ਸ. ਜਸਵਿੰਦਰ ਸਿੰਘ ਹਿਸਟੋਰੀਅਨ ਪੌਣੀ ਸਦੀ ਤੋਂ ਪੌਣਾ ਕੁ ਵਰ੍ਹਾ ਵੱਧ ਜੀਵਨ ਸਫ਼ਰ ਬਤੀਤ ਕਰਕੇ 31 ਮਈ 2025 ਨੂੰ ਸਵੇਰੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਵਿਖੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਕੁਝ ਸਮਾਂ ਪਹਿਲਾਂ ਸ੍ਰੀ ਭੈਣੀ ਸਾਹਿਬ ਦੀ ਬਿਰਧਸ਼ਾਲਾ ਵਿੱਚ ਹਸਪਤਾਲ ਜਾਣ ਵਾਸਤੇ ਦਿੱਲੀ ਤੋਂ ਆਏ ਹੋਏ ਸਨ, ਜਿੱਥੇ ਸੰਤ ਰਣਜੀਤ ਸਿੰਘ ਰੜ ਵਾਲਿਆਂ ਨੇ ਉਹਨਾਂ ਨੂੰ ਰਵੀ ਜੀ ਦੀ ਮਾਰਫਤ, ਲੁਧਿਆਣੇ ਆਪਣੇ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਪਹਿਲਾਂ ਤਾਂ ਦਵਾਈ ਲੈ ਕੇ ਬਿਰਧਸ਼ਾਲਾ ਵਿੱਚ ਆ ਜਾਂਦੇ ਸਨ, ਜਿੱਥੇ ਅਪ੍ਰੈਲ ਦੇ ਅੱਧ ਵਿੱਚ ਮੈਨੂੰ ਦੋ ਵਾਰ ਉਹਨਾਂ ਦੇ ਦਰਸ਼ਨ ਹੋਏ। ਪੇਟ ਦੀ ਤਕਲੀਫ ਦਾ ਜ਼ਿਕਰ ਕਰਦੇ ਸਨ। ਫਿਰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਮੈਂ ਫੋਨ ਤੇ ਹਾਲ-ਚਾਲ ਪੁੱਛਦਾ ਰਿਹਾ। ਫਿਰ ਉਹਨਾਂ ਦੇ ਫੋਨ ਤੋਂ ਗੱਲਬਾਤ ਹੋਣੀ ਬੰਦ ਹੋ ਗਈ। ਕਈ ਦਿਨਾਂ ਬਾਅਦ ਬੇਟੀ ਜੋ ਉਨਾਂ ਪਾਸ ਦਿੱਲੀ ਰਹਿੰਦੀ ਸੀ ਉਸ ਨੇ ਫੋਨ ਤੇ ਦੱਸਿਆ ਕਿ ਸਿਹਤ ਜਿਆਦਾ ਵਿਗੜ ਗਈ ਹੈ। ਹੁਣ ਉਹ ਕੋਮਾ ਵਿੱਚ ਹਨ ਅਤੇ ਆਈ.ਸੀ.ਯੂ. ਵਿੱਚ ਦਾਖਲ ਹਨ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਨੇ ਬੰਗਲੌਰ ਤੋਂ ਡਾਕਟਰਾਂ ਨੂੰ ਹਰ ਸੰਭਵ ਯਤਨ ਕਰਨ ਲਈ ਕਿਹਾ। ਅਗਲੇ ਦਿਨਾਂ ਵਿੱਚ ਭੈਣੀ ਸਾਹਿਬ ਆਉਣ ਤੇ ਸਤਿਗੁਰੂ ਜੀ ਉਚੇਚਾ ਆਪ ਜੀ ਦਾ ਹਾਲ ਚਾਲ ਜਾਨਣ ਲਈ ਹਸਪਤਾਲ ਪਧਾਰੇ ਸਨ। 27 ਮਈ ਦੁਪਹਿਰੇ ਮੈਂ ਤੇ ਸਾਥੀ ਗੁਰਚਰਨ ਸਿੰਘ ਧਾਲੀਵਾਲ ਆਪ ਜੀ ਦਾ ਦਰਸ਼ਨ ਆਈ.ਸੀ.ਯੂ. ਵਿੱਚ ਕਰਕੇ ਆਏ। ਬੇਸ਼ੱਕ ਨੱਕ ਵਿੱਚ ਸਾਹ ਲਈ ਨਾਲੀ ਲੱਗੀ ਸੀ ਪਰ ਚਿਹਰਾ ਤੇਜੱਸਵੀ ਅਤੇ ਗਿਆਨ ਦੀ ਜੋਤ ਨਾਲ ਨੂਰੋ-ਨੂਰ ਸੀ। ਦਰਅਸਲ 2019 ਵਿੱਚ ਆਪ ਦੀ ਜੀਵਨ ਸਾਥਣ ਬੀਬੀ ਸੁਦਰਸ਼ਨ ਕੌਰ ਜੀ ਉਹਨਾਂ ਦਾ ਸਾਥ ਛੱਡ ਗਏ ਸਨ।
ਇਹਨਾਂ ਦੇ ਜੀਵਨ ਵਿੱਚ ਮੋੜ ਲਿਆਉਣ ਵਾਲੇ ਵੱਡੇ ਫੈਸਲੇ, ਉਹਨਾਂ ਨੇ ਬੀਬੀ ਜੀ ਦੀ ਪ੍ਰੇਰਣਾਂ ਨਾਲ ਹੀ ਲਏ ਸਨ। ਖਾਸ ਕਰਕੇ ਸਰਕਾਰੀ ਸੈਨਿਕ ਨੌਕਰੀ ਛੱਡ ਕੇ ਸ੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਨਾਮਧਾਰੀ ਸਾਹਿਤ ਇਤਿਹਾਸ ਦੀ ਖੋਜ ਵਿੱਚ ਜੁਟ ਜਾਣਾ, ਇਹ ਬੀਬੀ ਜੀ ਸਦਕਾ ਹੀ ਸੰਭਵ ਹੋਇਆ ਸੀ। ਉਦੋਂ ਜਿਹੇ ਉਹਨਾਂ ਦੇ ਕੁਝ ਸ਼ੁਭ ਚਿੰਤਕ ਉਹਨਾਂ ਨੂੰ ਖੋਜ ਕਾਰਜ ਛੁੱਟੀਆਂ ਲੈ ਕੇ ਕਰਨ ਅਤੇ ਵੱਡੀਆਂ ਸੁੱਖ ਸੁਵਿਧਾਵਾਂ ਵਾਲੀ ਸਰਕਾਰੀ ਨੌਕਰੀ ਨਾਂ ਛੱਡਣ ਬਾਰੇ ਕਹਿ ਰਹੇ ਸਨ। ਇਹ ਬੀਬੀ ਜੀ ਦਾ ਸੁਝਾਅ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਅੱਖਰ-ਅੱਖਰ ਮੰਨੋ ਅਤੇ ਨੌਕਰੀ ਛੱਡ ਦਿਉ। ਇਸੇ ਕਾਰਨ ਜਸਵਿੰਦਰ ਸਿੰਘ ਉਹ ਮਹਾਨ ਕਾਰਜ ਲਿਖਣ ਪੜ੍ਹਣ ਦੇ ਖੇਤਰ ਵਿੱਚ ਕਰ ਸਕੇ ਜਿਸ ਸਦਕਾ ਉਹਨਾਂ ਦੀ ਕੀਰਤੀ ਦੇਸ਼ ਕਾਲ ਦੀਆਂ ਹੱਦਾਂ ਉਲੰਘ ਜਾਏਗੀ। ਅਜਿਹੀ ਪ੍ਰਤਿਭਾਸ਼ਾਲੀ ਜੀਵਨ ਸਾਥਣ ਦਾ ਵਿਛੋੜਾ ਉਹਨਾਂ ਨੇ ਧੁਰ ਅੰਦਰ ਤੱਕ ਇਉ ਮਹਿਸੂਸਿਆ ਕਿ ਉਹ ਫਿਰ ਕਦੇ ਵੀ ਸਹਿਜ ਵਿੱਚ ਨਹੀਂ ਆਏ ਅਤੇ ਅੰਦਰੇ-ਅੰਦਰ ਹੀ ਖੁਰਦੇ ਗਏ।
ਆਪ ਦਾ ਜਨਮ ਬਟਾਲਾ (ਪੰਜਾਬ) ਦੇ ਸਿੰਬਲ ਮੁਹੱਲੇ ਵਿੱਚ ਪਿਤਾ ਸ. ਕਿਰਪਾਲ ਸਿੰਘ ਕਲਸੀ ਅਤੇ ਮਾਤਾ ਹਰਬੰਸ ਕੌਰ ਦੇ ਘਰ 18 ਅਗਸਤ 1949 ਨੂੰ ਹੋਇਆ। ਵੰਡ ਤੋਂ ਪਹਿਲਾਂ ਸ. ਕਿਰਪਾਲ ਸਿੰਘ ਚੱਕ 118 ਲਾਇਲਪੁਰ ਵਿੱਚ ਰਹਿ ਕੇ ਆਟਾ ਚੱਕੀ ਮਸ਼ੀਨ ਇੰਜਨ ਤੇ ਚਲਾਇਆ ਕਰਦੇ। ਬਟਾਲੇ ਤੋਂ ਬਾਅਦ ਉਹ ਜਗਾਧਰੀ ਆ ਕੇ ਰੇਲਵੇ ਵਿੱਚ ਫਿਟਰ ਲੱਗ ਗਏ। ਇੱਥੇ ਉਹਨਾਂ 'ਨਾਮਧਾਰੀ ਪ੍ਰਚਾਰਕ ਜਥਾ' ਬਣਾ ਕੇ ਹਰ ਐਤਵਾਰ ਆਸਾ ਦੀ ਵਾਰ ਲਾਉਣੀ ਸ਼ੁਰੂ ਕੀਤੀ। ਉਹ ਬੇਸ਼ੱਕ ਅਨਪੜ੍ਹ ਸਨ ਪਰ ਉਹਨਾਂ ਨੂੰ ਨਾਮਧਾਰੀ ਇਤਿਹਾਸ ਅਤੇ ਸਿੱਖ ਇਤਿਹਾਸ ਦਾ ਕਾਫੀ ਗਿਆਨ ਸੀ।
ਉਹ ਹਰਮੋਨੀਅਮ ਵੀ ਵਧੀਆ ਵਜਾ ਲੈਂਦੇ ਸਨ । ਉਹਨਾਂ ਦੀ ਉਂਗਲ ਫੜ ਕੇ ਬਾਲ ਜਸਵਿੰਦਰ ਸਿੰਘ ਵੀ ਇਹਨਾਂ ਦੀਵਾਨਾਂ ਵਿੱਚ ਪੁੱਜ ਜਾਂਦੇ ਤੇ ਇੰਜ ਉਸਦੇ ਬਾਲ ਮਨ ਦੀ ਸਲੇਟ ਤੇ ਜਿਹੜੇ ਪਹਿਲੇ ਅੱਖਰ ਉਕਰੇ ਗਏ ਉਹ ਸਨ- 'ਧੰਨ ਗੁਰੂ ਰਾਮ ਸਿੰਘ । ' ਜਗਾਧਰੀ ਵਿਖੇ ਇੱਕ ਨਾਮਧਾਰੀ ਸੰਤ ਕਬੀਰ ਸਿੰਘ ਰਹਿੰਦੇ ਸਨ, ਉਹ ਬੱਚਿਆਂ ਨੂੰ ਫੁੱਲੀਆਂ ਪਤਾਸੇ ਵੰਡਣ ਵਾਲਾ ਇੱਕ ਝੋਲਾ ਹਮੇਸ਼ਾ ਰੱਖਦੇ। ਜਿਹੜਾ ਵੀ ਬੱਚਾ ਬੋਲਦਾ 'ਧੰਨ ਗੁਰੂ ਰਾਮ ਸਿੰਘ' ਉਸਦਾ ਫੁੱਲੀਆਂ ਪਤਾਸਿਆਂ ਨਾਲ ਬੁੱਕ ਸੰਤ ਜੀ ਭਰ ਦਿੰਦੇ ਨਾਮਧਾਰੀ ਦੀਵਾਨ ਅਤੇ ਪਿਤਾ ਜੀ ਦੇ ਬਚਨ ਬਿਲਾਸਾਂ ਦਾ ਅਜਿਹਾ ਅਸਰ ਪਿਆ ਕਿ ਜਸਵਿੰਦਰ ਸਿੰਘ ਦੇ ਮਨ ਮਸਤਕ ਵਿੱਚ ਤਿੰਨ ਸ਼ਬਦ ਅਕਸਰ ਗੂੰਜਦੇ ਰਹਿੰਦੇ- 'ਗੁਰੂ ਰਾਮ ਸਿੰਘ, ਬਰਮਾਂ ਅਤੇ ਰੰਗੂਨ।' ਇੱਕ ਤਰ੍ਹਾਂ ਦੇ ਇਹ ਉਹੋ ਇਲਾਹੀ ਸ਼ਬਦ ਸਨ ਜਿਨ੍ਹਾਂ ਨੇ ਉਹਨਾਂ ਦੇ ਭਾਵੀ ਜੀਵਨ ਸਫਰ ਦੀ ਸੇਧ ਨਿਸ਼ਚਿਤ ਕਰ ਦਿੱਤੀ ਸੀ।
ਜਸਵਿੰਦਰ ਸਿੰਘ ਦੇ ਨਾਨੇ ਹਰਨਾਮ ਸਿੰਘ ਹੋਰਾਂ ਦਾ ਪਿਛੋਕੜ ਰਿਆੜਕੀ ਖੇਤਰ ਦਾ ਪ੍ਰਸਿੱਧ ਪਿੰਡ ਔਲਖ ਬੇਰੀ (ਗੁਰਦਾਸਪੁਰ) ਸੀ ਪਰ ਉਹ ਲਾਹੌਰ ਦੀ ਰੇਲਵੇ ਵਰਕਸ਼ਾਪ ਵਿੱਚ ਕੰਮ ਕਰਿਆ ਕਰਦਾ ਸੀ। ਇਹ ਪਹਿਲੇ ਜਗਤ ਯੁੱਧ ਦਾ ਸਮਾਂ ਸੀ। ਲਾਹੌਰ ਇਹਨਾਂ ਦਿਨਾਂ ਵਿੱਚ ਕੂਕਾ ਪ੍ਰਚਾਰ ਦਾ ਗੜ੍ਹ ਸੀ। ਇੱਥੋਂ ਪ੍ਰਭਾਵਿਤ ਹੋਕੇ ਹਰਨਾਮ ਸਿੰਘ ਵੀ ਨਾਮਧਾਰੀ ਸਿੰਘ ਸੱਜ ਕੇ ਬਾਣੀ ਅਤੇ ਬਾਣੇ ਨਾਲ ਜੁੜ ਗਿਆ। ਇਹਨਾਂ ਦਿਨਾਂ ਵਿੱਚ ਹੀ ਬਾਅਦ ਵਿਚ ਹੋਣ ਵਾਲਾ ਪ੍ਰਸਿੱਧ ਸ਼ਹੀਦ ਊਧਮ ਸਿੰਘ ਸੁਨਾਮ ਵੀ ਲਾਹੌਰ ਦੀ ਇਸੇ ਵਰਕਸ਼ਾਪ ਵਿੱਚ ਕੰਮ ਕਰਿਆ ਕਰਦਾ ਸੀ। ਹਰਨਾਮ ਸਿੰਘ ਤੋਂ ਸੁਣੀਆਂ ਕੂਕਾ ਕੁਰਬਾਨੀਆਂ ਦੀਆਂ ਸਾਖੀਆਂ ਨੇ ਊਧਮ ਸਿੰਘ ਦਾ ਦੇਸ਼ ਭਗਤੀ ਦਾ ਅਜ਼ਮ ਹੋਰ ਪੱਕਾ ਕਰ ਦਿੱਤਾ। ਇਹ ਦੋਵੇਂ 1919-21 ਵਿੱਚ ਗੜਬੜ ਵਾਲੇ ਇਲਾਕੇ ਵਜ਼ੀਰਿਸਤਾਨ ਵਿੱਚ ਨਵੀਂ ਰੇਲਵੇ ਲਾਇਨ ਬਣਾਉਣ ਵਿੱਚ ਵੀ ਕੰਮ ਕਰਦੇ ਸਨ ਜਿਸ ਦੇ ਦੋਵਾਂ ਨੂੰ ਤਮਗੇ ਵੀ ਮਿਲੇ ਸਨ।
ਹਰਨਾਮ ਸਿੰਘ ਹੋਰਾਂ ਤੋਂ ਉਲਟ ਉਹਨਾਂ ਦਾ ਜੁਆਈ ਕਿਰਪਾਲ ਸਿੰਘ ਤਾਂ ਜਮਾਂਦਰੂ ਕੂਕਾ ਸੀ ਜੋ ਬਾਰ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ, ਅੰਮ੍ਰਿਤਸਰ ਜ਼ਿਲ੍ਹਾ ਦੇ ਕਸਬਾ ਵੇਰਕਾ ਦੇ ਪਾਸ ਤਲਵੰਡੀ ਦਸੋਂਧਾ ਸਿੰਘ ਦਾ ਵਸਨੀਕ ਸੀ। ਜਗਾਧਰੀ ਅਤੇ ਹੋਰਨਾਂ ਥਾਵਾਂ ਤੇ ਆਪਣੇ ਪਿਤਾ ਜੀ ਅਤੇ ਹੋਰਨਾਂ ਪ੍ਰਚਾਰਕਾਂ ਤੋਂ ਦੀਵਾਨਾਂ ਵਿੱਚ ਖੂਨ ਰੰਗੇ ਇਤਿਹਾਸ ਦੀਆਂ ਸਾਖੀਆਂ ਸੁਣ-ਸੁਣ ਕੇ ਬਾਲ ਜਸਵਿੰਦਰ ਦੇ ਮਨ ਵਿੱਚ ਇਤਿਹਾਸ ਬੋਧ ਰੂਪੀ ਬਿਰਖ ਕੋਈ ਬੀਜ ਬੀਜਿਆ ਗਿਆ ਜੋ ਸਮਾਂ ਪਾ ਕੇ ਆਪਣੇ ਪੂਰੇ ਜਲੌਅ ਵਿੱਚ ਪ੍ਰਗਟ ਹੋ ਕੇ ਨਾਮਧਰੀ ਇਤਿਹਾਸ ਦਾ ਬੋਹੜ ਬਿਰਖ ਬਣ ਗਿਆ।
ਚੌਥੀ ਦਾ ਵਿਦਿਆਰਥੀ ਜਸਵਿੰਦਰ ਪਿਤਾ ਨਾਲ 1957-59 ਵਿੱਚ ਰਾਜਪੁਰੇ ਆ ਗਿਆ ਜਿੱਥੇ ਉਹ ਰੇਲਵੇ ਵਰਕਸ਼ਾਪ ਵਿੱਚ ਰਹੇ। ਦਿੱਲੀ ਤਬਾਦਲਾ ਹੋਣ ਤੇ ਪਰਿਵਾਰ ਫਿਰ ਹਮੇਸ਼ਾਂ ਲਈ ਇੱਥੇ ਸ਼ਕੂਰ ਬਸਤੀ ਵਿੱਚ ਆ ਗਿਆ। ਜਸਵਿੰਦਰ ਸਿੰਘ ਨੇ ਛੇਵੀਂ ਤੋਂ ਐਮ.ਏ. (ਇਤਿਹਾਸ) ਤੱਕ ਦੀ ਪੜ੍ਹਾਈ ਦਿੱਲੀ ਵਿਖੇ ਹੀ ਮੁਕੰਮਲ ਕੀਤੀ। ਪਰ ਪਿਤਾ ਜੀ ਦੀ ਸਿਹਤ ਠੀਕ ਨਾ ਰਹਿਣ ਕਾਰਨ ਉਹਨਾਂ ਦੀ ਨੌਕਰੀ ਛੁੱਟ ਗਈ। ਇਸ ਸਮੇਂ ਜਸਵਿੰਦਰ ਸਿੰਘ ਉਹਨਾਂ ਦੀ ਸੇਵਾ ਕਰਨ ਤੋਂ ਇਲਾਵਾ ਘਰ ਦਾ ਖਰਚਾ ਤੋਰਨ ਲਈ ਕਈ ਛੋਟੇ-ਮੋਟੇ ਕਿੱਤੇ ਵੀ ਕਰਦੇ ਰਹੇ। ਹਾਇਰ ਸੈਕੰਡਰੀ ਦਾ ਇਮਤਿਹਾਨ ਪਾਸ ਕਰਨ ਬਾਅਦ ਉਨਾਂ ਯੂ.ਪੀ.ਐਸ.ਸੀ. ਵਿੱਚ ਕਲਰਕ ਦਾ ਇਮਤਿਹਾਨ ਪਾਸ ਕਰਕੇ ਫੌਜਾਂ ਦੇ ਵੱਡੇ ਦਫਤਰ ਵਿੱਚ ਰਾਸ਼ਟਰਪਤੀ ਭਵਨ ਦੇ ਨੇੜੇ ਨੌਕਰੀ ਕਰ ਲਈ। ਦੋ ਕੁ ਸਾਲ ਬਾਅਦ ਦਫਤਰ ਦਾ ਸਮਾਂ ਇਸ ਤਰ੍ਹਾਂ ਬਦਲ ਗਿਆ ਕਿ ਛੁੱਟੀ ਤੋਂ ਬਾਅਦ ਉਹਨਾਂ ਪਾਸ ਕੌਮੀ ਅਭਿਲੇਖਾਗਾਰ ਵਿੱਚ ਜਾਕੇ ਨਾਮਧਾਰੀ ਇਤਿਹਾਸ ਸਬੰਧੀ ਦਸਤਾਵੇਜ ਘੋਖਣ ਵਾਚਣ ਦਾ ਸਬੱਬ ਬਣ ਗਿਆ।
ਇਸ ਜਗ੍ਹਾ ਤੇ ਸ. ਨਾਹਰ ਸਿੰਘ ਐਮ.ਏ. ਨੰਗਲ ਖੁਰਦ ਤੇ ਬਾਬੂ ਕਰਤਾਰ ਸਿੰਘ ਜੀ ਪਹਿਲਾਂ ਤੋਂ ਜਾਇਆ ਕਰਦੇ ਸਨ। ਜਸਵਿੰਦਰ ਸਿੰਘ ਇਹਨਾਂ ਦੇ ਸੰਪਰਕ ਵਿੱਚ ਆ ਗਏ। ਇਸ ਤੋਂ ਪਹਿਲਾਂ ਅਭਿਲੇਖਾਗਾਰ ਵਾਲਿਆਂ ਦੀਆਂ ਦੋ ਸ਼ਰਤਾਂ ਸਨ ਕਿ ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਆਪਣੇ ਦਫ਼ਤਰ ਤੋਂ ਇਜ਼ਾਜ਼ਤਨਾਮਾ ਲਿਆਉ ਅਤੇ ਕਿਸੇ ਇਤਿਹਾਸਕਾਰ ਦੀ ਸਿਫਾਰਸ਼ੀ ਚਿੱਠੀ। ਮਹਾਰਾਜ ਬੀਰ ਸਿੰਘ ਜੀ ਨੇ ਡਾ. ਫੌਜਾ ਸਿੰਘ ਬਾਜਵਾ ਹੋਰਾਂ ਤੋਂ ਉਹ ਪੱਤਰ ਲਿਖਵਾ ਕੇ ਦਿੱਤਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਇੱਕ ਦਿਨ ਸ. ਨਾਹਰ ਸਿੰਘ ਹੋਰਾਂ ਨਾਲ ਬਚਨ ਕਰਦਿਆਂ ਉਹਨਾਂ ਨੂੰ ਜਿੱਥੋਂ ਤੱਕ ਨਾਮਧਾਰੀ ਇਤਿਹਾਸ ਦੇ ਦਸਤਾਵੇਜ਼ ਉਹ ਸੰਕਲਿਤ ਕਰ ਚੁੱਕੇ ਸਨ, ਉਸ ਤੋਂ ਅਗਲਾ ਕੰਮ ਕਰਨ ਲਈ ਕਿਹਾ। ਉਹਨਾਂ ਨੇ ਆਪਣੀ ਬਜ਼ੁਰਗੀ ਜਾਂ ਰੁਝੇਵਿਆਂ ਦਾ ਜ਼ਿਕਰ ਕਰਦਿਆਂ, ਸਤਿਗੁਰੂ ਜੀ ਨੂੰ ਇਸ ਕੰਮ ਲਈ ਜਸਵਿੰਦਰ ਸਿੰਘ ਨੂੰ ਪ੍ਰੇਰਨ ਲਈ ਕਿਹਾ, ਜਿਸ ਦੀ ਨਾਮਧਾਰੀ ਇਤਿਹਾਸ ਵਿੱਚ ਰੁਚੀ ਤੋਂ ਉਹ ਜਾਣੂ ਸਨ। ਸਤਿਗੁਰੂ ਜੀ ਇਸ ਤੋਂ ਪਹਿਲਾਂ ਜਸਵਿੰਦਰ ਸਿੰਘ ਨਾਲ ਦਸਤਾਵੇਜ਼ਾਂ ਬਾਰੇ ਚਰਚਾ ਕਰਿਆ ਕਰਦੇ ਸਨ ਅਤੇ ਇਤਿਹਾਸ ਨਾਲ ਸੰਬੰਧਿਤ ਨਾਂਦੇੜ, ਪਟਨਾ ਸਾਹਿਬ, ਅੰਮ੍ਰਿਤਸਰ, ਭਦੌੜ ਆਦਿ ਥਾਵਾਂ ਤੇ ਉਸਨੂੰ ਭੇਜਿਆ ਕਰਦੇ ਸਨ । ਹੁਣ ਨਾਹਰ ਸਿੰਘ ਹੋਰਾਂ ਦੇ ਕਹਿਣ ਬਾਅਦ ਸਤਿਗੁਰੂ ਜੀ ਨੇ ਸਕੱਤਰ ਤਰਸੇਮ ਸਿੰਘ ਰਾਹੀਂ, ਜਸਵਿੰਦਰ ਸਿੰਘ ਹੋਰਾਂ ਨੂੰ ਨੌਕਰੀ ਛੱਡ ਕੇ ਇਤਿਹਾਸ ਦੇ ਕੰਮ ਵਿੱਚ ਜੁੱਟ ਜਾਣ ਦਾ ਆਦੇਸ਼ ਦਿੱਤਾ। ਨੌਕਰੀ ਕਰਦਿਆਂ 15 ਸਾਲ ਹੋ ਗਏ ਸਨ ਜੇ ਹੋਰ ਪੰਜ ਸਾਲ ਪੂਰੇ ਕਰ ਲੈਂਦੇ ਤਾਂ ਪੈਨਸ਼ਨ ਦਾ ਹੱਕਦਾਰ ਹੋ ਜਾਣਾ ਸੀ। ਕੁਝ ਸਮੇਂ ਦੀ ਕਸ਼ਮਕਸ਼ ਬਾਅਦ ਜਿਵੇਂ ਉੱਪਰ ਵਰਣਿਤ ਹੈ, ਧਰਮ ਪਤਨੀ ਦੇ ਸੁਝਾਅ ਤੇ ਨੌਕਰੀ ਤੋਂ ਤਿਆਗ ਪੱਤਰ ਦੇ ਕੇ ਗੁਰੂ ਚਰਨਾਂ ਵਿੱਚ ਆ ਹਾਜ਼ਰ ਹੋਏ।
ਜਸਵਿੰਦਰ ਸਿੰਘ ਹੋਰਾਂ ਦਾ ਆਨੰਦ ਕਾਰਜ 1976 ਵਿੱਚ ਸ. ਹਰਨਾਮ ਸਿੰਘ ਧੰਨਬਾਦ (ਬਿਹਾਰ) ਦੀ ਸਪੁੱਤਰੀ ਬੀਬੀ ਸੁਦਰਸ਼ਨ ਕੌਰ ਨਾਲ ਹੋਇਆ। ਬੀਬੀ ਨੇ ਹਿੰਦੀ ਵਿੱਚ ਐਮ.ਏ. ਪਹਿਲਾ ਸਾਲ ਪਾਸ ਕਰ ਲਿਆ ਸੀ ਪਰ ਫਿਰ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਕਾਰਨ ਐਮ.ਏ. ਪੂਰੀ ਨਾ ਹੋਈ ਅਤੇ ਅਨੰਦ ਹੋ ਗਿਆ। ਉਹ ਜਸਵਿੰਦਰ ਸਿੰਘ ਦੀਆਂ ਲਿਖਤਾਂ ਦੀ ਪਰੂਫ ਰੀਡਿੰਗ ਕਰਨ ਦਾ ਕੰਮ ਵੀ ਕਰਦੇ ਅਤੇ ਕਈ ਵੇਰ ਕਠਿਨ ਹਾਲਾਤ ਵਿੱਚ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਦੇ ਘਰ ਗ੍ਰਹਿਸਤੀ ਵੀ ਚਲਾਉਂਦੇ ਸਨ। ਉਹਨਾਂ ਦੇ ਪਰਿਵਾਰ ਵਿੱਚ ਤਿੰਨ ਸਪੁੱਤਰੀਆਂ ਸਨ । ਬੀਬੀ ਮਨਜੀਤ ਕੌਰ ਵੱਡੀ ਬੇਟੀ, ਨਾਮਧਾਰੀ ਚਿੰਤਕ ਫਲੌਰ ਵਾਲੇ ਸ. ਸੁਰਜੀਤ ਸਿੰਘ ਜੀਤ ਦੇ ਵੱਡੇ ਬੇਟੇ ਹਰਜੀਤ ਸਿੰਘ ਵਿਲਾਇਤ ਵਾਸੀ ਨਾਲ, ਵਿਚਕਾਰਲੀ ਬੀਬੀ ਹਰਜੀਤ ਕੌਰ, ਸ. ਮਹਾਂ ਸਿੰਘ ਮਨਕੂ ਦਿੱਲੀ ਨਿਵਾਸੀ ਨਾਲ ਅਤੇ ਛੋਟੀ ਬੀਬੀ ਬਲਬੀਰ ਕੌਰ, ਸ੍ਰੀ ਧਰਮੇਸ਼ ਰਾਮਪਾਲ ਅੰਮ੍ਰਿਤਸਰ ਨਾਲ ਵਿਆਹੇ ਗਏ। ਤਿੰਨੇ ਬੇਟੀਆਂ ਪਿਤਾ ਦੇ ਅੰਤਿਮ ਦਿਨਾਂ ਵਿੱਚ ਉਹਨਾਂ ਦੇ ਪਾਸ ਸਨ।
ਜਸਵਿੰਦਰ ਸਿੰਘ ਜੀ ਦੋ ਭਾਈ ਅਤੇ ਦੋ ਭੈਣਾਂ ਦਾ ਪਰਿਵਾਰ ਸੀ। ਉਹਨਾਂ ਦਾ ਛੋਟਾ ਭਾਈ ਰਣਜੀਤ ਸਿੰਘ ਸ਼ਕੂਰ ਬਸਤੀ ਵਿਖੇ ਹੀ ਰਹਿੰਦਾ ਸੀ। ਦੋਵੇਂ ਭੈਣਾਂ ਅਮਰਜੀਤ ਕੌਰ ਅਤੇ ਇੰਦਰਜੀਤ ਕੌਰ ਦਿੱਲੀ ਹੀ ਵਿਆਹੀਆਂ ਸਨ। ਹੁਣ ਚਾਰਾਂ ਵਿੱਚੋਂ ਕੋਈ ਵੀ ਜੀਵਤ ਨਹੀਂ। 1985 ਵਿੱਚ ਆਪ Indian Council of Historical Research Centre ਵਿੱਚ ਰਿਸਰਚ ਸਕਾਲਰ ਵੀ ਲੱਗ ਗਏ ਸਨ। ਜਨਵਰੀ 1994 ਵਿੱਚ ਸਤਿਗੁਰੂ ਜੀ ਨੇ ਰਾਜਾ ਸੇਠੀ ਨਾਲ ਆਪ ਨੂੰ ਰੰਗੂਨ ਭੇਜਿਆ ਜਿੱਥੇ ਆਪ ਰੰਗੂਨ, ਮੌਲਮੀਨ ਅਤੇ ਮਰਗੋਈ ਆਦਿ ਵਿਖੇ ਉਹਨਾਂ ਇਤਿਹਾਸਿਕ ਅਸਥਾਨਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਸਫਲ ਹੋਏ, ਜਿੱਥੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਤਿੰਨ ਸੂਬੇ ਜਵਾਹਰ ਸਿੰਘ, ਲੱਖਾ ਸਿੰਘ, ਬਰਮਾ ਸਿੰਘ ਕੈਦ ਕੀਤੇ ਗਏ ਸਨ। ਹਿਸਟੋਰੀਅਨ ਜੀ ਨੇ ਇਹਨਾਂ ਥਾਵਾਂ ਦੀਆਂ ਇੱਕ ਤੋਂ ਵੱਧ ਵਾਰ ਅਤੇ ਹੋਰ ਵੀ ਬਹੁਤ ਸਾਰੀਆਂ ਵਿਦੇਸ਼ ਯਾਤਰਾਵਾਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਕੀਤੀਆਂ। ਆਪ ਯੂ.ਪੀ. ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰ ਵੀ ਰਹੇ। ਨਾਮਧਾਰੀ ਇਤਿਹਾਸ ਬਾਰੇ ਬਹੁਤ ਸਾਰੇ ਕੌਮੀ ਸੈਮੀਨਾਰਾਂ ਸਮੇਂ ਅਨੇਕ ਵਿਸ਼ਵ ਵਿਦਿਆਲਿਆਂ ਵਿੱਚ ਆਪ ਖੋਜ ਪੱਤਰ ਪੇਸ਼ ਕਰਦੇ ਰਹੇ। ਅਨੇਕ ਪੱਤਰ ਪੱਤਰਕਾਵਾਂ ਵਿੱਚ ਆਪ ਦੇ ਲੇਖ ਛਪਦੇ ਰਹੇ।
1985 ਵਿੱਚ ਸਤਿਗੁਰੂ ਜੀ ਨੇ ਆਪ ਨੂੰ ਸੰਤ ਸੰਤੋਖ ਸਿੰਘ ਬਾਹੋਵਾਲ ਕ੍ਰਿਤ ਵੱਡ ਆਕਾਰੀ ਗ੍ਰੰਥ ਦੋ ਭਾਗਾਂ ਵਿੱਚ ਸੰਪਾਦਿਤ ਕਰਨ ਦਾ ਹੁਕਮ ਦਿੱਤਾ। ਮਾਸਟਰ ਨਿਹਾਲ ਸਿੰਘ ਅਤੇ ਪ੍ਰੀਤਮ ਸਿੰਘ ਕਵੀ ਜੀ ਸਹਿਯੋਗ ਕਰਨ ਵਾਲੇ ਸਨ। ਇਸ ਕਾਰਜ ਲਈ ਹਰ ਮਹੀਨੇ 10 ਤੋਂ 13 ਦਿਨ ਦਿੱਲੀ ਤੋਂ ਆ ਕੇ ਸ੍ਰੀ ਭੈਣੀ ਸਾਹਿਬ ਬਿਤਾਉਂਦੇ ਸਨ। ਦੋਹਾਂ ਜਿਲਦਾਂ ਦੀਆਂ ਇਤਿਹਾਸਿਕ ਨੁਕਤਿਆਂ ਨਾਲ ਭਰਪੂਰ ਲੰਬੀਆਂ ਭੂਮਿਕਾਵਾਂ ਅਤੇ ਨਾਵਾਂ, ਥਾਵਾਂ ਤੇ ਘਟਨਾਵਾਂ ਦੇ ਫੁੱਟ ਨੋਟ ਇਸ ਨੂੰ ਇੱਕ ਅਮੋਲਕ ਧਰੋਹਰ ਬਣਾਉਂਦੇ ਹਨ। ਇਸੇ ਤਰ੍ਹਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 65 ਹੁਕਮਨਾਮਿਆਂ ਦਾ ਸੰਪਾਦਨ ਕਾਰਜ ਵੀ ਆਪ ਦੀ ਇਤਿਹਾਸ ਖੋਜ ਬਿਰਤੀ ਦਾ ਉੱਤਮ ਪ੍ਰਮਾਣ ਹੈ। ਇਹਨਾਂ ਦੋਹਾਂ ਪੁਸਤਕਾਂ ਤੋਂ ਪਹਿਲਾਂ ਆਪ ‘ਕੁਕਾਜ਼ ਆਫ ਨੋਟ ਇਨ ਦਾ ਪੰਜਾਬ 1881 ਈ.' ਅਤੇ 'ਕੂਕਾ ਮੂਵਮੈਂਟ ਫਰੀਡਮ ਸਟਰਗਲ ਇਨ ਪੰਜਾਬ' ਦਸਤਾਵੇਜਾਂ ਦੀਆਂ ਦੋ ਕਿਤਾਬਾਂ ਸੰਕਲਿਤ ਕਰ ਚੁੱਕੇ ਸਨ। ਆਪ ਦੇ ਇਹ ਦਸਤਾਵੇਜ 1881 ਤੋਂ 1903 ਈ. ਤੱਕ ਦਾ ਨਾਮਧਾਰੀ ਇਤਿਹਾਸ ਸਾਂਭੀ ਬੈਠੇ ਹਨ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਪਹਿਲੀ ਪ੍ਰਕਾਸ਼ ਸ਼ਤਾਬਦੀ ਸਮੇਂ ਆਪ ਨੇ ਉਹਨਾਂ ਦੇ ਜੀਵਨ ਚਰਿੱਤਰ ਅਤੇ ਬਹੁਭਾਂਤੀ ਕਾਰਜਾਂ ਪ੍ਰਥਾਇ, ਵੱਖ-ਵੱਖ ਉਘੇ ਲੇਖਕਾਂ ਦੀਆਂ ਰਚਨਾਵਾਂ ਲੈ ਕੇ ਤਿੰਨ ਪੁਸਤਕਾਂ- ‘ਬਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ’, ‘ਵਡ ਪਰਤਾਪ ਅਚਰਜ ਰੂਪ’, ‘ਪਰਤਾਪ ਸਦਾ ਗੁਰ ਕਾ ਘਟ ਘਟ ਅਤੇ ਕੂਕਾ ਇਤਿਹਾਸ ਬਾਰੇ 'ਨਾਮਧਾਰੀ ਲਹਿਰ ਸੰਪਾਦਿਤ ਕੀਤੀਆਂ। ਦਸਤਾਵੇਜ਼ਾ ਨਾਲ ਸੰਬੰਧਿਤ ਦੋ ਹੋਰ ਕਿਤਾਬਾਂ ਹਨ 'ਕੂਕਾ ਮੂਵਮੈਂਟ ਐਂਡ ਦਾ ਮੈਕਨੇਬ ਰਿਪੋਰਟ' ਅਤੇ 'ਲਾਇਲ ਸਰਵਿਸ਼ਜ਼ ਬਾਏ ਸ. ਅਤਰ ਸਿੰਘ ਭਦੌੜ’, ਮੈਕਨੇਬ ਉਹ ਕਮਿਸ਼ਨਰ ਸੀ ਜਿਹਨੇ ਅਪ੍ਰੈਲ 1872 ਵਿੱਚ ਇਲਾਹਾਬਾਦ ਕਿਲੇ ਵਿੱਚ ਕੈਦ, ਸੂਬੇ ਸਾਹਿਬਾਨ ਦੇ ਬਿਆਨ ਲਏ ਸਨ। ਭਦੌੜ ਦਾ ਸ. ਅਤਰ ਸਿੰਘ ਅੰਗਰੇਜ ਸਰਕਾਰ ਦੁਆਰਾ ਜ਼ਬਤ ਕੀਤੀ ਭਦੌੜ ਰਿਆਸਤ, ਮੁੜ ਹਾਸਲ ਕਰਨ ਲਈ ਕੂਕਿਆਂ ਸਮੇਤ ਕਿਸੇ ਵੀ ਅੰਗਰੇਜ਼ ਸਰਕਾਰ ਵਿਰੋਧੀ ਵਿਅਕਤੀ ਜਾਂ ਜਥੇਬੰਦੀ ਦੀਆਂ ਸਰਕਾਰ ਨੂੰ ਡਾਇਰੀਆਂ ਦਿਆ ਕਰਦਾ ਸੀ ਅਤੇ ਇਸੇ ਕੰਮ ਲਈ ਲੁਧਿਆਣੇ ਵਿੱਚ ਭਦੌੜ ਹਾਊਸ ਬਣਾ ਕੇ ਉੱਥੇ ਰਹਿੰਦਾ ਸੀ। ਭਾਰਤ ਵਿੱਚ ਕੂਕੇ ਸੂਬੇ ਜਿੰਨ੍ਹਾਂ ਕਿਲ੍ਹਿਆਂ ਵਿੱਚ ਕੈਦ ਰਹੇ, ਚੁਨਾਰ, ਅਲਾਹਾਬਾਦ, ਅਸੀਰਗੜ੍ਹ, ਹਜਾਰੀ ਬਾਗ਼ ਆਦਿ ਬਾਰੇ ਆਪ ਦੀ ਰਚਨਾ 'ਕਿਲ੍ਹਿਆਂ ਵਿੱਚ ਕੈਦ ਦੇਸ਼ ਭਗਤ ਕੂਕੇ' ਅਤੇ ਮੇਰੇ ਇਤਿਹਾਸਕ ਲੇਖਾਂ ਦਾ ਸੰਗ੍ਰਹਿ, 'ਸੰਗਰਾਮੀ ਚਿਹਰੇ' ਨਾਮਧਾਰੀ ਇਤਿਹਾਸ ਦੇ ਕਈ ਹਨੇਰੇ ਕੋਨਿਆਂ ਤੇ ਰੌਸ਼ਨੀ ਪਾਉਣ ਵਾਲੇ ਹਨ। ਅੰਮ੍ਰਿਤਸਰ ਦੇ ਨਾਮਧਾਰੀ ਸ਼ਹੀਦੀ ਸਾਕੇ ਬਾਰੇ ਉਹਨਾਂ ਦਾ ਕਿਤਾਬਚਾ ਵੀ ਨਵੇਂ ਤੱਥ ਪੇਸ਼ ਕਰਦਾ ਹੈ। 'ਗਊ ਰੱਖਿਆ ਬਾਰੇ' ਅਤੇ ਪ੍ਰੇਮ ਸੁਮਾਰਗ ਵਿਚਾਰ 'ਤੇ ਉਹ ਕੰਮ ਕਰ ਰਹੇ ਸਨ ਜੋ ਦਰਗਾਹੀ ਸੱਦਾ ਆ ਗਿਆ।
ਜਸਵਿੰਦਰ ਸਿੰਘ ਹੋਰਾਂ ਦਾ ਪੜਦਾਦਾ ਸ਼ੇਰ ਸਿੰਘ ਗੁਰੂ ਹਰੀ ਸਿੰਘ ਜੀ ਦੇ ਸਮੇਂ ਕੂਕਾ ਬਣਿਆ। ਉਸ ਦੇ ਦਾਦੇ ਖਜ਼ਾਨ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੇ ਵਰ ਨਾਲ ਸੱਤ ਪੁੱਤਰ ਤੇ ਇਕ ਧੀ ਹੋਏ। ਸਤਿਗੁਰੂ ਰਾਮ ਸਿੰਘ ਜੀ ਦਾ ਵਿਛੋੜਾ ਕੂਕਿਆਂ ਨੂੰ ਵਿਰਸੇ ਵਿੱਚ ਮਿਲਿਆ ਸੀ। ਇਹ ਬਿਰਹਾ ਜਸਵਿੰਦਰ ਸਿੰਘ ਨੇ ਵੀ ਹੰਡਾਇਆ। ਹੁਕਮਨਾਮਿਆਂ ਦਾ ਪਾਠ ਕਰਦੇ ਸਮੇਂ ਉਹ ਅਕਸਰ ਵੈਰਾਗੀ ਹੋ ਜਾਇਆ ਕਰਦੇ ਸਨ। ਫਿਰ ਸਤਿਗੁਰੂ ਜਗਜੀਤ ਸਿੰਘ ਜੀ ਥਾਪੜਾ ਦੇ ਕੇ ਉਹਨਾਂ ਨੂੰ ਸਹਿਜ ਕਰਿਆ ਕਰਦੇ ਸਨ। ਆਪਣੇ ਇਸ਼ਟ ਦੇ ਇਸ਼ਕ ਵਿੱਚ ਉਸ ਆਪਣੇ-ਆਪ ਨੂੰ ਨਾਮਧਾਰੀ ਇਤਿਹਾਸ ਦੀ ਬਲੀਵੇਦੀ ਤੇ ਤਿਲ-ਤਿਲ ਕਰਕੇ ਹੋਮ ਕਰ ਦਿੱਤਾ। ਬੇਸ਼ੱਕ ਗੁਰੂ ਦਰਬਾਰ ਵੱਲੋਂ ਉਹਨਾਂ ਦੀਆਂ ਹਰ ਪ੍ਰਕਾਰ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਸੀ ਫਿਰ ਵੀ ਉਹ ਇੱਕ ਸਧਾਰਨ ਕਿਰਤੀ ਦਸਤਕਾਰ ਪਰਿਵਾਰ ਵਿੱਚੋਂ ਆਇਆ ਹੋਣ ਕਰਕੇ, ਗ੍ਰਹਿਸਤੀ ਹੋਣ ਕਰਕੇ, ਜੀਵਨ ਸੰਗਰਾਮ ਵਿੱਚ ਕਦੇ ਅਭਾਵ ਗ੍ਰਸਤ ਵੀ ਹੋ ਜਾਂਦਾ ਹੋਵੇਗਾ। ਪਰ ਉਹ ਇਹਨਾਂ ਸਾਰੀਆਂ ਉੜਾਂ-ਥੁੜਾਂ, ਤੰਗੀਆਂ ਤੁਰਸ਼ੀਆਂ ਨੂੰ ਕਦੇ ਵੀ ਆਪਣੇ ਸ਼ੌਕ ਦੇ ਰਾਹ ਵਿੱਚ ਰੋੜਾ ਨਹੀਂ ਸੀ ਬਣਨ ਦਿੰਦੇ ਕਿਉਂ ਜੁ ਬਸਤੀਵਾਦੀ ਗੋਰੇ ਹਾਕਮਾਂ ਵਿਰੁੱਧ, ਪੰਜਾਬ ਦੀ ਧਰਤੀ ਤੋਂ ਉੱਠੇ ਪਹਿਲੇ ਜਨ ਵਿਦਰੋਹ ਕੂਕਾਂ ਅੰਦੋਲਨ ਦੇ ਵਰਕੇ ਫਰੋਲਣੇ ਅਤੇ ਇਹਨਾਂ ਨੂੰ ਪਾਠਕਾਂ ਦੇ ਸਨਮੁਖ ਕਰਨਾ ਉਹਨਾਂ ਹਿਸਟੋਰੀਅਨ ਜੀ ਨੂੰ ਹਜ਼ੂਰ ਸਤਿਗੁਰੂ, ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਕਰ ਕਮਲਾਂ ਦੁਆਰਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੂਸਰੀ ਪ੍ਰਕਾਸ਼ ਸ਼ਤਾਬਦੀ ਸਮੇਂ 'ਨਾਮਧਾਰੀ ਇਤਿਹਾਸ ਖੋਜ ਰਤਨ' ਸਨਮਾਨ ਪ੍ਰਾਪਤ ਹੋਇਆ। ਨਾਮਧਾਰੀ ਪੰਥ ਦੇ ਵਕਾਰੀ ਸਨਮਾਨ ਜਿਵੇਂ 'ਸ਼ਹੀਦ ਭਾਈ ਲਹਿਣਾ ਸਿੰਘ ਪੰਨਵ' ਯਾਦਗਾਰੀ ਸਨਮਾਨ, 'ਮਾਸਟਰ ਨਿਹਾਲ ਸਿੰਘ ਯਾਦਗਾਰੀ ਸਨਮਾਨ' ਹਿਸਟੋਰੀਅਨ ਜੀ ਨੂੰ ਪ੍ਰਾਪਤ ਹੋਏ। ਹੋਰ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਵੀ ਕਈ ਮਾਨ-ਸਨਮਾਨ ਆਪ ਨੂੰ ਮਿਲੇ।
ਪਿਛਲੇ ਇੱਕ ਦਹਾਕੇ ਵਿੱਚ ਨਾਮਧਾਰੀ ਸਾਹਿਤਕ, ਇਤਿਹਾਸਕ ਜਗਤ ਦੇ ਅੰਬਰ ਵਿੱਚੋਂ ਸਾਡੇ ਕਈ ਜਗ ਮਗਾਉਂਦੇ ਸਿਤਾਰੇ- ਜਗਦੀਸ਼ ਸਿੰਘ ਵਰਿਆਮ, ਪ੍ਰੋਫੈਸਰ ਤਾਰਾ ਸਿੰਘ ਅਨਜਾਣ, ਨਰਿੰਦਰ ਸਿੰਘ ਯੁੱਗ ਮਰਿਆਦਾ, ਸਾਧੂ ਸਿੰਘ ਕਿਸਾਨ, ਮਾਸਟਰ ਅਮਰੀਕ ਸਿੰਘ, ਸ. ਸ. ਮਨਧੀਰ, ਸੂਬਾ ਸੁਰਿੰਦਰ ਕੌਰ ਖਰਲ ਅਤੇ ਹੁਣੇ ਪਿੱਛੇ ਜਿਹੇ ਹੀ ਹਰਵਿੰਦਰ ਸਿੰਘ ਹੰਸਪਾਲ ਸਾਥੋਂ ਵਿਛੜੇ ਹਨ ਪਰ ਹੁਣ ਹਿਸਟੋਰੀਅਨ ਹੋਣਾਂ ਦੇ ਜਾਣ ਨਾਲ ਇਉਂ ਭਾਸਦਾ ਹੈ ਜਿਵੇਂ ਕੂਕਾ ਇਤਿਹਾਸ ਦੀ ਕੁਤਬ-ਲਾਠ ਹੀ ਡਿੱਗ ਪਈ ਹੋਵੇ।
ਉਹਨਾਂ ਦੇ ਕੀਤੇ ਵੱਡੇ ਕਾਰਜਾਂ ਦੀ ਯਾਦ ਚਿਰ ਕਾਲ ਤੱਕ ਬਣੀ ਰਹੇਗੀ। ਆਉਣ ਵਾਲੇ ਖੋਜੀਆਂ ਲੇਖਕਾਂ ਲਈ ਉਹਨਾਂ ਦਾ ਕੀਤਾ ਕੰਮ, ਦਰਿਆ ਦੇ ਗਾਹਣ ਵਿੱਚ ਸੌਖਿਆਂ ਲੰਘਣ ਵਾਲਿਆਂ ਵਾਸਤੇ ਗੱਡੇ ਕਾਨਿਆਂ ਵਰਗਾ ਹੈ। ਉਸ ਨਿਸ਼ਠਾਵਾਨ, ਕਰਮ ਜੋਗੀ, ਕਲਮਕਾਰ ਅਤੇ ਸਤਿਗੁਰੂ ਦੇ ਸੱਚੇ ਸਿੱਖ ਦੀ ਯਾਦ ਵਿੱਚ ਸਿਰ ਝੁਕਾਉਂਦਾ ਹਾਂ । ਸਤਿਗੁਰੂ ਜੀ ਉਹਨਾਂ ਦੇ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਦਾ ਆਪਣੇ ਆਪ ਵਰਿਆ ਇਸ਼ਕ ਸੀ। ਇਹਨਾਂ ਦੀ ਰੀਝ ਇਸ ਇਤਿਹਾਸ ਗਗਨ ਦੀਆਂ ਅਜੇ ਹੋਰ ਉਡਾਰੀਆਂ ਭਰਨ ਦੀ ਸੀ ਪਰ ਸਾਰੀਆਂ ਰੀਝਾਂ ਕਿਸੇ ਦੀਆਂ ਕਦੋਂ ਪੂਰੀਆਂ ਹੁੰਦੀਆਂ ਹਨ।
ਸੁਵਰਨ ਸਿੰਘ ਵਿਰਕ
9996371716