ਨਾਮਧਾਰੀ ਜਾਂ ਕੂਕੇ ਸਿੱਖ ਪੰਥ ਦਾ ਅਭਿੰਨ ਅੰਗ ਹਨ। ਉਹ ਆਪਣੇ ਸਫੈਦ ਪਹਿਰਾਵੇ, ਕਲੀਆਂ ਵਾਲਾ ਕੁੜਤਾ, ਚੂੜੀਦਾਰ ਪਜਾਮਾ ਅਤੇ ਸਿਰ ਤੇ ਸਿੱਧੀ ਸੁਫੈਦ ਗੁਰਮੁਖੀ ਦਸਤਾਰ ਸਦਕਾ, ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਨਾਮਧਾਰੀ ਸਿੱਖਾਂ ਦਾ ਅਕੀਦਾ ਹੈ ਕਿ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਤੋਂ ਵਰੋਸਾਏ, ਹਜਰੋਂ (ਜਿਲ੍ਹਾ ਅਟਕ ਜਾਂ ਕੈਂਪਬੈਲ ਪੁਰ ਪੱਛਮੀ ਪੰਜਾਬ, ਹੁਣ ਪਾਕਿਸਤਾਨ ਵਿਚ) ਨਿਵਾਸੀ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ (੧੭੮੫-੧੮੬੨) ਨੇ ਨਾਮ ਦੀ ਦਾਤ ਦੇ ਨਾਲ ਹੀ ਰੁਹਾਨੀ ਗੁਰਤਾ, ਸ੍ਰੀ ਸਤਿਗੁਰੂ ਰਾਮ ਸਿੰਘ ਜੀ (੧੮੧੬ਈ:) ਨੂੰ ਉਹਨਾਂ ਦੇ ਸੈਨਿਕ ਜੀਵਨ ਸਮੇਂ ਹੀ ਬਖਸ਼ੀ ਸੀ।
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਰਾਈਆਂ (ਲੁਧਿਆਣਾ-ਪੰਜਾਬ) ਪਿੰਡ ਦੇ ਇਕ ਕਿਰਤੀ ਦਸਤਕਾਰ ਪਰਿਵਾਰ ਵਿਚ ਪਰਗਟੇ ਸਨ। ਉਹਨਾਂ ਭਿੰਨ ਭਿੰਨ ਸਮੇਂ ਕਿਸਾਨੀ, ਦਸਤਕਾਰੀ ਰਾਜਗਿਰੀ, ਸਿਪਾਹੀਗਿਰੀ ਅਤੇ ਵਣਜ ਵਿਉਪਾਰ ਜਿਹੇ ਕਿੱਤੇ ਕੀਤੇ। ਅੰਗਰੇਜੀ ਹਕੂਮਤ ਪੰਜਾਬ ਵਿਚ ਕਾਇਮ ਹੋਣ ਤੋਂ ਬਾਅਦ ਉੱਪਰ ਵਰਣਿਤ ਧੰਧਿਆਂ ਤੇ ਭਾਰੀ ਸੱਟ ਵੱਜੀ। ਆਪ ਨੇ ਆਜਾਦੀ ਸੰਗ੍ਰਾਮ ਅਤੇ ਸਿੱਖ ਪੁਨਰ ਜਾਗਰਣ ਵਾਸਤੇ ੧੮੫੭ ਈ: ਦੀ ੧੨ ਅਪ੍ਰੈਲ, ਵੈਸਾਖੀ ਦੇ ਦਿਨ ਨਾਮਧਾਰੀ ਸੰਤ ਖਾਲਸੇ ਦੀ ਸਥਾਪਨਾ ਕੀਤੀ। ਉਹਨਾਂ ਨੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਤੋਂ ਦੂਰ ਜਾ ਚੁੱਕੇ ਲੱਖਾਂ ਲੋਕਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ। ਪਿੰਡਾਂ ਵਿਚ ਬੰਦ ਪਈਆਂ ਧਰਮਸ਼ਾਲਵਾਂ ਦੇ ਬੂਹੇ ਖੁਲਵਾ ਕੇ ਉਹਨਾਂ ਵਿਚ ਆਦਿ ਸ੍ਰੀ ਅਾਦਿ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਥਾਪਿਤ ਕਰਵਾਈਆਂ।
ਪਿੰਡਾਂ ਸ਼ਹਿਰਾਂ ਵਿਚ, ਗੁਰਦੁਆਰਿਆਂ ਵਿਚ ਸੁਬ੍ਹਾ-ਸ਼ਾਮ ਸੰਗਤਾਂ ਮੁੜ ਜੁੜਨ ਲੱਗੀਆਂ। ਜਥੇਬੰਦੀ ਦੀ ਸੂਬਾ ਪ੍ਰਣਾਲੀ ਕਾਇਮ ਕਰਕੇ ਪਿੰਡ, ਇਲਾਕੇ ਅਤੇ ਜਿਲਿ੍ਹਆਂ ਦੀ ਸੰਗਤ ਨੂੰ ਕੂਕਾ ਕੇਂਦਰ ਸ੍ਰੀ ਭੈਣੀ ਸਾਹਿਬ ਤੱਕ ਇਕ ਸੂਤਰ ਵਿਚ ਪਰੋ ਦਿੱਤਾ। ਦਾਰੂ ਮਾਸ ਖਾਣ ਪੀਣ, ਨਸ਼ੇ ਅਤੇ ਅਨੇਕ ਸਮਾਜਿਕ ਕੁਰੀਤੀਆਂ ਦਾ ਵਿਰੋਧ ਕੀਤਾ। ਵਿਦੇਸ਼ੀ ਹਕੂਮਤ ਵਿਰੁੱਧ ਜਨ ਲਾਮ ਬੰਦੀ ਕਰਨ ਲਈ ਬਦੇਸ਼ੀ ਮਾਲ ਅਤੇ ਸੰਸਥਾਵਾਂ ਨਾਲ ਅਸਹਿਯੋਗ ਕੀਤਾ ਅਤੇ ਸੁਦੇਸ਼ੀ ਦਾ ਪਰਚਾਰ ਕੀਤਾ। ਗੁਆਂਢੀ ਮੁਲਕਾਂ ਨਾਲ ਅਤੇ ਦੇਸੀ ਰਿਅਾਸਤਾਂ ਨਾਲ ਕੂਕਾ ਅੰਦੋਲਨ ਦੇ ਸੰਪਰਕ ਜੋੜ ਕੇ ਬਸਤੀਵਾਦੀ ਹਾਕਮਾਂ ਵਿਰੁੱਧ ਵਿਆਪਕ ਮੋਰਚਾ ਬਣਾਉਣ ਦੇ ਯਤਨ ਕੀਤੇ।
ਅੰਗ੍ਰੇਜਾਂ ਨੇ ਫਿਰਕੂ ਪਾੜਾ ਵਧਾਉਣ ਲਈ ਗਊ ਬੱਧ ਵਾਸਤੇ ਬੁੱਚੜਖਾਨੇ ਖੋਹਲੇ। ਨਾਮਧਾਰੀ ਸਿੱਘਾਂ ਨੇ ਅੰਮ੍ਰਿਤਸਰ, ਰਾਇਕੋਟ ਅਤੇ ਮਾਲੇਰਕੋਟਲਾ ਵਿਚ ਗਊਘਾਤੀਆਂ ਨਾਲ ਸਿੱਧੀਆਂ ਟੱਕਰਾਂ ਲਈਆਂ। ਫਲਸਰੂਪ ਕੂਕੇ ਫਾਂਸੀਆਂ ਤੇ ਲਟਕਾਏ ਗਏ, ਤੋਪਾਂ ਨਾਲ ਉਡਾਏ ਗਏ, ਕਾਲੇ ਪਾਣੀ ਭੇਜੇ ਗਏ ਅਤੇ ਸ੍ਰੀ ਸਤਿਗੁਰੂ ਰਾਮ ਸਿੰਘ ਸਮੇਤ ਉਹਨਾਂ ਦੇ ਆਗੂਆਂ ਨੂੰ ੧੮ ਜਨਵਰੀ ੧੮੭੨ ਈ: ਨੂੰ ਜਲਾਵਤਨ ਕਰ ਦਿੱਤਾ ਗਿਆ। ਪੰਜ ਜਾਂ ਇਸ ਤੋਂ ਵੱਧ ਕੂਕਿਆਂ ਦੇ ਇਕ ਥਾਂ ਇਕੱਠੇ ਹੋਣ ਤੇ ਪਾਬੰਦੀ ਲਾ ਦਿੱਤੀ ਗਈ। ਉਹਨਾਂ ਦੀਆਂ ਜਮੀਨਾਂ ਜਾਇਦਾਦਾਂ ਜਬਤ ਕੀਤੀਆਂ ਗਈਆਂ। ਕੂਕਾ ਕੇਂਦਰ ਸ੍ਰੀ ਭੈਣੀ ਸਾਹਿਬ ਦੇ ਬੂਹੇ ਅੱਗੇ ੧੮੭੨ ਤੋਂ ਪੂਰੇ ੩੫ ਸਾਲਾਂ ਤੱਕ ਪੁਲਸ ਚੌਂਕੀ ਬਿਠਾਈ ਰੱਖੀ। ਅੱਠਾਂ ਪਹਿਰਾਂ ਵਿਚ, ਪਹਿਲਾਂ ਪੰਜ ਅਤੇ ਕੁਝ ਸਾਲਾਂ ਬਾਅਦ ਸਿਰਫ ੧੦ ਕੂਕੇ ਹੀ ਆਪਣੇ ਗੁਰਧਾਮ ਦੀ ਯਾਤਰਾ ਦੁਆਰਾ ਆਪਣੇ ਇਸ਼ਟ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕਰ ਸਕਦੇ ਸਨ।
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ੧੮੭੫ ਜਨਵਰੀ ਵਿਚ ਰੰਗੂਨ ਤੋਂ ਭੇਜੇ ਇਕ ਹੁਕਮਨਾਮੇ ਦੁਆਰਾ ਆਪਣੇ ਛੋਟੇ ਭਾਈ ਬਾਬਾ ਬੁੱਧ ਸਿੰਘ ਜੀ (੧੮੧੯-੧੯੦੬) ਨੂੰ ਨਾਮਧਾਰੀ ਪੰਥ ਦੀ ਗੁਰਤਾ ਦੇ ਕੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਰੂਪ ਵਿਚ ਪਰਵਰਤਿਤ ਕੀਤਾ ਸੀ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ ਲਗਭਗ ਇਕ ਸੈਂਕੜਾ ਕੂਕੇ ਰੰਗੂਨ ਵਿਚ, ਮਰਗੋਈ ਆਦਿ ਸਰਕਾਰ ਤੋਂ ਲੁਕ ਛਿਪ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਅਤੇ ਹੁਕਮਨਾਮੇ ਲੈ ਕੇ ਆਏ ਜੋ ਕੂਕਾ ਜੀਵਨ ਜਾਚ ਦਾ ਉਤਮ ਨਮੂਨਾ ਹੈ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹਦਾਇਤ ਤੇ ਸਰਕਾਰ ਤੋਂ ਚੋਰੀ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਅਖੰਡ ਅਤੇ ਸਹਿਜ ਪਾਠਾਂ ਦੇ ਭੋਗ ਪਾਏ। ਗੁਰੂ ਕਾ ਲੰਗਰ ੧੮੯੯ ਈ: ਦੇ ਮਹਾਂਕਾਲ ਵਿਚ ਵੀ ਹਜਾਰਾਂ ਕਾਲ ਪੀੜਤਾਂ ਨੂੰ ਪਰਸ਼ਾਦਾ ਛਕਾ ਕੇ ਵੀ ਬੰਦ ਨਾ ਹੋਣ ਦਿੱਤਾ। ਉਹ ਸਾਲ ਵਿਚ ਸੀਮਿਤ ਸਮੇਂ ਲਈ ਹੀ ਸਰਕਾਰੀ ਆਗਿਆ ਨਾਲ ਉਮਰ ਦੇ ਆਖਰੀ ੧੨-੧੩ ਸਾਲਾਂ ਵਿਚ ਹੀ, ਦੂਰ ਦੁਰਾਡੇ ਦੀਆਂ ਨਾਮਧਾਰੀ ਸੰਗਤਾਂ ਵਾਸਤੇ ਦੌਰੇ ਕਰ ਸਕੇ ਸਨ। ਉਹਨਾਂ ਨੇ ਅੰਗ੍ਰੇਜ ਸਰਕਾਰ ਦੁਆਰਾ ੨੫੦੦ ਏਕੜ ਭੂਮੀ ਜਗੀਰ ਵਜੋਂ ਲੈਣ ਤੋਂ ਇਨਕਾਰ ਕਰਕੇ ਵਿਦੇਸ਼ੀ ਸਰਕਾਰ ਵਿੱਰੁਧ ਜੰਗ ਜਾਰੀ ਰੱਖੀ।
ਉਹਨਾਂ ਦੇ ੧੯੦੬ ਈ ਵਿਚ ਪਰਲੋਕ ਗਮਨ ਤੋਂ ਬਾਅਦ ਆਪ ਦੇ ਸਪੁੱਤਰ ਸ੍ਰੀ ਸਤਿਗੁਰੂ ਪਰਤਾਪ ਸਿੰਘ ਜੀ (੧੮੯੦-੧੯੫੯) ਨਾਮਧਾਰੀ ਪੰਥ ਦੇ ਅਧਿਆਤਮਕ ਮੁਖੀ ਬਣੇ। ਉਹਨਾਂ ਨੇ ੫੩ ਸਾਲਾਂ ਦੇ ਗੁਰੂ ਕਾਲ ਵਿਚ ਦੇਸ਼ ਦੁਨੀਆਂ ਵਿਚ ਵਿਆਪਕ ਭ੍ਰਮਣ ਕਰਕੇ, ਅੰਗ੍ਰੇਜੀ ਸਰਕਾਰ ਦੇ ਦਮਨ ਚੱਕਰ ਤੋਂ ਪੀੜਿਤ ਨਾਮਧਾਰੀਆਂ ਵਿਚ, ਨਵੀਂ ਰੂਹ ਫੂਕ ਦਿੱਤੀ। ਉਹ ਸਾਂਝੀਵਾਲਤਾ, ਸਦਭਾਵਨਾਂ, ਫਿਰਕੂ ਇਕਸੁਰਤਾ ਦੇ ਮੁਦਈ ਸਨ। ਪੰਜਾਬੀ ਭਾਸ਼ਾ ਗੁਰਮਤਿ ਸੰਗੀਤ ਅਤੇ ਗੁਣੀ ਜਨਾਂ ਦੇ ਕਦਰਦਾਨ ਸਨ। ਲੋੜਵੰਦਾਂ ਲਈ ਉਹਨਾਂ ਦੇ ਬੂਹੇ ਸਦਾ ਖੁੱਲ੍ਹੇ ਸਨ। ਉਹਨਾਂ ਨੇ ਜੀਵਨ ਨਗਰ (ਸਿਰਸਾ) ਇਲਾਕੇ ਵਿਚ ੧੯੪੭ ਦੀ ਵੰਡ ਤੋਂ ਬਾਅਦ ਨਾਮਧਾਰੀ ਸਿੱਖਾਂ ਦੀ ਅਨੇਕ ਪਿੰਡਾਂ ਵਿਚ ਭਰਵੀਂ ਵਸੋਂ ਨਿਸਚਿਤ ਕੀਤੀ। ਸਮੂਹਿਕ ਤੌਰ ਤੇ ਇਕੱਠੀ ਕੀਤੀ ਮਾਇਆ ਨਾਲ, ੧੧੦੦੦ ਏਕੜ ਤੋਂ ਵੱਧ ਜਮੀਨ ਖਰੀਦ ਕੇ ਉੱਜੜ ਕੇ ਆਏ ਲੋਕਾਂ ਨੂੰ ਵਸਾਇਆ। ਕੌਮਨ ਪੂਲ ਵਿਚੋਂ ਵਧੀ ਭੂਮੀ ਸੈਂਕੜੇ ਬੇ-ਜਮੀਨੇ ਸਿੱਖਾਂ ਨੂੰ ਮੁਫਤ ਵੰਡੀ ਅਤੇ ਕੁਝ ਹਿਸੇ ਵਿਚ ਸਕੂਲ ਕਾਲਿਜ ਆਦਿਕ ਵਿਦਿਅਕ ਸੰਸਥਾਵਾਂ ਕਾਇਮ ਕੀਤੀਆਂ। ਨਾਭਾ ਰਿਆਸਤ ਵਾਲੇ ਆਪਣੇ ੫੦ ਮੁਰੱਬੇ ਦੇ ਕਰੀਬ ਬੀੜ ਵਿੱਚੋਂ ਵੀ ਤਕਰੀਬਨ ਸਾਰੀ ਜਮੀਨ ੧੧੦ ਸਿੱਖਾਂ ਨੂੰ ਮੁਫਤ ਵੰਡੀ।
ਉਹਨਾਂ ਦੇ ਦੇਹਾਵਾਸਨ ਬਾਅਦ ਆਪ ਦੇ ਸਪੁੱਤਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ (੧੯੨੦-੨੦੧੨ ਈ:) ਨਾਮਧਾਰੀ ਪੰਥ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸਤਿਗੁਰੂ ਜੀ ਨੇ ਸਾਰੇ ਮਹਾਂਦੀਪਾਂ ਵਿਚ
ਪਰਚਾਰ ਦੌਰਿਆਂ ਦੁਆਰਾ ਨਾਮਧਾਰੀ ਭਾਈਚਾਰੇ ਨੂੰ ਕੋਮਾਂਤਰੀ ਪਹਿਚਾਣ ਦੁਆਈ। ਪਹਿਲੇ ਸਤਿਗੁਰੂ ਸਹਿਬਾਨ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਸੇਵਾ ਸਿਮਰਨ ਅਤੇ ਗੁਰਬਾਣੀ ਪਠਨ-ਪਾਠਨ ਦਾ ਪਰਵਾਹ ਜਾਰੀ ਰੱਖਿਆ। ਦੇਸ਼ਾਂ ਵਿਦੇਸ਼ਾਂ ਦੇ ਰੂਹਾਨੀ ਅਤੇ ਰਾਜਸੀ ਆਗੂਆਂ ਨੂੰ ਆਪਣੇ ਸਨੇਹ ਪਾਸ਼ ਵਿਚ ਲਿਆ। ਗੁਰਮਤਿ ਸੰਗੀਤ, ਪਸ਼ੂ ਪਾਲਣ, ਖੇਡਾਂ, ਨਾਮਧਾਰੀ ਸਾਹਿਤ ਪ੍ਰਕਾਸ਼ਨ ਅਤੇ ਲੋੜਵੰਦਾਂ ਦੀ ਸਹਾਇਤਾ ਵਿਚ ਨਵੇਂ ਮਿਆਰ ਸਥਾਪਿਤ ਕੀਤੇ। ਗੁਰਦੁਆਰਾ ਸ੍ਰੀ ਭੈਣੀ ਸਾਹਿਬ ਦੀ ਪੁਨਰ ਉਸਾਰੀ ਇਉਂ ਕੀਤੀ ਕਿ ਇਸ ਦੀ ਇਤਿਹਾਸਕਤਾ ਨੂੰ ਪਰੰਪਰਾਗਤ ਰੂਪ ਵਿਚ ਜੀਵਿਤ ਰੱਖਿਆ। ਪੰਜਾਬ ਅਤੇ ਭਾਰਤ ਸਰਕਾਰ ਪਾਸੋਂ ਕੂਕਾ ਅੰਦੋਲਨ ਨੂੰ ਕੌਮੀ ਮੁਕਤੀ ਸੰਗ੍ਰਾਮ ਦੇ ਅੰਗ ਵਜੋਂ ਮਾਨਤਾ ਦੁਆਈ। ਨਾਮਧਾਰੀ ਸਤਿਗੁਰੂ ਸਹਿਬਾਨ ਅਤੇ ਸ਼ਹੀਦਾਂ ਸੂਬਿਆਂ ਦੀਆਂ ਯਾਦਗਾਰਾਂ, ਸਮਾਰਕ ਬਣਵਾ ਕੇ ਅਨੇਕ ਦਰਸ਼ਨੀ ਸਥਾਨ ਕਾਇਮ ਕੀਤੇ। ੧੩ ਦਿਸੰਬਰ ੨੦੧੨ ਈ: ਨੂੰ ਆਪ ਜੀ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਆਪ ਜੀ ਦੇ ਹੁਕਮ ਅਨੁਸਾਰ ਆਪ ਜੀ ਦੇ ਛੋਟੇ ਭਾਈ ਮਹਾਰਾਜ ਬੀਰ ਸਿੰਘ ਜੀ ਦੇ ਸਪੁੱਤਰ, ਸ੍ਰੀ ਸਤਿਗੁਰੂ ਉਦੇ ਸਿੰਘ ਜੀ (੧੯੫੮) ਆਪ ਜੀ ਦੇ ਸਥਾਨ ਤੇ ਬਿਰਾਜਮਾਨ ਹਨ। ਨਾਮਧਾਰੀ ਪੰਥ ਦੇ ਸਰਬਪੱਖੀ ਵਿਕਾਸ ਲਈ ਨਾਮਧਾਰੀ ਪੰਥ ਦੀ ਸੁਚੇਤ ਅਤੇ ਸੁਯੋਗ ਅਗੁਆਈ ਕਰ ਰਹੇ ਹਨ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਪੁਰਾਤਨਤਾ ਅਤੇ ਆਧੁਨਿਕਤਾ ਦੇ ਸੁਮੇਲ ਹਨ।
ਨਾਮਧਾਰੀ ਸਿੱਖ ਜਿਨ੍ਹਾਂ ਦੀ ਗਿਣਤੀ ਸਰਕਾਰ ਅੰਗਰੇਜੀ ਮੁਤਾਬਕ ਤਿੰਨ ਲੱਖ ਅਤੇ ਗਿਆਨੀ ਗਿਆਨ ਸਿੰਘ ਮੁਤਾਬਕ ਸੱਤ ਲੱਖ ਸੀ, ਦਮਣ ਚੱਕਰ ਤੋਂ ਬਾਅਦ ਇਹ ਗਿਣਤੀ ਘਟਣੀ ਸੁਭਾਵਿਕ ਸੀ। ਫਿਰ ਵੀ ਐਸੇ ਨਾਮਧਾਰੀ ਪਰਿਵਾਰਾਂ ਦੀ ਸੰਖਿਆ ਥੋੜੀ ਨਹੀਂ ਜਿਹਨਾਂ ਦੀ ਛੇਵੀਂ ਪੀਹੜੀ ਕੂਕਿਆਂ ਦੀ ਚੱਲ ਰਹੀ ਹੈ। ਇਹਨਾਂ ਦੇ ਨਿਤਨੇਮ ਵਿਚ ਰੋਜਾਨਾਂ ਜਪੁ ਸਾਹਿਬ, ਜਾਪ ਸਾਹਿਬ, ਦੋਹਾਂ ਦੇ ਸ਼ਬਦ ਹਜਾਰੇ, ਆਸਾ ਦੀ ਵਾਰ, ਰਹਿਰਾਸ, ਕੀਰਤਨ ਸੋਹਿਲਾ ਅਤੇ ਚੰਡੀ ਦੀ ਵਾਰ ਦਾ ਪਾਠ ਸ਼ਮਿਲ ਹੈ। ਆਸਾ ਦੀ ਵਾਰ ਦਾ ਗਾਇਨ ਸਮੂਹਿਕ ਤੌਰ ਤੇ ਸੰਗਤ ਵਿਚ ਹੁੰਦਾ ਹੈ। ਘੱਟੋ-ਘੱਟ ਇਕ ਘੰਟਾ ਨਾਮ ਸਿਮਰਨ ਹਰ ਨਾਮਧਾਰੀ ਲਈ ਜਰੂਰੀ ਹੈ ਸਤਿਗੁਰੂ ਜੀ ਦਾ ਹੁਕਮ ਨਾਮਧਾਰੀ ਪਰਿਵਾਰ ਵਾਸਤੇ ਮਹੀਨੇ ਵਿਚ ਇਕ ਸ੍ਰੀ ਆਦਿ ਗ੍ਰੰਥ ਸਾਹਿਬ ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪਾਠ ਵੀ ਲਾਜਮੀ ਬਣਾਉਂਦਾ ਹੈ। ਉਹ ਨਿਰੋਲ ਸ਼ਾਕਾਹਰੀ ਹਨ। ਸ਼ਰਾਬ ਅਤੇ ਹਰ ਨਸ਼ਾ ਉਹਨਾਂ ਲਈ ਵਿਵਰਜਿਤ ਹੈ। ਉਹਨਾਂ ਵਿਚ ਦਾਜ ਦਹੇਜ, ਮੰਗਣੀ ਠਾਕਾ ਆਦਿ ਖਰਚੀਲੀਆਂ ਰਸਮਾਂ ਤੋਂ ਮੁਕਤ, ਸੰਗਤ ਵਿਚ ਹੀ ਅਮੀਰ ਗਰੀਬ ਦੇ ਵਿਤਕਰੇ ਤੋਂ ਬਿਨ੍ਹਾਂ ਅਨੰਦ ਕਾਰਜ ਕੀਤੇ ਜਾਂਦੇ ਹਨ। ਨਾਮਧਾਰੀ ਸਿੱਖੀ ਦਾ ਕੇਂਦਰੀ ਨੁਕਤਾ ਦੇਹਧਾਰੀ ਗੁਰੂ ਵਿਚ ਭਰੋਸਾ ਹੈ। ਉਹ ਸੁੱਚੀ ਕਿਰਤ ਕਮਾਈ ਦੁਆਰਾ ਉਪਜੀਵਿਕਾ ਕਮਾਉਂਦੇ ਹਨ। ਝੂਠ, ਛੱਲ, ਕਪਟ ਅਤੇ ਠੱਗੀ ਠੋਰੀ ਉਹਾਂ ਲੲੀ ਵਿਵਰਜਿਤ ਹਨ। ਉਹ ਸਾਦਾ ਰਹਿਣੀ ਬਹਿਣੀ ਦੇ ਧਾਰਨੀ ਅਤੇ ਉੱਚ ਆਤਮਿਕ ਮੰਡਲਾਂ ਦੇ ਨਿਵਾਸੀ ਹਨ।