ਅੱਜ ਜਦੋਂ ਮੈਂ ਇਹ ਨਿਬੰਧ ਲਿਖ ਰਿਹਾ ਹਾਂ ਤਾਂ ਮੈਨੂੰ ਅੱਜ ਤੋਂ ਦੱਸ ਸਾਲ ਪਿੱਛੇ ਦਾ ਉਹ ਦਿਨ ਵੀ ਯਾਦ ਆ ਰਿਹਾ ਹੈ ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਬ੍ਰਹਮਲੀਨ ਹੋਏ। ਹਜ਼ਾਰਾਂ ਸਵਾਲ ਉਸ ਦਿਨ ਮਨ-ਮਸਤਕ ਵਿੱਚ ਲਗਾਤਾਰ ਦੌੜਦੇ ਜਾ ਰਹੇ ਸੀ ਕਿ ਹੁਣ ਨਾਮਧਾਰੀ ਪੰਥ ਦਾ ਕੀ ਬਣੇਗਾ? ਸ਼ਾਇਦ ਹਰ ਇਕ ਨਾਮਧਾਰੀ ਦਾ ਏਹੋ ਹਾਲ ਸੀ । ਗੁਰੂ ਦੀ ਕਲਾ ਨੂੰ ਅਸੀਂ ਸਤਹੀ ਰੂਪ ਵਿੱਚ ਜਾਣਦੇ ਹਾਂ ਪਰ ਜੋ ਉਸ ਨੇ ਸਿਰਜਿਆ, ਘੜਿਆ ਬਣਾਇਆ ਹੈ ਉਸ ਤੋਂ ਜੀਵ ਅਨਜਾਣ ਰਹਿੰਦਾ ਹੈ। ਮੈਨੂੰ ਉਹ ਦਿਨ ਅੱਜ ਵੀ ਯਾਦ ਹੈ ਜਦੋਂ ਹਰੀ ਮੰਦਰ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਤਖਤ 'ਤੇ ਬਿਰਾਜਮਾਨ ਹੋਏ। ਸੰਗਤ ਵੱਲੋਂ ਜੈਕਾਰੇ ਬੁਲਾਏ ਗਏ ਨੱਬੇ ਤੋਂ ਬਾਅਦ ਜੰਮੀ ਸਾਡੇ ਹਾਣ ਦੀ ਪੀੜ੍ਹੀ ਆਪ ਦੀ ਸ਼ਖ਼ਸੀਅਤ ਤੋਂ ਅਣਜਾਣ ਸੀ। ਕਿਉਂਕਿ ਆਪ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ 1982 ਤੋਂ ਬੰਗਲੌਰ ਫਾਰਮ ਤੇ ਸਰਗਰਮ ਰਹੇ। ਸ਼ਾਇਦ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਸੀ। ਗੁਰੂ ਨਾਨਕ ਦੇਵ ਜੀ ਦੇ ਇਸ ਰਾਜ ਯੋਗ ਤਖਤ ਉਤੇ ਇਸ ਦਾ ਅਸਲੀ ਵਾਰਿਸ ਕਈ ਵਾਰ ਸਿੱਖ ਸੰਗਤ ਦੀ ਸੋਚ ਤੋਂ ਅਪਹੁੰਚ ਹੁੰਦਾ ਹੈ ਜਿਵੇਂ ਸਤਿਗੁਰੂ ਤੇਗ ਬਹਾਦਰ ਜੀ ਜੋ ਬਾਬੇ ਬਕਾਲੇ ਬੈਠੇ ਸੀ ਤੇ ਸਤਿਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਇਸ਼ਾਰਾ ਕੀਤਾ। ਇਸ ਇਸ਼ਾਰੇ ਤੋਂ ਪਹਿਲਾਂ ਕਿਸੇ ਨੂੰ ਇਨ੍ਹਾਂ ਬਾਰੇ ਸੁਰ ਖਿਆਲ ਹੀ ਨਹੀਂ ਸੀ । ਇਸ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ ਜੀ ਨੂੰ ਅਤੇ ਸਿੱਖੀ ਪ੍ਰਚਾਰ ਵਿੱਚ ਸਰਗਰਮ ਸੂਬਿਆਂ ਨੂੰ ਅੰਗ੍ਰੇਜ਼ ਸਰਕਾਰ ਨੇ ਜਲਾਵਤਨ ਕਰ ਦਿੱਤਾ ਪਰ ਸਿੱਖੀ ਬਾਗ ਨੂੰ ਸੰਭਾਲਣ ਲਈ ਜੋ ਯੋਗ ਆਤਮਾ ਸੀ ਉਸਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਭਾਵ ਬਾਬਾ ਬੁੱਧ ਸਿੰਘ (ਸਤਿਗੁਰੂ ਹਰੀ ਸਿੰਘ) ਸਤਿਗੁਰੂ ਜੀ ਦੇ ਛੋਟੇ ਭਰਾਤਾ ਇੰਨੀ ਵੱਡੀ ਸਖ਼ਸ਼ੀਅਤ ਹਨ ਇਸ ਗੱਲ ਦਾ ਪਤਾ ਸੰਗਤਾਂ ਅਤੇ ਹਕੂਮਤ ਨੂੰ ਬਾਅਦ ਵਿੱਚ ਲੱਗਦਾ ਹੈ। ਸਤਿਗੁਰੂ ਰਾਮ ਸਿੰਘ ਜੀ ਦੇ ਅਨੇਕਾਂ ਭਵਿੱਖਤ ਬਚਨ ਆਪਣੇ ਭਰਾ ਵਾਸਤੇ ਕੀਤੇ ਜੋ ਬਾਅਦ ਵਿੱਚ ਸੰਗਤਾਂ ਨੂੰ ਸਪੱਸ਼ਟ ਹੋਏ। ਇਸ ਤਰ੍ਹਾਂ ਹੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਨੇਕਾਂ ਬਚਨ (ਅਗਲੇ ਵਾਰਿਸ ਲਈ ਇਸ਼ਾਰੇ) ਹਜ਼ੂਰ ਸਤਿਗੁਰੂ ਜੀ ਬਾਰੇ ਹੋਏ। ਸਤਿਗੁਰੂ ਉਦੇ ਸਿੰਘ ਜੀ ਨੂੰ ਨਾਮਧਾਰੀ ਪੰਥ ਦੀ ਵਾਗਡੋਰ ਸੰਭਾਲਿਆ ਅੱਜ 12 ਵਰ੍ਹੇ ਹੋ ਗਏ ਹਨ। ਇਸ ਇਕ ਦਹਾਕੇ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਆਏ ਪਰ ਆਪਣੇ ਹਰ ਇਕ ਇਮਿਤਿਹਾਨ ਨੂੰ ਸਹਿਜਤਾ, ਨਿਡਰਤਾ ਅਤੇ ਸੂਝ-ਬੂਝ ਨਾਲ ਪਾਸ ਕੀਤਾ। ਸਤਿਗੁਰੂ ਜਗਜੀਤ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਜਦੋਂ ਮੀਡੀਆ ਨਾਲ ਆਪ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਇਕ ਸਵਾਲ ਆਪ ਨੂੰ ਕੀਤਾ ਗਿਆ ਕਿ ਤੁਹਾਡੇ ਹੁਣ ਭਵਿੱਖੀ ਕਾਰਜ ਕੀ ਹੋਣਗੇ ਤਾਂ ਆਪ ਨੇ ਬੜੀ ਸਹਿਜਤਾ ਨਾਲ ਉਤਰ ਦਿੱਤਾ ਅਸੀਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਆਰੰਭ ਕੀਤੇ ਕਾਰਜਾਂ ਨੂੰ ਅੱਗੇ ਵਧਾਵਾਂਗੇ, ਪੂਰੇ ਕਰਾਂਗੇ ਤੇ ਉਨ੍ਹਾਂ ਦੀਆਂ ਖੁਸ਼ੀਆਂ ਲਵਾਂਗੇ। ਟੀਚਾ ਸਪੱਸ਼ਟ मी।
ਦੁਬਿਧਾ- ਅਕਸਰ ਇਹ ਵੇਖਣ-ਪੜ੍ਹਣ ਨੂੰ ਮਿਲਦਾ ਹੈ ਕਿ ਜਦੋਂ ਜੋਤਿ ਆਪਣਾ ਸਰੀਰ ਬਦਲਦੀ ਹੈ ਤਾਂ ਅਨੇਕਾਂ ਤਰ੍ਹਾਂ ਦੀਆਂ ਦੁਬਿਧਾਵਾਂ ਕੁਝ ਸ਼ਰਾਰਤੀ ਮਨੁੱਖਾਂ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੁਬਿਧਾਵਾਂ ਦਾ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਲਗਭਗ ਸਾਰੇ ਗੁਰੂ ਸਾਹਿਬਾਨਾਂ ਨੂੰ ਕਿਸੇ-ਨਾ-ਕਿਸੇ ਰੂਪ ਵਿੱਚ ਸਾਹਮਣਾ ਕਰਨਾ ਪਿਆ ਹੈ। ਸਤਿਗੁਰੂ ਜਗਜੀਤ ਸਿੰਘ ਜੀ ਤੋਂ ਬਾਅਦ ਕੁਝ ਆਪੂੰ ਬਣੇ ਚੌਧਰੀਆਂ ਨੇ ਸੰਗਤਾਂ ਨੂੰ ਗੁਮਰਾਹ ਕਰਨ ਲਈ ਪ੍ਰਚਾਰ ਕੀਤਾ। ਗੁੰਮਰਾਹ-ਕੁੰਨ ਪ੍ਰਚਾਰ ਦੇ ਖਿਲਾਫ਼ ਮਾਤਾ ਚੰਦ ਕੌਰ ਜੀ ਨੇ ਪ੍ਰਚਾਰ ਦੌਰੇ ਅਰੰਭ ਕੀਤੇ। ਸੰਗਤ ਨੂੰ ਪ੍ਰੇਰਿਆ ਤੇ ਸਮਝਾਇਆ। ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਢੋਂਗੀ ਪ੍ਰਚਾਰਕ ਸਨ ਜੋ ਆਪ ਦਾ ਨਾਮ ਲੈ ਸਟੇਜਾਂ ਤੋਂ ਸੰਗਤ ਨੂੰ ਗੁੰਮਰਾਹ ਕਰਦੇ ਰਹੇ ਪਰ ਆਪ ਨੇ ਕਿਸੇ ਇਕ ਬੰਦੇ ਖਿਲਾਫ਼ ਵੀ ਕੋਈ ਟਿੱਪਣੀ ਨਹੀਂ ਕੀਤੀ ਸਗੋਂ ਸੰਗਤ ਨੂੰ ਨਾਮ ਬਾਣੀ ਕਰਨ ਲਈ ਪ੍ਰੇਰਿਆ ਤੇ ਕਿਹਾ “ਪਰ ਕਾ ਬੁਰਾ ਨਾ ਰਾਖਉ ਚੀਤ ॥ ਤੁਮ ਕੋ ਦੁਖ ਨਹੀ ਭਾਈ ਮੀਤ॥” ਇਨ੍ਹਾਂ ਸਮਿਆਂ ਵਿੱਚ ਕੁਝ ਅਣਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ ਇਨ੍ਹਾਂ ਸਾਰੀਆਂ ਵਿਰੋਧੀ ਚਾਲਾਂ ਦਾ ਆਖਰ ਭਾਂਡਾ ਚੌਰਾਹੇ ਭੱਜਿਆ। ਗੁਰੂ ਅਰਜਨ ਦੇਵ ਜੀ ਸਾਰੰਗ ਰਾਗ ਵਿੱਚ ਲਿਖਦੇ ਹਨ-
ਈਹਾ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ॥ ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ॥
ਸੱਚਮੁਚ ਹੀ ਇਨ੍ਹਾਂ ਦਿਨਾਂ ਵਿੱਚ ਆਪ ਨੇ ਨਿਰਭਉ ਹੋ ਜਿਵੇਂ ਸਾਧ ਸੰਗਤ ਨੂੰ ਨਾਮ-ਸਿਮਰਨ, ਗੁਰਬਾਣੀ, ਕੀਰਤਨ ਨਾਲ ਜੋੜਿਆ ਇਸ ਤੋਂ ਸਪੱਸ਼ਟ ਹੋ ਗਿਆ ਕਿ ਏਨੇ ਵੱਡੇ ਪਏ ਖਿਲਾਰੇ ਵਿੱਚ ਜਦੋਂ ਹਰ ਕੋਈ ਮਾਨਸਿਕ ਪੱਖ ਤੋਂ ਅਸਥਿਰ ਹੋਵੇ ਉਸ ਸਮੇਂ ਕੋਈ ਮਹਾਨ ਆਤਮਾ ਹੀ ਏਨੀ ਸ਼ਾਂਤ ਅਤੇ ਸਹਿਜ ਹੋ ਸਕਦੀ ਹੈ।
ਨੌਜਵਾਨ ਪੀੜੀ ਦੀ ਸੰਭਾਲ- ਸਤਿਗੁਰੂ ਜੀ ਨੇ ਗੱਦੀ 'ਤੇ ਬੈਠਣ ਤੋਂ ਬਾਅਦ ਨਾਮਧਾਰੀ ਨੌਜਵਾਨਾਂ ਨੂੰ ਅਧਿਆਤਿਮਕ, ਸਮਾਜਿਕ ਅਤੇ ਆਰਥਿਕ ਪੱਖੋਂ ਕਾਮਯਾਬ ਕਰਨ ਲਈ ਕਾਰਜ ਆਰੰਭ ਕੀਤੇ। ਖ਼ਾਸ ਕਰਕੇ ਇਹ ਸਮਾਂ ਪੰਜਾਬ ਦੀ ਨੌਜਵਾਨੀ ਲਈ ਬੜਾ ਭਿਆਨਕ ਸੀ। ਨਵੇਂ-ਨਵੇਂ ਨਸ਼ੇ ਲਗਾਤਾਰ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਹੇ ਸਨ । ਹੁਣ ਤੱਕ ਅਸੀਂ ਹਰ ਰੋਜ਼ ਖ਼ਬਰਾਂ ਦੇਖ ਰਹੇ ਹਾਂ ਕਿਵੇਂ ਛੋਟੀ-ਛੋਟੀ ਉਮਰ ਦੇ ਨੌਜਵਾਨ ਨਸ਼ੇ ਦੀ ਓਵਰ-ਡੋਜ਼ ਨਾਲ ਮਰ ਰਹੇ ਹਨ। ਨਸ਼ੇ ਦੇ ਦੈਂਤ ਨੇ ਇਲਾਕਾ ਜੀਵਨ ਨਗਰ ਵਿੱਚ ਵੀ ਪੈਰ ਪਸਾਰੇ। ਕਈ ਨਾਮਧਾਰੀ ਨੌਜਵਾਨ ਵੀ ਇਸ ਚਪੇਟ ਵਿੱਚ ਆਏ। ਸਤਿਗੁਰੂ ਜੀ ਨੇ ਲਗਾਤਾਰ ਨੌਜਵਾਨਾਂ ਨਾਲ ਸੰਪਰਕ ਸਥਾਪਿਤ ਰੱਖਿਆ। ਸੈਮੀਨਾਰ ਕਰਾਏ ਜੋ ਸ਼ਿਕਾਰ ਹੋ ਗਏ ਸੀ, ਉਨ੍ਹਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਇਲਾਜ ਕਰਾਇਆ। ਨਸ਼ੇ ਦਾ ਇਕ ਕਾਰਨ ਬੇਰੁਜ਼ਗਾਰੀ ਵੀ ਹੈ। ਵਿਹਲਾ ਹੋਇਆ ਨੌਜਵਾਨ ਮਾਨਸਿਕ ਪੱਖੋਂ ਕਮਜ਼ੋਰ ਹੁੰਦਾ। ਜਾਂਦਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਲਈ ਕਈ ਸਫ਼ਲ ਉਪਰਾਲੇ ਕੀਤੇ ਗਏ। ਬਹੁਤ ਸਾਰੇ ਮੁੰਡੇ ਕੁੜੀਆਂ ਐਸ.ਪੀ.ਐਸ. ਹਸਪਤਾਲ ਅਤੇ ਨਾਮਧਾਰੀ ਸੀਡਜ਼ ਵਿੱਚ ਯੋਗਤਾ ਅਨੁਸਾਰ ਕੰਮ ਕਾਰ ਨੂੰ ਲਾਏ। ਆਪ ਇੱਕ ਦਿਨ ਨਿਜੀ ਸੇਵਕ ਆਸਾ ਸਿੰਘ ਨਾਲ ਬਚਨ ਕਰ ਰਹੇ ਸੀ ਕਿ ਕੋਈ ਨੌਜਵਾਨ ਆਪਣਾ ਵਿਹਲਾ ਤਾਂ ਨਹੀਂ? ਆਸਾ ਸਿੰਘ ਦਾ ਜਵਾਬ ਸੀ ਨਹੀਂ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਤਾਂ ਕੋਈ ਨਹੀਂ ਰਿਹਾ। ਜੋ ਨੌਜਵਾਨ ਕੰਮ ਕਰਨਾ ਚਾਹੁੰਦੇ ਸੀ ਤੇ ਉਸ ਕੋਲ ਕੰਮ ਨਹੀਂ ਸੀ, ਸਤਿਗੁਰੂ ਜੀ ਨੇ ਉਸ ਨੂੰ ਕਾਬਲੀਅਤ ਅਨੁਸਾਰ ਕੰਮ ਦਿੱਤਾ ਜੋ ਇਸ ਸਮੇਂ ਦੀ ਬਹੁਤ ਵੱਡੀ ਮੰਗ ਹੈ। ਸੂਫ਼ੀ ਫਕੀਰ ਸੁਲਤਾਨ ਬਾਹੂ ਨੇ ਕਿਹਾ ਸੀ- ਮੀਮ- ਮੁਰਸ਼ਦ ਉਹ ਸਹੇੜੀਏ ਜਿਹੜਾ ਦੋ ਜੱਗ ਖੁਸ਼ੀ ਵਿਖਾਵੇ ਹੂੰ।
ਨੌਜਵਾਨਾਂ ਨੂੰ ਆਰਥਿਕ ਅਤੇ ਸਮਾਜਿਕ ਪੱਖ ਦੇ ਨਾਲ-ਨਾਲ ਧਾਰਮਿਕ ਜੀਵਨ ਜਿਊਣ ਲਈ ਪ੍ਰੇਰਿਆ। ਆਪਣੇ ਵੱਖ-ਵੱਖ ਥਾਂਵਾਂ 'ਤੇ ਨੌਜਵਾਨਾਂ ਦੀਆਂ ਭਜਨ ਵਰਨੀਆਂ ਆਰੰਭ ਕਰਵਾਈਆਂ। ਕੰਮ ਕਾਰਾਂ ਤੋਂ ਸਮਾਂ ਕੱਢ ਨੌਜਵਾਨ ਇਸ਼ਨਾਨ ਕਰ ਮਾਲਾ ਫੜ ਬੈਠ ਭਜਨ ਕਰਦੇ। ਸ੍ਰੀ ਭੈਣੀ ਸਾਹਿਬ ਵੀ ਲਗਾਤਾਰ ਨੌਜਵਾਨਾਂ ਦੀ ਭਜਨ ਵਰਨੀ ਚੱਲ ਰਹੀ ਹੈ। ਇਸ ਤਰ੍ਹਾਂ ਹੀ ਆਪ ਨੇ ਵੱਖ-ਵੱਖ ਇਲਾਕਿਆਂ ਵਿੱਚ ਉਸਤਾਦਾਂ ਨੂੰ ਭੇਜ ਨੌਜਵਾਨਾਂ ਨੂੰ ਗੁਰਬਾਣੀ ਪਾਠ ਦੀ ਸੰਥਿਆ ਦਿਵਾਈ। ਤਾਂ ਕਿ ਲੋੜ ਪੈਣ ਤੇ ਆਪਣੇ ਇਲਾਕੇ ਵਿੱਚ ਖ਼ੁਦ ਹੀ ਅਖੰਡ ਪਾਠ ਕਰ ਸਕਣ। ਔਨ- ਲਾਈਨ ਗੁਰਬਾਣੀ ਸਿਖਾਉਣ ਦਾ ਪ੍ਰਬੰਧ ਕੀਤਾ। ਅੱਜ ਸੈਂਕੜੇ ਹੀ ਬੱਚੇ ਦੇਸ਼ ਵਿਦੇਸ਼ ਦੇ ਇਸ ਔਨ-ਲਾਈਨ ਮਾਧਿਅਮ ਰਾਹੀਂ ਗੁਰਬਾਣੀ, ਕੀਰਤਨ ਸਿਖ ਰਹੇ ਹਨ। ਆਪ ਜੀ ਵੱਡੇ ਮੇਲਿਆਂ ਵਿੱਚ ਵਿਸ਼ੇਸ਼ ਇਕੱਤਰਤਾ ਕਰਕੇ ਨੌਜਵਾਨਾਂ ਨੂੰ ਸੰਬੋਧਨ ਹੁੰਦੇ । ਇਸ ਤਰ੍ਹਾਂ ਨਾਮਧਾਰੀ ਨੌਜਵਾਨੀ ਨੂੰ ਆਪ ਨੇ ਇਕ ਸੂਤਰ ਵਿੱਚ ਪਰੋ ਲਿਆ ਹੈ।
ਨਵੀਆਂ ਯੋਜਨਾਵਾਂ- ਸਤਿਗੁਰੂ ਜੀ ਨੇ ਪੰਥਕ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਨਵੇਂ ਸੇਵਾਦਾਰ ਨਿਯੁਕਤ ਕੀਤੇ। ਕਈ ਨਵੇਂ ਸੂਬੇ ਬਣਾਏ ਗਏ। ਕਈ ਨਵੇਂ ਨਾਮਧਾਰੀ ਗੁਰਦੁਆਰਿਆਂ ਦੀ ਸਥਾਪਨਾ ਕੀਤੀ ਪੁਰਾਣਿਆਂ ਦੀ ਮੁਰੰਮਤ ਕਰਵਾਈ। ਸਾਧ ਸੰਗਤ ਨੂੰ ਪ੍ਰੇਰਿਆ ਕਿ ਉਹ ਆਪਣੇ ਗੁਰਦੁਆਰਿਆਂ ਵਿੱਚ ਸਵੇਰੇ ਸ਼ਾਮ ਜੁੜ ਬੈਠਣ ਤੇ ਨਾਮ ਬਾਣੀ ਦਾ ਅਭਿਆਸ ਕਰਨ । ਆਪ ਦਾ ਉਪਦੇਸ਼ ਹੈ ਕਿ ਸਾਡੇ ਗੁਰਦੁਆਰੇ (ਧਰਮਸ਼ਾਲਾਵਾਂ) ਸਿੱਖਾਂ ਦਾ ਇਕਹਿਰਾ ਵਿਕਾਸ ਨਾ ਕਰ ਬਹੁਪੱਖੀ ਵਿਕਾਸ ਦਾ ਸੈਂਟਰ ਬਣਨ। ਇਸ ਲਈ ਆਪ ਨੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਖੇਡ ਮੈਦਾਨ ਬਣਾਏ ਜਿਥੇ ਬੱਚੇ ਆ ਸਰੀਰਕ ਤੰਦਰੁਸਤੀ ਲਈ ਮਿਹਨਤ ਕਰਦੇ ਹਨ। ਨਾਮਧਾਰੀ ਹਾਕੀ ਟੀਮ ਨੇ ਜੋ ਇਤਿਹਾਸ ਸਿਰਜਿਆ ਹੈ ਉਹ ਕਿਸੇ ਤੋਂ ਲੁਕਿਵਾ ਨਹੀਂ। ਸਤਿਗੁਰੂ ਜੀ ਨੇ ਸਮੇਂ ਦੀ ਮੰਗ ਨੂੰ ਵੇਖਦੇ ਹੋਏ (2018) ਫੁੱਟਬਾਲ ਅਕੈਡਮੀ ਸ਼ੁਰੂ ਕੀਤੀ। ਇਸ ਅਕੈਡਮੀ ਦੀਆਂ ਕੁਝ ਸਬ ਬ੍ਰਾਂਚਾ ਵੀ ਸਥਾਪਿਤ ਹੋਈਆਂ ਹਨ। ਵੱਖ-ਵੱਖ ਨਗਰਾਂ, ਸ਼ਹਿਰਾਂ, ਪਿੰਡਾ ਦੇ ਨਾਮਧਾਰੀ ਬੱਚੇ ਸ੍ਰੀ ਭੈਣੀ ਸਾਹਿਬ ਹੋਸਟਲ ਵਿੱਚ ਰਹਿ ਕੇ ਜਿਥੇ ਸਕੂਲੀ ਵਿੱਦਿਆ ਪ੍ਰਾਪਤ ਕਰਦੇ ਹਨ ਉਥੇ ਫੁੱਟਬਾਲ ਦੀ ਟ੍ਰੇਨਿੰਗ ਕਾਬਲ ਕੋਚਾਂ ਤੋਂ ਲੈ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦੁਨੀਆਂ ਨੇ ਵੇਖਿਆ ਸੀ ਕਿ ਸਿਖੀ ਸਰੂਪ 'ਚ ਨਾਮਧਾਰੀ ਮੁੰਡੇ ਹਾਕੀ ਖੇਡਦੇ ਹਨ ਉਸ ਤਰ੍ਹਾਂ ਹੀ ਫੁੱਟਬਾਲ ਖੇਡਦੇ ਵੇਖਣਗੇ। ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿੱਚੋਂ ਲਗਾਤਾਰ ਪ੍ਰਵਾਸ ਹੋ ਰਿਹਾ ਹੈ। ਬਹੁਤ ਸਾਰੇ ਨਾਮਧਾਰੀ ਨੌਜਵਾਨ ਵੀ ਪੜ੍ਹਾਈ ਕਾਰੋਬਾਰ ਲਈ ਵੱਖ-ਵੱਖ ਦੇਸ਼ਾਂ ਨੂੰ ਜਾ ਰਹੇ ਹਨ। ਸਤਿਗੁਰੂ ਜੀ ਨੇ ਪਿਛਲੇ ਸਮੇਂ ਵਿੱਚ ਕੈਨੇਡਾ ਅਤੇ ਅਸਟ੍ਰੇਲੀਆ ਵਿੱਚ ਨਵੇਂ ਗੁਰਦੁਆਰਿਆਂ ਲਈ ਜਗ੍ਹਾ ਖਰੀਦੀ ਹੈ ਤਾਂ ਕਿ ਵਿਦੇਸ਼ਾਂ ਵਿੱਚ ਬੈਠੇ ਸਾਡੇ ਪਰਿਵਾਰ ਸਿੱਖੀ ਨਾਲ ਜੁੜੇ ਰਹਿਣ। ਨਵੀਂ ਪੀੜ੍ਹੀ ਜੋ ਉਥੋਂ ਦੀ ਹੀ ਜੰਮਪਲ ਹੈ ਉਸ ਨੂੰ ਸੇਵਾ, ਸਿਮਰਨ, ਗੁਰਬਾਣੀ ਪੜ੍ਹਣ ਦੀ ਜਾਚ ਆ ਸਕੇ ਤੇ ਉਹ ਆਪਣੇ ਵਿਰਸੇ, ਇਤਿਹਾਸ ਨਾਲ ਜੁੜੇ ਰਹਿਣ। ਇਸ ਲਈ ਹਫ਼ਤਾਵਾਰੀ ਪ੍ਰੋਗਰਾਮ ਇਨ੍ਹਾਂ ਗੁਰਦੁਆਰਿਆਂ ਵਿੱਚ ਚੱਲ ਰਹੇ ਹਨ।
ਸਤਿਗੁਰੂ ਜੀ ਬਹੁਤ ਵਾਰੀ ਇਹ ਉਪਦੇਸ਼ ਕਰਦੇ ਹਨ ਕਿ 100 ਪਾਠ ਬਾਹਰੋਂ ਕਰਵਾਉਣ ਨਾਲੋਂ ਇਕ ਪਾਠ ਖੁਦ ਕਰੋ ਤਾਂ ਜ਼ਿਆਦਾ ਮਹੱਤਵ ਹੈ। ਇਸ ਲਈ ਆਪ ਨੇ ਹਰ ਇਲਾਕੇ ਦੀ ਸੰਗਤ ਨੂੰ ਇਹ ਹੁਕਮ ਕੀਤਾ ਹੈ ਕਿ ਸਾਨੂੰ ਪਾਠ ਕਰਨ ਲਈ ਪਾਠੀ ਸਿੰਘ ਬਾਹਰੋਂ ਨਾ ਮੰਗਵਾਉਣੇ ਪੈਣ। ਸਾਡੇ ਸਾਰੇ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਆਉਂਦਾ ਹੋਵੇ।
ਭਵਨ ਨਿਰਮਾਣ- ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਿਤਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਬਾਅਦ ਸ੍ਰੀ ਭੈਣੀ ਸਾਹਿਬ ਅਤੇ ਇਲਾਕਾ ਸ੍ਰੀ ਜੀਵਨ ਨਗਰ ਦੀ ਕਾਇਆ ਕਲਪ ਕਰ ਦਿੱਤੀ ਸੀ। ਦੀਵਾਨ ਹਾਲ, ਲੰਗਰ, ਰਿਹਾਇਸ਼ੀ ਕਮਰੇ, ਸਰਾਵਾਂ ਆਦਿ ਇਮਾਰਤਾਂ ਪੱਕੀਆਂ ਬਣਾਈਆ। ਸ੍ਰੀ ਮਾਤਾ ਚੰਦ ਕੌਰ ਜੀ ਨੇ ਇਸ ਕਾਰਜ ਨੂੰ ਸਿਰੇ ਚਾੜ੍ਹਣ ਲਈ ਦਿਨ ਰਾਤ ਸੇਵਾ ਕੀਤੀ। ਹਜ਼ੂਰ ਸਤਿਗੁਰੂ ਜੀ ਜਦੋਂ ਗੱਦੀ 'ਤੇ ਬਿਰਾਜਮਾਨ ਹੋਏ ਤਾਂ ਆਪ ਨੇ ਮਹਿਸੂਸ ਕੀਤਾ ਕਿ ਕੁਝ ਇਮਾਰਤਾਂ ਸਮੇਂ ਦੀ ਮੰਗ ਅਨੁਸਾਰ ਜਲਦੀ ਬਣਾਉਣੀਆਂ ਚਾਹੀਦੀਆਂ ਹਨ ਇਸ ਲਈ ਸੱਭ ਤੋਂ ਪਹਿਲਾਂ ਸ੍ਰੀ ਭੈਣੀ ਸਾਹਿਬ ਪਾਠਾਂ ਵਾਲੇ ਮੰਦਰ ਦੀ ਉਸਾਰੀ ਕੀਤੀ ਗਈ। ਇਹ ਵਿਸ਼ਾਲ ਮੰਦਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਸੰਸਕਾਰ ਵਾਲੀ ਜਗ੍ਹਾ ਤੇ ਬਣਾਇਆ ਗਿਆ ਹੈ। ਮਾਤਾ ਚੰਦ ਕੌਰ ਜੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਸੰਸਕਾਰ ਵਾਲੀ ਜਗ੍ਹਾ ਵੀ ਵਿੱਚ ਜੋੜ ਦਿੱਤੀ ਗਈ। ਇਹ ਵਿਸ਼ਾਲ ਤੇ ਖੂਬਸੂਰਤ ਮੰਦਰ ਸ੍ਰੀ ਭੈਣੀ ਸਾਹਿਬ ਸਰੋਵਰ ਦੇ ਬਿਲਕੁਲ ਸਾਮ੍ਹਣੇ ਹੈ। ਇਸ ਦੀ ਦਿੱਖ ਆਈ ਸੰਗਤ ਨੂੰ ਆਪਣੇ ਵੱਲ ਖਿੱਚਦੀ ਹੈ। ਵੱਡੀ ਗਿਣਤੀ ਵਿੱਚ ਸੰਗਤ ਬੈਠ ਗੁਰਬਾਣੀ ਸੁਣ-ਪੜ੍ਹ ਸਕਦੀ ਹੈ। ਇਸ ਮੰਦਰ ਦੇ ਸੱਜੀ ਬਾਹੀ ਦੀ ਗੁੱਠ ਵਿੱਚ ਸ਼ੀਸੇ ਨਾਲ ਕਵਰ ਕਰ ਪੁਰਾਤਨ ਹਸਤ ਲਿਖਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੁਸ਼ੋਭਿਤ ਹਨ। ਇਸੇ ਤਰ੍ਹਾਂ ਹੀ ਸ੍ਰੀ ਭੈਣੀ ਸਾਹਿਬ ਹੋਣ ਵਾਲੇ ਮੇਲਿਆਂ ਲਈ ਕੋਈ ਵੱਡਾ ਦੀਵਾਨ ਹਾਲ ਨਹੀਂ ਸੀ । ਪ੍ਰਤਾਪ ਮੰਦਰ ਦਾ ਹਾਲ ਛੋਟਾ ਸੀ। ਇਸ ਲਈ ਵੱਡੇ ਪੱਕੇ ਹਾਲ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ। ਇਕ ਦੋ ਮੇਲਿਆਂ ਵਿੱਚ ਮੀਂਹ ਕਾਰਨ ਬੇਸੁਆਦੀ ਵੀ ਹੋਈ। ਇਸ ਕਰਕੇ ਪ੍ਰਤਾਪ ਮੰਦਰ ਤੋਂ ਪਹਾੜ ਵਾਲੇ ਪਾਸੇ ਜ਼ਮੀਨ ਖਰੀਦ ਵੱਡੇ ਹਾਲ ਦੀ ਉਸਾਰੀ ਸ਼ੁਰੂ ਹੋਈ ਜੋ ਮੁਕੰਮਲ ਹੋ ਗਈ ਹੈ। ਇਸ ਵਾਰੀ ਪਹਿਲਾ ਹੋਲੇ ਦਾ ਮੇਲਾ ਸੰਗਤ ਇਸ ਨਵੇਂ ਬਣੇ ਵੱਡੇ ਹਾਲ ਵਿੱਚ ਦੇਖੇਗੀ।
ਸੰਗਤ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਤਿੰਨ ਮੰਜ਼ਿਲ ਗੈਸਟ ਹਾਊਸ ਦੀ ਉਸਾਰੀ ਤਿੰਨ ਨੰਬਰ ਗੇਟ ਦੇ ਨਾਲ ਕੀਤੀ ਗਈ। ਇਸ ਤਰ੍ਹਾਂ ਹੀ ਹੁਣ ਅਕਾਲ ਬੁੰਗੇ ਦੇ ਪਵਿੱਤਰ ਅਸਥਾਨ ਦਾ ਨਵੀਨੀਕਰਨ ਚੱਲ ਰਿਹਾ ਹੈ। ਕਲਾ ਕੇਂਦਰ ਦੀ ਸੁੰਦਰ ਇਮਾਰਤ ਬਣਾਈ ਗਈ ਜਿੱਥੇ ਬੱਚਿਆ ਨੂੰ ਸੰਗੀਤ ਦੀ ਤਾਲੀਮ ਦਿੱਤੀ ਜਾਂਦੀ ਹੈ।
ਨਵੇਂ ਬਣੇ ਅਕੈਡਮੀ ਸਕੂਲ ਦੀ ਸ਼ੋਭਾ ਤਾਂ ਦੇਖਿਆਂ ਹੀ ਬਣਦੀ ਹੈ। ਅੰਤਰ ਰਾਸ਼ਟਰੀ ਨਵੇਂ ਗਰਾਂਊਡ ਤਿਆਰ ਕੀਤੇ ਗਏ ਹਨ। ਇਸ ਤਰ੍ਹਾਂ ਹੀ ਵੱਖ-ਵੱਖ ਇਲਾਕਿਆਂ ਵਿੱਚ ਨਵੀਆਂ ਧਰਮਸ਼ਾਲਾਵਾਂ ਤਿਆਰ ਹੋਈਆਂ ਹਨ। ਕਈਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਨਵੇਂ ਦੀਵਾਨ ਰਿਹਾਇਸ਼ੀ ਕਮਰੇ, ਗਰਾਊਂਡ ਆਪ ਦੀ ਨਿਗਰਾਨੀ ਹੇਠ ਬਣ ਰਹੇ ਹਨ।
ਵਿਣੁ ਸੇਵਾ ਫਲੁ ਕਿਸੈ ਨਾਹੀ- ਸਤਿਗੁਰੂ ਨਾਨਕ ਦੇਵ ਜੀ ਰਾਗ ਆਸਾ ਵਿੱਚ ਇਹ ਸਪੱਸ਼ਟ ਰੂਪ ਵਿੱਚ ਕਹਿੰਦੇ ਹਨ- ਸੇਵਾ ਬਿਨਾ ਪ੍ਰਾਪਤੀ ਨਹੀਂ ਹੁੰਦੀ। ਆਪਾਂ ਇਸ ਗੱਲ ਨੂੰ ਵੀ ਭਲੀ ਭਾਂਤ ਜਾਣਦੇ ਹਾਂ ਕਿ ਸੇਵਾ ਵੀ ਉਹ ਹੀ ਸਫ਼ਲ ਹੁੰਦੀ ਹੈ ਜੋ ਗੁਰੂ ਦੇ ਹੁਕਮ ਵਿੱਚ ਰਹਿ ਕੇ ਕੀਤੀ ਜਾਵੇ । ਸ੍ਰੀ ਸਤਿਗੁਰੂ ਉਦੇ ਸਿੰਘ ਜੀ ਨੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਨੂੰ ਸਦਾ ਹੀ ਸਿਰ ਮੱਥੇ ਮੰਨਿਆ। ਕਵੀ ਪ੍ਰੀਤਮ ਸਿੰਘ ਜੀ ਲਿਖਦੇ ਹਨ- ਛੋਟੇ ਠਾਕੁਰ (ਸ੍ਰੀ ਸਤਿਗੁਰੂ ਉਦੇ ਸਿੰਘ ਜੀ) ਜਦੋਂ ਵੀ ਸਤਿਗੁਰੂ ਜੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਆਪ ਦੇ ਮੂੰਹ 'ਚੋਂ ਇਹ ਹੀ ਸ਼ਬਦ ਹਮੇਸ਼ਾ ਸੁਨਣ ਨੂੰ ਮਿਲਦਾ “ਹਾਂ ਜੀ ਸੱਚੇ ਪਾਤਸ਼ਾਹ ਸਤਿ ਬਚਨ ਜੀ, ਜਿਵੇਂ ਆਗਿਆ ਜੀ, 'ਆਪ ਜੀ ਦਾ ਹੁਕਮ ਹੋਵੇ ਤਾਂ.. ।” ਇਹ ਗੱਲ ਸਪੱਸ਼ਟ ਕਰਦੀ ਹੈ ਕਿ ਆਪ ਨੇ ਸਤਿਗੁਰੂ ਜੀ ਦੇ ਹੁਕਮ ਨੂੰ ਹਮੇਸ਼ਾਂ ਪਹਿਲ ਦਿੱਤੀ। ਹੁਕਮ ਮੰਨ ਨਾਮਧਾਰੀ ਹਾਕੀ ਟੀਮ ਖੜ੍ਹੀ ਕੀਤੀ। ਹੁਕਮ ਵਿੱਚ ਰਹਿ ਸੰਗਤ ਤੇ ਪਰਿਵਾਰ ਨਾਲੋਂ ਵੱਖ ਦੂਰ ਜੰਗਲ ਵਿੱਚ ਡੇਰੇ ਲਾਏ ਤੇ ਉਸ ਫਾਰਮ ਨੂੰ ਦੁਨੀਆਂ ਵਿੱਚ ਚਮਕਾ ਦਿੱਤਾ। ਜੇ ਸਤਿਗੁਰੂ ਜੀ ਹੁਕਮ ਕੀਤਾ ਕਾਕਾ ਇਲਾਕੇ ਦੇ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਤੋਂ ਹਟਾ ਫੁੱਲਾਂ ਫਲਾਂ ਦੀ ਖੇਤੀ ਵਿੱਚ ਪਾਉਣਾ ਹੈ ਤਾਂ ਆਪ ਨੇ ਸ੍ਰੀ ਜੀਵਨ ਨਗਰ ਦੇ ਇਲਾਕੇ ਵਿੱਚ ਪਿੰਡ-ਪਿੰਡ ਸੈਮੀਨਾਰ ਕੀਤੇ। ਕਿਸਾਨਾਂ ਨੂੰ ਅੰਗੂਰਾਂ ਦੀ ਖੇਤੀ ਕਰਨ ਲਈ ਜਾਗਰੂਕ ਕੀਤਾ। ਜਿਸ ਕੰਮ ਵਿੱਚ ਡਿਊਟੀ ਸਤਿਗੁਰੂ ਜੀ ਲਾਈ ਕਦੀ ਆਨਾ ਕਾਨੀ ਨਹੀਂ ਕੀਤੀ, ਸਤਬਚਨ ਕਹਿ ਪੂਰਾ ਕੀਤਾ। ਗੁਰੂ ਹੁਕਮ ਵਿੱਚ ਰਹਿ ਕੀਤੀ ਸੇਵਾ ਨੂੰ ਭਾਗ ਲੱਗੇ । ਆਪਣਾ ਰੂਪ ਬਖ਼ਸ਼ ਸਭੇ ਬਰਕਤਾਂ ਦੇ ਨਿਵਾਜਿਆ।
ਗੁਰਲਾਲ ਸਿੰਘ