ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਾਜੇ ਸੰਤ ਖਾਲਸੇ ਨੂੰ ਨਾਮਧਾਰੀ ਪੰਥ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਅੰਗਰੇਜ ਬਸਤੀਵਾਦੀਆਂ ਵਿਰੁੱਧ ਵਿਅਾਪਕ ਸਤਰ ਤੇ ਜਨ ਚੇਤਨਾ ਫੈਲਾਉਣ ਸਦਕਾ ਅੰਗਰੇਜੀ ਸੰਗਰਾਮ ਦੇ ਇਤਿਹਾਸ ਵਿਚ ਕੂਕਾ ਸੰਗਰਾਮ ਨੂੰ ਕੂਕਾ ਲਹਿਰ ਜਾਂ ਕੂਕਾ ਅੰਦੋਲਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਤਿਗੁਰੂ ਜੀ ਦੇ ਪੈਰੋਕਾਰ ਨਾਮਧਾਰੀ ਜਾਂ ਕੂਕੇ ਅਖਵਾਏ। ਸਤਿਗੁਰੂ ਰਾਮ ਸਿੰਘ ਜੀ ਸਮਝਦੇ ਸਨ ਕਿ ਅਠਾਰਵੀਂ ਸਦੀ ਵਿੱਚ ਭਾਰੀ ਕੁਰਬਾਨੀਆਂ ਦੇ ਕੇ ਹਾਸਿਲ ਕੀਤੀ ਪੰਜਾਬ ਦੀ ਅਜਾਦੀ, ਲਾਹੌਰ ਦਰਬਾਰ ਦੇ ਮਹਾਰਾਜਿਆਂ ਅਤੇ ਬਾਕੀ ਸਿੱਖਾਂ ਸਮੇਤ ਸ਼੍ਰੇਣੀ ਦੁਆਰਾ, ਗੁਰਸਿੱਖ ਜੀਵਨ ਮਾਰਗ ਨੂੰ ਤਿਲਾਂਜਲੀ ਦੇ ਕੇ ਠਾਠ ਬਾਠ ਵਾਲੀ ਤਾਮਸੀ ਜੀਵਨ ਬਿਰਤੀ ਧਾਰਨ ਸਦਕਾ ਭੰਗ ਦੇ ਭਾੜੇ ਹੀ ਗਈ, ਹੁਣ ਤਿਆਗਣੀ ਪਵੇਗੀ। ਇੱਕ ਬਿਹਤਰ ਗੁਰਮਤਿ ਅਧਾਰਿਤ ਮਾਨਵੀ ਜੀਵਨ ਪੱਧਰ ਨੂੰ ਗ੍ਰਿਹਣ ਕਰਕੇ ਹੀ ਹੁਣ ਪੰਜਾਬ ਦੇ ਲੋਕ ਚਤੁਰ ਚਲਾਕ ਅੰਗਰੇਜ ਹਾਕਮਾਂ ਨੂੰ ਟੱਕਰ ਦੇ ਸਕਣਗੇ। ਸਧਾਰਨ ਕਿਰਤੀ ਲੋਕ ਅਤੇ ਖਾਸ ਕਰਕੇ ਅੌਰਤ ਜਾਤੀ ਕਠੋਰ ਸਮਾਜਿਕ ਦਮਨ ਅਤੇ ਉਤਪੀੜਨ ਦਾ ਸ਼ਿਕਾਰ ਹੋ ਰਹੀ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਰਾਜਸੀ ਨਿਸ਼ਾਨੇ, ਫਿਰੰਗੀ ਹਾਕਮਾਂ ਦਾ ਬਿਸਤਰਾ ਗੋਲ ਕਰਨ ਤੋਂ ਪਹਿਲਾਂ, ਸਮਾਜਿਕ ਕੁਰੀਤੀਆਂ ਵਿਰੁੱਧ ਜਹਾਦ ਛੇੜ ਦਿੱਤਾ।
ਨਾਰੀ ਜਾਤੀ ਤੇ ਉਪਕਾਰ
ਮਰਦ ਦੇ ਪੈਰ ਦੀ ਜੁੱਤੀ ਦੇ ਬਰਾਬਰ ਸਮਝੀ ਜਾਂਦੀ, ਔਰਤ ਸ਼੍ਰੇਣੀ ਭਾਰੀ ਦਮਨ ਤੇ ਵਿਵਰਜਨਾਵਾਂ ਦਾ ਸ਼ਿਕਾਰ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਦਸਵੇਂ ਗੁਰੂ ਜੀ ਦੀ ਸਿੱਖਿਆ "ਕੁੜੀ ਮਾਰ ਅਤੇ ਨੜੀ ਮਾਰ" (ਤਮਾਕੂ ਨੋਸ਼) ਦੇ ਸਮਾਜਿਕ ਬਾਈਕਾਟ ਦਾ ਹੋਕਾ ਦਿੱਤਾ। ਫਲਸਰੂਪ ਲੜਕੀਆਂ ਨੂੰ ਜੀਵਨ ਦਾਨ ਮਿਲ ਗਿਆ। ਫਿਰ ਆਪ ਨੇ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਪਹਿਲਾਂ ੧੫-੧੬ ਬਰਸ ਅਤੇ ਬਾਅਦ ਵਿਚ ੧੮ ਸਾਲ ਤਹਿ ਕਰ ਦਿੱਤੀ। ਇਸ ਮੁਆਮਲੇ ਵਿਚ ਜਿੱਥੇ ਭਾਰਤ ਦੇ ਨੀਤੀ ਵੇਤਾ ਹੁਣ ਪੁੱਜੇ ਹਨ, ਸਤਿਗੁਰੂ ਜੀ ੧੫੦ ਵਰ੍ਹੇ ਪਹਿਲਾਂ ਹੀ ਪੁੱਜ ਗਏ ਸਨ। ਫਿਰ ਆਪ ਨੇ ਵਿਆਹ ਵਾਲੇ ਲੜਕੇ ਦੀ ਉਮਰ ੨੦ ਸਾਲ ਤੋਂ ਘੱਟ ਹੋਣੀ ਨਾ ਪਰਚਾਰੀ। ਪੰਜਾਬ ਵਿੱਚ ਬਾਲ ਵਿਆਹ ਦੇ ਖਾਤਮੇ ਦਾ ਮੁੱਢ ਬੰਨ੍ਹਿਆ। ਵਿਧਵਾ ਵਿਆਹ ਨੂੰ ਵੀ ਆਪ ਨੇ ਉਤਸ਼ਾਹਿਤ ਕਰਨ ਲਈ ਢੁੱਕਵੀਂ ਉਮਰ ਤੱਕ, ਹਰ ਵਿਧਵਾ ਬੀਬੀ ਦਾ ਦੁਬਾਰਾ ਵਿਆਹ ਲਾਜ਼ਮੀ ਕਰਾਰ ਦਿੱਤਾ। ਸਤਿਗੁਰੁ ਹਰੀ ਸਿੰਘ ਜੀ ਦੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਪਿਤਾ ਵਿਹੂਣ ਹੋਏ ਪੁੱਤਰਾਂ ਨੇ ਆਪਣੀਆਂ ਵਿਧਵਾ ਮਤਾਵਾਂ ਦੇ ਪੁਨਰ ਵਿਆਹ ਅਨੰਦ ਕਾਰਜ ਦੇ ਅਰਦਾਸੇ ਕਰਕੇ ਸੰਪੰਨ ਕੀਤੇ। ਹੁਣ ਤੱਕ ਵੀ ਨਾਮਧਾਰੀ ਸਤਿਗੁਰੂ ਸਹਿਬਾਨ, ਵਿਧਵਾ ਵਿਆਹ ਲਈ ਪ੍ਰੇਰਣਾ ਦਿੰਦੇ ਹਨ। ਲੜਕੀਆਂ ਨੂੰ ਅਜੋੜ ਵਿਆਹ ਅਤੇ ਵਡੇਰੀ ਉਮਰ ਦੇ ਅੰਗਹੀਣਾਂ ਹੋਰ ਸਰੀਰਕ ਜਾਂ ਸਮਾਜਿਕ ਬੱਝ ਵਾਲਿਆਂ ਨਾਲ ਨਾਰੜ ਹੋਣ ਤੋਂ ਬਚਾਉਣ ਲਈ, ਵਿਆਹ ਦੇ ਮਾਮਲੇ ਵਿਚ ਵੱਟੇ ਦੀ ਰਸਮ ਦਾ ਵਿਰੋਧ ਕੀਤਾ। ਬਹੁਤ ਵੱਡੀ ਗੱਲ ਇਹ ਕੀਤੀ ਕਿ ਪੰਜਾਬ ਦੇ ਕੁਝ ਜਿਲ੍ਹਿਆਂ ਵਿਸ਼ੇਸ਼ ਕਰਕੇ ਪਹਾੜੀ ਖਿੱਤਾ ਅਤੇ ਉਸਦੇ ਨਾਲ ਲਗਦੇ ਇਲਾਕਿਆਂ ਵਿਚ ਔਰਤਾਂ ਦੀ ਖਰੀਦ ਵਿਕਰੀ ਆਮ ਸੀ, ਇਸ ਨੂੰ ਰੋਕਣ ਲਈ ਸਖਤ ਹਦਾਇਤਾਂ ਕੀਤੀਆਂ। ਧੀ ਭੈਣ ਦਾ ਪੈਸਾ ਲੈਣ ਵਾਲਾ ਨਾਮਧਾਰੀ ਨਹੀਂ ਰਹਿ ਸਕਦਾ ਸੀ। ਇਸਤਰੀਆਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ, ਰਹਿਤ ਮਰਿਯਾਦਾ ਧਾਰਨ ਕਰਵਾ ਕੇ ਉਹਨਾਂ ਨੂੰ ਮੁੰਡਿਆਂ ਜਿਓਂ ਹੀ ਮਾਂ ਬੋਲੀ ਪੰਜਾਬੀ ਵਿੱਚ ਵਿਦਿਆ ਦੇਣੀ ਲਾਜ਼ਮੀ ਬਣਾ ਕੇ ਔਰਤਾਂ ਦੇ ਧਾਰਮਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਸੁਨਿਸ਼ਚਿਤ ਕੀਤਾ। ਆਪਣੇ ਬਣਾਏ ਸੂਬਿਆਂ ਵਿੱਚ ਬੀਬੀ ਹੁਕਮੀ ਵਰਿਆਂਹ ਵਾਲੀ ਨੂੰ ਸ਼ਾਮਿਲ ਕਰਕੇ ਦੱਸ ਦਿੱਤਾ ਕਿ ਸਤਿਗੁਰੂ ਜੀ ਨਾਰੀ-ਪੁਰਖ ਸਮਾਨਤਾ ਦੇ ਖੇਤਰ ਵਿੱਚ ਸਭ ਸੀਮਾਵਾਂ ਲੰਘ ਚੁੱਕੇ ਹਨ। ਬਾਅਦ ਵਿਚ ਸਤਿਗੁਰੂ ਜਗਜੀਤ ਸਿੰਘ ਜੀ ਨੇ ਤਾਂ ਇਕ ਦੀ ਬਜਾਏ ੩-੩ ਬੀਬੀਆਂ ਨੂੰ ਅਜੋਕੇ ਸਮੇਂ ਵਿਚ ਸੂਬਾ ਪਦਵੀਆਂ ਬਖਸ਼ੀਆਂ। ਵਰਤਮਾਨ ਸਤਿਗੁਰੂ ਜੀ ਦੇ ਸਮੇਂ ਵੀ ਨਾਮਧਾਰੀ ਬੱਚੀਆਂ ਮਰਦਾਂ ਲਈ ਰਾਖਵੇਂ ਸਮਝੇ ਜਾਂਦੇ, ਅਨੇਕ ਖਿੱਤਿਆਂ ਵਿਚ ਉਹਨਾਂ ਦੇ ਬਰਾਬਰ ਹੀ ਸੇਵਾਵਾਂ ਦੇ ਰਹੀਆਂ ਹਨ।
ਨਸ਼ਾ ਮੁਕਤੀ
ਆਦਰਸ਼ ਮਨੁੱਖੀ ਸਮਾਜ ਮੁਕੰਮਲ ਤੌਰ ਤੇ ਨਸ਼ਾ ਰਹਿਤ ਹੀ ਹੋ ਸਕਦਾ ਹੈ। ਸਤਿਗੁਰੂ ਰਾਮ ਸਿੰਘ ਜੀ ਸਮੇਂ, ਯੋਰਪੀਅਨ ਯਾਤਰੂਆਂ ਅਨੁਸਾਰ ਦਿਨ ਢਲੇ, ਲਾਹੌਰ ਦੇ ਬਜਾਰ ਵਿੱਚ ਕੋਈ ਵੀ ਸਿੱਖ ਕੀ, ਸੈਨਿਕ ਕੀ, ਸਰਦਾਰ ਨਹੀਂ ਸੀ ਲੱਭਦਾ, ਜਿਹੜਾ ਸੋਫੀ ਹੋਵੇ। ਅਫੀਮ, ਭੰਗ, ਸੁਲਫਾ, ਤਮਾਕੂ ਆਮ ਸੀ। ਸਤਿਗੁਰੂ ਜੀ ਨੇ ਵੱਡੇ-ਵੱਡੇ ਅਮਲੀਆਂ ਨੂੰ ਅਫੀਮ ਸ਼ਰਾਬ ਸੁੱਖੇ ਦੀ ਲੱਤ ਤੋਂ ਮੁਕਤ ਕਰਾਕੇ ਨਾਮ ਦੇ ਨਸ਼ੇ ਨਾਲ ਜੋੜ ਕੇ, ਜਾਗਰਿਤ ਮਨੁੱਖ ਕੀ ਬਣਾਏ, ਮਾਨੋ ਜੁੱਗ ਹੀ ਬਦਲ ਗਿਆ। ਗਿਆਨੀ ਗਿਆਨ ਸਿੰਘ ਜੀ ਇਸ ਵੱਡੇ ਪਰਿਵਰਤਨ ਨੂੰ ਅੰਕਿਤ ਕਰ ਰਹੇ ਹਨ:-
"ਪਾਇ ਏਹ ਹੁਕਮ ਪ੍ਰਦੇਸ ਕਾ ਵਿਸੇਸ ਫਿਰ,
ਰਾਮ ਮ੍ਰਿਗੇਸ ਉਪਦੇਸ ਦੈਨ ਲਾਗਿਓ।
ਹੁੱਕੇ ਛੁਡਵਾਏ, ਕੇਸ ਰਖਵਾਏ ਮੋਨਿਓ ਕੇ,
ਸੁਧਾ ਛਕ ਥਾਏ ਸਿਖ ਭਾਗ ਜਿਨ੍ਹਾਂ ਜਾਗਿਓ।
ਫੈਲਿਓ ਸੁ ਜਸ ਭਾਰੀ ਸਿਖ ਥੀਏ ਤਾਹਿ ਕੇ ਅਧਾਰੀ,
ਸਿਖ ਪੰਥ ਬਿਰਧਾਇਓ ਨਾਮ ਰਸ ਪਾ ਗਿਓ।
ਫੀਮ, ਭੰਗ, ਪੋਸਤ, ਸ਼ਰਾਬ, ਮਾਸ, ਚੋਰੀ, ਯਾਰੀ,
ਠਗੀ ਤਜ ਥੀਏ ਸੰਤ ਸਤਿਜੁਗ ਆ ਗਿਓ।"
- ਪੰਥ-ਪ੍ਰਕਾਸ਼
ਆਮ ਤੌਰ ਤੇ ਵਿਹਲਾ ਮਨ ਹੀ ਸ਼ੈਤਾਨ ਦਾ ਘਰ ਬਣਦਾ ਹੈ। ਫਿਰ ਆਦਮੀ ਨਸ਼ਿਆਂ ਵੱਲ ਵਧਦਾ ਹੈ। ਸਤਿਗੁਰੂ ਜੀ ਨੇ ਹਰ ਸਿੱਖ ਵਿਚੋਂ ਆਲਸ ਦੂਰ ਕਰਕੇ ਉੱਦਮ ਦੀ ਦਾਤ ਬਖਸ਼ੀ। ਹਮੇਸ਼ਾ ਆਪਣੀ ਮਿਹਨਤ ਦੀ ਕਮਾਈ ਹਾਸਿਲ ਕਰਨ ਦੀ ਸਿੱਖਿਆ ਦਿੱਤੀ। ਬਿਹੰਗਮ ਸਿੱਖਾਂ ਲਈ ਗ੍ਰਹਿਸਤੀ ਨਾਲੋਂ ਨਾਮ ਬਾਣੀ ਦੀ ਕਰੜੀ ਮਰਿਯਾਦਾ ਲਾਗੂ ਕੀਤੀ ਤਾਂ ਕਿ ਨਾਂ ਕਿਸੇ ਪਾਸ ਵਿਹਲ ਰਹੇ, ਨਾ ਉਧਾਧੀਆਂ ਫੁਰਨ।
ਗੁਰਮਤਿ ਅਨੁਕੂਲ ਅਨੰਦ ਮਰਿਯਾਦਾ
ਸਤਿਗੁਰੂ ਰਾਮ ਸਿੰਘ ਜੀ ਨੇ ਖੋਟੇ ਪਿੰਡ ਤੋਂ ੩ ਜੂਨ ੧੮੬੩ ਨੂੰ ਗੁਰਮਤਿ ਅਨੁਕੂਲ ਅਨੰਦ ਮਰਿਯਾਦਾ ਲਾਗੂ ਕਰਵਾਈ। ਪੁਰਾਣਾ ਪੁਰੋਹਿਤ ਸ਼੍ਰੇਣੀ ਤੇ ਅਧਾਰਿਤ ਵਿਆਹ ਪਰਬੰਧ, ਵਹਿਮਾਂ ਭਰਮਾਂ ਵਿਚ ਗ੍ਰਸਿਆ, ਗੁੰਝਲਦਾਰ ਧਾਰਮਿਕ ਰਸਮਾਂ ਵਿਚ ਵਲੇਟਿਆ, ਬਹੁਤ ਖਰਚੀਲਾ ਅਤੇ ਪ੍ਰਤੀਗਾਮੀ ਸੀ। ਦਾਜ ਨਾ ਬਣਨ ਕਾਰਨ ਕਈ ਗਰੀਬ ਬੱਚੀਆਂ ਉਮਰ ਭਰ ਕੁਆਰੀਆਂ ਬੈਠੀਆਂ ਰਹਿੰਦੀਆਂ ਜਾਂ ਫਿਰ ਖਰਚੀਲੇ ਵਿਆਹਾਂ ਦੁਆਰਾ ਕਿਸਾਨ ਭਾਈ ਚਾਰਾ ਜਮੀਨਾਂ ਗਹਿਣੇ ਪਾ ਕੇ, ਬੈਅ ਕਰਕੇ ਆਪਣਾ ਨੱਕ ਬਚਾਉਂਦੇ ਸਨ। ਸਤਿਗੁਰੂ ਜੀ ਨੇ ਬਿਨਾਂ ਘੁੰਡ ਪਰਦੇ ਤੋਂ, ਬਿਨਾਂ ਦਾਜ ਦਹੇਜ ਅਤੇ ਠਾਕੇ ਮਿਲਣੀ, ਮੁਕਲਾਵੇ, ਤਿਰਵੇਂਦੇ ਆਦਿ ਰਸਮਾਂ ਦੇ, ਸਿੱਧੇ ਸਾਦੇ ਅਨੰਦ ਕਾਰਜਾਂ ਦੀ ਪ੍ਰਥਾ ਜਾਰੀ ਕਰਕੇ ਲੋਕਾਈ ਨੂੰ ਸੁਖੀ ਕੀਤਾ। ਆਪ ਜੀ ਨੇ ਅੰਤਰ ਜਾਤੀ ਵਿਆਹ ਕਰਕੇ ਨਾਮਧਾਰੀ ਸਮੁਦਾਇ ਨੂੰ ਇੱਕ ਸੰਗਠਿਤ ਜਾਤੀ ਜਿਉਂ ਵਿਕਸਿਤ ਕਰਨਾ ਚਾਹਿਆ। ਦਾਜ-ਦਹੇਜ, ਵਿਖਾਲੇ ਰਹਿਤ ਵਿਆਹ ਪ੍ਰਥਾ ਸਤਿਗੁਰੂ ਪਰਤਾਪ ਸਿੰਘ ਜੀ ਦੇ ਸਮੇਂ ਵਿਚ ਹੋਰ ਸੁਖੈਨ ਹੋਈ ਜਦੋਂ ਬਿਨਾਂ ਅਮੀਰ ਗਰੀਬ ਦੇ ਵਿਤਕਰੇ ਦੇ ਮੇਲਿਆਂ ਜਾਂ ਨਾਮਧਾਰੀ ਸੰਗਤ ਵਿਚ, ਸਮੂਹਿਕ ਅਨੰਦ ਕਾਰਜ ਸ਼ੁਰੂ ਹੋਏ। ਸਤਿਗੁਰੂ ਜਗਜੀਤ ਸਿੰਘ ਜੀ ਨੇ ਸਾਦਾ ਅਤੇ ਅੰਤਰ ਜਾਤੀ ਵਿਆਹ ਸਬੰਧਾਂ ਦੁਆਰਾ ਇਕ ਮਹਾਂਦੀਪ ਦੇ ਨਾਮਧਾਰੀਆਂ ਨੂੰ ਦੂਜੇ ਮਹਾਂਦੀਪਾਂ ਦੇ ਵਾਸੀ ਨਾਮਧਾਰੀਆਂ ਨਾਲ ਵੀ ਜੋੜ ਦਿੱਤਾ।
ਕਰਜਾ ਮੁਕਤੀ
ਗਰੀਬ ਕਿਰਤੀ ਕਿਸਾਨਾਂ ਦੇ ਭਲੇ ਲਈ ਗੁਜਾਰੇ ਵਾਲੇ ਸਿੱਖਾਂ ਨੂੰ ਉਹਨਾਂ ਤੋਂ ਵਿਆਜ ਜਾਂ ਡੂਢੀ ਸੁਆਈ ਤੇ ਦਾਣੇ ਲੈਣ ਦੀ ਸਖਤ ਮਨਾਹੀ ਕੀਤੀ। ਸਤਿਗੁਰੂ ਜੀ ਗਰੀਬ ਸਿੱਖਾਂ ਦੇ ਵਿਆਜ ਤੋਂ ਕੀਤੀ ਕਮਾਈ ਪਾਪ ਦੀ ਕਮਾਈ ਆਖਦੇ ਸਨ।