Sri Bhaini Sahib

Official website of central religious place for Namdhari Sect
RiseSet
05:47am07:00pm

ਵੈਸਾਖੀ : ਨਵਾਂਪਣ

Date: 
12 Apr 2025

ਵੈਸਾਖੀ : ਨਵਾਂਪਣ

ਮਨੁੱਖੀ ਮਨ ਨਵੇਂਪਣ ਦਾ ਮੁਤਾਸਿਰ ਹੈ। ਤਕਨਾਲੋਜੀ (Technology) ਦੇ ਇਸ ਯੁੱਗ ਵਿੱਚ ਨਵੀਆਂ ਖੋਜਾਂ ਹਰ ਰੋਜ਼ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੀਆਂ ਹਨ। ਤਕਨਾਲੋਜੀ ਰਾਹੀਂ ਨਵੇਂ ਈਜਾਦ ਹੋ ਰਹੇ ਸਾਧਨ ਮਨੁੱਖ ਲਈ ਜਿੱਥੇ ਸੁਖਦਾਇਕ ਹਨ, ਉਥੇ ਹੋਰ ਨਵੀਂਆਂ ਚੁਣੌਤੀਆਂ ਵੀ ਨਾਲ ਲਿਆ ਰਹੇ ਹਨ। ਅਜੋਕਾ ਮਨੁੱਖ ਇਸ ਸਾਰੇ ਵਰਤਾਰੇ ਨੂੰ ਇਕ challenge ਵਾਂਗ ਸਵੀਕਾਰ ਕਰ ਕੇ ਆਪਣੀ ਲੀਹੇ ਤੁਰ ਰਿਹਾ ਹੈ। ਇਕੱਲੀ ਤਕਨਾਲੋਜੀ ਹੀ ਨਹੀਂ ਸਗੋਂ ਮਨੁੱਖੀ ਮਨ ਦਾ ਸਮੁੱਚਾ ਮਾਨਸਿਕ ਢਾਂਚਾ ਨਵੇਂਪਣ ਤੋਂ ਪ੍ਰਭਾਵਿਤ ਹੈ। ਹਰ ਰੋਜ਼ ਮਨੁੱਖੀ ਮਨ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ, ਵਿਚਾਰਾਂ, ਸਾਧਨਾਂ, ਪਦਾਰਥਕ ਸਹੂਲਤਾਂ ਨੂੰ ਤਿਲਾਂਜਲੀ ਦੇ ਕੇ ਨਵੀਂਆਂ ਉਸਾਰ ਰਿਹਾ ਹੈ। ਅਜੋਕੇ ਸਮੇਂ ਵਿਚ ਤਾਂ ਇਸ ਨਵੇਂਪਣ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ। ਜੇ ਇਹ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਮਨੁੱਖ ਪ੍ਰਗਤੀ ਹੀ ਨਵੇਂਪਣ ਵਿਚੋਂ ਕਰਦਾ ਹੈ।

ਵੈਸਾਖੀ ਨਵੇਂਪਣ ਦੀ ਹੀ ਪ੍ਰਤੀਕ ਹੈ। ਵੈਸਾਖੀ ਕੁਝ ਨਵਾਂ ਕਰਨ ਦੀ ਰੀਝ, ਨਵੀਆਂ ਸੋਚਾਂ ਅਤੇ ਕੁਝ ਨਵਾਂ ਕਰਨ ਦਾ ਹੌਂਸਲਾ ਲੈ ਕੇ ਆਉਂਦੀ ਹੈ। ਅੰਗਰੇਜ਼ੀ ਮਹੀਨੇ ਅਪ੍ਰੈਲ ਦੀ ਜਿਆਦਾਤਰ 13 ਜਾਂ 14 ਤਾਰੀਖ਼ ਅਤੇ ਦੇਸੀ ਮਹੀਨੇ 'ਵੈਸਾਖ' ਦੀ ਪਹਿਲੀ ਤਾਰੀਖ਼ ਦਾ ਦਿਨ ‘ਵੈਸਾਖੀ’ ਹੈ। ‘ਵੈਸਾਖੀ' ਤਿਉਹਾਰ ਦਾ ਸਬੰਧ ਪੰਜਾਬੀ ਜਨ-ਜੀਵਨ ਨਾਲ ਏਨਾ ਗਹਿਰਾ ਜੁੜਿਆ ਹੋਇਆ ਹੈ ਕਿ ਪੰਜਾਬੀ ਜਨ-ਜੀਵਨ ਦਾ ਧਾਰਮਿਕ, ਸੱਭਿਆਚਾਰਕ, ਸਮਾਜਿਕ ਤੇ ਭੂਗੋਲਿਕ ਵਾਅ-ਮੰਡਲ ਇਸ ਤੋਂ ਪ੍ਰਭਾਵਿਤ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚਲੇ ਮੌਸਮ ਦੀ ਸਮੁੱਚੀ ਤਬਦੀਲੀ ਪੰਜਾਬੀ ਮਨ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਬਿਰਖਾਂ ਦੇ ਪੱਤੇ ਨਵੀਂ ਰੌਂ ਵਿੱਚ ਆਉਂਦੇ ਹਨ, ਨਵੀਂਆਂ ਕਰੂੰਬਲਾਂ ਫੁੱਟਦੀਆਂ ਹਨ। ਸਮੁੱਚੇ ਪੰਜਾਬ ਦੇ ਖੇਤ ਸੁਨਹਿਰੀ ਰੰਗ ਦੇ ਸੁਹੱਪਣ ਬਿਖੇਰਦੇ ਨਜ਼ਰ ਆਉਂਦੇ ਹਨ। ਪੰਜਾਬੀ ਜਨ-ਜੀਵਨ ਕਿਸਾਨੀ ਨਾਲ ਸਬੰਧਤ ਹੋਣ ਕਰਕੇ ਫ਼ਸਲ ਦੀ ਕਟਾਈ ਕਰਦਿਆਂ ਆਪਣੇ-ਆਪ ਨੂੰ ਪਦਾਰਥਕ ਤੇ ਮਾਇਕ ਖੁਸ਼ਹਾਲੀ ਵਿੱਚ ਲਬਰੇਜ਼ ਵੇਖਦਾ ਹੈ। ਲਾਲਾ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਇਨ੍ਹਾਂ ਦਿਨਾਂ ਦੇ ਪੰਜਾਬੀ ਮਨ ਦੀ ਬਾਖ਼ੂਬੀ ਤਰਜ਼ਮਾਨੀ ਕਰਦੀ ਹੈ-

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ। ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ। ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਪੁਰਾਣਾ ਸਾਲ ਮੁੱਕਦਾ ਹੈ, ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਪੁਰਾਣੀ ਫਸਲ ਸਾਂਭ ਲਈ ਜਾਂਦੀ ਹੈ ਅਤੇ ਨਵੀਆਂ ਫਸਲਾਂ ਬਾਰੇ ਵਿਉਂਤਾਂ ਬਣਾਈਆਂ ਜਾਂਦੀਆਂ ਹਨ। ਠੀਕ ਉਸੇ ਤਰ੍ਹਾਂ ਜਿਵੇਂ ਪੁਰਾਣੇ ਪੱਤੇ ਝੜ ਜਾਂਦੇ ਹਨ, ਨਵੇਂ ਨਿਕਲਦੇ ਹਨ, ਪੁਰਾਣੀ ਰਾਤ ਮੁੱਕ ਜਾਂਦੀ ਹੈ, ਨਵਾਂ ਸੂਰਜ ਉਦੇ ਹੁੰਦਾ ਹੈ। ਸਮੁੱਚੇ ਵਿਸ਼ਵ ਦਾ ਦਫ਼ਤਰੀ ਕੰਮਕਾਰ ਪੁਰਾਣੀ ਇਸੇ ਤਰਜ਼ 'ਤੇ ਇਨ੍ਹਾਂ ਦਿਨਾਂ ਦੇ ਨੇੜੇ-ਤੇੜੇ 30-31 ਮਾਰਚ ਤੱਕ ਮੁਕੰਮਲ ਕਰ ਲਿਆ ਜਾਂਦਾ ਹੈ ਤੇ ਅਪਰੈਲ ਦੇ ਮਹੀਨੇ ਜਾਂ ਵੈਸਾਖ ਦੀ ਸ਼ੁਰੂਆਤ ਨਵੇਂ ਕੰਮਾਂ ਨਾਲ ਸ਼ੁਰੂ ਹੁੰਦੀ ਹੈ। ਬੱਚਿਆਂ ਦੀਆਂ ਪੜ੍ਹਾਈਆਂ ਦਾ ਨਵਾਂ ਸ਼ੈਸ਼ਨ ਇਨ੍ਹਾਂ ਦਿਨਾਂ 'ਚ ਹੀ ਸ਼ੁਰੂ ਹੁੰਦਾ ਹੈ।

ਗੱਲ ਕੀ ਵੈਸਾਖੀ ਨਵਾਂਪਣ ਲੈ ਕੇ ਆਉਂਦੀ ਹੈ। ਨਵੀਂਆਂ ਰੀਝਾਂ ਅਤੇ ਕੁਝ ਨਵਾਂ ਕਰਨ ਦਾ ਹੌਸਲਾ ਅਸੀਂ 'ਵੈਸਾਖੀ' 'ਚੋਂ ਵੇਖ ਸਕਦੇ ਹਾਂ। ਪੰਜਾਬ ਦਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਕਈ ਐਸੀਆਂ ਨਵੀਂਆਂ ਵੈਸਾਖੀਆਂ ਆਈਆਂ, ਜਿਨ੍ਹਾਂ ਨਵੀਂ ਸੋਚ ਨਾਲ ਨਵੇਂ ਇਤਿਹਾਸ ਨੂੰ ਸਿਰਜਿਆ।

  1. ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ 'ਚੋਂ ਟੁੱਬੀ ਮਾਰ ਬਾਹਰ ਨਿਕਲੇ ਤਾਂ ਉਨ੍ਹਾਂ ਸੰਸਾਰ ਦੇ ਲੋਕਾਂ ਨੂੰ ਇੱਕ ਨਵਾਂ ਪੈਗਾਮ ਦਿੱਤਾ ਸੀ, ਨਵੀਂ ਗੱਲ ਆਖੀ ਸੀ-

ਨਾ ਕੋ ਹਿੰਦੂ ਨਾ ਮੁਸਲਮਾਨ

         ਉਹ ਦਿਨ 1501 ਈ. ਦੀ ਵੈਸਾਖੀ ਦਾ ਦਿਨ ਸੀ।

  1. ਜਿਸ ਦਿਨ ਗੁਰੂ ਨਾਨਕ ਦੇਵ ਜੀ ਨੇ ਹਰਿਦੁਆਰ ਦੇ ਪੰਡਤਾਂ ਦਾ ਚੜ੍ਹਦੇ ਸੂਰਜ ਨੂੰ ਪਾਣੀ ਦੇਣ ਦਾ ਭਰਮ ਤੋੜਿਆ। ਅਗਿਆਨਤਾ ਦੇ ਹਨ੍ਹੇਰੇ ਨੂੰ ਗਿਆਨ ਰੂਪੀ ਸੂਰਜ ਨਾਲ ਰੁਸ਼ਨਾਇਆ ਤਾਂ ਉਹ 1505 ਈ. ਦੀ ਵੈਸਾਖੀ ਦਾ ਹੀ ਦਿਨ ਸੀ।

  2. ਜਦੋਂ ਗੁਰੂ ਅਮਰਦਾਸ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰ ਰਹੇ ਸਨ। ਮਿੱਟੀ ਪੁੱਟੀ ਜਾ ਰਹੀ ਸੀ, ਪਰ ਪਾਣੀ ਨੇੜੇ ਪਹੁੰਚ ਕੇ ਪੱਥਰਾਂ ਦੇ ਕੜ ਨੇ ਕਈ ਦਿਨ ਰੁਕਾਵਟ ਪਾ ਛੱਡੀ ਸੀ। ਉਸ ਕੜ ਨੂੰ ਮਾਣਕ ਚੰਦ ਨਾਮ ਦੇ ਇਕ ਸਿੱਖ ਨੇ 1559 ਈ. ਦੀ ਵੈਸਾਖੀ ਵਾਲੇ ਦਿਨ ਹੀ ਤੋੜਿਆ ਸੀ।

  3. ਸਿੱਖਾਂ ਵਿੱਚ ਸਭ ਤੋਂ ਪਹਿਲਾ ਮੇਲਾ ਗੁਰੂ ਅਮਰਦਾਸ ਜੀ ਦੇ ਸਮੇਂ ਭਾਈ ਪਾਰੋ ਜੁਲਕਾ ਦੀ ਅਰਜ਼ 'ਤੇ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਸਿੱਖ ਪੰਥ ਵਿੱਚ ਸਮੁੱਚੇ ਪੰਥ ਦੇ ਇਕੱਠੇ ਹੋਣ ਦੀ ਕੋਈ ਰੀਤ ਨਹੀਂ ਸੀ। ਉਹ ਵੀ ਵੈਸਾਖੀ ਵਾਲਾ ਹੀ ਦਿਨ ਸੀ 1567 ਈ. ਦੀ ਵਿਸਾਖੀ ।

  4. ਮੁੱਖ ਘਟਨਾ ਜਿਹੜੀ ਸਿੱਖ ਬੜੇ ਉਤਸ਼ਾਹ ਨਾਲ ਆਨੰਦਪੁਰ 'ਕੱਠੇ ਹੋ ਕੇ ਮਨਾਉਂਦੇ ਹਨ, ਉਹ 1699 ਈ. ਦੀ ਵੈਸਾਖੀ ਵਾਲੇ ਦਿਨ ਹੋਈ ਸੀ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਂ ਸੁਪਨਾ ਸਿਰਜਿਆ। ਮਜ਼ਲੂਮਾਂ ਦੇ ਹੱਕ ਵਿੱਚ ਖਲੋ, ਹਕੂਮਤ ਨਾਲ ਆਢਾ ਲੈਣ ਲਈ ਲੋਕਾਂ ਅੰਦਰ ਇੱਕ ਰੂਹ ਫੂਕੀ। ਜ਼ਬਰਨ ਧਰਮ ਬਦਲਣ ਵਾਲੀ, ਸੱਭਿਆਚਾਰਕ ਰਹੁ ਰੀਤਾਂ ਦਾ ਨਾਸ ਕਰਨ ਵਾਲੀ, ਲੋਕਾਂ ਦੀਆਂ ਧਾਰਮਿਕ ਆਸਥਾਵਾਂ ਨੂੰ ਸੱਟ ਦੇਣ ਵਾਲੀ, ਹਿੰਦੁਸਤਾਨ ਦੀ ਵੰਨ-ਸਵੰਨਤਾ ਖ਼ਤਮ ਕਰਨ ਵਾਲੀ ਹਕੂਮਤ ਖ਼ਿਲਾਫ਼ ਗੁਰੂ ਸਾਹਿਬ ਆਪ ਹੀ ਨਹੀਂ ਖੜ੍ਹੇ, ਸਗੋਂ ਉਨ੍ਹਾਂ ਭਾਰਤ ਵਾਸੀਆਂ ਦੇ ਮਨਾਂ ਨੂੰ ਵੀ ਹਲੂਣਿਆ, ਜੋ ਗੁਲਾਮੀ ਸਵੀਕਾਰ ਕਰ ਆਪਣੇ ਦਿਨ ਕੱਟੀ ਜਾ ਰਹੇ ਸਨ । ਉਨ੍ਹਾਂ ਨੂੰ ਉਨ੍ਹਾਂ ਦੇ ਪੰਜਾਬੀ ਸੁਭਾਅ ਤੋਂ ਜਾਣੂੰ ਕਰਵਾਇਆ-

ਇਕ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ।

         ਉਹ ਲੋਕ ਜਿਹੜੇ ਜ਼ਾਲਮੀ ਹਕੂਮਤ ਤੋਂ ਥਰ-ਥਰ ਕੰਬਦੇ ਸੀ, ਲੱਖਾਂ ਦੀ ਫ਼ੌਜ ਨਾਲ ਆਢਾ ਲੈਣ ਲਈ ਤਿਆਰ ਕਰ ਦਿੱਤੇ।

  1. ਇਕ ਹੋਰ ਘਟਨਾ, ਜਿਹੜੀ 1857 ਈ. ਦੀ ਵੈਸਾਖੀ ਆਪਣੇ-ਆਪ ਨੂੰ ਨਵੇਂ ਰੰਗ ਵਿੱਚ ਰੰਗਦੀ ਹੋਈ ਲੈ ਕੇ ਆਈ। ਇਤਿਹਾਸ ਦੁਹਰਾਇਆ ਗਿਆ। ਪਹਿਲਾਂ ਪੰਜਾਬ ਦੇ ਹੁਕਮਰਾਨ ਮੁਗਲ ਸਨ, ਸੰਘਰਸ਼ ਕਰਨ ਵਾਲੇ ਸਾਧਾਰਨ-ਪੰਜਾਬੀ, ਜਿਨ੍ਹਾਂ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਹੁਣ ਹੁਕਮਰਾਨ ਅੰਗਰੇਜ਼ ਸੀ ਤੇ ਸੰਘਰਸ਼ ਦੀ ਅਗਵਾਈ ਗੁਰੂ ਰਾਮ ਸਿੰਘ ਨੇ ਕੀਤੀ। ਧੱਕੇ ਨਾਲ ਭਾਰਤੀ ਲੋਕਾਂ ਦੀ ਕਿਰਤ ਨੂੰ ਲੁੱਟ ਅੰਗਰੇਜ਼ ਸਾਧਨ-ਪ੍ਰਸਤ ਬਣ ਰਿਹਾ ਸੀ। ਪਰ ਗ਼ਰੀਬ ਨੂੰ ਉਸ ਦੀ ਕਿਰਤ ਦਾ ਵੀ ਮੁੱਲ ਨਹੀਂ ਸੀ ਮਿਲ ਰਿਹਾ। ਹੁਣ ਦੁਬਾਰਾ ਪੰਜਾਬ ਦੀ ਜ਼ਰਖੇਜ਼ ਭੂਮੀ, ਇੱਥੋਂ ਦੇ ਰਹਿਤਲ, ਧਰਮ, ਸੱਭਿਆਚਾਰ ਨੂੰ ਬਚਾਉਣ ਲਈ ਬੁਲੰਦ ਆਵਾਜ਼ ਉਠਾਈ ਗਈ। ਇਹ ਆਵਾਜ਼ ਵੀ ਸਮੁੱਚੇ ਪੰਜਾਬੀਆਂ ਨੂੰ ਇਕੱਠਿਆਂ ਕਰ, ਗ਼ੁਲਾਮੀ ਦਾ ਜੂਲਾ ਲਾਹ, ਆਜ਼ਾਦੀ ਨਾਲ ਜਿਊਣ ਦਾ ਸੰਘਰਸ਼ ਸੀ। ਇਹ ਆਵਾਜ਼ ਸ੍ਰੀ ਭੈਣੀ ਸਾਹਿਬ (ਜ਼ਿਲ੍ਹਾ ਲੁਧਿਆਣਾ) ਦੀ ਧਰਤੀ ਤੋਂ 12 ਅਪ੍ਰੈਲ 1857 ਈ. ਦੀ ਵੈਸਾਖੀ ਵਾਲੇ ਦਿਨ ਹੀ ਉੱਠੀ ਸੀ।

ਵੈਸਾਖੀ ਤੋਂ 15-20 ਦਿਨ ਪਹਿਲੇ ਤੇ ਪਿਛਲੇ ਜਿੱਥੇ ਭੂਗੋਲਕ ਤੌਰ 'ਤੇ ਮੌਸਮੀ ਨਵਾਂਪਣ ਜਾਂ ਬਦਲਾਅ ਲਿਆਉਂਦੇ ਹਨ। ਉੱਥੇ ਪੰਜਾਬੀ ਮਨ ਨੂੰ ਮੁਤਾਸਰ ਕਰਨ ਦੇ ਨਾਲ-ਨਾਲ ਪੰਜਾਬੀ ਜਨ-ਜੀਵਨ ਨੂੰ ਵੀ ਬਹੁਤ ਪ੍ਰਭਾਵਿਤ ਕਰਦੇ ਹਨ। ਇਤਿਹਾਸਕ ਵਿਸਾਖੀਆਂ ਵੀ ਇਸੇ ਗੱਲ ਦੀ ਗਵਾਹੀ ਭਰਦੀਆਂ ਹਨ। ਗੁਰੂਆਂ ਦੇ ਇਤਿਹਾਸ ਨਾਲ ਜੁੜੀਆਂ ਵੱਡੀਆਂ ਘਟਨਾਵਾਂ ਦੇ ਦਿਨ ਇਹੀ ਸਨ।

ਭਜਨ ਸਿੰਘ
ਸ੍ਰੀ ਭੈਣੀ ਸਾਹਿਬ
ਮੋ:9988445538