Sri Bhaini Sahib

Official website of central religious place for Namdhari Sect
RiseSet
05:23am07:32pm

ਅਨੰਦ ਕਾਰਜ ਦੀ ਰਸਮ ਦਾ ਗੌਰਵਮਈ ਇਤਿਹਾਸਕ ਪਿਛੋਕੜ

Date: 
10 Jun 2025

ਸਮੇਂ ਦੇ ਬਦਲਾਅ ਨਾਲ ਮਨੁੱਖੀ ਜੀਵਨ ਨੂੰ ਠੋਸ ਨਿਯਮਾਂ ਵਿੱਚ ਬੰਨ੍ਹਣ ਲਈ ਮਨੁੱਖਤਾ ਦੇ ਸਰਬਪੱਖੀ ਵਿਕਾਸ ਵਿੱਚੋਂ 'ਵਿਆਹ' ਵਰਗੀ ਪਵਿੱਤਰ ਰਸਮ ਦਾ ਜਨਮ ਹੋਇਆ। 'ਵਿਆਹ' ਨੌਜਵਾਨ ਲੜਕੇ ਅਤੇ ਨੌਜਵਾਨ ਲੜਕੀ ਦੇ ਆਪਸੀ ਮਿਲਣ ਅਤੇ ਇਕੱਠੇ ਰਹਿਕੇ ਗ੍ਰਿਸਤੀ ਜੀਵਨ ਸ਼ੁਰੂ ਕਰਨ ਦੀ ਇੱਕ ਪਵਿੱਤਰ ਰਸਮ ਹੈ। ਧਰਮਾਂ ਅਤੇ ਜਾਤੀਆਂ ਮੁਤਾਬਕ ਨਜ਼ਰ ਮਾਰੀਏ ਤਾਂ ਹਿੰਦੂਆਂ ਵਿੱਚ ਫੇਰੇ, ਮੁਸਲਮਾਨਾਂ ਵਿੱਚ ਨਿਕਾਹ, ਈਸਾਈਆਂ ਵਿੱਚ ਮੁੰਦਰੀਆਂ ਦੇ ਵਟਾਂਦਰੇ ਅਤੇ ਸਿੱਖਾਂ ਵਿੱਚ ਅਨੰਦ ਕਾਰਜ ਦੀ ਰਸਮ ਪ੍ਰਚੱਲਤ ਹੋਈ ਜਿਸਦਾ ਵੱਡਮੁੱਲਾ ਗੌਰਵਮਈ ਇਤਿਹਾਸ ਹੈ।

ਇਤਿਹਾਸਕ ਤੱਥਾਂ ਮੁਤਾਬਕ ਸਿੱਖਾਂ ਦੇ ਵਿਆਹ ਬ੍ਰਾਹਮਣ ਜਾਂ ਵੈਦਿਕ ਰੀਤੀ ਮੁਤਾਬਕ ਹੀ ਹੁੰਦੇ ਸਨ। ਇੱਥੋਂ ਤੱਕ ਕਿ ਸਾਡੇ ਸਾਰੇ ਹੀ ਗੁਰੂ ਸਾਹਿਬਾਨ, ਰਾਜੇ, ਮਹਾਰਾਜੇ, ਸਿੱਖ ਜਰਨੈਲਾਂ, ਸਿੱਖ ਆਗੂਆਂ ਦੇ ਵਿਆਹ ਪੁਰਾਤਨ ਵੇਦ ਰੀਤੀ ਮੁਤਾਬਕ ਹੀ ਹੋਏ ਹਨ। ਇਤਿਹਾਸਕ ਦਸਤਾਵੇਜਾਂ ਅਤੇ ਖੋਜਾਂ ਮੁਤਾਬਿਕ ਠੋਸ ਰੂਪ ਵਿੱਚ ਅਤੇ ਭਾਰੀ ਜੱਦੋ ਜਹਿਦ ਨਾਲ ਅਨੰਦ ਕਾਰਜ ਦੀ ਰੀਤੀ ਦਾ ਸ਼ੁੱਭ ਅਰੰਭ ਆਜ਼ਾਦੀ ਸੰਗਰਾਮ ਦੇ ਮੋਢੀ ਗੁਰੂ ਰਾਮ ਸਿੰਘ ਜੀ ਨੇ ਕੀਤਾ।

ਸਮੇਂ ਦੀਆਂ ਤਬਦੀਲੀਆਂ ਨਾਲ ਪੁਰਾਤਨ ਵੇਦ ਰੀਤੀਆਂ ਵਿੱਚ ਵੱਡੀਆਂ ਤਰੁੱਟੀਆਂ ਅਤੇ ਗਿਰਾਵਟਾਂ ਆ ਗਈਆਂ। ਪੰਡਿਤ ਅਤੇ ਪ੍ਰੋਹਿਤ ਸ਼੍ਰੇਣੀ ਨੇ ਵਿਆਹ ਰਸਮਾਂ ਏਨੀਆਂ ਖਰਚੀਲੀਆਂ ਅਤੇ ਮਹਿੰਗੀਆਂ ਕਰ ਦਿੱਤੀਆਂ ਕਿ ਵਿਆਹ ਕਰਵਾਉਣ ਲਈ ਆਮ ਲੋਕਾਂ ਦੀ ਆਰਥਿਕਤਾ ਡਗਮਗਾ ਜਾਂਦੀ। ਪੁਰਾਤਨ ਵਿਆਹ ਰੀਤੀਆਂ ਵਿੱਚ ਸਤੀ ਪ੍ਰਥਾ ਪ੍ਰਚੱਲਿਤ ਸੀ ਜਿਸ ਤਹਿਤ ਪਤੀ ਦੇ ਮਰ ਜਾਣ ਤੇ ਔਰਤ ਨੂੰ ਪਤੀ ਦੀ ਚਿਤਾ ਵਿੱਚ ਪਤੀ ਨਾਲ ਜਿੰਦਾ ਸੜਨਾਂ ਪੈਂਦਾ ਸੀ। ਨਿੱਕੀਆਂ-ਨਿੱਕੀਆਂ ਬਾਲੜੀਆਂ ਨੂੰ ਬੁੱਢਿਆਂ ਨਾਲ ਵਿਆਹ ਦਿੱਤਾ ਜਾਂਦਾ ਸੀ। ਕੁੜੀ ਦੇ ਜੰਮਣ ਤੇ ਘਰ ਵਿੱਚ ਸੋਗ ਪੈ ਜਾਂਦਾ ਸੀ। ਇਸੇ ਲਈ ਜੰਮਦੀਆਂ ਕੁੜੀਆਂ ਮਾਰ ਦਿੱਤੀਆਂ ਜਾਂਦੀਆਂ ਸਨ। ਉਸ ਸਮੇਂ ਦੇ ਗਰੇਵਾਲ ਅਤੇ ਸੰਧੂ ਗੋਤ ਦੇ ਜੱਟ ਘਰ ਕੁੜੀ ਪੈਦਾ ਹੀ ਨਹੀਂ ਹੋਣ ਦਿੰਦੇ ਸਨ ਕਿ ਸਾਡਾ ਵੀ ਕੋਈ ਜਵਾਈ ਬਣੇ। ਉਸ ਸਮੇਂ ਔਰਤ ਦੀ ਨਿਘਰਦੀ ਹਾਲਤ ਪ੍ਰਤੀ ਗੁਰੂ ਰਾਮ ਸਿੰਘ ਜੀ ਨੇ ਗੁਰਮਤਿ ਪ੍ਰਚਾਰ ਪ੍ਰਸਾਰ ਅਤੇ ਆਜਾਦੀ ਪ੍ਰਾਪਤੀ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੇ ਸ਼ਬਦ-

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”

ਤੇ ਪਹਿਰਾ ਦਿੰਦਿਆਂ ਮਰਦ-ਔਰਤ ਦੀ ਬਰਾਬਰਤਾ ਲਈ ਪ੍ਰਚਾਰ ਕੀਤਾ। ਓਹਨਾਂ ਸਤੀ ਪ੍ਰਥਾ, ਬਾਲ ਵਿਆਹ, ਵੱਟੇ-ਸੱਟੇ ਦਾ ਵਿਆਹ, ਜੰਮਦੀਆਂ ਕੁੜੀਆਂ ਨੂੰ ਮਾਰਨ, ਵੇਚਣ, ਦਾਜ-ਦਹੇਜ ਅਤੇ ਮਹਿੰਗੀਆਂ ਵਿਆਹ ਰਸਮਾਂ ਵਿਰੁੱਧ ਪੰਜਾਬ ਦੇ ਕੋਨੇ-ਕੋਨੇ ਵਿੱਚ ਪ੍ਰਚਾਰ ਕੀਤਾ। ਉਸ ਸਮੇਂ ਬਾਲ ਵਿਆਹ ਦੀ ਕੁਰੀਤੀ ਆਮ ਪ੍ਰਚੱਲਤ ਸੀ ਕਈ ਵਾਰ ਤਾਂ ਵਿਆਹ ਵਾਲੇ ਲੜਕਾ-ਲੜਕੀ ਦਾ ਮਾਪਿਆਂ ਦੀ ਗੋਦੀ ਵਿੱਚ ਬਿਠਾਕੇ ਵਿਆਹ ਕੀਤਾ ਜਾਂਦਾ। ਪੰਡਿਤ ਪ੍ਰੋਹਿਤਾਂ ਦੀ ਪ੍ਰਵਾਨਗੀ ਵਿਆਹ ਹੁੰਦੇ। ਗੁਰੂ ਰਾਮ ਸਿੰਘ ਜੀ ਨੇ ਇਹਨਾਂ ਕੁਰੀਤੀਆਂ ਵਿਰੁੱਧ ਅਵਾਜ਼ ਉਠਾਈ ਅਤੇ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਉਹਨਾਂ ਆਪਣੇ ਸਿੱਖ ਸੰਗਤ ਦੇ ਨਾਮ ਭੇਜੇ ਹੁਕਮਨਾਮਿਆਂ ਵਿੱਚ ਪੁਰਾਤਨ ਸਮਿਆਂ ਵਿੱਚ 18ਵੀਂ ਸਦੀ ਵਿੱਚ ਹੀ ਲਿੱਖ ਦਿੱਤਾ ਸੀ-

ਆਠਾਰਾਂ ਵਰਸ਼ ਕੀ ਲੜਕੀ ਔਰ ਵੀਸ ਵਰਸ਼ ਕਾ ਲੜਕਾ ਹੋਵੇ ਤੇ ਵਿਆਹੁ ਕਰਨਾ, ਉਰੇ ਨਹੀਂ ਕਰਨਾ"

(ਹੁਕਮਨਾਮਾ-23)

ਉਹਨਾਂ ਆਖਿਆ- "ਨਾ ਕੋਈ ਕੁੜੀ ਮਾਰੇ, ਨਾ ਵੇਚੇ, ਨਾ ਵੱਟਾ ਕਰੇ। ਜੇ ਕੋਈ ਕੁੜੀ ਮਾਰੇ, ਵੇਚੇ, ਵੱਟਾ ਕਰੇ, ਉਸਦੇ ਹੱਥ ਦਾ, ਘਰ ਦਾ ਅੰਨ-ਜਲ ਗ੍ਰਹਿਣ ਨਹੀਂ ਕਰਨਾ, ਦਿਵਾਨ ਵਿੱਚ ਨਹੀਂ ਵੜਨ ਦੇਣਾ, ਜੇਕਰ ਜੋਰਾਵਰ ਵੀ ਹੋਵੇ ਤਾਂ ਜੁੱਤੀਆਂ ਮਾਰਕੇ ਕੱਢ ਦੇਣਾ। ”

(ਹੁਕਮਨਾਮਾ-4)

ਸਤਿਗੁਰੂ ਰਾਮ ਸਿੰਘ ਜੀ ਨੇ ਬੀਬੀਆਂ ਨੂੰ, ਭਾਈਆਂ ਦੇ ਬਰਾਬਰ ਦਰਜਾ ਦੇਣ ਲਈ 1 ਜੂਨ 1863 ਈਸਵੀਂ ਨੂੰ ਪਿੰਡ ਸਿਆਹੜ ਵਿਖੇ ਬੀਬੀਆਂ ਨੂੰ ਅੰਮ੍ਰਿਤ ਛਕਾਇਆ ਅਤੇ ਮਹਿੰਗੀਆਂ ਵਿਆਹ ਰਸਮਾਂ ਨੂੰ ਤਿਲਾਂਜਲੀ ਦੇਣ ਲਈ 3 ਜੂਨ 1863 ਈਸਵੀਂ ਨੂੰ ਮੋਗਾ ਜਿਲ੍ਹੇ ਦੇ ਪਿੰਡ ਖੋਟੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੇਦੀ ਗੱਡਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਦਸਮੇਸ਼ ਪਾਤਿਸ਼ਾਹ ਜੀ ਦੀਆਂ ਚੋਣਵੀਆਂ ਬਾਣੀਆਂ ਪੜ੍ਹਕੇ, ਹਵਨ ਕਰਕੇ, ਗੁਰੂ ਰਾਮਦਾਸ ਜੀ ਦੀਆਂ ਰਚੀਆਂ ਚਾਰ ਲਾਵਾਂ ਅਤੇ ਗੁਰੂ ਅਮਰਦਾਸ ਜੀ ਦਾ ਰਚਿਆ ਅਨੰਦ ਸਾਹਿਬ ਦਾ ਪਾਠ ਕਰਕੇ ਇਤਿਹਾਸਕ ਤੌਰ ਤੇ ਪਹਿਲੀ ਵਾਰ 6 ਸਮੂਹਿਕ ਅਨੰਦ ਕਾਰਜ ਕਰਨ ਦਾ ਸ਼ੁੱਭ ਆਰੰਭ ਕਰ ਦਿੱਤਾ। ਆਪਣਾ ਕਾਰੋਬਾਰ ਖੁੱਸਦਾ ਦੇਖਕੇ ਇਸ ਸ਼ੁਭ ਕਾਰਜ ਦੇ ਵਿਰੋਧ ਵਿੱਚ ਬ੍ਰਾਹਮਣ ਅਤੇ ਪ੍ਰੋਹਿਤ ਸ਼੍ਰੇਣੀ ਨੇ ਵੱਡਾ ਹੜਕੰਪ ਮਚਾਇਆ। ਉਹਨਾਂ ਸਰਕਾਰੇ-ਦਰਬਾਰੇ ਰੌਲਾ ਪਾਇਆ ਅਤੇ ਸੜਕੇ ਮਰ ਜਾਣ ਦੀਆਂ ਧਮਕੀਆਂ ਦਿੱਤੀਆਂ ਪਰ ਗੁਰੂ ਰਾਮ ਸਿੰਘ ਜੀ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਉਹਨਾਂ ਨੂੰ ਆਪਣੇ ਪਾਖੰਡ ਸਮੇਟਣ ਲਈ ਵੰਗਾਰਿਆ।

ਅੰਗਰੇਜ਼ ਸਰਕਾਰ ਵੀ ਕੂਕਾ ਅੰਦੋਲਨ ਦੀ ਦਿਨੋ-ਦਿਨ ਵਧ ਰਹੀ ਲੋਕ ਪ੍ਰਿਯਤਾ ਤੋਂ ਪਹਿਲਾਂ ਹੀ ਭੈਅਭੀਤ ਸੀ ਤੇ ਸਰਕਾਰ ਕੂਕਾ ਅੰਦੋਲਨ ਨੂੰ ਘੋਖਣ ਲਈ ਕਿਸੇ ਮੌਕੇ ਦੀ ਤਲਾਸ਼ ਵਿੱਚ ਸੀ। ਇਸੇ ਲਈ ਆਨੰਦ ਕਾਰਜ ਦੀ ਰਸਮ ਦਾ ਆਗਾਜ਼ ਕਰਨ ਦੇ ਬਹਾਨੇ ਅੰਗਰੇਜ਼ ਸਰਕਾਰ ਨੇ 1863 ਈ. ਤੋਂ 1868 ਈ. ਤੱਕ ਸਤਿਗੁਰੂ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਦੀ ਹਦੂਦ ਤੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ । ਇਸ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਦੇ ਦੋਸ਼ ਹੇਠ ਗੁਰੂ ਰਾਮ ਸਿੰਘ ਜੀ ਮੋਗਾ ਜਿਲ੍ਹੇ ਦੀ ਬਾਘਾ ਪੁਰਾਣਾ ਤਹਿਸੀਲ ਵਿੱਚ ਪੇਸ਼ੀਆਂ ਭੁਗਤਣ ਆਉਂਦੇ ਰਹੇ ਅਤੇ ਇਸ ਅਨੰਦ ਕਾਰਜ ਦੀ ਰੀਤੀ ਨੂੰ ਪ੍ਰਚੱਲਤ ਰੱਖਣ ਲਈ ਦ੍ਰਿੜਤਾ ਨਾਲ ਆਪਣਾ ਪੱਖ ਪੇਸ਼ ਕਰਦੇ ਰਹੇ।

ਚੰਗੀ, ਪ੍ਰਭਾਵਸ਼ਾਲੀ, ਸੁਖਾਵੀਂ ਅਤੇ ਗੁਰਮਤਿ ਦੇ ਅਨੁਕੂਲ ਇਸ ਪ੍ਰਥਾ ਦਾ ਸਮਾਜ ਵਿੱਚ ਡਾਹਢਾ ਪ੍ਰਸਾਰ ਹੋਇਆ । ਜਲਦੀ ਹੀ ਅਨੰਦ ਕਾਰਜ ਦੀ ਇਹ ਰਸਮ ਸਮੁੱਚੇ ਸਮਾਜ ਵਿੱਚ ਪ੍ਰਚੱਲਤ ਹੋ ਗਈ। ਭਾਵੇਂ ਗੈਰ ਨਾਮਧਾਰੀ ਸਿੱਖਾਂ ਵਿੱਚ ਬੇਦੀ ਨਹੀਂ ਗੱਡੀ ਜਾਂਦੀ ਅਤੇ ਹਵਨ ਵੀ ਨਹੀਂ ਕੀਤਾ ਜਾਂਦਾ ਪਰ ਸਮੁੱਚੀ ਸਿੱਖ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਦੁਆਲੇ ਪ੍ਰਕਰਮਾਂ ਕਰਕੇ ਅਨੰਦ ਕਾਰਜ ਹੋਣ ਲੱਗੇ। ਜਿਸ ਸਬੰਧੀ ਉੱਘੇ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਲਿਖਦੇ ਹਨ-

ਸ੍ਰੀ ਰਾਮ ਸਿੰਘ ਕੂਕੇ ਪਹਿਲੇ, ਅਨੰਦ ਸੁਛੰਦ ਪੜਾਏ ਸਹਿਲੇ
ਤਿਨਕੋ ਦੇਖ ਔਰ ਸਿਖ ਘਨੇ, ਲਗੇ ਆਨੰਦ ਪੜ੍ਹਾਵਨ ਤਨੇ

ਪਰ ਬ੍ਰਾਹਮਣਾਂ, ਪ੍ਰੋਹਿਤਾਂ, ਪੁਜਾਰੀਆਂ, ਹਿੰਦੂ ਸ਼ਾਸ਼ਤਰੀਆਂ, ਆਰੀਆ ਸਮਾਜੀਆਂ ਵੱਲੋਂ ਅਨੰਦ ਕਾਰਜ ਨੂੰ ਅਪ੍ਰਵਾਣਿਤ ਹੋਣ ਦਾ ਪ੍ਰਚਾਰ ਹੁੰਦਾ ਰਿਹਾ। ਅਨੰਦ ਕਾਰਜ ਨੂੰ ਕਾਨੂੰਨੀ ਦਾਇਰੇ ਤੋਂ ਵੀ ਬਾਹਰ ਗਿਣਿਆ ਜਾਂਦਾ ਰਿਹਾ। ਅਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਭ ਤੋਂ ਪਹਿਲਾ ਵਿਚਾਰ ਰਿਆਸਤ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਸਪੁੱਤਰ ਟਿੱਕਾ ਰਿਪੁਦਮਨ ਸਿੰਘ ਨੂੰ ਆਇਆ। ਉਹਨਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਦੀ ਰਾਏ ਲੈ ਕੇ 30 ਅਕਤੂਬਰ 1908 ਈਸਵੀ ਨੂੰ ਅਨੰਦ ਕਾਰਜ ਨੂੰ ਕਨੂੰਨੀ ਮਾਨਤਾ ਦਿਵਾਉਣ ਲਈ ਬਿੱਲ ਕੌਂਸਲ ਵਿੱਚ ਪੇਸ਼ ਕਰ ਦਿੱਤਾ। ਪਰ ਮਹਾਰਾਜਾ ਹੀਰਾ ਸਿੰਘ ਨਾਭਾ ਵੱਲੋਂ ਹੀ ਇਸਦਾ ਸਖ਼ਤ ਵਿਰੋਧ ਕਰ ਦਿੱਤਾ ਗਿਆ। ਮਹਾਰਾਜਾ ਖਿਲਾਫ਼ ਕੋਈ ਬੋਲ ਵੀ ਨਹੀਂ ਸੀ ਸਕਦਾ ਤੇ ਅਨੰਦ ਮੈਰਿਜ ਐਕਟ ਠੰਡੇ ਬਸਤੇ ਵਿੱਚ ਪੈ ਗਿਆ। ਉੱਧਰ ਕੌਂਸਲ ਨੇ ਇਹ ਵੀ ਸਵਾਲ ਖੜ੍ਹਾ ਕਰ ਦਿੱਤਾ ਕਿ ਤੁਹਾਡੇ ਕੋਲ ਅਨੰਦ ਕਾਰਜ ਦਾ ਕੀ ਇਤਿਹਾਸਕ ਪਿਛੋਕੜ ਹੈ?

ਫਿਰ ਨਾਮਧਾਰੀ ਮਿਸ਼ਨ ਦੇ ਮੁੱਖੀ ਸਤਿਗੁਰੂ ਪ੍ਰਤਾਪ ਸਿੰਘ ਜੀ ਅੱਗੇ ਆਏ। ਉਹਨਾਂ ਟਿੱਕਾ ਰਿਪੁਦਮਨ ਸਿੰਘ ਦੀ ਪਿੱਠ ਥਾਪੜੀ। ਸਮੁੱਚੀ ਨਾਮਧਾਰੀ ਸੰਗਤ, ਸੂਬੇ ਸਹਿਬਾਨ, ਅਨੰਦ ਕਾਰਜ ਐਕਟ ਨੂੰ ਚਾਹੁੰਣ ਵਾਲੀਆਂ ਸੰਸਥਾਵਾਂ ਅਤੇ ਵਿਦਵਾਨ ਆ ਨਾਲ ਖੜ੍ਹੇ ਹੋਏ। ਕੌਂਸਲ ਵਿੱਚ ਅਨੰਦ ਕਾਰਜ ਦੀ ਰਸਮ ਦਾ ਇਤਿਹਾਸਕ ਪਿਛੋਕੜ ਪੇਸ਼ ਕਰਨ ਲਈ ਸਤਿਗੁਰੂ ਪ੍ਰਤਾਪ ਸਿੰਘ ਜੀ ਵੱਲੋਂ 3 ਜੂਨ 1863 ਈਸਵੀਂ ਤੋਂ ਅਰੰਭ ਹੋਏ ਅਤੇ 46 ਸਾਲ ਤੋਂ ਨਾਮਧਾਰੀ ਮਰਿਯਾਦਾ ਅਨੁਸਾਰ ਨਿਰਵਿਘਨ ਚੱਲ ਰਹੇ ਅਨੰਦ ਕਾਰਜਾਂ ਦਾ ਹਵਾਲਾ ਦਿੱਤਾ ਗਿਆ। ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ-ਸੰਗਤ ਵੱਲੋਂ ਇਸ ਅਨੰਦ ਮੈਰਿਜ ਐਕਟ ਦੇ ਪੱਖ ਵਿੱਚ ਵੱਡੀ ਗਿਣਤੀ ਵਿੱਚ ਮਤੇ ਪਾ-ਪਾ ਕੇ ਭੇਜੇ ਗਏ। ਮਹਾਰਾਜਾ ਜੀਂਦ ਨੇ ਵੀ ਬਿੱਲ ਦੀ ਹਮਾਇਤ ਕਰ ਦਿੱਤੀ। ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਬਿੱਲ ਪਾਸ ਕਰਾਉਣ ਲਈ ਨਿੱਗਰ ਯੋਗਦਾਨ ਪਾਇਆ ਤੇ ਅਖੀਰ 22 ਅਕਤੂਬਰ 1909 ਈਸਵੀ ਨੂੰ ਵਾਇਸਰਾਏ ਦੀ ਕੌਂਸਲ ਵਿੱਚ ਅਨੰਦ ਮੈਰਿਜ ਐਕਟ ਦਾ ਇਹ ਬਿੱਲ ਪਾਸ ਹੋ ਕੇ ਲਾਗੂ ਹੋ ਗਿਆ। ਹੁਣ ਅੱਜ ਤੱਕ ਸਿੱਖਾਂ ਦੇ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇਸ ਅਨੰਦ ਮੈਰਿਜ ਐਕਟ ਦੇ ਅਧੀਨ ਹੁੰਦੇ ਹਨ ਜਿਸਨੂੰ ਕਨੂੰਨੀ ਮਾਨਤਾ ਹੈ। ਅਨੰਦ ਕਾਰਜ ਦਿਵਸ ਦੀ ਸਤਾਬਦੀ ਸਮੇਂ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜੂਰੀ ਵਿੱਚ 3 ਜੂਨ 1963 ਈਸਵੀਂ ਨੂੰ ਪਿੰਡ ਖੋਟੇ ਵਿਖੇ ਸਮੂਹਿਕ ਰੂਪ ਵਿੱਚ ਇਕੱਠੇ 150 ਅਨੰਦ ਕਾਰਜਾਂ ਦਾ ਅਲੌਕਿਕ ਦ੍ਰਿਸ਼ ਇਕ ਨਿਵੇਕਲੀ ਮਿਸਾਲ ਪੇਸ਼ ਕਰਦਾ ਸੀ।

ਇਸ ਆਨੰਦ ਕਾਰਜ ਦੀ ਰਸਮ ਦਾ ਆਗਾਜ਼ ਕਰਨ ਅਤੇ ਐਕਟ ਨੂੰ ਬਣਾ ਕੇ ਲਾਗੂ ਕਰਨ ਲਈ ਸਾਡੇ ਪੁਰਖਿਆਂ ਨੇ ਵੱਡਾ ਯੋਗਦਾਨ ਦਿੱਤਾ ਹੈ। ਪਰ ਮੌਜੂਦਾ ਵਰਤਾਰੇ ਵੱਲ ਨਜ਼ਰ ਮਾਰਿਆ ਦੁੱਖ ਹੁੰਦਾ ਹੈ ਕਿ ਅੱਜ ਦੇ ਦਿਖਾਵਾ ਪ੍ਰਸਤੀ ਦੇ ਯੁੱਗ ਵਿੱਚ "ਅਨੰਦ ਕਾਰਜ" ਦੇ ਨਾਲ-ਨਾਲ ਵਿਆਹ ਇੱਕ ਵੱਡਾ ਅਡੰਬਰ ਬਣ ਗਏ ਹਨ। ਸਿੱਖਾਂ ਵਿੱਚ ਦਾਜ-ਦਹੇਜ਼, ਠਾਕੇ, ਮੰਗਣੀਆਂ, ਮਿਲਣੀਆਂ, ਮੁਕਲਾਵਿਆਂ, ਰਿੰਗ ਸੈਰੇਮਨੀਆਂ, ਮੈਰਿਜ਼ ਪੈਲਿਸ ਕਲਚਰ, ਡੀ. ਜਿਆਂ ਦੇ ਸ਼ੋਰ, ਬਰਾਤਾਂ, ਡੋਲੀਆਂ, ਮਾਸ, ਸ਼ਰਾਬ, ਜੀਵ ਹੱਤਿਆ ਨੇ ਇੱਸ ਪਵਿੱਤਰ ਰਸਮ ਨੂੰ ਕੁੰਭੀ ਨਰਕ ਬਣਾ ਦਿੱਤਾ ਹੈ। ਅੱਜ ਦੇ ਅਜਿਹੇ ਵਿਆਹਾਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਕਰਜਾਈ ਹੋ ਰਹੇ ਹਨ।

ਪਰ ਦੂਜੇ ਪਾਸੇ ਇਹਨਾਂ ਅਨੰਦ ਕਾਰਜਾਂ ਪ੍ਰਤੀ ਇਹ ਖੁਸ਼ਖਬਰ ਵੀ ਹੈ ਕਿ 3 ਜੂਨ 1863 ਈਸਵੀ ਨੂੰ ਗੁਰੂ ਰਾਮ ਸਿੰਘ ਨੇ ਜਿਸ ਢੰਗ ਨਾਲ ਅਨੰਦ ਮਰਿਯਾਦਾ ਦਾ ਸ਼ੁਭ ਅਰੰਭਕੀਤਾ ਸੀ ਨਾਮਧਾਰੀ ਸੰਗਤ ਅੱਜ ਵੀ ਉਸੇ ਮਰਿਯਾਦਾ ਅਨੁਸਾਰ ਅਨੰਦ ਕਾਰਜ ਕਰਦੀ ਹੈ। ਦਾਜ-ਦਹੇਜ, ਲੈਣ-ਦੇਣ, ਠਾਕੇ, ਮੰਗਣੀ, ਮੁਕਲਾਵੇ ਤੋਂ ਦੂਰ ਸਾਦੇ ਚਿੱਟੇ ਪਹਿਰਾਵੇ ਵਿੱਚ, ਅੰਮ੍ਰਿਤ ਵੇਲੇ ਸੂਰਜ ਚੜਨ ਤੋਂ ਪਹਿਲਾਂ, ਨਾਮਧਾਰੀ ਗੁਰਦੁਆਰਿਆਂ ਵਿੱਚ ਹੋ ਰਹੇ ਅਨੰਦ ਕਾਰਜ ਅੱਜ ਵੀ ਕਲਜੁਗ ਵਿੱਚ ਸਤਿਜੁਗ ਦਾ ਭੁਲੇਖਾ ਪਾਉਂਦੇ ਹਨ। ਵਿਆਹ ਵਾਲੇ ਘਰ ਪਾਰਟੀਆਂ ਤਾਂ ਦੂਰ ਦੀ ਗੱਲ ਹੈ ਸਗੋਂ ਸਤਿਗੁਰੂ ਜਗਜੀਤ ਸਿੰਘ ਜੀ ਨੇ ਨਾਮਧਾਰੀ ਸੰਗਤ ਨੂੰ ਵਿਆਹ ਦੀਆਂ ਕੁਰੀਤੀਆਂ ਭਰੀਆਂ ਰਸਮਾਂ ਤੋਂ ਬਚਾਉਣ ਲਈ ਘਰ ਵਿੱਚ ਵਿਆਹ ਤੋਂ 6 ਮਹੀਨੇ ਬਾਅਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪਾਠ ਕਰਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਸੀ।

ਅੱਜ 3 ਜੂਨ ਨੂੰ ਆਨੰਦ ਕਾਰਜ ਦਿਵਸ ਤੇ ਵਿਸ਼ੇਸ਼ ਇਸ ਪਵਿੱਤਰ ਦਿਹਾੜੇ ਤੇ ਸਤਿਗੁਰੂ ਉਦੇ ਸਿੰਘ ਜੀ ਦੀ ਰਹਿਨੁਮਾਈ ਹੇਠ ਮੋਗਾ ਜਿਲ੍ਹੇ ਦੇ ਪਿੰਡ ਖੋਟੇ ਵਿਖੇ ਆਨੰਦ ਕਾਰਜ ਦੀ ਅਰੰਭਤਾ ਵਾਲੇ ਸਥਾਨ ਤੇ ਭਾਰੀ ਸਮਾਗਮ ਹੋ ਰਿਹਾ ਹੈ।

ਡਾ. ਲਖਵੀਰ ਸਿੰਘ ਰਾਮਪੁਰਾ ਫੂਲ

98768-50680

 

 

 

Share On: