Sri Bhaini Sahib

Official website of central religious place for Namdhari Sect
RiseSet
05:37am07:27pm

ਸ਼ਬਦ, ਸਾਹਿਤ ਤੇ ਕਲਾ ਦੇ ਸਰਪਰਸਤ ਸਤਿਗੁਰੂ ਜਗਜੀਤ ਸਿੰਘ ਜੀ

Date: 
16 Jul 2025

ਸਵਾ ਤਰਵੰਜਾ ਸਾਲ ਦਾ ਸਮਾਂ, ਜੋ ਮਨੁੱਖੀ ਜੀਵਨ ਵਿੱਚ ਬਹੁਤ ਲੰਮਾ ਸਮਝਿਆ ਜਾ ਸਕਦਾ ਹੈ, ਸਮਾਜਿਕ ਇਤਿਹਾਸ ਵਿੱਚ ਇੱਕ ਛਿਣ ਵਾਂਗ ਹੁੰਦਾ ਹੈ। ਪਰ ਜੇ ਕਿਸੇ ਸਮਾਜ, ਪੰਥ ਜਾਂ ਭਾਈਚਾਰੇ ਦੀ ਅਗਵਾਈ ਸਮਰੱਥ ਹੱਥਾਂ ਵਿਚ ਹੋਵੇ, ਏਨਾ ਸਮਾਂ ਵੀ ਵੱਡੀਆਂ ਪ੍ਰਾਪਤੀਆਂ ਦਾ ਮਾਣ ਕਰ ਸਕਦਾ ਹੈ। ਆਪਣੇ ਗੁਰੂ-ਕਾਲ ਦੇ ਅੱਧੀ ਸਦੀ ਤੋਂ ਕੁਝ ਵੱਧ ਦੇ ਸਮੇਂ ਵਿਚ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਥ- ਪ੍ਰਦਰਸ਼ਨ ਅਧੀਨ ਨਾਮਧਾਰੀ ਪੰਥ ਦਾ ਇਤਿਹਾਸ ਇਸ ਦੀ ਇੱਕ ਮਿਸਾਲ ਹੈ।

1959 ਦੇ ਦਸ ਸਤੰਬਰ ਨੂੰ ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਗੁਰਿਆਈ ਦੀ ਦਸਤਾਰ ਸਜੀ ਸੀ, ਨਾਮਧਾਰੀ ਪੰਥ ਦੇ ਪੈਰਾਂ ਹੇਠਲੀ ਪਗਡੰਡੀ ਅਜੇ ਕੰਕਰਾਂ, ਕੰਡਿਆਂ ਅਤੇ ਟੋਇਆਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਸੀ ਹੋਈ। ਦੇਸ ਨੂੰ ਆਜ਼ਾਦ ਹੋਇਆਂ ਅਜੇ ਕੁੱਲ ਬਾਰਾਂ ਸਾਲ ਹੋਏ ਸਨ । ਸਤਿਗੁਰੂ ਰਾਮ ਸਿੰਘ ਜੀ ਵੱਲੋਂ ਆਜ਼ਾਦੀ ਲਈ ਮਾਰੀ ਗਈ ਲਲਕਾਰ ਅਤੇ ਦਿੱਤੀ ਗਈ ਵੰਗਾਰ ਦੇ ਮਹੱਤਵ ਨੂੰ ਅੰਗਰੇਜ਼ ਚੰਗੀ ਤਰ੍ਹਾਂ ਸਮਝਦੇ ਸਨ। ਆਪਣੇ ਵਿਸ਼ਵਾਸ ਲਈ ਜਾਨਾਂ ਵਾਰਨ ਦੀ ਅਤੇ ਸਤਿਗੁਰੂ ਜੀ ਦੇ ਹਰ ਹੁਕਮ ਉੱਤੇ ਫੁੱਲ ਚਾੜ੍ਹਨ ਦੀ ਨਾਮਧਾਰੀਆਂ ਦੀ ਪ੍ਰੰਪਰਾ ਤੋਂ ਵੀ ਅੰਗਰੇਜ਼ ਭਲੀ ਪ੍ਰਕਾਰ ਜਾਣੂ ਸਨ। ਇਸੇ ਕਰਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ-ਨਿਕਾਲਾ ਦੇ ਕੇ ਨਾਮਧਾਰੀਆਂ ਨੂੰ ਉਹਨਾਂ ਦੀ ਅਗਵਾਈ ਤੋਂ ਵਿਰਵਾ ਕਰਨ ਦੇ ਯਤਨ ਦੇ ਬਾਵਜੂਦ ਅੰਗਰੇਜ਼ ਨੂੰ ਪੰਜਾਬ ਵਿੱਚ ਸੌਖਾ ਸਾਹ ਨਹੀਂ ਸੀ ਆ ਰਿਹਾ।

ਸਤਿਗੁਰੂ ਰਾਮ ਸਿੰਘ ਜੀ ਦੀ ਜਗਾਈ ਆਜ਼ਾਦੀ ਦੀ ਜੋਤ ਨੂੰ ਬੁਝਾਉਣ ਲਈ ਅੰਗਰੇਜ਼ ਨੂੰ ਇਕੋ ਢੰਗ ਸੁੱਝਿਆ, ਨਾਮਧਾਰੀਆਂ ਉੱਤੇ ਤਿੱਖੀ ਨਜ਼ਰ ਰੱਖਣੀ ਤੇ ਬਹੁਭਾਂਤੀ ਪਾਬੰਦੀਆਂ ਲਾਉਣਾ ਅਤੇ ਸ੍ਰੀ ਭੈਣੀ ਸਾਹਿਬ ਦੀਆਂ ਸਰਗਰਮੀਆਂ ਨੂੰ ਪੁਲਸੀ ਸੰਗਲਾਂ ਵਿੱਚ ਜਕੜਨਾ। ਇਤਿਹਾਸ ਇਸ ਗੱਲ ਦਾ ਸਿਹਰਾ ਪਹਿਲਾਂ ਸਤਿਗੁਰੂ ਹਰੀ ਸਿੰਘ ਜੀ ਅਤੇ ਫੇਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਿਰ ਬੰਨ੍ਹੇਗਾ ਕਿ ਉਹਨਾਂ ਨੇ ਇਸ ਸਭ ਕੁਝ ਦੇ ਬਾਵਜੂਦ ਸਤਿਗੁਰੂ ਰਾਮ ਸਿੰਘ ਜੀ ਦੀ ਜਗਾਈ ਆਜ਼ਾਦੀ ਦੀ ਜੋਤ ਨੂੰ ਦ੍ਰਿੜ੍ਹ ਵਿਸ਼ਵਾਸ, ਅਡੋਲ ਉਦੇਸ਼ ਅਤੇ ਬੇਮਿਸਾਲ ਸਿਰੜ ਦੇ ਤੇਲ ਦੀ ਬੂੰਦ-ਬੂੰਦ ਪਾ ਕੇ ਜਗਦੀ ਰੱਖਿਆ।

ਉੱਨੀ ਸੌ ਸੰਤਾਲੀ ਵਿਚ ਦੇਸ ਆਜ਼ਾਦ ਹੋਇਆ ਤਾਂ ਸ੍ਰੀ ਭੈਣੀ ਸਾਹਿਬ ਲਈ ਪੈਦਾ ਕੀਤੇ ਉਪਰੋਕਤ ਗਲ-ਘੋਟੂ ਮਾਹੌਲ ਵਿਚ ਵੀ ਸੱਜਰੀ ਪੌਣ ਰੁਮਕਣ ਲੱਗੀ । ਸੁਭਾਵਿਕ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਾਹਮਣੇ ਪ੍ਰਮੁੱਖ, ਸਗੋਂ ਇਕੋ- ਇਕ ਨਿਸ਼ਾਨਾ ਨਾਮਧਾਰੀ ਪੰਥ ਦਾ ਬਿਖਰਾਉ ਖ਼ਤਮ ਕਰ ਕੇ ਉਸ ਨੂੰ ਨਵੇਂ ਸਿਰਿਉਂ ਸੰਗਠਿਤ ਕਰਨਾ ਅਤੇ ਭਵਿੱਖੀ ਨਾਮਧਾਰੀ ਵਿਕਾਸ ਦੇ ਮਾਰਗ ਦੇ ਕੰਕਰ ਤੇ ਕੰਡੇ ਚੁਗ ਕੇ ਉਸ ਨੂੰ ਸਵਾਹਰਾ ਬਣਾਉਣਾ ਸੀ। ਉਹਨਾਂ ਨੇ ਇੱਕ ਪਲ ਵੀ ਗੁਆਏ ਬਿਨਾਂ ਆਪਣੀ ਸਾਰੀ ਸ਼ਕਤੀ ਇਸੇ ਨਿਸ਼ਾਨੇ ਉੱਤੇ ਕੇਂਦਰਿਤ ਕਰ ਦਿੱਤੀ। ਪਰ ਅੰਗਰੇਜ਼ ਦੇ ਨਾਮਧਾਰੀ-ਦਮਨ ਦੇ ਸਿੱਟੇ ਏਨੇ ਸਤਹੀ ਨਹੀਂ ਸਨ ਕਿ ਕੁਝ ਹੀ ਸਮੇਂ ਵਿਚ ਖ਼ਤਮ ਕੀਤੇ ਜਾ ਸਕਦੇ।

ਇਸ ਉਪਰੰਤ ਆਜ਼ਾਦੀ ਦੀ ਖ਼ੁਸ਼ੀ ਦੇ ਨਾਲ ਹੀ ਦੇਸ ਲਈ ਜੋ ਮੁਸੀਬਤਾਂ ਅਤੇ ਸਮੱਸਿਆਵਾਂ ਬਣੀਆਂ, ਉਹਨਾਂ ਨੇ ਵੀ ਇਹ ਕਾਰਜ ਏਨਾ ਸੌਖਾ ਨਾ ਰਹਿਣ ਦਿੱਤਾ। ਵੱਡੀ ਮੁਸੀਬਤ ਉਸ ਸਮੇਂ ਬਣੀ ਜਦੋਂ ਨਾਮਧਾਰੀ ਪੰਥ ਆਪਣੇ ਪੁਨਰ-ਗਠਨ ਅਤੇ ਪ੍ਰਫੁੱਲਤਾ ਦੇ ਰਾਹ ਨੂੰ ਸ਼ਾਹਰਾਹ ਬਣਿਆ ਦੇਖਣ ਤੋਂ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਅਗਵਾਈ ਤੋਂ ਵੰਚਿਤ ਹੋ ਗਿਆ।

ਇਹ ਸਨ ਉਹ ਹਾਲਾਤ ਜਿਨ੍ਹਾਂ ਵਿਚ ਸਤਿਗੁਰੂ ਜਗਜੀਤ ਸਿੰਘ ਜੀ ਨੇ ਗੁਰਿਆਈ ਸੰਭਾਲੀ। ਉਹਨਾਂ ਨੇ ਪਿਤਾ-ਗੁਰੂ ਦੀ ਸੌਂਪੀ ਮਸ਼ਾਲ ਨੂੰ ਜਿਵੇਂ ਹੋਰ ਵਧੇਰੇ ਲਟ-ਲਟ ਬਾਲਿਆ, ਨਾਮਧਾਰੀ ਪੰਥ ਦੇ ਪੈਰਾਂ ਹੇਠਲੀ ਪਗਡੰਡੀ ਨੂੰ ਸ਼ਾਹਰਾਹ ਵਿੱਚ ਬਦਲਿਆ ਅਤੇ ਅਨੇਕ ਸੰਸਾਰਕ ਤੇ ਅਧਿਆਤਮਕ ਪੱਖਾਂ ਤੋਂ ਸਫਲਤਾਵਾਂ ਦੇ ਭਾਗੀ ਬਣਾਇਆ, ਇਹ ਸਾਡੀਆਂ ਅੱਖਾਂ ਸਾਹਮਣੇ ਵਰਤਿਆ ਵਰਤਾਰਾ ਹੈ। ਵਿਰੋਧੀ ਹਾਲਾਤ ਵਿਚ ਨਾਮਧਾਰੀ ਬਿਰਛ ਦੀ ਜੜ ਨੂੰ ਸਾਂਭ ਰੱਖਣਾ ਸਤਿਗੁਰੂ ਹਰੀ ਸਿੰਘ ਅਤੇ ਸਤਿਗੁਰੂ ਪਰਤਾਪ ਸਿੰਘ ਜੀ ਦੇ ਹਿੱਸੇ ਆਇਆ ਸੀ । ਹੁਣ ਇਸ ਜੜ ਨੂੰ ਪ੍ਰਫੁੱਲਤ ਕਰ ਕੇ ਦੁਬਾਰਾ ਬਿਰਛ ਦੇ ਰੂਪ ਵਿਚ ਵਿਕਸਿਤ ਕਰਨਾ ਸਤਿਗੁਰੂ ਜਗਜੀਤ ਸਿੰਘ ਜੀ ਦੇ ਹਿੱਸੇ ਆਇਆ।

ਇਸ ਸਮੇਂ ਦੌਰਾਨ ਨਾਮਧਾਰੀ ਪੰਥ ਨਾ ਕੇਵਲ ਪਹਿਲੇ ਹਰ ਸਮੇਂ ਨਾਲੋਂ ਵਧੀਕ ਸੰਗਠਿਤ ਹੋਇਆ, ਸਗੋਂ ਭਾਰਤ ਤੋਂ ਬਾਹਰ ਦੁਨੀਆਂ ਦੇ ਅਨੇਕ ਦੇਸਾਂ ਵਿਚ ਨਾਮਧਾਰੀ ਸਿੱਖਾਂ ਨੇ ਕਾਰੋਬਾਰ ਵਿਚ ਭਾਰੀ ਨਾਮਣਾ ਖੱਟਿਆ। ਚਾਰੇ ਪਾਸੀਂ ਫੈਲੇ ਹੋਏ ਧਾਰਮਿਕ ਬੇਮੁਖਤਾ ਅਤੇ ਪਤਿਤਪੁਣੇ ਦੇ ਮਾਹੌਲ ਵਿਚ ਨਾਮਧਾਰੀ ਸਿੱਖਾਂ ਨੂੰ ਰਹਿਤ-ਮਰਯਾਦਾ ਦੇ ਪਰਪੱਕ ਬਣਾਈ ਰੱਖਣਾ ਕੋਈ ਸਾਧਾਰਨ ਗੱਲ ਨਹੀਂ। ਪਰ ਨਾਮਧਾਰੀ ਪੰਥ ਦਾ ਵਿਕਾਸ ਅਤੇ ਪਸਾਰ ਸਤਿਗੁਰੁ ਜਗਜੀਤ ਸਿੰਘ ਜੀ ਦੀ ਸ਼ਖ਼ਸੀਅਤ ਦਾ ਇੱਕ ਪ੍ਰਮੁੱਖ ਪੱਖ ਤਾਂ ਹੈ, ਇੱਕੋ-ਇੱਕ ਪੱਖ ਨਹੀਂ। ਕਈ ਪੱਖ ਹੋਰ ਅਜਿਹੇ ਹਨ ਜਿਨ੍ਹਾਂ ਦੀ ਆਪਣੀ ਥਾਂ ਵੱਡੀ ਮਹੱਤਤਾ ਹੈ।

ਅਧਿਆਤਮ ਦੇ ਨਾਲ-ਨਾਲ ਸਕੂਲੀ, ਕਾਲਜੀ ਵਿੱਦਿਆ ਅਤੇ ਖੇਡਾਂ ਉੱਤੇ ਉਹਨਾਂ ਦਾ ਜ਼ੋਰ ਬੜਾ ਮੁੱਲਵਾਨ ਹੈ। ਹਾਕੀ ਦੇ ਖੇਤਰ ਵਿਚ ਸਰਬੋਤਮ ਪੱਧਰ ਦੇ ਖਿਡਾਰੀ ਨਾਮਧਾਰੀ ਪੰਥ ਦਾ ਝੰਡਾ ਪ੍ਰਸਿੱਧ ਮੁਕਾਬਲਿਆਂ ਵਿਚ ਉੱਚਾ ਝੁਲਾਉਂਦੇ ਹਨ।

ਗਊਆਂ ਦੀ ਰਾਖੀ ਨਾਮਧਾਰੀ ਇਤਿਹਾਸ ਦਾ ਇੱਕ ਅਟੁੱਟ ਅੰਗ ਹੈ। ਪੰਜਾਬ ਉੱਤੇ ਕਬਜ਼ੇ ਤੋਂ ਮਗਰੋਂ ਸ਼ਹਿਰਾਂ ਵਿਚ ਗਊਆਂ ਦੇ ਬੁੱਚੜਖਾਨਿਆਂ ਦੀ ਸ਼ਰਾਰਤੀ ਆਗਿਆ ਅੰਗਰੇਜ਼ਾਂ ਨਾਲ ਨਾਮਧਾਰੀ ਸਿੱਖਾਂ ਦੇ ਮੁੱਢਲੇ ਵੱਡੇ ਟਕਰਾਵਾਂ ਦਾ ਕਾਰਨ ਬਣੀ। ਗਊ-ਰੱਖਿਆ ਦੀ ਇਸ ਪ੍ਰੰਪਰਾ ਨੂੰ ਕਾਇਮ ਰਖਦਿਆਂ ਸਤਿਗੁਰੂ ਜਰਜੀਤ ਸਿੰਘ ਜੀ ਇੱਕ ਆਧੁਨਿਕ ਗਊਪਾਲਕ ਵਜੋਂ ਜਾਣੇ ਗਏ।

ਅਜਿਹਾ ਹੀ ਇਕ ਹੋਰ ਪੁੰਨ-ਕਾਰਜ ਉਹਨਾਂ ਦਾ ਬਿਰਧਾਂ ਵੱਲ ਸਨੇਹੀ ਰਵੱਈਆ ਸੀ । ਸ੍ਰੀ ਭੈਣੀ ਸਾਹਿਬ ਦੇ ਬਿਰਧ-ਆਸ਼ਰਮ ਦਾ ਮਿਆਰ ਇਸ ਤੱਥ ਦੀ ਹਾਮੀ ਭਰਦਾ ਹੈ।

ਉਹ ਬਜ਼ੁਰਗ ਤੇ ਬੀਮਾਰ ਸਾਹਿਤਕਾਰਾਂ ਦੀ ਬਾਂਹ ਉਚੇਚੇ ਸਨੇਹ ਨਾਲ ਫੜਦੇ ਸਨ। ਜਦੋਂ ਸੁਰਜੀਤ ਖ਼ੁਰਸ਼ੀਦੀ ਨੂੰ ਬੁਢਾਪੇ ਵਿਚ ਸਹਾਰੇ ਦੀ ਲੋੜ ਸੀ, ਕੁਛ ਸ਼ੁਭਚਿੰਤਕਾਂ ਦੀ ਬੇਨਤੀ ਦੇ ਜਵਾਬ ਵਿਚ ਉਹਨਾਂ ਨੇ ਉਹਨੂੰ ਭੈਣੀ ਸਾਹਿਬ ਬੁਲਾ ਲਿਆ ਅਤੇ ਉਹਦੇ ਲਿਖਣ-ਪੜ੍ਹਨ ਦਾ ਖ਼ਿਆਲ ਕਰਦਿਆਂ ਉਹਨੂੰ ਨਵੇਕਲਾ ਕਮਰਾ ਦੇ ਦਿੱਤਾ। ਪ੍ਰੀਤਮ ਸਿੰਘ ਕਵੀ ਨੂੰ ਵੀ ਘਰ ਵਿਚ ਹੋ ਰਹੀ ਠੀਕ ਸੰਭਾਲ ਦੇ ਬਾਵਜੂਦ, ਭੈਣੀ ਸਾਹਿਬ ਬੁਲਾ ਲਿਆ ਗਿਆ ਸੀ ਤਾਂ ਜੋ ਸਰੀਰਕ ਸੰਭਾਲ ਦੇ ਨਾਲ-ਨਾਲ ਉਥੋਂ ਦੀ ਰੌਣਕ ਵਿਚ ਉਹਨਾਂ ਦਾ ਮਨ ਵੀ ਲੱਗਿਆ ਰਹੇ। ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਦੇਖਿਆ ਕਿ ਜਗਦੀਸ਼ ਸਿੰਘ ਵਰਿਆਮ ਨੂੰ ਸਰੀਰਕ ਅਹੁਰ ਕਾਰਨ ਪੂਰੀ ਲਗਨ ਨਾਲ ਕੀਤੀ ਜਾਂਦੀ ਪਰਿਵਾਰਕ ਸੇਵਾ-ਸੰਭਾਲ ਤੋਂ ਵਧੀਕ ਸੰਭਾਲ ਦੀ ਲੋੜ ਹੈ, ਉਹਨਾਂ ਨੂੰ ਭੈਣੀ ਸਾਹਿਬ ਬੁਲਾ ਲਿਆ ਗਿਆ। ਡੇਢ ਮਹੀਨਾ ਬੀਤਿਆ ਸੀ ਕਿ ਅਚਾਨਕ ਇਕ ਸਵੇਰ ਉਹਨਾਂ ਦੀ ਹਾਲਤ ਵਿਗੜ ਗਈ ਤੇ ਉਹ ਬੇਹੋਸ਼ੀ ਵਿਚ ਚਲੇ ਗਏ। ਇੱਕਦਮ ਉਹਨਾਂ ਨੂੰ ਲੁਧਿਆਣੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵਿਚ ਪਹੁੰਚਾ ਦਿੱਤਾ ਗਿਆ। ਸਤਿਗੁਰੂ ਜੀ ਨੇ ਉਸ ਹਾਲਤ ਵਿਚ ਘਰੇ ਸੰਭਾਲ ਅਸੰਭਵ ਦੇਖ ਕੇ ਉਹਨਾਂ ਨੂੰ ਹਸਪਤਾਲ ਵਿਚ ਹੀ ਰੱਖਣ ਦਾ ਆਦੇਸ਼ ਦਿੱਤਾ ਜਿਥੇ ਆਖ਼ਰ ਲਗਭਗ ਸਵਾ ਸਾਲ ਲੰਮੀ ਬੇਹੋਸ਼ੀ ਪਿੱਛੋਂ ਉਹਨਾਂ ਨੇ ਸਵਾਸ ਤਿਆਗੇ ।

ਵੱਖ-ਵੱਖ ਥਾਂਵਾਂ ਉੱਤੇ ਕਈ ਨਾਮਧਾਰੀ ਫ਼ਾਰਮ ਆਧੁਨਿਕ ਵਿਗਿਆਨਕ ਅਤੇ ਕੁਦਰਤੀ ਖੇਤੀ ਦੀ ਇੱਕ ਰੀਸਜੋਗ ਉਦਾਹਰਨ ਹਨ। ਕੁਝ ਸਾਲ ਪਹਿਲਾਂ ਮੈਨੂੰ ਬੰਗਲੌਰ ਨੇੜਲਾ ਵਿਸ਼ਾਲ ਨਾਮਧਾਰੀ ਫ਼ਾਰਮ ਵੇਖਣ ਦਾ ਅਵਸਰ ਪ੍ਰਾਪਤ ਹੋਇਆ ਸੀ। ਵਰਤਮਾਨ ਸਤਿਗੁਰੂ ਸ੍ਰੀ ਉਦੇ ਸਿੰਘ ਜੀ ਦੀ ਦੇਖ-ਭਾਲ ਹੇਠ ਇਸ ਫ਼ਾਰਮ ਦੀ ਕਾਰਗੁਜ਼ਾਰੀ ਦੰਗ ਕਰ ਦੇਣ ਵਾਲੀ ਸੀ। ਨਿਪੁੰਨ ਵਿਗਿਆਨੀਆਂ ਅਧੀਨ ਚੱਲ ਰਹੀ ਪ੍ਰਯੋਗਸ਼ਾਲਾ, ਉੱਤਮ ਕਿਸਮ ਦੇ ਅੰਬ ਤੇ ਨਾਰੀਅਲ, ਅਨੇਕਾਂ ਦੇਸਾਂ ਨੂੰ ਬਰਾਮਦ ਲਈ ਤਿਆਰ ਕੀਤੇ ਜਾਂਦੇ ਫੁੱਲਾਂ ਤੇ ਸਬਜ਼ੀਆਂ ਦੇ ਬੀਜ਼।

ਇਸ ਸਭ ਕੁਝ ਤੋਂ ਵੱਧ ਧਿਆਨ ਖਿੱਚਣ ਵਾਲਾ ਸੀ ਪ੍ਰਬੰਧਕਾਂ ਦਾ ਕਾਮਿਆਂ ਵੱਲ, ਖਾਸ ਕਰ ਕੇ ਇਸਤਰੀ ਕਾਮਿਆਂ ਵੱਲ ਸਤਿਕਾਰ-ਭਰਿਆ ਰਵੱਈਆ।

ਇਤਿਹਾਸਕ ਤੌਰ ਉੱਤੇ ਜਗੀਰਦਾਰੀ ਪ੍ਰਬੰਧ ਅਧੀਨ ਹਰ ਪ੍ਰਕਾਰ ਦੇ ਅੱਤਿਆਚਾਰਾਂ ਤੇ ਧੱਕਿਆਂ ਦੇ ਸ਼ਿਕਾਰ ਰਹੇ ਇਹ ਕਾਮੇ ਹੀ ਨਾਮਧਾਰੀ ਫ਼ਾਰਮ ਦੇ ਧੰਨਵਾਦੀ ਨਹੀਂ, ਸਗੋਂ ਆਲੇ-ਦੁਆਲੇ ਦੀਆਂ ਪੇਂਡੂ ਬਸਤੀਆਂ ਵਿਚ ਇਸ ਕਾਰਨ ਨਾਮਧਾਰੀ ਸਿੱਖਾਂ ਦਾ ਭਾਰੀ ਆਦਰ ਕੀਤਾ ਜਾਂਦਾ ਹੈ । ਹੁਣ ਤਾਂ ਸਾਡੇ ਦਿੱਲੀ ਵਿਚ ਨਾਮਧਾਰੀ ਫ਼ਾਰਮ ਦੀਆਂ ਕਈ ਦੁਕਾਨਾਂ ਖੁੱਲ੍ਹ ਗਈਆਂ ਹਨ, ਜਿਨ੍ਹਾਂ ਦੀਆਂ ਵਸਤਾਂ ਆਪਣੀ ਸ਼ੁੱਧਤਾ ਕਾਰਨ ਹਰਮਨ-ਪਿਆਰੀਆਂ ਹਨ। ਆਮ ਦੁਕਾਨਾਂ ਵਿਚ ਵਿਕਦੇ ਵਿਸ਼ੇਸ਼ ਕਿਸਮ ਦੇ ਖਰਬੂਜ਼ਿਆਂ ਨੂੰ ਤਾਂ ਕਿਹਾ ਹੀ ਨਾਮਧਾਰੀ ਖਰਬੂਜ਼ੇ ਜਾਂਦਾ ਹੈ।

ਆਮ ਲੋਕ ਇਹ ਤਾਂ ਜਾਣਦੇ ਹਨ ਕਿ ਸਤਿਗੁਰੂ ਜਗਜੀਤ ਸਿੰਘ ਜੀ ਦਾ ਸੰਗੀਤ ਨਾਲ ਲਗਾਉ ਸੀ ਅਤੇ ਉਹ ਸੰਗੀਤ ਦੇ ਕਦਰਦਾਨ ਸਨ, ਪਰ ਇਹ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ ਕਿ ਉਹ ਕਿੰਨੇ ਪਹੁੰਚੇ ਹੋਏ ਗਾਇਕ ਤੇ ਵਾਦਕ ਸਨ। ਅਤੇ ਉਹਨਾਂ ਦੀ ਸੰਗੀਤ ਦੀ ਕਦਰਦਾਨੀ ਨੇ ਕਿੰਨੇ ਗਾਇਕਾਂ ਤੇ ਵਾਦਕਾਂ ਨੂੰ ਸੰਗੀਤ ਦੇ ਅਪਹੁੰਚ ਉਸਤਾਦਾਂ ਤੋਂ ਸਿਖਲਾਈ ਦਿਵਾ ਕੇ ਪੰਜਾਬ ਦੇ ਸੰਗੀਤ ਨੂੰ ਬੇਮਿਸਾਲ ਦੇਣ ਦਿੱਤੀ। ਸਿਖਿਆਰਥੀਆਂ ਨੂੰ ਚੰਗੀ ਤੋਂ ਚੰਗੀ ਸਿਖਲਾਈ ਨਾਲ ਨਾਮੀ ਸੰਗੀਤਕਾਰ ਬਣਾਉਣਾ ਉਹਨਾਂ ਦੀ ਰਜ਼ਾ ਰਹਿੰਦੀ ਸੀ।

ਪਹਿਲਾਂ ਉਹਨਾਂ ਦੀ ਆਪਣੀ ਸੰਗੀਤ ਕਲਾ ਦੀ ਗੱਲ ਕਰ ਲਈਏ। ਉਹਨਾਂ ਦੇ ਪਿਤਾ ਸਤਿਗੁਰੂ ਪਰਤਾਪ ਸਿੰਘ ਸੰਗੀਤ ਦੇ ਗਿਆਤਾ ਸਨ । ਜਦੋਂ ਉਹਨਾਂ ਨੇ ਬਹੁਤ ਛੋਟੇ ਬਾਲਪਨ ਵਿਚ ਪੁੱਤਰ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ, ਉਸੇ ਸਮੇਂ ਸੰਗੀਤ ਲਈ ਉਹਦਾ ਕੰਨ-ਰਸ ਪਛਾਣ ਲਿਆ।

ਅਤੇ ਪ੍ਰਸਿੱਧ ਸੰਗੀਤਕਾਰ ਉਸਤਾਦ ਹਰਨਾਮ ਸਿੰਘ ਚਵਿੰਡਾ ਕੋਲ ਭੇਜ ਦਿੱਤਾ ਜਿਨ੍ਹਾਂ ਨਾਲ ਰਿਸ਼ਤੇਦਾਰੀ ਵੀ ਹੈ ਸੀ। ਓਦੋਂ ਇਹਨਾਂ ਦੀ ਉਮਰ ਚਾਰ ਸਾਲ ਸੀ। ਉਥੇ ਗਿਆਂ ਲਗਭਗ ਚਾਰ ਸਾਲ ਹੋਏ ਸਨ ਕਿ 1928 ਵਿਚ ਭੈਣੀ ਸਾਹਿਬ ਵਿਖੇ ਸੰਗੀਤ ਦੀ ਸਿੱਖਿਆ ਸ਼ੁਰੂ ਕਰ ਦਿੱਤੀ ਗਈ ਅਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ। ਇਉਂ ਸੰਗੀਤ ਤਾਂ ਬਾਲਪਨ ਤੋਂ ਹੀ ਇਹਨਾਂ ਦੇ ਜੀਵਨ ਦਾ ਅਟੁੱਟ ਅੰਗ ਬਣ ਚੁਕਿਆ ਸੀ। ਉਸਤਾਦ ਹਰਨਾਮ ਸਿੰਘ ਤੋਂ ਮਗਰੋਂ ਇਹਨਾਂ ਨੇ ਸੰਗੀਤ ਦੀ ਸਿਖਿਆ ਉਧੋ ਖ਼ਾਂ, ਰਹੀਮ ਬਖ਼ਸ਼, ਭਾਈ ਤਾਬਾ ਅਤੇ ਭਾਈ ਨਾ ਸਿਰ ਜਿਹੇ ਉਸਤਾਦਾਂ ਤੋਂ ਹਾਸਲ ਕੀਤੀ।

ਸਤਿਗੁਰੂ ਜੀ ਦੀ ਗਾਇਕੀ, ਖਾਸ ਕਰ ਕੇ ਖੰਡ ਮਾਤਰਾਂ ਨਾਲ, ਕਮਾਲ ਨੂੰ ਪਹੁੰਚੀ ਹੋਈ ਸੀ ਅਤੇ ਵਾਦਨ ਦੇ ਪੱਖੋਂ ਉਹ ਲਗਭਗ ਹਰ ਸਾਜ਼ ਵਜਾ ਲੈਂਦੇ ਸਨ। ਦਿਲਰੁਬਾ ਉਹਨਾਂ ਨੂੰ ਖਾਸ ਕਰ ਕੇ ਪਿਆਰਾ ਸੀ ਜਿਸ ਨੂੰ ਉਹ ਨਹੁੰਆਂ ਨਾਲ ਵਜਾਉਂਦੇ ਸਨ ਜੋ ਉਹਨਾਂ ਦਾ ਲਾਸਾਨੀ ਸੰਗੀਤਕ ਕਾਰਨਾਮਾ ਸੀ। ਭਾਵੇਂ ਉਹਨਾਂ ਨੇ ਆਪਣੀ ਕਲਾਕਾਰੀ ਨਿਪੁੰਨਤਾ ਦਾ ਕਦੀ ਵਿਖਾਲਾ ਨਹੀਂ ਸੀ ਪਾਇਆ ਤਾਂ ਵੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਤੇ ਗੁਰਮਤਿ ਸੰਗੀਤ ਦੀ ਦੁਨੀਆਂ ਵਿਚ ਉਹਨਾਂ ਨੂੰ ਉੱਚਾ ਸਥਾਨ ਪ੍ਰਾਪਤ ਹੋਇਆ।

2012 ਵਿਚ ਜਦੋਂ ਭਾਰਤੀ ਸੰਗੀਤ ਨਾਟਕ ਅਕਾਦਮੀ ਨੇ (ਕਵੀ, ਲੇਖਕ ਤੇ ਚਿੱਤਰਕਾਰ ਦੇ ਨਾਲ- ਨਾਲ) ਸੰਗੀਤਕਾਰ ਹੋਣ ਦੇ ਨਾਤੇ ਗੁਰੂਦੇਵ ਰਾਬਿੰਦਰਨਾਥ ਟੈਗੋਰ ਦੀ ਡੇਢ ਸ਼ਤਾਬਦੀ, ਭਾਵ 150 ਵੀਂ ਵਰ੍ਹੇਗੰਢ ਮਨਾਈ, ਸਿਰਫ਼ ਇਸ ਮੌਕੇ ਕਿਸੇ ਸੰਗੀਤਕਾਰ ਨੂੰ ਇਕ- ਵਾਰਗੀ 'ਟੈਗੋਰ ਫ਼ੈਲੋਸ਼ਿਪ' ਦਿੱਤੀ ਜਾਣੀ ਸੀ ਤੇ 'ਅਕਾਦਮੀ ਟੈਗੋਰ ਰਤਨ' ਸਨਮਾਨ ਭੇਂਟ ਕੀਤਾ ਜਾਣਾ ਸੀ। ਇਹਨਾਂ ਲਈ ਸਤਿਗੁਰੂ ਜਗਜੀਤ ਸਿੰਘ ਜੀ ਦੀ ਚੋਣ ਕੀਤੀ ਗਈ। 13 ਅਪਰੈਲ 2013 ਨੂੰ, ਵੈਸਾਖੀ ਸਮੇਂ ਅਕਾਦਮੀ ਦੇ ਅਧਿਕਾਰੀਆਂ ਨੇ ਭੈਣੀ ਸਾਹਿਬ ਪਹੁੰਚ ਕੇ ਇਹ ਸਨਮਾਨ ਸਤਿਗੁਰੂ ਉਦੇ ਸਿੰਘ ਜੀ ਦੀ ਮੌਜੂਦਗੀ ਵਿਚ ਮਾਤਾ ਚੰਦ ਕੌਰ ਜੀ ਨੂੰ ਭੇਟ ਕੀਤਾ।

'ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ' ਨੇ ਗੁਰਬਾਣੀ ਕੀਰਤਨ ਦੀ ਪ੍ਰੰਪਰਾ ਨੂੰ ਸੰਭਾਲਣ ਤੇ ਪਰਚਾਰਨ ਸਦਕਾ ਉਹਨਾਂ ਨੂੰ 'ਭਾਈ ਮਰਦਾਨਾ ਪੁਰਸਕਾਰ' ਭੇਟ ਕੀਤਾ। 'ਬਾਬਾ ਹਰਿਵੱਲਭ ਸੰਗੀਤ ਮਹਾਂਸਭਾ' ਨੇ 1995 ਵਿਚ ਉਹਨਾਂ ਨੂੰ 'ਹਰਿਵੱਲਭ ਸੰਗੀਤ ਸਨਮਾਨ' ਅਤੇ ਅੱਗੇ ਚੱਲ ਕੇ ਕਲਾਸੀਕਲ ਸੰਗੀਤ ਨੂੰ ਪ੍ਰਫੁੱਲਤ ਕਰਨ ਤੇ ਅਨੇਕ ਸੰਗੀਤਕਾਰਾਂ ਨੂੰ ਸਿੱਖਿਅਤ ਕਰਨ-ਕਰਵਾਉਣ ਸਦਕਾ 'ਸੰਗੀਤਾਚਾਰੀਆ ਸਨਮਾਨ' ਭੇਟ ਕੀਤੇ।

ਗਵਾਲੀਅਰ ਦੇ 'ਸਰੋਦ ਘਰ' ਵਿਖੇ 4 ਨਵੰਬਰ 1999 ਨੂੰ 'ਉਸਤਾਦ ਹਾਫ਼ਿਜ਼ ਅਲੀ ਖ਼ਾਂ ਮੈਮੋਰੀਅਲ ਸੁਸਾਇਟੀ ਵਲੋਂ ਉਸਤਾਦ ਅਮਜ਼ਦ ਅਲੀ ਖ਼ਾਂ ਸਾਹਿਬ ਨੇ ਸਤਿਗੁਰੂ ਜੀ ਨੂੰ 'ਸੰਗੀਤ ਮਨੀਸ਼ੀ' ਸਨਮਾਨ ਭੇਂਟ ਕੀਤਾ। ਇਸ ਮੌਕੇ ਬੋਲਦਿਆਂ ਖ਼ਾਂ ਸਾਹਿਬ ਨੇ ਕਿਹਾ, "ਮੇਰੇ ਅੱਬਾ ਜੀ ਕਿਹਾ ਕਰਦੇ ਸਨ ਕਿ ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਰਪਰਸਤ ਹਰ ਕੋਈ ਨਹੀਂ ਹੋ ਸਕਦਾ। ਇਸ ਦੀ ਸਰਪਰਸਤੀ ਕੋਈ ਪਾਤਿਸ਼ਾਹ ਜਾਂ ਸੰਤ ਹੀ ਕਰ ਸਕਦਾ ਹੈ। ਸਤਿਗੁਰੂ ਜਗਜੀਤ ਸਿੰਘ ਜੀ ਪਾਤਿਸ਼ਾਹ ਵੀ ਹਨ ਤੇ ਸੰਤ ਵੀ। ਉਹ ਅਜਿਹੇ ਸੂਰਜ ਹਨ ਜੋ ਦੇਸ-ਭਰ ਵਿਚ ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਮਾਰਗ ਰੁਸ਼ਨਾ ਰਹੇ ਹਨ ਅਤੇ ਦੁਨੀਆਂ ਨੂੰ ਦਿਖਾ ਰਹੇ ਹਨ ਕਿ ਹਿੰਦੁਸਤਾਨੀ ਕਲਾਸੀਕਲ ਸੰਗੀਤ ਨੂੰ ਸਤਿਕਾਰਿਆ ਕਿਵੇਂ ਜਾਣਾ ਚਾਹੀਦਾ ਹੈ । ”

ਉਸਤਾਦ ਅਮਜ਼ਦ ਅਲੀ ਖ਼ਾਂ ਸਾਹਿਬ ਦੀ ਸਤਿਗੁਰੂ ਜੀ ਵੱਲੋਂ ਸੰਗੀਤ ਨੂੰ ਸਤਿਕਾਰੇ ਜਾਣ ਦੀ ਗੱਲ ਤੋਂ ਮੈਨੂੰ ਰਾਜਨ ਮਿਸ਼ਰਾ ਅਤੇ ਸਾਜਨ ਮਿਸ਼ਰਾ ਭਰਾ ਚੇਤੇ ਆ ਗਏ। ਇੱਕ ਵਾਰ ਸਤਿਗੁਰੂ ਜੀ ਦੇ ਇਸ ਅਸ਼ੀਰਵਾਦੀ ਹੱਥ ਦਾ ਜ਼ਿਕਰ ਚੱਲੇ ਤੋਂ ਮਿੱਤਰ ਸੁਵਰਨ ਸਿੰਘ ਵਿਰਕ ਨੇ ਮਿਸ਼ਰਾ ਭਰਾਵਾਂ ਨਾਲ ਬੀਤੀ ਹੋਈ ਸੁਣਾਈ ਸੀ। ਉਹ ਸੰਗੀਤਕਾਰੀ ਦੇ ਆਰੰਭਕ ਦੌਰ ਵਿਚ ਕੋਈ ਸਾਧਾਰਨ ਜਿਹੀ ਨੌਕਰੀ ਕਰਦੇ ਸਨ। ਸਤਿਗੁਰੂ ਜੀ ਉਹਨਾਂ ਦੀ ਪ੍ਰਤਿਭਾ ਨੂੰ ਪਛਾਣ ਚੁੱਕੇ ਸਨ। ਉਹਨਾਂ ਨੇ ਕਿਹਾ, ਤੁਸੀਂ ਇਹ ਕੰਮ ਛੱਡ ਕੇ ਸਿਰਫ਼ ਸੰਗੀਤ ਨੂੰ ਸਮਰਪਿਤ ਹੋਵੋ, ਤੁਹਾਡੇ ਲਈ ਏਨੇ ਮਾਸਕ ਪੈਸਿਆਂ ਦਾ ਪ੍ਰਬੰਧ ਅਸੀਂ ਕਰਾਂਗੇ। ਮਗਰੋਂ ਇਕ ਵਾਰ ਸਤਿਗੁਰੂ ਜੀ ਨੇ ਉਹਨਾਂ ਨੂੰ ਕਾਰ ਵੀ ਭੇਟ ਕੀਤੀ ਸੀ ।

ਇਹ ਸੰਗੀਤ ਜਗਤ ਵਿਚ ਉਹਨਾਂ ਦੇ ਅਜਿਹੇ ਸਥਾਨ ਸਦਕਾ ਹੀ ਸੀ ਕਿ ਦੇਸ ਦੇ ਪ੍ਰਮੁੱਖ ਸੰਗੀਤਕਾਰ, ਜਿਨ੍ਹਾਂ ਦੇ ਦੋ ਬੋਲ ਸੁਣਨ ਨੂੰ ਸਰੋਤੇ ਤਰਸਦੇ ਹਨ, ਉਹਨਾਂ ਦੇ ਸੁਨੇਹੇ ਨਾਲ ਸਾਲਾਨਾ ਸੰਗੀਤ ਸਮਾਗਮ ਸਮੇਂ ਭੈਣੀ ਸਾਹਿਬ ਪਧਾਰਦੇ ਸਨ ਅਤੇ ਦੂਰੋਂ-ਦੂਰੋਂ ਆਏ ਹਰ ਛੋਟੇ-ਵੱਡੇ ਤੇ ਅਮੀਰ-ਗ਼ਰੀਬ ਲਈ ਆਪਣੀ ਕਲਾ ਦਾ ਖੁੱਲ੍ਹਾ ਪ੍ਰਦਰਸ਼ਨ ਕਰਦੇ ਸਨ। ਹੁਣ ਸੰਗੀਤ ਸਮਾਗਮ ਦੀਆਂ ਸਾਲਾਨਾ ਰੌਣਕਾਂ ਸਤਿਗੁਰੂ ਉਦੇ ਸਿੰਘ ਜੀ ਦੀ ਸਰਪਰਸਤੀ ਹੇਠ ਸਜਦੀਆਂ ਹਨ।

ਸਤਿਗੁਰੂ ਜਗਜੀਤ ਸਿੰਘ ਜੀ ਭੈਣੀ ਸਾਹਿਬ ਦੀ ਸੰਗੀਤ ਅਕਾਦਮੀ ਅਤੇ ਸਥਾਨਕ ਉਸਤਾਦਾਂ ਤੋਂ ਸੰਗੀਤ ਸਿੱਖ ਚੁੱਕੇ ਸਿਖਿਆਰਥੀਆਂ ਵਿੱਚੋਂ ਪਰਤੱਖ ਸੰਭਾਵਨਾ ਵਾਲਿਆਂ ਨੂੰ ਪਛਾਣ ਕੇ ਦੇਸ ਦੇ ਪ੍ਰਮੁੱਖ ਸੰਗੀਤਕਾਰਾਂ ਦੇ ਸ਼ਾਗਿਰਦ ਬਣਵਾ ਦਿੰਦੇ ਸਨ, ਜਿਨ੍ਹਾਂ ਤੱਕ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਉਹਨਾਂ ਦੀ ਪਹੁੰਚ ਮੁਸ਼ਕਿਲ ਹੀ ਨਹੀਂ ਸਗੋਂ ਬਿਲਕੁਲ ਅਸੰਭਵ ਹੋਣੀ ਸੀ। ਜਿਨ੍ਹਾਂ ਉਸਤਾਦ ਸੰਗੀਤਕਾਰਾਂ ਦੇ ਨਾਂ ਮੇਰੇ ਚੇਤੇ ਵਿਚ ਉੱਭਰ ਸਕੇ, ਉਹਨਾਂ ਵਿਚ ਬੀਬੀ ਰਜਵੰਤ ਕੌਰ, ਸੰਪਾਦਕ 'ਵਰਿਆਮ' ਰਾਹੀਂ ਇੰਗਲੈਂਡ-ਵਾਸੀ ਹਰਜਿੰਦਰਪਾਲ ਸਿੰਘ ਤੋਂ ਹਾਸਲ ਹੋਏ ਨਾਂ ਜੋੜ ਕੇ ਸੂਚੀ ਇਸ ਪ੍ਰਕਾਰ ਬਣ ਗਈ: ਅਮਜ਼ਦ ਅਲੀ ਖ਼ਾਂ ਸਾਹਿਬ, ਅੱਲਾ ਰੱਖਾ ਜੀ, ਅਜੋਇ ਚਕਰਵਰਤੀ, ਪੰ. ਅਨੋਖੇ ਲਾਲ, ਬੀਬੀ ਐਨ. ਰਾਜਮ, ਇਮਰਤ ਖਾਂ ਸਾਹਿਬ, ਸਾਬਰੀ ਖ਼ਾਂ ਸਾਹਿਬ, ਪੰ. ਸਾਮਤਾ ਪ੍ਰਸਾਦ, ਪੰ. ਸੁਰੇਸ਼ ਤਲਵਲਕਰ, ਪੰ. ਸ਼ਿਵ ਕੁਮਾਰ ਸ਼ਰਮਾ, ਪੰ. ਹਰੀ ਪ੍ਰਸ਼ਾਦ ਚੌਰਸੀਆ, ਪ੍ਰੋ. ਹਰਭਜਨ ਸਿੰਘ, ਪੰ. ਕਿਸ਼ਨ ਮਹਾਰਾਜ, ਪ੍ਰੋ. ਕਿਰਪਾਲ ਸਿੰਘ, ਪੰ. ਦੁਰਗਾ ਲਾਲ, ਪੰ. ਪ੍ਰੇਮ ਵੱਲਭ, ਉਸਤਾਦ ਪਿਆਰਾ ਸਿੰਘ, ਪੰ. ਬਿਰਜੂ ਮਹਾਰਾਜ, ਪੰ. ਰਾਜਨ-ਸਾਜਨ ਮਿਸ਼ਰ, ਪੰ. ਰਾਮ ਨਾਰਾਇਣ, ਪੰ. ਰਮਾਕਾਂਤ, ਪੰ. ਰਾਮ ਜੀ ਮਿਸ਼ਰ, ਵਿਲਾਇਤ ਖ਼ਾਂ ਸਾਹਿਬ, ਸ੍ਰੀ ਵਰਿੰਦਰ ਕੁਮਾਰ। ਸੰਭਵ ਹੈ, ਅਜੇ ਵੀ ਕੁਛ ਨਾਂ ਰਹਿ ਗਏ ਹੋਣ।

ਸਤਿਗੁਰੂ ਜੀ ਦੀ ਮਿਹਰ ਸਦਕਾ ਇਹਨਾਂ ਉਸਤਾਦਾਂ ਨੇ ਦਰਜਨਾਂ ਉਭਰਦੇ ਸੰਗੀਤਕਾਰਾਂ ਨੂੰ ਨਿਪੁੰਨਤਾ ਦੇ ਮਾਰਗ ਉੱਤੇ ਤੋਰਿਆ। ਅਨੇਕ ਕਲਾਸੀਕਲ ਗਾਇਕਾਂ ਅਤੇ ਵੱਖ-ਵੱਖ ਸਾਜ਼ਾਂ ਦੇ ਵਾਦਕਾਂ ਨੇ ਕਲਾ-ਜਗਤ ਵਿਚ ਨਾਂ ਕਮਾਇਆ ਅਤੇ ਕਮਾ ਰਹੇ ਹਨ। ਉਸਤਾਦ ਨਿਹਾਲ ਸਿੰਘ ਤੋਂ ਸਿਖਲਾਈ ਲੈਣ ਮਗਰੋਂ ਪੰ. ਕਿਸ਼ਨ ਮਹਾਰਾਜ ਤੋਂ ਤਬਲਾ-ਵਾਦਨ ਦੀ ਕਲਾ ਦੀਆਂ ਬਰੀਕੀਆਂ ਸਿੱਖੇ ਹੋਏ ਸੁਖਵਿੰਦਰ ਸਿੰਘ ਪਿੰਕੀ ਨੂੰ ਤਾਂ ਪੰ. ਵਿਸ਼ਵ ਮੋਹਨ ਭੱਟ ਨਾਲ ਸਾਂਝਾ ‘ਗਰੈਮੀ ਸਨਮਾਨ’ ਵੀ ਹਾਸਲ ਹੋਇਆ।

ਗਾਇਕੀ ਤੇ ਵਾਦਨ ਦੀ ਦੁਨੀਆਂ ਦੀ ਜਾਣਕਾਰੀ ਨਾ ਰੱਖਣ ਵਾਲੇ ਲੋਕਾਂ ਨੂੰ ਸ਼ਾਇਦ ਇਹ ਗੱਲ ਸਾਧਾਰਨ ਲੱਗੇ, ਪਰ ਜਾਣਕਾਰ ਜਾਣਦੇ ਹਨ ਕਿ ਅਜਿਹੇ ਉਸਤਾਦਾਂ ਦੇ ਸ਼ਾਗਿਰਦ ਬਣਨਾ ਸੌਖਾ ਨਹੀਂ ਹੁੰਦਾ। ਇਸ ਸੰਬੰਧ ਵਿਚ ਇੱਕ ਵਾਰ ਟੀਵੀ ਇੰਟਰਵਿਊ ਵਿਚ ਇੱਕ ਬਹੁਤ ਵੱਡੇ ਗਾਇਕ ਦੀ ਸੁਣਾਈ ਹੋਈ ਗੱਲ ਮੈਨੂੰ ਯਾਦ ਰਹਿੰਦੀ ਹੈ। ਉਹਨੇ ਤੇ ਉਹਦੇ ਭਾਈ ਨੇ ਗਾਇਕੀ ਦੀ ਸਿੱਖਿਆ ਆਪਣੇ ਵੱਡੇ ਭਰਾ ਤੋਂ ਲਈ ਜੋ ਰਾਗ-ਵਿੱਦਿਆ ਦਾ ਨਿਪੁੰਨ ਸੀ। ਇੱਕ ਪੜਾਅ ਉੱਤੇ ਪਹੁੰਚ ਕੇ ਉਹਨੇ ਕਿਹਾ ਕਿ ਮੈਂ ਜੋ ਕੁਛ ਤੁਹਾਨੂੰ ਦੇ ਸਕਦਾ ਸੀ, ਦੇ ਦਿੱਤਾ, ਹੁਣ ਤੁਹਾਨੂੰ ਕਿਸੇ ਵਡੇਰੇ ਗੁਣਵੰਤ ਉਸਤਾਦ ਦੀ ਲੋੜ ਹੈ। ਉਹਨੇ ਅਮੀਰ ਖਾਂ ਸਾਹਿਬ ਦਾ ਨਾਂ ਸੁਝਾਇਆ। ਜਿਥੇ ਕਿਤੇ ਖਾਂ ਸਾਹਿਬ ਦਾ ਪ੍ਰੋਗਰਾਮ ਹੁੰਦਾ, ਉਹ ਦੋਵੇਂ ਪਹੁੰਚਦੇ ਤੇ ਅਰਜ਼ ਕਰਨ ਦੀ ਕੋਸ਼ਿਸ਼ ਕਰਦੇ। ਉਹ ਇਹਨਾਂ ਨੂੰ ਦੇਖ ਕੇ ਵੀ ਅਨਦੇਖੇ ਕਰਦੇ ਤੇ ਕੁਛ ਸੁਣੇ ਬਿਨਾਂ ਤੁਰ ਜਾਂਦੇ। ਕਈ ਵਾਰ ਅਜਿਹਾ ਹੋਇਆ, ਪਰ ਇਹ ਹਾਰੇ ਨਹੀਂ। ਇੱਕ ਮਹਿਫ਼ਲ ਵਿਚ ਖਾਂ ਸਾਹਿਬ ਗਾ ਕੇ ਵਿਦਾਅ ਹੋਣ ਲੱਗੇ ਤਾਂ ਜੁੱਤਿਆਂ ਦੀ ਭੀੜ ਵਿਚ ਆਪਣੇ ਜੁੱਤੇ ਉੱਥੇ ਦੇਖਣ ਲੱਗੇ ਜਿਥੇ ਉਹਨਾਂ ਨੇ ਉਤਾਰੇ ਸਨ। ਜੁੱਤੇ ਪਰ ਉਥੇ ਹੈ ਨਹੀਂ ਸਨ। ਮੇਜ਼ਬਾਨ ਵੀ ਇਧਰ-ਉਧਰ ਦੇਖਣ- ਭਾਲਣ ਲੱਗੇ। ਦੋਵਾਂ ਭਰਾਵਾਂ ਨੇ ਕਿਸੇ ਨੂੰ ਉਹਨਾਂ ਦੇ ਜੁੱਤੇ ਸੰਭਾਲ ਕੇ ਇਕ ਪਾਸੇ ਰਖਦਿਆਂ ਦੇਖਿਆ ਹੋਇਆ ਸੀ। ਇਹਨਾਂ ਨੇ ਭੱਜ ਕੇ ਜੁੱਤੇ ਚੁੱਕੇ ਤੇ ਪਰੇਸ਼ਾਨ ਖਾਂ ਸਾਹਿਬ ਦੇ ਪੈਰਾਂ ਅੱਗੇ ਲਿਆ ਰੱਖੇ। ਉਹਨਾਂ ਨੇ ਪਹਿਲੀ ਵਾਰ ਇਹਨਾਂ ਵੱਲ ਦੇਖਿਆ ਤੇ ਜੁੱਤਿਆਂ ਵਿਚ ਪੈਰ ਫਸਾਉਂਦੇ ਹੋਏ ਸਿਰਫ਼ ਤਿੰਨ ਲਫ਼ਜ਼ ਬੋਲੇ, “ਘਰ ਪਰ ਮਿਲਨਾ।" ਇਹਨਾਂ ਤਿੰਨ ਸ਼ਬਦਾਂ ਨੇ ਉਹਨਾਂ ਦੋਵਾਂ ਭਰਾਵਾਂ ਦੀ ਕਿਸਮਤ ਖੋਲ੍ਹ ਦਿੱਤੀ ਅਤੇ ਉਹਨਾਂ ਨੂੰ ਉਸਤਾਦ ਅਮੀਰ ਖਾਂ ਸਾਹਿਬ ਦੇ ਸ਼ਾਗਿਰਦ ਬਣਨ ਦਾ ਸੁਭਾਗ ਹਾਸਲ ਹੋ ਗਿਆ!

ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਹੋਰ ਕੋਈ ਵਿਅਕਤੀ ਜਾਂ ਅਦਾਰਾ ਕਦੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਸੰਗੀਤ-ਜਗਤ ਨੂੰ ਦੇਣ ਦੇ ਨੇੜੇ ਵੀ ਨਹੀਂ ਢੁੱਕਿਆ ਤੇ ਸ਼ਾਇਦ ਨਾ ਹੀ ਕਦੀ ਢੁੱਕ ਸਕੇਗਾ। ਉਸਤਾਦ ਜ਼ਾਕਿਰ ਹੁਸੈਨ ਨੇ ਠੀਕ ਹੀ ਕਿਹਾ ਸੀ, “ ਕਿਸੇ ਹੋਰ ਗੁਣਵੰਤ ਮਹਾਂਪੁਰਸ਼ ਨੇ ਜੀਵਨ ਦੇ ਸਾਰੇ ਖੇਤਰਾਂ ਵਿਚ, ਸੰਗੀਤ ਬਾਰੇ, ਰੂਹਾਨੀਅਤ ਬਾਰੇ, ਜੀਵਨ-ਸੁਚੱਜ ਬਾਰੇ ਸਾਡੀ ਪੀੜ੍ਹੀ ਉੱਤੇ ਏਨਾ ਡੂੰਘਾ ਪ੍ਰਭਾਵ ਨਹੀਂ ਪਾਇਆ ਅਤੇ ਨਾ ਹੀ ਹਰ ਕਿਸੇ ਨੂੰ ਇਹ ਗਿਆਨ ਦਿੱਤਾ ਹੈ ਕਿ ਆਦਰਸ਼ਕ ਜੀਵਨ, ਖਾਸ ਕਰ ਕੇ ਸੰਗੀਤ ਨਾਲ ਜੁੜ ਕੇ, ਕਿਵੇਂ ਜੀਵਿਆ ਜਾ ਸਕਦਾ ਹੈ। ਅਸ਼ੀਰਵਾਦੀ ਹੱਥ, ਜੋ ਸਤਿਗੁਰੂ ਜੀ ਨੇ ਸਾਡੇ, ਕਲਾਕਾਰਾਂ ਦੇ ਸਿਰਾਂ ਉੱਤੇ ਰੱਖਿਆ, ਇਸ ਜੀਵਨ ਵਿਚ ਜਾਂ ਸਾਡੇ ਜੁੱਗ ਵਿਚ ਉਹਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ।”

ਅੰਤਲੀ ਗੱਲ, ਇਕ ਸਾਹਿਤਕਾਰ ਹੋਣ ਦੇ ਨਾਤੇ ਸਾਹਿਤ ਪ੍ਰਤੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਜ਼ਰੀਏ ਦੀ। ਸ੍ਰੀ ਭੈਣੀ ਸਾਹਿਬ ਪਹੁੰਚੇ ਹਰ ਸਾਹਿਤਕਾਰ ਦਾ ਆਦਰ-ਮਾਣ ਕਰਨਾ ਤਾਂ ਇਕ ਪ੍ਰੰਪਰਾ ਬਣ ਚੁੱਕੀ ਸੀ। ਉਹਨਾਂ ਤੋਂ ਦੋ ਵਾਰ ਸਨਮਾਨਿਤ ਹੋਣ ਦਾ ਸੁਭਾਗ ਤਾਂ ਮੈਨੂੰ ਹੀ ਮਿਲਿਆ। ਇੱਕ ਵਾਰ ਭੈਣੀ ਸਾਹਿਬ ਦੇ ਇਕ ਸਮਾਗਮ ਸਮੇਂ ਉਹਨਾਂ ਤੋਂ ਸਨਮਾਨ ਹਾਸਲ ਹੋਇਆ। ਇਕ ਵਾਰ ਉਹਨਾਂ ਨੇ ਦਿੱਲੀ ਪਧਾਰਨ ਸਮੇਂ ਮੇਰੇ ਸਮੇਤ ਕੁਛ ਪੰਜਾਬੀ ਲੇਖਕਾਂ ਨੂੰ ਸਾਹਿਤ-ਸਭਿਆਚਾਰ ਬਾਰੇ ਚਰਚਾ ਲਈ ਬੁਲਾਇਆ। ਉਸ ਸਮੇਂ ਸਨਮਾਨੇ ਜਾਣ ਵਾਲਿਆਂ ਵਿੱਚ ਮੈਂ ਵੀ ਸ਼ਾਮਲ ਸੀ। ਸਾਹਿਤ-ਸਮਾਗਮਾਂ ਸਮੇਂ ਇਹ ਸਰਪਰਸਤੀ ਹੋਰ ਵਧੇਰੇ ਉਜਾਗਰ ਹੁੰਦੀ ਸੀ। ਮੈਨੂੰ ਨਿੱਜੀ ਜਾਣਕਾਰੀ ਹੈ ਕਿ ਜਦੋਂ ਕਦੇ ਵੀ ਕਿਸੇ ਸਾਹਿਤਕ ਕਾਨਫ਼ਰੰਸ ਦੇ ਪ੍ਰਬੰਧਕਾਂ ਨੇ ਮਾਇਕ ਸਹਾਇਤਾ ਲਈ ਸਤਿਗੁਰੂ ਜਗਜੀਤ ਸਿੰਘ ਜੀ ਤੱਕ ਪਹੁੰਚ ਕੀਤੀ, ਉਹਨਾਂ ਦੀ ਪ੍ਰਾਪਤੀ ਉਹਨਾਂ ਦੀ ਆਸ ਨਾਲੋਂ ਵਡੇਰੀ ਰਹੀ। ਕਾਨਫ਼ਰੰਸ ਸਮੇਂ ਨਾਮਧਾਰੀ ਲੰਗਰ ਇਸ ਮਾਇਕ ਸਹਾਇਤਾ ਤੋਂ ਵਧੀਕ ਹੁੰਦਾ ਸੀ। ਸ਼ੁੱਧ ਦੇਸੀ ਘਿਉ ਵਿਚ ਤਿਆਰ ਹੋਇਆ ਭੋਜਨ ਦੁੱਧ-ਚਿੱਟੀਆਂ ਚਾਦਰਾਂ ਉੱਤੇ ਬੈਠੇ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਵਰਤਾ ਰਹੇ ਉੱਜਲ ਸਫ਼ੈਦ ਬਸਤਰਾਂ ਵਾਲੇ ਨਾਮਧਾਰੀ ਵੀਰ ਇੱਕ ਅਲੌਕਿਕ ਦ੍ਰਿਸ਼ ਪੇਸ਼ ਕਰਦੇ ਸਨ।

ਇੱਕ ਵਾਰ ਕਾਨਫ਼ਰੰਸ ਦੇ ਇੱਕ ਪ੍ਰਬੰਧਕ ਮਿੱਤਰ ਨੇ ਮੈਨੂੰ ਪੁੱਛਿਆ, ਤੁਹਾਨੂੰ ਕਾਨਫ਼ਰੰਸ ਦਾ ਕਿਹੜਾ ਸੈਸ਼ਨ ਵਧੇਰੇ ਸਫਲ ਲਗਿਆ? ਮੈਂ ਹੱਸ ਕੇ ਕਿਹਾ, ਲੰਗਰ-ਸੈਸ਼ਨ !

ਇਹ ਗੱਲ ਮੈਨੂੰ ਸੰਤੋਖ ਸਿੰਘ ਧੀਰ ਜੀ ਨੇ ਸੁਣਾਈ ਸੀ। ਓਦੋਂ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਨ। ਸਭਾ ਦੀ ਸਾਲਾਨਾ ਕਾਨਫ਼ਰੰਸ ਕਰਨੀ ਸੀ। ਧੀਰ ਜੀ ਸੰਪੂਰਨਤਾਵਾਦੀ ਸਨ; ਜੋ ਕੰਮ ਕਰਨਾ ਹੈ, ਉਸ ਵਿਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਅਜਿਹੇ ਉੱਦਮ ਲਈ ਬੁਨਿਆਦ ਤਾਂ ਆਖ਼ਰ ਮਾਇਆ ਹੀ ਹੁੰਦੀ ਹੈ। ਸੋਚ-ਵਿਚਾਰ ਕਰ ਕੇ ਫ਼ੈਸਲਾ ਹੋਇਆ ਕਿ ਭੈਣੀ ਸਾਹਿਬ ਪਹੁੰਚ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਜਾਵੇ। ਉਹਨਾਂ ਨੇ ਲੋੜ ਪੱਛੀ ਤਾਂ ਧੀਰ ਜੀ ਬੋਲੇ, "ਸਤਿਗੁਰੂ ਜੀ, ਜੇ ਸਾਡੀ ਉਡਾਰੀ ਤੁਹਾਡੀ ਕਿਰਪਾ ਤੋਂ ਨੀਵੀਂ ਰਹਿ ਗਈ, ਸਾਡਾ ਨੁਕਸਾਨ ਹੋ ਜਾਵੇਗਾ ਤੇ ਜੇ ਅਸੀਂ ਉਡਾਰੀ ਉੱਚੀ ਮਾਰ ਲਈ, ਇਹ ਲਾਲਚ ਹੋਵੇਗਾ। ਤੁਸੀਂ ਆਪ ਹੀ ਕਿਰਪਾ ਕਰੋ !” ਉਹ ਦਸਦੇ, “ਸਾਡੇ ਸੋਚੇ ਤੋਂ ਮਾਇਆ ਵੀ ਵੱਧ ਮਿਲ ਗਈ ਤੇ ਕਾਨਫ਼ਰੰਸ ਸਮੇਂ ਲੰਗਰ ਵੀ ਪਰਵਾਨ ਹੋ ਗਿਆ।”

ਅਜਿਹੀ ਸੀ ਅਨੇਕ ਲੌਕਿਕ, ਅਲੌਕਿਕ, ਸਾਹਿਤਕ ਅਤੇ ਕਲਾਤਮਕ, ਆਦਿ ਖੇਤਰਾਂ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਅਗਵਾਈ।

ਗੁਰਬਚਨ ਸਿੰਘ ਭੁੱਲਰ

Share On: