ਸਮਾਧ ਅਕਾਲੀ ਫੂਲਾ ਸਿੰਘ, ਨੌਸ਼ਹਿਰੇ ਦੇ ਨੇੜੇ, ਕਾਬਲ ਦਰਿਆ ਦੇ ਕੰਢੇ ਰਹਿੰਦਿਆਂ, ਸੰਨ 1936 ਵਿਚ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਲਿਖਿਆ ਹੈ, ਭਾਈ ਕਾਨ੍ਹ ਸਿੰਘ ਨਾਭਾ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪੰਜਾ ਸਾਹਿਬ, ਨਨਕਾਣਾ ਦੇ ਪ੍ਰਧਾਨ ਸਰਦਾਰ ਤਰਲੋਕ ਸਿੰਘ, ਸਰਦਾਰ ਜਵੰਦ ਸਿੰਘ, ਕਈ ਉੱਘੀਆਂ ਸ਼ਖ਼ਸੀਅਤਾਂ ਨਾਲ ਮਿਲਿਆ ਹਾਂ... ਪਰ ਦੋ ਹੀ ਸ਼ਖ਼ਸੀਅਤਾਂ ਤੋਂ ਪ੍ਰਭਾਵਿਤ ਹੋਇਆ ਹਾਂ; ਨਿਡਰ, ਨਿਧੜਕ, ਸਤਿ ਦੇ ਪਾਂਧੀ ਬਾਬਾ ਖੜਗ ਸਿੰਘ ਅਤੇ ਨਾਮਧਾਰੀ ਗੁਰੂ ਪ੍ਰਤਾਪ ਸਿੰਘ ਜੀ। ਉਨ੍ਹਾਂ ਦੀ ਸਰਲਤਾ, ਬੋਲ ਵਿਚ ਨਿਰਮਾਣਤਾ, ਦ੍ਰਿਸ਼ਟੀ ਵਿਚ ਖੁੱਲ੍ਹਾਪਨ, ਹੱਸੂ ਹੱਸੂੰ ਕਰਦਾ ਚਿਹਰਾ, ਰੌਸ਼ਨ ਨੇਤਰ, ਸਵਦੇਸ਼ੀ ਸੁਫ਼ੇਦ ਪਹਿਰਾਵੇ ਵਿਚ ਇਕ ਨੇਕ ਦਿਲ ਇਨਸਾਨ।
ਮਨੁੱਖ ਬਹੁਤ ਕਮਜ਼ੋਰ ਹੈ ਕੋਈ ਜ਼ੋਰ ਨਹੀਂ। ਇਕ ਪਹਿਲਵਾਨ, ਚੰਗੇ ਚੰਗੇ ਪਹਿਲਵਾਨਾਂ ਨੂੰ ਅਖਾੜੇ ਵਿਚ ਮਿੰਟਾਂ ਵਿਚ ਚਿੱਤ ਕਰ ਦੇਣ ਵਾਲੇ ਨੂੰ ਅਧਰੰਗ ਹੋ ਗਿਆ, ਹੁਣ ਆਪਣੇ ਮੂੰਹ 'ਤੇ ਬੈਠੀ ਮੱਖੀ ਉਡਾਉਣ ਜੋਗਾ ਨਾ ਰਿਹਾ। ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਬੁੱਲੇ ਸ਼ਾਹ ਦੇ ਕਲਾਮ ਨੂੰ ਆਪਣੇ ਰੋਹ ਵਿਚ ਪੜ੍ਹਦੇ-
ਬੰਦੇ ਵਿਚ ਕੋਈ ਜ਼ੋਰ ਨਹੀਂ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜਪੁਜੀ ਵਿਚ ਕਹਿੰਦੇ ਹਨ-
ਜਿਹੜਾ ਸਮਝਦਾ ਹੈ, ਮੈਂ ਜ਼ੋਰਾਵਰ ਹਾਂ, ਉਹ ਅਜ਼ਮਾ ਲਵੇ। ਜੀਵਨ ਤੇ ਜ਼ੋਰ ਨਹੀਂ ਮੌਤ ਤੇ ਜ਼ੋਰ ਨਹੀਂ। ਸਾਡੇ ਹੱਥ ਕੁਝ ਨਹੀਂ। ਬਹੁਤ ਨਿਤਾਣਾ, ਮਨੁੱਖ! ਪਰ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਜਿਨ੍ਹਾਂ ਦੇ ਸਿਰ 'ਤੇ ਸਤਿਗੁਰ ਦਾ ਹੱਥ ਹੈ, ਉਹ ਹਰ ਥਾਂ ਸਫਲ ਹਨ।
ਲੱਖਾਂ ਬਾਹਾਂ.. ਲੱਖਾਂ ਦੁਸ਼ਮਣ ਸਾਹਵੇਂ ਹੋਣ, ਜੇ ਗੁਰੂ ਦਾ ਹੱਥ ਸਿਰ 'ਤੇ ਹੋਵੇ, ਵਾਲ ਵਿੰਗਾ ਕੋਈ ਨਹੀਂ ਕਰ ਸਕਦਾ।
ਪੱਛਮੀ ਪੰਜਾਬ, ਗੁਜਰਾਂਵਾਲਾ ਨੇੜੇ 'ਹਿੰਦੂ ਚੱਕ' ਪਿੰਡ ! ਸੰਤ ਤਰਨ ਸਿੰਘ ਵਹਿਮੀ ਜੀ, ਉਸੇ ਪਿੰਡ ਦੇ ਸਨ। ਲਿਖਦੇ ਹਨ, ਸ਼ਰਾਬੀਆਂ ਸ਼ਰਾਰਤੀਆਂ ਦਾ ਪਿੰਡ ਸੀ। ਕੁਝ ਘਰ ਨਾਮਧਾਰੀਆਂ ਦੇ ਸਨ। ਦੋ ਬਦਮਾਸ਼, ਬਧਾਵਾ ਸਿੰਘ ਤੇ ਮਾਨ ਸਿੰਘ ਬਹੁਤ ਤੰਗ ਕਰਦੇ। ਰਾਹ ਜਾਂਦਿਆਂ ਨੂੰ ਧੱਕੇ ਮਾਰਦੇ ਗਾਲ੍ਹਾਂ ਕੱਢਦੇ। ਤੰਗ ਹੋ ਕੇ ਵਹਿਮੀ ਜੀ ਨੇ, ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੀਤੀ। ਉਸੇ ਰਾਤ ਬਧਾਵਾ ਸਿੰਘ ਨੂੰ, ਸੁੱਤੇ ਪਏ ਨੂੰ ਸੁਪਨੇ ਜਿਹੇ ਵਿਚ ਸਤਿਗੁਰ ਪ੍ਰਤਾਪ ਸਿੰਘ ਜੀ ਆਏ। ਹੱਥ ਵਿਚ ਖੂੰਡਾ ਫੜਿਆ ਹੋਇਆ। ਓਏ ਬਧਾਵਾ ਸਿੰਘਾ, ਤੂੰ ਮੇਰੇ ਸਿੰਘਾਂ ਨਾਲ ਹੁੱਜਤਾਂ ਕਰਦੈਂ। ਜੇ ਹੁਣ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਤਾਂ ਅਗਲੀ ਵਾਰ ਤੇਰੇ ਪਾਸੇ ਭੰਨ ਕੇ ਜਾਵਾਂਗਾ। ਫੇਰ ਨਾ ਕਹੀਂ ਸੁਚੇਤ ਨਹੀਂ ਕੀਤਾ। ਸੁਪਨਾ ਸਮਝ ਕੇ, ਬਧਾਵਾ ਸਿੰਘ ਭੁੱਲ ਗਿਆ। ਦੂਜੇ ਦਿਨ, ਫਿਰ ਰਾਹ ਜਾਂਦਿਆਂ ਵਹਿਮੀ ਜੀ ਨਾਲ ਹੁੱਜਤ ਹੋਈ। ਫਿਰ ਤਾਂ ਰਾਤ, ਸਤਿਗੁਰਾਂ ਉਸੇ ਖੁੰਡੇ ਨਾਲ ਚੰਗਾ ਸੋਧਿਆ। ਜਾਨ ਬਚਾਉਣ ਭੱਜਦਾ ਫਿਰੇ। ਜਿਸ ਪਾਸੇ ਮੂੰਹ ਕਰੇ, ਉਸ ਪਾਸੇ ਸਤਿਗੁਰ ਦਿਸਣ..ਮੁੰਡਾ ਪੈਣ ਲੱਗੇ। ਭੈਅ ਦਾ ਮਾਰਿਆ...ਘਬਰਾਇਆ ਹੋਇਆ ਉੱਠ ਖਲੋਤਾ। ਘਰ ਵਾਲੀ ਨੂੰ ਜਗਾਇਆ। ਸਾਰੇ ਸਰੀਰ 'ਤੇ ਮਾਰ ਦੀਆਂ ਲਊਸਾਂ ਪਈਆਂ ਹੋਈਆਂ। ਪਿੱਠ, ਪੈਰ, ਹੱਥ ਸਾਰੇ ਸੁੱਜੇ ਹੋਏ। ਦਰਦ ਨਾਲ ਚੀਸਾਂ ਪੈਣ। ਸਵੇਰ ਹੋਈ ਤਾਂ ਵਹਿਮੀ ਜੀ ਦੇ ਘਰ ਜਾ ਬੂਹਾ ਖੜਕਾਇਆ। ਦਰਵਾਜ਼ਾ ਖੁੱਲ੍ਹਿਆ। ਵਹਿਮੀ ਜੀ ਆਪ ਦਿਸੇ। ਜਾ ਪੈਰੀਂ ਡਿੱਗਾ। ਮੈਨੂੰ ਬਚਾ ਲਉ ਭੁੱਲ ਹੋਈ। ਹੁਣ ਨਹੀਂ ਮੈਂ ਅਵੱਗਿਆ ਕਰਦਾ। ਸੰਤਾਂ ਮੋਢਿਉਂ ਫੜ, ਉਤਾਂਹ ਨੂੰ ਚੁੱਕਿਆ। ਸਾਹਵੇਂ ਸਤਿਗੁਰ ਪ੍ਰਤਾਪ ਸਿੰਘ ਜੀ ਦੀ ਤਸਵੀਰ ਦਿਸ ਪਈ। ਕਹਿੰਦਾ, ਇਨ੍ਹਾਂ ਨੇ ਹੀ ਕੁੱਟਿਆ ਹੈ। ਮੈਨੂੰ ਬਖ਼ਸ਼ ਦਿਉ। ਬਧਾਵਾ ਸਿੰਘ ਤਾਂ ਰਾਹ 'ਤੇ ਆ ਗਿਆ। ਦੂਜਾ ਮਾਨ ਸਿੰਘ, ਚੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਹੋ ਗਿਆ। ਕੁਝ ਦਿਨ ਹਵਾਲਾਤ ਵਿਚ ਰਹਿ ਕੇ, ਜੱਜ ਅੱਗੇ ਪੇਸ਼ ਹੋਇਆ। ਬਥੇਰਾ ਹੱਥ-ਪੈਰ ਜੋੜੇ, ਕਹੇ ਮੈਂ ਬੇਗੁਨਾਹ ਹਾਂ। ਜੱਜ ਕਿਹਾ, ਪਿੰਡ ਦਾ ਲੰਬਰਦਾਰ, ਜੇ ਤੇਰੀ ਬੇਗੁਨਾਹੀ ਦੀ ਸਿਫ਼ਾਰਿਸ਼ ਕਰੇ ਤਾਂ ਤੂੰ ਬਰੀ ਹੋ ਸਕਦਾ ਹੈਂ। ਵਹਿਮੀ ਜੀ ਭੀ ਪਿੰਡ ਦੇ ਛੋਟੇ ਲੰਬਰਦਾਰ ਸਨ । ਉਸ ਆ ਕੇ ਪੈਰ ਫੜ ਲਏ। ਮੈਨੂੰ ਬਚਾ ਲਉ। ਤਿੰਨ ਦਿਨ ਹਵਾਲਾਤ ਵਿਚ ਕੁੱਟਦੇ ਰਹੇ...ਮੇਰੀ ਖੱਲੜੀ ਉਧੇੜਦੇ ਰਹੇ ਹਨ। ਮੈਨੂੰ ਬਚਾ ਲਉ।
ਵਹਿਮੀ ਜੀ ਸਮਝ ਗਏ, “ਸਤਿਗੁਰ ਮੇਰੇ ਕੀ ਵਡਿਆਈ” ਹੈ। ਸ਼ਹੀਦਾਂ ਸਿੰਘਾਂ ਨੇ ਘੇਰਿਆ ਹੈ
“ਪਹਿਲਾਂ ਵਾਅਦਾ ਕਰ", ਵਹਿਮੀ ਜੀ ਤਰਸ ਵਿਚ ਆ ਕੇ ਕਿਹਾ। “ਮਾਸ, ਸ਼ਰਾਬ, ਮਾੜੀ ਸੰਗਤ, ਮਾੜੀਆਂ ਕਰਤੂਤਾਂ...ਇਨ੍ਹਾਂ ਦਾ ਤਿਆਗ ਕਰਭਜਨ ਬੰਦਗੀ ਵਾਲਾ ਬਣ।”
ਉਸ ਤੌਬਾ ਕੀਤੀ। ਅਗਲਾ ਜੀਵਨ, ਸਾਧਾਂ ਵਾਂਗ ਜੀਵਿਆ।
ਸਤਿਗੁਰ ਮੇਰਾ ਸਿਰਮੌਰ ਜੱਜ !
ਸੰਨ 1940 ਦਾ ਸਮਾਂ। ਪੰਜਾਬ ਅਸੈਂਬਲੀ ਚੋਣ ਦੀ ਸਰਗਰਮੀ ਭਰਿਆ ਸਮਾਂ ਸੀ। ਸਤਿਗੁਰ ਸੱਚੇ ਪਾਤਸ਼ਾਹ ਚਾਹੁੰਦੇ ਸਨ, ਕਾਂਗਰਸ, ਕਾਮਰੇਡ ਤੇ ਅਕਾਲੀ ਮਿਲ ਕੇ ਚੋਣ ਲੜਣ ਤਾਂ ਜੋ ਸਾਡੇ ਮੈਂਬਰ ਵੱਧ ਤੋਂ ਵੱਧ ਜਿੱਤਣ। ਇਸੇ ਮੰਤਵ ਨਾਲ ਇਕ ਸਾਂਝੀ ਸਿਆਸੀ ਸਭਾ, ਪਟਿਆਲਾ ਰਾਜ ਮਹਿਲ ਦੇ ਵਿਚ ਰੱਖੀ ਗਈ। ਪਟਿਆਲਾ ਰਾਜ ਦੇ ਮਹਾਰਾਜਾ ਯਾਦਵਿੰਦਰ ਸਿੰਘ, ਨਾਭਾ ਤੋਂ ਟਿੱਕਾ ਰਿਪੁਦਮਨ ਸਿੰਘ, ਜੀਂਦ, ਕਪੂਰਥਲਾ ਦੇ ਰਾਜੇ, ਕਾਂਗਰਸ, ਕਮਿਊਨਿਸਟ, ਅਕਾਲੀ ਪਾਰਟੀਆਂ ਦੇ ਲੀਡਰ ਅਤੇ ਮੁਖੀ ਸੱਜਣਾਂ ਦੀ ਇਕੱਤਰਤਾ ਹੋਈ। ਸ੍ਰੀ ਸਤਿਗੁਰ ਪ੍ਰਤਾਪ ਸਿੰਘ ਜੀ, ਵਿਸ਼ੇਸ਼ ਚੇਅਰ 'ਤੇ, ਬਤੌਰ ਮੁੱਖ ਆਯੋਜਕ ਬਿਰਾਜਮਾਨ ਸਨ। ਸਮੱਸਤ ਰਾਜੇ, ਮਹਾਰਾਜੇ, ਸਿਆਸਤਦਾਨ-ਸਤਿਗੁਰ ਜੀ ਅੱਗੇ ਨਤਮਸਤਕ ਹੋ ਕੇ ਆਪਣੀ ਸੀਟ 'ਤੇ ਬੈਠਦੇ। ਉਹ ਸ਼ਾਹ ਦਰਵੇਸ਼ ਸਤਿਗੁਰ ਲਈ, ਭਗਤ ਕਬੀਰ ਜੀ ਕਹਿੰਦੇ ਹਨ-
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ ਸਿਖਰ ਦਾ ਸ਼ਾਹ ਸਿਖਰ ਦਾ ਦਰਵੇਸ਼ !
ਸੰਨ 1889 ਦਾ ਪ੍ਰਕਾਸ਼ 25 ਸਾਲ ਦੀ ਉਮਰ, 1914 ਈ. ਵਿਚ ਅਨੰਦ ਕਾਰਜ, ਮਾਤਾ ਭੁਪਿੰਦਰ ਕੌਰ ਨਾਲ ਹੋਇਆ। 35 ਸਾਲ ਦੀ ਪੂਰੀ ਜਵਾਨੀ ਵਿਚ ਜੀਵਨ ਸਾਥਣ ਸਾਥ ਛੱਡ ਗਈ। ਸੰਨ 1920, ਸ੍ਰੀ ਸਤਿਗੁਰ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਹੋਇਆ... 1924 ਵਿਚ ਸ੍ਰੀ ਮਹਾਰਾਜ ਬੀਰ ਸਿੰਘ ਜੀ ਹੋਏ। ਸੂਤਕ ਵਿੱਚ ਬੁਖਾਰ ਚੜ੍ਹਿਆ। ਵੈਦਾਂ-ਡਾਕਟਰਾਂ ਦਾ ਉਪਚਾਰ ਕੰਮ ਨਾ ਆਇਆ। ਬੁਖਾਰ ਵਿਗੜ ਕੇ ਤਪਦਿਕ ਵਿਚ ਤਬਦੀਲ ਹੋ ਗਿਆ। ਉਦੋਂ ਤਪਦਿਕ (ਟੀ.ਬੀ.) ਲਾਇਲਾਜ ਰੋਗ ਹੁੰਦਾ ਸੀ। 29 ਭਾਦੋਂ ਸੰਨ 1924! ਸੇਵਕ ਨੇ ਸਤਿਗੁਰ ਜੀ ਨੂੰ ਸੁਨੇਹਾ ਦਿੱਤਾ, ਮਾਤਾ ਜੀ ਔਖੇ ਸਾਹ ਲੈ ਰਹੇ ਹਨ। ਸਤਿਗੁਰ ਜੀ ਕੋਠੀ ਵੱਲ ਹੋਏ। ਮਾਤਾ ਜੀ ਦੇ ਬੁਝਦੇ ਹੋਏ ਨੇਤਰਾਂ ਨੂੰ ਮਾਹੀ ਦੀ ਉਡੀਕ ਸੀ। ਕੋਲ ਹੀ, ਇਕ ਤਖ਼ਤ 'ਤੇ ਸੂਬਾ ਮੀਹਾ ਸਿੰਘ ਜੀ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ। ਸੂਬਾ ਮੀਹਾ ਸਿੰਘ, ਮਾਤਾ ਜੀ ਦੇ ਭਾਈ ਲਗਦੇ ਸੀ। ਸਤਿਗੁਰ ਜੀ, ਦਰਵਾਜ਼ੇ ਥਾਣੀਂ ਅੰਦਰ ਦਾਖਲ ਹੋਏ। ਬੁਝਦੀ ਲੋਅ ਵਿਚ, ਜਿਵੇਂ ਇਕ ਵਾਰ ਚਮਕ ਆਈ। ਨੇਤਰਾਂ ਨਾਲ ਹੀ ਸਤਿਗੁਰ ਜੀ ਤੋਂ ਵਿਦਾਇਗੀ ਮੰਗੀ। ਸਤਿਗੁਰ ਜੀ ਨੇ ਪਿਆਰ ਨਾਲ ਸਿਰ 'ਤੇ ਹੱਥ ਫੇਰਿਆ.. ਨਾਲ ਹੀ ਹੱਥਾਂ ਨਾਲ ਖੁੱਲੀਆਂ ਬੇਜਾਨ ਨੇਤਰਾਂ ਦੀਆਂ ਪਲਕਾਂ ਬੰਦ ਕਰ ਦਿੱਤੀਆਂ। ਉਹ ਨੇਤਰ ਫਿਰ ਨਾ ਖੁੱਲੇ। ਮਗਰੋਂ, ਸੂਬਿਆਂ, ਸੇਵਕਾਂ ਅੱਗੇ ਕਈ ਸਿੱਖਾਂ ਨੇ, ਸਤਿਗੁਰ ਜੀ ਦੀ ਸੇਵਾ ਵਿਚ, ਆਪਣੀਆਂ ਲੜਕੀਆਂ ਦਾ ਨਾਤਾ ਦੇਣ ਲਈ ਪੇਸ਼ਕਸ਼ ਕੀਤੀ। ਪਰ ਦੁਨੀਆਂ ਤੋਂ ਨਿਵੇਕਲਾ, ਉਹ ਸ਼ਾਹ ਦਰਵੇਸ਼ ਬਚਨ ਕਰਦੇ, ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ...ਇਹ ਫੁਲਵਾੜੀ ਦੇਸ਼ ਦੀ ਆਜ਼ਾਦੀ ਦਾ ਸੰਕਲਪ, ਮੈਨੂੰ ਹੋਰ ਪਰਿਵਾਰ ਬਣਾਉਣ ਦੀ ਆਗਿਆ ਨਹੀਂ ਦਿੰਦਾ।
ਸੰਨ 1952 ਵਿਚ, ਰੰਗੂਨ ਦਾ ਦੌਰਾ ਹੋਇਆ। ਸਮੁੰਦਰੀ ਜਹਾਜ਼ ਜਦੋਂ ਕਲਕੱਤਾ ਸੀ-ਪੋਰਟ ਤੋਂ ਟੁਰਿਆ ਤਾਂ ਸਤਿਗੁਰ ਚੁੱਪ ਚੁਪੀਤੇ ਆਪਣੇ ਥਾਂ ਤੋਂ ਉੱਠੇ..ਜਹਾਜ਼ ਦੇ ਉਪਰ ਡੈੱਕ 'ਤੇ ਰੇਲਿੰਗ ਲੱਗੀ ਰੱਡ ਨੂੰ ਫੜ ਕੇ ਖਲੋ ਗਏ। ਜਹਾਜ਼ ਅੱਗੇ ਵਧ ਰਿਹਾ ਸੀ.. ਕਿਨਾਰੇ ਦੇ ਘਰ ਮਕਾਨ, ਲੰਘੀ ਜਾ ਰਹੇ ਸਨ। ਸਤਿਗੁਰ ਜੀ ਦੇ ਨੇਤਰਾਂ 'ਚੋਂ ਅਵਿਰਲ ਜਲ ਵਗ ਰਿਹਾ ਸੀ। ਸੰਤ ਨਿਧਾਨ ਸਿੰਘ ਆਲਮ ਕੋਲ ਆਏ ਖਲੋਤੇ। ਕੀ ਗੱਲ.ਗਰੀਬ ਨਿਵਾਜ਼ !
ਆਲਮ ਜੀ! ਇਸੇ ਰਾਹ ਅੰਗਰੇਜ਼ 'ਸਤਿਗੁਰ ਜੀ' ਨੂੰ ਪਰਦੇਸ ਲੈ ਗਏ ਹੋਣਗੇ। ਤਿੰਨ ਦਿਨ ਦਾ ਸਮੁੰਦਰੀ ਸਫ਼ਰ. ਭੁੱਖੇ-ਭਾਣੇ ਕਿਵੇਂ ਲੰਘਾਇਆ ਹੋਵੇਗਾ ? ਉਸ ਜਹਾਜ਼ ਵਿਚ, ਕੁਝ ਗਊਵਾਂ ਲੈ ਕੇ ਵੇਚਣ ਲਈ ਗੁੱਜਰ, ਬਰਮਾ ਜਾ ਰਹੇ ਸਨ। ਉਨ੍ਹਾਂ ਗਊਵਾਂ ਦਾ ਚੁਵਾਵਾਂ ਦੁੱਧ ਜਹਾਜ਼ ਵਿਚ ਲੋੜ ਤੋਂ ਵਾਧੂ ਮਿਲ ਜਾਂਦਾ ਸੀ। ਸਤਿਗੁਰ ਪਾਤਸ਼ਾਹ ਕਹਿੰਦੇ, ਆਲਮ ਜੀ ਅੱਜ ਸਾਰੀਆਂ ਸਹੂਲਤਾਂ ਲੰਗਰ ਪਾਣੀ ਆਪ ਤਿਆਰ ਕਰਨ ਦੀ ਖੁੱਲ੍ਹ ਹੈ, ਨਾਲ ਸੰਗਤ ਹੈ..ਸਦ ਸਮੱਗਰੀ ਹੈ। ਉਸ ਵੇਲੇ ਬਤੌਰ ਕੈਦੀ ਹਕੂਮਤ ਸਖ਼ਤ ਪਹਿਰੇ ਵਿਚ, ਭੁੱਖੇ ਭਾਣੇ ਇਸੇ ਰਾਹ ਲੰਘ ਗਏ ਹੋਣਗੇ।
ਰੰਗੂਨ, ਉਧਰੋਂ ਥਾਈਲੈਂਡ ਦੀ ਸੰਗਤ ਵੀ ਆਈ ਸੀ। ਉਹ ਬੰਦੀ ਘਰ... ਉਹ ਬੰਗਲਾ ਵੇਖਿਆ ਤਾਂ ਵੈਰਾਗੀ ਹੋ ਗਏ। ਹੰਝੂ ਭਰੇ ਨੇਤਰਾਂ ਨਾਲ, ਉਹ ਕਮਰਾ ਖੂਹ, ਉਹ ਬਿਰਖ, ਜਿਸ ਹੇਠ ਬਹਿ ਕੇ ਸਿਮਰਨ ਕਰਦੇ...
ਸੰਨ 1958 ਵਿਚ, ਪੂਰਬੀ ਅਫ਼ਕੀਰਾ ਦਾ ਦੌਰਾ ਹੋਇਆ। ਇਹ ਸਤਿਗੁਰ ਜੀ ਦਾ ਅਖੀਰਲਾ ਦੌਰਾ ਸੀ। ਸਮੁੰਦਰੀ ਜਹਾਜ਼ ਦਾ ਸਫ਼ਰ ਸੀ। ਅਦਨ ਬੰਦਰਗਾਹ 'ਤੇ ਜਹਾਜ਼ ਨੇ ਪੜਾਅ ਕੀਤਾ। ਕਪਤਾਨ ਨੇ ਘੋਸ਼ਣਾ ਕੀਤੀ, "ਜ਼ਰੂਰੀ ਮੁਰੰਮਤ ਹਿੱਤ ਜਹਾਜ਼ ਇਕ ਦਿਨ ਇਥੇ ਹੀ ਰੁਕੇਗਾ।” ਸਤਿਗੁਰ ਜੀ ਬਚਨ ਕੀਤਾ, ਸੰਤ ਜੀ ! ਸੂਬਾ ਸਾਹਿਬ ਸਿੰਘ ਅਤੇ ਸੂਬਾ ਕਾਹਨ ਸਿੰਘ ਹੁਰਾਂ ਨੂੰ, ਗੋਰਿਆਂ ਨੇ ਇਥੇ ਹੀ ਤਿੰਨ ਸਾਲ ਨਜ਼ਰਬੰਦ ਰੱਖਿਆ ਸੀ... ਆਉ ਉਹ ਥਾਂ ਦੇ ਦਰਸ਼ਨ ਕਰ ਆਈਏ। ਉਸ ਵੱਡੀ ਜੇਲ੍ਹ ਦੇ ਅੰਦਰ ਭੀੜੀਆਂ ਬੈਰਕਾਂ ਵੇਖੀਆਂ। ਗਰਮ ਰੁੱਤ ਵਿਚ 55 ਡਿਗਰੀ ਦੀ ਭਿਆਨਕ ਤਪਸ਼ ਵਿਚ, ਇਨ੍ਹਾਂ ਬੈਰਕਾਂ ਵਿਚ ਕਿੰਨੇ ਔਖੇ ਤਿੰਨ ਸਾਲ ਕੱਟੇ ਹੋਣਗੇ। ਸਰੀਰ ਅਤਿ ਕਮਜ਼ੋਰ ਹੋ ਗਿਆ। ਰੋਗ ਲੱਗ ਗਿਆ ਪਰ ਸਿੱਖਾਂ ਦਾ ਸਿਦਕ ਨਹੀਂ ਡੋਲਿਆ। ਅੱਖਾਂ, ਹੰਝੂਆਂ ਨਾਲ ਭਰੀਆਂ ਹੋਈਆਂ...ਆਵਾਜ਼ ਭਰੀ ਹੋਈ...ਰੁੱਗ ਭਰਿਆ ਗਿਆ। ਬਸ ਵਾਰ ਵਾਰ ਉਸ ਥਾਂ ਨੂੰ ਨਮਸਕਾਰ ਕਰਦੇ ਰਹੇ।
ਸੰਨ 1933 ! ਹਜ਼ਰੋਂ ਤੋਂ ਬਾਬੇ ਵਜੀਰੇ ਨੇ ਬਹੁਤ ਵਿਰਾਗ ਵਿਚ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੱਤਰ ਭੇਜਿਆ। ਬੇਨਤੀ ਕੀਤੀ, ਕਿਰਪਾ ਕਰੋ ਬਸੰਤ ਦਾ ਮੇਲਾ ਹਜ਼ਰੋ ਕਰੋ। ਸੰਗਤ ਦੀਦਾਰ ਨੂੰ ਲੋਚਦੀ ਹੈ।
ਸਤਿਗੁਰ ਜੀ ਵੱਡਾ ਜੱਥਾ ਲੈ ਕੇ ਚਾਲੇ ਪਾਏ। ਗੁਜਰਾਂਵਾਲਾ, ਸਿਆਲਕੋਟ, ਰਾਵਲਪਿੰਡੀ ਹੁੰਦੇ ਹੋਏ ਕੈਮਲਪੁਰ ਪਹੁੰਚੇ। ਸੰਤ ਇੰਦਰ ਸਿੰਘ ਚਕ੍ਰਵਰਤੀ, ਸੰਤ ਨਿਧਾਨ ਸਿੰਘ ਆਲਮ ਜੀ, ਸੰਤ ਬਹਾਦਰ ਸਿੰਘ, ਢੋਲਕੀਆ ਇੰਦਰ ਸਿੰਘ, ਹੋਰ ਸਿਆਲਕੋਟ, ਰਾਵਲਪਿੰਡੀ ਤੋਂ ਵੀ ਸੰਗਤ ਨਾਲ ਰਲ ਗਈ ਸੀ।
ਕੁਝ ਮਹੀਨੇ ਪਹਿਲਾਂ ਕੈਮਲਪੁਰ ਇਕ ਦੁਖਦ ਘਟਨਾ ਘਟ ਗਈ ਸੀ। ਇਥੋਂ ਦੇ ਬਾਬੇ ਸੰਗਤੇ ਨੂੰ, ਸਤਿਗੁਰ ਬਾਲਕ ਸਿੰਘ ਜੀ ਨੇ ਮੰਜੀ ਬਖ਼ਸ਼ੀ ਸੀ। ਇਕ ਚੰਗਾ ਵੱਡਾ ਗੁਰਦੁਆਰਾ ਵੀ ਬਣਿਆ ਸੀ। ਸਵੇਰ-ਸ਼ਾਮ ਕੀਰਤਨ ਕਥਾ ਦਾ ਪ੍ਰਵਾਹ ਚੱਲਦਾ... ਅਟੁੱਟ ਲੰਗਰ ਵਰਤਦਾ। ਬਾਬੇ ਸੰਗਤੇ ਦੀ ਦੇਹ ਸ਼ਾਂਤ ਹੋਈ ਤਾਂ ਬਾਬਾ ਲਛਮਣ ਦਾਸ ਗੱਦੀ 'ਤੇ ਬਿਰਾਜਮਾਨ ਹੋਏ।
ਸੰਨ 1925 ਵਿਚ ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਮਗਰੋਂ, ਅਕਾਲੀ ਬਹੁਤ ਉਤਸ਼ਾਹ ਵਿਚ ਹੈ ਸਨ। ਹਰ ਥਾਂ ਸ਼ਹਿਰ, ਕਸਬਿਆਂ ਵਿਚ ਇਕੱਤਰਤਾ ਹੁੰਦੀ। ਬਾਬੇ ਲਛਮਣ ਦਾਸ ਤੋਂ, ਕੁਝ ਲੀਡਰ ਸਾਹਿਬਾਨ ਆਦਿ ਨੇ, ਇਕ ਦਿਨ ਲਈ ਸਮਾਗਮ ਵਿਚ ਗੁਰਦੁਆਰਾ ਦੀ ਇਜਾਜ਼ਤ ਮੰਗੀ। ਮੰਜ਼ੂਰੀ ਮਿਲ ਗਈ। ਸਮਾਗਮ ਹੋਇਆ। ਸਮਾਪਤੀ ਦੀ ਅਰਦਾਸ, ਬਾਬਾ ਲਛਮਣ ਦਾਸ ਨੇ ਕੀਤੀ। ਅਰਦਾਸ ਵਿਚ ਦਸਮ ਪਾਤਸ਼ਾਹ ਤੋਂ ਅੱਗੇ, ਸਤਿਗੁਰ ਬਾਲਕ ਸਿੰਘ, ਸਤਿਗੁਰ ਰਾਮ ਸਿੰਘ ਅਤੇ ਨਾਲ ਹੀ ਬਾਬਾ ਸੰਗਤਾ ਜੀ ਦਾ ਨਾਂ ਵੀ ਲਿਆ। ਅਕਾਲੀ ਲੀਡਰਾਂ ਨੇ ਇਤਰਾਜ਼ ਕੀਤਾ। ਵਿਰੋਧਤਾ ਹਿੰਸਾ ਵਿਚ ਤਬਦੀਲ ਹੋ ਗਈ... ਬਾਬਾ ਲਛਮਣ ਦਾਸ ਦਾ ਕਤਲ ਹੋ ਗਿਆ। ਸਤਿਗੁਰ ਜੀ ਕੈਮਲਪੁਰ, ਉਸੇ ਗੁਰਦੁਆਰੇ ਉਤਾਰਾ ਕੀਤਾ। ਦੀਵਾਨ ਲੱਗਾ। ਸੰਗਤਾਂ ਬਹੁਤ ਉਤਸ਼ਾਹ ਨਾਲ ਆਈਆਂ। ਨਾਮਧਾਰੀ, ਅਕਾਲੀ, ਗ਼ੈਰ ਸਿੱਖ ਅਤੇ ਹਜ਼ਰੋਂ ਵਾਲਿਆਂ ਦੀ ਸੰਗਤ ਵੀ ਹੁੰਮਹੁੰਮਾ ਕੇ ਆਈ। ਦੂਜੇ ਦਿਨ ਅੱਗੇ ਚਾਲੇ ਪਾਣੇ ਸਨ। ਸੰਗਤਾਂ ਨੇ ਅਰਜ਼ ਕੀਤੀ ਸਤਿਗੁਰ ਜੀ...ਇਕ ਦਿਨ ਹੋਰ ਕਿਰਪਾ ਕਰੋ। ਅਗਲੇ ਦਿਨ ਫਿਰ, ਇਕ ਦਿਨ ਹੋਰ ਦੀ ਬੇਨਤੀ ਪਰਵਾਨ ਹੋਈ। ਤਿੰਨ ਦਿਨ ਬਸੰਤ ਦਾ ਮੇਲਾ ਕੈਮਲਪੁਰ ਭਰਿਆ।
ਹਜ਼ਰੋਂ ਬਾਬਾ ਵਜੀਰਾ, ਬਹੁਤ ਤਾਂਘ ਨਾਲ ਉਡੀਕ ਕਰ ਰਿਹਾ ਸੀ। ਸਤਿਗੁਰ ਜੀ ਸੁਨੇਹਾ ਘੱਲਿਆ, ਪਰਸੋਂ, ਸਵੇਰੇ ਚਲ ਕੇ ਨੌਂ ਵਜੇ ਹਜ਼ਰੋਂ ਪੁੱਜਾਂਗੇ। 11 ਵਜੇ ਵਾਲੀ ਟ੍ਰੇਨ 'ਤੇ ਵਾਪਸੀ ਹੈ... ਪ੍ਰਸ਼ਾਦਾ ਰਾਵਲਪਿੰਡੀ ਜਾ ਛਕਾਂਗੇ। ਸਿਦਕੀ ਬਾਬਾ ਵਜੀਰਾ, ਆਪਣੇ ਮਨ ਨਾਲ ਗੱਲਾਂ ਕਰਦਾ ਹੈ, ਮੇਲਾ ਬਸੰਤ ਦਾ ਮੰਗਿਆ ਸੀ । ਬਸ ਦੋ ਘੰਟੇ! ਹੇ ਸਤਿਗੁਰ! ਇਕ ਦਿਨ ਤਾਂ ਮੇਲਾ ਹੋਵੇ, ਖੁੱਲ੍ਹੇ ਦਰਸ਼ਨ ਸੰਗਤ ਕਰੇ।
ਅਮਦਰ ਦੀ ਤਾਂਘ 'ਅੰਤਰਯਾਮੀ' ਤਕ ਪਹੁੰਚ ਗਈ। ਕੈਮਲਪੁਰ ਤੋਂ ਟੁਰਨ ਲੱਗਿਆਂ, ਕਾਰ ਵਿਚ ਕੋਈ ਖਰਾਬੀ ਆ ਗਈ। ਠੀਕ ਕਰਾਉਂਦਿਆਂ, ਹਜ਼ਰੋਂ ਵਾਪਸੀ ਵਾਲੀ ਟ੍ਰੇਨ ਵੀ ਲੰਘ ਗਈ। ਬਾਬੇ ਵਜੀਰੇ ਦੀ ਮਨਸ਼ਾ ਪੂਰੀ ਹੋਈ। ਭਾਈ ਮੋਖੇ ਵਾਲੇ ਬਾਗ਼ ਵਿਚ, ਖੁੱਲ੍ਹੇ ਥਾਂ ਸ਼ਾਮਿਆਨੇ ਹੇਠ ਦੀਵਾਨ ਲੱਗਾ। ਚੱਕ੍ਰਵਰਤੀ ਜੀ ਨੇ, ਸਤਿਗੁਰੂ ਰਾਮ ਸਿੰਘ ਅਤੇ ਸਤਿਗੁਰ ਬਾਲਕ ਸਿੰਘ ਮਿਲਣ ਦਾ ਦ੍ਰਿਸ਼, ਭਾਵਪੂਰਨ ਢੰਗ ਨਾਲ ਸੁਣਾਇਆ... ਆਲਮ ਜੀ ਨੇ ਦੀਵਾਨ ਲਾਇਆ... ਇੰਦਰ ਸਿੰਘ ਢੋਲਕਈਏ ਨੇ ਬੜਾ ਰੰਗ ਬੰਨ੍ਹਿਆ। ਰਾਤ ਵੀ ਉਥੇ ਰਹਿ ਕੇ ਦੂਜੇ ਦਿਨ ਰਾਵਲਪਿੰਡੀ, ਸਰਦਾਰ ਆਤਮਾ ਸਿੰਘ ਦੇ ਘਰ ਜਾ ਡੇਰਾ ਲਾਇਆ।
ਸ਼ਾਹ ਦਰਵੇਸ਼ ਗੁਰੂਆਨ ਗੁਰੂ...ਸਤਿਗੁਰ ਪ੍ਰਤਾਪ ਸਿੰਘ ਜੀ ਦੇ ਨੇੜਿਉਂ, ਜਿਸ ਦੀਦਾਰੇ ਕੀਤੇ ਹਨ, ਉਹ ਕਹਿੰਦੇ ਹਨ, ਵੇਦਾਂਤ-ਵਾਕ-
ਬਜਰਾਦਪਿ ਕਠੋਰਾਨੀ ਮ੍ਰਿਦੁਲਾਨੀ ਕੁਸਮਾਦਪਿ॥
ਉਹ ਮਹਾਂਬਲੀ ਸਤਿਗੁਰ, ਬਜਰ ਤੋਂ ਵੀ ਕਠੋਰ ਸੀ ਅਤੇ ਫੁੱਲਾਂ ਤੋਂ ਵੀ ਨਰਮ ਦਿਲ ਦਇਆ, ਕਰੁਣਾ ਦੀ ਮੂਰਤ ਸੀ... ਸ਼ਾਹ ਦਰਵੇਸ਼ ਸਤਿਗੁਰੂ ਪ੍ਰਤਾਪ ਸਿੰਘ।
ਸੰਤ ਗੁਰੂਬਚਨ ਸਿੰਘ