Sri Bhaini Sahib

Official website of central religious place for Namdhari Sect
RiseSet
06:10am06:46pm

ਮਰਗੋਈ (ਬਰਮਾ) ਨਵੰਬਰ 1885 ਈ. ਤੋਂ ਬਾਅਦ ਸਤਿਗੁਰੂ ਰਾਮ ਸਿੰਘ ਦਰਸ਼ਨ

Date: 
22 Mar 2025

(ਸਤਿਜੁਗ ਬਸੰਤ ਅੰਕ 2025 ਵਿਚੋਂ)

ਮਰਗੋਈ (ਬਰਮਾ) ਨਵੰਬਰ 1885 ਈ. ਤੋਂ ਬਾਅਦ ਸਤਿਗੁਰੂ ਰਾਮ ਸਿੰਘ ਦਰਸ਼ਨ

ਨਾਮਧਾਰੀ ਇਤਿਹਾਸ ਵਿੱਚ 1871-72 ਈ. ਦਾ ਸਮਾਂ ਸ਼ਹੀਦੀ ਸਾਕਿਆਂ ਦਾ ਵਰ੍ਹਾ ਹੈ। ਅੰਮ੍ਰਿਤਸਰ, ਲੁਧਿਆਣੇ ਨਾਮਧਾਰੀ ਸਿੰਘਾਂ ਨੇ ਆਪਣੇ ਗਲਾਂ ਵਿੱਚ ਆਪ ਫਾਂਸੀਆਂ ਦੇ ਰੱਸੇ ਪਾ ਕੇ ਸ਼ਹਾਦਤਾਂ ਦੇ ਕੇ ਖਾਲਸੇ ਦੇ ਸੂਰਬੀਰਤਾ ਅਤੇ ਕੁਰਬਾਨੀਆਂ ਦੇ ਇਤਿਹਾਸ ਨੂੰ ਮੁੜ ਦੁਹਰਾਇਆ। ਬਰਤਾਨਵੀ ਸਰਕਾਰ ਕਿਸੇ ਤਰ੍ਹਾਂ ਵੀ ਕੋਈ ਬਹਾਨਾ ਬਣਾ ਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇਣਾ ਚਾਹੁੰਦੀ ਸੀ। ਰਾਇਕੋਟ ਦੇ ਬੁੱਚੜ-ਬੱਧ ਕੇਸ ਵਿੱਚ ਵੀ ਸਤਿਗੁਰੂ ਰਾਮ ਸਿੰਘ ਜੀ ਨੂੰ ਬੱਸੀਆਂ ਕੋਠੀ ਸੱਦਿਆ ਗਿਆ। ਪਰ ਸਰਕਾਰ ਸਿੱਧੇ ਤੌਰ ਤੇ ਸਤਿਗੁਰੂ ਜੀ ਤੇ ਕੋਈ ਦੋਸ਼ ਸਿੱਧ ਨਾ ਕਰ ਸੱਕੀ। ਜਨਵਰੀ 1872 ਈ. ਵਿੱਚ ਮਲੇਰਕੋਟਲੇ ਬੁੱਚੜ ਬੱਧ ਸਾਕਾ ਵਾਪਰ ਗਿਆ। ਬੇਸ਼ੱਕ ਇਸ ਸਾਕੇ ਵਿੱਚ ਵੀ ਸਤਿਗੁਰੂ ਜੀ ਤੇ ਕੋਈ ਦੋਸ਼ ਸਾਬਤ ਨਹੀਂ ਸੀ ਹੁੰਦਾ ਪਰ ਕਿਉਂਕਿ ਇਹ ਸਿੰਘਾਂ ਦਾ ਜਥਾ ਚੱਲਿਆ ਭੈਣੀ ਸਾਹਿਬੋਂ ਸੀ, 17-18 ਜਨਵਰੀ ਨੂੰ 65 ਨਾਮਧਾਰੀ ਸਿੰਘਾਂ ਨੂੰ ਤੋਪਾਂ ਨਾਲ ਅਤੇ ਇਕ ਬਾਲਕ ਬਿਸ਼ਨ ਸਿੰਘ ਨੂੰ ਤਲਵਾਰ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸੇ ਸਾਕੇ ਦਾ ਬਹਾਨਾ ਬਣਾ ਕੇ ਅੰਗਰੇਜ਼ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ 17 ਜਨਵਰੀ ਰਾਤ ਨੂੰ ਸ੍ਰੀ ਭੈਣੀ ਸਾਹਿਬੋਂ ਲੁਧਿਆਣੇ, 18 ਨੂੰ ਅੰਮ੍ਰਿਤ ਵੇਲੇ ਰੇਲ ਤੇ ਇਲਾਹਾਬਾਦ ਵਾਸਤੇ ਰਵਾਨਾ ਕਰ ਦਿੱਤਾ। 10 ਪ੍ਰਮੁੱਖ ਸੂਬੇ, ਸੇਵਕ ਨਾਨੂੰ ਸਿੰਘ, ਸ. ਮੰਗਲ ਸਿੰਘ ਸਮੇਤ ਸਤਿਗੁਰੂ ਜੀ ਪੰਜਾਹ ਦਿਨ ਪ੍ਰਯਾਗਰਾਜ (ਇਲਾਹਾਬਾਦ) ਕਿਲ੍ਹੇ ਵਿੱਚ ਕੈਦ ਰਹੇ। ਇਸ ਕਿਲੇ ਵਿਚੋਂ ਬਾਕੀ ਸੂਬਿਆਂ ਤੋਂ ਵੱਖ ਕਰਕੇ ਸਤਿਗੁਰੂ ਰਾਮ ਸਿੰਘ ਜੀ, ਸੇਵਕ ਨਾਨੂੰ ਸਿੰਘ ਸਮੇਤ ਰੇਲ ਰਾਹੀਂ ਕਲਕੱਤੇ ਅਤੇ ਅੱਗੇ ਸਮੁੰਦਰੀ ਜਹਾਜ਼ ਰਾਹੀਂ ਰੰਗੂਨ (ਬਰਮਾ) ਪਹੁੰਚਾ ਦਿੱਤਾ ਗਿਆ। ਏਧਰ ਸ੍ਰੀ ਭੈਣੀ ਸਾਹਿਬ ਸਥਾਈ ਪੁਲਿਸ ਚੌਂਕੀ ਸਥਾਪਿਤ ਕਰ ਦਿੱਤੀ ਜੋ ਇਕਵੰਜਾ ਵਰ੍ਹੇ ਗੁਰਦੁਆਰੇ ਦੀ ਡਿਓੜੀ ਤੇ ਕਾਇਮ ਰਹੀ। ਸਾਰੇ ਨਾਮਧਾਰੀ ਪੰਥ ਨੂੰ ਜੁਰਾਇਮ ਪੇਸ਼ਾ ਕਰਾਰ ਦੇ ਦਿੱਤਾ ਗਿਆ। ਸਰਕਾਰ ਹਰ ਹੀਲੇ ਸਤਿਗੁਰੂ ਰਾਮ ਸਿੰਘ ਜੀ ਦੇ ਅਰੰਭੇ ਆਜ਼ਾਦੀ ਅੰਦੋਲਨ ਨੂੰ ਕੁਚਲ ਦੇਣਾ ਚਾਹੁੰਦੀ ਸੀ। ਅਜੇਹੇ ਦਮਨ ਚੱਕਰ ਦੇ ਦੌਰ ਵਿੱਚ ਸਤਿਗੁਰੂ ਹਰੀ ਸਿੰਘ ਜੀ ਨੇ ਸਿੱਖੀ ਨੂੰ ਹਰੀ ਰੱਖਿਆ ਅਤੇ ਆਜ਼ਾਦੀ ਦੀ ਜੋਤ ਨੂੰ ਮਘਦੀ ਰੱਖਿਆ। ਸਤਿਗੁਰੂ ਰਾਮ ਸਿੰਘ ਜੀ ਦੇ ਸ੍ਰੀ ਭੈਣੀ ਸਾਹਿਬੋਂ ਰਵਾਨਗੀ ਉਪਰੰਤ ਤਿੰਨ ਵਰ੍ਹਿਆਂ ਬਾਅਦ ਪਤਾ ਲੱਗਣ ਤੇ ਸਤਿਗੁਰੂ ਹਰੀ ਸਿੰਘ ਜੀ ਦੇ ਹੁਕਮ ਅਨੁਸਾਰ ਸ. ਦਰਬਾਰਾ ਸਿੰਘ 1875 ਈ. ਵਿੱਚ ਰੰਗੂਨ ਪੁੱਜੇ, ਦਰਸ਼ਨ ਕਰਕੇ ਹੁਕਮਨਾਮਾ ਲੈ ਕੇ ਆਏ। ਇਸ ਤੋਂ ਬਾਅਦ ਤਾਂ ਨਾਮਧਾਰੀ ਸਿੱਖਾਂ ਨੇ ਰੰਗੂਨ ਵੱਲ ਵਹੀਰਾਂ ਹੀ ਘੱਤ ਦਿੱਤੀਆਂ। ਬੇਸ਼ੱਕ ਰੰਗੂਨ ਸਤਿਗੁਰੂ ਜੀ ਦੇ ਬੰਗਲੇ ਰਾਤ- ਦਿਨ ਬੰਦੂਕਾਂ ਵਾਲੇ ਸਿਪਾਹੀਆਂ ਦਾ ਪਹਿਰਾ ਹੁੰਦਾ, ਕਿਸੇ ਨੂੰ ਸਤਿਗੁਰੂ ਜੀ ਨਾਲ ਮਿਲਣ ਦੀ ਆਗਿਆ ਨਹੀਂ ਸੀ। ਪਰ 'ਨਾਮਧਾਰੀ ਸਿੰਘ' ਭੇਸ ਬਦਲ ਕੇ ਜਾਂਦੇ, ਕਈ ਵੇਰ ਜਦੋਂ ਸਤਿਗੁਰੂ ਜੀ ਬਾਹਰ ਸੈਰ ਕਰਨ ਆਉਂਦੇ ਤਾਂ ਸਿੱਖ ਦਰਸ਼ਨ ਕਰ ਲੈਂਦੇ, ਜਾਂ ਕਦੇ ਵੱਟੇ ਨਾਲ ਬੰਨ੍ਹ ਕੇ ਲਿਖੀ ਅਰਜ਼ ਬੇਨਤੀ ਬੰਗਲੇ ਅੰਦਰ ਸੁੱਟ ਦੇਂਦੇ ਅਤੇ ਸਤਿਗੁਰੂ ਰਾਮ ਸਿੰਘ ਜੀ ਤੋਂ ਹੁਕਮਨਾਮੇਂ ਲੈ ਕੇ ਆਉਂਦੇ। ਸਿੱਖਾਂ ਨੇ ਜ਼ਮੀਨਾਂ ਗਹਿਣੇ ਰੱਖ ਕੇ, ਗਹਿਣੇ ਵੇਚ ਕੇ ਏਨੀਆਂ ਸਖਤੀਆਂ ਝੱਲਦਿਆਂ ਹੋਇਆਂ ਵੀ ਸਮੁੰਦਰੋਂ ਪਾਰ ਜਾ, ਆਪਣੇ ਸਤਿਗੁਰੂ ਪਿਆਰੇ ਦੇ ਦਰਸ਼ਨ ਕਰਕੇ, ਗੁਰਬਾਣੀ ਦੇ ਵਾਕ ਰੂਪਮਾਨ ਕੀਤੇ-

ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ॥

ਸਤਿਗੁਰੂ ਰਾਮ ਸਿੰਘ ਜੀ ਦਾ ਲਗਾਤਾਰ ਪੰਜਾਬ ਨਾਲ ਸੰਪਰਕ ਬਣਿਆ ਰਿਹਾ। ਕਈ ਸਿੰਘ ਫੜੇ ਵੀ ਗਏ, ਕੈਦਾਂ ਕੱਟੀਆਂ, ਕਈ ਹੁਕਮਨਾਮੇਂ ਵੀ ਫੜੇ ਗਏ। ਅੰਗਰੇਜ਼ੀ ਸਰਕਾਰ ਨੇ ਸਤਿਗੁਰੂ ਜੀ ਨਾਲੋਂ ਸਿੱਖਾਂ ਦਾ ਸੰਪਰਕ ਤੋੜਨ ਲਈ ਹਰ ਹੀਲਾ ਵਰਤਿਆ ਪਰ ਅਸਫਲ ਰਹੇ। ਅਖੀਰ 1880 ਈ. ਨੂੰ ਸਰਕਾਰ ਨੇ ਨਾਮਧਾਰੀ ਸਿਖਾਂ ਦਾ ਸੰਪਰਕ ਤੋੜਨ ਲਈ ਸਤਿਗੁਰੂ ਰਾਮ ਸਿੰਘ ਜੀ ਨੂੰ ਰੰਗੂਨ ਤੋਂ ਮਰਗੋਈ ਭੇਜ ਦਿੱਤਾ। ਮਰਗੋਈ ਪੰਦਰਾਂ ਦਿਨਾਂ ਬਾਅਦ ਇਕ ਸਟੀਮਰ (ਛੋਟਾ ਸਮੁੰਦਰੀ ਬੇੜਾ) ਜਾਂਦਾ ਸੀ। ਸਰਕਾਰ ਨੂੰ ਉਮੀਦ ਸੀ ਕਿ ਹੁਣ ਅਸੀਂ ਸਤਿਗੁਰੂ ਜੀ ਦਾ ਪੰਜਾਬ ਨਾਲ ਸੰਪਰਕ ਤੋੜਨ ਵਿੱਚ ਕਾਮਯਾਬ ਹੋ ਜਾਵਾਂਗੇ। ਪਰ ਗੋਰੀ ਸਰਕਾਰ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਜਨਵਰੀ 1881 ਈ. ਵਿੱਚ ਸ. ਮੀਹਾਂ ਸਿੰਘ ਹਾਗਕਾਂਗ ਪੁਲਿਸ ਦੀ ਵਰਦੀ ਪਾ ਕੇ ਮਰਗੋਈ ਵੀ ਪੁੱਜ ਗਿਆ ਅਤੇ ਰੂਸ ਦੇ ਜ਼ਾਰ ਦਾ ਜਵਾਬੀ ਖਤ ਵੀ ਸਤਿਗੁਰੂ ਜੀ ਤੱਕ ਪੁਚਾਉਣ ਵਿੱਚ ਕਾਮਯਾਬ ਹੋ ਗਿਆ । ਸਰਕਾਰ ਦੀ ਪਰੇਸ਼ਾਨੀ ਦਾ ਕਾਰਣ ਸਤਿਗੁਰੂ ਜੀ ਇਕ ਹੁਕਮਨਾਮੇਂ ਵਿੱਚ ਵੀ ਲਿਖਦੇ ਹਨ-

'ਅਰ ਹੁਣ ਇਹ ਡਰ ਹੈ ਭਾਈ ਚਿਠੀ ਭੇਜਕੇ ਪਿਛੇ ਸੂੜ (ਦੰਗੇ) ਕਰਾ ਦੋਊ, ਇਹ ਭਰਮ ਹੈ। ਮੇਰੇ ਸਰੀਰ ਦਾ ਕਾਲ ਬਰਗਾ ਭੈ ਹੈ ਏਨਾਂ (ਬਿੱਲਿਆਂ) ਨੂੰ ਏਸੇ ਕਰਕੇ ਮੇਰੇ ਪਾਸ ਕਿਸੇ ਨੂੰ ਆਉਣ ਨਹੀਂ ਦੇਂਦੇ।'- (ਹੁਕਮਨਾਮਾ-7)

"ਏਨਾ ਬਿਲਿਆ ਨੂੰ ਲੋਕਾ ਨੇ ਏਹੁ ਭਰਮ ਪਾਇਆ ਹੈ ਚੰਗਿਆ ਚੰਗਿਆ ਨੇ, ਏ ਕੂਕੇ ਤੁਮਾਰਾ ਰਾਜ ਲੈ ਲੈਣਗੇ ਅਗੇ ਵਾਗੂ ਜੈਸਾ ਚੁਗਤਿਆ ਥੋ ਲੈ ਲਿਆ ਸੀ ਏ ਓਈ ਸਿੱਖ ਹੈਨਿ॥"

ਏਸੇ ਕਾਰਣ ਹੀ ਅੰਗਰੇਜ਼ ਸਰਕਾਰ ਸਤਿਗੁਰੂ ਰਾਮ ਸਿੰਘ ਜੀ ਨੂੰ ਆਪਦੇ ਪ੍ਰਮੁੱਖ ਸੂਬਿਆਂ ਸਹਿਤ ਸ੍ਰੀ ਭੈਣੀ ਸਾਹਿਬ ਤੋਂ ਪ੍ਰਯਾਗਰਾਜ ਕਿਲੇ ਵਿੱਚ ਨਜ਼ਰ ਬੰਦ ਕਰ ਦਿੱਤਾ। ਇਥੇ ਵੀ ਡਰ ਬਣਿਆ ਰਿਹਾ ਕਿ ਏਨਾਂ ਦੇ ਸਿੱਖਾਂ-ਸੇਵਕਾਂ ਨਾਲ ਸੰਪਰਕ ਬਣ ਸਕਦਾ ਹੈ। ਸਮੁੰਦਰੋਂ ਪਾਰ ਰੰਗੂਨ (ਬਰਮਾ) ਭੇਜ ਦਿੱਤਾ। ਰੰਗੂਨ ਕਰੀਬ ਅੱਠ ਵਰ੍ਹਿਆਂ ਦੀ ਨਜ਼ਰਬੰਦੀ ਦੌਰਾਨ ਇਕ ਸੌ ਦੇ ਕਰੀਬ ਸਿਖ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਅਤੇ ਹੁਕਮਨਾਮੇਂ ਲਿਆਉਣ ਵਿੱਚ ਕਾਮਯਾਬ ਰਹੇ। ਪਰ ਜਦ ਬਰਮਾ ਦੇ ਨਿਵੇਕਲੇ ਟਾਪੂ ਮਰਗੋਈ ਭੇਜ ਕੇ ਵੀ ਸਰਕਾਰ, ਸਤਿਗੁਰੂ ਜੀ ਦਾ ਪੰਜਾਬ ਦੇ ਸਿੱਖਾਂ ਨਾਲ ਸੰਪਰਕ ਨਾ ਤੋੜ ਸੱਕੀ ਤਾਂ ਸਰਕਾਰ ਨੇ ਕੁਟਲਨੀਤੀ ਦਾ ਆਖਰੀ ਹਥਿਆਰ ਵਰਤਿਆ, ਇਕ ਝੂਠੀ ਖ਼ਬਰ ਫੈਲਾ ਦਿੱਤੀ ਕਿ "ਸਤਿਗੁਰੂ ਰਾਮ ਸਿੰਘ ਜੀ 29 ਨਵੰਬਰ 1885 ਨੂੰ ਮਰਗੋਈ ਜੇਲ ਵਿੱਚ ਜੋਤੀ ਜੋਤਿ ਸਮਾ ਗਏ। "

ਸਰਕਾਰ ਦੀ ਇਹ ਅਫਵਾਹ ਉਹਨਾਂ ਦੇ ਆਪਣੇ ਹੀ ਇਕ ਗੁਪਤ ਪੱਤਰ ਨਾਲ ਝੂਠੀ ਸਾਬਤ ਹੋ ਗਈ ਜਦੋਂ ਬ੍ਰਿਟਿਸ਼ ਬਰਮਾ ਦੇ ਚੀਫ ਕਮਿਸ਼ਨਰ ਨੇ ਸ. ਅਤਰ ਸਿੰਘ ਭਦੌੜ ਨੂੰ ਇਕ ਟੈਲੀਗਰਾਮ ਰਾਹੀਂ ਸੂਚਿਤ ਕੀਤਾ। ਸ. ਅਤਰ ਸਿੰਘ ਭਦੌੜ ਜੋ ਕਿ ਨਾਮਧਾਰੀਆਂ ਦੀ ਹਰ ਕਾਰਗੁਜ਼ਾਰੀ ਦੀ ਰਿਪੋਰਟ ਸਰਕਾਰ ਨੂੰ ਦੇਂਦਾ ਰਹਿੰਦਾ ਸੀ, ਸਰਕਾਰ ਦਾ ਵਫਾਦਾਰ ਹੋਣ ਕਰਕੇ ਹਰ ਗੁਪਤ ਸੂਚਨਾ ਵੀ ਅੰਗਰੇਜ਼ ਅਫ਼ਸਰਾਂ ਵਲੋਂ ਸ. ਅਤਰ ਸਿੰਘ ਨੂੰ ਪੁਚਾਈ ਜਾਂਦੀ ਸੀ।

Letter from Sir Charles Barnard Chief Commissioner, British Burma, to Sardar Atar Singh of Bhadaur Date 23rd Aug 1886. In reply to his letter, informs him that Ram Singh Kuka is going to be transferred to a more remoate spot, where Comnmunication with him will be less easy.

ਜਦ ਕਿ ਬ੍ਰਿਟਿਸ਼ ਬਰਮਾ ਦਾ ਚੀਫ ਕਮਿਸ਼ਨਰ ਨਵੰਬਰ 1885 ਈ. ਤੋਂ ਕੁਝ ਮਹੀਨੇ ਬਾਅਦ ਲਿਖ ਰਿਹਾ ਹੈ ਕਿ ਗੁਰੂ ਰਾਮ ਸਿੰਘ ਨੂੰ ਹੋਰ ਦੁਰਾਡੇ ਸਥਾਨ ਤੇ ਤਬਦੀਲ ਕੀਤਾ ਜਾ ਰਿਹਾ ਹੈ ਜਿਥੋਂ ਉਸ ਨਾਲ ਸੰਪਰਕ ਕਰਨਾ ਬਹੁਤ ਮੁਸ਼ਕਲ ਹੋਵੇਗਾ। ਪਰ ਫੇਰ ਵੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਇਹੋ ਲਿਖਿਆ ਅਤੇ ਪ੍ਰਚਲਤ ਕੀਤਾ ਗਿਆ ਕਿ ਸਤਿਗੁਰੂ ਰਾਮ ਸਿੰਘ 29 ਨਵੰਬਰ 1885 ਨੂੰ ਚੜ੍ਹਾਈ ਕਰ ਗਏ।
 ਮੇਰੇ ਇਸ ਹਥਲੇ ਲੇਖ ਦਾ ਵਿਸ਼ਾ ਏਹੋ ਸਪਸ਼ਟ ਕਰਨਾ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਚੜ੍ਹਾਈ ਕਰਨ ਦੀ ਖ਼ਬਰ ਝੂਠੀ ਸੀ ਅਤੇ ਨਵੰਬਰ 1885 ਤੋਂ ਬਾਅਦ ਸਤਿਗੁਰੂ ਰਾਮ ਸਿੰਘ ਜੀ ਦੇ ਕਿਥੇ-ਕਿਥੇ, ਕਿਸ-ਕਿਸ ਨੂੰ ਦਰਸ਼ਨ ਹੋਏ।
'ਮਰਗੋਈ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਦਰਸ਼ਨ' ਵਿਸ਼ੇ ਨੂੰ ਸਪਸ਼ਟ ਕਰਨ ਲਈ ਕੁਝ ਹੋਰ ਪਹਿਲੂਆਂ ਤੇ ਸੰਖੇਪ ਚਰਚਾ ਕਰਦੇ ਹਾਂ।

- ਭਵਿੱਖਤ ਵਾਕਾਂ ਅਨੁਸਾਰ ਸਤਿਗੁਰੂ ਰਾਮ ਸਿੰਘ ਜੀ ਕਲਗੀਧਰ ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਸਨ।

- ਸਾਹਿਬ ਸਤਿਗੁਰੂ ਗੋਬਿੰਦ ਸਿੰਘ ਜੀ ਅਤੇ ਸਤਿਗੁਰੂ ਰਾਮ ਸਿੰਘ ਜੀ ਦੀਆਂ ਸਿਧਾਂਤਕ, ਅਧਿਆਤਮਕ ਅਤੇ ਇਤਿਹਾਸਕ ਸਾਝਾਂ ਅਤੇ ਸਮਾਨਤਾਵਾਂ।

- ਨਦੇੜੋਂ ਬਾਅਦ ਗੁਰੂ ਗੋਬਿੰਦ ਸਿੰਘ ਦਰਸ਼ਨ

- ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿੱਤ ਨਾਮ ਬਾਣੀ ਦੇ ਮਹਾਨ ਯੱਗ।

- ਨਾਮਧਾਰੀ ਸਿੱਖਾਂ ਦਾ ਅਟੱਲ ਵਿਸ਼ਵਾਸ ਕਿ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇਣਗੇ। ਹੱਕ, ਸੱਚ ਅਤੇ ਧਰਮ ਦਾ ਸਤਿਜੁਗੀ ਰਾਜ ਕਾਇਮ ਹੋਵੇਗਾ।

ਰਾਮ ਸਿੰਘ ਮੇਰੋ ਹੋਇ ਨਾਮਾ: ਪੁਰਾਤਨ ਗ੍ਰੰਥਾਂ, ਕਰਣੀਨਾਮਾ, ਜਨਮ ਸਾਖੀ, ਗੁਰਿੰਡਨਾਮਾ ਅਤੇ ਸੌ ਸਾਖੀ ਆਦਿ ਵਿੱਚ ਬਾਰ੍ਹਵੇਂ ਜਾਮੇਂ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਗਟ ਹੋਣ ਬਾਰੇ ਅਨੇਕਾਂ ਭਵਿੱਖਤ ਵਾਕ ਮਿਲਦੇ ਹਨ। ਇਹ ਸਾਰੇ ਭਵਿੱਖਤ ਵਾਕ ਇਕ ਵੱਖਰੇ ਲੇਖ ਦਾ ਵਿਸ਼ਾ ਹਨ। ਏਥੇ ਸੰਖੇਪ ਵਿੱਚ ਏਨਾ ਹੀ ਜ਼ਿਕਰ ਕਰਦੇ ਹਾਂ ਕਿ ਦਸਮ ਪਾਸ਼ਾਹ ਦੇ ਵਾਕ ਹਨ-

ਰਾਮ ਸਿੰਘ ਹੋਇ ਮੇਰੋ ਨਾਮਾ ॥ ਬਾਢੀ ਸੁਤ ਭੈਣੀ ਕੋ ਧਾਮਾ॥

ਅਤੇ ਗੁਰਿੰਡਨਾਮੇਂ ਦਾ ਵਾਕ ਹੈ-

ਕਲਿਜੁਗ ਤੇ ਸਤਿਜੁਗ ਕਰ ਠਾਨੋ ॥ ਤਬੀ ਬਾਰ੍ਹਵਾ ਬਪ ਪਹਿਚਾਨੋ॥

ਉਪਰੋਕਤ ਕਥਨ ਅਨੁਸਾਰ- ਦਸਮ ਪਾਤਸ਼ਾਹ ਦਾ ਫੁਰਮਾਣ ਸੀ ਕਿ ਬਾਢੀਆਂ ਦੀ ਕੁੱਲ ਵਿੱਚ ਭੈਣੀ ਸਾਹਿਬ ਮੈਂ ਪਰਗਟ ਹੋਵਾਂਗਾ ਅਤੇ ਕਲਿਜੁਗ ਵਿੱਚ ਸਤਿਜੁਗ ਲਾ ਦਿਆਂਗਾ ਤਾਂ ਮੈਨੂੰ ਬਾਰਵਾਂ ਜਾਮਾ ਜਾਣਿਓ । ਇਨ੍ਹਾਂ ਦੋਵੇਂ ਭਵਿੱਖਤ ਵਾਕਾਂ ਦੀ ਤਸਦੀਕ ਪ੍ਰਸਿੱਧ ਸਿੱਖ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਕਰਦੇ ਕੂਕਿਆਂ ਬਾਰੇ ਲਿਖੇ ਕਬਿੱਤਾਂ ਵਿੱਚ ਸਤਿਗੁਰੂ ਬਾਲਕ ਸਿੰਘ ਜੀ ਵਲੋਂ ਅੱਸੂ ਦੀ ਸੰਗਰਾਂਦ 1898 ਬ੍ਰਿ: (1841 ਈ.) ਨੂੰ ਹਜ਼ਰੋਂ ਵਿਖੇ ਸਤਿਗੁਰੂ ਰਾਮ ਸਿੰਘ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਨ ਸਮੇਂ ਦੇ ਵਾਕਿਆਤ ਬਿਆਨ ਕਰਦਿਆਂ ਲਿਖਦੇ ਹਨ-

ਐਪੈ ਗੁਰ ਦਸਮ ਦਰਸ ਦੈ ਜੋ ਕਹਿਓ ਤਾਂਹਿ, ਮੇਰੇ ਅਵਤਾਰ ਅੰਸ ਰਾਮ ਸਿੰਘ ਹੈ ਭਰੇ॥
ਯਾਂਹਿ ਹੇਤ ਤਾਂਹਿ, ਨਾਂਹਿ ਔਰ ਕਾਂਹਿ ਮਾਂਹਿ, ਨਿਜ ਸ਼ਕਤਿ ਰਖਾਈ ਗੁਰ ਵਾਕ ਦਿਢ ਥੇ ਧਰੇ॥
ਪੇਖ ਅਧਿਕਾਰੀ ਈਸ਼ ਅੰਸ ਅਵਤਾਰੀ, ਤਬਿ ਬਾਲਕ ਮ੍ਰਿਗਾਰੀ ਦੀਓ ਨਾਮ ਮੁਦ ਥਾਇਕੈ॥
ਪੰਥ ਗੁਰ ਦਸਮ ਕੀ ਰਸਮ ਬਢਾਵੋ ਜਗ ਖਸਮ ਕਾ ਖਾਲਸਾ ਹੈ ਖਾਸ ਯੇ ਲਖਾਇ ਕੈ॥

ਗਿਆਨੀ ਜੀ ਦਾ ਕਥਨ ਹੈ ਕਿ ਸਤਿਗੁਰੂ ਬਾਲਕ ਸਿੰਘ ਜੀ ਨੂੰ ਦਸਮ ਪਾਤਸ਼ਾਹ ਸਾਹਿਬ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦੇ ਕੇ ਜੋ ਹੁਕਮ ਕੀਤਾ ਸੀ ਕਿ ਮੇਰਾ ਅਵਤਾਰ ਰਾਮ ਸਿੰਘ ਹੋਵੇਗਾ। ਏਸੇ ਲਈ ਆਪ ਨੇ ਇਹ ਗੁਰਤਾ ਦੀ ਰੱਬੀ ਸ਼ਕਤਿ ਹੋਰ ਕਿਤੇ ਨਹੀਂ ਰੱਖੀ ਕਿਉਂਕਿ ਆਪ ਨੇ ਦਸਮ ਪਾਤਸ਼ਾਹ ਦੇ ਵਾਕ ਹਿਰਦੇ ਵਿੱਚ ਦ੍ਰਿੜ ਕੀਤੇ ਹੋਏ ਸਨ। ਸਤਿਗੁਰੂ ਰਾਮ ਸਿੰਘ ਜੀ ਜਦੋਂ ਖਾਲਸਾ ਫੌਜ ਨਾਲ ਅਟਕ ਵੱਲ ਜਾਂਦਿਆਂ ਹਜ਼ਰੋਂ ਰੁੱਕੇ। ਸਤਿਗੁਰੂ ਬਾਲਕ ਸਿੰਘ ਜੀ ਦੇ ਦਰਸ਼ਨ ਕਰਨ ਗਏ, ਮੱਥਾ ਟੇਕਿਆ ਤਾਂ ਆਪ ਨੇ ਈਸ਼ਵਰ ਅਵਤਾਰੀ ਅਤੇ ਗੁਰਤਾ ਦੇ ਅਧਿਕਾਰੀ ਪਹਿਚਾਨ ਕੇ ਨਾਮ (ਗੁਰਮੰਤ੍ਰ) ਦੇ ਕੇ ਗੁਰਗੱਦੀ ਦੀ ਦਾਤ ਵੀ ਬਖਸ਼ ਦਿੱਤੀ ਅਤੇ ਫ਼ਰਮਾਇਆ ਕਿ- ਪੰਥ ਗੁਰ ਦਸਮ ਕੀ ਰਸਮ ਬਢਾਵੋ ਜਗ॥

ਸਤਿਗੁਰੂ ਰਾਮ ਸਿੰਘ ਜੀ ਨੇ ਕਿਸ ਤਰ੍ਹਾਂ ਦਸਮ ਪਾਤਸ਼ਾਹ ਦੇ ਖਾਲਸੇ ਨੂੰ ਪੁਨਰ ਸੁਰਜੀਤ ਕੀਤਾ। 'ਕਲਿਜੁਗ ਤੇ ਸਤਿਜੁਗ ਕਰ ਨਾਨੋ॥' ਵਾਕ ਰੂਪਮਾਨ ਹੋਇਆ। ਇਸਦੀ ਗਵਾਹੀ ਵੀ ਗਿਆਨੀ ਗਿਆਨ ਸਿੰਘ ਜੀ ਦੇ ਕਬਿੱਤਾਂ 'ਚੋਂ ਮਿਲਦੀ ਹੈ-

ਪਾਇ ਇਹ ਹੁਕਮ ਪ੍ਰਮੇਸ਼ ਕਾ ਬਿਸ਼ੇਸ਼ ਫਿਰ ਰਾਮ ਮ੍ਰਿਗੇਸ਼ ਉਪਦੇਸ਼ ਦੈਨ ਲਾਗਿਓ। ਹੁੱਕੇ ਛੁਡਵਾਏ ਰਖਵਾਏ ਕੇਸ ਮੋਨਯੋਂ ਕੇ ਸੁਧਾ ਛਕ ਥਾਏ ਸਿੱਖ ਭਾਗ ਜਿਨੈ ਜਾਗਿਓ ॥
ਫੈਲਯੋ ਜਸ ਭਾਰੀ ਸਿਖ ਥੀਏ ਤਾਹਿ ਕੇ ਅਪਾਰੀ ਸਿੰਘ ਪੰਥ ਬਿਰਧਾਇਓ ਨਾਮ ਰਸ ਪਾਗਿਓ॥
ਫੀਮ, ਭੰਗ, ਪੋਸਤ, ਸ਼ਰਾਬ, ਮਾਸ, ਚੋਰੀ-ਜਾਰੀ ਠੱਗੀ ਤਜ, ਥੀਏ ਸੰਤ, ਸਤਿਜੁਗ ਆਗਿਓ॥

ਸਤਿਗੁਰੂ ਰਾਮ ਸਿੰਘ ਜੀ ਨੇ ਪਤਿਤ ਹੋ ਚੁੱਕੇ ਖਾਲਸੇ ਨੂੰ ਸੰਤ ਖਾਲਸੇ ਦੇ ਰੂਪ ਵਿੱਚ ਪ੍ਰਗਟ ਕੀਤਾ। ਸੰਤ ਖਾਲਸਾ, ਨਾਮ ਜੱਪਣ ਕਰਕੇ 'ਨਾਮਧਾਰੀ' ਨਾਮ ਨਾਲ ਅਤੇ ਪੰਚਮ ਸੁਰਾਂ ਤੇ ਹੱਲੇ ਦੇ ਸ਼ਬਦ ਪੜ੍ਹਦਿਆਂ ਸ਼ਬਦ ਦੀ ਮਸਤੀ ਵਿੱਚ ਮਸਤਾਨੇ ਹੋਣ ਕਰਕੇ 'ਕੂਕੇ' ਨਾਮ ਨਾਲ ਪ੍ਰਸਿੱਧ ਹੋਏ। ਗਿਆਨੀ ਜੀ ਇਸ ਕਥਨ ਦੀ ਵੀ ਗਵਾਹੀ ਭਰਦੇ ਹਨ ਕਿ ਨਾਮਧਾਰੀ ਅਥਵਾ ਕੂਕੇ ਦਸਮ ਪਾਤਸ਼ਾਹ ਦੇ ਸਾਦਿਕ ਸਿੱਖ ਹਨ-

'ਸਹੀ ਨਾਮ ਨਾਮਧਾਰੀ ਆਹਿ ਤਿਨ ਕਾ ਉਦਾਰੀ ਕੂਕ ਮਾਰਨੈ ਤੇ ਕੂਕੇ ਜਗਤ ਬਖਾਨ ਹੈਂ।' ਅਤੇ ਕੂਕਿਆਂ ਦੀ ਪਹਿਚਾਨ ਹੈ-

ਸ਼ੁਕਲ ਬਸਨ, ਮਾਲਾ, ਸੂਧੀ ਦਸਤਾਰ ਦਾਢੀ ਕਰਿ ਹੈਂ ਹਮਨ ਪਾਠ ਗ੍ਰੰਥ ਗੁਰੂ ਜੂ ਕੇ ਹੈਂ॥
ਦਸਮੇਂ ਗੁਰੂ ਕੇ ਸਿੰਘ ਸਾਦਿਕ ਸਹੀ ਹੈਂ ਸਭਿ ਲਾਲਸਾ ਲਲਾਮ ਰਾਜ ਲੈਬੇ ਕੇ ਅਚੂਕੇ ਹੈ॥
ਹੇਰੇ ਜੈਸੇ ਲਖਨ ਹੈਂ ਟੇਰੇ ਤੈਸੇ ਗਿਆਨ ਸਿੰਘ ਐਸੇ ਪ੍ਰਸਿੱਧ ਹੀ ਅਬਿੱਧ ਸਿੰਘ ਕੂਕੇ ਹੈਂ।

ਦਸਮ ਪਾਤਸ਼ਾਹ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦੇ ਇਤਿਹਾਸ ਵਿੱਚ ਕਈ ਸਮਾਨਤਾਵਾਂ ਹਨ, ਕਈ ਦਸਮ ਪਾਤਸ਼ਾਹ ਦੇ ਫ਼ਰਮਾਣ ਪੂਰੇ ਹੋਏ। ਸੂਰਬੀਰਤਾ ਅਤੇ ਕੁਰਬਾਨੀਆਂ ਦਾ ਇਤਿਹਾਸ ਦੁਹਰਾਇਆ ਗਿਆ।

ਦਸਮ ਪਾਤਸ਼ਾਹ ਦਾ ਵਾਕ ਹੈ-

ਮੜੀ ਗੋਰ ਦੇਵਲ ਮਸੀਤਾਂ ਗਿਰਾਯੰ॥ ਤੁਹੀ ਏਕ ਅਕਾਲ ਹਰਿ ਹਰਿ ਜਪਾਯੰ ॥

ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ ਸਿਖਾਂ ਨੇ ਮੜ੍ਹੀਆਂ, ਗੋਰਾ ਢਾਈਆਂ। ਧੌਂਕਲ ਦਾ ਟੱਲ ਲਾਹ ਕੇ ਲਿਆਂਦਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਅਰੰਭ ਕੀਤਾ। ਸਤਿਗੁਰੂ ਰਾਮ ਸਿੰਘ ਜੀ ਨੇ ਹੋਲੇ ਮਹੱਲੇ ਦੀ ਰੀਤ ਨੂੰ ਉਸੇ ਰੂਹਾਨੀ ਰੂਪ ਵਿੱਚ ਅੱਗੇ ਜਾਰੀ ਰੱਖਦਿਆਂ ਨਾਲ ਹੱਲੇ ਦਾ ਕੀਰਤਨ ਅਰੰਭ ਕੀਤਾ। ਉਹ ਹੱਲੇ ਦਾ ਕੀਰਤਨ ਜਿਸ ਵਿੱਚ ਪੰਚਮ ਸੁਰਾਂ ਤੇ ਗੁਰਬਾਣੀ ਗਾਇਨ ਕਰਦਿਆਂ ਪ੍ਰੇਮ ਰਸ, ਵੈਰਾਗ ਰਸ ਅਤੇ ਬੀਰ ਰਸ ਰੂਪਮਾਨ ਹੁੰਦਾ ਹੈ। ਹੱਲੇ ਦੇ ਕੀਰਤਨ ਨੇ ਸਿੱਖਾਂ ਨੂੰ ਨਿਰਭਉ ਤੇ ਨਿਰਵੈਰ ਬਣਾ ਦਿੱਤਾ-

'ਗੋਰੇ ਹਿੱਲ ਗਏ ਹੱਲੇ ਦੇ ਸ਼ਬਦ ਸੁਣਕੇ, ਐਸੇ ਵਾਰ ਕੀਤੇ ਢੋਲਕ ਛੈਣਿਆਂ ਨੇ।'

ਸਾਹਿਬ ਕਲਗੀਧਰ ਪਾਤਸ਼ਾਹ ਨੇ 'ਉਗ੍ਰਦੰਤੀ' ਨਾਮ ਦੀ ਬਾਣੀ ਵਿੱਚ ਲਿਖਿਆ ਹੈ

- 'ਯਹੀ ਆਸ ਪੂਰਨ ਕਰਹੁ ਤੁਮ ਹਮਾਰੀ॥ ਮਿਟੈ ਕਸਟ ਗਊਅਨ ਛੁਟੈ ਖੇਦ ਭਾਰੀ॥'

- 'ਯਹੀ ਬੇਨਤੀ ਖਾਸ ਹਮਰੀ ਸੁਣੀਜੈ॥ ਅਸੁਰ ਮਾਰ ਕਰ ਰੱਛ ਗਊਅਨ ਕਰੀਜੈ॥'

ਸਤਿਗੁਰੂ ਰਾਮ ਸਿੰਘ ਜੀ ਨੇ ਹੁਕਮਨਾਮੇ ਵਿੱਚ ਲਿਖਿਆ- “ਇਕ ਗਾਈਂ ਦਾ ਤਰਸ ਠੀਕ ਆਉਂਦਾ ਹੈ, ਗਊ ਮੈ ਅਨੇਕ ਗੁਣ ਹੈਂ, ਅਵਗਣ ਏਕ ਭੀ ਨਹੀਂ” ਆਪ ਜੀ ਨੇ ਇਹ ਵੀ ਬਚਨ ਕੀਤਾ- ਜਦ ਤੱਕ ਗਊ ਗਰੀਬ ਦੇ ਗਲ ਤੋਂ ਛੁਰੀ ਨਹੀਂ ਲਹਿੰਦੀ, ਧਰਤੀ ਤੇ ਧਰਮ ਨਹੀਂ ਵਰਤਦਾ ਮੇਰਾ ਇਹ ਮੜਾ (ਸਰੀਰ) ਨਹੀਂ ਜਾਂਦਾ।

ਵਡ ਤੀਰਥ ਦੀ ਸਾਖੀ ਵਿੱਚ ਦਸਮ ਪਾਤਸ਼ਾਹ ਦਾ ਭਵਿੱਖਤ ਵਾਕ ਹੈ ਕਿ ਜੋ ਮਲੇਰਕੋਟਲੀਏ ਵਲੋਂ 'ਹਾਅ ਦਾ ਨਾਹਰਾ ਮਾਰਨ ਕਰਕੇ ਤੁਰਕਾਂ ਦੀ ਜੜ੍ਹ ਰੱਖ ਲਈ ਸੀ ਉਹ ਅੱਸੀ ਸੀਸ ਦੇ ਕੇ ਪੁੱਟਾਂਗੇ।

'ਅਸੀਂ ਸੀਸ ਖਾਲਸੇ ਦੀਨੇ। '

ਜਨਵਰੀ 1872 ਵਿੱਚ ਸ਼ਹੀਦੀ ਸਾਕਾ ਮਲੇਰਕੋਟਲਾ ਸਮੇਂ ਅੱਸੀ (80) ਨਾਮਧਾਰੀ ਸ਼ਹੀਦ ਹੋਏ।

ਸ਼ਹੀਦੀ ਹਫਤਾ- ਦਸਮ ਪਾਤਸ਼ਾਹ ਦੇ ਸਮੇਂ ਸੰਨ 1704 ਈ. 6-7 ਪੋਹ ਦੀ ਰਾਤ ਤੋਂ 13 ਪੋਹ ਤੱਕ ਦੇ ਸਾਕੇ ਨੂੰ ਸ਼ਹੀਦੀ ਹਫ਼ਤਾ ਕਿਹਾ ਜਾਂਦਾ ਹੈ ਜਦੋਂ 6-7 ਪੋਹ ਦੀ ਰਾਤ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਸੈਂਕੜੇ ਸਿੰਘਾਂ ਅਤੇ ਪਰਿਵਾਰ ਸਹਿਤ ਅਨੰਦਪੁਰ ਦੇ ਕਿਲ੍ਹੇ ਵਿਚੋਂ ਨਿਕਲੇ। ਸਰਸਾ ਕੰਢੇ ਪਰਿਵਾਰ ਦਾ ਵਿਛੋੜਾ ਹੋ ਗਿਆ, ਸੈਂਕੜੇ ਸਿੰਘ ਸ਼ਹੀਦ ਹੋ ਗਏ, ਚਮਕੌਰ ਦੇ ਯੁੱਧ ਤੱਕ ਗੁਰੂ ਸਾਹਿਬ ਨਾਲ ਕਰੀਬ ਚਾਲੀ ਕੁ ਸਿੰਘ ਤੇ ਦੋਵੇਂ ਸਾਹਿਬਜ਼ਾਦੇ ਹੀ ਰਹਿ ਗਏ, 8 ਪੋਹ ਦੇ ਗੜ੍ਹੀ ਦੇ ਇਕ ਅਸਾਵੇਂ ਯੁੱਧ ਉਪਰੰਤ 9 ਪੋਹ ਤੱਕ ਗੁਰੂ ਸਾਹਿਬ ਨਾਲ ਕੇਵਲ ਤਿੰਨ ਸਿੰਘ ਹੀ ਰਹਿ ਗਏ ਅਤੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਸਰਹੰਦ ਵਿਖੇ ਸ਼ਹੀਦ ਹੋ ਗਏ।

ਇਸੇ ਤਰ੍ਹਾਂ ਹੀ ਅਤਿ ਸੰਕਟ ਅਤੇ ਕੁਰਬਾਨੀਆਂ ਭਰੇ 'ਸ਼ਹੀਦੀ ਹਫ਼ਤੇ' ਦਾ ਇਤਿਹਾਸ ਸਤਿਗੁਰੂ ਰਾਮ ਸਿੰਘ ਸਮੇਂ 13 ਜਨਵਰੀ ਤੋਂ 19 ਜਨਵਰੀ 1872 ਈ. ਨੂੰ ਦੁਹਰਾਇਆ ਗਿਆ। ਸ੍ਰੀ ਭੈਣੀ ਸਾਹਿਬ ਮਾਘੀ ਦੇ ਮੇਲੇ ਤੇ ਸਤਿਗੁਰੂ ਰਾਮ ਸਿੰਘ ਜੀ ਦੇ ਮਹਿਲ ਮਾਤਾ ਜੱਸਾਂ ਜੀ ਨਮਿਤ ਅਤੇ ਅੰਮ੍ਰਿਤਸਰ ਅਤੇ ਰਾਇਕੋਟ ਦੇ ਸ਼ਹੀਦਾਂ ਦੇ ਨਮਿਤ ਪਾਠਾਂ ਦੇ ਭੋਗਾਂ ਉਪਰੰਤ 13 ਜਨਵਰੀ ਨੂੰ ਸ਼ਹੀਦੀ ਜਥੇ ਦਾ ਸ੍ਰੀ ਭੈਣੀ ਸਾਹਿਬ ਮਲੇਰਕੋਟਲੇ ਵੱਲ ਰਵਾਨਾ ਹੋਣਾ, 14 ਨੂੰ ਮਲੌਦ ਕਿਲ੍ਹੇ ਤੇ ਹਮਲਾ, 15 ਨੂੰ ਮਲੇਰਕੋਟਲੇ ਦੀ ਲੜਾਈ, ਸਤਿਗੁਰੂ ਰਾਮ ਸਿੰਘ ਜੀ ਨੂੰ ਕਾਵਨ ਨੇ ਪੁਛਗਿੱਛ ਲਈ ਮਲੌਦ ਸੱਦਿਆ 17-18 ਜਨਵਰੀ ਦੋ ਦਿਨਾਂ ਵਿੱਚ 65 ਨਾਮਧਾਰੀ ਸਿੰਘਾਂ ਨੂੰ ਮਲੇਰਕੋਟਲੇ ਦੇ ਰੱਕੜ ਵਿੱਚ ਤੋਪਾਂ ਨਾਲ ਅਤੇ ਇਕ ਬਾਲਕ ਬਿਸ਼ਨ ਸਿੰਘ ਨੂੰ ਤਲਵਾਰ ਨਾਲ ਸ਼ਹੀਦ ਕਰਨਾ। 17 ਜਨਵਰੀ ਸ਼ਾਮ ਨੂੰ ਸਤਿਗੁਰੂ ਜੀ ਸਿਆੜ ਤੋਂ ਰਾਤ ਪਈ ਘੋੜਿਆਂ ਤੇ ਭੈਣੀ ਸਾਹਿਬ ਪੁੱਜੇ। ਉਸੇ ਵੇਲੇ ਪੁਲਿਸ ਦੀ ਨਿਗਰਾਨੀ ਹੇਠ ਗੱਡੇ ਤੇ ਚੱਲ ਕੇ ਰਾਤ ਦੋ ਕੁ ਵਜੇ ਲੁਧਿਆਣੇ ਰੇਲਵੇ ਸਟੇਸ਼ਨ ਤੇ ਪੁੱਜੇ, ਏਥੇ ਪੁੱਛਗਿਛ ਉਪਰੰਤ ਸਪੈਸ਼ਲ ਟਰੇਂਨ ਤੇ ਚਾਰ ਵਜੇ ਇਲਾਹਾਬਾਦ (ਪ੍ਰਯਾਗਰਾਜ) ਵਾਸਤੇ ਰਵਾਨਾ ਕਰ ਦਿੱਤਾ ਗਿਆ। 19 ਜਨਵਰੀ ਨੂੰ ਇਲਾਹਾਬਾਦ ਕਿਲ੍ਹੇ ਵਿੱਚ ਪੁੱਜੇ। ਏਧਰ ਸ੍ਰੀ ਭੈਣੀ ਸਾਹਿਬੋਂ ਸਾਰਿਆਂ ਨੂੰ ਤੋਰ ਕੇ ਲੁਧਿਆਣੇ ਲਿਜਾਇਆ ਗਿਆ। ਕੁਝ ਦੀਆਂ ਜਮਾਨਤਾਂ ਲੈ ਕੇ ਵਾਪਸ ਡੇਰੇ ਭੇਜਿਆ ਅਤੇ ਬਾਕੀਆਂ ਨੂੰ ਘਰੋ ਘਰੀ ਤੋਰ ਦਿੱਤਾ। ਸ੍ਰੀ ਭੈਣੀ ਸਾਹਿਬ ਗੁਰਦੁਆਰੇ ਦੀ ਤਲਾਸ਼ੀ ਲੈਣ ਉਪਰੰਤ 19 ਜਨਵਰੀ ਨੂੰ ਸਥਾਈ ਪੁਲਿਸ ਚੌਂਕੀ ਬਿਠਾ ਦਿੱਤੀ ਗਈ ਜੋ ਕਿ ਇਕਵੰਜਾਂ ਵਰ੍ਹੇ ਕਾਇਮ ਰਹੀ ਤੇ ਨਾਮਧਾਰੀਆਂ ਤੇ ਅਕਹਿ ਤੇ ਅਸਹਿ ਤਸ਼ੱਦਦ ਹੁੰਦੇ ਰਹੇ। ਜਿਵੇਂ ਦਸਮ ਪਾਤਸ਼ਾਹ ਦੇ ਇਤਿਹਾਸਕ ਸ਼ਹੀਦੀ ਹਫਤੇ ਉਪਰੰਤ ਅੱਧੀ ਸਦੀ ਤੋਂ ਵੱਧ ਮੁਗਲੀਆ ਹਕੂਮਤ ਨੇ ਅਠਾਰਵੀਂ ਸਦੀ ਵਿੱਚ ਸਿੱਖਾਂ ਤੇ ਅਨੇਕਾਂ ਜ਼ੁਲਮ ਕੀਤੇ। ਏਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ ਗਵਨ ਉਪਰੰਤ ਨਾਮਧਾਰੀ ਸਿੱਖਾਂ ਤੇ ਕਰੀਬ ਅੱਠ ਦਹਾਕਿਆਂ ਤੱਕ ਅੰਗਰੇਜ਼ੀ ਹਕੂਮਤ ਦਾ ਦਮਨ ਚੱਕਰ ਜਾਰੀ ਰਿਹਾ। ਸਾਰੇ ਨਾਮਧਾਰੀ ਸਿੱਖਾਂ ਨੂੰ 'ਜ਼ੁਰਾਇਮ ਪੇਸ਼ਾ” ਕਰਾਰ ਦੇ ਦਿੱਤਾ ਗਿਆ।

1799 ਈ. ਵੈਸਾਖੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਜ਼ਾਲਮ ਮੁਗਲੀਆ ਹਕੂਮਤ ਵਿਰੁੱਧ ਸੰਘਰਸ਼ ਅਰੰਭਿਆ ਅਤੇ ਨੱਬੇ ਵਰ੍ਹਿਆਂ ਬਾਅਦ ਪੰਜਾਬ ਜ਼ਾਲਮ ਮੁਗਲੀਆ ਹਕੂਮਤ ਤੋਂ ਅਜ਼ਾਦ ਹੋ ਗਿਆ। ਸਿੱਖ ਰਾਜ ਕਾਇਮ ਹੋ ਗਿਆ। ਏਸੇ ਤਰ੍ਹਾਂ ਅਪ੍ਰੈਲ 1857 ਈ. ਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਸੰਤ ਖਾਲਸੇ ਦੇ ਰੂਪ ਵਿੱਚ ਖਾਲਸੇ ਦੀ ਪੁਨਰ ਸੁਰਜੀਤੀ ਕੀਤੀ ਅਤੇ ਆਜ਼ਾਦੀ ਸੰਗ੍ਰਾਮ ਦਾ ਬਿਗਲ ਵਜਾਇਆ। 1907 ਈ. ਪੰਜਾਬ ਵਿੱਚ ਪਗੜੀ ਸੰਭਾਲ ਜੱਟਾ ਕਿਸਾਨ ਅੰਦੋਲਨ ਆਰੰਭ ਹੋਣ ਤੱਕ ਪੂਰੀ ਅੱਧੀ ਸਦੀ ਭਾਰਤ ਵਿੱਚ ਕੇਵਲ ਨਾਮਧਾਰੀ ਸਿੱਖਾਂ ਨੇ ਹੀ ਆਜ਼ਾਦੀ ਦੀ ਜਵਾਲਾ ਨੂੰ ਪ੍ਰਚੰਡ ਰੱਖਿਆ।

ਕੂਕਾ ਅੰਦੋਲਨ ਦੇ ਪਗ-ਚਿੰਨ੍ਹਾਂ ਤੇ ਚਲਦਿਆਂ ਵੀਹਵੀਂ ਸਦੀ ਵਿੱਚ ਕਿਸਾਨ ਅੰਦੋਲਨ, ਗਦਰ ਲਹਿਰ, ਭਾਰਤ ਨੌਜਵਾਨ ਸਭਾ, ਬੱਬਰ ਅਕਾਲੀ ਲਹਿਰ, ਮਹਾਤਮਾ ਗਾਂਧੀ ਦੀ ਅਗੁਆਈ ਵਿੱਚ ਕਾਂਗਰਸ ਦੀ ਨਾ-ਮਿਲਵਰਤਨ, ਸਵਦੇਸ਼ੀ ਲਹਿਰ ਅਤੇ ਜਨਰਲ ਮੋਹਨ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿੱਚ ਅਜ਼ਾਦ ਹਿੰਦ ਫੌਜ ਆਦਿ ਅਨੇਕਾਂ ਲਹਿਰਾਂ ਉੱਠੀਆਂ। ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਰਹਿਨੁਮਾਈ ਹੇਠ ਨਾਮਧਾਰੀ ਸਿੱਖਾਂ ਦਾ ਸਾਰੀਆਂ ਅਜ਼ਾਦੀ ਜਥੇਬੰਦੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਰਿਹਾ। ਸਤਿਗੁਰੂ ਰਾਮ ਸਿੰਘ ਜੀ ਵਲੋਂ ਆਜ਼ਾਦੀ ਸੰਗਰਾਮ ਅਰੰਭ ਕਰਨ ਤੋਂ ਨੱਬੇ ਵਰ੍ਹੇ ਬਾਅਦ ਭਾਰਤ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਹੋ ਗਿਆ।

ਸਿੱਖ ਸਤਿਗੁਰੂ ਸਾਹਿਬਾਨ- ਸਤਿਗੁਰੂ ਨਾਨਕ ਦੇਵ ਜੀ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਤੱਕ ਚੱਲੀ ਆਉਂਦੀ ਰੂਹਾਨੀਅਤ ਦੀ, ਸਮਾਜ ਕਲਿਆਣ ਦੀ ਅਤੇ ਆਜ਼ਾਦੀ ਦੀ ਰੋਸ਼ਨੀ ਨੇ ਪੰਜਾਬ ਨੂੰ ਇਕ ਨਵਾਂ ਸਭਿਆਚਾਰ ਦਿੱਤਾ। ਹਿੱਕ ਤਾਣ ਕੇ ਸਵੈਮਾਣ ਨਾਲ ਜੀਊਣ ਦੀ ਜਾਂਚ ਦੱਸੀ 'ਬਾਬਰ ਨੂੰ ਜਾਬਰ ਅਤੇ 'ਰਾਜੇ ਸੀਂਹ ਮੁਕਦਮ ਕੁਤੇ' ਕਹਿਣ ਦੀ ਜੁਰਅਤ ਸਿਖਾਈ। ਇਹੋ ਰੂਹਾਨੀ ਜੋਤ ਮੁੜ ਸਤਿਗੁਰੂ ਰਾਮ ਸਿੰਘ ਦੇ ਰੂਪ ਵਿੱਚ ਪ੍ਰਗਟ ਹੋਈ ਜਿਸਨੇ ਉਸ ਸਾਮਰਾਜ ਵਿਰੁੱਧ ਸੰਘਰਸ਼ ਵਿੱਢਿਆ ਜਿਸਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ। ਏਸੇ ਸੰਧਰਭ ਵਿੱਚ ਪ੍ਰੋਫੈਸਰ ਆਫ ਸਿਖਇਜ਼ਮ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਦੇ 'ਸਪਤ ਸਿੰਗ ਪੁਸਤਕ ਵਿੱਚ ਲਿਖੇ ਲੇਖ ਦੀਆਂ ਕੁਝ ਸਤਰਾਂ ਵਰਨਣਯੋਗ ਹਨ-

"ਸੱਚੀ ਗੱਲ ਤਾਂ ਇਹ ਹੈ ਕਿ ਭਾਰਤ ਵਰਸ਼ ਦੀ ਹਜ਼ਾਰਾਂ ਵਰ੍ਹਿਆਂ ਦੀ ਤਵਾਰੀਖ ਵਿੱਚ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਵੀ ਇਤਿਹਾਸਕ ਹਸਤੀ ਅਜੇਹੀ ਨਹੀਂ ਹੋਈ, ਜਿਸਨੇ ਆਪਣੇ ਜੀਵਨ ਦਾ ਨਿਸ਼ਾਨਾ ਇਤਨਾ ਹਮਾਗੀਰ ਤੇ ਉੱਚਾ ਰੱਖਿਆ ਹੋਵੇ, ਜਿਸ ਦਾ ਮੰਤਵ ਜਾਤੀ ਤੇ ਜਨਤਾ ਦੇ ਆਤਮ ਤੌਰ ਤੇ ਸਾਰੇ ਭਰਮਾਂ ਤੇ ਬੰਧਨਾਂ ਨੂੰ ਤੋੜ ਕੇ ਉਨਤੀ ਦੀ ਸਿਖਰ ਉੱਤੇ ਲੈ ਜਾਣਾ ਹੋਵੇ। ਗੁਰੂ ਗੋਬਿੰਦ ਸਿੰਘ ਤੋਂ ਪਿਛੋਂ ਇਸ ਕਿਸਮ ਦੀ ਦਲੇਰ ਆਤਮਾ ਵਾਲਾ ਪੁਰਖ ਭਾਰਤ ਵਰਸ਼ ਵਿੱਚ ਬਾਬਾ ਰਾਮ ਸਿੰਘ ਹੀ ਹੋਇਆ ਹੈ। ਇਸ ਲਈ ਸ਼ਰਧਾਲੂਆਂ ਦੇ ਮਨ ਉਤੇ ਬਾਬਾ ਰਾਮ ਸਿੰਘ ਦੇ ਰੂਪ ਦਾ ਇਉਂ ਝਲਕਾਰਾ ਪੈਣਾ ਕਿ ਉਹ ਬਾਬਾ ਜੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਤੀਬਿੰਬ ਜਾਂ ਅਕਸ ਹੀ ਸਮਝਣ ਇਕ ਕੁਦਰਤੀ ਜਿਹੀ ਗਲ ਹੈ।

"ਗੁਰੂ ਜਿਹੜੇ ਕਿ ਜਗਤ ਨੂੰ ਰੌਸ਼ਨੀ ਦਿਖਾਣ ਤੇ ਸੰਸਾਰ ਦੀ ਰਹਿਨੁਮਾਈ ਕਰਨ ਆਏ ਸਨ ਭਾਵ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ, ਦਸ ਗੁਰੂ ਸਾਹਿਬਾਨ, ਉਨ੍ਹਾਂ ਗੁਰੂਆਂ ਦੀ ਆਤਮਕ ਸੱਤਾ ਫਿਰ ਮੁੜ ਕੇ ਭੈਣੀ ਪਿੰਡ ਵਿੱਚ ਚਮਕ ਉੱਠੀ ਸੀ। "

ਨਾਨਕ ਸ਼ਾਹੀ ਕੈਦੀ- ਸਤਿਗੁਰੂ ਰਾਮ ਸਿੰਘ ਜੀ ਨੂੰ ਅੰਗਰੇਜ਼ੀ ਹਕੂਮਤ ਨੇ ਦੇਸ਼ ਨਿਰਵਾਸਤ ਕਰਕੇ ਸ਼ਾਹੀ ਕੈਦੀ ਦੇ ਤੌਰ ਤੇ ਨਜ਼ਰਬੰਦ ਰੱਖਿਆ। ਪਰ ਸ਼ਾਹੀ ਕੈਦੀ ਤਾਂ ਬਹਾਦਰ ਸ਼ਾਹ ਜ਼ਫਰ ਵੀ ਸੀ। ਅੰਗਰੇਜ਼ੀ ਰਾਜ ਦੌਰਾਨ ਹੋਰ ਵੀ ਸ਼ਾਹੀ ਕੈਦੀ ਰਹੇ ਹੋਣਗੇ ਪਰ ਸਤਿਗੁਰੂ ਰਾਮ ਸਿੰਘ ਜੀ ਕੇਵਲ ਸ਼ਾਹੀ ਕੈਦੀ ਹੀ ਨਹੀਂ। ਸਿੱਖੀ ਪ੍ਰੰਪਰਾ ਅਨੁਸਾਰ 'ਨਾਨਕ ਸ਼ਾਹੀ ਕੈਦੀ ਸਨ ਜੋ ਅਕਾਲ ਪੁਰਖ ਦੇ ਭਾਣੇ ਵਿੱਚ ਦੇਸ਼ ਅਤੇ ਕੌਮ ਦੇ ਬੰਧਨ ਕੱਟਣ ਲਈ ਆਪਣੀ ਰਜ਼ਾ ਨਾਲ ਕੈਦ ਹੋਏ। ਜਿਵੇਂ ਸਤਿਗੁਰੂ ਨਾਨਕ ਦੇਵ ਨੇ ਬਾਬਰ ਦੀ ਕੈਦ ਕੱਟੀ ਪਰ ਹੋਰਨਾਂ ਕੈਦੀਆਂ ਦੀ ਕੈਦ ਕੱਟਣ ਲਈ ਉਨ੍ਹਾਂ ਨੂੰ ਮੁਕਤ ਕਰਵਾਉਣ ਲਈ ਬਾਬਰ ਦੇ ਕੈਦੀ ਬਣੇ। ਮੀਰੀ-ਪੀਰੀ ਵਾਲੇ ਪਾਤਸ਼ਾਹ ਸਤਿਗੁਰੂ ਹਰਿ ਗੋਬਿੰਦ ਜੀ ਨੇ ਜਹਾਂਗੀਰ ਦੀ ਕੈਦ ਵਿੱਚ ਜਾ ਕੇ ਬਵੰਜਾ ਪਹਾੜੀ ਰਾਜਿਆਂ ਨੂੰ ਮੁਕਤ ਕਰਵਾਇਆ ਅਤੇ ਬੰਦੀ ਛੋਡ ਪਾਤਸ਼ਾਹ ਅਖਵਾਏ। ਸਾਹਿਬ ਸਤਿਗੁਰੂ ਤੇਗ ਬਹਾਦਰ ਜੀ ਆਪ ਚੱਲ ਕੇ ਦਿੱਲੀ ਗਏ ਆਪ ਕੈਦ ਹੋ ਕੇ ਤਿਲਕ ਜੰਞ ਦੀ ਰੱਖਿਆ ਲਈ, ਕਿਸੇ ਦੀ ਧਾਰਮਿਕ ਆਜ਼ਾਦੀ ਲਈ ਸੀਸ ਕੁਰਬਾਨ ਕਰਕੇ 'ਹਿੰਦ ਦੀ ਚਾਦਰ' ਆਖ ਸਤਿਕਾਰੇ ਗਏ। ਏਸੇ ਪ੍ਰੰਪਰਾ ਵਿੱਚ ਸਤਿਗੁਰੂ ਰਾਮ ਸਿੰਘ ਜੀ ਗਊ ਗਰੀਬ ਦੀ ਰੱਖਿਆ ਅਤੇ ਭਾਰਤ ਵਰਸ਼ ਦੀ ਆਜ਼ਾਦੀ ਲਈ ਜਲਾਵਤਨ ਹੋਏ। ਜਿਨ੍ਹਾਂ ਬਾਰੇ ਗੁਰਬਾਣੀ ਦਾ ਵਾਕ ਹੈ-

'ਹਉ ਬਲਿਹਾਰੀ ਸਤਿਗੁਰ ਪੂਰੇ॥ ਸਰਣਿ ਕੇ ਦਾਤੇ ਬਚਨ ਕੇ ਸੂਰੇ॥'

ਸਰਣ ਆਏ ਦੀ ਲਾਜ ਰੱਖਣਾ ਅਤੇ ਦਿੱਤੇ ਬਚਨ ਨੂੰ ਪੁਗਾਉਣਾ ਸਤਿਗੁਰੂ ਦਾ ਬਿਰਦ ਹੈ। ਸਿੱਖ ਇਤਿਹਾਸ ਵਿੱਚ ਅਨੇਕਾਂ ਕਥਾ ਸਾਖੀਆਂ ਹਨ ਕਿ ਗੁਰੂ ਸਾਹਿਬਾਨ ਨੇ ਸਰਣ ਆਇਆ ਦੀ ਲਾਜ ਰੱਖੀ ਅਤੇ ਦਿੱਤੇ ਬਚਨ ਪੁਗਾਏ।

"ਇਕ ਵੇਰ ਸਤਿਗੁਰੂ ਰਾਮ ਸਿੰਘ ਜੀ “ਰਾਮਦਾਸਪੁਰੇ (ਭੈਣੀ ਸਾਹਿਬ) ਮੈਂ ਆਏ। (ਪਿਤਾ) ਬਾਬੇ ਜੱਸਾ ਸਿੰਘ ਜੀ ਕੋ ਦਰਸ਼ਨ ਦਿੱਤਾ। ਪਰਸਪਰ ਫਤੇ ਬੁਲਾਈ, ਬਾਬੇ ਜੱਸਾ ਸਿੰਘ ਜੀ ਬਚਨ ਕੀਤਾ: ਤਲਵੰਡੀ ਵਾਲੀ ਤੇ ਅਯੁਧਿਆ ਵਾਲੀ ਨਾ ਹੋਵੇ, ਮੈਨੂੰ ਤੁਹਾਡਾ ਵਿਯੋਗ ਨਾ ਹੋਵੇ। ਜਦ ਮੈਂ ਚੜ੍ਹਾਂ ਤੁਸੀਂ ਦੋਵੇਂ ਭਾਈ ਮੇਰੇ ਕੋਲ ਹੀ ਰਹੋ। ਪੰਚਕਾਂ ਨਾ ਹੋਣ। ਅੰਤਰਜਾਮੀ ਗੁਰੂ ਜੀ ਬਚਨ ਕੀਤਾ: "ਹੁਣ ਨਹੀਂ ਰਹਿਣਾ ਹੈ ਤੇਰੇ ਪਾਸ। ਪਰ ਤੁਹਾਡੇ ਚੜ੍ਹਨ ਕੇ ਵਕਤ ਆਇ ਜਾਵਾਂਗੇ।” (ਸਤਿਗੁਰੂ ਬਿਲਾਸ ਭਾਗ -1 ਪੰਨਾ 386)

ਜਨਵਰੀ 1872 ਈ. ਸਤਿਗੁਰੂ ਰਾਮ ਸਿੰਘ ਜੀ ਨੂੰ ਜਲਾਵਤਨ ਕਰਕੇ ਮਾਰਚ 1872 ਤੱਕ ਰੰਗੂਨ (ਬਰਮਾ) ਪੁਚਾ ਦਿੱਤਾ। 1874 ਈ. ਬਾਬਾ ਜੱਸਾ ਸਿੰਘ ਜੀ ਝੜਾਈ ਕਰ ਗਏ। ਬੇਸ਼ੱਕ ਉਸ ਵਕਤ ਸਤਿਗੁਰੂ ਜੀ ਰੰਗੂਨ ਬੰਗਲੇ ਵਿੱਚ ਕੈਦ ਸਨ ਪਰ ਪਿਤਾ ਬਾਬਾ ਜੱਸਾ ਸਿੰਘ ਜੀ ਨੂੰ ਦਿੱਤਾ ਬਚਨ ਪੁਗਾਉਣ ਲਈ ਅੰਤ ਸਮੇਂ ਬਾਬਾ ਜੀ ਨੂੰ ਦਰਸ਼ਨ ਦਿੱਤੇ।

“ਦੋ ਕੁ ਬਰਸ ਸ੍ਰੀ ਸਤਿਗੁਰੂ ਜੀ ਗਇਆ ਨੂੰ ਹੋਏ। ਇਕ ਰਾਤ ਬਾਬੇ ਜੱਸਾ ਸਿੰਘ ਜੀ ਕੋ ਦ੍ਰਿਸ਼ਟਾਂਤ ਮੇਂ ਦੋਨੋ ਭਾਈ ਸਤਿਗੁਰੂ ਰਾਮ ਸਿੰਘ ਜੀ ਤੇ ਮਹਾਰਾਜ ਬੁੱਧ ਸਿੰਘ ਜੀ ਇਸ਼ਨਾਨ ਕਰਾਇਕੇ ਰਥ ਉੱਤੇ ਚੜ੍ਹਾਇਕੇ ਗੁਪਤ ਹੋਇ ਗਏ। ਬਾਬੇ ਦੇ ਨੇਤਰ ਖੁਲ੍ਹ ਗਏ। ਬਾਬੇ ਜੀ ਬਚਨ ਕੀਤਾ, ਸਾਨੂੰ ਤਾਂ ਚਲਾਣਿਆਂ ਕਾ ਹੁਕਮ ਹੈ। ਅਗਲੀ ਰਾਤ ਬਾਬਾ ਜੱਸਾ ਸਿੰਘ ਜੀ ਬਚਨ ਕੀਤਾ, ਦੇਖੋ ਸਤਿਗੁਰੂ ਜੀ ਬੈਠੇ ਹੈ, ਮੈਨੂੰ ਦਿਸਦੇ ਹੈਂ। ਏਕ ਸਮੇਂ ਬਾਬੇ ਜੱਸਾ ਸਿੰਘ ਨੇ ਸਤਿਗੁਰੂ ਜੀ ਅੱਗੇ ਅਰਜ਼ ਕੀਤੀ ਸੀ, ਜਦ ਅੰਤ ਸਮਾਂ ਹੋਵੇ, ਤੁਸੀਂ ਕੋਲ ਹੋਵੇ। ਬਾਬੇ ਕੀ ਮੰਗ ਪੂਰੀ ਕਰਨ ਵਾਸਤੇ ਦਰਸ਼ਨ ਦੇ ਰਹੇ ਹੈਂ। ਸਵਾ ਪਹਿਰ ਰਾਤ ਬਾਬੇ ਜੱਸਾ ਸਿੰਘ ਜੀ ਕਾ ਇਸ਼ਨਾਨ ਕਰਾਇਆ। ਮੰਜੇ ਪਰ ਬੈਠੇ ਈ ਬਾਬਾ ਜੀ ਸਮਾਇ ਗਏ। ਏਕ ਸਿੰਘ ਨੇ ਹੱਥ ਲਾਇਕੇ ਦੇਖਿਆ ਬਾਬੇ ਜੀ ਨੂੰ, ਪ੍ਰਾਣ ਹੈ ਨਹੀਂ, ਦੇਹ ਕਰਕੇ ਬੈਠੇ ਹੈਂ। ” (ਸਤਿਗੁਰੂ ਬਿਲਾਸ  2 ਪੰਨਾ-39)

ਬਾਬਾ ਜੱਸਾ ਸਿੰਘ ਜੀ ਦੇ ਅੰਤਮ ਸਮੇਂ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੇਣ ਦੇ ਪ੍ਰਸੰਗ ਨਾਲ ਸਬੰਧਿਤ ਇਕ ਹੋਰ ਕਥਾ ਹੈ। ਜਿਸ ਬਾਰੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬੰਕੋਂਕ ਵਿਖੇ 19 ਮਾਰਚ 1955 ਈ. ਦੀ ਕਥਾ ਵਿੱਚ ਰਿਕਾਰਡ ਹੈ -

"ਦੇਹ ਕਰਕੇ ਦੇਖਣ 'ਚ ਲੋਕਾਂ ਦੇ ਆਮ ਤੇ ਸਤਿਗੁਰੂ ਰਾਮ ਸਿੰਘ ਜੀ ਨਹੀਂ ਨ ਆਏ। ਇਹ ਬਾਬਾ ਜਿਊਣ ਸਿੰਘ ਜੀ ਇਕ ਮਹਾਪੁਰਖ ਸਨ। ਪਹਿਲਾਂ ਉਦਾਸੀ ਸਾਧੂ ਸਨ, ਜੀਉਣ ਦਾਸ ਨਾਮ ਸੀ। ਚੁੰਨੀ ਪਿੰਡ ਵਿੱਚ ਰਹਿੰਦਿਆਂ ਬਾਬੇ ਨਿਹੰਗ ਹੁਰਾਂ ਦਾ ਦਰਸ਼ਨ ਹੋਇਆ, ਬਾਬਾ ਜੀ ਘੋੜੇ ਤੇ ਆਏ ਦਰਸ਼ਨ ਕੀਤਾ ਭਜਨ ਪੁੱਛਿਆ... ਉਨ੍ਹਾਂ ਆਖਿਆ ਬਈ ਅਸੀਂ ਭਜਨ ਦੱਸ ਦਿੱਤਾ ਹੈ ਮੋਹਰ ਲਵਾ ਲਿਆਉਣੀ। ਗੁਰਦੁਆਰੇ (ਭੈਣੀ ਸਾਹਿਬ) ਆਏ। ਸਤਿਗੁਰੂ (ਰਾਮ ਸਿੰਘ) ਜੀ, ਸੱਚੇ ਪਾਤਸ਼ਾਹ ਏਥੇ ਸਨ। ਫੇਰ ਐਸੀ ਬਿਰਤੀ ਹੋ ਗਈ, ਅੱਗੇ ਕੀਰਤਨ, ਕਰਵਾਉਣਾ ਰਾਗੀਆਂ ਦਾ ਆਸਣ ਸਤਿਗੁਰਾਂ ਦਾ ਵਿਛਾ ਲੈਣਾ, ਚੌਰ ਕਰਨਾ। ਦਰਸ਼ਨ ਹੁੰਦਾ ਸੀ ਤਾਂ ਹੀ ਕਰਦੇ ਸੀ ਨ।”

(ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ ਜਾਣ ਤੋਂ ਬਾਅਦ ਇਕ ਦਿਨ) “ਸਵਾ ਪਹਿਰ ਦਾ ਤੜਕਾ ਹੈ, ਗੜਵੇ ਵਾਲੇ ਹੀਰਾ ਸਿੰਘ ਹੁਰੀਂ ਇਕ ਰਾਗੀ, ਮਜ੍ਹਬੀ (ਸਿੰਘ) ਹੁੰਦੇ ਸਨ । ਗੁਬਿੰਦਗੜ੍ਹ ਵਾਲੇ ਅਗਮ ਸਿੰਘ ਹੁਰਾਂ ਦੇ ਤਾਏ ਲਗਦੇ ਸਨ, ਉਹ ਜੋੜੀ (ਤਬਲਾ) ਵਜਾਉਂਦੇ ਹਨ। ਅਗਮ ਸਿੰਘ ਹੁਰਾਂ ਦਾ ਪਿਤਾ ਸਾਰੰਦਾ ਵਜਾਉਂਦਾ ਹੈ। ਸਤਿਗੁਰੂ ਰਾਮ ਸਿੰਘ ਜੀ ਆ ਕੇ ਆਸਣ ਤੇ ਬੈਠੇ। ਹੀਰਾ ਸਿੰਘ ਹੁਰਾਂ ਦੀ ਜੋੜੀ ਕਿਧਰੇ ਉਲਟ ਕੇ ਜਾ ਪਈ। ਸੰਤ ਮਸਤ ਹੋ ਕੇ ਹਸਣ ਲੱਗ ਪਏ। ਓ ਹੀਰਾ ਸਿੰਘ ਕੀ ਹੋਇਐ...? ਕਹਿੰਦੇ, ਕੀ ਹੋਣੈ, ਸਤਿਗੁਰੂ ਆਏ ਸੀ, ਆਸਣ ਤੇ ਬੈਠੇ ਸੀ। ਕਹਿੰਦੇ "ਅਸੀਂ ਭੈਣੀ ਸਾਹਿਬ ਚਲੇ ਹਾਂ, ਬਾਬੇ ਦੀ ਝੜਾਈ ਹੈ।” ਵਕਤ ਲਿਖ ਲਿਆ। ਉਸੇ ਵੇਲੇ ਆਦਮੀਂ ਭੇਜਿਆ। ਬਾਬਾ (ਜੱਸਾ ਸਿੰਘ) ਜੀ ਨੇ ਉਸ ਦਿਨ ਸਰੀਰ ਛੱਡਿਆ। ਉਹ ਬਚਨ ਜਿਹੜਾ ਸੀ ਕਿ ਤੇਰੇ ਕੋਲ ਹੋਵਾਂਗੇ, ਪੂਰਾ ਕੀਤਾ। "(ਲਾਲ ਏਹਿ ਰਤਨ ਭਾਗ-4 ਪੰਨਾ- 140-41-42-43)

ਅਵਤਾਰੀ ਪੁਰਖਾਂ ਦੀਆਂ ਅਜੇਹੀਆਂ ਕਰਤਾਰੀ ਸ਼ਕਤੀਆਂ ਅਤੇ ਅਲੌਕਿਕ ਕੌਤਕਾਂ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਜਦੋਂ ਸਤਿਗੁਰੂ ਰਾਮ ਸਿੰਘ ਜੀ ਰੰਗੂਨ (ਬਰਮਾ) ਵਿੱਚ ਅੰਗਰੇਜ਼ਾਂ ਦੀ ਨਿਗਰਾਨੀ ਵਿੱਚ ਨਜ਼ਰਬੰਦ ਸਨ। ਉਨ੍ਹਾਂ ਦਿਨਾਂ ਦੀਆਂ ਵੀ ਅਨੇਕਾਂ ਘਟਨਾਵਾਂ ਹਨ ਕਿ ਕਈਆਂ ਨੂੰ ਪੰਜਾਬ ਵਿੱਚ ਵੀ ਪ੍ਰਤੱਖ ਦਰਸ਼ਨ ਦਿੱਤੇ। ਜੇ ਸੰਤ ਜਿਊਣ ਸਿੰਘ ਜੀ ਸਰਹਾਲੀ ਵਾਲਿਆਂ ਨਹਿਰ ਦੇ ਕੰਢੇ ਜਾਂਦਿਆਂ ਵੈਰਾਗ ਦੀ ਸਿਖਰਲੀ ਅਵਸਥਾ 'ਚ ਯਾਦ ਕੀਤਾ ਹਉਕਾ ਲਿਆ। ਆਖਿਆ- “ਰਾਮਿਆਂ, ਕਿਥੇ ਐਂ ਹੁਣ, ਦਰਸ਼ਨ ਦੇਹ।” ਸਤਿਗੁਰੂ ਜੀ ਰੰਗੂਨ ਇਸ਼ਨਾਨ ਕਰਕੇ ਕਛਿਹਰਾ ਬਦਲ ਰਹੇ ਸਨ। ਉਸੇ ਤਰ੍ਹਾਂ ਦਰਸ਼ਨ ਦਿੱਤਾ।

ਇਸੇ ਤਰ੍ਹਾਂ ਇਕ ਹੋਰ ਪ੍ਰਸੰਗ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ 5 ਫਰਵਰੀ 1955 ਬੰਕੋਕ ਵਿਖੇ ਕੀਤੀ ਕਥਾ ਵਿੱਚ ਰਿਕਾਰਡ ਹੈ -"ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਦੇਸ ਜਾਣ ਤੋਂ ਬਾਅਦ (ਇਕ ਦਿਨ) ਉਹ ਭਾਈ (ਉੱਤਮ ਸਿੰਘ) ਜੀ ਗੁਰੂ ਹਰੀ ਸਿੰਘ ਜੀ ਕੋਲ ਆਏ ਤਾਂ ਕਹਿਣ ਲੱਗੇ, ਸੱਚਿਆ ਪਾਤਸ਼ਾਹ ਐਸ ਵੇਲੇ ਸਤਿਗੁਰੂ ਰਾਮ ਸਿੰਘ ਜੀ ਕਿਥੇ ਹਨ?

ਗੁਰੂ ਹਰੀ ਸਿੰਘ ਜੀ ਕਹਿੰਦੇ ਭਾਈ ਉੱਤਮ ਸਿਆਂ, ਜੇ ਤੂੰ ਥੋੜਾ ਚਿਰ ਪਹਿਲੋਂ ਆ ਜਾਂਦਾ ਤਾਂ ਤੈਨੂੰ ਐਥੇ ਹੀ ਦਰਸ਼ਨ ਕਰਾਉਂਦੇ। ਕਹਿਣ ਲੱਗੇ “ਭਾਈ ਜਦੋਂ ਸਤਿਗੁਰੂ ਜੀ ਗਏ, ਮੈਂ ਬਾਹਰ ਜਾ ਕੇ ਬੜਾ ਰੋਂਦਾ ਧਾਹੀਂ ਮਾਰ-ਮਾਰ। ਥੋੜਾ ਜਿਹਾ ਚਿਰ ਹੀ, ਜੇ ਇਕ ਅੱਧਾ ਦਿਨ ਹੀ ਸਤਿਗੁਰੂ ਸੱਚੇ ਪਾਤਸ਼ਾਹ ਨਾ ਦਰਸ਼ਨ ਦੇਂਦੇ ਤਾਂ ਮੇਰਾ ਸਰੀਰ ਨਾ ਰਹਿੰਦਾ। ਸਤਿਗੁਰੂ ਆ ਗਏ। ਸਤਿਗੁਰਾਂ ਆ ਕੇ ਆਖਿਆ “ਭਾਈ ਮੈਂ ਤੇਰੇ ਕੋਲ ਸਦਾ ਹੀ ਅੰਗ ਸੰਗ ਹਾਂ। ਮੈਂ ਤੇਰੇ ਕੋਲ ਰਹਾਂਗਾ ਤੂੰ ਕੰਮ ਕਾਰ ਕਰ ਭਾਈ। ਸਤਿਗੁਰੂ ਤਾਂ ਮੇਰੇ ਮੋਢੇ ਤੇ ਹੱਥ ਰੱਖਦੇ ਹਨ। "

ਅਜੇਹੇ ਕਈ ਕੌਤਕ ਤਾਂ ਰੰਗੂਨ ਬੰਗਲੇ ਵਿੱਚ ਰਹਿੰਦਿਆ ਡਿਊਟੀ ਤੇ ਹਾਜ਼ਰ ਸਿਪਾਹੀਆਂ ਅਤੇ ਅੰਗਰੇਜ਼ ਅਫ਼ਸਰਾਂ ਨੇ ਵੀ ਵੇਖੋ ਕਿ ਤਾਲੇ ਲੱਗੇ ਲਗਾਏ ਹੁੰਦਿਆਂ ਵੀ ਆਪਣੀ ਰਜ਼ਾ ਨਾਲ ਨਦੀ ਤੇ ਇਸ਼ਨਾਨ ਕਰਨ ਚਲੇ ਜਾਂਦੇ ਹਨ, ਆਪਣੀ ਮਰਜੀ ਨਾਲ ਹੀ ਫੇਰ ਤਾਲੇ ਲੱਗੇ ਬੰਦ ਦਰਵਾਜੇ ਹੁੰਦਿਆਂ ਫੇਰ ਅੰਦਰ ਹੁੰਦੇ ਹਨ। ਇਕ ਵੇਰ ਅੰਗਰੇਜ਼ ਅਫਸਰ ਨੇ ਆ ਕੇ ਪੁੱਛਿਆ- "ਰਾਜਾ ਰਾਮ ਸਿੰਘ ਟੁਮ ਪੰਜਾਬ ਭੀ ਜਾ ਸਕਦੇ ਹੋ?" ਦੋ ਵੇਰ ਪੁੱਛਣ ਤੇ ਜੁਆਬ ਨਾ ਦਿੱਤਾ ਜਦ ਤੀਸਰੀ ਵੇਰ ਪੁੱਛਿਆ ਤਾਂ ਸਤਿਗੁਰੂ ਰਾਮ ਸਿੰਘ ਜੀ ਨੇ ਤੇਜੀ ਮੇਂ ਹੋਇਕੇ ਬਚਨ ਕੀਤਾ: "ਪੰਜਾਬ ਤਾਂ ਮੇਰੇ ਘਰ ਦੇ ਵਿਹੜੇ ਵਾਂਗ ਹੈ। "ਅਜੇਹੀਆਂ ਅਨੇਕਾਂ ਕਥਾ ਹਨ ਕਿ ਸਤਿਗੁਰੂ ਕਰਣ ਕਾਰਣ ਸਮਰੱਥ ਹੁੰਦਿਆਂ ਹੋਇਆ ਵੀ ਨਰ-ਲੀਲ੍ਹਾ ਕਰਦਿਆਂ ਕਾਰਣ ਵੱਸ ਹੋ ਕੌਤਕ ਕਰਦਾ ਹੈ।

ਲੇਖ ਦਾ ਵਿਸ਼ਾ ਹੈ- ਮਰਗੋਈ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਦਰਸ਼ਨ। ਉਪਰੋਕਤ ਸੰਖੇਪ ਵੇਰਵੇ ਤਾਂ ਇਸ ਵਿਸ਼ੇ ਦੀ ਭੂਮਿਕਾ ਹੀ ਹੈ। ਇਹ ਵੀ ਉਸੇ ਤਰ੍ਹਾਂ ਦੇ ਗੁਰ-ਸਾਂਗ ਦਾ ਦੁਹਰਾਉ ਹੈ ਜੋ ਨਦੇੜੋਂ (ਹਜ਼ੂਰ ਸਾਹਿਬ) ਬਾਅਦ ਦਸਮ ਗੁਰ ਦਰਸ਼ਨ' ਦਾ ਇਤਿਹਾਸ ਹੈ। 1708 ਈ. ਨਦੇੜ (ਹਜ਼ੂਰ ਸਾਹਿਬ) ਸਾਹਿਬ ਕਲਗੀਧਰ ਪਾਤਸ਼ਾਹ ਨੇ ਨਰ-ਨਾਟਕ ਰਚਿਆ। ਚਿਖਾ ਚਿੱਣੀ, ਚੁਫੇਰੇ ਕਨਾਤ ਲਗਵਾਈ ਹੁਕਮ ਕੀਤਾ ਕਨਾਤ ਵੱਲ ਅੰਦਰ ਕੋਈ ਝਾਤ ਨਾ ਮਾਰੇ ਅੱਧੀ ਰਾਤੋਂ ਬਾਅਦ ਗੁਰੂ ਸਾਹਿਬ ਨੇ ਵਾਹਿਗੁਰੂ ਜੀ ਕੀ ਫਤਹਿ ਦਾ ਜੈਕਾਰਾ ਗਜਾਇਆ। ਇਹ ਵੀ ਬਚਨ ਕੀਤਾ-

'ਹਮ ਦਿਸ ਝਾਤ ਨਾ ਕੋਈ ਪਾਇਓ। ਫੋਲਿਯੋ ਹਮਰਾ ਨਾਹਿ ਅੰਗੀਠਾ॥'
ਚਿਤਾ ਬਲੀ ਲਾਟਾਂ ਉੱਚੀਆਂ ਹੋਈਆਂ। ਸਿੱਖਾਂ ਸਮਝਿਆ ਗੁਰੂ ਸਾਹਿਬ ਪ੍ਰਲੋਕ ਗਵਨ ਕਰ ਗਏ ਹਨ। ਮੁੱਖ ਰੂਪ ਵਿੱਚ ਇਹੋ ਸਮਝਿਆ ਜਾਂਦਾ ਹੈ ਕਿ ਦਸਮ ਪਾਤਸ਼ਾਹ 1708 ਨੂੰ ਨਦੇੜ ਵਿਖੇ ਜੋਤੀ ਜੋਤ ਸਮਾ ਗਏ ਪਰ ਉਸਤੋਂ ਬਾਅਦ ਜੰਗਲ ਵਿੱਚ ਇਕ ਉਦਾਸੀ ਸਾਧੂ ਨੂੰ ਗੁਰੂ ਸਾਹਿਬ ਦੇ ਕੁਮੈਤ ਘੋੜੇ ਤੇ ਸਵਾਰ ਦਰਸ਼ਨ ਹੋਏ, ਪ੍ਰਸ਼ਾਦ ਬਖਸ਼ਿਆ। ਹੁਕਮ ਕੀਤਾ- ਨਦੇੜ ਜਾ ਕੇ ਸਿੱਖਾਂ ਨੂੰ ਧੀਰਜ ਦਿਉ। ਅਸੀਂ ਖਾਲਸੇ ਦੇ ਹਮੇਸ਼ਾਂ ਅੰਗ ਸੰਗ ਹਾਂ। ਇਸ ਜਗ੍ਹਾ ਗੁਰਦੁਆਰਾ ਰਤਨ ਗੜ੍ਹ ਹੈ। ਉਸ ਸਾਧ ਨੇ ਆ ਕੇ ਸਿੱਖਾਂ ਨੂੰ ਦੱਸਿਆ- ਸਿੰਘਾਂ ਵੇਖਿਆ ਕਿ ਤਬੇਲੇ ਕੁਮੈਤ ਘੋੜਾ ਵੀ ਨਹੀਂ ਅਤੇ ਬਾਜ ਵੀ ਨਹੀਂ।

ਉਸਤੋਂ ਕੁਝ ਸਮੇਂ ਬਾਅਦ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਸਿਤਾਰੇ ਦੇ ਕਿਲ੍ਹੇ ਵਿਚੋਂ ਮੁਕਤ ਕਰਵਾਕੇ ਮਨਮਾੜ੍ਹ ਛੱਡਿਆ। ਏਥੇ ਗੁਰਦੁਆਰਾ ਗੁਪਤਸਰ ਹੈ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਅਜੇਹੀਆਂ ਕਈ ਘਟਨਾਵਾਂ ਲਿਖਦੇ ਹਨ ਕਿ ਜਦੋਂ ਸਿੱਖਾਂ ਦੇ ਮੁਗਲਾਂ ਨਾਲ ਹੁੰਦੇ ਘਮਸਾਨ ਦੇ ਯੁੱਧਾਂ ਸਮੇਂ ਦਸਮ ਪਾਤਸ਼ਾਹ ਨੇ ਪ੍ਰਤੱਖ ਦਰਸ਼ਨ ਦੇ ਕੇ ਆਪ ਯੁੱਧ ਕਰਕੇ ਸਿਖਾਂ ਨੂੰ ਜਿਤਾਉਣਾ ਤੇ ਫੇਰ ਅਲੋਪ ਹੋ ਜਾਣਾ। ਸਿਆਲਕੋਟ ਵਿੱਚ ਨੱਥਾ ਸਿੰਘ ਤੇ ਦਿਆਲ ਸਿੰਘ ਸਾਥੀਆਂ ਸਹਿਤ 1775 ਈ. ਦੇ ਨੇੜੇ ਇਕ ਵੇਰ ਮੁਗਲਾਂ ਨਾਲ ਯੁੱਧ ਕਰ ਰਹੇ ਸਨ, ਸਿੱਖਾਂ ਦਾ ਪਲੜਾ ਹਲਕਾ ਸੀ, ਮੁਗਲ ਫੌਜ ਭਾਰੂ ਹੋ ਗਈ। ਸਿੱਖਾਂ ਬੜੇ ਆਜ਼ਿਜ਼ ਹੋ ਅਰਦਾਸ ਕੀਤੀ ਤਾਂ ਸਾਹਿਬ ਸ਼ਹੀਦੀ ਫੌਜਾਂ ਨਾਲ ਆ ਹਾਜ਼ਰ ਹੋਏ।

ਦੀਨ ਦਿਆਲ ਬਿਰਦ ਸੰਭਾਲ ਹਵੈ ਦਿਆਲ ਝਟ ਫੌਜ ਲੈ ਬਿਸਾਲ ਸੰਗ ਗੁਪਤੋਂ ਕੀ ਆਏ ਹੈਂ।
ਨਥਾ ਸਿੰਘ ਆਦ ਕੈ ਸਿਦਕ ਵਾਰੇ ਸਿੰਘਨ ਕੋ ਦੀਓ ਹੈ ਦੀਦਾਰ ਗੁਰ ਧੀਰਜ ਧਰਾਏ ਹੈਂ॥

ਏਸੇ ਤਰ੍ਹਾਂ ਬਾਬਾ ਰਾਮ ਸਿੰਘ ਬੇਦੀ ਕੋਟਲੀ ਵਾਲੇ ਦੀ ਕਮਾਨ ਹੇਠ 1776 ਈ. ਵਿੱਚ ਸਹਾਂਚੀ ਖਾਨ ਨਾਲ ਯੁੱਧ ਸਮੇਂ ਵੀ ਜਦੋਂ ਸਿੰਘਾਂ ਨੂੰ ਆਪਣੀ ਹਾਰ ਹੁੰਦੀ ਜਾਪ ਰਹੀ ਸੀ ਤਾਂ ਬੜੇ ਅਧੀਰ ਹੋ ਅਰਦਾਸ ਕੀਤੀ ਤਾਂ ਉਸ ਸਮੇਂ ਦੀ-

ਦੇਖ ਦੀਨਤਾ ਸਿੰਘਨ ਕੇਰੀ॥ ਕਲਗੀਧਰ ਨਭ ਬਾਨੀ ਟੇਰੀ॥

ਅਜੋ ਖਾਲਸਾ ਤੁਮ ਜੈ ਪਾਵੋ ॥ ਸੰਮੁਖ ਸ਼ਤਰੂ ਹੈ ਜੰਗ ਮਚਾਵੈ ॥ ਕੇ ਚਿਤ ਸਿਦਕੀ ਸਿੰਘਨ ਤਾਏ॥ ਦਰਸਨ ਦਸਮ ਗੁਰੂ ਕੇ ਥਾਏ॥

ਇਸ ਤਰ੍ਹਾਂ ਦਸਮ ਪਾਤਸ਼ਾਹ ਨੰਦੇੜ ਨਰ ਨਾਟਕ ਕਰਕੇ ਲੰਮਾਂ ਸਮਾਂ ਗੁਪਤ ਰੂਪ ਵਿੱਚ ਵਿਚਰੇ ਅਤੇ ਕਈ ਥਾਈ ਸਿੱਖਾਂ ਦੀ ਸਹਾਇਤਾ ਕਰਕੇ ਜਿੱਤ ਦਿਵਾਈ। ਪਰ ਨਦੇੜੋਂ ਬਾਅਦ ਦਸਮ ਗੁਰ ਦਰਸ਼ਨ ਕੇਵਲ ਇਕ ਵੱਖਰੇ ਲੇਖ ਦਾ ਹੀ ਵਿਸ਼ਾ ਨਹੀਂ ਸਗੋਂ ਇਸ ਸੰਧਰਭ ਵਿੱਚ ਪੁਸਤਕਾਂ ਛਪ ਚੁੱਕੀਆਂ ਹਨ ਅਤੇ ਹੋਰ ਖੋਜ ਦੀ ਲੋੜ ਹੈ ਪਰ ਇਹ ਸਪਸ਼ਟ ਹੈ ਕਿ ਗੁਰੂ ਸਾਹਿਬ ਨਦੇੜ ਜੋਤੀ ਜੋਤ ਨਹੀਂ ਸਮਾਏ ਕਿਉਂਕਿ ਉਸਤੋਂ ਬਾਅਦ ਕਈ ਜਗ੍ਹਾ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ।

ਇਸੇ ਤਰ੍ਹਾਂ ਇਹ ਵੀ ਚਿੱਟੇ ਦਿਨ ਵਰਗਾ ਸੱਚ ਹੈ ਕਿ ਸਤਿਗੁਰੂ ਰਾਮ ਸਿੰਘ ਜੀ 1885 ਈ. ਮਰਗੋਈ ਵਿਖੇ ਜੋਤੀ ਜੋਤ ਨਹੀਂ ਸਮਾਏ। ਇਹ ਖਬਰ ਅੰਗਰੇਜ਼ ਸਰਕਾਰ ਨੇ ਕੇਵਲ ਗੁੰਮਰਾਹ ਕਰਨ ਵਾਸਤੇ ਫੈਲਾਈ ਸੀ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਹੀ ਨਵੰਬਰ 1885 ਤੋਂ ਨੌ ਮਹੀਨੇ ਬਾਅਦ ਬ੍ਰਿਟਿਸ਼ ਬਰਮਾ ਦਾ ਚੀਫ ਕਮਿਸ਼ਨਰ ਸਰ ਚਾਰਲਸ ਬਰਨਾਡ ਲਿਖਦਾ ਹੈ ਕਿ ਅਸੀਂ ਗੁਰੂ ਰਾਮ ਸਿੰਘ ਨੂੰ ਦੁਰਾਡੇ ਟਾਪੂ ਤੇ ਭੇਜ ਰਹੇ ਹਾਂ ਜਿਥੇ (ਉਨ੍ਹਾਂ ਦੇ ਸਿੱਖ) ਉਹਨਾਂ ਨਾਲ ਸੰਪਰਕ ਨਹੀਂ ਕਰ ਸਕਣਗੇ।

ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਸ. ਆਲਮ ਸਿੰਘ ਇਕ ਸਿਵਿਲ ਇੰਜੀਨੀਅਰ ਦੇ ਲੇਖ ਦਾ ਜਿਕਰ ਹੈ। ਜਿਸ ਵਿੱਚ ਉਸਨੇ ਸਤਿਗੁਰੂ ਰਾਮ ਸਿੰਘ ਜੀ ਦੇ ਝੜਾਈ ਕਰਨ ਦੀ ਖ਼ਬਰ ਨੂੰ ਬੜੇ ਸਖਤ ਸ਼ਬਦਾਂ ਵਿੱਚ ਖੰਡਨ ਕੀਤਾ ਸੀ, ਟਾਈਟਲ ਸੀ- ਡਿਸਟਰਿਕ ਗਜ਼ਟੀਅਰ ਦਾ ਕੋਰਾ ਝੂਠ। ਏਸੇ ਲੇਖ ਦਾ ਜ਼ਿਕਰ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਵੀ ਕੂਕਾ ਲਹਿਰ ਬਾਰੇ ਮਹਾਂਰਥੀ ਮਾਸਿਕ ਹਿੰਦੀ ਮੈਗਜ਼ੀਨ ਦੇ ਫਰਵਰੀ ਮਾਰਚ 1928 ਈ. ਦੇ ਅੰਕਾਂ ਵਿੱਚ ਲਿਖੇ ਆਪਣੇ ਲੇਖ ਵਿੱਚ ਵੀ ਕਰਦੇ ਹਨ-

“ਗੁਰੂ ਰਾਮ ਸਿੰਘ ਜੀ ਬਰਮਾ ਮੇ ਹੀ ਨਜ਼ਰਬੰਦ ਰਹੇ। ਡਿ. ਗਜ਼ੇਟੀਅਰ ਮੇਂ ਲਿਖਾ ਹੈ- Finally he died in Burma in 1885. ਪ੍ਰੰਤੂ 1920 ਮੇਂ ਡਸਕਾ ਨਿਵਾਸੀ ਸ੍ਰੀ ਆਲਿਮ ਸਿੰਹ ਇੰਜੀਨੀਅਰ ਨੇ ਏਕ ਲੇਖ ਦੁਆਰਾ ਉਪਰੋਕਤ ਬਾਤ ਕਾ ਖੰਡਨ ਕੀਆ ਥਾ । ਉਨਹੋ ਨੇ ਲਿਖਾ ਥਾ ਕਿ ਵੇ ਦੋ ਔਰ ਸਾਥੀਓ ਸਹਿਤ Lower Burma ਕੀ ਕਿਸੀ ਪੋਰਟ ਸੇ ਲਾਸਟ ਦੀਪ ਜਾ ਰਹੇ ਥੇ । ਉਸ ਪੋਰਟ ਕਾ ਨਾਮ ਮੌਲਮੀਨ ਥਾ ਵਹਾਂ ਪਰ ਏਕ ਦਿਨ ਏਕ ਬੜੇ ਤੇਜੱਸਵੀ ਵਿਅਕਤੀ ਕੋ ਪੁਲਿਸ ਕੀ ਨਿਗਰਾਨੀ ਮੇਂ ਸੈਰ ਕਰਤੇ ਦੇਖ ਕਰ ਉਨਕੇ ਸੰਬੰਧ ਮੇਂ ਕੁਝ ਪੂਛਤਾਛ ਕਰਨੋ ਪਰ ਮਾਲੂਮ ਹੂਆ ਕਿ ਯੇ ਪੰਜਾਬ ਕੇ ਰਾਜਾ ਹੈਂ। ਵਹ ਸਮਝੋ, ਸ਼ਾਇਦ ਮਹਾਰਾਜਾ ਦਲੀਪ ਸਿੰਘ ਹੋਂ, ਪ੍ਰੰਤੂ ਬਾਅਦ ਕੋ ਮਾਲੂਮ ਹੂਆ ਕਿ ਵਹ ਕੂਕਾ ਗੁਰੂ ਰਾਮ ਸਿੰਘ ਹੈ। ਉਸ ਸਮਯ ਉਨਕੇ ਸਾਥ ਉਨਕਾ ਏਕ ਸੂਬਾ ਲੱਖਾ ਸਿੰਘ ਭੀ ਥਾ। ਉਨਸੇ ਮਿਲਨੇ ਪਰ ਖੂਬ ਬਾਤ ਚੀਤ ਹੁਈ ਔਰ ਮਾਲੂਮ ਹੂਆ ਕਿ ਉਨਹੇਂ ਪਾਂਚ ਮੀਲ ਤੱਕ ਬਾਹਰ ਸੈਰ ਕਰਨੀ ਕੀ ਆਗਿਆ ਥੀ। ਖੈਰ ਸਰਕਾਰ ਨੇ ਇਸ ਲੇਖ ਕਾ ਕਭੀ ਪ੍ਰਤੀਵਾਦ ਭੀ ਨਹੀਂ ਕੀਆ। ਕੁਕਾ ਲੋਗੋਂ ਕਾ ਵਿਸ਼ਵਾਸ ਹੈ ਕਿ ਵੇ ਅਭੀ ਜੀਵਤ ਹੈਂ। ਖੈਰ!”

ਗੁਰਿੰਡ ਨਾਮੇਂ ਦਾ ਭਵਿਖਤਵਾਕ ਹੈ ਕਿ ਸਤਿਗੁਰੂ ਰਾਮ ਸਿੰਘ ਜੀ 'ਸਗਲ ਦੀਪ ਭਵਨ ਮੋ ਜਾਹੀ ਹੋਇ | ਕ੍ਰਿਪਾਲ ਸਭ ਦਰਸ ਦਿਖਾਹੀ।' ਅਤੇ 'ਅਨਿਕ ਦੇਸ ਬਿਪ੍ਰੈਚ ਸਿਧਾਵੈ॥' ਭਾਵ ਕਿ ਸਤਿਗੁਰੂ ਰਾਮ ਸਿੰਘ ਜੀ ਅਨੇਕਾਂ ਦੇਸਾਂ, ਦੀਪਾਂ ਵਿੱਚ ਦਰਸ਼ਨ ਦੇਣਗੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਵੀ ਜ਼ਿਕਰ ਹੈ ਕਿ ਸ. ਆਤਮਾ ਸਿੰਘ ਪਾਸ ਇਕ ਸਿੱਖ ਸਰਦਾਰ ਆਇਆ ਉਸ ਸਤਿਗੁਰੂ ਰਾਮ ਸਿੰਘ ਜੀ ਦੀ ਤਸਵੀਰ ਵੇਖ ਕੇ ਦੱਸਿਆ ਕਿ ਮੈਂ ਏਨਾਂ ਦੇ ਦਰਸ਼ਨ ਰੂਸ ਵਿੱਚ ਕਰ ਕੇ ਆਇਆ ਹਾਂ।

ਇਸੇ ਤਰ੍ਹਾਂ ਇਕ ਹੋਰ ਵਾਰਤਾ ਹੈ। ਦੂਸਰੀ ਸੰਸਾਰ ਜੰਗ ਵੇਲੇ ਦੋ ਸਿੱਖ ਸ. ਧੰਨਾ ਸਿੰਘ ਹੰਸਰੋ ਦਾ ਅਤੇ ਸ. ਮੁਨਸ਼ਾ ਸਿੰਘ ਘਟਾਰੋਂ ਦਾ ਅੰਗਰੇਜ਼ਾਂ ਦੀ ਫੌਜ ਵਿੱਚ ਸਨ, ਜਰਮਨ ਅਤੇ ਫਰਾਂਸ ਦੇ ਬਾਰਡਰ ਤੇ ਇਕ ਦਿਨ ਫੌਜੀ ਸਾਥੀਆਂ ਲਈ ਲੰਗਰ ਲਿਜਾ ਰਹੇ ਸਨ ਜੰਗਲ ਵਿਚੋਂ ਜਾਂਦਿਆਂ ਦੋਵੇਂ ਨਿਖੜ ਗਏ। ਸ. ਮੁਨਸ਼ਾ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਹੋਏ। ਸਤਿਗੁਰੂ ਜੀ ਦੇ ਦੈਵੀ ਦਰਸ਼ਨ ਨਾਲ ਜੀਵਨ ਬਦਲ ਗਿਆ। ਸਤਿਗੁਰੂ ਜੀ ਹੁਕਮ ਕੀਤਾ 'ਬਿਲਿਆਂ ਦੀ ਨੌਕਰੀ ਨਹੀਂ ਕਰਨੀ, ਪਿੰਡ ਚਲੇ ਜਾਉ ਕਿਰਤ ਕਰੋ ਨਾਮ ਜਪੋ।' ਉਸਨੇ ਸਾਥੀ ਧੰਨਾ ਸਿੰਘ ਨੂੰ ਦੱਸਿਆ, ਦੋਵੇਂ ਨੌਕਰੀ ਛੱਡ ਕੇ ਪਿੰਡ ਆ ਗਏ। ਦੋਵੇਂ ਪਰਿਵਾਰਾਂ ਦੀ ਅੰਸ-ਬੰਸ ਪੱਕੇ ਨਾਮਧਾਰੀ ਪਰਿਵਾਰ ਹਨ। ਧੰਨਾ ਸਿੰਘ ਨੇ ਪਿੰਡ ਆ ਕੇ ਜਿੰਨੀ ਤਨਖਾਹ ਦੀ ਮਾਇਆ ਸੀ, ਘਰ ਨਹੀਂ ਵਰਤੀ ਸ੍ਰੀ ਭੈਣੀ ਸਾਹਿਬ ਆ ਕੇ ਅਖੰਡ ਪਾਠ ਕਰਵਾ ਦਿੱਤੇ। ਹੰਸਰੋ ਅਤੇ ਘਟਾਰੋਂ ਦੋਵੇਂ ਪਿੰਡ ਵਜੀਦ ਤੋਂ ਨਵੇਂ ਸ਼ਹਿਰ ਜਾਂਦਿਆ ਰਸਤੇ ਵਿੱਚ ਹਨ। 1920-21 ਈ. ਵਿੱਚ ਸ੍ਰੀ ਸਤਿਗੁਰੂ ਪਤਾਪ ਸਿੰਘ ਜੀ ਦੀ ਆਗਿਆ ਨਾਲ ਸੰਤ ਹਰਦੇਵ ਸਿੰਘ ਬਖਸ਼ੀ ਅਤੇ ਸੰਤ ਸੂਰਤ ਸਿੰਘ ਖਤਰਾਵਾਂ ਬਰਮਾਂ ਵਿਖੇ ਰੰਗੂਨ ਅਤੇ ਮਰਗੋਈ ਗਏ, ਸਤਿਗੁਰੂ ਜੀ ਦੇ ਸਥਾਨਾਂ ਦੇ ਦਰਸ਼ਨ ਕੀਤੇ। ਉਨ੍ਹਾਂ ਦੀ ਯਾਤਰਾ ਦੇ ਵੇਰਵੇ ਗਿਆਨੀ ਤੇਜਾ ਸਿੰਘ ਜੀ ਨਿਓਤ ਪਾਸ ਕੈਸੇਟ ਤੇ ਰਿਕਾਰਡ ਸਨ ਜੋ ਉਨ੍ਹਾਂ ਲਿਖੋ ਅਤੇ ਪ੍ਰੋ. ਤਾਰਾ ਸਿੰਘ ਅਨਜਾਣ ਸੰਪਾਦਿਤ 'ਗਿਆਨੀ ਤੇਜਾ ਸਿੰਘ ਰਚਨਾਵਲੀ' ਵਿੱਚ ਪੰਨਾ 143-45-46 ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਸਾਰਾ ਵੇਰਵਾ ਏਥੇ ਲਿਖੀਏ ਤਾਂ ਵਿਸਥਾਰ ਬਹੁਤ ਹੋ ਜਾਵੇਗਾ। ਉਥੇ ਇਕ ਬੋਧੀ ਸਾਧੂ ਮਿਲੇ ਜਿਨ੍ਹਾਂ ਦੀ ਉਮਰ ਉਸ ਵੇਲੇ ਸੌ ਵਰਿਆਂ ਦੇ ਕਰੀਬ ਸੀ। ਉਹ ਸਤਿਗੁਰੂ ਰਾਮ ਸਿੰਘ ਜੀ ਨੂੰ 'ਬੁਧਨ ਬੁਧਾ" ਕਹਿੰਦਾ ਸੀ। ਉਸ ਕਿਹਾ 'ਬੁੱਧਨ ਬੁਧਾ' ਆਪਣੀ ਰਜ਼ਾ ਨਾਲ ਗੋਰਿਆਂ ਦੀ ਕੈਦ ਚੋਂ ਚਲੇ ਗਏ। ਹੁਣ ਉਹ ਦੂਰ ਪਹਾੜਾਂ ਵਿੱਚ ਕਿਤੇ ਗੁਪਤ ਥਾਂ ਤੇ ਰਹਿੰਦੇ ਹਨ ਸਾਡਾ ਬੋਧੀ ਸਾਧੂਆਂ ਦਾ ਜਥਾ ਗਰਮੀਆਂ ਦੀ ਰੁੱਤੇ ਪਹਾੜੀ ਦੇ ਤਲੇ ਜਾ ਕੇ ਤੰਬੂ ਲਾ ਕੇ ਚਾਲੀ ਦਿਨ 'ਬੁਧਨ ਬੁਧਾ' ਦੀ ਅਰਾਧਨਾ ਕਰਦਾ ਹੈ। ਉਹ ਕਿਸੇ ਦਿਨ ਪਹਾੜੀ ਦੇ ਉਤੇ ਪ੍ਰਗਟ ਹੁੰਦੇ ਹਨ, ਸਫੈਦ ਕਪੜਾ ਹਿਲਾ ਕੇ ਸਾਧੂਆਂ ਦੀ ਮੰਡਲੀ ਨੂੰ ਅਸ਼ੀਰਵਾਦ ਦੇਂਦੇ ਹਨ ਤਾਂ ਸਾਧੂ ਆਪਣੀ ਯਾਤਰਾ ਸਫਲ ਸਮਝ ਉਥੋਂ ਮਿਟੀ ਲੈ ਆਉਂਦੇ ਹਨ ਕਿ ਇਹ ਉਨ੍ਹਾਂ ਦੀ ਚਰਨ ਧੂੜ ਹੈ। ਉਸ ਸਾਧੂ ਨੇ ਇਕ ਪੋਟਲੀ ਚੋਂ ਕੱਢ ਕੇ ਉਹ ਪਵਿੱਤਰ ਧੂੜੀ ਬਖਸ਼ੀ ਜੀ ਅਤੇ ਸੂਰਤ ਸਿੰਘ ਨੂੰ ਵੀ ਦਿੱਤੀ ਦੋਹਾਂ ਨੇ ਮਸਤਕ ਨੂੰ ਲਾਈ।

ਇਸੇ ਤਰ੍ਹਾਂ ਇੱਕ ਹੋਰ ਵਾਰਤਾ ਹੈ, ਕਰੀਬ 1961 ਈ. ਦੀ ਜੋ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਵਚਨਾਂ ਵਿੱਚ ਵੀ ਰਿਕਾਰਡ ਹੈ। ਇਸ ਘਟਨਾ ਦਾ ਸੰਖੇਪ ਸਾਰ ਪਾਠਕਾਂ ਦੇ ਦ੍ਰਿਸ਼ਟੀ ਗੋਚਰ ਹੈ । ਸ੍ਰੀ ਸਤਿਗੁਰੂ ਜੀ ਦੇ ਬਚਨ ਹਨ- 'ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਹਿਲੀ ਵੇਰ ਥਾਈਲੈਂਡ ਗਏ ਸਾਂ, ਉਥੇ ਇਕ ਬੋਧੀ ਸਾਧੂ ਦਾ ਬਿਆਨ ਰੇਡਿਓ ਤੇ ਆਇਆ, ਅਖਬਾਰਾਂ 'ਚ ਛਪਿਆ। ਉਸਦਾ ਬਿਆਨ ਸੀ- 'ਬੋਧੀ ਸੰਮਤ 2500 ਤੋਂ ਬਾਅਦ ਸੰਸਾਰ ਭਰ ਵਿੱਚ ਅਸ਼ਾਂਤੀ ਫੈਲੇਗੀ, ਲੜਾਈਆਂ ਝਗੜੇ, ਬਿਮਾਰੀਆਂ ਅਤੇ ਕੁਦਰਤੀ ਆਫਤਾਂ ਆਉਣਗੀਆਂ, ਬਹੁਤ ਦੁਨੀਆਂ ਖਤਮ ਹੋ ਜਾਵੇਗੀ। ਉਸ ਤੋਂ ਬਾਅਦ ਬਰਮਾ ਦੀਆਂ ਪਹਾੜੀਆਂ ਚੋਂ ਇਕ ਅਵਤਾਰ ਪ੍ਰਗਟ ਹੋਏਗਾ। ਉਸਦੇ ਪ੍ਰਗਟ ਹੋਣ ਤੇ ਸੰਸਾਰ ਸਾਰੇ ਦੁਖਾਂ ਤੋਂ ਮੁਕਤ ਹੋ ਜਾਏਗਾ। ਸੰਸਾਰ ਤੇ ਅਮਨ ਕਾਇਮ ਹੋਵੇਗਾ।

ਅਜੇਹੇ ਹੀ ਬਚਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਵੀ ਦਰਜ ਹਨ। ਰੰਗੂਨ ਸਿੱਖਾਂ ਪੁਛਿਆ- “ਪਾਤਸ਼ਾਹ ਤੁਸੀਂ ਕਦੋਂ ਦੇਸ ਦਰਸ਼ਨ ਦੇਓਗੇ?" ਹੁਕਮਨਾਮੇ ਦਾ ਬਚਨ ਹੈ- "ਜਦ ਸੰਬਰ ਸੂਰੀ ਫਿਰੂਗੀ ਫੇਰ ਆਵਾਂਗੇ।" ਸੰਬਰ ਸੂਰੀ ਦਾ ਭਾਵ ਹੈ 'ਮਹਾਂ ਵਿਨਾਸ਼'। ਇਹ ਵੀ ਬਚਨ ਹੈ- "ਪ੍ਰਿਥਵੀ ਪਰ ਅਨਿਕ ਭਾਂਤ ਕੀ ਮਾਰ ਕਾ ਹੁਕਮ ਹੈ।” ਜਦੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਥਾਈਲੈਂਡ ਗਏ, ਬੋਧੀ ਸਾਧੂ ਦਾ ਬਿਆਨ ਸੁਣਿਆ ਤਾਂ ਪਾਤਸ਼ਾਹ ਜੀ ਕੁਝ ਸਿੱਖਾਂ ਸਹਿਤ ਉਸ ਸਾਧੂ ਪਾਸ ਗਏ। ਪੁੱਛਿਆ ਕਿ ਤੁਸੀਂ ਇਹ ਭਵਿੱਖਤ ਬਿਆਨ ਕਿਸ ਅਧਾਰ ਤੇ ਦਿੱਤਾ ਹੈ। ਉਸ ਨੌਜੁਆਨ ਸਾਧੂ ਨੇ ਦੱਸਿਆ ਕਿ “ਸਾਡੀਆਂ ਤਾੜ ਪੱਤਰਾਂ ਤੇ ਜੋ ਪੁਸਤਕਾਂ ਲਿਖੀਆਂ ਹਨ। ਉਹਨਾਂ ਵਿੱਚ ਦਰਜ ਭਵਿੱਖਤ ਵਾਕ ਪੂਰੇ ਹੁੰਦੇ ਆਏ ਹਨ। ਅਸੀਂ ਇਹ ਬਚਨ ਠੀਕ ਮੰਨਦੇ ਹਾਂ। ”

ਇਸ ਤੋਂ ਬਾਅਦ ਸ੍ਰੀ ਸਤਿਗੁਰੂ ਜੀ ਦੇ ਹੁਕਮ ਨਾਲ ਪੰਜ ਸਿੰਘ ਬਰਮਾ ਗਏ, ਉਥੇ ਕਈ ਸਾਧੂਆਂ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਏਥੇ ਕਈ ਵੇਰ ਰਾਹੀਆਂ ਨੂੰ ਕੁਝ ਤੁਹਾਡੇ ਵਰਗੇ ਸਿੱਖ ਸਰੂਪ ਵਿੱਚ ਸਿੱਖਾਂ ਦੇ ਦਰਸ਼ਨ ਹੁੰਦੇ ਹਨ, ਉਨ੍ਹਾਂ ਚੋਂ ਇਕ ਹੈ, ਜਿਸਦੇ ਚੇਹਰੇ ਦਾ ਏਨਾ ਤੇਜ ਹੈ ਕਿ ਉਸ ਵੱਲ ਵੇਖਿਆ ਨਹੀਂ ਜਾਂਦਾ। ਇਹ ਯਾਤਰਾ ਉਹਨਾਂ ਸਿੱਖਾਂ ਨੇ ਵਿਸਥਾਰ ਸਹਿਤ ਲਿਖੀ ਹੋਈ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਹੈ ਕਿ ਅਸੀਂ ਮੰਨਦੇ ਹਾਂ ਕਿ ਉਹ ਸਤਿਗੁਰੂ ਰਾਮ ਸਿੰਘ ਜੀ ਹੀ ਹਨ ਜਿਨ੍ਹਾਂ ਬਰਮਾਂ ਦੀਆਂ ਪਹਾੜੀਆਂ ਚੋਂ ਪ੍ਰਗਟ ਹੋਣਾ, ਸਤਿਗੁਰੂ ਰਾਮ ਸਿੰਘ ਤੋਂ ਬਿਨਾਂ ਅਜੇਹਾ ਹੋਰ ਕੋਈ ਹੋ ਹੀ ਨਹੀਂ ਸਕਦਾ।

ਸੰਨ 1967 ਈ. ਬਸੰਤ ਪੰਚਮੀਂ ਅਤੇ ਖਸ਼ਟਮੀ ਦੀ ਰਾਤ ਨੂੰ ਬਾਰਾਂ ਤੋਂ ਇੱਕ ਵਜੇ ਵਿਚਾਲੇ ਸ੍ਰੀ ਭੈਣੀ ਡਿਓੜੀ ਦਾ ਦਰਵਾਜਾ ਖੜਕਿਆ ਸਦਾ ਵਰਤ ਵਾਲੀ ਅਲਮਾਰੀ ਪਾਸ ਸੰਤ ਹਰੀ ਸਿੰਘ ਗੜੀ ਵਾਲੇ ਮੰਜੇ ਤੇ ਪਏ ਸਨ, ਉਹ ਹਮੇਸ਼ਾਂ ਰਾਤ ਨੂੰ ਇਥੇ ਸੇਵਾ ਵਿੱਚ ਰਹਿੰਦੇ ਕਿ ਰਾਤ ਸਮੇਂ ਵੀ ਕੋਈ ਰਾਹੀ ਆ ਜਾਏ ਤਾਂ ਉਸਨੂੰ ਲੰਗਰ ਛਕਾਉਣ ਵਾਸਤੇ ਹਾਜਰ ਰਹਿੰਦੇ। ਸੰਤ ਹਰੀ ਸਿੰਘ ਛੇਤੀ ਨਾਲ ਉਠੇ, ਦਰਵਾਜਾ ਖੋਲ੍ਹਿਆ, ਬਹੁਤ ਪ੍ਰਕਾਸ਼ ਸੀ। ਸਤਿਗੁਰੂ ਰਾਮ ਸਿੰਘ ਜੀ ਸਿੰਘਾਂ ਸਮੇਤ ਦਰਸ਼ਨ ਦਿੱਤੇ। ਹਰੀ ਸਿੰਘ ਜੀ ਨੇ ਚਰਨਾਂ ਤੇ ਸੀਸ ਰੱਖ ਮੱਥਾ ਟੇਕਿਆ ਪਾਤਸ਼ਾਹ ਨੇ ਸਿੱਖ ਦੀ ਕੰਡ ਥਪਥਪਾਈ ਸਤਿਗੁਰੂ ਜੀ ਨਾਲ ਪੰਜ ਸਿੰਘ ਸਨ ਪਾਸ ਹੀ ਸਫੈਦ ਰੰਗ ਦਾ ਛੋਟੇ ਕੱਦ ਦਾ ਹਾਥੀ ਸੀ ਜਿਸਤੇ ਹੌਦਾ ਪਿਆ ਹੋਇਆ ਸੀ। ਸਤਿਗੁਰੂ ਜੀ ਨੇ ਅੰਦਰ ਆ ਕੇ ਸਭ ਤੋਂ ਪਹਿਲਾਂ ਸਦਾ ਵਰਤ ਵਾਲੀ ਅਲਮਾਰੀ ਖੋਲ੍ਹ ਕੇ ਵੇਖੀ ਕਿ ਦਾਲਾ, ਪ੍ਰਸ਼ਾਦਾ ਪਿਆ ਹੈ। ਇਹ ਅਲਮਾਰੀ ਲੰਗਰ ਤੋਂ ਬਾਹਰ ਡਿਓੜੀ ਦੇ ਅੰਦਰ ਵਾਰ ਸਤਿਗੁਰੂ ਜੀ ਨੇ ਆਪ ਬਣਾਈ ਸੀ ਹੁਕਮ ਸੀ ਰਾਤ ਸਮੇਂ ਟੋਕਰਾ ਪ੍ਰਸ਼ਾਦਿਆਂ ਦਾ ਅਤੇ ਤਾਸ ਦਾਲ ਦਾ | ਰੱਖਣਾ, ਇਕ ਸੇਵਾਦਾਰ ਹਾਜ਼ਰ ਰਹੇ, ਕੋਈ ਰਾਹੀ ਆਵੇ ਤਾਂ । ਉਸਨੂੰ ਪ੍ਰਸ਼ਾਦਾ ਛਕਾਏ। ਪਾਸ ਹੀ ਕਿੱਲੀ ਨਾਲ ਟੰਗਿਆ ਜਲ ਦਾ ਗੜਵਾ ਵੇਖਿਆ ਜੋ ਆਪ ਜੀ ਨੇ ਸੂਬਾ ਦਸੌਂਧਾ ਸਿੰਘ ਦੇ ਪੋਤਰੇ ਲਛਮਣ ਸਿੰਘ ਨੂੰ ਦਰਸ਼ਨ ਦੇ ਕੇ ਹੁਕਮ ਕੀਤਾ ਸੀ ਕਿ ਸਦਾ-ਵਰਤ ਵਾਲੀ ਅਲਮਾਰੀ ਪਾਸ ਕਿੱਲੀ ਗੱਡ ਕੇ ਜਲ ਦਾ ਗੜਵਾ ਰੱਖਿਆ ਕਰੋ। ਪ੍ਰਸ਼ਾਦਾ ਛੱਕ ਕੇ, ਲੋੜ ਅਨੁਸਾਰ ਰਾਹੀ ਜਲ ਵੀ ਛਕ ਸੱਕੇ। ਫੇਰ ਸਤਿਗੁਰੂ ਰਾਮ ਸਿੰਘ ਜੀ ਮੰਦਰ ਵਿੱਚ ਆਪਣਾ ਤਪ ਸਥਾਨ ਵੇਖਿਆ। ਪੌੜੀਆਂ ਚੜਕੇ ਗੱਦੀ ਸਾਹਿਬ ਵਾਲੇ ਚੁਬਾਰੇ ਤੇ ਗਏ।

ਪਹਿਲੀ ਰਾਤ ਬੁਖਾਰੀਆਂ ਤੇ ਬਸੰਤ ਮੇਲੇ ਦਾ ਦੀਵਾਨ ਲੱਗਾ ਸੀ। ਸਤਿਗੁਰੂ ਜੀ ਨੇ ਹਰੀ ਸਿੰਘ ਨਾਲ ਬਚਨ ਕੀਤਾ- “ਰਾਤ ਏਥੇ ਦੀਵਾਨ ਲੱਗਾ ਸੀ?" ਹਰੀ ਸਿੰਘ ਨੇ ਅਰਜ ਕੀਤੀ- "ਪਾਤਸ਼ਾਹ ਜੀ ਦੀਵਾਨ ਲੱਗਾ ਸੀ, ਸੰਗਤ ਘਰੋਂ ਘਰੀ ਚਲੀ ਗਈ ਹੈ। ਆਗਿਆ ਦਿਉਂ ਤਾਂ ਸਭ ਨੂੰ ਬੁਲਾ ਲਵਾਂ ਸਾਰੇ ਦਰਸ਼ਨ ਕਰ ਲੈਣ। " ਬਚਨ ਹੋਇਆ- “ਹੁਣ ਨਹੀਂ ਬੁਲਾਉਣਾ, ਛੇਤੀ ਹੀ ਆਵਾਂਗੇ, ਫੇਰ ਸਭ ਨੂੰ ਦਰਸ਼ਨ ਹੋਣਗੇ।" ਗੱਦੀ ਸਾਹਿਬ ਤੋਂ ਹੇਠਾਂ ਆ ਲੰਗਰ ਵੱਲ ਜਾਂਦਿਆ ਵੀ ਬਾਬਾ ਹਰੀ ਸਿੰਘ ਨਾਲ ਬਚਨ-ਬਿਲਾਸ ਕਰਦੇ ਜਾ ਰਹੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਕਾਸ਼ ਸਥਾਨ ਵਾਲੇ ਪਾਸੇ ਕਮਰੇ ਵਿੱਚ ਬਾਬਾ ਬਿਹਾਰਾ ਸਿੰਘ ਸੁੱਤੇ ਪਏ ਸਨ। ਉਹ ਕੱਚੀ ਜਿਹੀ ਨੀਂਦੇ ਅੱਧ ਸੁੱਤੇ ਜਿਹੇ ਸਨ। ਬਾਬਾ ਬਿਹਾਰਾ ਸਿੰਘ ਜੀ ਆਖਦੇ ਸਨ ਕਿ ਮੇਰੇ ਕੰਨੀ ਦੋ ਸਰੀਰਾਂ ਦੇ ਗੱਲਾਂ ਕਰਦਿਆਂ ਦੀਆਂ ਅਵਾਜਾਂ ਆ ਰਹੀਆਂ ਸਨ। ਪਰ ਮੈਂ ਅਭਾਗਾ ਬਿਸਤਰੇ ਵਿੱਚ ਹੀ ਪਿਆ ਰਿਹਾ ਕਿ ਪਤਾ ਨਹੀਂ ਕੌਣ ਹਨ। ਫਿਰ ਸਤਿਗੁਰੂ ਜੀ ਨੇ ਬਾਬਾ ਹਰੀ ਸਿੰਘ ਨੂੰ ਪੁੱਛਿਆ ਲੰਗਰ ਠੀਕ ਚਲਦਾ ਹੈ? ਬਾਬਾ ਜੀ ਨੇ ਅਰਜ਼ ਕੀਤੀ ਪਾਤਸ਼ਾਹ ਆਪਦੇ ਚਲਾਏ ਲੰਗਰ ਵਿੱਚ ਤੋਟ ਕਿਵੇਂ ਆ ਸਕਦੀ ਹੈ। ਲੋਹ ਵੇਖੀ ਪੁੱਛਿਆ ਹਿਲਾਈ ਤਾਂ ਨਹੀਂ । ਬਾਬਾ ਜੀ ਨੇ ਕਿਹਾ ਪਾਤਸ਼ਾਹ ਉਸੇ ਥਾਂ ਹੀ ਹੈ ਪਰ ਇਸ ਵਿੱਚ ਇਕ ਛੇਕ ਹੈ ਸੂਤ ਭਰ ਦਾ। ਗਰੀਬ ਨਿਵਾਜ ਬਚਨ ਕੀਤਾ: ਇਹ ਛੇਕ ਲੋਹ ਬਣਾਉਣ ਵੇਲੇ ਹੀ ਮੇਰੇ ਤੋਂ ਰਹਿ ਗਿਆ ਸੀ। ਰਿਬਟ ਲਾ ਕੇ ਭਰਨਾ ਸੀ ਪਰ ਨਿਸ਼ਾਨੀ ਰਹਿ ਗਈ ਹੈ। ਇਸ ਤਰ੍ਹਾਂ ਬਚਨ ਬਿਲਾਸ ਕਰਦਿਆਂ ਬਾਹਰ ਆ ਕੇ ਹਾਥੀ ਤੇ ਸਵਾਰ ਹੋਣ ਲੱਗੇ ਤਾਂ ਬਾਬਾ ਹਰੀ ਸਿੰਘ ਨੇ ਅਰਜ਼ ਕੀਤੀ ਪਾਤਸ਼ਾਹ ਹੁਣ ਨਾ ਜਾਉ ਸੰਗਤਾਂ ਉਡੀਕ, ਉਡੀਕ ਕੇ ਥੱਕ ਚੁੱਕੀਆਂ ਹਨ। ਧਰਵਾਸ ਦੇਂਦਿਆਂ ਬਚਨ ਕੀਤਾ ਅਜੇ ਹੁਣ ਜਾਣਾ ਹੈ, ਛੇਤੀ ਹੀ ਆਵਾਂਗੇ। ਤਾਂ ਪਾਤਸ਼ਾਹ ਹਾਥੀ ਤੇ ਸਵਾਰ ਹੋ ਕੇ ਕੁਝ ਦੂਰ ਤੱਕ ਦਰਸ਼ਨ ਹੋਏ ਫੇਰ ਅਲੋਪ ਹੋ ਗਏ। ਇਹ ਸਾਰੀ ਵਾਰਤਾ ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਵੀ ਰਿਕਾਰਡ ਹੈ ਅਤੇ ਸੰਤ ਤੇਜਾ ਸਿੰਘ ਰਚਨਾਵਲੀ ਵਿੱਚ ਵੀ ਪੰਨਾਂ 140 ਤੇ ਦਰਜ ਹੈ।

ਇਸ ਤਰ੍ਹਾਂ ਦੇ ਅਨੇਕਾਂ ਬਚਨ ਹਨ ਪਰ ਏਥੇ ਕੁਝ ਕੁ ਵੰਨਗੀ ਮਾਤਰ ਹੀ ਜ਼ਿਕਰ ਕੀਤਾ ਹੈ ਕੇਵਲ ਇਹ ਸਪਸ਼ਟ ਕਰਨ ਵਾਸਤੇ ਕਿ ਮਰਗੋਈ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਦਰਸਨ ਇਕ ਗਹਿਰੀ ਖੋਜ ਦਾ ਵਿਸ਼ਾ ਹੈ।

ਦਰਸਨੁ ਹੋਰ ਦੇਖਣ ਕੈ ਤਾਈ: ਨਾਮ ਬਾਣੀ ਦਾ ਪ੍ਰਵਾਹ- ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਰੰਗੂਨ ਤੋਂ ਸੰਗਤ ਵੱਲ ਲਿਖ ਭੇਜਿਆ ਕਿ ਜਿਹੜੇ ਕਹਿੰਦੇ ਸੀ ਤੁਹਾਡੇ ਨਮਿਤ ਸਾਡਾ ਸਰਬੰਸ ਲੱਗੇ ਹੁਣ ਸਮਾਂ ਹੈ, ਉਹ ਸਾਡੇ ਨਮਿਤ ਭਜਨ, ਪਾਠ ਕਰੋ ਜਿੰਨੇ ਹੋ ਸੱਕਣ। ਇਹ ਹੁਕਮ ਆਉਣ ਤੇ ਨਾਮਧਾਰੀ ਸਿੱਖਾਂ ਨੇ ਦਮਨ ਚੱਕਰ ਦੇ ਦੌਰ ਵਿੱਚ ਵੀ ਪਾਠ ਜਾਰੀ ਰੱਖੇ। ਸਤਿਗੁਰੂ ਹਰੀ ਸਿੰਘ ਜੀ ਦਾ ਚੌਂਤੀ ਵਰਿਆਂ ਦਾ ਗੁਰਤਾ ਕਾਲ ਅਤਿ ਸਖਤੀਆਂ ਦਾ ਦੌਰ ਸੀ। ਸ੍ਰੀ ਭੈਣੀ ਸਾਹਿਬ ਡਿਓੜੀ ਤੇ ਪੁਲਿਸ ਚੌਂਕੀ, ਰੋਜ਼ਾਨਾ ਸਿਰਫ ਦਸ ਸਿੰਘ ਦਰਸ਼ਨ ਕਰਨ ਆ ਸਕਦੇ ਸਨ, ਗਿਣਤੀ ਦੇ ਸੇਵਾਦਾਰਾਂ ਤੋਂ ਬਿਨਾਂ ਗੁਰਦੁਆਰੇ ਅੰਦਰ ਵਾਧੂ ਸਿੱਖ ਰਹਿ ਨਹੀਂ ਸਨ ਸਕਦੇ। ਸਾਰੇ ਨਾਮਧਾਰੀ ਪੰਥ ਨੂੰ 'ਜੁਰਾਇਮ ਪੇਸ਼ਾ' ਕਰਾਰ, ਸਰਕਾਰੀ ਪਰਵਾਨਗੀ ਤੋਂ ਬਿਨਾਂ ਪੰਜ ਸਿੰਘ ਵੀ ਇਕੱਠੇ ਹੋਣ ਤੇ ਪਾਬੰਦੀ ਪਰ ਅਜੇਹੇ ਦੌਰ ਵਿੱਚ ਵੀ ਪੁਲਿਸ ਤੋਂ ਚੋਰੀ ਪਾਠੀ ਸਿੰਘ ਭੈਣੀ ਸਾਹਿਬ ਰਹਿੰਦੇ ਸਨ, ਇਕ ਗੁਪਤ ਜਗ੍ਹਾ ਭੋਰਾ ਪੁਟਿਆ ਹੋਇਆ ਸੀ- ਉਥੇ ਅਖੰਡ ਪਾਠ ਲਗਾਤਾਰ ਚਲਦੇ ਰਹਿੰਦੇ ਸਨ। ਕਈ ਵੇਰ ਸਿੰਘ ਫੜੇ ਜਾਣੇ। ਅਖੰਡ ਪਾਠ ਕਰਨ ਦੇ ਦੋਸ਼ ਵਿੱਚ ਨਾਮਧਾਰੀ ਸਿੰਘਾਂ ਕੈਦਾਂ ਕੱਟੀਆਂ, ਜੇਲਾਂ ਵਿੱਚ ਸ਼ਹੀਦ ਹੋਏ। ਸਤਿਗੁਰੂ ਹਰੀ ਸਿੰਘ ਜੀ ਨਾਮਧਾਰੀ ਸੰਗਤਾਂ ਤੋਂ ਹਜ਼ਾਰਾਂ ਅਖੰਡ ਪਾਠ ਅਤੇ ਸਾਧਾਰਨ ਪਾਠ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾ ਨਮਿੱਤ ਕਰਵਾਏ। ਸਤਿਗੁਰੂ ਰਾਮ ਸਿੰਘ ਜੀ ਦੇ ਵੈਰਾਗ ਵਿੱਚ ਸਤਿਗੁਰੂ ਹਰੀ ਸਿੰਘ ਜੀ ਦੇ ਨੇਤਰ ਸਜਲ ਰਹਿੰਦੇ। ਆਪ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਦੀ ਯਾਦ ਨੂੰ ਅਤੇ ਮੁੜ ਦਰਸ਼ਨ ਦੇਣ ਦੇ ਵਿਸ਼ਵਾਸ ਨੂੰ ਦ੍ਰਿੜ ਕਰਵਾਇਆ।

1906 ਈ. ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਸਖਤੀਆਂ ਕੁਝ ਘਟੀਆਂ ਤਾਂ ਨਾਮ ਬਾਣੀ ਦਾ ਪ੍ਰਵਾਹ ਦਰਿਆ ਦੇ ਵਹਿਣ ਵਾਂਗ ਚਲਿਆ। ਜੋ ਹਜ਼ਾਰਾਂ ਪਾਠ ਹੁੰਦੇ ਸਨ ਉਹ ਲੱਖਾਂ ਦੀ ਗਿਣਤੀ ਵਿੱਚ ਹੋਣੇ ਸ਼ੁਰੂ ਹੋਏ। ਆਪ ਜੀ ਦੇ ਸਮੇਂ ਵਿੱਚ ਦੋ ਵੇਰ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਸਵਾ ਲੱਖ ਪਾਠ ਸੰਪੂਰਨ ਹੋਏ। ਆਦਿ ਅਤੇ ਦਸਮ ਗੁਰਬਾਣੀ ਦੇ ਹਜ਼ਾਰਾਂ ਅਖੰਡ ਪਾਠ, ਦੋ ਵੇਰ ਤਾਂ ਪੰਜ-ਪੰਜ ਸੌ ਅਖੰਡ ਪਾਠ ਸੁਹੇਵਾ ਸਾਹਿਬ ਦਸਮ ਪਾਤਸ਼ਾਹ ਦੇ ਇਤਿਹਾਸਕ ਗੁਰਦੁਆਰੇ ਵਿਖੇ ਕੀਤੇ ਗਏ। ਆਪ ਜੀ ਦੇ ਸਮੇਂ ਵਿੱਚ ਧੂਪ ਦੀਪ ਕੁੰਭ ਸੰਯੁਕਤ ਦੋ ਨਾਮ ਸਿਮਰਨ ਦੀਆਂ ਅਖੰਡ ਵਰਨੀਆਂ ਅਰੰਭ ਹੋਈਆਂ। ਸਲਾਨਾ ਨਾਮ ਸਿਮਰਨ ਜੱਪ ਪ੍ਰਯੋਗ ਵੀ ਅਰੰਭ ਹੋਇਆ ਜੋ ਅੱਜ ਤੱਕ ਚੱਲ ਰਿਹਾ ਹੈ। ਸਵਾ-ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਅਤੇ ਮਹਾਨ ਹਵਨ ਯੱਗ ਹੋਏ। ਵੱਡ-ਪ੍ਰਤਾਪੀ ਸਤਿਗੁਰੂ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿਤ ਨਾਮ-ਬਾਣੀ ਦੇ ਏਨੇ ਵੱਡੇ ਪੱਧਰ ਤੇ ਮਹਾਨ ਯੱਗ ਕਰਵਾਏ ਕਿ ਸਿੱਖ ਇਤਿਹਾਸ ਵਿੱਚ ਇਸਤੋਂ ਪਹਿਲੋਂ ਕੋਈ ਏਸ ਤਰ੍ਹਾਂ ਦੀ ਮਿਸਾਲ ਨਹੀਂ ਮਿਲਦੀ। ਇਸੇ ਲਈ ਨਾਮਧਾਰੀ ਸਿੰਘਾਂ ਦੀ ਰੋਜ਼ਾਨਾ ਦੀ ਅਰਦਾਸ ਵਿੱਚ ਆਪ ਜੀ ਨੂੰ ਇਨ੍ਹਾਂ ਸ਼ਬਦਾਂ ਨਾਲ ਸਿਮਰਿਆ ਜਾਂਦਾ ਹੈ- "ਅਟੱਲ ਪ੍ਰਤਾਪੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਕਲਿਜੁਗ ਵਿੱਚ ਸੁੱਚ ਸੋਧ ਨਾਮ ਬਾਣੀ ਦਾ ਪ੍ਰਵਾਹ ਦੀਆ ਚਲਾਇ।"

1959 ਤੋਂ 2012 ਈ. ਤੱਕ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਵੱਡ-ਪ੍ਰਤਾਪੀ ਸਤਿਗੁਰੂ ਜੀ ਵਲੋਂ ਚਲਾਏ ਨਾਮ ਬਾਣੀ ਦੇ ਪ੍ਰਵਾਹ ਨੂੰ ਹੋਰ ਵੀ ਵੱਡੇ ਰੂਪ ਵਿੱਚ ਜਾਰੀ ਰੱਖਿਆ। ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿੱਤ ਆਪ ਜੀ ਦੀ ਹਜ਼ੂਰੀ ਵਿੱਚ ਤਿੰਨ ਵੇਰ ਸਵਾ ਲੱਖ ਪਾਠਾਂ ਦੀਆਂ ਲੜੀਆਂ ਸੰਪੂਰਨ ਹੋਈਆ। ਨਾਮ ਸਿਮਰਨ ਦੀਆਂ ਅਖੰਡ ਵਰਨੀਆਂ ਦੀ ਗਿਣਤੀ ਦੋ ਤੋਂ ਅਠਾਰਾਂ ਤੱਕ ਹੋ ਗਈ। ਸ੍ਰੀ ਭੈਣੀ ਸਾਹਿਬ ਵਿਖੇ ਸਲਾਨਾ ਨਾਮ ਸਿਮਰਨ ਜੱਪ ਪ੍ਰਯੋਗ ਜੋ ਚਾਲੀ ਦਿਨਾਂ ਜਾਂ ਮਹੀਨੇ ਭਰ ਦਾ ਹੁੰਦਾ ਸੀ, ਸਤਿਗੁਰੂ ਜਗਜੀਤ ਸਿੰਘ ਜੀ ਨੇ ਦੋ ਸਾਲ 1987-88 ਵਿੱਚ ਆਪ ਸ੍ਰੀ ਭੈਣੀ ਸਾਹਿਬ ਰਹਿ ਕੇ ਅਖੰਡ ਨਾਮ ਸਿਮਰਨ ਜੱਪ ਪ੍ਰਯੋਗ ਜਾਰੀ ਕਰ ਦਿੱਤਾ। ਹਜ਼ਾਰਾਂ ਅਖੰਡ ਪਾਠ ਕਰਵਾਏ। ਛੇ ਵਾਰ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਅਤੇ ਹਵਨ ਯੱਗ ਸੰਪੂਰਨ ਹੋਏ। ਆਪ ਜੀ ਦੇ ਪਾਵਨ ਪ੍ਰਵਚਨ ਰਿਕਾਰਡ ਹਨ ਕਿ ਅਸੀਂ ਜੋ ਵੀ ਭਜਨ ਬਾਣੀ ਜਪ-ਤਪ ਕਰਦੇ ਹਾਂ, ਸਭ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿੱਤ ਹੀ ਕਰਦੇ ਹਾਂ।

ਇਸੇ ਤਰ੍ਹਾਂ ਨਾਮਧਾਰੀ ਪੰਥ ਦੇ ਵਰਤਮਾਨ ਸਿਰਤਾਜ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ 2012 ਤੋਂ ਬਾਅਦ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿੱਤ ਨਾਮ ਬਾਣੀ ਦਾ ਪ੍ਰਵਾਹ ਉਸੇ ਤਰ੍ਹਾਂ ਜਾਰੀ ਹੈ। ਇਕ ਵੇਰ ਸਵਾ ਲੱਖ ਪਾਠ ਅਤੇ ਉਸ ਤੋਂ ਬਾਅਦ ਗਿਆਰਾਂ ਹਜ਼ਾਰ ਆਦਿ ਗੁਰੂ ਗ੍ਰੰਥ ਸਾਹਿਬ ਦੇ ਸਾਧਾਰਨ ਪਾਠ ਸੰਪੂਰਨ ਹੋਏ ਹਨ। ਇਕ ਵੇਰ ਚੰਡੀ ਦੀ ਵਾਰ ਦੇ ਸਵਾ ਲੱਖ ਪਾਠ ਅਤੇ ਹਵਨ ਯੱਗ ਕੀਤੇ ਗਏ। ਇਕ ਵੇਰ 2016 ਈ. ਵਿੱਚ ਸਤਿਗੁਰੂ ਰਾਮ ਸਿੰਘ ਜੀ ਦੀ ਦੂਸਰੀ ਪ੍ਰਕਾਸ਼ ਸ਼ਤਾਬਦੀ ਸਮੇਂ ਆਦਿ ਗ੍ਰੰਥ ਸਾਹਿਬ ਦੇ 200 ਅਖੰਡ ਪਾਠ ਕੀਤੇ ਗਏ। ਇਸ ਤੋਂ ਬਿਨਾਂ ਮੇਲਿਆਂ- ਹੋਲਿਆਂ ਅਤੇ ਗੁਰਪੁਰਬਾਂ ਤੇ ਆਦਿ ਅਤੇ ਦਸਮ ਗੁਰਬਾਣੀ ਦੇ ਸੈਂਕੜੇ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਜੋ ਸਾਲ ਭਰ ਵਿੱਚ ਹਜ਼ਾਰਾਂ ਹੋ ਜਾਂਦੇ ਹਨ। ਹੁਣ ਵੀ 1 ਮਾਰਚ ਤੋਂ 9 ਮਾਰਚ 2025 ਤੱਕ ਆਦਿ ਗੁਰਬਾਣੀ ਦੇ ਇਕੱਤਰ ਸੌ ਅਖੰਡ ਪਾਠ ਹੋ ਰਹੇ ਸਨ।

ਸਤਿਗੁਰੂ ਫੇਰ ਪੰਜਾਬੇ ਆਵਨ- ਬਾਬਾ ਚੰਦਾ ਸਿੰਘ ਜੀ ਨੇ ਬਾਰਾਂਮਾਹ ਵਿੱਚ ਲਿਖਿਆ ਸਤਿਗੁਰ ਫੇਰ ਪੰਜਾਬੇ ਆਵਣ ਅਗਲੀਆਂ ਸਫਾਂ ਸਭ ਉਠਾਵਨ। ਨਵੇਂ ਹੋਰ ਨਿਸ਼ਾਨ ਝੁਲਾਵਣ ਜਗ ਵਿੱਚ ਸ੍ਰੀ ਅਕਾਲ ਜਪਾਵਨ ਅਸੁਰ ਸੰਘਾਰ ਕੇ। ' ਨਾਮਧਾਰੀ ਸਿੱਖਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਉਸੇ ਦੇਹ ਵਿੱਚ ਆ ਕੇ ਦਰਸ਼ਨ ਦੇਣੇ ਹਨ ਅਤੇ ਧਰਮ ਸਥਾਪਿਤ ਕਰਕੇ ਸਤਿਜੁਗ ਵਰਤੌਣਾ ਹੈ। ਸਤਿਗੁਰੂ ਰਾਮ ਸਿੰਘ ਜੀ ਨੇ ਪ੍ਰਦੇਸ ਗਵਨ ਤੋਂ ਪਹਿਲਾਂ ਹੀ ਬਚਨ ਕਰਨੇ ਕਿ ਇਹ ਬਿੱਲੇ ਮੈਨੂੰ ਹੱਥ ਪਾਉਣਗੇ, ਦੂਰ ਲੈ ਜਾਣਗੇ, ਮਰ ਗਿਆ ਲਿਖਣਗੇ ਪਰ ਤੁਸੀਂ ਨਹੀਂ ਮੰਨਣਾ। ਅਜੇਹੇ ਬਚਨ ਸਤਿਗੁਰੂ ਬਿਲਾਸ ਵਿੱਚ ਕਈ ਜਗ੍ਹਾ ਦਰਜ ਹਨ। ਰੰਗੂਨ ਤੋਂ ਲਿਖੇ ਕਈ ਹੁਕਮਨਾਮਿਆਂ ਵਿੱਚ ਵੀ ਐਸੇ ਬਚਨ ਆਪ ਜੀ ਨੇ ਸੰਗਤਾਂ ਵੱਲ ਲਿਖੇ। ਹੁਕਮਨਾਮਾ ਨੰ.5 ਦੇ ਸ਼ਬਦ ਹਨ-

"ਹੋਰ ਅਸੀ ਅਨੰਦ ਹਾਂ ਹਰਿ ਤਰਾ ਸੇ। ਇਕ ਸੰਗਤ ਦੇ ਬਛੋੜੇ ਦਾ ਬੜਾ ਦੁਖ ਹੈ। ਸੋ ਏਹੁ ਦੁਖ ਗੁਰੂ ਸਾਹਿਬ ਦੇ ਮੇਟਨ ਦਾ ਹੈ, ਜਦ ਗੁਰੂ ਚਾਹੂ ਤੁਰਤ ਹੀ ਮੇਟ ਦੇਊਗਾ। ਹੋਰ ਸਾਰੀ ਸੰਗਤ ਦੀ ਖ਼ਬਰ ਸੁਣਕੇ ਬਡੇ ਅਨੰਦ ਹੋਇ। ਪਰ ਏਹੁ ਬਾਤੁ ਬੀ ਜਾਣੀ ਜੋ ਸੰਗਤ ਕੋ ਬੀ ਬਿਛੋੜੇ ਦਾ ਦੁਖ ਬਡਾ ਹੋਇ ਰਿਹਾ ਹੈ । ਸੋ ਖਾਲਸਾ ਜੀ ਤੁਸੀਂ ਸਭੇ ਗੁਰੂ ਸਾਹਿਬ ਦੇ ਬਚਨਾ ਉਪਰ ਪਰਤੀਤ ਰੱਖੋ, ਏਹੁ ਬੀ ਦੁਖ ਮੇਟ ਦੇਊਗਾ। ਦੇਖੋ ਪਹਿਲੇ ਜੋ ਮਲੇਛ ਕਾ ਪੂਰਬ ਤੇ ਆਉਣਾ ਸੀ ਸੋ ਬੀ ਹੋਆ ਅਰ ਫੇਰ 1278 (ਹਿਜਰੀ ਸੰਮਤ) ਸੰਤ ਖਾਲਸਾ ਬੀ ਹੂਆ, ਫੇਰ 1288 ਮੈ 80 ਸੀਸ ਬੀ ਲੱਗੇ। ਫੇਰ ਏਸ ਤਰਫ ਕੋ ਬੀ ਆਇ ਪ੍ਰੇਦਸ ਮੈ| ਫੇਰ ਦੋਸ ਮੈ ਆਉਣਾ ਬੀ ਕਹਾ ਹੈ। (ਹੁਕਮਨਾਮੇਂ ਪੰਨਾ 137-38)

ਫੋਰ ਜਦੋਂ ਰੰਗੂਨ ਦਰਸ਼ਨ ਕਰਨ ਬਹੁਤ ਸਿੱਖ ਜਾਣ ਲੱਗੇ, ਜੇ ਕੋਈ ਫੜਿਆ ਜਾਣਾ ਤਾਂ ਸਤਿਗੁਰੂ ਜੀ ਨੂੰ ਵੀ ਬਹੁਤ ਪਰੇਸ਼ਾਨੀ ਹੋਣੀ ਸਤਿਗੁਰੂ ਰਾਮ ਸਿੰਘ ਹੋਰ ਸਿੱਖਾਂ ਨੂੰ ਏਥੇ (ਰੰਗੂਨ) ਆਉਣੋ ਰੋਕਦਿਆਂ ਇਕ ਹੁਕਮਨਾਮੇਂ ਵਿੱਚ ਲਿਖਦੇ ਹਨ-

“ਹੋਰ ਭਾਈ ਹੁਣ ਤੁਸੀਂ ਏਥੇ ਆਉਣ ਤੇ ਬੰਦ ਕਰੋ। ਏਥੇ ਆਉਣ ਤੇ ਖਰਚ ਖੇਚਲ ਬਹੁਤ ਹੁੰਦੀ ਹੈ ਅਰ ਮੇਲਾ ਕੁਛ ਨਹੀਂ ਹੁੰਦਾ। ਜੇਕਰ ਇਹ ਲੋਕ ਮਲੂਮ ਕਰ ਲੈਣ ਤਾਂ ਇਹ ਖਬਰ ਨਹੀਂ ਕੀ ਦੁਖ ਦੇਣ ਸਾਨੂੰ ਬੀ ਤੇ ਆਉਣ ਬਾਲਿਆਂ ਨੂੰ ਬੀ। ਜੇ ਸਾਨੂੰ ਕੋਈ ਦੁੱਖ ਹੋਇਆ ਤਾ ਬੀ ਬੁਰਾ ਹੈ, ਜੇ ਆਉਣ ਬਾਲਿਆ ਨੂੰ ਦੁਖ ਕਿਸੇ ਤਰ੍ਹਾ ਦਾ ਹੋਇਆ ਤਾ ਸਾਨੂੰ ਆਪਣੇ ਦੁਖ ਤੇ ਬਡਾ ਹੈ। ਏਹੁ ਬਾਤ ਹੀ ਮੁਕੀ ਹੋਈ ਹੈ। ਜੇ ਤੇ ਮੇਰਾ ਸਰੀਰ ਓਹ ਹੈ ਜੇੜਾ ਗੁਰੂ ਜੀ ਨੇ ਆਖਿਆ ਹੈ, ਬਾਢੀ ਸੁਤ, ਤਾ ਤੇ ਮੈਂ ਆਪੇ ਹੀ ਆ ਜਾਊ ਕੋਈ ਦਿਨ ਤਾਈ ਡੇਰੇ । ਅਰੁ ਜੇ ਮੈ ਓਹ ਸਰੀਰ ਨਹੀ ਤਾ ਮੇਰਾ ਦਰਸਨ ਕਰਕੇ ਹੀ ਕਰਨਾ ਹੈ।" (ਹੁਕਮਨਾਮਾ. 52 ਪੰਨਾਂ 422-23)

ਅਜੇਹੇ ਅਨੇਕਾਂ ਬਚਨ ਹਨ, ਵੰਨਗੀ ਮਾਤਰ ਹੀ ਪਾਠਕਾਂ ਦੇ ਦ੍ਰਿਸ਼ਟੀ ਗੋਚਰ ਹਨ ਜਿਸਦਾ ਭਾਵ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਦ੍ਰਿੜ ਕਰਵਾਇਆ ਕਿ ਮੈਂ ਵਾਪਸ ਦੇਸ ਏਸੇ ਦੇਹ ਵਿੱਚ ਆਵਾਂਗਾ। ਸਤਿਗੁਰੂ ਹਰੀ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਨਾਮਧਾਰੀ ਸੰਗਤਾਂ ਨੂੰ ਨਾਮ-ਬਾਣੀ ਦੇ ਮਹਾਨ ਯੱਗ ਕਰਵਾਕੇ ਦ੍ਰਿੜ ਕਰਵਾਇਆ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਦਰਸ਼ਨ ਦੇਣੇ ਹਨ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਪਾਸ ਇਕ ਸਿੰਘ ਸੁੰਦਰ ਕੁਰਸੀ ਬਣਾ ਕੇ ਲੈ ਕੇ ਆਇਆ, ਸਤਿਗੁਰੂ ਜੀ ਨੇ ਉਸ ਤੇ ਬੈਠਣ ਤੋਂ ਇਨਕਾਰ ਕਰਦਿਆਂ ਫੁਰਮਾਇਆ, ਭਾਈ ਇਸ ਕੁਰਸੀ ਤੇ ਸਤਿਗੁਰੂ ਰਾਮ ਸਿੰਘ ਜੀ ਆਉਣਗੇ ਤੇ ਬੈਠਣਗੇ। ਪੂਰਵ ਸਤਿਗੁਰੂ ਸਾਹਿਬਾਨ ਦੇ ਏਨਾਂ ਹੁਕਮਾਂ ਨੂੰ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੇਣ ਦੀ ਭਾਵਨਾ ਨੂੰ ਵਰਤਮਾਨ ਹਜੂਰ ਸਤਿਗੁਰੂ ਉਦੇ ਸਿੰਘ ਜੀ ਦ੍ਰਿੜ ਕਰਵਾ ਰਹੇ ਹਨ। ਬੈਂਕੋਕ (ਥਾਈਲੈਂਡ) ਗਿਆਨੀ ਸੰਤੋਖ ਸਿੰਘ, ਸ. ਮਹਿਤਾਬ ਸਿੰਘ ਜਿਨ੍ਹਾਂ ਦੇ ਗ੍ਰਹਿ ਵਿਖੇ ਕਈ ਵਰ੍ਹੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਡੇਰਾ ਰਿਹਾ ਅਤੇ ਏਸੇ ਘਰ ਹੀ ਬੰਕੋਕ ਦੌਰਿਆਂ ਸਮੇਂ ਸਤਿਗੁਰੂ ਉਦੇ ਸਿੰਘ ਜੀ ਦਾ ਡੇਰਾ ਹੁੰਦਾ ਹੈ। ਉਨ੍ਹਾਂ ਨੇ ਸਤਿਗੁਰੂ ਜਗਜੀਤ ਸਿੰਘ ਜੀ ਵਾਲਾ ਕਮਰਾ, ਬੈਡ ਆਦਿ ਉਸੇ ਰੂਪ ਵਿੱਚ ਰੱਖਿਆ ਹੈ ਜਿਵੇਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਿਵਾਸ ਸਮੇਂ ਹੋਇਆ ਕਰਦਾ ਸੀ । ਹਜ਼ੂਰ ਸਤਿਗੁਰੂ ਜੀ ਵੀ ਉਥੇ ਜਾ ਕੇ ਮੱਥਾ ਟੇਕਦੇ ਹਨ। ਇਕ ਦਿਨ ਇਕ ਬੀਬੀ ਨੇ ਅਰਜ ਕੀਤੀ, ਪਾਤਸ਼ਾਹ ਜੀ ਆਪ ਜੀ ਉਸੇ ਜਗ੍ਹਾ ਹੋ, ਹੁਣ ਇਸੇ ਕਮਰੇ ਵਿੱਚ ਆਪ ਜੀ ਡੇਰਾ ਰੱਖੋ ਤੇ ਇਸ ਮੰਜੇ ਤੇ ਹੀ ਬਿਰਾਜਿਆ ਕਰੋ । ਸ੍ਰੀ ਸਤਿਗੁਰੂ ਉਦੇ ਸਿੰਘ ਜੀ ਬਚਨ ਕੀਤਾ, “ਬੀਬੀ ਜੀ ਇਸ ਮੰਜੇ ਤੇ ਸਤਿਗੁਰੂ ਰਾਮ ਸਿੰਘ ਜੀ ਆਉਣਗੇ ਤੇ ਬਿਰਾਜਨਗੇ। ਸਤਿਗੁਰੂ ਰਾਮ ਸਿੰਘ ਜੀ ਮਰਗੋਈ ਤੋਂ ਬਾਅਦ ਸਕਲ ਦੀਪ ਭਵਨ ਮੋ ਜਾਹੀ, ਵਾਕ ਅਨੁਸਾਰ ਗੁਪਤ ਰੂਪ ਵਿੱਚ ਵਿਚਰ ਰਹੇ ਹਨ ਅਤੇ ਆਪ ਜੀ ਦੇ ਜੋਤ ਕੇ ਜਾਮੇ ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਨੂੰ ਸੰਭਾਲ ਰਹੇ ਹਨ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿਤ ਭਜਨ ਬਾਣੀ ਕਰਵਾ ਰਹੇ ਹਨ।
ਹਰਪਾਲ ਸਿੰਘ ਸੇਵਕ
ਪ੍ਰਸਿੱਧ ਨਾਮਧਾਰੀ ਲੇਖਕ
94176-01321