ਇਕ ਘੰਟਾ ਨਾਮ ਸਿਮਰਨ - Sri Satguru Jagjit Singh Ji
Namdhari Sikhs
ਨਾਮਧਾਰੀ ਜਾਂ ਕੂਕੇ ਸਿੱਖ ਪੰਥ ਦਾ ਅਭਿੰਨ ਅੰਗ ਹਨ। ਉਹ ਆਪਣੇ ਸਫੈਦ ਪਹਿਰਾਵੇ, ਕਲੀਆਂ ਵਾਲਾ ਕੁੜਤਾ, ਚੂੜੀਦਾਰ ਪਜਾਮਾ ਅਤੇ ਸਿਰ ਤੇ ਸਿੱਧੀ ਸੁਫੈਦ ਗੁਰਮੁਖੀ ਦਸਤਾਰ ਸਦਕਾ, ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਨਾਮਧਾਰੀ ਸਿੱਖਾਂ ਦਾ ਅਕੀਦਾ ਹੈ ਕਿ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਤੋਂ ਵਰੋਸਾਏ, ਹਜਰੋਂ (ਜਿਲ੍ਹਾ ਅਟਕ ਜਾਂ ਕੈਂਪਬੈਲ ਪੁਰ ਪੱਛਮੀ ਪੰਜਾਬ, ਹੁਣ ਪਾਕਿਸਤਾਨ ਵਿਚ) ਨਿਵਾਸੀ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ (੧੭੮੫-੧੮੬੨) ਨੇ ਨਾਮ ਦੀ ਦਾਤ ਦੇ ਨਾਲ ਹੀ ਰੁਹਾਨੀ ਗੁਰਤਾ, ਸ੍ਰੀ ਸਤਿਗੁਰੂ ਰਾਮ ਸਿੰਘ ਜੀ (੧੮੧੬ਈ:) ਨੂੰ ਉਹਨਾਂ ਦੇ ਸੈਨਿਕ ਜੀਵਨ ਸਮੇਂ ਹੀ ਬਖਸ਼ੀ ਸੀ।
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਰਾਈਆਂ (ਲੁਧਿਆਣਾ-ਪੰਜਾਬ) ਪਿੰਡ ਦੇ ਇਕ ਕਿਰਤੀ ਦਸਤਕਾਰ ਪਰਿਵਾਰ ਵਿਚ ਪਰਗਟੇ ਸਨ। ਉਹਨਾਂ ਭਿੰਨ ਭਿੰਨ ਸਮੇਂ ਕਿਸਾਨੀ, ਦਸਤਕਾਰੀ ਰਾਜਗਿਰੀ, ਸਿਪਾਹੀਗਿਰੀ ਅਤੇ ਵਣਜ ਵਿਉਪਾਰ ਜਿਹੇ ਕਿੱਤੇ ਕੀਤੇ। ਅੰਗਰੇਜੀ ਹਕੂਮਤ ਪੰਜਾਬ ਵਿਚ ਕਾਇਮ ਹੋਣ ਤੋਂ ਬਾਅਦ ਉੱਪਰ ਵਰਣਿਤ ਧੰਧਿਆਂ ਤੇ ਭਾਰੀ ਸੱਟ ਵੱਜੀ। ਆਪ ਨੇ ਆਜਾਦੀ ਸੰਗ੍ਰਾਮ ਅਤੇ ਸਿੱਖ ਪੁਨਰ ਜਾਗਰਣ ਵਾਸਤੇ ੧੮੫੭ ਈ: ਦੀ ੧੨ ਅਪ੍ਰੈਲ, ਵੈਸਾਖੀ ਦੇ ਦਿਨ ਨਾਮਧਾਰੀ ਸੰਤ ਖਾਲਸੇ ਦੀ ਸਥਾਪਨਾ ਕੀਤੀ। ਉਹਨਾਂ ਨੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਤੋਂ ਦੂਰ ਜਾ ਚੁੱਕੇ ਲੱਖਾਂ ਲੋਕਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ। ਪਿੰਡਾਂ ਵਿਚ ਬੰਦ ਪਈਆਂ ਧਰਮਸ਼ਾਲਵਾਂ ਦੇ ਬੂਹੇ ਖੁਲਵਾ ਕੇ ਉਹਨਾਂ ਵਿਚ ਆਦਿ ਸ੍ਰੀ ਅਾਦਿ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਥਾਪਿਤ ਕਰਵਾਈਆਂ।
Social reforms by the Namdharis/Kukas
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਾਜੇ ਸੰਤ ਖਾਲਸੇ ਨੂੰ ਨਾਮਧਾਰੀ ਪੰਥ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਅੰਗਰੇਜ ਬਸਤੀਵਾਦੀਆਂ ਵਿਰੁੱਧ ਵਿਅਾਪਕ ਸਤਰ ਤੇ ਜਨ ਚੇਤਨਾ ਫੈਲਾਉਣ ਸਦਕਾ ਅੰਗਰੇਜੀ ਸੰਗਰਾਮ ਦੇ ਇਤਿਹਾਸ ਵਿਚ ਕੂਕਾ ਸੰਗਰਾਮ ਨੂੰ ਕੂਕਾ ਲਹਿਰ ਜਾਂ ਕੂਕਾ ਅੰਦੋਲਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਤਿਗੁਰੂ ਜੀ ਦੇ ਪੈਰੋਕਾਰ ਨਾਮਧਾਰੀ ਜਾਂ ਕੂਕੇ ਅਖਵਾਏ। ਸਤਿਗੁਰੂ ਰਾਮ ਸਿੰਘ ਜੀ ਸਮਝਦੇ ਸਨ ਕਿ ਅਠਾਰਵੀਂ ਸਦੀ ਵਿੱਚ ਭਾਰੀ ਕੁਰਬਾਨੀਆਂ ਦੇ ਕੇ ਹਾਸਿਲ ਕੀਤੀ ਪੰਜਾਬ ਦੀ ਅਜਾਦੀ, ਲਾਹੌਰ ਦਰਬਾਰ ਦੇ ਮਹਾਰਾਜਿਆਂ ਅਤੇ ਬਾਕੀ ਸਿੱਖਾਂ ਸਮੇਤ ਸ਼੍ਰੇਣੀ ਦੁਆਰਾ, ਗੁਰਸਿੱਖ ਜੀਵਨ ਮਾਰਗ ਨੂੰ ਤਿਲਾਂਜਲੀ ਦੇ ਕੇ ਠਾਠ ਬਾਠ ਵਾਲੀ ਤਾਮਸੀ ਜੀਵਨ ਬਿਰਤੀ ਧਾਰਨ ਸਦਕਾ ਭੰਗ ਦੇ ਭਾੜੇ ਹੀ ਗਈ, ਹੁਣ ਤਿਆਗਣੀ ਪਵੇਗੀ। ਇੱਕ ਬਿਹਤਰ ਗੁਰਮਤਿ ਅਧਾਰਿਤ ਮਾਨਵੀ ਜੀਵਨ ਪੱਧਰ ਨੂੰ ਗ੍ਰਿਹਣ ਕਰਕੇ ਹੀ ਹੁਣ ਪੰਜਾਬ ਦੇ ਲੋਕ ਚਤੁਰ ਚਲਾਕ ਅੰਗਰੇਜ ਹਾਕਮਾਂ ਨੂੰ ਟੱਕਰ ਦੇ ਸਕਣਗੇ। ਸਧਾਰਨ ਕਿਰਤੀ ਲੋਕ ਅਤੇ ਖਾਸ ਕਰਕੇ ਅੌਰਤ ਜਾਤੀ ਕਠੋਰ ਸਮਾਜਿਕ ਦਮਨ ਅਤੇ ਉਤਪੀੜਨ ਦਾ ਸ਼ਿਕਾਰ ਹੋ ਰਹੀ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਰਾਜਸੀ ਨਿਸ਼ਾਨੇ, ਫਿਰੰਗੀ ਹਾਕਮਾਂ ਦਾ ਬਿਸਤਰਾ ਗੋਲ ਕਰਨ ਤੋਂ ਪਹਿਲਾਂ, ਸਮਾਜਿਕ ਕੁਰੀਤੀਆਂ ਵਿਰੁੱਧ ਜਹਾਦ ਛੇੜ ਦਿੱਤਾ।