Sri Bhaini Sahib

Official website of central religious place for Namdhari Sect
RiseSet
06:10am06:46pm

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਸੈਨਿਕ ਜੀਵਨ: ਇਕ ਅਧਿਐਨ

Date: 
22 Mar 2025

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਸੈਨਿਕ ਜੀਵਨ: ਇਕ ਅਧਿਐਨ

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਮਾਘ ਸੁਦੀ ਪੰਚਮੀ 1872 ਮੁਤਾਬਿਕ 16 ਫਰਵਰੀ 1816 ਈ. ਨੂੰ ਪਿਤਾ ਜੱਸਾ ਸਿੰਘ ਜੀ ਅਤੇ ਮਾਤਾ ਸਦਾ ਕੌਰ ਦੇ ਗ੍ਰਹਿ ਵਿਖੇ ਹੋਇਆ। ਇਹ ਉਹ ਸਮਾਂ ਸੀ ਜਦੋਂ ਸਤਲੁਜ ਦਰਿਆ ਤੋਂ ਸਿਖ ਰਾਜ ਦੀ ਹੱਦ ਸ਼ੁਰੂ ਹੋ ਕੇ ਖ਼ੈਬਰ ਦਰੇ ਤੱਕ ਫੈਲੀ ਹੋਈ ਸੀ। ਰਾਜ ਦੀਆਂ ਧੁੰਮਾ ਅਤੇ ਸਿੱਖ ਸਰਦਾਰਾਂ ਦੀ ਚੱੜਤ ਦੇ ਕਿਸੇ ਪੂਰੇ ਮੱਧ ਏਸ਼ੀਆਂ ਅਤੇ ਪੂਰਬੀ ਤੇ ਪੱਛਮੀ ਸਾਮਰਾਜਾਂ ਵਿੱਚ ਫੈਲੇ ਹੋਏ ਸਨ। ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਸਮਝਦਿਆਂ ਮਹਾਰਾਜੇ ਨੇ ਇਕ ਵੱਡੀ ਸੈਨਾ ਸੰਗਠਿਤ ਕੀਤੀ ਤਾਂ ਕਿ ਪੰਜਾਬ ਅੰਦਰ ਚੱਲੀ ਆ ਰਹੀ ਸਦੀਆਂ ਦੀ ਉਥਲ- ਪੁਥਲ ਖਤਮ ਕੀਤੀ ਜਾਵੇ। ਯੋਗ ਵਿਅਕਤੀਆਂ ਲਈ ਮਹਾਰਾਜੇ ਦੇ ਦਰਵਾਜੇ ਸਦਾ ਖੁਲ੍ਹੇ ਸਨ। ਲੈਪਲ ਗ੍ਰਿਫਨ ਅਨੁਸਾਰ "ਮਹਾਰਾਜੇ ਦੇ ਰਾਜ ਸਮੇਂ ਭਰਤੀ ਨਿਰੋਲ ਲੋਕਾਂ ਦੀ ਮਰਜ਼ੀ ਉੱਤੇ ਸੀ ਅਤੇ ਲਾਹੌਰ ਸਰਕਾਰ ਨੂੰ ਸੈਨਿਕ ਪ੍ਰਾਪਤ ਕਰਨ ਵਿੱਚ ਬਿਲਕੁਲ ਕੋਈ ਕਠਿਨਾਈ ਨਹੀਂ ਸੀ ਹੁੰਦੀ ਕਿਉਂਕਿ ਉਹਨਾਂ ਦਿਨਾਂ ਵਿੱਚ ਫ਼ੌਜ ਦੀ ਨੌਕਰੀ ਨੂੰ ਲੋਕ ਬਹੁਤ ਪਸੰਦ ਕਰਦੇ ਸਨ। "

ਲੈਫਟੀਨੈਂਟ ਬਾਰ ਦੇ ਕਥਨ ਅਨੁਸਾਰ "ਰੰਗਰੂਟ ਦਾ ਕਦ ਕਾਠ ਤੇ ਉਸ ਦੀ ਸਰੀਰਕ ਸ਼ਕਤੀ ਨੂੰ ਧਿਆਨ 'ਚ ਰਖਿਆ ਜਾਂਦਾ ਸੀ, ਨਾ ਕਿ ਉਸ ਦੀ ਜਾਤ ਨੂੰ। ਕੇਵਲ ਰਿਸ਼ਟ ਪੁਸ਼ਟ ਆਦਮੀਆਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ।" ਮਹਾਰਾਜੇ ਕੋਲ ਤਕਰੀਬਨ ਅੱਸੀਂ ਹਜਾਰ ਸੈਨਿਕ ਸਨ ਜਿਨ੍ਹਾਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਹੋਇਆ मी।1

ਕਈ ਵਿਦੇਸ਼ੀ ਕਰਿੰਦੇ ਵੀ ਸਿਖ ਰਾਜ ਦੀ ਸੈਨਾ ਵਿੱਚ ਭਰਤੀ ਹੋਏ। ਜਰਨੈਲ ਵੇਨਤੂਰਾ, ਜਰਨੈਲ ਐਲਾਰਡ, ਜਰਨੈਲ ਕੋਰਟ, ਜਰਨੈਲ ਫੋਲਕਸ, ਜਰਨੈਲ ਗਾਰਡਨਰ ਆਦਿ ਨਾਮ ਜ਼ਿਕਰਯੋਗ ਹਨ। ਸਤਿਗੁਰੂ ਰਾਮ ਸਿੰਘ ਜੀ ਨੇ ਜਦੋਂ ਜਵਾਨੀ ਵਿੱਚ ਪੈਰ ਰੱਖਿਆ ਤਾਂ ਆਪ ਦੀ ਡੀਲ ਡੋਲ ਵੇਖਣ ਵਾਲੇ ਨੂੰ ਪ੍ਰਭਾਵਿਤ ਕਰਦੀ ਸੀ। ਚੰਗੀ ਕਦ ਕਾਠੀ ਵੇਖ ਆਪ ਦਾ ਭਣਵੀਆ (ਜੀਜਾ) ਕਾਬਲ ਸਿੰਘ ਜੋ ਸਿੱਖ ਫ਼ੌਜ ਵਿੱਚ ਅਹੁਦੇਦਾਰ ਤੋਪਚੀ ਸੀ। ਉਸ ਨੇ ਪਰਿਵਾਰ ਨੂੰ ਆਪ ਵਲੋਂ ਸਿੱਖ ਫ਼ੌਜ ਵਿੱਚ ਭਰਤੀ ਕਰਵਾਉਣ ਲਈ ਆਖਿਆ। ਇਹ ਕਾਬਲ ਸਿੰਘ ਪਿੰਡ ਕਿਲ੍ਹਾ ਰਾਏਪੁਰ ਲੁਧਿਆਣੇ ਜ਼ਿਲ੍ਹੇ ਦਾ ਵਸਨੀਕ ਸੀ। ਸਤਿਗੁਰੂ ਜੀ ਦੀ ਭੈਣ ਸਾਹਿਬ ਕੌਰ ਇਸ ਵੱਲ ਵਿਆਹੀ ਹੋਈ ਸੀ। ਕਾਲਾ ਸਿੰਘ ਨੰਗਲ ਵਾਲੇ ਆਪਣੇ ਗ੍ਰੰਥ "ਸਿੰਘਾ ਨਾਮਧਾਰੀਆਂ ਦਾ ਪੰਥ ਪ੍ਰਕਾਸ਼' ਵਿੱਚ ਲਿਖਦੇ ਹਨ-

ਰਾਇਪੁਰ ਪਿੰਡ ਹੈਸੀ ਭੈਣ ਸਤਿਗੁਰਾਂ ਦੀ

ਲੁਧਿਆਣੇ ਦਾ ਜ਼ਿਲਾ ਤੂੰ ਮਾਨ ਪਿਆਰੇ।

ਕਾਬਲ ਸਿੰਘ ਨਾਮੇਂ ਪਤੀ ਓਸਦੇ ਸੋ

ਬੀਬੀ ਸਾਹਿਬ ਕੌਰ ਨਾਮ ਬਖਾਨ ਪਿਆਰੇ।

ਓਹਦੇ ਵਿੱਚ ਵਸੀਲੇ ਦੇ ਆਣਕੇ ਤੇ

ਲਈ ਨੌਕਰੀ ਗੁਰਾਂ ਨੇ ਠਾਨ ਪਿਆਰੇ।2

ਫ਼ੌਜ ਵਿੱਚ ਭਰਤੀ ਸਮੇਂ ਸਤਿਗੁਰੂ ਜੀ ਦੀ ਉਮਰ 21 ਸਾਲ ਸੀ ਭਾਵ 1837 ਈ. ਦਾ ਇਹ ਵਰਾ ਸੀ। ਆਪ ਨੌ ਨਿਹਾਲ ਸਿੰਘ ਦੀ ਰੈਜੀਮੈਂਟ ਵਿੱਚ ਭਰਤੀ ਹੋਏ। ਇਹ ਰੈਜੀਮੈਂਟ ਮਹਾਰਾਜ ਰਣਜੀਤ ਸਿੰਘ ਦੇ ਪੋਤਰੇ ਖੜਕ ਸਿੰਘ ਦੇ ਪੁੱਤਰ ਨੇ ਨਿਹਾਲ ਸਿੰਘ ਦੇ ਨਾਮ 'ਤੇ ਬਣਾਈ ਗਈ ਸੀ ਜਿਸ ਵਿੱਚ ਚੁਣੀਦਾ ਸੁਡੋਲ, ਸੁਅਸਥ, ਸੁੰਦਰ ਕਦ ਕਾਨੀ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਸੀ । ਸਤਿਗੁਰੂ ਰਾਮ ਸਿੰਘ ਜੀ ਦੇ ਭਰਤੀ ਹੋਣ ਸਮੇਂ ਨੌ ਨਿਹਾਲ ਦੀ ਉਮਰ ਸੋਲਾਂ ਸਾਲ ਸੀ। ਗਿਆਨੀ ਗਿਆਨ ਸਿੰਘ ਜੀ "ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਿੱਚ ਸਤਿਗੁਰੂ ਜੀ ਦੇ ਫ਼ੌਜ ਵਿੱਚ ਭਰਤੀ ਹੋਣ ਦੇ ਕਾਰਨ ਨੂੰ ਬਿਆਨ ਕਰਦੇ ਲਿਖਦੇ ਹਨ ਉਹਨਾਂ ਨੇ ਇਸ ਨੌਕਰੀ ਨੂੰ ਸੱਚੀ-ਸੁੱਚੀ ਕਿਰਤ ਮੰਨਿਆ।

ਬਡੇ ਥਾਇ ਜਾਇ ਕੈ ਲਾਹੌਰ ਲਪਟਨ ਮਾਂਹਿ ਠਾਨ ਲੀਨ ਨੌਕਰੀ ਪਛਾਨ ਕੇ ਸੁਕ੍ਰਿਤ ਹੈ।3

ਇਸ ਨੌਕਰੀ ਨੂੰ ਸਤਿਗੁਰੂ ਜੀ ਸ੍ਰੇਸਟ ਕ੍ਰਿਤ ਇਸ ਲਈ ਸਮਝਿਆ ਕਿ ਮਹਾਰਾਜੇ ਦੀਆਂ ਰਾਜ ਨੀਤੀਆਂ ਦੂਸਰੇ ਬਾਦਸ਼ਾਹਾਂ ਵਰਗੀਆਂ ਨਿਰੋਲ ਨਿਰੰਕੁਸ਼ ਨਹੀਂ ਸੀ। ਅਲੈਗਜ਼ਾਡਰ ਬਰਨਜ਼ ਰਣਜੀਤ ਸਿੰਘ ਦੀ ਸਰਕਾਰ ਬਾਰੇ ਲਿਖਦਾ ਹੈ-

"ਇਕ ਜੁੜਵੇਂ ਇਲਾਕੇ ਵਿੱਚ ਉਸ ਨੇ ਅਜਿਹੀ ਉੱਨਤੀ ਵੱਲ ਧਿਆਨ ਲਾਇਆ ਜੋ ਮਹਾਨ ਮਨੁੱਖਾਂ ਦੇ ਅੰਦਰੋਂ ਉਤਪੰਨ ਹੁੰਦੀ ਹੈ। ਮਹਾਰਾਜਾ ਦੇ ਰਾਜ ਵਿੱਚ ਬਿਨਾਂ ਕਿਸੇ ਸਖਤੀ ਜਾਂ ਨਿਰਦੈਤਾ ਦੇ ਅਸੀਂ ਇਕ ਮਨੁੱਖੀ ਰਾਜ ਨੂੰ ਪ੍ਰਫੁੱਲਿਤ ਹੁੰਦਾ ਵੇਖਦੇ ਹਾਂ। ਉਸ ਨੇ ਆਪਣੀ ਸ਼ਾਸਨ ਪ੍ਰਣਾਲੀ ਵਿੱਚ ਕਈ ਅਜਿਹੀਆਂ ਗੱਲਾਂ ਲਿਆਦੀਆਂ ਜੋ ਇਸ ਮੁਲਕ ਲਈ ਬਿਲਕੁਲ ਨਵੀਆਂ ਸਨ4 ਇਹ ਸੱਚ ਹੈ ਕਿ ਮਹਾਰਾਜੇ ਨੇ ਆਪਣੀ ਮਿਸਲ ਜਾਂ ਖਾਨਦਾਨ ਦੇ ਨਾਂ ਤੇ ਰਾਜ ਨਹੀਂ ਕੀਤਾ ਉਸ ਨੇ ਸਾਰੀ ਰਾਜ ਸਤਾ ਖਾਲਸਾ ਦੇ ਨਾਂ ਤੇ ਵਰਤੀ ਸੀ। ਉਹ ਸਿੰਘ ਸਾਹਿਬ ਦੇ ਸਾਦੇ ਨਾਂ ਨੂੰ ਪਸੰਦ ਕਰਦਾ ਸੀ ਇਕ ਰਵਾਇਤ ਅਨੁਸਾਰ ਇਕ ਵਾਰ ਪ੍ਰਧਾਨ ਮੰਤਰੀ ਧਿਆਨ ਸਿੰਘ ਨੇ ਮਹਾਰਾਜਾ ਨੂੰ ਕਿਹਾ ਕਿ ਉਹ ਆਪਣੇ ਲੱਕ ਦੇ ਦੁਆਲੇ ਸੇਵਾਦਾਰਾਂ ਦੀ ਤਰ੍ਹਾਂ ਪਟਕਾ ਨਾ ਬੰਨ੍ਹਿਆ ਕਰੇ। ਮਹਾਰਾਜਾ ਨੇ ਅਗਿਉਂ ਪੁੱਛਿਆ "ਰਾਜ ਵਿੱਚ ਸਿਕਾ ਕਿਸ ਦੇ ਨਾਂ ਦਾ ਚਲਦਾ ਹੈ ਧਿਆਨ ਸਿੰਘ ਉਤਰ ਦਿੱਤਾ “ਗੁਰੂ ਨਾਨਕ ਸਾਹਿਬ ਦੇ ਨਾਂ ਦਾ" ਮਹਾਰਾਜਾ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ "ਮੁਲਕ ਦਾ ਹਾਕਮ ਉਹੀ ਹੈ ਜਿਸਦੇ ਨਾਂ ਦਾ ਸਿੱਕਾ ਚਲਦਾ ਹੈ, ਨਾ ਕਿ ਰਣਜੀਤ ਸਿੰਘ।5 ਰਣਜੀਤ ਸਿੰਘ ਬਾਦਸ਼ਾਹ ਹੁੰਦਿਆ ਵੀ ਗੁਰੂ ਦੀ ਸਤਾ ਨੂੰ ਵੱਡਾ ਸਮਝਦਾ ਸੀ। ਇਸ ਕਰਕੇ ਇਹ ਨੌਕਰੀ ਸਤਿਗੁਰੂ ਜੀ ਨੇ ਪ੍ਰਵਾਨ ਕੀਤੀ। ਲਾਹੌਰ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਲ- ਨਾਲ ਪੱਛਮੀ ਏਸ਼ੀਆ ਦਾ ਵੱਡਾ ਵਪਾਰਕ ਕੇਂਦਰ ਸੀ। ਸਾਹਿਤ, ਕਲਾ, ਇਮਾਰਤਸਾਜੀ, ਸੰਤ-ਫਕੀਰ, ਸਮਾਜਿਕ ਅਤੇ ਰਾਜਨੀਤਿਕ ਵਿਸ਼ਲੇਸ਼ਕ ਇਸ ਮਹਾਂ ਨਗਰ ਦੀ ਸ਼ਾਨ ਸਨ। ਪੰਜਾਬ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨਬਜ਼ ਨੂੰ ਸਮਝਣ ਲਈ ਲਾਹੌਰ ਇਕ ਅਹਿਮ ਪੜਾਅ ਸੀ।

ਫ਼ੌਜੀ ਜੀਵਨ- ਸਤਿਗੁਰੂ ਜੀ ਦੀ ਸੈਨਿਕ ਜੀਵਨ ਦੀ ਕਹਾਣੀ ਨੂੰ ਗਿਆਨੀ ਜੀ ਨੇ ਇਨ੍ਹਾਂ ਸ਼ਬਦਾ ਨਾਲ ਦਰਸਾਇਆ ਹੈ “ਬਾਨੀ ਗੁਰੂ ਕੀ ਪਢੈ ਹੈਂ, ਭਜਨ ਕਰੈ ਹੈਂ, । ਚਾਹੈਂ ਰਹਿਨੋ ਇਕੰਤ ਦੋਹੈਂ ਆਜਜ਼ੈ ਕੋ ਬਿਤ ਹੈ"6 ਬਿਰਤੀ ਇਕ ਦਮ ਸ਼ਾਂਤ, ਦੁਨੀਆਂ ਦੇ ਰਸਾਂ ਕਸਾਂ ਤੋਂ ਨਿਰਲੇਪ, ਅਠੇ ਪਹਿਰ ਭਜਨ ਬੰਦਗੀ ਗੁਰਬਾਣੀ ਪਾਠ ਦਾ ਜਾਪ ਨਾਲ ਦੇ ਸਾਥੀ ਆਪ ਦੀ ਸੋਹਬਤ ਨੂੰ ਤਰਸਦੇ। ਇਕ ਦਿਨ ਕਾਹਨ ਸਿੰਘ ਜੋ ਇਸ ਪਲਟਨ ਦਾ ਸੂਬੇਦਾਰ ਸੀ ਉਸ ਦੇ ਨੌਕਰ ਨੇ ਪ੍ਰਸ਼ਾਦੇ ਪਹਿਲਾਂ ਸੂਬੇਦਾਰ ਲਈ ਲਾਹੁਣ ਵਾਸਤੇ ਸਤਿਗੁਰੂ ਜੀ ਨੂੰ ਕਿਹਾ। ਸਤਿਗੁਰੂ ਜੀ ਚੁੱਪ ਲੋਹ ਕੋਲ ਬੈਠੇ ਪ੍ਰਸ਼ਾਦੇ ਪਕਾਉਂਦੇ ਸੀ ਆਪ ਨੇ ਬਿਨਾ ਬੋਲੇ ਲੋਹ ਦੇ ਅੱਧ ਵਿੱਚ ਛੋਟੀ ਕਿਰਪਾਨ ਨਾਲ ਲਕੀਰ ਪਾ ਇਸ਼ਾਰੇ ਨਾਲ ਕਿਹਾ "ਓਸ ਪਾਸੇ ਪਕਾ ਲੈ।" ਨੌਕਰ ਨੂੰ ਅਲੋਕਿਕ ਦ੍ਰਿਸ਼ ਦਿਸਿਆ। ਸਤਿਗੁਰੂ ਜੀ ਜਦੋਂ ਪ੍ਰਸ਼ਾਦਾ ਪਾਉਂਦੇ ਸੀ ਤਾਂ ਲੋਹ ਰੰਗ ਬਦਲਦੀ ਸੀ ਕਦੇ ਸੋਨੇ ਰੰਗੀ, ਕਦੇ ਚਾਂਦੀ ਰੰਗੀ, ਨੌਕਰ ਇਨ੍ਹਾਂ ਹੈਰਾਨ ਹੋਇਆ ਉਸ ਨੇ ਇਹ ਗੱਲ ਸੂਬੇਦਾਰ ਨੂੰ ਦੱਸੀ। ਕਾਹਨ ਸਿੰਘ ਜੋ ਮਲੇਰਕੋਟਲਾ ਰਿਆਸਤ ਦੇ ਪਿੰਡ ਚੱਕ ਦਾ ਰਹਿਣ ਵਾਲਾ ਸੀ, ਇਸ ਬਿਰਤਾਂਤ ਨੂੰ ਸੁਣ ਸਚਾਈ ਜਾਨਣ ਲਈ ਆਪ ਦੀ ਸੰਗਤ ਮਾਨਣ ਲੱਗਾ। ਜਲਦੀ ਹੀ ਇਹ ਇਸ ਨਤੀਜੇ 'ਤੇ ਪੁੱਜਾ ਕੇ ਰਾਮ ਸਿੰਘ ਇਕ ਪੂਰਨ ਪੁਰਖ ਹੈ, ਇਨ੍ਹਾਂ ਦੇ ਹਰ ਬੋਲ ਹਰ ਅਦਾ ਵਿੱਚ ਡੂੰਗੀ ਰਮਜ਼ ਹੁੰਦੀ ਹੈ, ਜੋ ਸਮਝ ਗਿਆ ਉਹ ਅਨੰਤ ਪਰਮੇਸ਼ਰ ਦੀ ਵਿਆਪਕ ਖੇਡ ਦਾ ਦਰਸ਼ਕ ਬਣ ਗਿਆ। ਇਕ ਦਿਨ ਕਾਹਨ ਸਿੰਘ ਨਾਲ ਦੂਰ ਸੈਰ ਕਰਨ ਗਏ। ਰਸਤੇ ਵਿੱਚ ਖੂਹ ਵਗ ਰਿਹਾ ਸੀ। ਸਤਿਗੁਰੂ ਇਕ ਦਮ ਰੁੱਕ ਗਏ, ਕਾਹਨ ਸਿੰਘ ਨੂੰ ਕਿਹਾ “ਕਾਨ੍ਹਿਆ ਖੂਹ ਗ਼ਰਕ ਹੋਣ ਲੱਗਾ ਹੈ, ਤੂੰ ਜਾਇਕੇ ਸਭ ਕੋ ਹਟਾਇ ਦਿਓ ਪਾਸੇ ਕਰ ਦਿਓ। ਕਾਹਨ ਸਿੰਘ ਖੜਾ ਈ ਦਲੀਲਾਂ ਕਰਨ ਲੱਗ ਪਿਆ ਕਿ ਚਲਦਾ ਖੂਹ ਕਿਵੇਂ ਗ਼ਰਕ ਹੋਊਗਾ? ਚੁੱਪ ਕਰਕੇ ਖੜਾ ਰਿਹਾ। ਸ੍ਰੀ ਸਤਿਗੁਰੂ ਜੀ ਆਪ ਜਾਇਕੇ ਅਰਲੀਆਂ ਕੱਢ ਦਿੱਤੀਆਂ ਬੈਲਾਂ ਕੀਆਂ। ਆਦਮੀ ਸਭ ਹਟਾਇ ਦਿੱਤੇ। ਜ਼ਿਮੀਦਾਰ ਖੂਹ ਵਾਲੇ ਕਹਿਣ ਕੀ ਕਰਦਾ ਫਿਰਦਾ ਹੈ, ਸਾਡਾ ਕੰਮ ਚਲਦਾ ਖੜਾ ਕਰ ਦਿੱਤਾ ਹੈ। ਸਾਨੂੰ ਧੱਕੇ ਦੇ ਦੇ ਕੇ ਹਟਾਈ ਜਾਂਦਾ ਹੈ। ਏਤਨੇ ਮੇਂ ਖੂਹ ਗਰਕ ਹੋਇ ਗਿਆ। ਸੰਦ ਵਲੇਵਾਂ ਖੂਹ ਵਿੱਚ ਜਾਇ ਪਿਆ।” ਜਦੋਂ ਕੋਈ ਖੂਹ ਗਰਕਦਾ ਹੈ ਤਾਂ ਉਸ ਦੀਆਂ ਨਿਸ਼ਾਨੀਆਂ ਪਹਿਲਾਂ ਹੀ ਨਜ਼ਰ ਆਉਣ ਲੱਗ ਜਾਂਦੀਆਂ ਹਨ ਇਨ੍ਹਾਂ ਅਗੇਤੀਆਂ ਨਿਸ਼ਾਨੀਆਂ ਨੂੰ ਕੋਈ ਸੂਝਵਾਨ ਅੱਖ ਹੀ ਪਹਿਚਾਣ ਸਕਦੀ ਹੈ। ਕਾਹਨ ਸਿੰਘ ਨੂੰ ਇਹ ਗੱਲ ਦਾ ਪੱਕਾ ਯਕੀਨ ਹੋ ਗਇਆ ਕਿ ਰਾਮ ਸਿੰਘ ਦੀ ਪਾਰਖੂ ਦ੍ਰਿਸ਼ਟੀ ਤੋਂ ਕੋਈ ਵੀ ਤੱਤ ਲੁਕਿਆ ਹੋਇਆ ਨਹੀਂ। ਪਰਾਲੌਕਿਕ ਅਤੇ ਸਜਾਜਿਕ ਸੂਝਬੂਝ ਦਾ ਲੋਹਾ ਨਾਲ ਦੇ ਸਾਥੀ ਮੰਨ ਚੁੱਕੇ ਸਨ। ਇਸ ਕਰਕੇ ਹੀ ਜਦੋਂ ਮੁਦਕੀ ਦੀ ਲੜਾਈ ਤੋਂ ਪਹਿਲਾਂ ਸਤਿਗੁਰੂ ਜੀ ਨੇ ਨਾਲ ਦੇ ਸਾਥੀਆਂ ਨੂੰ ਕਿਹਾ “ਸਾਡੀ ਹਾਰ ਹੋਣੀ ਹੈ ਸਾਨੂੰ ਹਰਾਉਣ ਲਈ ਝੂਠੇ ਪੁਲੰਦੇ ਬਣਾ ਲਏ ਗਏ ਹਨ ਤਾਂ ਉਹਨਾਂ ਨੂੰ ਪੂਰਾ ਭਰੋਸਾ ਸੀ ਕਿ ਇਨ੍ਹਾਂ ਨੇ ਸਿੱਖ ਫ਼ੌਜ ਦੀ ਸਥਿਤੀ ਅਤੇ ਸਿੱਖ ਲੀਡਰਾਂ ਦੇ ਕਿਰਦਾਰ ਨੂੰ ਪਰਖ ਲਿਆ ਹੈ। ਕਾਹਨ ਸਿੰਘ ਨੇ ਅਰਜ਼ ਕੀਤੀ ਕੇ ਤੁਸੀਂ ਕਹਿੰਦੇ ਹੋ ਤਾਂ ਅਵੱਸ਼ ਹੀ ਸੱਚ ਗੱਲ ਹੋਏਗੀ, ਮੇਰੀ ਰੱਖਿਆ ਹੋਵੇ। ਸਤਿਗੁਰੂ ਜੀ ਛੋਟੀ ਕਿਰਪਾਨ ਨਾਲ ਪੱਟ 'ਤੇ ਚੀਰ ਮਾਰਿਆ ਤੇ ਕਿਹਾ ਤੇਰੀ ਮੌਤ ਟਾਲ ਦਿੱਤੀ ਹੈ। ਕਾਹਨ ਸਿੰਘ ਜੰਗ ਵਿੱਚ ਨਿਰਭੈ ਹੋ ਵਿਚਰਦਾ ਰਿਹਾ।

ਫੜਕੇ ਕਰਦ ਖੱਬਾ ਪੱਟ ਪਾੜ ਦਿੱਤਾ

ਕਾਨ ਸਿੰਘ ਰੋਵੇ ਧਾਹਾਂ ਮਾਰ ਸੰਤੋ।

ਗੁਸੇ ਬਹੁਤ ਹੋਇਆ ਗੁਰਾਂ ਕਹਿਰ ਕੀਤਾ

ਮੇਰੇ ਪੱਟ ਨੂੰ ਪਾੜ ਲਚਾਰ ਸੰਤੋ।

ਸਤਿਗੁਰ ਆਖਦੇ ਸੁਣੀ ਤੂੰ ਕਾਨ੍ਹ ਸਿੰਘਾ

ਅਗੇ ਕਰੂਕੀ ਕਾਰ ਕਰਤਾਰ ਸੰਤੋ।

ਹੋਵੇ ਮੁਦਕੀ ਸਿੰਘਾਂ ਦਾ ਜੰਗ ਭਾਰਾ

ਤੇਰਾ ਚੜ੍ਹੇ ਸਰੀਰ ਵਿਚਕਾਰ ਸੰਤੋ।

ਮਾਰੀਂ ਕੰਬਲੀ ਦੀ ਗਿਲਤੀ ਕਾਨ ਸਿੰਘਾ

ਗੋਲੀ ਕਰੂਗੀ ਨਾ ਤੈਨੂੰ ਮਾਰ ਸੰਤੋ।8

ਸਤਿਗੁਰੂ ਬਾਲਕ ਸਿੰਘ ਜੀ ਨਾਲ ਮਿਲਾਪ- ਨੌ ਨਿਹਾਲ ਵਾਲੀ ਬਟਾਲੀਅਨ ਨੂੰ ਹੁਕਮ ਹੋਇਆ ਪਸ਼ੌਰ ਤੋਂ ਸਰਕਾਰੀ ਖ਼ਜ਼ਾਨਾ ਲਿਆਉਣ ਲਈ। ਜਦੋਂ ਇਹ ਸੈਨਿਕ ਹਜਰੋਂ ਵਾਲੀ ਫ਼ੌਜੀ ਕਿਲ੍ਹੇ ਵਿੱਚ ਪਹੁੰਚੇ ਤਾਂ ਓਥੇ ਪਤਾ ਲੱਗਾ ਕੋਈ ਪੂਰਨ ਮਹਾਂਪੁਰਖ ਇਸ ਧਰਤੀ 'ਤੇ ਗੁਰੂ ਨਾਨਕ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ। ਬਹੁਤ ਸਾਰੇ ਫ਼ੌਜੀ ਇਸ ਮਹਾਨ ਸਖ਼ਸ਼ੀਅਤ ਤੋਂ ਜਾਣੂ ਸਨ ਅਤੇ ਉਹਨਾਂ ਦੇ ਪਰਉਪਕਾਰਾਂ ਦੀ ਗਾਥਾ ਫ਼ੌਜ 'ਚ ਜਾਹਰ ਸੀ। ਜਮੀਅਤ ਸਿੰਘ ਵਰਗੇ ਕਈ ਫ਼ੌਜੀ ਸਾਥੀ ਉਹਨਾਂ ਤੋਂ ਨਾਮ ਲੈ ਕੇ ਆਪਣੇ ਆਪ ਨੂੰ ਉਚ ਭਾਗਾਂ ਵਾਲਾ ਸਮਝਦੇ ਸੀ। ਗੁਰੂ ਰਾਮ ਸਿੰਘ ਜੀ ਵੀ ਕੁਝ ਸਾਥੀਆਂ ਨਾਲ ਜਾਣ ਵਾਸਤੇ ਤਿਆਰ ਹੋਏ। ਸਤਿਗੁਰੂ ਬਾਲਕ ਸਿੰਘ ਰੋਜ ਸ਼ਾਮ ਨੂੰ ਆਪਣੀ ਬਗੀਚੀ 'ਚ ਗੁਰਬਾਣੀ ਦੀ ਕਥਾ ਕਰਦੇ ਸੀ। ਸੰਤ ਕਾਲਾ ਸਿੰਘ ਜੀ ਨੰਗਲ ਵਾਲੇ ਪੱਚੀ ਸਾਥੀਆਂ ਵਿਚੋਂ ਕੁਝ ਦੇ ਨਾਵਾਂ ਦਾ ਜਿਕਰ ਕਰਦੇ ਹਨ। ਜਿਨ੍ਹਾਂ ਨਾਲ ਆਪ ਅੱਸੂ ਦੀ ਸੰਗਰਾਦ 1898 ਬਿਕਰਮੀ ਮੁਤਾਬਿਕ 1841 ਈ. ਵਾਲੇ ਦਿਨ ਸਤਿਗੁਰੂ ਬਾਲਕ ਸਿੰਘ ਜੀ ਕੋਲ ਗਏ।

ਅਣੋਖ ਸਿੰਘ ਜੀ ਬਿਲੀਆਂ ਵਿੱਚ ਰਹਿੰਦਾ

ਦੁਲਾ ਸਿੰਘ ਰਾਜਿਆਣਿਓ ਧਾਇਆ ਸੀ।

ਬਘੇਲ ਸਿੰਘ ਰਾਜੇ ਜੰਗੋਂ ਸਾਥ ਲੀਤਾ

ਸਰੂਪ ਸਿੰਘ ਚੈਪਈਓਂ ਬੁਲਾਇਆ ਸੀ।

ਮਤਾਪ ਸਿੰਘ ਹਠੂਰ ਦਾ ਸਮਝ ਲੈਣਾ

ਗੁਜਰ ਵਾਲੀਆ ਬੁੱਧ ਸਿੰਘ ਆਇਆ ਸੀ।

ਪੰਚੀ ਸਿੰਘ ਹੋਏ ਸਾਥ ਸਤਿਗੁਰੂ ਦੇ

ਹਜਰੋਂ ਜਾਣਦਾ ਸਾਂਗ ਬਣਾਇਆ ਸੀ।

ਕਾਨ ਸਿੰਘ ਸੂਬੇਦਾਰ ਚੱਕਵਾਲਾ ਜਮੀਤ

ਸਿੰਘ ਗਿਲਾਂ ਵਾਲਾ ਧਾਇਆ ਸੀ।

ਮਤਾਬ ਸਿੰਘ ਸੀ ਉਬਕੋ ਪਿੰਡ ਵਾਲਾ।

ਠੂਰ ਪਿੰਡ ਤੇ ਜੀਤ ਸਿੰਘ ਸੁਹਾਇਆ ਸੀ।9

ਜਦੋਂ ਆਪ ਦਰਸ਼ਨ ਕਰਨ ਲਈ ਦਰਬਾਰ ਵਿੱਚ ਆਏ ਤਾਂ “ਠਾਕੁਰ ਤੁਮ ਸਰਨਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨ ਪਾਇਆ" ਗੁਰਬਾਣੀ ਦੇ ਇਸ ਸ਼ਬਦ ਦੀ ਵਿਆਖਿਆ ਚੱਲ ਰਹੀ ਸੀ। “ਸ੍ਰੀ ਸਤਿਗੁਰੂ ਜੀ ਸੀਸ ਨਿਵਾਇਕੇ ਬੈਠ ਕੇ ਬਚਨ ਕੀਤਾ ਜੀ ਮੈਨੂੰ ਭੀ ਭਜਨ ਦਿਓ। ਗੁਰੂ ਬਾਲਕ ਸਿੰਘ ਜੀ ਪ੍ਰਸੰਨ ਹੋਇਕੇ ਬਚਨ ਕੀਤਾ ਆਓ ਠਾਕੁਰ ਜੀ, ਤੁਹਾਨੂੰ ਉਡੀਕਦੇ ਸੇ। ਤੁਹਾਡੇ ਮੰਗਵਾਉਣ ਵਾਸਤੇ ਹੀ ਏਤਨੀ ਫ਼ੌਜ ਨੂੰ ਭਜਨ ਦਿੱਤਾ ਹੈ।... ਗੁਰੂ ਬਾਲਕ ਸਿੰਘ ਜੀ ਬਚਨ ਕੀਤਾ ਠਾਕੁਰੋ ਅਸੀਂ ਤਾਂ ਰਾਖੇ ਈ ਬੈਠੇ ਹਾਂ ਤੁਹਾਨੂੰ ਉਡੀਕਦੇ ਸੇ। ਸੋ ਤੁਸੀਂ ਆਇ ਗਏ ਹੋ। ਏਓ ਨਾਮ ਕਾ ਗਫ਼ਾ ਤੁਸੀਂ ਹੀ ਵਰਤਾਵਣਾ ਹੈ। ਨਾਮ ਦੇ ਖ਼ਜਾਨੇ ਨੂੰ ਕੁੰਜੀ ਤੁਸੀਂ ਹੀ ਲਾਵਣੀ ਹੈ। ਏਹ ਕੜਛਾ ਤੁਸਾਂ ਦੇ ਹੱਥੋਂ ਈ ਵਰਤਣਾ ਹੈ।10

ਸਤਿਗੁਰੂ ਨਾਨਕ ਦੇਵ ਜੀ ਦੇ ਸੱਚੇ ਤਖਤ 'ਤੇ ਆਪ ਨੂੰ ਬਿਰਾਜਮਾਨ ਕੀਤਾ ਤੇ ਸਭ ਸੰਗਤ ਨੂੰ ਕਹਿ ਸੁਣਾਇਆ ਅੱਜ ਤੋਂ ਅਗਲੇ ਮਾਲਕ ਇਹ ਹਨ । ਹੁਣ ਨਾਮ ਦੀ ਦਾਤ ਇਨ੍ਹਾਂ ਤੋਂ ਪ੍ਰਾਪਤ ਹੋਵੇਗੀ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜ ਘਰਾਣਾ ਸਾਜ਼ਿਸਾਂ ਦਾ ਅੱਡਾ ਬਣ ਗਿਆ ਸੀ। ਰਾਜ ਭਾਗ ਦੇ ਮਾਨ ਨੇ ਸਿਖਾਂ ਨੂੰ ਕਪਟੀ, ਅਤਿਆਚਾਰੀ ਅਤੇ ਜਾਲਮ ਬਣਾ ਦਿੱਤਾ ਸੀ। ਸਿਖੀ ਭਾਵਨਾ ਹੋਲੀ-ਹੋਲੀ ਪੰਜਾਬ ਵਿਚੋਂ ਅਲੋਪ ਹੋਣ ਲੱਗੀ ਤੇ ਹਊਮੈ ਚੌਧਰ ਨਾਲ ਭਰੇ ਸਰਦਾਰ ਐਸ਼ ਪ੍ਰਸਤੀ ਦੀ ਡੂੰਘੀ ਖਾਹੀ ਵਿੱਚ ਡੁੱਬਣ ਲੱਗੇ। ਸ਼ਰਾਬ ਤੇ ਵੇਸਵਾਵਾਂ ਮਹਾਰਾਜੇ ਦੇ ਹੁੰਦਿਆਂ ਹੀ ਦਰਬਾਰ ਦੀਆਂ ਮੁੱਖ ਸ਼ਿੰਗਾਰ ਬਣ ਗਈਆਂ ਸਨ। ਸਿਖ ਕਿਰਦਾਰਾਂ, ਗੁਰਬਾਣੀ, ਨੈਤਿਤਕਤਾ ਸਿਰਫ਼ ਬੀਤੇ ਦੀਆਂ ਕਹਾਣੀਆਂ ਬਣ ਗਈਆਂ। ਇਹ ਨਿਘਾਰਤਾ ਸਤਿਗੁਰੂ ਜੀ ਦੇ ਸੰਵੇਦਨ ਮਨ ਨੂੰ ਅਸ਼ਾਂਤੀ ਦੇਂਦੀ। ਇਸ ਲਈ ਉਹ ਕਈ-ਕਈ ਦਿਨ ਨੀਂਦ ਨਾ ਲੈਂਦੇ, ਕੁਝ ਖਾਂਦੇ ਪੀਂਦੇ ਨਾ, ਕਈ ਵਾਰ ਉਚੀ ਵਿਰਲਾਪ ਕਰਨਾ। "ਜੇ ਸਿੰਘਾਂ ਨੇ ਕਹਿਣਾ ਪਰਸ਼ਾਦ ਛਕੋ ਤਾਂ ਬਚਨ ਕਰਨਾ ਕਿ ਮੇਰੀ ਜਗ੍ਹਾ ਕੋਈ ਲੱਗੇ ਤਾਂ ਮੈਂ ਪਰਸ਼ਾਦ ਛਕਣ ਜਾਵਾਂ। ਅਸੀਂ ਭਾਰੀ ਕਾਰ ਲੱਗੇ ਹੋਏ ਹੈਂ। ਅੰਮ੍ਰਿਤ ਵੇਲੇ ਬਚਨ ਕਰਨਾ ਸਿੱਖਾਂ ਨੂੰ ਤੁਸੀਂ ਤਾਂ ਸੁੱਤੇ ਰਹਿੰਦੇ ਹੋ, ਮੈਂ ਸਾਰੀ ਰਾਤ ਜੁਧ ਮੈ ਰਹਿੰਦਾ ਹਾਂ। ਕਿਸੇ ਨੇ ਉਠਕੇ ਮਦਦ ਨਹੀਂ ਦੁਆਈ ਹੈ। ਮਨੁੱਖਾ ਜਨਮ ਅਮੋਲਕ ਹੈ, ਐਵੇਂ ਹੀ ਗਵਾਇ ਲੀਆ ਹੈ ਸੋਇ ਕੇ।11

ਸਤਿਗੁਰੂ ਜੀ ਸਾਥੀਆਂ ਨੂੰ ਵਿਕਾਰਾਂ ਨਾਲ ਯੁੱਧ ਕਰਨ ਲਈ ਪ੍ਰੇਰਦੇ। ਜਿਵੇਂ-ਜਿਵੇਂ ਖਾਲਸਾ ਰਾਜ ਵਿੱਚ ਬੁਰਝਾਗਰਦੀ ਵੱਧ ਰਹੀ ਸੀ ਤਿਵੇਂ-ਤਿਵੇਂ ਸਿਖ ਮਾਨਸਿਕਤਾ ਵੀ ਨੀਵੇਂ ਪੱਧਰ ਵੱਲ ਜਾ ਰਹੀ ਸੀ। ਇਕ ਦਿਨ ਪੰਜਾਬ ਸਿੰਘ ਨਾਮ ਦੇ ਸੂਬੇਦਾਰ 'ਤੇ ਖੁਸ਼ ਹੋ ਕੇ ਕਿਹਾ ਸੁਣਾ ਤੇਰੀ ਕੀ ਮੰਗ ਹੈ ਤਾਂ ਉਸ ਕਿਹਾ “ਹੋਰ ਤਾਂ ਕੁਝ ਨਹੀਂ ਲੋੜ, ਇਕ ਕੰਜਰੀ ਮਾਸ ਤੇ ਸ਼ਰਾਬ ਇਨ੍ਹਾਂ ਤਿੰਨਾ ਚੀਜਾਂ ਦੀ ਲੋੜ ਹੈ।12

ਸਤਿਗੁਰੂ ਜੀ ਉਸ 'ਤੇ ਬਹੁਤ ਨਰਾਜ ਹੋਏ। ਇਹ ਅਸਲ ਵਿੱਚ ਉਸ ਸਮੇਂ ਦੇ ਸਿਖ ਮਾਨਸਿਕਤਾ ਨੂੰ ਦਰਸਾਉਂਦੀ ਸਾਖੀ ਹੈ। ਗਿਆਨੀ ਜੀ ਲਿਖਦੇ ਹਨ-

ਸ਼ਕਲ ਅਕਲ ਪਹਿਰਾਨ ਖਾਨ ਬੋਲ ਚਾਲ

ਔਰ ਹੀ ਕੇ ਤੌਰ ਭਏ ਧਰਾ ਔਰ ਖਲਕੈ

ਸਿਦਕ ਬਿਦਕ ਗਯੋ ਧਰਮ ਨਰਮ ਪਯੋ

ਰੀਤਿ ਪਰਤੀਤ ਸਿਖੀ ਕੇਰ ਭਈ ਹਲਕੈ

ਸਿਖ ਫ਼ੌਜੀਆਂ ਦੇ ਵਿਵਹਾਰ ਨੂੰ ਦਰਸਾਉਂਦੇ ਇਹ ਬਚਨ ਸਤਿਗੁਰੂ ਬਿਲਾਸ ਦੇ ਤੁਹਾਨੂੰ ਇਹ ਸੋਚਣ ਲਈ ਮਜ਼ਬੂਰ ਕਰਨਗੇ। ਜਿਸ ਰਾਜ ਵਿੱਚ ਰਖਿਆ ਸੈਨਿਕ (Security Force) ਇਸ ਤਰ੍ਹਾਂ ਦੀ ਹੋਵੇ ਉਸ ਦਾ ਹਸ਼ਰ ਕੀ ਹੋਵੇਗਾ।

ਬੁਧ ਭਰਿਸਟ ਹੋਇ ਗਈ... “ਜੋ ਵੱਡੇ ਅਫ਼ਸਰ ਸੇ ਸੋ ਮੁੰਡੇ ਰੱਖਣੇ ਲੱਗੇ ਨਾਲੇ ਸਭ ਨੇ ਨਿੱਕੇ ਵੱਡੇ ਪਾਪਾ ਉੱਤੇ ਲੱਕ ਬੰਨ ਲਿਆ ਹੈ। ਬਚਨ ਬਿਲਾਸਾਂ ਨਾਲ ਸਮਝਾਂਦੇ ਰਹੇ, ਨਾ ਸਮਝੇ ਸਗੋਂ ਦੂਣੇ ਪਾਪ ਕਰਨੇ ਲੱਗੇ। ਚੋਰੀ ਯਾਰੀ ਬਹੁਤ ਕਰਨੇ ਲੱਗੇ, ਜਿਹੜਾ ਛੁਟੀ ਲੈ ਕੇ ਜਾਵੇ ਉਸਨੂੰ ਦੋ ਜਣੇ ਰਲ ਕੇ ਜਾਇਕੇ ਰਸਤੇ ਮੈਂ ਲੁੱਟ ਲੈਣ, ਦਾਦ ਫਰਿਯਾਦ ਕੋਈ ਨਾ ਸੀ ਸੁਣਦਾ ਕਿਉਂਕਿ ਵੱਡਿਆ ਛੋਟਿਆਂ ਕੀ ਬੁੱਧ ਭਰਿਸਟ ਹੋਇ ਗਈ ਹੈ। ਪੰਜੇ ਐਬ ਸ਼ਰਈ, ਨੇਮ ਧਰਮ ਛੱਡ ਕੇ ਜੁਲਮੀਆਂ ਤੇ ਲੱਕ ਬੱਧਾ  ਹੈ।13

ਕੌਮ ਦੀ ਇਹ ਹਾਲਤ ਵੇਖ ਸਤਿਗੁਰੂ ਜੀ ਨੂੰ ਡੂੰਘੀ ਪੀੜਾਂ ਹੁੰਦੀ। ਆਪ ਹਰ ਤਰੀਕੇ ਨਾਲ ਫ਼ੌਜੀ ਸਾਥੀਆਂ ਨੂੰ ਸਮਝਾਂਦੇ। ਆਉਣ ਵਾਲੇ ਸਮੇਂ ਪ੍ਰਤੀ ਸੁਚੇਤ ਕਰਦੇ। ਇਕ ਦਿਨ ਕਾਹਨ ਸਿੰਘ ਦੇ ਨਾਲ ਲੈ ਤੁਰੇ ਰਸਤੇ 'ਚ ਇਕ ਮਕਬਰਾ ਆਇਆ। ਆਖਿਆ “ਕਾਹਨ ਸਿੰਘ ਤੈਨੂੰ ਇਕ ਤਮਾਸ਼ਾ ਦਿਖਾਉਂਦੇ ਹਾਂ। ਮਕਬਰੇ ਦੇ ਮੰਮਟ ਨੂੰ ਜੱਫਾ ਪਾ ਜ਼ੋਰ ਲਾਉਣ ਲੱਗੇ, ਕਿਹਾ ਹਿਲਦਾ ਹੈ ਜੜਾ ਤੋਂ? ਕਾਹਨ ਸਿੰਘ ਕਿਹਾ “ਹਾਂਜੀ" ਬਚਨ ਕੀਤਾ ਵੇਖ ਲਿਆ ਜੋ ਵੇਖਣਾ | ਸੀ “ਅਸਲ ਵਿੱਚ 1837 ਈ. 'ਚ ਆਖਰੀ ਮੁਗਲ ਬਾਦਸ਼ਾਹ। ਸਰਕਾਰ ਦਾ ਪੈਨਸ਼ਨਰੀ ਹੋ ਤਖਤ 'ਤੇ ਬੈਠਾ। ਸਦੀਆਂ ਦੀ ਮੁਸਲਮਾਨੀ ਸੱਤਾ ਰੇਤ ਦੀ ਕੰਧ ਵਾਂਗ ਢਹਿ ਗਈ ਅਤੇ ਦਿਨੋਂ ਦਿਨ ਹੋਰ ਕਮਜ਼ੋਰ ਹੋ ਰਹੀ ਸੀ। ਸਤਿਗੁਰੂ ਜੀ ਕਹਿਣਾ ਚਾਹੁੰਦੇ ਸੀ ਹੁਣ ਮਕਬਰਿਆਂ ਵਾਲਿਆਂ ਦੀਆਂ ਜੜਾਂ ਭਾਰਤ ਵਿਚੋਂ ਹਿਲ ਗਈਆਂ ਹਨ ਛੇਤੀ ਪੁੱਟੀਆਂ ਜਾਣਗੀਆਂ। ਇਸ ਤਰ੍ਹਾਂ ਦੇ ਰਮਜਾਂ ਭਰੇ ਕੌਤਕਾਂ ਨਾਲ ਆਪਣੇ ਪਿਆਰਿਆਂ ਨੂੰ ਸਤਿਗੁਰੂ ਜੀ ਆਉਣ ਵਾਲੇ ਸਮੇਂ ਦੀ ਸਹੀ ਵਿਆਖਿਆ ਸਮਝਾਉਂਦੇ।

"ਸਤਿਗੁਰੂ ਜੀ ਦੇ ਸੁਭਾਉ ਅੰਦਰ ਨਾਮ ਦੀ ਖੁਮਾਰੀ ਚੜੀ ਰਹਿੰਦੀ। ਨਾਲ ਦੇ ਸਾਥੀਆਂ ਨੂੰ ਕਹਿਣਾ ਤੁਸੀਂ ਸੋ ਜਾਓ ਮੈਂ ਪਹਿਰਾ ਦਿੰਦਾ ਹਾਂ। ਸਾਰੀ ਰਾਤ ਜਾਗਦੇ ਭਜਨ ਕਰਦੇ ਰਹਿਣਾ ਅੰਮ੍ਰਿਤ ਵੇਲੇ ਸਾਰਿਆ ਨੂੰ ਉਠਾਉਣਾ ਕਹਿਣਾ ਇਹ ਵੇਲਾ ਨੀਂਦਰ ਦਾ ਨਹੀਂ ਨਾਮ ਜਪਣ ਬਾਣੀ ਪੜ੍ਹਣ ਦਾ ਹੈ। ਲੇਪਨ ਕਰ ਥਾਂ ਪਵਿੱਤਰ ਕਰਨਾ ਤੇ ਬਾਣੀ ਦਾ ਪ੍ਰਕਾਸ਼ ਕਰਨਾ। ਨਾਲ ਦੇ ਸਾਥੀਆਂ ਤੋਂ ਉਹਨਾਂ ਦੇ ਹਿੱਸੇ 'ਚੋਂ ਕੁਝ ਦਾਣੇ ਸਾਂਝੇ ਥਾਂ ਇਕੱਠੇ ਕਰਕੇ ਲੰਗਰ ਲਾਇਆ। ਭੁੱਖੇ ਨੂੰ ਪ੍ਰਸ਼ਾਦ ਛਕਾਉਣਾ। ਹੁਣ ਇਸ ਪਲਟਨ ਨੂੰ ਸਾਰੇ 'ਭਗਤਾਂ ਦੀ ਪਲਟਨ ਕਹਿਣ ਲੱਗ ਗਏ।”

ਫ਼ੌਜ ਛੱਡਣ ਦਾ ਸਮਾਂ (1845)- ਲਾਹੌਰ ਦਰਬਾਰ ਵਿੱਚ ਸਭ ਚੀਜਾਂ ਤੇਜੀ ਨਾਲ ਬਦਲ ਰਹੀਆਂ ਸਨ। ਆਪੋ ਧਾਪੀ, ਫੁੱਟ, ਲਾਲਚ ਪ੍ਰਧਾਨ ਸੀ। ਸਤਿਗੁਰੂ ਜੀ ਇਨ੍ਹਾਂ ਹਲਾਤਾਂ ਨੂੰ ਨੇੜੇ ਤੋਂ ਮਹਿਸੂਸ ਕਰ ਰਹੇ ਸਨ। ਇਕ ਦਿਨ ਕਾਹਨ ਸਿੰਘ ਨੇ ਦੀਵਾ ਮੋਟੀ ਵੱਟੀ ਪਾ ਕੇ ਜਗਾਇਆ। ਸਤਿਗੁਰੂ ਜੀ ਨੇ ਦੋਵਾਂ ਹੱਥਾਂ ਦੀ ਜ਼ੋਰ ਦੀ ਤਾੜੀ ਮਾਰ ਬੁਝਾ ਦਿੱਤਾ ਤੇ ਇਕ ਦਮ ਗੰਭੀਰ ਹੋ ਦੀਵੇ ਵੱਲ ਵੇਖਦਿਆਂ ਬਚਨ ਕੀਤਾ "ਕਾਹਨ ਸਿੰਘ ਸਿੱਖ ਰਾਜ 'ਚ ਹੁਣ ਦੀਵਾ ਗੁੱਲ ਹੋ ਗਿਆ।" ਹੁਣ ਸਤਿਗੁਰੂ ਜੀ ਇਹ ਸੱਚ ਜਦੋਂ ਸਭ ਸਾਹਮਣੇ ਬੋਲ ਦਿੰਦੇ ਕਈ ਗੁੱਸਾ ਕਰਦੇ ਪਰ ਸਤਿਗੁਰੂ ਜੀ ਕਹਿੰਦੇ “ਹੁਣ ਨਾ ਇਨ੍ਹਾਂ ਕੋਲ ਸਿੱਖੀ ਰਹੀ ਨਾ ਹੁਣ ਰਾਜ ਰਹਿਣਾ ਹੈ। ਇਸ ਨੂੰ ਮੁੜ ਉਸਾਰਨ ਦਾ ਯਤਨ ਕਰਨਾ ਪਵੇਗਾ "ਬੇਈਮਾਨ ਸੈਨਾਪਤੀ ਲਗਾਤਾਰ ਸਿਖ ਫ਼ੌਜ ਨੂੰ ਅੰਗਰੇਜ ਨਾਲ ਜੰਗ ਕਰਨ ਲਈ ਉਕਸਾ ਰਹੇ ਸਨ। ਸਤਿਗੁਰੂ ਜੀ ਜੰਗ ਪਿਛਲੀ ਸਿਆਸਤ ਨੂੰ ਪਹਿਲਾਂ ਹੀ ਭਾਪ ਲਿਆ ਸੀ ਇਸ ਕਰਕੇ ਆਪ ਨੇ ਸਭ ਨੂੰ ਸੁਚੇਤ ਕੀਤਾ ਪਰ ਫਿਰ ਵੀ ਵਿਕੇ ਹੋਏ ਲੀਡਰਾਂ ਨੇ ਸਿਖ ਫ਼ੌਜ ਨੂੰ ਜੰਗ ਦੀ ਭੱਠੀ ਵਿੱਚ ਵਾੜ ਦਿੱਤਾ। ਆਪ ਹਰੀਕੇ ਪੱਤਣ ਤੋਂ ਫ਼ੌਜ ਨੂੰ ਅਲਵਿਦਾ ਕਹਿ ਸ੍ਰੀ ਭੈਣੀ ਸਾਹਿਬ ਆ ਗਏ ਹਨ ਤੇ ਨਵੀਂ ਸ਼ੁਰੂਆਤ ਲਈ ਚਿੰਤਨ ਕਰਨ ਲੱਗੇ।

ਹਵਾਲੇ ਤੇ ਟਿਪਣੀਆਂ

1. Lepel Griffin Ranjit Singh P.134
2. ਸੰਤ ਕਾਲਾ ਸਿੰਘ ਨੰਗਲ, ਸਿੰਘਾ ਨਾਮਧਾਰੀਆਂ ਦਾ ਪੰਥ ਪ੍ਰਕਾਸ਼, ਸੰਪ. ਦੇਵਿੰਦਰ ਸਿੰਘ ਗਿੱਲ, ਪੰਨਾ. 18
3. ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼ ਭਾਗ- 5, ਪੰਨਾ 2815
4. Alexander Burnes, Travels into Bokhara Vol. 1, Page 285
5. ਡਾ. ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਪੰਨਾ. 71
6. ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਭਾਗ- 5. ਪੰਨਾ. 2815
7. ਸੰਤ ਸੰਤੋਖ ਸਿੰਘ, ਸਤਿਗੁਰੂ ਬਿਲਾਸ ਭਾਗ-1, ਸੰਪਾ. ਜਸਵਿੰਦਰ ਸਿੰਘ ਹਸਿਟੋਰਓਨ ਪੰਨਾ. 112
8. ਹਰਨਾਮ ਸਿੰਘ ਬਗਲੀ ਕਲਾਂ, ਸੰਤ ਖਾਲਸਾ ਪੰਨਾ-6
9. ਸੰਤ ਕਾਲਾ ਸਿੰਘ ਨੰਗਲ, ਸਿੰਘਾਂ ਨਾਮਧਾਰੀਆਂ.... ਪੰਨਾ. -21
10. ਸੰਤ ਸੰਤੋਖ ਸਿੰਘ, ਸਤਿਗੁਰੂ ਬਿਲਾਸ ਭਾਗ-1. ਸੰਪਾ. ਜਸਵਿੰਦਰ ਸਿੰਘ ਪੰਨਾ-109
11. ਓਹੀ, ਪੰਨਾ-117
12. ਓਹੀ, ਪੰਨਾ -117
13. ਓਹੀ, ਪੰਨਾ -114


ਸਤਿਗੁਰੂ ਰਾਮ ਸਿੰਘ ਜੀ ਦਾ ਮਿਸ਼ਨ - ਸਿੱਖ ਕੌਮ ਦੀ ਉਸਾਰੀ ਵਿਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤੱਕ ਦੇ ਸਫਰ ਤੋਂ ਜਾਣੂੰ ਹੋਏ । ਅੰਗਰੇਜ਼ ਸਤਿਗੁਰੂ ਰਾਮ ਸਿੰਘ ਵੱਲੋਂ ਚਲਾਈ ਲਹਿਰ ਦੇ ਤੇਜ਼ੀ ਨਾਲ ਵਧ ਰਹੇ ਪ੍ਰਭਾਵ ਨੂੰ ਏਸੇ ਦ੍ਰਿਸ਼ਟੀ ਤੋਂ ਵੇਖ ਰਹੇ ਸਨ। ਅੰਬਾਲਾ ਡਵੀਜਨ ਦੇ ਕਮਿਸ਼ਨਰ ਮਿਸਟਰ ਆਰ. ਜੀ, ਟੇਲਰ ਨੇ 11 ਸਤੰਬਰ 1866 ਨੂੰ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਵਿਚ ਲਿਖਿਆ, “ਆਪਣੇ ਮਤ ਦੀ ਸ਼ਾਨ ਨੂੰ ਬਹਾਲ ਕਰਨ ਅਤੇ ਖੁੱਸ ਚੁੱਕੀ ਆਪਣੀ ਪਿਆਰੀ ਭੋਂ ਦੀ ਤਾਂਘਵਾਨ ਕਿਸੇ ਵੀ ਜੰਗਜੂ ਕੌਮ ਵਿਚ ਧਾਰਮਿਕ ਪੁਨਰ ਸੁਰਜੀਤੀ ਦਾ ਇਹ ਕੁਦਰਤੀ ਨਤੀਜਾ ਹੈ। ਰਾਮ ਸਿੰਘ ਨੇ ਨਾਨਕ ਦੀ ਤਰਜ਼ ਉੱਤੇ ਇੱਕ ਨਿਮਰ ਧਾਰਮਿਕ ਸੁਧਾਰਕ ਦੇ ਰੂਪ ਵਿਚ ਕਾਰਜ ਅਰੰਭ ਕੀਤਾ ਹੋ ਸਕਦਾ ਹੈ ਪਰ ਉਸ ਦੇ ਉਤੇਜਿਕ ਮੁਖੀ ਪੈਰੋਕਾਰ ਉਸ ਨੂੰ ਤੇਜ਼ੀ ਨਾਲ ਲੜਾਕੇ ਗੁਰੂ ਗੋਬਿੰਦ ਸਿੰਘ ਦੀ ਹੂਬਹੂ ਨਕਲ ਦਾ ਰੂਪ ਦੇ ਰਹੇ ਹਨ।” ਪੰਜ ਸਾਲ ਪਿੱਛੋਂ ਅੰਬਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਮੈਕਨਬ ਨੇ 4 ਨਵੰਬਰ 1871 ਨੂੰ ਪੰਜਾਬ ਸਰਕਾਰ ਵੱਲ ਭੇਜੀ ਰਿਪੋਰਟ ਵਿਚ ਤਾਂ ਗੱਲ ਸਿਰੇ ਹੀ ਲਾ ਦਿੱਤੀ।

ਉਸ ਨੇ ਲਿਖਿਆ, “ਰਾਮ ਸਿੰਘ ਨੂੰ ਸੰਤ ਗੁਰੂ ਨਾਨਕ ਦੇ ਉੱਤਰਾਧਿਕਾਰੀ ਜਾਂ ਅਸਲੀ ਪੁਨਰ ਸਾਕਾਰ ਰੂਪ ਵੱਜੋਂ ਦੇਖਿਆ ਜਾਂਦਾ ਸੀ । ਹੁਣ ਉਹ ਜਾ ਝਾਰੂ ਗੋਬਿੰਦ ਦਾ ਪ੍ਰਤੀਨਿੱਧ ਹੈ। ਉਹ ਇਕ ਐਸੇ ਫਿਰਕੇ ਦਾ ਅਸਲੀ ਅਤੇ ਨਾਲ ਦੀ ਨਾਲ ਨਾਮਨਿਹਾਦ ਆਗੂ ਹੈ ਜੋ ਖਾਲਸੇ ਦੀ ਪੁਨਰ-ਸੁਰਜੀਤੀ ਵਜੋਂ ਬਰਤਾਨਵੀ ਸ਼ਕਤੀ ਪ੍ਰਤਿ ਵੈਰ ਭਾਵੀ ਲੱਛਣ ਰੱਖਦਾ ਹੈ। ”

ਅੰਗਰੇਜ਼ ਸਰਕਾਰ ਪਿਛੜਲੇ ਚੋਖੇ ਸਮੇਂ ਤੋਂ ਸਤਿਗੁਰੂ ਰਾਮ ਸਿੰਘ ਜੀ ਨੂੰ ਪੰਜਾਬ ਦੀ ਧਰਤੀ ਤੋਂ ਦੂਰ ਭੇਜਣ ਬਾਰੇ ਸੋਚ ਰਹੀ ਸੀ, ਉਹਨਾਂ ਦੇ ਕੁੱਝ ਉਤਸ਼ਾਹੀ ਜੋਸ਼ੀਲੇ ਪੈਰੋਕਾਰਾਂ ਦੀ ਕਾਰਵਾਈ ਨੇ ਅੰਗਰੇਜ਼ ਸਰਕਾਰ ਨੂੰ ਉਹਨਾਂ ਸਤਿਗੁਰੂ ਜੀ ਨੂੰ ਦੇਸ ਬਦਰ ਕਰਨ ਲਈ ਬਹਾਨਾ ਦੇ ਦਿੱਤਾ। ਇਸ ਵਿਚ ਕੋਈ ਸ਼ੰਕਾ ਨਹੀਂ ਕਿ ਜੇਕਰ ਸਤਿਗੁਰੂ ਜੀ ਨੂੰ ਆਪਣੀ ਯੋਜਨਾ ਅਨੁਸਾਰ ਕੰਮ ਕਰਨ ਦਾ ਮੋਕਾ ਮਿਲ ਜਾਂਦਾ ਤਾਂ ਭਾਰਤ ਦਾ ਇਤਿਹਾਸ ਕੁੱਝ ਹੋਰ ਹੁੰਦਾ।

ਨਾਮਧਾਰੀ ਸੰਗਤ ਨੂੰ ਉਹਨਾਂ ਵੱਲੋਂ ਦਿੱਤੀ ਸਿੱਖਿਆ-ਦੀਖਿਆ ਦਾ ਹੀ ਫਲ ਸੀ ਕਿ ਦੇਸ ਨੂੰ ਆਜ਼ਾਦੀ ਮਿਲਣ ਦੇ ਦਿਨ ਤੱਕ ਇਹਨਾਂ ਦੇ ਦਿਲ ਵਿਚ ਮਲੇਛੀ ਸਰਕਾਰ ਪ੍ਰਤੀ ਰੋਹ ਜਿਉਂ ਦਾ ਤਿਉਂ ਬਰਕਰਾਰ ਰਿਹਾ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਦਬਾਉਣ ਦੇ ਲੱਖ ਯਤਨ ਕਰਨ ਉੱਤੇ ਵੀ ਇਹਨਾਂ ਦੇ ਵਤੀਰੇ ਵਿਚ ਰਾਈਂ ਮਾਤਰ ਕਚਿਆਈ ਨਹੀਂ ਆਈ।

ਗੁਰਲਾਲ ਸਿੰਘ

ਸੰਪਾਦਕ ‘ਸਤਿਜੁਗ

97800-97898