Sri Bhaini Sahib

Official website of central religious place for Namdhari Sect
RiseSet
06:10am06:46pm

'ਗੁਰਬਾਣੀ' ਅਤੇ 'ਨਮਾਜ਼'

Date: 
22 Mar 2025

'ਗੁਰਬਾਣੀ' ਅਤੇ 'ਨਮਾਜ਼'

 ਹਰ ਧਰਮ ਦੇ ਸਿਰਜਣਹਾਰੇ ਆਪਣੇ ਪੈਰੋਕਾਰਾਂ ਨੂੰ ਪ੍ਰਮਾਤਮਾ ਜਾਂ ਉਸ 'ਅਦਿੱਖ ਸ਼ਕਤੀ' ਨਾਲ ਜੋੜਣ ਜਾਂ ਉਸ ਦਾ ਸ਼ੁਕਰਨਾ ਕਰਨ ਲਈ ਕੁਝ ਨਿਯਮ ਜਾਂ ਨੁਕਤੇ ਤਹਿ ਕਰਦੇ ਹਨ। ਜਿਸ ਦੇ ਫਲਸਰੂਪ ਉਸ ਦੇ ਪੈਰੋਕਾਰ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਸੰਸਾਰਿਕ ਅਤੇ ਅਧਿਆਤਮਿਕ ਜੀਵਨ ਦਾ ਰਾਹ ਸੁਖਾਲਾ ਕਰਦੇ ਹਨ।ਧਰਮ ਅਧੀਨ ਹੀ ਇਹਨਾਂ ਨਿਯਮਾਂ ਨੂੰ ਨਿਤਨੇਮ ਬਣਾ ਲਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਨਿਯਮ ਆਤਮਿਕ ਸੁੱਖ ਦਾ ਸਾਧਨ ਹੋ ਨਿਬੜਦੇ ਹਨ। ਹਰ ਇੱਕ ਧਰਮ ਦੇ ਆਪਣੇ ਵੱਖਰੇ ਨਿਯਮ ਹਨ ਅਤੇ ਵੱਖਰੇ ਢੰਗ ਨਾਲ ਇਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ। ਜੇਕਰ ਅਸੀਂ ਇਸਲਾਮ ਅਤੇ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਪ੍ਰਮਾਤਮਾ ਨੂੰ ਯਾਦ ਕਰਨ ਦੇ ਢੰਗ ਵੱਖਰੇ ਹਨ ਪਰ ਦੋਵਾਂ ਧਰਮਾਂ ਦਾ ਵਿਸ਼ਵਾਸ਼ ਇੱਕ ਰੱਬ ਭਾਵ 'ਪ੍ਰਮਾਤਮਾ' ਜਾਂ 'ਅਲੱਹ' ਵਿੱਚ ਹੈ। ਇਸੇ ਤਰ੍ਹਾਂ ਇਸਲਾਮ ਧਰਮ ਦੇ ਨਿੱਤਨੇਮ ਵਿੱਚ ਪੰਜ ਨਮਾਜਾਂ ਅਤੇ ਸਿੱਖ ਧਰਮ ਵਿੱਚ ਪੰਜ ਬਾਣੀਆਂ ਦਾ ਸਿਮਰਨ ਸ਼ਾਮਿਲ ਹੈ।

ਜੇਕਰ ਅਸੀਂ ਨਮਾਜ਼ ਦੀ ਗੱਲ ਕਰਦੇ ਹਾਂ ਤਾਂ ਨਮਾਜ਼ ਪਰਸ਼ੀਅਨ ਸ਼ਬਦ ਹੈ, ਜਿਸ ਦਾ ਸ਼ਾਬਦਿਕ ਅਰਥ ਹੈ 'ਸ਼ਰਧਾ'। ਪਰ ਜੋ ਸ਼ਬਦ ਮੂਲ ਰੂਪ ਨਮਾਜ਼ ਦੀ ਥਾਂ ਕੁਰਾਨ ਵਿੱਚ ਦਰਜ਼ ਹੈ ਉਹ ਸ਼ਬਦ ਹੈ 'ਸਲਾਤ'। ਅਰਬੀ ਭਾਸ਼ਾ ਵਿੱਚ 'ਸਲਾਤ' ਦਾ ਸ਼ਾਬਦਿਕ ਅਰਥ ਹੈ, ਅਰਦਾਸ।

ਇਸਲਾਮ ਦੇ ਅਨੁਸਾਰ 622 ਈ: ਵਾਲੇ ਸਾਲ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ 'ਇਸਰਾ ਅਤੇ ਮਿਰਾਜ' ਦੇ ਦਿਨ (ਜੰਨਤ ਵੱਲ ਯਾਤਰਾ ਵਾਲਾ ਦਿਨ) ਅੱਲ੍ਹਾ ਕੋਲੋਂ ਪੰਜ  ਨਮਾਜ਼ਾਂ (ਸਲਾਤ) ਦੀ ਬਖਸ਼ਿਸ਼ ਹੋਈ ਸੀ। ਇਸ ਤੋਂ ਬਾਅਦ ਮੁਸਲਮਾਨਾਂ ਵਿੱਚ ਪੰਜ ਨਮਾਜ਼ਾਂ ਦਾ ਨਿਤਨੇਮ ਸ਼ੁਰੂ ਹੋਇਆ ਅਤੇ ਇਹ ਪੰਜ ਨਮਾਜ਼ਾਂ ਇਸਲਾਮ ਧਰਮ ਦੀ ਜਰੂਰੀ ਸ਼ਰਤ ਹੋ ਗਈਆਂ। ਅਰਬ ਦੇਸ਼ਾਂ ਵਿੱਚ ਅੱਜ ਵੀ 'ਨਮਾਜ਼' ਨੂੰ 'ਸਲਾਤ' ਹੀ ਕਿਹਾ ਜਾਂਦਾ ਹੈ। ਇਸਲਾਮ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ ਇਸਲਾਮ ਧਰਮ ਦੇ ਸਿਧਾਂਤ ਅਤੇ ਨਿਯਮ ਹੋਰਨਾਂ ਦੇਸ਼ਾਂ ਅਤੇ ਖੇਤਰਾਂ ਵਿੱਚ ਪਹੁੰਚੇ।

ਇਤਿਹਾਸਕਾਰਾਂ ਅਨੁਸਾਰ 712 ਈ. ਵਿੱਚ ਮੁਹੰਮਦ ਕਾਸਿਮ ਪਹਿਲੇ ਮੁਸਲਿਮ ਹਮਲਾਵਰ ਦੇ ਰੂਪ ਵਿੱਚ ਇਸਲਾਮ ਧਰਮ ਨੂੰ ਨਾਲ ਲੈ ਭਾਰਤ ਪਹੁੰਚਿਆ, ਪਰ ਅਜੋਕੀਆਂ ਇਤਿਹਾਸਿਕ ਖੋਜਾਂ ਵਿੱਚ ਇਹ ਨਿਸਚਿਤ ਹੋਇਆ ਹੈ ਕਿ ਮੁਹੰਮਦ ਕਾਸਿਮ ਤੋਂ ਪਹਿਲਾਂ ਵੀ ਕਈ ਅਰਬ ਦੇ ਮੁਸਲਿਮ ਵਪਾਰੀ ਭਾਰਤ ਆਉਂਦੇ ਰਹੇ, ਜਿਸ ਦੀ ਉਦਹਾਰਨ ਹਜ਼ਰਤ ਮੁਹੰਮਦ ਸਾਹਿਬ ਦੇ ਸਮਕਾਲ ਹੀ 629 ਈ. ਵਿੱਚ ਕੇਰਲਾ (ਭਾਰਤ) ਵਿੱਚ ਬਣੀ 'ਚੇਰਾਮਨ ਜੁੰਮਾ ਮਸਜਿਦ' ਹੈ। ਪਰ ਇਹਨਾਂ ਵਪਾਰੀਆਂ ਦਾ ਧਰਮ ਇਹਨਾਂ ਦੀ ਆਪਣੀ ਨਿੱਜੀ ਜਿੰਦਗੀ ਤੱਕ ਹੀ ਸੀਮਿਤ ਸੀ, ਇਹਨਾਂ ਦਾ ਮਕਸਦ ਧਰਮ ਦਾ ਪ੍ਰਚਾਰ ਕਰਨਾ ਨਹੀਂ ਸਗੋਂ ਆਪਣੇ ਹਿੱਸੇ ਆਏ ਰੋਜ਼ਾਨਾ ਧਾਰਮਿਕ ਕਰਤੱਵਾਂ ਦਾ ਪਾਲਣ ਕਰਨਾ ਸੀ।

ਮੱਧ ਕਾਲ ਵਿੱਚ ਅਸੀਂ ਵੇਖਦੇ ਹਾਂ ਕਿ ਇਸਲਾਮ ਧਰਮ ਦੇ ਪ੍ਰਸਾਰ ਦੀ ਲੋੜ ਵਿਦੇਸ਼ੀ ਹਮਲਾਵਰਾਂ ਨੇ ਜਿੱਤੇ ਹੋਏ ਗੈਰ ਇਸਲਾਮਿਕ ਖੇਤਰਾਂ ਵਿੱਚ ਜਿਆਦਾ ਮਹਿਸੂਸ ਕੀਤੀ ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਦੇ ਆਪਣੇ ਧਰਮ ਦੇ ਪੈਰੋਕਾਰ ਉਹਨਾਂ ਦੀ ਸੱਤਾ ਦੀ ਹਾਮੀ ਭਰਨ ਲਈ ਬਹੁਤ ਹੀ ਫਾਇਦੇਮੰਦ ਸਨ ਅਤੇ ਧਾਰਮਿਕ ਬਗਾਵਤਾਂ ਦਾ ਅੰਤ ਇਹੀ ਸੀ ਕਿ ਆਪਣੇ ਧਰਮ ਨੂੰ ਪ੍ਰਚਾਰਿਆ ਪ੍ਰਸਾਰਿਆ ਜਾਵੇ। ਜਿੰਨੇ ਜਿਆਦਾ ਲੋਕ ਬਾਦਸ਼ਾਹ ਦੇ ਆਪਣੇ ਧਰਮ ਦੇ ਹੋਣਗੇ ਉਨਾਂ ਹੀ ਬਗਵਤਾਂ ਦਾ ਡਰ ਘਟੇਗਾ, ਹਾਂ ਕੁਝ ਕੱਟੜ ਬਾਦਸ਼ਾਹ ਦਾਰ ਉਲ ਹਰਬ ਦੀ ਥਾਂ ਦਾਰ-ਉਲ-ਇਸਲਾਮ ਦੀ ਸਥਾਪਤੀ ਦੇ ਸਿਧਾਂਤ ਨੂੰ ਮੁੱਖ ਮੰਨ ਕੇ ਇਸਲਾਮਿਕ ਕਬਜੇ ਨੂੰ ਆਪਣਾ ਧਾਰਮਿਕ ਕਰਤੱਵ ਵੀ ਸਮਝਦੇ ਰਹੇ। ਮੱਧਕਾਲ ਸਮੇਂ ਹਾਕਮਾਂ ਦੁਆਰਾ ਜਬਰਦਸਤੀ ਜਾਂ ਇਨਾਮਾਂ ਦੁਆਰਾ ਪਰਜਾ ਨੂੰ ਆਪਣੇ ਧਰਮ ਵਿੱਚ ਸ਼ਾਮਿਲ ਕਰਨਾ ਉਹਨਾਂ ਦੀ ਪਹਿਲਕਦਮੀ ਰਹੀ ਹੈ ਪਰ ਸ਼ੁਰੂਆਤੀ ਹਮਲਾਵਰਾਂ ਦੁਆਰਾ ਇਨਾਮਾਂ ਜਾਂ ਇਸਲਾਮ ਦੀਆਂ ਸਿੱਖਿਆਵਾਂ ਰਾਹੀਂ ਲੋਕਾਂ ਨੂੰ ਇਸਲਾਮ ਵਿੱਚ ਸ਼ਾਮਿਲ ਕੀਤਾ ਗਿਆ, ਔਰੰਗਜ਼ੇਬ ਦੇ ਸਮੇਂ ਜਬਰੀ ਧਰਮ ਕਬੂਲ ਕਰਵਾਉਣ ਦਾ ਪ੍ਰਚਲਣ ਵੀ ਰਿਹਾ ਪਰ ਇਹ ਸਿਰਫ ਸਮਾਜ ਦੇ ਪ੍ਰਭਾਵਕਾਰੀ ਵਿਅਕਤੀਆਂ ਉੱਪਰ ਹੀ ਲਾਗੂ ਕੀਤਾ ਜਾਂਦਾ ਸੀ ਤਾਂ ਜੋ ਉਹਨਾਂ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਲ ਹੀ ਇਹਨਾਂ ਦੇ ਪ੍ਰਭਾਵ ਅਧੀਨ ਆਉਂਦੇ ਲੋਕਾਂ ਨੂੰ ਸੁਭਾਵਿਕ ਹੀ ਆਪਣੇ ਧਰਮ ਨਾਲ ਜੋੜ ਲਿਆ ਜਾਵੇ।

ਭਾਰਤ ਵਿੱਚ ਇਸਲਾਮ ਦਾ ਪਹਿਲਾ ਵੱਡਾ ਪਸਾਰਾ ਉਮੈਦ ਵੰਸ਼ ਦੇ ਮੁਹੰਮਦ ਕਾਸਿਮ ਦੇ ਸਿੰਧ ਉੱਪਰ ਹਮਲੇ (712 ਈ.) ਨਾਲ ਹੋਇਆ। ਉਸ ਤੋਂ ਬਾਅਦ ਇਹ ਸਿਲਸਿਲਾ ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਭਾਰਤ ਉੱਪਰ 9ਵੀਂ 10ਵੀਂ ਸਦੀ ਦੇ ਹਮਲਿਆਂ ਨਾਲ ਹੋਰ ਜਿਆਦਾ ਤੇਜ਼ ਹੋਇਆ ਅਤੇ ਮੁਗਲਾਂ ਦੇ ਭਾਰਤੀ ਸੱਤਾ ਵਿੱਚ ਆ ਜਾਣ ਤੱਕ ਮੁਸਲਿਮ ਧਰਮ ਦਾ ਪਸਾਰਾ ਕਾਫੀ ਜਿਆਦਾ ਹੋ ਚੁੱਕਾ ਸੀ। 1535 ਈ. ਤੱਕ ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ 12.8 ਮਿਲੀਅਨ ਸੀ। ਸਿੱਖ ਧਰਮ ਦੀ ਸ਼ੁਰੂਆਤ (15 ਵੀਂ ਸਦੀ) ਤੱਕ ਲੱਗਭਗ 700 ਸਾਲਾਂ ਵਿੱਚ ਮੁਸਲਿਮ ਧਰਮ ਭਾਰਤੀ ਸੰਸਕ੍ਰਿਤੀ ਵਿੱਚ ਆਪਣਾ ਇੱਕ ਵਿਲੱਖਣ ਸਥਾਨ ਬਣਾ ਚੁੱਕਾ ਸੀ। ਭਾਰਤੀ ਖਾਸ ਕਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਇਸਲਾਮ ਦੇ ਰੀਤੀ ਰਿਵਾਜਾਂ ਨੂੰ ਜਗ੍ਹਾ ਮਿਲਣੀ ਸ਼ੁਰੂ ਹੋ ਗਈ ਸੀ। ਇਥੋਂ ਤੱਕ ਕਿ 'ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਦੁਆਰਾ ਮੁਸਲਿਮ ਰੂਹਾਨੀ ਕਵੀਆਂ ਦੀ  ਬਾਣੀ ਨੂੰ ਸ਼ਾਮਿਲ ਕੀਤਾ ਗਿਆ ਅਤੇ ਗੁਰੂ ਨਾਨਕ ਦੇਵ ਜੀ ਸਮੇਤ ਗੁਰੂਆਂ ਅਤੇ ਭਗਤਾਂ ਦੁਆਰਾ ਮੁਸਲਿਮ ਰੀਤਾਂ ਨੂੰ ਲਿਖਤਾਂ ਦਾ ਵਿਸ਼ਾ ਬਣਾਇਆ ਗਿਆ, ਜਿਵੇਂ ਵਜ਼ੂ, ਨਮਾਜ਼, ਰੋਜ਼ਾ, ਹੱਜ, ਆਦਿ। ਗੁਰੂ ਗ੍ਰੰਥ ਸਾਹਿਬ ਵਿੱਚ ਨਮਾਜ਼ ਬਾਰੇ ਬਹੁਤ ਸਾਰੀਆਂ ਤੁਕਾਂ ਵੱਖਰੇ ਵੱਖਰੇ ਸਿਧਾਂਤਾਂ ਨੂੰ ਪੇਸ਼ ਕਰਦੀਆਂ ਮਿਲ ਜਾਂਦੀਆਂ ਹਨ।

ਸਿੱਖ ਧਰਮ ਦਾ ਇਸਲਾਮ ਨਾਲ ਸੰਬੰਧ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨੇ ਦੀ ਦੋਸਤੀ ਨਾਲ ਹੀ ਜੁੜ ਜਾਂਦਾ ਹੈ। ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਇਸਲਾਮ ਧਰਮ ਦੇ ਸਿਧਾਤਾਂ ਦਾ ਅਧਿਐਨ ਕਰਦੇ ਹਨ ਅਤੇ ਸਮੇਂ ਦੇ ਨਾਲ ਇਸਲਾਮ ਜਗਤ ਵਿੱਚ ਆਈਆਂ ਊਣਤਾਈਆਂ ਉੱਪਰ ਤੰਦ ਵੀ ਕਸ਼ਦੇ ਹਨ ਅਤੇ ਇੱਕ ਸੱਚੇ ਮੁਸਲਮਾਨ ਦੇ ਕਰਤੱਬਾਂ ਦਾ ਵਰਣਨ ਆਪਣੀ ਬਾਣੀ ਰਾਹੀਂ ਕਰਦੇ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂਆਂ ਅਤੇ ਸਿੱਖੀ ਦਾ ਵਾਸਤਾ ਇਸਲਾਮ ਨਾਲ ਰਿਹਾ। ਜਿਸ ਦਾ ਕਾਰਨ ਉਸ ਸਮੇਂ ਰਾਜਨੀਤਿਕ ਸੱਤਾ ਉੱਪਰ ਇਸਲਾਮ ਧਰਮ ਨਾਲ ਸੰਬੰਧਿਤ ਸ਼ਾਸਕਾਂ ਦਾ ਕਬਜਾ ਸੀ। ਜਿੱਥੇ ਜਹਾਂਗੀਰ ਅਤੇ ਔਰੰਗਜੇਬ ਵਰਗੇ ਮੁਗਲ ਬਾਦਸ਼ਾਹ ਆਪਣੇ ਨਿੱਜੀ ਸੁਆਰਥਾਂ ਲਈ ਕ੍ਰਮਵਾਰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਲਈ ਜਿੰਮੇਵਾਰ ਸਨ ਉੱਥੇ ਇਸਲਾਮ ਦੇ ਅਸਲ ਸਿਧਾਂਤਾ ਨੂੰ ਸਮਝਣ ਵਾਲੇ ਮਰਦਾਨੇ ਤੋਂ ਲੈ ਕੇ ਪੀਰ ਬੁੱਧੂ ਸ਼ਾਹ, ਗਨੀ ਖਾਨ, ਨਬੀ ਖਾਨ ਹਮੇਸ਼ਾ ਸੱਚ ਵਾਲੇ ਪਾਸੇ ਖੜ੍ਹਦੇ ਰਹੇ। ਕਿਉਂਕਿ ਉਹ ਚੰਗੀ ਤਰ੍ਹਾਂ ਸਮਝਦੇ ਸਨ ਕਿ ਹਾਕਮ ਧਿਰ ਆਪਣੇ ਨਿੱਜੀ ਸੁਆਰਥਾਂ ਲਈ ਹਮੇਸ਼ਾ ਧਰਮ ਦੇ ਸਿਧਾਂਤਾਂ ਦਾ ਘਾਣ ਕਰਦੀ ਰਹੀ ਹੈ।

ਜਿੱਥੇ ਗੁਰੂ ਸਾਹਿਬਾਨਾਂ ਨੇ ਇਸਲਾਮ ਦਾ ਸਮਾਜਿਕ-ਸੱਭਿਆਚਾਰਕ ਪ੍ਰਭਾਵ ਕਬੂਲਦੇ ਹੋਏ ਇਸਲਾਮ ਧਰਮ ਦੇ ਸਿਧਾਤਾਂ ਨੂੰ ਅਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ। ਉੱਥੇ ਉਹਨਾਂ ਸੱਚੇ ਮੁਸਲਮਾਨ ਹੋਣ ਦੇ ਗੁਣਾਂ ਦਾ ਵਰਣਨ ਕੀਤਾ ਅਤੇ ਰਾਜਸੱਤਾ ਦੇ ਪ੍ਰਭਾਵ ਅਧੀਨ ਆ ਚੁੱਕੇ ਅਖੌਤੀ ਧਾਰਮਿਕ ਆਗੂਆਂ ਦੇ ਕਿਰਦਾਰ ਨੂੰ ਨੰਗਾ ਕੀਤਾ। ਇਸ ਸੰਬੰਧੀ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਸੀ -
"ਰਾਜੇ ਸੀਹ ਮੁਕਦਮ ਕੁਤੇ”

ਜਦੋਂ ਅਸੀਂ 'ਆਦਿ ਗੁਰੂ ਗ੍ਰੰਥ ਸਾਹਿਬ' ਵਿੱਚ ਨਮਾਜ਼ ਦਾ ਜ਼ਿਕਰ ਦੇਖਦੇ ਹਾਂ ਤਾਂ ਇੱਕੋ ਗੱਲ ਵਾਰ-ਵਾਰ ਸ਼ਪਸਟ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਨਮਾਜ਼ ਦਾ ਮਕਸਦ ਕਿਸੇ ਖਾਸ ਨਿਯਮ ਵਿੱਚ ਬੱਝ ਕੇ ਕੋਈ ਕਰਮ ਕਾਂਡ ਕਰਨ ਦੀ ਪ੍ਰੋੜਤਾ ਕਰਨਾ ਨਹੀਂ ਹੈ ਸਗੋਂ ਦੂਸਰੇ ਪਾਸੇ ਜੋ ਗੱਲ ਸਪਸ਼ਟ ਹੁੰਦੀ ਹੈ ਉਹ ਇਹ ਹੈ ਕਿ ਸਾਡੇ ਲਈ ਕਿਸੇ ਵੀ ਧਾਰਮਿਕ ਨਿਤਨੇਮ ਨੂੰ ਅਪਣਾਉਣ ਦੇ ਨਾਲ- ਨਾਲ ਇਹ ਜਰੂਰੀ ਹੋ ਜਾਂਦਾ ਹੈ ਕਿ ਇਹ ਕਰਮਕਾਂਡ ਕਰਨ ਦੇ ਨਾਲ-ਨਾਲ ਸਾਡਾ ਜੀਵਨ ਆਦਰਸ਼ਵਾਦੀ ਹੋਵੇ ਤੇ ਇੱਕ ਸੱਚੇ ਅਤੇ ਸਪੱਸਟ ਮਨੁੱਖ ਵਾਂਗ ਅਸੀਂ ਇਸ ਸੰਸਾਰ ਵਿੱਚ ਆਪਣਾ ਜੀਵਨ ਜੀਵੀਏ । ਗਰੁਬਾਣੀ ਅਨੁਸਾਰ ਅਸੀਂ ਆਪਣੇ ਅੰਦਰ ਅਜਿਹੇ ਗੁਣ ਪੈਦਾ ਕਰੀਏ ਕਿ ਸਾਡਾ ਜੀਵਣ ਦੂਸਰਿਆਂ ਲਈ ਪ੍ਰੇਰਣਾ ਬਣੇ। ਜੇਕਰ ਮਨੁੱਖ ਆਪਣੇ ਜੀਵਨ ਵਿੱਚ ਆਪਣੇ ਆਪ ਨੂੰ ਸੱਚਾ ਅਤੇ ਧਾਰਮਿਕ ਤੌਰ ਤੇ ਆਦਰਸ਼ਵਾਦੀ ਬਣਾਉਣ ਦੀਆਂ ਸੰਭਾਵਨਾਵਾਂ ਨਹੀਂ ਰੱਖਦਾ ਤਾਂ ਉਸ ਦੁਆਰਾ ਪੜੀਆਂ ਨਮਾਜ਼ਾਂ ਦੀ ਕੋਈ ਸਾਰਥਿਕਤਾ ਨਹੀਂ ਰਹਿ ਜਾਂਦੀ । ਸੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਨਮਾਜ਼ ਸੰਬੰਧੀ ਵਿਚਾਰਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਗੱਲ ਮੁਢਲੇ ਰੂਪ ਵਿੱਚ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਨਮਾਜ਼ ਪੜਨ ਤੋਂ ਵੱਧ ਜਰੂਰੀ ਹੈ ਕਿ ਉਸ ਵਿੱਚ ਨਮਾਜ਼ੀ ਹੋਣ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਹੋਣ ਦੇ ਗੁਣ ਹੋਣੇ ਅਤਿ ਜਰੂਰੀ ਹਨ।

ਹੇਠਾਂ ਅਸੀਂ ਗੁਰਬਾਣੀ ਦੀਆਂ ਕੁਝ ਪੰਗਤੀਆਂ ਰਾਹੀਂ 'ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ' ਵਿੱਚ ਸ਼ਾਮਿਲ ਨਮਾਜ਼ ਸੰਬੰਧੀ ਵਿਚਾਰਾਂ ਦੀ ਚਰਚਾ ਕਰਦੇ ਹਾਂ:

ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜੋ ਆਦਮੀ ਮੌਤ ਦੇ ਭੈ ਤੋਂ ਪੰਜੇ ਵਕਤ ਨਮਾਜ਼ ਅਤੇ ਕੁਰਾਨ ਆਦਿ ਧਾਰਮਿਕ ਕਿਤਾਬਾਂ ਪੜ੍ਹਦਾ ਹੈ ਉਹ ਕੁਦਰਤ ਦੇ ਵਰਤਾਰੇ ਦੀ ਉਲੰਘਣਾ ਕਰਦਾ ਹੈ। ਨਮਾਜ਼ ਪੜ੍ਹਣ ਨਾਲ ਮੌਤ ਤੋਂ ਬਚਿਆ ਨਹੀਂ ਜਾ ਸਕਦਾ ਕਿਉਂਕਿ ਮੌਤ ਵੀ ਕੁਦਰਤ ਦੇ ਵਰਤਾਰੇ ਦਾ ਇੱਕ ਅਹਿਮ ਪੜਾਅ ਹੈ:

ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ॥ ਨਾਨਕੁ ਆਖੈ ਹੋਰ ਸਦੇਈ ਰਹਿਓ ਪੀਣਾ ਖਾਣਾ ॥ (ਪੰਨਾ 24)

ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ- ਕਿ ਇੱਕ ਸੱਚੇ ਮੁਸਲਮਾਨ ਲਈ ਇਹ ਗੱਲਾਂ ਵੀ ਜਰੂਰੀ ਹਨ ਕਿ ਉਸ ਦੇ ਚਰਿੱਤਰ ਵਿੱਚ ਉੱਚੇ ਗੁਣ ਹੋਣੇ ਚਾਹੀਦੇ ਹਨ, ਇੱਕ ਸੱਚੇ ਮੁਸਲਮਾਨ ਦਾ ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ ਭਾਵ ਸੱਚਾ ਮਨੁੱਖ ਹੋਣਾ ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ। ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥

ਗੁਰੂ ਨਾਨਕ ਦੇਵ ਜੀ ਨਮਾਜ਼ ਦੀ ਬਹੁਤ ਹੀ ਦਿਲ ਖਿਚਵੀਂ ਵਿਆਖਿਆ ਕਰਦੇ ਹੋਏ ਇਸ ਦੇ ਪੰਜਾਂ ਪ੍ਰਕਾਰਾਂ ਦੀ ਆਪਣੀ ਸਵਤੰਤਰ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਉਹਨਾਂ ਦੀ ਨਜ਼ਰ ਵਿੱਚ ਅਸਲ ਮੁਸਲਮਾਨ ਉਹ ਹੈ ਜੋ ਹੇਠ ਲਿਖੀਆਂ ਨਮਾਜ਼ਾਂ ਨੂੰ ਆਪਣੀ ਰੋਜ਼ਾਨਾ ਜਿੰਦਗੀ (ਨਿੱਤਨੇਮ) ਵਿੱਚ ਸ਼ਾਮਿਲ ਕਰਦਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਪਹਿਲੀ ਨਮਾਜ਼ 'ਸੱਚ' ਹੈ। ਹੱਕ-ਹਲਾਲ ਦੀ ਕਮਾਈ ਖਾਣਾ ਦੂਸਰੀ ਨਮਾਜ਼ ਹੈ। ਇਸ ਜਗਤ ਵਿੱਚ ਸਭ ਦੀ ਖੈਰ ਮੰਗਣਾ ਤੀਸਰੀ ਨਮਾਜ਼ ਹੈ। ਚੌਥੀ ਨਮਾਜ਼ ਦੀ ਨੀਅਤ ਧਰਨ ਦਾ ਮਤਲਬ ਮਨ ਨੂੰ ਸ਼ਾਫ ਰਖਣਾ ਹੈ ਅਤੇ ਪੰਜਵੀਂ ਨਮਾਜ਼ ਪ੍ਰਮਾਤਮਾ ਦੀ ਸਿਫਤ ਸਲਾਹ ਅਤੇ ਵਡਿਆਈ ਕਰਨਾ ਹੈ। ਆਪਣੇ ਚੰਗੇ ਕਰਮ (ਚੰਗਾ ਆਚਰਨ) ਰੂਪੀ ਕਲਮਾ ਪੜ੍ਹ ਕੇ ਹੀ ਕੋਈ ਮੁਸਲਮਾਨ ਅਖਵਾ ਸਕਦਾ ਹੈ। ਜੋ ਇਸ ਤੋਂ ਬਿਨਾਂ ਸਭ ਕੂੜ ਕਰ ਕੇ ਕੂੜ ਵਿੱਚ ਹੀ ਪਾ ਦੇਣਾ ਹੈ।

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥

ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥

ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥

ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ (ਪੰਨਾ 141)

ਗੁਰੂ ਨਾਨਕ ਦੇਵ ਜੀ ਉਸ ਵੇਲੇ ਦੇ ਹਾਕਮਾਂ ਅਤੇ ਅੱਤਿਆਚਾਰ ਕਰਨ ਵਾਲੇ ਰਾਜ ਅਧਿਕਾਰੀਆਂ ਬਾਰੇ ਗੱਲ ਕਰਦੇ ਹੋਏ ਉਹਨਾਂ ਨੂੰ ਮਾਣਸ ਖਾਣੇ ਕਹਿੰਦੇ ਹਨ ਅਤੇ ਨਾਲ ਹੀ ਫਰਮਾਉਂਦੇ ਹਨ ਕਿ ਇਹ ਮਾਣਸ ਖਾਣੇ ਆਪਣੀ ਮਾਨਸਿਕ ਸੰਤੁਸ਼ਟੀ ਲਈ ਨਮਾਜ਼ਾਂ ਦਾ ਸਹਾਰਾ ਲੈਂਦੇ ਹੈ ਜੋ ਕਿ ਸਭ ਵਿਅਰਥ ਹੈ।

ਮਾਣਸ ਖਾਣੇ ਕਰਹਿ ਨਿਵਾਜ॥ (ਪੰਨਾ 471-472)

ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਰੋਜ਼ਾ ਰੱਖਿਆਂ ਜਾਂ ਨਮਾਜ਼ ਗੁਜਾਰਨ ਨਾਲ ਜੰਨਤ ਨਹੀਂ ਮਿਲ ਜਾਂਦੀ। ਭਗਤ ਜੀ ਫਰਮਾਉਂਦੇ ਹਨ ਕਿ ਸਾਡੇ ਅੰਦਰ ਹੀ ਕਾਬਾ ਹੈ ਜੇਕਰ ਅਸੀਂ ਇਸ ਨੂੰ ਪਛਾਣ ਲਈਏ। ਸਭਨਾ ਨਾਲ ਨਿਆਂ ਕਰਨਾ ਹੀ ਨਮਾਜ਼ ਹੈ ਆਪਣੀ ਅਕਲ ਨਾਲ ਪ੍ਰਮਾਤਮਾ ਨੂੰ ਜਾਣ ਲੈਣਾ ਹੀ ਕਲਮਾ ਹੈ ।

ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ॥

ਸਤਰਿ ਕਾਬਾ ਘਟ ਹੀ ਭੀਤਰਿ ਜੋ ਕਰਿ ਜਾਨੈ ਕੋਈ॥

ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ॥੨ (ਪੰਨਾ 480)

ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਦਾ ਨਾਮ ਸੱਚ ਹੈ ਇਹ ਹੀ (ਹੇ ਮਨੁੱਖ) ਤੇਰੀ ਨਮਾਜ਼ ਹੋਣੀ ਚਾਹੀਦੀ ਹੈ ਅਤੇ ਪ੍ਰਮਾਤਮਾ ਉੱਪਰ ਭਰੋਸਾ ਨਮਾਜ਼ ਪੜ੍ਹਣ ਵਾਲੇ ਮੁਸੱਲੇ (ਨਮਾਜ਼ ਪੜ੍ਹਣ ਲਈ ਵਿਛਾਈ ਜਾਣ ਵਾਲੀ ਚਟਾਈ) ਵਾਂਗ ਹੋਣਾ ਚਾਹੀਦਾ ਹੈ।

ਸਚੁ ਨਿਵਾਜ ਯਕੀਨ ਮੁਸਲਾ॥ (ਪੰਨਾ 1083)

ਜਿਵੇਂ ਅਸੀਂ ਪਹਿਲਾਂ ਜਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਦੋਸਤੀ ਨੇ ਹਿੰਦੂ ਮੁਸਲਮਾਨ ਰਿਸਤਿਆਂ ਦਾ ਮੁੱਢ ਬੰਨ੍ਹਿਆਂ ਅਤੇ ਉਹਨਾਂ ਦੁਆਰਾ ਮੌਕੇ ਦੀ ਯਾਤਰਾ ਨੇ ਇਸ ਰਿਸਤੇ ਨੂੰ ਹੋਰ ਪਕੋਰਿਆਂ ਕੀਤਾ, ਜਿਸ ਕਾਰਨ ਅੱਜ ਵੀ ਮੁਸਲਿਮ ਬਾਬਾ ਨਾਨਕ ਨੂੰ ਰੂਹਾਨੀ ਫ਼ਕੀਰ ਵਜੋਂ ਮਾਨਤਾ ਦਿੰਦੇ ਹਨ। ਜਦੋਂ ਅਸੀਂ ਗੁਰੂ ਕਾਲ ਸਮੇਂ ਪੰਜਾਬ ਦੀ ਗੱਲ ਤੋਰਦੇ ਹਾਂ ਤਾਂ ਉਸ ਸਮੇਂ ਮੁਸਲਿਮ ਧਰਮ ਦਾ ਹੀ ਬੋਲਬਾਲਾ ਸੀ । ਇਸ ਲਈ ਉਸ ਸਮੇਂ ਦੀ ਕੋਈ ਵੀ ਧਾਰਮਿਕ, ਰਾਜਨੀਤਿਕ, ਸਮਾਜਿਕ ਲਿਖਤ ਮੁਸਲਮਾਨੀ ਧਾਰਮਿਕ ਪ੍ਰਭਾਵ ਤੋਂ ਸੱਖਣੀ ਨਾ ਰਹਿ ਸਕੀ। ਪੰਜਾਬ ਵਿੱਚ ਭਾਵੇਂ ਸਿੱਖ ਅਤੇ ਮੁਸਲਿਮ ਧਰਮ ਕਦੇ ਪੂਰਨ ਤੌਰ ਤੇ ਇੱਕ ਦੂਸਰੇ ਵਿੱਚ ਨਾ ਸਮਾ ਸਕੇ ਪਰ ਸਮਾਜਿਕ ਤੌਰ ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੋਹਾਂ ਧਰਮਾਂ ਨੂੰ ਪੂਰਨ ਤੌਰ ਤੇ ਵੱਖਰੇ ਕਰ ਕੇ ਪੰਜਾਬੀ ਸੱਭਿਆਚਾਰ ਦਾ ਅਧਿਐਨ ਨਹੀਂ ਕੀਤਾ ਜਾ ਸਕਦਾ।

ਜੇਕਰ ਅਸੀਂ ਇਸਲਾਮ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਦਾ ਜਿਕਰ ਕਰੀਏ ਤਾਂ ਬਹੁਤ ਹੱਦ ਤੱਕ ਇਹ ਆਪਸ ਵਿੱਚ ਮੇਲ ਵੀ ਖਾਂਦੀਆਂ ਹਨ ਅਤੇ ਕਈ ਥਾਂ ਵਿਰੋਧਭਾਸ ਵੀ ਮਿਲ ਜਾਂਦੇ ਹਨ। ਇਸਲਾਮ ਅਤੇ ਸਿੱਖ ਧਰਮ ਵਿੱਚ ਮਢੀਆਂ ਮਸਾਣੀਆਂ ਦੀ ਪੂਜਾ ਦਾ ਵਿਰੋਧ ਕੀਤਾ ਗਿਆ ਹੈ। ਦੋਵੇਂ ਧਰਮ ਆਪਣੇ ਧਾਰਮਿਕ ਗ੍ਰੰਥਾਂ ' ਪਵਿੱਤਰ ਕੁਰਾਨ ' ਅਤੇ ' ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ' ਵਿੱਚ ਅਟੁੱਟ ਵਿਸਵਾਸ਼ ਰਖਦੇ ਹਨ। ਦੋਹਾਂ ਧਰਮਾਂ ਵਿੱਚ ' ਦਸਵੰਧ ' ਅਤੇ ' ਜਕਾਤ ' ਦੇ ਨਾਮ ਤੇ ਆਪਣੀ ਕਮਾਈ ਵਿੱਚੋਂ ਧਰਮ ਹਿੱਤ ਦਾਨ ਦੇਣ ਦੀ ਨਸ਼ੀਹਤ ਮਿਲਦੀ ਹੈ । ਦੋਹਾਂ ਧਰਮਾਂ ਦਾ ਇੱਕ ਹੀ ਰੱਬ ਵਿੱਚ ਯਕੀਨ ਇਹਨਾਂ ਨੂੰ ਫਿਰ ਤੋਂ ਇਕੱਠਿਆਂ ਕਰ ਦਿੰਦਾ ਹੈ।

ਨਮਾਜ਼ 'ਅਲਾਹ ਅਕਬਰ ਤੋਂ ਸ਼ੁਰੂ ਹੁੰਦੀ ਹੈ, ਜਿਸ ਦਾ ਅਰਥ ਹੈ ਅੱਲਾਹ ਸਭ ਤੋਂ ਵੱਡਾ ਹੈ। ਇਸਲਾਮ ਵਿੱਚ ਇੱਕ ਰੱਬ ਦੇ ਸੰਕਲਪ ਉੱਪਰ ਹੀ ਸਾਰੀ ਫਿਲਾਸਪੀ ਨਿਰਧਾਰਿਤ ਹੈ। ਰੱਬ ਤੋਂ ਵੱਡਾ ਕੋਈ ਨਹੀਂ ਹੈ ਅਤੇ ਨਾ ਹੀ ਕੋਈ ਉਸ ਦੇ ਬਰਾਬਰ ਦਾ ਹੈ ਭਾਵ ਉਸ ਦਾ ਕੋਈ ਸ਼ਰੀਕ ਨਹੀਂ ਹੈ।

ਗੁਰਬਾਣੀ ਵਿੱਚ ਵੀ 'ੴ' ਦਾ ਸੰਕਲਪ ਵੀ ਰੱਬ ਦੇ ਇੱਕੋ ਹੋਣ ਦੀ ਧਾਰਨਾ ਦਾ ਪ੍ਰਤੀਪਾਲਣ ਕਰਦਾ ਹੈ। ਭਾਵ ਪ੍ਰਮਾਤਮਾ ਇੱਕ ਹੈ, ਨਾ ਕੋਈ ਇਸ ਵਰਗਾ ਦੂਸਰਾ ਹੈ ਅਤੇ ਅਤੇ ਨਾ ਹੀ ਕੋਈ ਇਸ ਦੇ ਬਰਾਬਰ ਦਾ ਹੈ।

ਇਸ ਤਰ੍ਹਾਂ ਇਸਲਾਮ ਅਤੇ ਸਿੱਖ ਧਰਮ ਦਾ ਮੂਲ ਸਿਧਾਂਤ ਇੱਕ ਰੱਬ ਦੀ ਧਾਰਨਾ ਉੱਪਰ ਟਿਕਿਆ ਹੋਇਆ वै।

-ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਨ ਕੋਇ॥

-ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ॥

ਅੱਗੇ ਨਮਾਜ਼ ਦੀ ਸ਼ੁਰੂਆਤ 'ਸੂਰਤ ਫ਼ਾਤਿਹਾ' ਨਾਲ ਹੁੰਦੀ ਹੈ। ਜਿਸ ਦੇ ਅਰਥ ਇਸ ਤਰ੍ਹਾਂ ਹਨ:

ਮੈਂ ਅਤੀ ਦਿਆਲੂ ਅਤੇ ਕਿਰਪਾਲੂ ਅੱਲਾਹ ਦਾ ਨਾਂ ਲੈ ਕੇ ਸ਼ੁਰੂ ਕਰਦਾ ਹਾਂ। ਹਰੇਕ ਉਪਮਾ ਦਾ ਅਧਿਕਾਰੀ ਸਾਰੇ ਜਹਾਨਾਂ ਦਾ ਸਿਰਜਨਹਾਰ ਤੇ ਪਾਲਨਹਾਰ ਅਲਾਹ ਹੀ ਹੈ, ਜੋ ਅਤਿ ਦਿਆਲੂ ਅਤੇ ਕਿਰਪਾਲੂ ਹੈ। ਉਹ ਲੇਖੇ ਦੇ ਦਿਨ ਦਾ ਵੀ ਮਾਲਕ ਹੈ। (ਹੇ ਪ੍ਰਭੂ) ਅਸੀਂ ਕੇਵਲ ਤੇਰਾ ਹੀ ਨਾਮ ਜਪਦੇ ਹਾਂ ਤੇ ਤੇਰੇ ਤੋਂ ਹੀ ਸਹਾਇਤਾ ਮੰਗਦੇ ਹਾਂ । ਤੂੰ ਸਾਨੂੰ ਸਿੱਧੇ ਮਾਰਗ ਵੱਲ ਲਗਾਈ ਰੱਖ, ਉਹਨਾਂ ਧਰਮੀਆਂ ਦੇ ਮਾਰਗ ਵੱਲ, ਜੋ ਤੇਰੀ ਕਿਰਪਾ ਦੇ ਪਾਤਰ ਬਣੇ। ਉਹਨਾਂ ਦੇ ਮਾਰਗ ਵੱਲ ਨਹੀਂ, ਜੋ ਤੇਰੀ ਕਿਰਪਾ ਦੇ ਭਾਗੀ ਬਣੇ, ਜਾਂ ਤੈਥੋਂ ਦੂਰ ਚਲੇ ਗਏ, ਤੂੰ ਅਜਿਹਾ ਹੀ ਕਰ ।

ਗੁਰਬਾਣੀ ਵਿੱਚ ਵੀ ਵਾਰ-ਵਾਰ ਇਹ ਜਿਕਰ ਆਉਂਦਾ ਹੈ ਕਿ ਪ੍ਰਮਾਤਮਾ ਦਿਆਲੂ ਹੈ ਅਤੇ ਸਭ ਤੇ ਕਿਰਪਾ ਕਰਨ ਵਾਲਾ ਹੈ।

-ਜਿਸ ਕਾ ਦਇਆਲੁ ਕੈਸੀ ਮੋਹਿ ਰਾਮਿ ਰਤਾ ਰੈ॥

-ਹਰਿ ਕੀ ਦਇਆ ਹੋਇ ਪੁਰਾਣੀ ਸਦਾ ਸਦਾ ਰਹੈ ਸੁਖਵਾਨੀ । ਹਰਿ ਦੀਆ ਦੁਆਰਾ ਸਦੈਵ ਦਇਆਲੁ।

-ਸਚਾ ਸਚਾ ਕਿਆ ਰੱਬੁ ਦਇਆਲੁ ਹੈ ਜਿਹਦਾ ਕਦੇ ਨਾ ਹੂਹੈ।

ਇਸ ਤੋਂ ਬਾਅਦ ਆਮ ਤੌਰ ਤੇ 'ਸੂਰਤ ਇਖ਼ਲਾਸ' ਪੜ੍ਹੀ ਜਾਂਦੀ ਹੈ। ਜਿਸ ਦਾ ਅਨੁਵਾਦ ਇਸ ਤਰ੍ਹਾਂ ਹੈ:

ਇਹ ਐਲਾਨ ਕਰ ਦਿਓ ਕਿ ਅੱਲਾਹ ਇੱਕ ਹੈ, ਉਹ ਕਿਸੇ ਦਾ ਮੁਹਤਾਜ ਨਹੀਂ ਹੈ, ਸਭ ਉਸ ਦੇ ਮੁਹਤਾਜ ਹਨ। ਉਹ ਮਾਤਾ-ਪਿਤਾ ਅਤੇ ਧੀਆਂ-ਪੁੱਤਾਂ ਤੋਂ ਰਹਿਤ ਹੈ।ਉਸ ਜਿਹਾ ਹੋਰ ਕੋਈ ਵੀ ਨਹੀਂ ਹੈ, ਉਹ ਆਪਣੇ ਜਿਹਾ ਇੱਕੋ ਇੱਕ ਆਪ ਹੀ ਹੈ।

-ਨਾਨਕੁ ਏਕੋ ਜਹਾਨੀ ਜਿ ਮਾਂ ਬਾਪੁ ਰਖਿਆ॥

-ਨਾਨਕ ਓਹ ਬੇਅੰਤੁ ਬੈਪੁ, ਜਿ ਮਾਂ ਬਾਪੁ ਰਖੇ॥

-ਨ ਬਾਪੁ ਨ ਮਾਂ ਪੇਖੀਅਹਿ ਨ ਬੰਧਨਿ ਨ ਜਾਇ॥

-ਨ ਮਾਂ ਨ ਬਾਪੁ ਨ ਕੋਇ।

-ਨਾਨਕ ਨਾਮੁ ਅਰਾਧਿ ਲੀਜੈ, ਜਿਨਿ ਮਾਂ ਬਾਪੁ ਨ ਪਾਈ ॥

ਹੇਠਾਂ ਬੈਠਣ ਸਮੇਂ ਨਮਾਜ਼ ਦਾ ਜੋ ਹਿੱਸਾ ਪੜ੍ਹਿਆ ਜਾਂਦਾ ਹੈ ਉਸ ਨੂੰ 'ਤਸ਼ਹੱਦ' ਕਹਿੰਦੇ ਹਨ। ਜਿਸ ਦਾ ਅਨੁਵਾਦ ਇਸ ਤਰ੍ਹਾਂ ਹੈ:

ਸਾਰੇ ਜਪ ਤਪ ਤੇ ਦਾਨ-ਪੁੰਨ ਅੱਲਾਹ ਵਾਸਤੇ ਹੀ ਯੋਗ ਹਨ (ਅਰਥਾਤ ਅੱਲਾਹ ਤੋਂ ਛੁੱਟ ਹੋਰ ਕਿਸੇ ਵੀ ਵਿਅਕਤੀ ਦੀ ਭਜਨ ਬੰਦਗੀ ਨਹੀਂ ਕਰਨੀ ਚਾਹੀਦੀ) ਹੋ ਨਬੀ! (ਹਜਰਤ ਮੁਹੰਮਦ ਸਾਹਿਬ) ਤੇਰੇ ਉੱਪਰ ਅਤੇ ਸਾਡੇ ਉੱਪਰ ਸਲਾਮਤੀ, ਰਹਿਮਤ ਤੇ ਬਰਕਤ ਹੋਵੇ ਅਤੇ ਅਲੱਹ ਦੇ ਸਾਰੇ ਭਲੇ-ਪੁਰਸ਼ਾਂ ਉੱਤੇ ਵੀ ਸਲਾਮਤੀ ਹੋਵੇ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਛੁੱਟ ਕੋਈ ਵੀ ਇਸ਼ਟ ਨਹੀਂ ਉਹ ਇੱਕੋ ਇੱਕ ਹੈ ਅਤੇ ਮੈਂ ਇਹ ਗਵਾਹੀ ਵੀ ਦਿੰਦਾ ਹਾਂ ਕਿ ਹਜ਼ਰਤ ਮੁਹੰਮਦ (ਸਾਹਿਬ) ਉਸ ਦੇ ਸਾਜੇ ਹੋਏ ਰਸੂਲ ਅਤੇ ਬੰਦੇ ਹਨ (ਮਤਲਬ ਰੱਬ ਨਹੀਂ ਹਨ) ।

ਗੁਰਬਾਣੀ ਅਨੁਸਾਰ ਪ੍ਰਮਾਤਮਾ ਤੋਂ ਬਿਨਾਂ ਕੋਈ ਵੀ ਬੰਦਗੀ ਦੇ ਯੋਗ ਨਹੀਂ ਹੈ। ਪ੍ਰਮਤਾਮਾ ਤੋਂ ਛੁੱਟ ਕਿਸੇ ਦੀ ਵੀ ਬੰਦਗੀ ਨਹੀਂ ਕਰਨੀ ਚਾਹੀਦੀ।

ਕਿਵ ਨ ਆਰਾਧੀਐ ਜਿਨਿ ਸੇਵਾ ਸੁਆਮੀ ਕੀ ।

ਪ੍ਰਮਾਤਮਾ ਇੱਕੋ ਹੀ ਹੈ ਅਤੇ ਇਸ ਦੇ ਬਰਾਬਰ ਦਾ ਕੋਈ ਵੀ ਨਹੀਂ ਹੈ। ਕਿਉਂਕਿ ਉਹ ਜਨਮ ਅਤੇ ਮਰਨ ਤੋਂ ਪਾਰ ਹੈ।

ਸਾਂਝੀ ਨ ਪਾਈਐ ਕਿਤੈ ਨਾਲਿ, ਅਜੋਨੀ ਅਪਾਰਾ ਹੈ ਸਾਰਾ॥

ਇਸ ਤੋਂ ਬਾਅਦ ਬੈਠੇ ਬੈਠੇ ਹੀ ਦਰੂਦ ਸ਼ਰੀਫ਼ ਵੀ ਪੜਿਆ ਜਾਂਦਾ ਹੈ। ਜਿਸ ਦਾ ਅਨੁਵਾਦ ਇਸ ਤਰ੍ਹਾਂ -

ਹੋ ਅੱਲਾਹ। ਤੂੰ ਹਜ਼ਰਤ ਮੁਹੰਮਦ (ਸਾਹਿਬ) ਅਤੇ ਆਪ ਦੇ ਅਨੁਯਾਈਆਂ ਉੱਤੇ ਮਿਹਰ ਕਰ। ਜਿਵੇਂ ਕਿ ਤੂੰ ਹਜ਼ਰਤ ਇਬਰਾਹੀਮ ਅਤੇ ਉਸ ਦੇ ਅਨੁਯਾਈਆਂ ਉੱਤੇ ਮਿਹਰ ਕੀਤੀ ਸੀ। ਤੂੰ ਹੀ ਹਰ ਉਪਮਾ ਦਾ ਅਧਿਕਾਰੀ ਅਤੇ ਬਲਵਾਨ ਹੈਂ ।

ਹੇ ਅੱਲਾਹ! ਤੂੰ ਹਜ਼ਰਤ ਮੁਹੰਮਦ (ਸਾਹਿਬ) ਅਤੇ ਆਪ ਦੇ ਅਨੁਯਾਈਆਂ ਬਰਕਤ ਦੇ, ਜਿਵੇਂ ਕਿ ਤੂੰ ਹਜ਼ਰਤ ਇਬਰਾਹੀਮ ਅਤੇ ਉਸ ਦੇ ਅਨੁਯਾਈਆਂ ਨੂੰ ਬਰਕਤ ਦਿੱਤੀ ਸੀ। ਤੂੰ ਹੀ ਹਰ ਉਪਮਾ ਦਾ ਅਧਿਕਾਰੀ ਅਤੇ ਬਲਵਾਨ ਹੈਂ।

ਇਸ ਤੋਂ ਬਾਅਦ ਦੁਆ ਪੜ੍ਹੀ ਜਾਂਦੀ ਹੈ। ਜਿਸ ਦਾ ਅਨੁਵਾਦ ਇਸ ਤਰ੍ਹਾਂ ਹੈ:

ਹੋ ਅੱਲਾਹ ਮੈਂ ਆਪਣੀ ਜਾਨ ਤੇ ਅਨੇਕਾਂ ਜ਼ੁਲਮ ਕੀਤੇ ਹਨ । ਤੇਰੇ ਤੋਂ ਇਲਾਵਾ ਕੋਈ ਵੀ ਬਖ਼ਸ਼ਣਹਾਰ ਨਹੀਂ ਹੈ। ਤੂੰ ਆਪਣੀ ਮਿਹਰ ਨਾਲ ਬਖ਼ਸ਼ ਲੈ । ਤੂੰ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਬਾਨ ਹੈਂ।

ਦੂਸਰੀ ਦੁਆ ਇਸ ਤਰ੍ਹਾਂ ਹੈ

ਹੇ ਅੱਲਾਹ! ਮੈ ਤੇਰੇ ਕੋਲੋਂ ਹਰੇਕ ਦੁੱਖ-ਸੁੱਖ ਸਮੇਂ ਪਨਾਹ ਮੰਗਦਾ ਹਾਂ। ਤੇਰੇ ਤੋਂ ਕਾਇਰਤਾ ਅਤੇ ਕੰਜੂਸੀ ਤੋਂ ਵੀ ਪਨਾਹ ਮੰਗਦਾ ਹਾਂ ਤੇ ਇਸੇ ਤਰ੍ਹਾਂ ਮੈਂ ਤੇਰੇ ਕੋਲੋਂ ਇਸ ਗੱਲ ਦੀ ਪਨਾਹ ਮੰਗਦਾ ਹਾਂ ਕਿ ਕਿਤੇ ਇਹ ਨਾ ਹੋਵੇ ਕਿ ਮੈਂ ਆਪਣੇ ਕਾਰਜਾਂ ਦੀ ਸਿੱਧੀ ਲਈ ਸਾਧਨ ਪ੍ਰਾਪਤ ਨਾ ਕਰ ਸਕਾਂ ਤੇ ਇਸ ਗੱਲ ਦੀ ਵੀ ਕੀ ਕਿਤੇ ਇਹ ਨਾ ਹੋਵੇ ਕਿ ਸਾਧਨਾ ਦੇ ਹੁੰਦਿਆਂ ਉਹਨਾਂ ਤੋਂ ਕੰਮ ਨਾ ਲੈ ਸਕਾਂ, ਮੈਂ ਇਹ ਵੀ ਪਨਾਹ ਮੰਗਦਾਂ ਹਾਂ ਕਿ ਕਿਤੇ ਮੈਂ ਅਜਿਹਾ ਕਰਜ਼ਾਈ ਨਾ ਹੋ ਜਾਵਾਂ ਕਿ ਉਹ ਕਰਜ਼ ਉਤਾਰ ਨਾ ਸਕਾਂ ਅਤੇ ਇਸ ਗੱਲ ਦੀ ਵੀ ਪਨਾਹ ਮੰਗਦਾ ਹਾਂ ਕਿ ਕਿਤੇ ਮੇਰੀ ਆਜ਼ਾਦੀ ਨਾ ਜਾਂਦੀ ਰਹੇ ਅਤੇ ਕੋਈ ਵੱਡਾ ਜਾਬਰ ਮੇਰੇ ਉੱਪਰ ਹਕੂਮਤ ਕਰਨ ਲੱਗ ਪਵੇ।

ਦੁਆ ਇਸ ਤਰ੍ਹਾਂ ਹੈ -

ਹੇ ਅੱਲਾਹ! ਮੈਨੂੰ ਨਮਾਜ਼ ਪੜ੍ਹਦੇ ਰਹਿਣ ਦਾ ਬਲ ਬਖ਼ਸ਼ ਤੇ ਮੇਰੀ ਸੰਤਾਨ ਨੂੰ ਵੀ। ਹੇ ਮੇਰੇ ਸਾਜਨਹਾਰ ਤੇ ਪਾਲਨਹਾਰ! ਮੇਰੀ ਇਹ ਅਰਦਾਸ ਪਰਵਾਨ ਕਰ । ਹੇ ਮੇਰੇ ਸਾਜਨਹਾਰ ਤੇ ਪਾਲਨਹਾਰ! ਲੇਖੇ ਦੋ ਦਿਨ ਮੇਰੇ ਮਾਪਿਆਂ, ਮੋਮਨਾਂ (ਅਲੱਹ ਵਿੱਚ ਵਿਸ਼ਵਾਸ ਰੱਖਣ ਵਾਲਾ), ਅਤੇ ਸਾਰੇ ਸਾਕ ਸੰਬੰਧੀਆਂ ਨੂੰ ਬਖ਼ਸ਼ ਦੇਣਾ।

 ਹਵਾਲੇ

 1.ਇਸਲਾਮ ਧਰਮ ਅਨੁਸਾਰ ਇਸ ਦਿਨ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਜੰਨਤ ਵੱਲ ਯਾਤਰਾ ਕਰ ਕੇ ਵਾਪਿਸ ਆਏ ਸਨ।

2.Bradlow, Khadija (18 August 2007). "A night journey through Jerusalem", Times Online, Retrieved, 27 March, 2011.
3.Ron Geaves, Islam and Britain: Muslim Mission in an Age of Empire, 2018, USA.
4.Raziuddin Aquil, Lovers of God: Sufism and the Politics of Islam in Medieval India, Delhi, 2017, p. 38.
5.K.S. Lal, Growth of Muslim Population in Medieval India, AD 1000-1800, (Delhi: Research Publications in Social Sciences, 1973) cited in Schwartzberg, p.201.
ਡਾ. ਖਲੀਲ ਖਾਨ
ਹਿਸਿਟਰੀ ਸਕਾਲਰ
9914055472