸਤਿਗੁਰੂ ਸ਼ਬਦ ਦੀ ਮਹਾਨਤਾ ਬਾਰੇ ਦੱਸਿਆ। ਜ: ਸਾਧਾ ਸਿੰਘ ਦੇ ਪ੍ਰੋਗਰਾਮ ਅਨਾਊਸ ਕਰਨ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸਾਧ ਸੰਗਤ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਦੇਣ ਦੀ ਕ੍ਰਿਪਾ ਕੀਤੀ।