“ਹਿੰਦੋਸਤਾਨੀ ਆਗੂ ਵੀ ਨਾਅਹਿਲ ਤੇ ਨਿਕੰਮੇ ਨੇ। ਉਨ੍ਹਾਂ ਕੋਲ ਕੋਈ ਤਜ਼ਰਬਾ ਨਹੀਂ ਹੈ। "
"ਕਿਹੋ ਜਿਹਾ ਤਜ਼ਰਬਾ ?"
“ਰਾਜ ਭਾਗ ਦਾ ਤਜ਼ਰਬਾ।"
"ਸਿੱਧਾ ਕਿਉਂ ਨਹੀਂ ਕਹਿੰਦੇ ਕਿ ਦੇਸੀ ਹੁਕਮਰਾਨ ਵ੍ਹਾਈਟ ਰੂਲਰਜ਼ ਵਾਂਗ ਮੁਲਕ ਨੂੰ ਚੂੰਡ ਨਹੀਂ ਸਕਣਗੇ। ਨਾਲੇ ਇਹ ਤੂੰ ਕਿਵੇਂ ਕਹਿ ਸਕਦਾ ਏਂ? ਹੋ ਸਕਦਾ ਉਹ ਤੁਹਾਡੇ ਵੀ ਬਾਪ ਦਾਦੇ ਸਾਬਤ ਹੋਣ। ਮਾਈਂਡ ਨਾ ਕਰੀਂ ਮਾਈਕਲ---ਹੁਕਮਰਾਨ ਕਿਸੇ ਵੀ ਮੁਲਕ ਦੇ ਹੋਣ, ਦੇਸੀ ਹੋਣ ਜਾਂ ਵਿਦੇਸ਼ੀ; ਇੱਕੋ ਮਿੱਟੀ ਦੇ ਹੀ ਬਣੇ ਹੁੰਦੇ ਨੇ। ਫਰਕ ਸਿਰਫ਼ ਏਨਾ ਕੁ ਹੁੰਦਾ, ਦੇਸੀ ਹਾਕਮਾਂ ਦੇ ਹੁੰਦਿਆਂ ਲੋਕਾਂ ਨੂੰ ਆਜ਼ਾਦ ਹੋਣ ਦੀ ਫੀਲਿਗ ਬਣੀ ਰਹਿੰਦੀ ਹੈ। ” ਓਨਾ ਦੀਆਂ ਤਿੱਖੀਆਂ ਗੱਲਾਂ ਨੇ ਮਾਈਕਲ ਨੂੰ ਤੜਫਾ ਦਿੱਤਾ ਸੀ।
“ਕੁੱਝ ਵੀ ਕਹਿ-ਇਹ ਸੂਰਜ ਦੀ ਰੌਸ਼ਨੀ ਵਾਂਗ ਸਾਫ਼ ਏ ਕਿ ਗੋਰੀ ਨਸਲ, ਅਸੱਭਿਅਕ ਲੋਕਾਂ 'ਤੇ ਰਾਜ ਕਰ ਰਹੀ ਹੈ ਤੇ ਉਸਨੂੰ ਰਾਜ ਕਰਨ ਦਾ ਅਧਿਕਾਰ ਕੁਦਰਤ ਨੇ ਦਿੱਤਾ ਹੈ। ”
“ਜੇ ਅਸੱਭਿਅਕ ਲੋਕਾਂ 'ਤੇ ਰਾਜ ਕਰਨਾ ਗੋਰੀ ਨਸਲ ਦਾ ਕੁਦਰਤੀ ਅਧਿਕਾਰ ਹੈ ਤਾਂ ਆਪਣੇ ਜਲ ਜੰਗਲ ਤੇ ਜ਼ਮੀਨ ਲਈ ਲੜਨਾ ਵੀ ਲੋਕਾਂ ਦਾ ਕੁਦਰਤੀ ਅਧਿਕਾਰ ਹੈ। ਜਿਵੇਂ ਹਿੰਦੋਸਤਾਨੀ ਇਨਕਲਾਬੀ ਲੜ ਰਹੇ ਨੇ। ਜਿਵੇਂ ਤੇਰੇ ਆਪਣੇ ਆਇਰਸ਼ ਇਨਕਲਾਬੀ ਨੇ। ਸਪੇਨ ਤੋਂ ਵੱਖ ਹੋਣ ਦੀ ਲੜਾਈ ਲੜ ਰਹੇ ਕੈਟਾਲੋਨੀਅਨ ਇਨਕਲਾਬੀਆਂ ਬਾਰੇ ਵੀ ਤਾਂ ਜਾਣਦਾ ਈ ਏਂ। ਹੋਰ ਕਿੰਨੇ ਦੇਸ਼ਾਂ 'ਚ ਇਨਕਲਾਬੀ ਤਹਿਰੀਕਾਂ ਚੱਲ ਰਹੀਆਂ ਨੇ।" ਓਨਾ ਦੀਆਂ ਦਲੀਲਾਂ ਅੱਗੇ ਮਾਈਕਲ ਨੂੰ ਚੁੱਪ ਧਾਰਨੀ ਪਈ ਸੀ।
ਮਾਈਕਲ ਨਾਲ ਹੋਈਆਂ ਕਿੰਨੀਆਂ ਹੀ ਗੱਲਾਂ ਓਨਾ ਨੂੰ ਯਾਦ ਆ ਰਹੀਆਂ ਸਨ। ਉਸਨੇ ਕੰਬਦੇ ਹੱਥਾਂ ਨਾਲ ਦੂਸਰੀ ਅਖਬਾਰ ਚੁੱਕ ਕੇ ਅੱਖਾਂ ਦੇ ਨੇੜੇ ਕਰ ਲਈ। ਇਸ ਅਖਬਾਰ ਨੇ ਤਾਂ ਵੱਡਾ ਸੰਪਾਦਕੀ ਲੇਖ ਲਿਖ ਕੇ ਓਡਵਾਇਰ 'ਤੇ ਹਮਲੇ ਦੀ ਕਾਰਵਾਈ ਨੂੰ ਕਾਇਰਤਾ ਪੂਰਨ ਆਖਦਿਆਂ ਬਾਗੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਲਿਖਿਆ ਹੈ। ਓਨਾ ਨੂੰ ਅਜਿਹੀਆਂ ਸਾਰੀਆਂ ਅਖਬਾਰਾਂ 'ਤੇ ਗੁੱਸਾ ਆਇਆ ਜਿਹੜੀਆਂ ਸਰਕਾਰਾਂ ਦੀ ਝੋਲੀ ਚੁੱਕਦੀਆਂ ਉਨ੍ਹਾਂ ਦੇ ਹਰੇਕ ਚੰਗੇ-ਮਾੜੇ ਫ਼ੈਸਲੇ ਦੇ ਸੋਹਲੇ ਗਾਉਣ ਲੱਗਦੀਆਂ ਹਨ।
ਓਨਾ ਨੂੰ ਤੇਰਾਂ ਅਪਰੈਲ ਉਨੀ ਸੌ ਉਨੀ ਦੀ ਘਟਨਾ ਤੋਂ ਬਾਅਦ ਵਾਲੇ ਦਿਨਾਂ ਦੀਆਂ ਇੰਗਲੈਂਡ ਦੀਆਂ ਅਖਬਾਰਾਂ 'ਚ ਜਨਰਲ ਡਾਇਰ ਅਤੇ ਓਡਵਾਇਰ ਨੂੰ ਜਾਇਜ਼ ਠਹਿਰਾਉਣ ਵਾਲੇ ਛਪੇ ਲੰਬੇ-ਲੰਬੇ ਲੇਖ ਯਾਦ ਆਏ। ਕਈ ਅਖਬਾਰਾਂ ਨੇ ਤਾਂ ਡਾਇਰ ਅਤੇ ਓਡਵਾਇਰ ਨੂੰ ਹੀਰੋ ਆਖਦਿਆਂ ਦੋਵਾਂ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਗੱਲ ਤੱਕ ਛਾਪ ਦਿੱਤੀ ਸੀ। 'ਮੌਰਨਿੰਗ ਪੋਸਟ' ਤਾਂ ਸਾਰੀਆਂ ਅਖਬਾਰਾਂ ਨਾਲੋਂ ਹੀ ਅੱਗੇ ਨਿਕਲ ਗਿਆ ਸੀ। ਡਾਇਰ ਦੇ ਵਾਪਸ ਇੰਗਲੈਂਡ ਆਉਣ 'ਤੇ ਉਸ ਦੀ ਸਹਾਇਤਾ ਵਾਸਤੇ 'ਡਾਇਰ ਮੈਮੋਰੀਅਲ ਕੋਸ਼' ਚਲਾਇਆ ਤੇ ਇਸ ਕਾਰਜ ਲਈ ਛੱਬੀ ਹਜ਼ਾਰ ਪੌਂਡ ਜਮਾਂ ਕੀਤੇ।
ਓਨਾ ਨੂੰ ਅਠਾਰ੍ਹਾਂ ਸੌ ਬਹੱਤਰ ਦੀ ਕੂਕਾ ਲਹਿਰ ਦੌਰਾਨ ਪੰਜਾਬ ਦੇ ਸ਼ਹਿਰ ਮਲੇਰਕੋਟਲਾ 'ਚ ਉਨੰਜਾ ਕੂਕਿਆਂ ਨੂੰ ਤੋਪਾਂ ਨਾਲ ਉਡਾਉਣ ਸਬੰਧੀ ਕੁੱਝ ਸਮਾਂ ਪਹਿਲਾਂ ਪਾਇਨੀਅਰ ਅਖ਼ਬਾਰ 'ਚ ਛਪਿਆ ਜ਼ਹਿਰੀਲਾ ਵਿਅੰਗ ਯਾਦ ਆਇਆ ਜਿਸ 'ਚ ਲਿਖਿਆ ਸੀ, "ਤੁਸੀਂ ਆਂਡਾ ਤੋੜੇ ਬਗੈਰ ਆਮਲੇਟ ਨਹੀਂ ਬਣਾ ਸਕਦੇ। ” ਓਨਾ ਦਾ ਮੂੰਹ ਕੁੜੱਤਣ ਨਾਲ ਭਰ ਗਿਆ।
“ਸਰਕਾਰ ਦੀ ਝੋਲੀ ਚੁੱਕਣ ਵਾਲਾ ਮੀਡੀਆ ਨਫ਼ਰਤ ਦਾ ਕਾਰੋਬਾਰ ਕਰਨ ਤੋਂ ਇਲਾਵਾ ਹੋਰ ਕੁੱਝ ਕਰ ਹੀ ਨਹੀਂ ਸਕਦਾ। ਜੇ ਸਰਕਾਰ ਇਨ੍ਹਾਂ ਨੂੰ ਬੈਠਣ ਲਈ ਆਖਦੀ ਹੈ ਤਾਂ ਇਹ ਲਿਟਣ ਲੱਗਦੇ ਨੇ। ”
ਉਹ ਮਨ ਹੀ ਮਨ ਕਿੰਨਾ ਚਿਰ ਰਾਸ਼ਟਰਵਾਦੀ ਅਖਬਾਰਾਂ ਨੂੰ ਗਾਲ੍ਹਾਂ ਕੱਢਦੀ ਰਹੀ।
ਓਨਾ ਨੇ 'ਦਾ ਡੇਲੀ ਹੈਰਾਲਡ' ਅਖ਼ਬਾਰ ਖੋਲ੍ਹ ਕੇ ਅੱਖਾਂ ਅੱਗੇ ਕਰ ਲਈ।
ਅਖਬਾਰ ਦੇ ਪਹਿਲੇ ਪੰਨੇ 'ਤੇ ਇੱਕ ਡੱਬੀ 'ਚ ਹਮਲਾਵਰ ਦੀ ਫੋਟੋ ਹੈ। ਲੰਮਾ ਓਵਰਕੋਟ ਪਾਈ ਇੱਕ ਸਿਹਤਮੰਦ ਵਿਅਕਤੀ ਨੇ ਸਿਰ 'ਤੇ ਅੰਗਰੇਜ਼ ਅਫ਼ਸਰਾਂ ਜਿਹਾ ਹੈਟ ਪਾਇਆ ਹੋਇਆ। ਰੋਅਬਦਾਰ ਚਿਹਰੇ 'ਤੇ ਡਰ ਦਾ ਕੋਈ ਨਿਸ਼ਾਨ ਨਹੀਂ ਹੈ ਬਲਕਿ ਅਜੀਬ ਖੁਸ਼ੀ ਤੇ ਸੰਤੁਸ਼ਟੀ ਝਲਕਦੀ ਹੈ।
“ਮੈਂ ਮਰਨ ਤੋਂ ਨਹੀਂ ਡਰਦਾ। ਮਰਨ ਵਾਸਤੇ ਬੁੱਢਾਪਾ ਉਡੀਕੀ ਜਾਣ ਦਾ ਕੀ ਫਾਇਦਾ? ਜਦੋਂ ਤੁਸੀਂ ਜਵਾਨ ਹੋਵੋ, ਮਰਨਾ ਤਾਂ ਉਦੋਂ ਹੀ ਚਾਹੀਦਾ ਹੈ।" ਮੁਸਕਰਾਉਂਦੇ ਹੋਏ ਹਮਲਾਵਰ ਨੇ ਕਿਹਾ ਸੀ। ਉਸਦੇ ਇਸ ਅਚਾਨਕ ਹਮਲੇ ਕਾਰਨ ਅੰਗਰੇਜ਼ ਸਿਪਾਹੀ ਸਹਿਮ 'ਚ ਆ ਗਏ ਸਨ।
-ਕੀ ਜੈਟਲੈਂਡ ਮਰ ਗਿਆ ਹੈ? ਮੈਂ ਉਸਦੇ ਵੀ ਦੋ ਗੋਲੀਆਂ ਮਾਰੀਆਂ ਸਨ। ਇਸ ਹਰਾਮਖੋਰ ਨੂੰ ਵੀ ਮਰਨਾ ਚਾਹੀਦਾ ਸੀ। ਇਸਨੇ ਵੀ ਹਿੰਦੋਸਤਾਨੀ ਆਵਾਮ 'ਤੇ ਬੜੇ ਜ਼ੁਲਮ ਢਾਹੇ ਸਨ। " ਹਮਲਾਵਰ ਨੇ ਡੀਕਨ ਨੂੰ ਪੁੱਛਿਆ ਤਾਂ ਉਹ ਚੁੱਪ ਰਿਹਾ ਸੀ। ਉਸਦੀ ਚੁੱਪ ਵੱਲ ਵੇਖਦਿਆਂ ਹਮਲਾਵਰ ਨੇ ਅਫ਼ਸੋਸ 'ਚ ਸਿਰ ਹਿਲਾਉਂਦਿਆਂ ਕਿਹਾ, “ਮੈਨੂੰ ਤਾਂ ਯਕੀਨ ਸੀ ਕਿ ਮੈਂ ਬਹੁਤ ਸਾਰੇ ਅਤਿਆਚਾਰੀਆਂ ਦਾ ਖਾਤਮਾ ਕਰ ਦਿੱਤਾ ਹੋਊ। ਮੈਨੂੰ ਆਪਣੀ ਸੁਸਤੀ 'ਤੇ ਅਫ਼ਸੋਸ ਹੈ।
-ਸਾਰਜੈਂਟ ਜੌਨਜ਼ ਨੇ ਹਮਲਾਵਰ ਦੇ ਹੱਥ ਪਿੱਛੇ ਲਿਜਾਂਦਿਆਂ ਪੁੱਛਿਆ ਸੀ, “ਕੀ ਨਾਂ ਹੈ ਤੇਰਾ ?” ਤੈਨੂੰ ਪਤਾ ਇਹਦਾ ਨਤੀਜਾ ਕੀ ਹੋਊ? ਤੈਨੂੰ ਕੈਨਨ ਰੋਅ ਪੁਲਿਸ ਸਟੇਸ਼ਨ ਲਿਜਾਣਾ ਹੈ ਜਿੱਥੇ ਤੇਰੇ ਖਿਲਾਫ਼ ਐਫ.ਆਈ.ਆਰ. ਦਰਜ ਹੋਵੇਗੀ।”
“ਮੇਰਾ ਨਾਂ ਮੁਹੰਮਦ ਸਿੰਘ ਆਜ਼ਾਦ ਹੈ। ਮੈਂ ਬ੍ਰਿਟਿਸ਼ ਸਾਮਰਾਜ ਪ੍ਰਤੀ ਰੋਸ ਪ੍ਰਗਟਾਇਆ ਹੈ ਜਿਸਦਾ ਮੈਨੂੰ ਕੋਈ ਅਫ਼ਸੋਸ ਨਹੀਂ ਹੈ। ਮੈਂ ਬਰਤਾਨਵੀ ਸਾਮਰਾਜ 'ਚ ਭਾਰਤੀਆਂ ਨੂੰ ਭੁੱਖੇ ਮਰਦੇ ਵੇਖਿਆ ਹੈ। ਮੈਨੂੰ ਇਸਦਾ ਕੋਈ ਡਰ ਨਹੀਂ ਕਿ ਕੀ ਸਜ਼ਾ ਮਿਲੇਗੀ। ਭਾਵੇਂ ਕੈਦ ਹੋਵੇ ਜਾਂ ਫਾਂਸੀ। ਮੈਂ ਆਪਣਾ ਫਰਜ਼ ਨਿਭਾਇਆ। ਇਨਕਲਾਬ ਜ਼ਿੰਦਾਬਾਦ-ਸਾਮਰਾਜ ਮੁਰਦਾਬਾਦ-ਇੰਗਲੈਂਡ ਮੁਰਦਾਬਾਦ।”
ਓਨਾ ਆਪਣੇ ਪਤੀ ਮਾਈਕਲ ਓਡਵਾਇਰ ਦੇ ਕਾਤਲ ਵਲੋਂ ਫੜੇ ਜਾਣ ਉਪਰੰਤ ਦਿੱਤੇ ਜਵਾਬ ਪੜ੍ਹ ਕੇ ਸੁੰਨ ਰਹਿ ਗਈ ਹੈ। ਉਹ ਆਪਣੇ ਆਪ 'ਤੇ ਹੈਰਾਨ ਹੋਈ ਕਿ ਉਸਨੂੰ ਆਪਣੇ ਪਤੀ ਦੇ ਕਾਤਲ ਖਿਲਾਫ਼ ਕਿਸੇ ਕਿਸਮ ਦੀ ਨਫਰਤ ਪੈਦਾ ਕਿਉਂ ਨਹੀਂ ਹੋਈ। ਹਮਲਾਵਰ ਨੇ ਉਮਰ ਦੇ ਅਜਿਹੇ ਪੜਾਅ 'ਤੇ ਉਸਦੇ ਪਤੀ ਦਾ ਕਤਲ ਕੀਤਾ ਸੀ ਜਿਸ ਪੜਾਅ 'ਤੇ ਪਤੀ ਪਤਨੀ ਦਾ ਆਪਸੀ ਸਾਥ ਬੜਾ ਮਹੱਤਵਪੂਰਨ ਹੁੰਦਾ ਤੇ ਦੋਵੇਂ ਇੱਕ ਦੂਜੇ ਦਾ ਆਸਰਾ ਬਣਕੇ ਬੁੱਢਾਪਾ ਸੌਖਾ ਕੱਟ ਲੈਂਦੇ ਹਨ।
“ਕੀ ਬੁੱਢਾਪੇ 'ਚ ਮੈਨੂੰ ਮਾਈਕਲ ਦੇ ਸਾਥ ਦੀ ਵੱਧ ਜ਼ਰੂਰਤ ਨਹੀਂ ਸੀ? ਹੁਣ ਕੀ ਪਤਾ ਅਗਲਾ ਸਮਾਂ ਕਿਹੋ ਜਿਹਾ ਬਤੀਤ ਹੋਵੇ ?” ਓਨਾ ਨੇ ਆਪਣੇ ਆਪ ਨੂੰ ਸਵਾਲ ਕੀਤਾ मी।
“ਓਨਾ ਉਨ੍ਹਾਂ ਹਜ਼ਾਰਾਂ ਲੱਖਾਂ ਲੋਕਾਂ ਬਾਰੇ ਸੋਚ ਜਿਨ੍ਹਾਂ ਨੂੰ ਮਾਈਕਲ ਜਿਹੇ ਸਾਮਰਾਜੀਆਂ ਦੀ ਹਵਸ ਨੇ ਮਿੱਟੀ ਦੀਆਂ ਢੇਰੀਆਂ 'ਚ ਤਬਦੀਲ ਕਰ ਦਿੱਤਾ। ਉਨ੍ਹਾਂ ਦੇ ਮਾਂ ਬਾਪ ਦਾ ਬੁੱਢਾਪਾ ਹੰਝੂਆਂ 'ਚ ਕਿੰਝ ਰੁੜਿਆ ਹੋਵੇਗਾ? ਉਨ੍ਹਾਂ ਵਿਧਵਾਵਾਂ ਦੇ ਕੀ ਹਾਲ ਹੋਏ ਹੋਣਗੇ? ਉਨ੍ਹਾਂ ਦੇ ਬਾਲ ਬੱਚਿਆਂ ਦਾ ਕੀ ਬਣਿਆ ਹੋਵੇਗਾ ?" ਆਪਣੇ ਸਵਾਲ ਦਾ ਜਵਾਬ ਵੀ ਉਸਨੇ ਆਪ ਹੀ ਦੇ ਦਿੱਤਾ ਸੀ।
“ਹਮਲਾਵਰ ਦਾ ਅਸਲ ਨਾਮ ਤਾਂ ਕੋਈ ਹੋਰ ਹੀ ਹੋਵੇਗਾ- ਮੁਹੰਮਦ ਸਿੰਘ ਆਜ਼ਾਦ ਤਾਂ ਇਸਨੇ ਰੱਖ ਲਿਆ ਹੈ। ਇਸ ਨਾਮ 'ਚੋਂ ਹਿੰਦੋਸਤਾਨ ਦੀ ਸਾਂਝੀ ਤਹਿਜ਼ੀਬ ਦੀ ਮਹਿਕ ਆਉਂਦੀ ਹੈ। ਹੈਰਾਨੀ ਹੈ ਇਹ ਸਖਸ਼ ਆਪਣੇ ਅੰਦਰ ਬਲਦੀ ਅੱਗ ਨੂੰ ਠਾਰਨ ਲਈ ਪੂਰੇ ਇੱਕੀ ਸਾਲ ਉਡੀਕ ਕਰਦਾ ਰਿਹਾ। ਪਤਾ ਨਹੀਂ ਕਿੱਥੇ-ਕਿੱਥੇ ਭਟਕਿਆ ਹੋਵੇਗਾ। ਕਿੰਨੇ ਮੁਲਕਾਂ 'ਚ ਹੁੰਦਾ ਹੋਇਆ ਲੰਡਨ ਪਹੁੰਚਿਆ ਹੋਵੇਗਾ। ਕਿੰਨੇ ਹਜ਼ਾਰਾਂ ਮੀਲ ਗਾਹੇ ਹੋਣਗੇ। ਕਦੇ ਰੋਟੀ ਮਿਲੀ ਹੋਵੇਗੀ-ਕਦੇ ਭੁੱਖਾ ਸੌਣਾ ਪਿਆ ਹੋਵੇਗਾ। ਬ੍ਰਿਟਿਸ਼ ਸਾਮਰਾਜ ਦਾ ਅੱਧੀ ਦੁਨੀਆ 'ਤੇ ਤਾਂ ਰਾਜ ਹੈ। ਐਨੇ ਦੇਸ਼ਾਂ ਦੀ ਇੰਨਟੈਲੀਜੈਂਸ ਤੋਂ ਬਚਣਾ ਕਿਤੇ ਆਸਾਨ ਕੰਮ ਹੈ। ਪਤਾ ਨਹੀਂ ਕੀ-ਕੀ ਬਨਣਾ ਪਿਆ ਹੋਵੇਗਾ। ਫਿਰ ਐਨੇ ਵਰ੍ਹੇ ਦੀ ਅੱਗ ਨੂੰ ਅੰਦਰ ਦਬਾ ਕੇ ਰੱਖਣਾ-- ਏਨੇ ਚਿਰ 'ਚ ਤਾਂ ਬੰਦਾ ਗੁੱਸੇ ਨਾਲ ਉਂਝ ਹੀ ਫਟ ਜਾਵੇ। " ਓਨਾ ਦੇ ਅੰਦਰ ਸੋਚਾਂ ਦਾ ਸਮੁੰਦਰ ਖੌਰੂ ਪਾ ਰਿਹਾ ਸੀ।
-ਕੀ ਨਹੀਂ ਸੀ ਹੋ ਸਕਦਾ ਇਨ੍ਹਾਂ ਇੱਕੀ ਸਾਲਾਂ 'ਚ? ਮੁਹੰਮਦ ਸਿੰਘ ਆਜ਼ਾਦ ਬਣੇ ਇਸ ਨੌਜਵਾਨ ਨੂੰ ਪੁਲਿਸ ਕਿਸੇ ਕੇਸ 'ਚ ਫੜ ਵੀ ਸਕਦੀ ਸੀ। ਜਿਸ ਸਮੁੰਦਰੀ ਜਹਾਜ਼ 'ਚ ਉਹ ਸਫ਼ਰ ਕਰਦਾ ਸੀ, ਉਹ ਡੁੱਬ ਵੀ ਤਾਂ ਸਕਦਾ ਸੀ। ਹੋ ਸਕਦਾ ਸੀ ਕਿ ਮਾਈਕਲ ਨੂੰ ਮਾਰਨ ਲਈ ਇੰਗਲੈਂਡ ਤਾਂ ਪੁੱਜ ਜਾਂਦਾ ਪਰ ਉਸਨੂੰ ਕਿਧਰੋਂ ਹਥਿਆਰ ਹੀ ਨਾ ਮਿਲਦਾ। ਜੇ ਮਿਲ ਵੀ ਗਿਆ ਸੀ ਤਾਂ ਉਹ ਮੀਟਿੰਗ ਹਾਲ 'ਚ ਹੀ ਨਾ ਦਾਖਲ ਹੋ ਸਕਦਾ। ਸੰਭਵ ਸੀ ਕਿ ਮੌਕੇ 'ਤੇ ਪਿਸਟਲ ਹੀ ਚੱਲਣੋਂ ਇਨਕਾਰ ਕਰ ਦਿੰਦਾ ਤੇ ਜਾਂ ਫਿਰ ਉਸਦਾ ਨਿਸ਼ਾਨਾ ਹੀ ਖੁੰਝ ਜਾਂਦਾ। ਇਹ ਵੀ ਤਾਂ ਹੋ ਸਕਦਾ ਸੀ ਕਿ- ਜਨਰਲ ਡਾਇਰ ਵਾਂਗ ਮਾਈਕਲ ਫਰਾਂਸਿਸ ਓਡਵਾਇਰ ਵੀ ਕਿਸੇ ਬਿਮਾਰੀ ਨਾਲ ਮਰ ਜਾਂਦਾ। ਫੇਰ ਇਹ ਨੌਜਵਾਨ ਆਪਣੇ ਅੰਦਰਲੀ ਅਗਨੀ ਨੂੰ ਕਿੰਝ ਸ਼ਾਂਤ ਕਰਦਾ? ਕੀ ਆਪਣੇ ਅੰਦਰਲੀ ਬਦਲੇ ਦੀ ਅੱਗ ਨੂੰ ਠਾਰਨ ਲਈ ਮੈਨੂੰ ਜਾਂ ਮੇਰੇ ਬੱਚਿਆਂ ਨੂੰ -----?"
ਇਹ ਸੋਚਦਿਆਂ ਓਨਾ ਕੰਬ ਉੱਠੀ। ਉਸਨੇ ਮਾਰਥਾ ਵਲੋਂ ਥੋੜੀ ਦੇਰ ਪਹਿਲਾਂ ਲਿਆ ਕੇ ਰੱਖਿਆ ਪਾਣੀ ਦਾ ਗਿਲਾਸ ਚੁੱਕਿਆ ਤੇ ਗਟ-ਗਟ ਕਰਕੇ ਪੀ ਗਈ। ਉਸ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਉਹ ਬੱਚਿਆਂ ਬਾਰੇ ਸੋਚਣ ਲੱਗੀ। ਧੀ ਓਨਾ ਮੈਰੀ ਓਡਵਾਇਰ ਕਿਤੇ ਦੂਰ ਗਈ ਹੋਈ ਸੀ। ਉਸਨੂੰ ਟੈਲੀਗ੍ਰਾਮ ਦੇ ਕੇ ਘਟਨਾ ਦੀ ਜਾਣਕਾਰੀ ਦੇ ਦਿੱਤੀ ਸੀ ਤੇ ਉਸਨੇ ਭਲਕ ਤੱਕ ਆ ਜਾਣਾ ਸੀ। ਇੱਕੋ-ਇੱਕ ਪੁੱਤਰ ਨੇ ਤਾਂ ਅੱਜ ਸ਼ਾਮ ਨੂੰ ਹੀ ਆ ਜਾਣਾ ਸੀ। ਦੋਵੇਂ ਬੱਚੇ ਆਪਣੀ ਹੀ ਵਿਚਾਰਧਾਰਾ ਵਾਲੇ ਸਨ। ਮੈਰੀ ਤਾਂ ਇਤਿਹਾਸ 'ਚ ਖਾਸੀ ਰੁਚੀ ਰੱਖਦੀ ਸੀ ਤੇ ਮਾਂ ਨਾਲ ਫਰੈਂਚ ਕ੍ਰਾਂਤੀ ਬਾਰੇ ਕਿੰਨੀਆਂ ਹੀ ਗੱਲਾਂ ਕਰ ਲੈਂਦੀ। ਬਾਪ ਜਿਨ੍ਹਾਂ ਗੱਲਾਂ 'ਤੇ ਮਾਣ ਕਰਦਾ ਰਹਿੰਦਾ ਸੀ-ਬੱਚਿਆਂ ਲਈ ਉਨ੍ਹਾਂ ਦੀ ਕੋਈ ਮਹੱਤਤਾ ਨਹੀਂ ਸੀ।
ਓਨਾ ਆਪਣੀਆਂ ਹੀ ਸੋਚਾਂ ਤੋਂ ਪ੍ਰੇਸ਼ਾਨ ਹੋ ਗਈ। ਉਸਨੇ ਦੋ-ਤਿੰਨ ਵਾਰ ਸਿਰ ਝਟਕਿਆ। ਉਸ ਦਾ ਜੀਅ ਕੀਤਾ ਮਾਰਥਾ ਨੂੰ ਆਵਾਜ਼ ਮਾਰ ਕੇ ਕੋਲ ਬੁਲਾਵੇ ਅਤੇ ਆਪਣੇ ਅੰਦਰ ਹੋ ਰਹੀ ਉੱਥਲ-ਪੁੱਥਲ ਬਾਰੇ ਦੱਸੇ ਪਰ ਉਹ ਇੰਝ ਨਾ ਕਰ ਸਕੀ। -ਮਾਈਕਲ ਤੂੰ ਸਾਮਰਾਜ ਨੂੰ ਪੱਕੇ ਪੈਰੀਂ ਕਰਨ 'ਤੇ ਹੀ ਲੱਗਾ ਰਿਹਾ। ਦਰਅਸਲ ਤੂੰ ਇਹੀ ਸਮਝਦਾ ਰਿਹਾ ਕਿ ਅੰਗਰੇਜ਼ ਕੌਮ ਪੈਦਾ ਹੀ ਰਾਜ ਕਰਨ ਲਈ ਹੋਈ ਹੈ। ਮੈਂ ਤੈਨੂੰ ਇਤਿਹਾਸ ਦੀ ਖਿੜਕੀ ਰਾਹੀਂ ਡੂੰਘੀ ਖੱਡ 'ਚ ਦਫ਼ਨ ਹੋਏ ਵਿਸ਼ਾਲ ਸਾਮਰਾਜਾਂ ਵੱਲ ਝਾਕਣ ਲਈ ਆਖਦੀ ਰਹੀ---ਤੂੰ ਇਤਿਹਾਸ ਦਾ ਮਜ਼ਾਕ ਉਡਾਉਂਦਾ ਸੀ । ਤੂੰ ਅਜੀਬ ਕਿਸਮ ਦੇ ਕੰਪਲੈਕਸ ਦਾ ਸ਼ਿਕਾਰ ਸੀ। ਜਦੋਂ ਮੌਕਾ ਮਿਲਦਾ ਤਾਂ ਇਤਿਹਾਸ ਨੂੰ ਆਪਣੇ ਅਨੁਸਾਰ ਵਰਤ ਲੈਂਦਾ-ਜੀਅ ਕਰਦਾ ਤਾਂ ਇਤਿਹਾਸ ਨੂੰ ਆਯਾਸ ਹਾਕਮਾਂ ਦੀ ਕਬਰਗਾਹ ਆਖ ਦਿੰਦਾ। ਕਦੇ ਆਪਣੇ ਵੱਡੇ-ਵਡੇਰਿਆਂ ਦੇ ਰਾਜ 'ਤੇ ਝੂਰਦਾ ਜੋ ਤੇਰੇ ਅਨੁਸਾਰ ਕਿਸੇ ਵਕਤ ਆਇਰਲੈਂਡ ਦੇ ਇੱਕ ਹਿੱਸੇ 'ਤੇ ਰਾਜ ਕਰਦੇ ਰਹੇ ਸਨ। ਮੈਂ ਸਮਝਦੀਂ ਤੇਰੇ ਅੰਦਰ ਵੀ ਕਿਤੇ ਨਾ ਕਿਤੇ ਰਾਜ ਕਰਨ ਦੀ ਸ਼ਹਿਨਸ਼ਾਹੀ ਭੁੱਖ ਚਮਕਦੀ ਰਹਿੰਦੀ ਸੀ।” ਓਨਾ ਨੇ ਟੇਬਲ 'ਤੇ ਪਈ ਮਾਈਕਲ ਦੀ ਲਿਖੀ ਕਿਤਾਬ 'ਇੰਡੀਆ ਆਈ ਨੋਅ ਇੱਟ' ਉਲਟਾ-ਪੁਲਟਾ ਕੇ ਵੇਖੀ ਤੇ ਰੈਕ 'ਚ ਰੱਖ ਦਿੱਤੀ।
-ਤੇਰੇ ਆਦਰਸ਼ ਵੀ ਤੇਰੇ ਜਿਹੇ ਹੀ ਸਨ। ਕਦੇ ਤੂੰ ਅਠਾਰਾਂ ਸੌ ਸਤਵੰਜਾ ਦੀ ਬਗ਼ਾਵਤ ਨੂੰ ਬੇਰਹਿਮੀ ਨਾਲ ਕੁਚਲ ਦੇਣ ਵਾਲੇ ਜੌਹਨ ਨਿਕਲਸਨ ਨੂੰ ਆਪਣਾ ਆਦਰਸ਼ ਆਖਦਿਆਂ ਉਸ ਦੇ ਸੋਹਲੇ ਗਾਉਂਦਾ। ਕਦੇ ਆਪਣੀਆਂ ਚਾਲਾਂ ਨਾਲ ਲਾਹੌਰ ਦੇ ਖਾਲਸਾ ਰਾਜ ਨੂੰ ਖਤਮ ਕਰਕੇ ਕੰਪਨੀ ਸਰਕਾਰ ਦੇ ਅਧੀਨ ਕਰਨ ਵਾਲਾ ਹੈਨਰੀ ਲਾਰੈਂਸ ਤੇਰੇ ਲਈ ਗੁਰੂ ਹੋ ਜਾਂਦਾ । ਤੂੰ ਦਾਅਵਾ ਕਰਦਾ ਕਿ ਹਰ ਬਗ਼ਾਵਤ ਨੂੰ ਦਮਨ ਨਾਲ ਦਬਾਇਆ ਜਾ ਸਕਦਾ। ਮਾਈਕਲ ਬਹੁਤ ਗ਼ਲਤ ਸੋਚਦਾ ਸੀ ਤੂੰ। ਸਿਰਾਂ 'ਤੇ ਕਫਨ ਬੰਨ੍ਹ ਕੇ ਨਿਕਲੇ ਲੋਕਾਂ ਨੂੰ ਬੰਬਾਂ ਬੰਦੂਕਾਂ ਨਾਲ ਭਲਾ ਕਿਵੇਂ ਡਰਾਇਆ ਜਾ ਸਕਦਾ? ਇਨ੍ਹਾਂ ਦੇ ਹੌਂਸਲਿਆਂ ਅੱਗੇ ਤਾਂ ਪਹਾੜ ਵੀ ਝੁੱਕ ਜਾਂਦੇ। ਕਿਸੇ ਫ਼ਿਲਾਸਫ਼ਰ ਨੇ ਠੀਕ ਹੀ ਤਾਂ ਕਿਹਾ ਕਿ ਇਨਕਲਾਬੀ ਕਦੇ ਬਿਮਾਰੀ ਨਾਲ ਨਹੀਂ ਮਰਦੇ। " ਓਨਾ ਨੇ ਦਿਮਾਗ 'ਤੇ ਜ਼ੋਰ ਦੇ ਕੇ ਸੋਚਿਆ ਪਰ ਫ਼ਿਲਾਸਫ਼ਰ ਦਾ ਨਾਮ ਚੇਤੇ 'ਚ ਨਾ ਆਇਆ। ਆਖਰਕਾਰ ਇਸ ਨਤੀਜੇ 'ਤੇ ਪਹੁੰਚੀ ਕਿ ਇਹ ਕਿਸੇ ਚਿੰਤਕ ਦਾ ਕਥਨ ਨਹੀਂ ਸੀ ਬਲਕਿ ਇਹ ਸਚਾਈ ਤਾਂ ਉਸਦੇ ਆਪਣੇ ਅੰਦਰੋਂ ਹੀ ਨਿਕਲੀ ਸੀ।
ਓਨਾ ਨੇ ਸਾਰੀਆਂ ਅਖਬਾਰਾਂ ਦੀ ਤਹਿ ਮਾਰੀ ਤੇ ਚੁੱਕ ਕੇ ਕਾਨਸ 'ਤੇ ਰੱਖ ਦਿੱਤੀਆਂ। ਓਨਾ ਓਡਵਾਇਰ ਖਾਲੀ-ਖਾਲੀ ਨਜ਼ਰਾਂ ਨਾਲ ਖਲਾਅ 'ਚ ਵੇਖੀ ਜਾਂਦੀ ਸੀ। ਮਾਈਕਲ ਨੂੰ ਦਫਨਾਇਆਂ ਅੱਜ ਪੰਜ ਦਿਨ ਹੋ ਚੁੱਕੇ ਸਨ। ਭਾਵੇਂ ਉਸਨੇ ਆਪਣੇ ਹੱਥੀਂ ਮਾਈਕਲ ਓਡਵਾਇਰ ਨੂੰ ਬਰੁਕਵੁੱਡ ਦੇ ਕਬਰਿਸਤਾਨ 'ਚ ਦਫ਼ਨਾਇਆ ਸੀ ਪਰ ਉਸਨੂੰ ਅਜੇ ਵੀ ਮਾਈਕਲ ਦੀ ਮੌਤ ਦਾ ਯਕੀਨ ਨਹੀਂ ਸੀ ਆ ਰਿਹਾ । ਉਹ ਡਾਇਨਿੰਗ ਟੇਬਲ 'ਤੇ ਚਾਹ ਦਾ ਕੱਪ ਰੱਖੀ ਕਿੰਨਾ-ਕਿੰਨਾ ਚਿਰ ਮਾਈਕਲ ਨੂੰ ਉਡੀਕਦੀ ਰਹਿੰਦੀ। ਮਾਰਥਾ ਨੂੰ ਆਖ ਕੇ ਚਾਹ ਅਤੇ ਸਿਗਰਟ ਦੇ ਹੱਦੋਂ ਵੱਧ ਸ਼ੌਕੀਨ ਮਾਈਕਲ ਲਈ ਵਾਰ-ਵਾਰ ਚਾਹ ਬਣਵਾ ਲੈਂਦੀ। ਮਾਈਕਲ ਵਲੋਂ ਲਿਆ ਕੇ ਰੱਖੇ ਸਿਗਰਟ ਦੇ ਪੈਕੇਟ ਵਾਰ-ਵਾਰ ਇਧਰੋਂ ਚੁੱਕ ਕੇ ਓਧਰ ਰੱਖਦੀ ਰਹਿੰਦੀ। ਉਸਨੂੰ ਮਾਈਕਲ ਦੀ ਆਵਾਜ਼ ਦਾ ਭੁਲੇਖਾ ਪੈਂਦਾ ਰਹਿੰਦਾ। ਜਾਪਦਾ ਜਿਵੇਂ ਮਾਈਕਲ ਨੇ ਸਿਗਰਟ ਜਾਂ ਚਾਹ ਲਈ ਹਾਕ ਮਾਰੀ ਹੋਵੇ। ਉਹ ਸਿਗਰਟ ਦਾ ਪੈਕੇਟ ਤੇ ਮਾਚਿਸ ਚੁੱਕ ਕੇ ਮਾਈਕਲ ਦੇ ਸਟੱਡੀ ਰੂਮ ਵੱਲ ਜਾਂਦੀ ਤੇ ਫੇਰ ਬਾਵਰਿਆਂ ਵਾਂਗ ਵਾਪਸ ਆ ਕੇ ਸੋਫੇ 'ਤੇ ਢਹਿ ਪੈਂਦੀ।
ਮਾਰਥਾ ਨੂੰ ਓਨਾ ਦੀ ਅਜਿਹੀ ਹਾਲਤ 'ਤੇ ਤਰਸ ਆਉਂਦਾ। ਉਹ ਆਨੇ-ਬਹਾਨੇ ਮਾਈਕਲ ਸਰ ਦੀਆਂ ਗੱਲਾਂ ਕਰਕੇ ਆਪਣੀ ਮਾਲਕਣ ਦਾ ਧਿਆਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਦੀ।
“ਓਨਾ ਮੈਮ! ਤੁਹਾਡੀ ਤੇ ਮਾਈਕਲ ਸਰ ਦੀ ਜੋੜੀ ਕਿੰਨੀ ਖੂਬਸੂਰਤ ਸੀ। ਐਹ ਫੋਟੋ ਵੇਖੋ! ਤੁਸੀਂ ਦੋਵੇਂ ਰਾਜ ਕੁਮਾਰ ਤੇ ਰਾਜ ਕੁਮਾਰੀ ਲੱਗਦੇ ਓਂ। ਸਰ ਕਿੰਨੇ ਸੋਹਣੇ ਹੁੰਦੇ ਸਨ!"
“ਹਾਂ ਮਾਰਥਾ! ਮਾਈਕਲ ਬਹੁਤ ਖੂਬਸੂਰਤ ਸੀ। ਕਦੇ ਦਿਲ ਦਾ ਵੀ ਬਹੁਤ ਖੂਬਸੂਰਤ ਸੀ। ਉਸ ਦੀਆਂ ਗੱਲਾਂ ਵਿੱਚ ਫੁੱਲਾਂ ਤੇ ਤਿੱਤਲੀਆਂ ਦਾ ਜ਼ਿਕਰ ਹੁੰਦਾ। ਸੱਚ ਪੁੱਛੇ ਤਾਂ ਉਹ ਘਾਹ ਪੱਤੀਆਂ 'ਤੇ ਪਈ ਤਰੇਲ ਜਿਹਾ ਨਿਰਮਲ ਸੀ, ਤਾਂ ਹੀ ਤਾਂ ਉਸਨੂੰ ਪਿਆਰ ਕਰਨ ਲੱਗੀ ਸਾਂ। ਫਿਰ ਉਹ ਇੰਡੀਅਨ ਸਿਵਲ ਸਰਵਿਸ ਦੀ ਉੱਚੇ ਰੁਤਬੇ ਵਾਲੀ ਨੌਕਰੀ 'ਤੇ ਲੱਗ ਗਿਆ। ਕੇਵਲ ਇੱਕੀ ਸਾਲ ਦਾ ਸੀ ਜਦੋਂ ਉਸਨੂੰ ਸ਼ਾਹਪੁਰ ਜ਼ਿਲ੍ਹੇ ਦਾ ਕੁਲੈਕਟਰ ਲਾ ਦਿੱਤਾ। ਪੰਜਾਬ ਦਾ ਲੈਂਡ ਡਾਇਰੈਕਟਰ ਵੀ ਲੱਗਾ ਰਿਹਾ। ਰੈਵਨਿਊ ਕਮਿਸ਼ਨਰ ਬਣਿਆ। ਉਦੋਂ ਮਾਈਕਲ ਬੱਤੀ ਵਰ੍ਹਿਆਂ ਦਾ ਭਰ ਜੋਬਨ ਗੱਭਰੂ ਸੀ ਜਦੋਂ ਅਸੀਂ ਦੋਵਾਂ ਨੇ ਵਿਆਹ ਕਰਵਾ ਕੇ ਇੱਕ ਹੋਣ ਦਾ ਫ਼ੈਸਲਾ ਕੀਤਾ। ਮੈਂ ਉਸ ਕੋਲ ਆ ਗਈ ਸਾਂ। ਜਦੋਂ ਇੱਥੇ ਆ ਕੇ ਦੇਖਿਆ-ਬਹੁਤ ਕੁੱਝ ਬਦਲ ਚੁੱਕਾ ਸੀ । ਮਾਈਕਲ ਦੇ ਮੁਹੱਬਤ ਭਰੇ ਦਿਲ 'ਚ ਪਾਰਾ ਥਿਰਕਣ ਲੱਗਾ। ਸੱਤਾ ਦਾ ਨਸ਼ਾ ਉਸਦੇ ਦਿਮਾਗ ਨੂੰ ਚੜ੍ਹਨ ਲੱਗ ਪਿਆ ਸੀ। ਹੁਣ ਉਸ ਦੀਆਂ ਗੱਲਾਂ 'ਚ ਫੁੱਲਾਂ ਤੇ ਤਿੱਤਲੀਆਂ ਦਾ ਨਹੀਂ, ਅਹੁਦਿਆਂ, ਤਮਗਿਆਂ ਤੇ ਸਨਮਾਨਾਂ ਦਾ ਜ਼ਿਕਰ ਹੁੰਦਾ। ਉਸ ਦੀਆਂ ਲਾਲਸਾਵਾਂ ਵਧਦੀਆਂ ਹੀ ਜਾਂਦੀਆਂ ਸਨ । ਉਹ ਬਦਲ ਰਿਹਾ ਸੀ—ਉਹ ਲਗਾਤਾਰ ਬਦਲ ਰਿਹਾ ਸੀ। ਮੈਂ ਬਸ ਬੇਵੱਸ ਵੇਖ ਰਹੀ ਸਾਂ। ”
“ਸਰ ਵਿੱਚ ਏਨੀ ਤਬਦੀਲੀ ਕਿਵੇਂ ਆਈ? ਕੀ ਕੋਈ ਪਿਆਰ ਕਰਨ ਵਾਲਾ ਏਨੀ ਛੇਤੀ ਬਦਲ ਸਕਦਾ ਹੈ? ਐਲਨ ਤਾਂ ਆਪਣੀ ਮੌਤ ਤੱਕ ਉਸੇ ਤਰ੍ਹਾਂ ਦਾ ਹੀ ਰਿਹਾ, ਜਿਹੋ ਜਿਹਾ ਮੈਨੂੰ ਅੱਲ੍ਹੜ ਉਮਰ 'ਚ ਮਿਲਿਆ ਸੀ। ਨਿਰਛਲ-ਨਰਮ-ਨਾਜ਼ੁਕ ਤੇ ਨਜ਼ਾਕਤ ਨਾਲ ਭਰਿਆ। ਭੋਲਾ-ਭਾਲਾ ਜਿਹਾ। ਜੇ ਜਿਉਂਦਾ ਹੁੰਦਾ-- ਕਿੰਨੀ ਵਧੀਆ ਜ਼ਿੰਦਗੀ ਹੋਣੀ ਸੀ ਸਾਡੀ। ” ਮਾਰਥਾ ਨੇ ਡੂੰਘਾ ਹਾਉਂਕਾ ਭਰਿਆ।
“ਜਦੋਂ ਮੈਨੂੰ ਮਾਈਕਲ ਨਾਲ ਮੁਹੱਬਤ ਹੋਈ ਸੀ, ਉਹ ਵੀ ਨਿਰਛਲ, ਨਰਮ, ਨਾਜ਼ਕ ਤੇ ਨਜ਼ਾਕਤ ਨਾਲ ਭਰਿਆ ਹੁੰਦਾ ਸੀ। ਪਰ ਉਸਦੇ ਮੁਹੱਬਤ ਵਾਲੇ ਹਰੇ ਭਰੇ ਰੁੱਖ 'ਤੇ ਜਿਵੇਂ ਇੱਛਾਵਾਂ ਦੀ ਅਮਰਵੇਲ ਨੇ ਘੇਰਾ ਪਾ ਲਿਆ ਸੀ। ਉਹ ਉੱਚਾ ਹੀ ਉੱਚਾ ਚੜ੍ਹਦਾ ਜਾ ਰਿਹਾ ਸੀ। ਇਹ ਦਸੰਬਰ ਉੱਨੀ ਸੌ ਬਾਰਾਂ ਦੀ ਕੋਈ ਠੰਢੀ ਦੁਪਿਹਰ ਸੀ ਜਦੋਂ ਅਸੀਂ ਸਰਕਾਰ ਵਲੋਂ ਮਾਈਕਲ ਨੂੰ ਪੰਜਾਬ ਦਾ ਲੈਫਟੀਨੈਂਟ ਗਵਰਨਰ ਬਣਾ ਦੇਣ ਦੀ ਖਬਰ ਸੁਣੀ। ਮਹਿਜ਼ ਅਠਤਾਲੀ ਸਾਲ ਦੀ ਛੋਟੀ ਉਮਰ ਤੇ ਐਨਾ ਵੱਡਾ ਰੁਤਬਾ! ਉੱਤੋਂ ਨਾਈਟਹੁੱਡ ਦਾ ਖਿਤਾਬ। ਹੁਣ ਉਹ ਪੰਜਾਬ ਦਾ ਨਿਰੰਕੁਸ਼ ਸ਼ਾਸਕ ਸੀ। ਬੇਪਨਾਹ ਤਾਕਤ। ਫੇਰ ਵਾਇਸਰਾਏ ਲਾਰਡ ਹਾਰਡਿੰਗ ਦਾ ਥਾਪੜਾ। ਲੰਡਨ ਵਿਚਲੇ ਡਾਊਨਿੰਗ ਸਟਰੀਟ ਤੋਂ ਚੱਲਦੇ ਬਰਤਾਨਵੀ ਤਖ਼ਤ ਦੀ ਹੱਲਾਸ਼ੇਰੀ ਤੇ ਆਪਣੀ ਗੋਰੀ ਨਸ਼ਲ ਦੇ ਸਰਵ ਉੱਤਮ ਹੋਣ ਦਾ ਨੱਕੋ-ਨੱਕੋ ਭਰਿਆ ਗੁਮਾਨ । ਫੁੱਲਾਂ, ਤਿੱਤਲੀਆਂ, ਕਵਿਤਾਵਾਂ ਤੇ ਮੁਹੱਬਤ ਬਾਰੇ ਸੋਚਣ ਦਾ ਵਕਤ ਹੁਣ ਕਿੱਥੇ ਸੀ ਉਸ ਕੋਲ? ਉਹ ਤਾਂ ਬ੍ਰਿਟਿਸ਼ ਸਾਮਰਾਜ ਦੀਆਂ ਨੀਹਾਂ ਪੱਕੇ ਪੈਰੀਂ ਕਰਨ ਬਾਰੇ ਹੀ ਸੋਚਦਾ ਰਹਿੰਦਾ। ਮਾਰਥਾ, ਜਦੋਂ ਕਿਸੇ ਇਨਸਾਨ ਨੂੰ ਆਪਣੇ ਸਰਵ ਉੱਤਮ ਤੇ ਤਾਕਤਵਰ ਹੋਣ ਦਾ ਭਰਮ ਹੋ ਜਾਵੇ- ਉਹ ਇਨਸਾਨ ਨਹੀਂ ਰਹਿੰਦਾ, ਕੁੱਝ ਹੋਰ ਹੋ ਜਾਂਦਾ ਹੈ । ਤਾਕਤਵਰ ਮਨੁੱਖ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ-ਉਹ ਕੇਵਲ ਤੇ ਕੇਵਲ ਧੌਂਸ ਜਮਾ ਸਕਦਾ ਹੈ। "
“ਓਨਾ ਮੈਮ, ਤੁਸੀਂ ਤਾਂ ਸਰ ਨੂੰ ਏਨਾ ਪਿਆਰ ਕਰਦੇ ਸੀ, ਤੁਸੀਂ ਕਦੇ ਨਹੀਂ ਸੀ ਸਮਝਾਇਆ ?"
“ ਹੁਣ ਉਹ ਮੇਰੀ ਸੁਣਦਾ ਹੀ ਕਦੋਂ ਸੀ ?” ਓਨਾ ਦੇ ਚਿਹਰੇ 'ਤੇ ਅਫ਼ਸੋਸ ਤੇ ਵਿਅੰਗ ਭਰੀ ਮੁਸਕਾਣ ਉੱਭਰੀ।
“ਸੱਤਾ ਦੇ ਨਸ਼ੇ 'ਚ ਚੂਰ ਹੋਏ ਲੋਕਾਂ ਨੂੰ ਸਮਝਾਉਣਾ ਬੜਾ ਔਖਾ ਹੁੰਦਾ ਹੈ ਮਾਰਥਾ। ਸੱਤਾ ਮਨੁੱਖ ਨੂੰ ਹਰ ਤਰ੍ਹਾਂ ਨਾਲ ਭ੍ਰਿਸ਼ਟ ਅਤੇ ਹੰਕਾਰੀ ਬਣਾ ਦਿੰਦੀ ਹੈ। ਸੱਤਾ ਤੋਂ ਤਾਂ ਧਰਮ ਵੀ ਡਰਦਾ ਹੈ। ” ਓਨਾ ਸਰਕਾਰ ਵਲੋਂ ਸਮੇਂ-ਸਮੇਂ 'ਤੇ ਮਾਈਕਲ ਓਡਵਾਇਰ ਨੂੰ ਦਿੱਤੇ ਤਮਗਿਆਂ, ਖ਼ਿਤਾਬਾਂ ਤੇ ਸਨਮਾਨਾਂ ਵੱਲ ਹਿਕਾਰਤ ਭਰੀਆਂ ਨਿਗਾਹਾਂ ਨਾਲ ਵੇਖਣ ਲੱਗੀ ਸੀ।
“ਮਾਰਥਾ ਆਹ ਜੋ ਦੀਵਾਰ 'ਤੇ ਟੰਗੇ ਪਏ ਨੇ, ਸੱਤਾ ਐਹੋ ਜਿਹੇ ਖਿਤਾਬ ਤੇ ਥਾਪੜੇ ਮਾਈਕਲ ਵਰਗਿਆਂ ਨੂੰ ਵੰਡਦੀ ਰਹਿੰਦੀ ਹੈ। ਇਨ੍ਹਾਂ ਝੂਠੇ ਥਾਪੜਿਆਂ ਦੀ ਫੂਕ 'ਚ ਆਏ ਮਾਈਕਲ ਵਰਗੇ ਅਫਸਰਸ਼ਾਹ ਆਵਾਮ ਦਾ ਸ਼ਿਕਾਰ ਕਰਦੇ ਨੇ। ਇਨ੍ਹਾਂ ਖਿਤਾਬਾਂ ਤੇ ਤਮਗਿਆਂ ਸਨਮਾਨਾਂ ਨੇ ਮਾਈਕਲ ਦੀ ਸੋਚ ਨੂੰ ਪੁੱਠਾ ਗੇੜਾ ਦੇ ਦਿੱਤਾ ਸੀ। ਉਸਨੂੰ ਮੇਰੀ ਆਵਾਜ਼ ਸੁਣਾਈ ਹੀ ਨਹੀਂ ਸੀ ਦਿੰਦੀ। ਮੈਂ ਬਹੁਤ ਉੱਚੀ ਬੋਲਦੀ ਸਾਂ। ਮੈਂ ਫੁੱਲਾਂ ਤਿੱਤਲੀਆਂ ਦੀਆਂ ਗੱਲਾਂ ਕਰਨ ਵਾਲੇ ਮਾਈਕਲ ਨੂੰ ਬਹੁਤ ਆਵਾਜ਼ਾਂ ਮਾਰਦੀ ਸਾਂ ਪਰ---।” ਓਨਾ ਫੁੱਟ-ਫੁੱਟ ਰੋਣ ਲੱਗੀ ਸੀ।
"ਮੈਮ ਰੀਲੈਕਸ ਹੋਵੋ---ਪਲੀਜ਼ ਆਪਣੇ ਆਪ ਨੂੰ ਸੰਭਾਲੋ। ਮੇਰੀ ਮੰਨੋ ਤਾਂ ਕੁੱਝ ਚਿਰ ਲਈ ਸੌਂ ਜਾਵੋ। ਜਿਸ ਦਿਨ ਦੇ ਸਰ ਫੌਤ ਹੋਏ ਨੇ---ਤੁਸੀਂ ਬੜੀ ਮੁਸ਼ਕਲ ਨਾਲ ਕੁੱਝ ਘੰਟੇ ਹੀ ਸੁੱਤੇ ਹੋਵੋਂਗੇ।”
“ਨੀਂਦ ਕਿੱਥੇ ਆਉਂਦੀ ਹੈ ਮਾਰਥਾ? ਮੈਨੂੰ ਤਾਂ ਨਾਅਰਿਆਂ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਰਹਿੰਦੀਆਂ। ਧਿਆਨ ਨਾਲ ਸੁਣ, ਇਹ ਆਵਾਜ਼ਾਂ ਹੁਣ ਵੀ ਆ ਰਹੀਆਂ ਨੇ। ਲੱਖਾਂ-ਕਰੋੜਾਂ ਆਵਾਜ਼ਾਂ। ਇਨਕਲਾਬ ਜ਼ਿੰਦਾਬਾਦ-ਸਾਮਰਾਜ ਮੁਰਦਾਬਾਦ। ” “ਤੁਸੀਂ ਠੀਕ ਨਹੀਂ ਹੋ ਮੈਮ-ਕੋਈ ਆਵਾਜ਼ ਨਹੀਂ ਆ ਰਹੀ।” “ਤੂੰ ਗਲਤ ਆਖਦੀ ਏ ਮਾਰਥਾ। ਮਾਈਕਲ ਵੀ ਇਉਂ ਹੀ ਆਖਦਾ ਹੁੰਦਾ ਸੀ। ਅੰਤ ਤੱਕ ਆਖਦਾ ਰਿਹਾ ਕਿ ਕੋਈ ਆਵਾਜ਼ ਨਹੀਂ ਆ ਰਹੀ। ਸਾਰੇ ਹਾਕਮ ਹੀ ਇਉਂ ਆਖਦੇ ਹੁੰਦੇ ਨੇ। ਜਿਨ੍ਹਾਂ ਦੇ ਕੰਨਾਂ 'ਤੇ ਪੱਟੀਆਂ ਬੱਝੀਆਂ ਹੋਣ ਉਨ੍ਹਾਂ ਨੂੰ ਲੋਕਾਂ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ। ”
“ਤੁਸੀਂ ਠੀਕ ਕਿਹਾ ਓਨਾ ਮੈਮ ! ਤੁਸੀਂ ਬਿਲਕੁੱਲ ਠੀਕ ਕਿਹਾ। ਹਾਕਮਾਂ ਨੂੰ ਆਵਾਮ ਦੀ ਕੋਈ ਚੀਕ ਪੁਕਾਰ ਸੁਣਾਈ ਨਹੀਂ ਦਿੰਦੀ ਹੁੰਦੀ। ”
“ਮਾਰਥਾ ਤੈਨੂੰ ਪਤਾ ਇਹ ਆਵਾਜ਼ਾਂ ਮੈਨੂੰ ਪਹਿਲੀ ਵਾਰ ਕਦੋਂ ਸੁਣੀਆਂ ਸਨ ?” ਓਨਾ ਦੇ ਸਵਾਲ ਦੇ ਜਵਾਬ 'ਚ ਮਾਰਥਾ ਕੁੱਝ ਨਾ ਬੋਲੀ ਪਰ ਉਸ ਦੀਆਂ ਅੱਖਾਂ ਸਵਾਲ ਬਣ ਗਈਆਂ।
“ਜਦੋਂ ਮੈਂ ਪਹਿਲੀ ਵਾਰ ਮਾਈਕਲ ਨਾਲ ਇੰਡੀਆ ਆਈ ਸਾਂ ਤੇ ਤੇਰਾਂ ਮਾਰਚ ਉੱਨੀ ਸੌ ਚਾਲੀ, ਮਾਈਕਲ ਦੀ ਹੱਤਿਆ ਵਾਲੇ ਦਿਨ ਤੱਕ ਸੁਣਦੀ ਰਹੀ ਹਾਂ। ਹੁਣ ਵੀ ਸੁਣੀ ਜਾਂਦੀਆਂ ਨੇ ਤੇ ਸ਼ਾਇਦ ਮੇਰੇ ਕਬਰ 'ਚ ਪੈਣ ਤੱਕ ਸੁਣਾਈ ਦਿੰਦੀਆਂ ਰਹਿਣ। ਪਰ ਮੈਂ ਹੈਰਾਨ ਹਾਂ ਮਾਈਕਲ ਐਨਾ ਬੋਲਾ ਕਿਉਂ ਸੀ? ਉਸਨੂੰ ਸੁਣਾਈ ਕਿਉਂ ਨਹੀਂ ਸਨ ਦਿੰਦੀਆਂ ?” ਓਨਾ ਖਿੜਕੀ ਅੱਗੇ ਆ ਖੜੀ ਹੋਈ ਜਿਵੇਂ ਸੁਣਾਈ ਦੇ ਰਹੀਆਂ ਆਵਾਜ਼ਾਂ ਨੂੰ ਹੋਰ ਗਹੁ ਨਾਲ ਸੁਣਨਾ ਚਾਹੁੰਦੀ ਹੋਵੇ।
"ਤੁਸੀਂ ਮਾਈਕਲ ਨੂੰ ਇਹ ਆਵਾਜ਼ਾਂ ਸੁਣਨ ਲਈ ਮਜਬੂਰ ਕਰਨਾ ਸੀ। ”
“ਕਿਹਾ ਸੀ। ਵਾਰ ਵਾਰ ਕਿਹਾ ਸੀ। ਕਹਿੰਦੀ ਹੀ ਰਹਿੰਦੀ ਸਾਂ। ”
“ਪਹਿਲੀ ਵਾਰ ਕਦੋਂ ਕਿਹਾ ਸੀ ?”
“ਸੰਨ ਉੱਨੀ ਸੌ ਚੌਂਦਾ 'ਚ। ਉਦੋਂ ਪਹਿਲੀ ਸੰਸਾਰ ਜੰਗ ਭਖ ਚੁੱਕੀ ਸੀ। ਬ੍ਰਿਟੇਨ ਇਸ 'ਚ ਉਲਝ ਚੁੱਕਾ ਸੀ। ਉਸਨੇ ਆਪਣੇ ਅਧੀਨ ਬਸਤੀਆਂ ਨੂੰ ਧੱਕੇ ਨਾਲ ਹੀ ਜੰਗ ਦੇ ਮੈਦਾਨ 'ਚ ਧਕੇਲ ਲਿਆ। ਇਨ੍ਹਾਂ ਬਸਤੀਆਂ 'ਚੋਂ ਧੱਕੇ ਨਾਲ ਫੌਜੀ ਭਰਤੀ ਕਰਨ ਲੱਗਾ। ਇੰਡੀਆ ਦੇ ਪਿੰਡਾਂ ਕਸਬਿਆਂ 'ਚੋਂ ਵੀ ਧੱਕੇ ਨਾਲ ਫ਼ੌਜੀ ਭਰਤੀ ਕੀਤੀ ਜਾਣ ਲੱਗੀ। ਜ਼ੈਲਦਾਰਾਂ, ਨੰਬਰਦਾਰਾਂ, ਪਟਵਾਰੀਆਂ, ਕਾਨੂੰਨਗੋਆਂ, ਤਹਿਸੀਲਦਾਰਾਂ, ਦਰੋਗਿਆਂ ਤੇ ਹੋਰ ਸਰਕਾਰੀ ਅਹਿਲਕਾਰਾਂ ਨੂੰ ਭਰਤੀ ਕਰਵਾਉਣ ਦੇ ਕੋਟੇ ਲਾ ਦਿੱਤੇ। ਮਾਵਾਂ ਦੇ ਗੱਭਰੂ ਪੁੱਤਾਂ ਨੂੰ ਜ਼ਬਰਦਸਤੀ ਫੜ-ਫੜ ਕੇ ਜੰਗ ਦੀ ਭੱਠੀ 'ਚ ਝੋਕਣ ਲਈ ਹਜ਼ਾਰਾਂ ਮੀਲ ਦੂਰ ਭੇਜਿਆ ਜਾਣ ਲੱਗਾ। "
“ਤੋਬਾ! ਤੋਬਾ! ਇਹ ਤਾਂ ਬਹੁਤ ਧੱਕਾ ਸੀ।” ਮਾਰਥਾ ਨੇ ਕੰਨਾਂ 'ਤੇ ਹੱਥ ਰੱਖ ਲਏ।
“ਲੋਕਾਂ 'ਤੇ ਜ਼ੁਲਮ ਹੋ ਰਹੇ ਸਨ। ਫ਼ੌਜੀ ਭਰਤੀ ਨਾ ਦੇਣ ਵਾਲੇ ਪਿੰਡਾਂ ਦੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਹੋ ਰਹੀਆਂ ਸਨ। ਜੇਲ੍ਹਾਂ 'ਚ ਤੁੰਨ੍ਹਿਆ ਜਾ ਰਿਹਾ ਸੀ। ਵਿਰੋਧ ਕਰਨ ਵਾਲੀਆਂ ਔਰਤਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਜਾਂਦਾ। ਬਜ਼ੁਰਗਾਂ ਨੂੰ ਕੰਡਿਆਲੀਆਂ ਝਾੜੀਆਂ 'ਤੇ ਬੈਠਾਇਆ ਜਾਂਦਾ। ਉਨ੍ਹਾਂ ਦੇ ਮੂੰਹਾਂ 'ਤੇ ਥੁੱਕਿਆ ਜਾਂਦਾ। ਕੋੜੇ ਮਾਰੇ ਜਾਂਦੇ। ਉਹ ਕਿਹੜਾ ਤਸ਼ੱਦਦ ਸੀ ਜਿਹੜਾ ਲੋਕਾਂ 'ਤੇ ਨਹੀਂ ਸੀ ਕੀਤਾ ਜਾ ਰਿਹਾ। ਪੰਜਾਬ 'ਚੋਂ ਸਭ ਤੋਂ ਵੱਧ ਭਰਤੀ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਮਾਰਥਾ, ਮੈਂ ਉਸ ਸਮੇਂ ਦੀ ਚਸ਼ਮਦੀਦ ਗਵਾਹ ਹਾਂ। ਨੌਜਵਾਨ ਬਾਰੂਦ ਦਾ ਖਾਜਾ ਬਣ ਰਹੇ ਸਨ ਤੇ ਬਜ਼ੁਰਗ ਮਾਂ- ਬਾਪ ਕੁਰਲਾ ਰਹੇ ਸਨ।"
ਲੱਗੀ ਸੀ “ਓਹ ਮਾਈ ਗਾਡ ! " ਮਾਰਥਾ ਦੀ ਚੀਕ ਨਿਕਲਣ
“ਉਦੋਂ ਮੈਂ ਪਹਿਲੀ ਵਾਰ ਮਾਈਕਲ ਨੂੰ ਆਵਾਮ ਦੀ ਆਵਾਜ਼ ਸੁਣ ਕੇ ਅਣਮਨੁੱਖੀ ਜ਼ੁਲਮ ਬੰਦ ਕਰਨ ਲਈ ਕਿਹਾ ਸੀ ।"
" ਫਿਰ?"
“ਸੁਣਦੇ ਕਿੱਥੇ ਨੇ ਬੰਦ ਅੱਖਾਂ ਤੇ ਕੰਨਾਂ ਵਾਲੇ। ਇਸ ਜੰਗ 'ਚ ਹਜ਼ਾਰਾਂ ਨਹੀਂ ਲੱਖਾਂ ਪੰਜਾਬੀਆਂ ਦੀਆਂ ਕੁੰਦਨ ਵਰਗੀਆਂ ਦੇਹਾਂ ਕਬਰੀਂ ਜਾ ਪਈਆਂ। ਪਿੱਛੇ ਮਾਵਾਂ ਕੋਲ ਹਾਉਂਕੇ ਸਨ। ਗੁੰਮ ਗੁਆਚ ਗਏ ਪੁੱਤਾਂ ਦੇ ਪਰਤਣ ਦੀ ਉਡੀਕ ਤੇ ਗੋਰੀ ਚਮੜੀ ਲਈ ਬਦ-ਦੁਆਵਾਂ ਸਨ।" ਓਨਾ ਨੇ ਮੂੰਹ ਦੂਜੇ ਪਾਸੇ ਕਰਕੇ ਅੱਖਾਂ 'ਚ ਉਤਰ ਆਇਆ ਪਾਣੀ ਸਾਫ਼ ਕੀਤਾ ਪਰ ਮਾਰਥਾ ਨੂੰ ਪਤਾ ਚੱਲ ਗਿਆ।
“ਮਾਈਕਲ ਸਰ ਲਈ ਇਹ ਸਹੀ ਨਹੀਂ ਸੀ। ” ਮਾਰਥਾ ਨੇ ਟਿਸ਼ੂ ਪੇਪਰ ਓਨਾ ਨੂੰ ਫੜਾਉਂਦਿਆਂ ਆਖਿਆ।
ਫਿਰ ਗ਼ਦਰ ਲਹਿਰ ਸ਼ੁਰੂ ਹੋ ਗਈ। ਇਹ ਵੀ ਪਹਿਲੀ ਸੰਸਾਰ ਜੰਗ ਦੇ ਦਿਨਾਂ ਦੀਆਂ ਹੀ ਗੱਲਾਂ ਨੇ। ਅਮਰੀਕਾ, ਕਨੇਡਾ ਤੇ ਹੋਰ ਦੇਸ਼ਾਂ 'ਚੋਂ ਸੈਂਕੜੇ ਹਜ਼ਾਰਾਂ ਗ਼ਦਰੀ ਇੰਡੀਆ ਦੀ ਧਰਤੀ ਵੱਲ ਆ ਗਏ। ਉਹ ਦੇਸ਼ 'ਚ ਵੱਡੇ ਪੱਧਰ 'ਤੇ ਹਥਿਆਰਬੰਦ ਬਗ਼ਾਵਤ ਫੈਲਾ ਕੇ ਗੋਰੀ ਨਸਲ ਨੂੰ ਦੇਸ਼ 'ਚੋਂ ਕੱਢ ਦੇਣਾ ਚਾਹੁੰਦੇ ਸਨ। ” ਦਿਖਾਈ। “ਓਹ !ਫੇਰ ?” ਮਾਰਥਾ ਨੇ ਉਤਸੁਕਤਾ“ਮੈਂ ਮਾਈਕਲ ਨੂੰ ਸਖਤੀ ਨਾਲ ਆਖਿਆ ਕਿ ਬਰਤਾਨਵੀ ਸਰਕਾਰ ਨੂੰ ਟੈਲੀਗਰਾਮ ਭੇਜ ਕੇ ਸਾਰੇ ਹਾਲਾਤ ਤੋਂ ਵਾਕਫ਼ ਕਰਾਓ। ਡਾਊਨਿੰਗ ਸਟਰੀਟ ਨੂੰ ਦੱਸ ਦਿਉ ਕਿ ਬਹੁਤ ਹੋ ਗਈ ਹੈ ਲੁੱਟ-ਖਸੁੱਟ, ਹੁਣ ਇੰਡੀਆ ਤੋਂ ਚਲੇ ਜਾਣਾ ਹੀ ਬੇਹਤਰ ਹੋਵੇਗਾ। ਹੋਰ ਖੂਨ ਵਹਾਇਆ ਜਾਣਾ ਠੀਕ ਨਹੀਂ। ਬਾਗ਼ੀ ਨੌਜਵਾਨ ਜਾਨ ਤਲੀ 'ਤੇ ਰੱਖੀ ਫਿਰਦੇ ਹਨ। ਉਨ੍ਹਾਂ ਨੂੰ ਆਪਣੀ ਮੌਤ ਦਾ ਉੱਕਾ ਹੀ ਕੋਈ ਫ਼ਿਕਰ ਨਹੀਂ। ਜੇ ਇੰਡੀਆ ਦੇ ਕੁੱਝ ਪਰਸੈਂਟ ਲੋਕ ਵੀ ਬਾਗੀਆਂ ਨਾਲ ਮਿਲ ਗਏ ਤਾਂ ਇੱਕ ਵੀ ਅੰਗਰੇਜ਼ ਦਾ ਬਚ ਕੇ ਨਿਕਲਣਾ ਮੁਸ਼ਕਲ ਹੋ ਜਾਵੇਗਾ।”
“ਫਿਰ ਕੀ ਜਵਾਬ ਦਿੱਤਾ ਮਾਈਕਲ ਸਰ ਨੇ ?"
"ਹੂੰਅ--! ਦਿੱਤਾ ਸੀ ਜਵਾਬ। ਬੜਾ ਉਜੱਡ ਜਿਹਾ, ਜਿਸ 'ਚੋਂ ਹੰਕਾਰ ਦੀ ਬੂ ਆਉਂਦੀ ਸੀ। ਕਹਿਣ ਲੱਗਾ, ਯੂ-ਨੋਅ, ਬ੍ਰਿਟਿਸ਼ਰਜ਼ ਨੇ ਅਠਾਰ੍ਹਾਂ ਸੌ ਸਤਵੰਜਾ ਦੀ ਬਗਾਵਤ ਨੂੰ ਕਿੰਨੀ ਬੇਦਰਦੀ ਨਾਲ ਕੁਚਲਿਆ ਸੀ? ਦਿੱਲੀ ਦੀਆਂ ਗਲੀਆਂ 'ਚ ਬਾਗ਼ੀਆਂ ਦੇ ਖੂਨ ਨਾਲ ਪਰਨਾਲੇ ਵਗ ਪਏ ਸਨ। ਬਾਗ਼ੀ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਚੁਰੱਸਤਿਆਂ 'ਚ ਫਾਂਸੀ ਨਾਲ ਲਟਕਾਏ ਸਨ । ਬਗ਼ਾਵਤੀ ਹਿੰਦੂਆਂ ਦੇ ਮੂੰਹਾਂ 'ਚ ਗਊ ਦਾ ਅਤੇ ਮੁਸਲਮਾਨਾਂ ਦੇ ਮੂੰਹਾਂ 'ਚ ਸੂਰ ਦਾ ਮਾਸ ਧੱਕ ਦਿੱਤਾ। ਤਿੱਖੇ ਦਾਤਰਾਂ ਨਾਲ ਔਰਤਾਂ ਦੀਆਂ ਛਾਤੀਆਂ ਕੱਟ ਦਿੱਤੀਆਂ। ਐਸੀਆਂ ਸਜ਼ਾਵਾਂ ਦਿੱਤੀਆਂ ਕਿ ਸ਼ੈਤਾਨ ਦੀ ਰੂਹ ਵੀ ਕੰਬ ਉੱਠੀ ਸੀ। ਯੂ ਨੋਅ, ਸਤਵੰਜਾ ਦੀ ਬਗ਼ਾਵਤ ਦੇ ਮਹਿਜ਼ ਪੰਦਰਾਂ ਸਾਲ ਬਾਅਦ ਪੰਜਾਬ ਦੇ ਨਾਮਧਾਰੀਆਂ ਨੇ ਬਗ਼ਾਵਤ ਕਰਨ ਦੀ ਹਿਮਾਕਤ ਕੀਤੀ ਤਾਂ ਮਲੇਰਕੋਟਲੇ 'ਚ ਇੱਕੋ ਦਿਨ 'ਚ ਉਨੰਜਾ ਨਾਮਧਾਰੀ ਕੂਕਿਆਂ ਨੂੰ ਤੋਪਾਂ ਅੱਗੇ ਬੰਨ੍ਹ ਕੇ ਉਡਾ ਦਿੱਤਾ ਸੀ । ' ਆਵਦੇ ਵਲੋਂ ਮਾਈਕਲ ਨੇ ਹਿੱਕ ਚੌੜੀ ਕਰਕੇ ਬੜੇ ਮਾਣ ਨਾਲ ਕਿਹਾ ਸੀ। ”
“ਓਹ ਪ੍ਰਭੂ! ਬੇਗੁਨਾਹਾਂ ਦੀ ਹੱਤਿਆ ਕਰਨ ਵਾਲਿਆਂ ਨੂੰ ਮੁਆਫ ਕਰੀਂ। ਉਹ ਨਹੀਂ ਜਾਣਦੇ ਕਿ ਉਹ ਕਿੰਨਾ ਗਲਤ ਕਰ ਰਹੇ ਨੇ।” ਮਾਰਥਾ ਨੇ ਗਲੇ 'ਚ ਪਾਈ ਸਲੀਬ ਨੂੰ ਚੁੰਮਿਆ ਸੀ।
“ਮਾਰਥਾ, ਫਰਾਂਸਿਸ ਮਾਈਕਲ ਓਡਵਾਇਰ, ਲੈਫਟੀਨੈਂਟ ਗਵਰਨਰ ਆਫ ਪੰਜਾਬ ਦੇ ਸਖਤ ਆਦੇਸ਼ਾਂ 'ਤੇ ਸੈਂਕੜੇ ਗ਼ਦਰੀਆਂ ਨੂੰ ਫੜ ਕੇ ਫਾਂਸੀਆਂ ਦੇ ਤਖਤਿਆਂ 'ਤੇ ਲਟਕਾ ਦਿੱਤਾ। ਸੈਂਕੜੇ ਬਾਗੀਆਂ ਨੂੰ ਸਮੁੰਦਰ ਦੇ ਐਨ ਵਿਚਕਾਰ ਅੰਡੇਮਾਨ ਦੇ ਟਾਪੂਆਂ 'ਤੇ ਬਣੀ ਸੈਲੂਲਰ ਜੇਲ੍ਹ 'ਚ ਸੜਨ ਮਰਨ ਲਈ ਭੇਜ ਦਿੱਤਾ। ਇਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰ ਲਈਆਂ। ਪੁਲੀਸ, ਕਾਨੂੰਨ, ਜੱਜ ਤੇ ਅਦਾਲਤਾਂ ਇਨ੍ਹਾਂ ਦੀਆਂ ਆਪਣੀਆਂ ਸਨ। ਅਪੀਲ ਦਲੀਲ ਕਿੱਥੇ ਸੀ? ਤੇ ਦੁੱਖ ਦੀ ਗੱਲ---ਮਾਈਕਲ ਵਰਗਿਆਂ ਦੇ ਚਿਹਰਿਆਂ 'ਤੇ ਅਫਸੋਸ ਦਾ ਕੋਈ ਮਾੜਾ ਮੋਟਾ ਨਿਸ਼ਾਨ ਵੀ ਨਹੀਂ ਸੀ ਹੁੰਦਾ। ਉਹ ਘਰ ਹੋਵੇ ਜਾਂ ਦਫ਼ਤਰ-ਸਿਗਰਟ ਦੇ ਕਸ਼ ਖਿਚਦਿਆਂ, ਧੂੰਏ ਦੇ ਬੱਦਲ ਬਣਾਉਂਦਾ ਰਹਿੰਦਾ। ਇਨ੍ਹਾਂ ਧੂੰਏ ਦੇ ਬੱਦਲਾਂ 'ਚੋਂ ਉਸਨੂੰ ਆਪਣੀ ਤਰੱਕੀ ਦੀਆਂ ਪੌੜੀਆਂ ਨਜ਼ਰ ਆਉਂਦੀਆਂ ਪਰ ਮੈਨੂੰ ਇਸ ਧੂੰਏਂ 'ਚੋਂ ਅੰਗਰੇਜ਼ ਸਾਮਰਾਜ ਦੀ ਚਿਖਾ ਬਲਦੀ ਦਿਖਾਈ ਦਿੰਦੀ। "
-ਤੂੰ ਵੇਖ ਸਕਦੀ ਏਂ। ਬ੍ਰਿਟਿਸ਼ ਸਾਮਰਾਜ ਬਰਬਾਦੀ ਦੇ ਕੰਢੇ 'ਤੇ ਹੈ। ਆਉਣ ਵਾਲੇ ਪੰਜ ਸੱਤ ਸਾਲਾਂ 'ਚ ਇਸ ਸਾਮਰਾਜ ਦਾ ਸੂਰਜ ਬਹੁਤ ਛੋਟਾ ਜਿਹਾ ਰਹਿ ਜਾਵੇਗਾ।”
ਓਨਾ ਖਿੜਕੀ ਤੋਂ ਬਾਹਰ ਵੇਖਣ ਲੱਗੀ। ਸੂਰਜ ਡੁੱਬ ਰਿਹਾ ਸੀ।
ਓਨਾ ਨੇ ਮਨ ਹੀ ਮਨ ਮਾਈਕਲ ਓਡਵਾਇਰ ਦੇ ਕਤਲ ਦੇ ਦਿਨਾਂ ਦਾ ਹਿਸਾਬ ਲਾਇਆ। ਮਾਈਕਲ ਦੇ ਕਤਲ ਵਾਲੇ ਦਿਨ ਤੇਰਾਂ ਮਾਰਚ ਉੱਨੀ ਸੌ ਚਾਲੀ ਤੋਂ ਅੱਜ ਤੱਕ ਉਹ ਬੜਾ ਕੁੱਝ ਸੁਣਦੀ ਤੇ ਪਿੰਡੇ 'ਤੇ ਹੰਢਾਉਂਦੀ ਆ ਰਹੀ ਸੀ। ਆਪਣੇ ਪਤੀ ਉੱਪਰ ਗੋਲੀਆਂ ਚਲਾਉਣ ਵਾਲੇ ਵਿਅਕਤੀ ਬਾਰੇ ਨਿੱਤ ਨਵੀਂ ਤੋਂ ਨਵੀਂ ਜਾਣਕਾਰੀ ਓਨਾ ਨੂੰ ਮਿਲਦੀ ਰਹੀ ਸੀ। ਪੁਲਿਸ ਜਾਂ ਇੰਨਟੈਲੀਜੈਂਸ ਵਿਭਾਗ ਦਾ ਕੋਈ ਉੱਚ ਅਧਿਕਾਰੀ ਉਸ ਕੋਲ ਆ ਕੇ ਚੱਲ ਰਹੇ ਘਟਨਾਕ੍ਰਮ ਬਾਰੇ ਜਾਣਕਾਰੀ ਦੇ ਜਾਂਦਾ ਸੀ।
“ਰਿਸਪੈਕਟਡ ਓਨਾ ਮੈਮ! ਸਰ ਮਾਈਕਲ ਓਡਵਾਇਰ ਦਾ ਹੱਤਿਆਰਾ ਬਹੁਤ ਜਲਦ ਫਾਂਸੀ ਦੇ ਤਖਤੇ 'ਤੇ ਹੋਵੇਗਾ।" ਇੱਕ ਦਿਨ ਚੀਫ਼ ਇੰਸਪੈਕਟਰ ਰੌਲਿੰਗਜ਼ ਓਨਾ ਦੇ ਘਰ ਆਇਆ ਸੀ। ਰੌਲਿੰਗਜ਼ ਗੱਲ ਦੱਸ ਕੇ ਕਿੰਨਾ ਚਿਰ ਓਨਾ ਦੇ ਚਿਹਰੇ ਵੱਲ ਵੇਖਦਿਆਂ ਆਪਣੀ ਗੱਲ ਦਾ ਪ੍ਰਤੀਕਰਮ ਉਡੀਕਦਾ ਰਿਹਾ ਸੀ।
“ਇਸਦਾ ਹੁਣ ਕੀ ਮਤਲਬ ਹੈ? ਉਸਦੇ ਫਾਂਸੀ ਚੜ੍ਹਨ ਨਾਲ ਮੈਨੂੰ ਕੋਈ ਲਾਭ ਹੈ? ਕੰਡੇ ਬੀਜ ਕੇ ਕੋਈ ਫੁੱਲਾਂ ਦੀ ਆਸ ਕਿਵੇਂ ਕਰ ਸਕਦਾ ਹੈ ?” ਓਨਾ ਦੇ ਜਵਾਬ ਨੇ ਚੀਫ਼ ਇੰਸਪੈਕਟਰ ਰੌਲਿੰਗਜ਼ ਦਾ ਉਤਸ਼ਾਹ ਠੰਢਾ ਕਰ ਦਿੱਤਾ ਸੀ।
“ਹਤਿਆਰੇ ਦਾ ਨਾਮ ਮੁਹੰਮਦ ਸਿੰਘ ਆਜ਼ਾਦ ਨਹੀਂ ਹੈ। ” ਓਨਾ ਦੇ ਅਗਲੇ ਸਵਾਲ ਦਾ ਜਵਾਬ ਉਡੀਕਦਾ ਚੀਫ਼ ਕੁੱਝ ਚਿਰ ਚੁੱਪ ਰਿਹਾ ਪਰ ਉਸ ਵਲੋਂ ਕੋਈ ਉਤਸ਼ਾਹ ਨਾ ਦਿਖਾਉਣ 'ਤੇ ਉਹ ਆਪ ਹੀ ਬੋਲਿਆ ਸੀ।
“ਉਸਦਾ ਅਸਲ ਨਾਮ ਊਧਮ ਸਿੰਘ ਹੈ।” ਹੁਣ ਓਨਾ ਨੇ ਸਿਰ ਉੱਪਰ ਚੁੱਕ ਕੇ ਵੇਖਿਆ ਸੀ।
"ਉਹ ਪੰਜਾਬ ਸੂਬੇ ਦੇ ਇੱਕ ਛੋਟੇ ਜਿਹੇ ਕਸਬੇ ਸੁਨਾਮ ਤੋਂ ਹੈ। ”
“ਓਹ! ਇਹ ਤਾਂ ਸੁਨਾਮ ਦੀ ਧਰਤੀ ਲਈ ਬੜੇ ਮਾਣ ਵਾਲੀ ਗੱਲ ਹੋਵੇਗੀ ਕਿ ਊਧਮ ਸਿੰਘ ਉਸਦੀ ਮਿੱਟੀ 'ਚੋਂ ਪੈਦਾ ਹੋਇਆ ਜਿਵੇਂ ਸਟਰੈਟਫੋਰਡ ਨੂੰ ਮਾਣ ਹੈ ਸੰਸਾਰ ਪ੍ਰਸਿੱਧ ਲੇਖਕ ਵਿਲੀਅਮ ਸੈਕਸਪੀਅਰ ਨੇ ਉੱਥੇ ਜਨਮ ਲਿਆ। ਜਿਸ ਤਰ੍ਹਾਂ ਸਟਰੈਟਫੋਰਡ 'ਚ ਵਿਲੀਅਮ ਦੀ ਸ਼ਾਨਦਾਰ ਯਾਦਗਾਰ ਬਣੀ ਹੋਈ ਹੈ, ਸੁਨਾਮ ਦੇ ਲੋਕ ਵੀ ਕਿਸੇ ਦਿਨ ਆਪਣੇ ਨਾਇਕ ਦੀ ਯਾਦ 'ਚ ਸ਼ਾਨਦਾਰ ਇਮਾਰਤ ਤਾਮੀਰ ਕਰਨਗੇ।” ਓਨਾ ਦੀਆਂ ਗੱਲਾਂ ਸੁਣ ਕੇ ਰੌਲਿੰਗਜ਼ ਦਾ ਮੂੰਹ ਅੱਡਿਆ ਹੀ ਰਹਿ ਗਿਆ।
“ਮਿਸਟਰ ਰੌਲਿੰਗਜ਼! ਹੈਰਾਨ ਹੋਣ ਦੀ ਲੋੜ ਨਹੀਂ ਹੈ। ਹਰ ਕੌਮ ਦੇ ਆਪਣੇ ਸ਼ਹੀਦ ਹੁੰਦੇ ਹਨ। ਜਿਵੇਂ ਅੰਗਰੇਜ਼ ਕੌਮ ਲਈ ਮਾਈਕਲ ਸ਼ਹੀਦ ਹੋ ਸਕਦਾ ਹੈ ਪਰ ਹਿੰਦੋਸਤਾਨੀਆਂ ਲਈ ਇੱਕ ਬੁੱਚੜ ਪ੍ਰਸ਼ਾਸਕ ਤੋਂ ਵੱਧ ਕੁੱਝ ਵੀ ਨਹੀਂ। ਹਾਂ ਦੇਰ ਸਵੇਰ ਮੁਹੰਮਦ ਸਿੰਘ ਆਜ਼ਾਦ ਜਾਂ ਜਿਵੇਂ ਤੁਸੀਂ ਦੱਸਿਆ ਹੈ ਊਧਮ ਸਿੰਘ-ਆਪਣੇ ਲੋਕਾਂ ਲਈ ਸ਼ਹੀਦ ਬਣ ਜਾਵੇਗਾ। ਤੁਹਾਡੀਆਂ ਅਦਾਲਤਾਂ ਇੱਕ ਨਾ ਇੱਕ ਦਿਨ ਉਸ ਨੂੰ ਫਾਂਸੀ ਦੇ ਤਖ਼ਤੇ ਤੱਕ ਲੈ ਹੀ ਜਾਣਗੀਆਂ। ”
“ਬਣ ਜਾਵੇਗਾ ਤੋਂ ਕੀ ਮਤਲਬ ?”
"ਹਾਂ ਬਣ ਜਾਵੇਗਾ। ਅਜੇ ਤਾਂ ਉੱਥੋਂ ਦੇ ਸਿਆਸੀ ਆਗੂਆਂ ਲਈ ਉਹ ਭੁੱਲੜ ਦੇਸ਼ ਭਗਤ ਹੀ ਹੈ। ਤੂੰ ਮਹਾਤਮਾ ਗਾਂਧੀ ਦੇ ਉਸ ਬਿਆਨ ਬਾਰੇ ਸੁਣ ਲਿਆ ਹੋਵੇਗਾ ਜੋ ਉਸਨੇ ਮਾਈਕਲ ਦੀ ਮੌਤ ਤੋਂ ਬਾਅਦ ਜਾਰੀ ਕੀਤਾ ਸੀ ?”
“ਹਾਂ, ਉਸਨੇ ਸਰ ਮਾਈਕਲ ਓਡਵਾਇਰ ਦੀ ਮੌਤ, ਲਾਰਡ ਲਮਿੰਗਟਨ, ਲਾਰਡ ਜੈਟਲੈਂਡ, ਅਤੇ ਲੁਈਸ ਡੇਨ ਦੇ ਜ਼ਖ਼ਮੀ ਹੋਣ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪਾਗਲਪਨ ਵਾਲੀ ਕਾਰਵਾਈ ਕਿਹਾ। ” ਚੀਫ ਰੌਲਿਗਜ਼ ਨੇ ਤੁਰੰਤ ਉੱਤਰ ਦਿੱਤਾ ਸੀ ।
“ਆਪਣੇ ਬਿਆਨ 'ਚ ਉਸਨੇ ਮੇਰੇ ਨਾਲ ਵੀ ਦੁੱਖ ਪ੍ਰਗਟਾਇਆ। "
“ਹਾਂ ਮੈਮ, ਮੈਂ ਪੜ੍ਹਿਆ ਹੈ।"
"ਮੈਂ ਮਾਈਕਲ ਦੀ ਮੌਤ ਨਾਲ ਬੁਰੀ ਤਰ੍ਹਾਂ ਟੁੱਟ ਗਈ ਹਾਂ। ਬਹੁਤ ਉਦਾਸ ਤੇ ਦੁਖੀ ਵੀ ਪਰ ਸੱਚ ਜਾਣੀ ਮੈਨੂੰ ਮਹਾਤਮਾ ਗਾਂਧੀ ਦਾ ਹਮਦਰਦੀ ਪ੍ਰਗਟਾਉਣਾ ਉੱਕਾ ਹੀ ਚੰਗਾ ਨਹੀਂ ਲੱਗਾ। ਜਾਨ ਤਲੀ 'ਤੇ ਰੱਖ ਕੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਨੌਜਵਾਨਾਂ ਨੂੰ ਭੁੱਲੜ, ਗੁੰਮਰਾਹ ਹੋਏ । ਜਾਂ ਅੱਤਵਾਦੀ ਕਹਿ ਦੇਣਾ ਠੀਕ ਹੈ? ਇਉਂ ਤਾਂ ਫਿਰ ਫਰੈਂਚ ਕ੍ਰਾਂਤੀ ਲਈ ਲੜਨ ਵਾਲੇ ਸਾਰੇ ਨੌਜਵਾਨ ਹੀ ਅੱਤਵਾਦੀ ਹੋਏ। ਸੋਵੀਅਤ ਕ੍ਰਾਂਤੀ ਲਿਆਉਣ ਵਾਲੇ ਕੀ ਭੁੱਲੜ ਨੌਜਵਾਨ ਸਨ? ਕੀ ਸਾਰੇ ਆਇਰਸ ਕ੍ਰਾਂਤੀਕਾਰੀ ਖੁੰਖਾਰ ਨੇ? ਫੇਰ ਤਾਂ ਦੁਨੀਆਂ ਦੇ ਤਮਾਮ ਕ੍ਰਾਂਤੀਕਾਰੀ ਖ਼ਤਰਨਾਕ ਭੇੜੀਏ ਹੋਏ। ਤੇ ਉਸ ਤੇਜ਼ ਤਰਾਰ ਵਕੀਲ ਜਵਾਹਰ ਲਾਲ ਨਹਿਰੂ ਵੱਲ ਵੇਖ ਲਵੋ, ਉਹ ਵੀ ਗੋਲ-ਮੋਲ ਗੱਲ ਕਰਦਾ ਹੈ। ਮਾਈਕਲ ਦੇ ਕਤਲ ਨੂੰ ਗਲਤ ਵੀ ਕਹਿ ਰਿਹਾ ਤੇ ਬਰਤਾਨੀਆ ਸਰਕਾਰ ਨੂੰ ਚੇਤਾਵਨੀ ਵੀ ਦੇ ਰਿਹਾ। ਹੋਰ ਵੀ ਬਥੇਰੇ ਹਿੰਦੋਸਤਾਨੀ ਆਗੂ ਨੇ ਇਹੋ ਜਿਹੇ। ਅਜਿਹੇ ਆਗੂਆਂ ਬਾਰੇ ਤੂੰ ਕੀ ਸੋਚਦਾ ਏਂ ?" "ਮੈਮ! ਇਹ ਰਾਜਨੀਤੀ ਹੈ ਤੇ ਸਾਨੂੰ ਪੁਲਿਸ ਜਾਂ ਫ਼ੌਜ ਵਾਲਿਆਂ ਨੂੰ ਇਸ ਦੀ ਬਹੁਤੀ ਸਮਝ ਨਹੀਂ ਹੁੰਦੀ। "
“ਕੀ ਪੁਲਿਸ ਜਾਂ ਫ਼ੌਜ ਰਾਜਨੀਤੀ ਨੂੰ ਸਮਝੇ ਬਿਨਾਂ ਨਿਹੱਥੇ ਲੋਕਾਂ 'ਤੇ ਕੇਵਲ ਗੋਲੀ ਚਲਾਉਣਾ ਈ ਜਾਣਦੀ ਏ ?" ਓਨਾ ਦੀ ਇਸ ਗੱਲ ਦਾ ਰੌਲਿੰਗਜ਼ ਕੋਲ ਕੋਈ ਜਵਾਬ ਨਹੀਂ मी।
“ਪਤਾ ਉਹ ਰਾਜਨੀਤੀ ਕਿਉਂ ਕਰ ਰਹੇ ਨੇ?" ਓਨਾ ਨੇ ਇੱਕ ਹੋਰ ਸਵਾਲ ਦਾਗਿਆ।
“ਕੀ ਪਤਾ ?” ਰੌਲਿੰਗਜ਼ ਦੇ ਮੋਢੇ ਕੰਨਾਂ ਵੱਲ ਵਧੇ।
“ਦੂਸਰੀ ਸੰਸਾਰ ਜੰਗ 'ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ, ਨਿਰਸੰਦੇਹ ਇੰਗਲੈਂਡ ਜੰਗ ਹਾਰ ਜਾਵੇਗਾ ਉਸਨੂੰ ਹਿਟਲਰ ਅੱਗੇ ਗੋਡੇ ਟੇਕਣੇ ਪੈਣਗੇ। ਜੇਕਰ ਜਿੱਤ ਵੀ ਗਿਆ ਤਾਂ ਇਹ ਜਿੱਤ ਹਾਰ ਨਾਲੋਂ ਵੀ ਭੈੜੀ ਹੋਵੇਗੀ। ਹਿੰਦੋਸਤਾਨੀ ਲੀਡਰ ਜਾਣਦੇ ਨੇ ਕਿ ਅੰਗਰੇਜ਼ਾਂ ਨੂੰ ਬੜੀ ਛੇਤੀ ਹਿੰਦੋਸਤਾਨ 'ਚੋਂ ਜਾਣਾ ਪਵੇਗਾ। ਉਹ ਇਸ ਦਾਅ 'ਤੇ ਬੈਠੇ ਹੋਏ ਨੇ ਕਿ ਅੰਗਰੇਜ਼ ਜਾਂਦੇ ਹੋਏ ਸੱਤਾ ਉਨ੍ਹਾਂ ਦੇ ਹੱਥਾਂ 'ਚ ਦੇ ਕੇ ਜਾਣਗੇ। ਸੱਤਾ ਦੇ ਏਧਰ-ਓਧਰ ਖਿਸਕ ਜਾਣ ਦਾ ਡਰ ਸਤਾਉਂਦਾ ਰਹਿੰਦਾ ਭਾਰਤੀ ਆਗੂਆਂ ਨੂੰ । ”
“ਕੀ ਸਾਨੂੰ ਸੱਚ-ਮੁੱਚ ਓਥੋਂ ਨਿਕਲਣਾ ਪਵੇਗਾ ? " ਓਨਾ ਨੇ ਸਮਝਿਆ ਰੌਲਿੰਗਜ਼ ਦੇ ਇਸ ਬੇਵਕੂਫੀ ਭਰੇ ਸਵਾਲ ਦਾ ਉੱਤਰ ਦੇਣ ਦੀ ਲੋੜ ਨਹੀਂ ਹੈ। ਉਸਨੇ ਰੌਲਿੰਗਜ਼ ਨੂੰ ਜੂਸ ਦਾ ਗਿਲਾਸ ਪੀਣ ਦਾ ਇਸ਼ਾਰਾ ਕੀਤਾ।
'ਚੱਲੋ ਛੱਡੋ- ਤੁਸੀਂ ਮੁਹੰਮਦ ਸਿੰਘ ਆਜ਼ਾਦ ਬਾਰੇ ਦੱਸੋ। ਜੇਲ੍ਹ 'ਚ ਕਿੱਦਾਂ ਦਾ ਵਿਹਾਰ ਕਰਦਾ ਹੈ? ਕੀ ਜੇਲ੍ਹ 'ਚ ਖਰੂਦ ਕਰਦਾ ਹੈ? ਜਦੋਂ ਅਦਾਲਤ 'ਚ ਆਉਂਦਾ ਹੈ, ਕੀ ਉਸਦੇ ਚਿਹਰੇ ਉੱਪਰ ਕੋਈ ਡਰ ਜਾਂ ਸਹਿਮ ਹੁੰਦਾ ਹੈ ?”
“ਮੁਹੰਮਦ ਸਿੰਘ ਅਜ਼ਾਦ ਨਹੀਂ ਮੈਮ-ਊਧਮ ਸਿੰਘ। ਉਸਦੇ ਚਿਹਰੇ 'ਤੇ ਕਦੇ ਡਰ ਜਾਂ ਸਹਿਮ ਨਾਂ ਦੀ ਕੋਈ ਚੀਜ਼ ਨਹੀਂ ਦੇਖੀ।"
ਇਸ 'ਚ ਕੀ ਫ਼ਰਕ ਹੈ? ਹੈ ਤਾਂ ਇੱਕੋ ਹੀ ਵਿਅਕਤੀ। ” “ਮੁਹੰਮਦ ਸਿੰਘ ਆਜ਼ਾਦ ਹੋਵੇ ਜਾਂ ਊਧਮ ਸਿੰਘ,
“ਮੈਮ, ਨਾਂ 'ਚ ਬੜਾ ਕੁੱਝ ਹੈ।"
“ਹਾਂ! ਹਾਂ! ਸਹੀ ਕਿਹਾ ਤੂੰ, ਨਾਂ 'ਚ ਬੜਾ ਕੁੱਝ ਪਿਆ। ਸ਼ੈਕਸਪੀਅਰ ਦਾ ਇਹ ਕਹਿਣਾ ਠੀਕ ਨਹੀਂ ਕਿ ਨਾਂ 'ਚ ਕੀ ਪਿਆ। ਨਾਂ ’ਚ ਹੀ ਤਾਂ ਸਾਰਾ ਕੁੱਝ ਹੈ। ਬ੍ਰਿਟਿਸ਼ ਇਤਿਹਾਸ 'ਚ ਆਪਣਾ ਨਾਂ ਦਰਜ ਕਰਵਾਉਣ ਲਈ ਹੀ ਤਾਂ ਮਾਈਕਲ ਤਾਨਾਸ਼ਾਹਾਂ ਵਾਂਗ ਵਿਹਾਰ ਕਰਦਾ ਰਿਹਾ। ਨਾਂ ਚਮਕਾਉਣ ਲਈ ਹੀ ਤਾਂ ਜਨਰਲ ਡਾਇਰ ਜਲ੍ਹਿਆਂ ਵਾਲਾ ਬਾਗ ਦੇ ਛੋਟੇ ਜਿਹੇ ਗੇਟ ਅੱਗੇ ਖੜ ਕੇ ਗੋਲੀਆਂ ਦਾ ਮੀਂਹ ਵਰਾਉਂਦਾ ਰਿਹਾ। ਇਹ ਨਾਂ ਹੀ ਤਾਂ ਹੈ ਜਿਸ ਨੂੰ ਬਦਲ ਕੇ ਕੋਈ ਊਧਮ ਸਿੰਘ ਤੋਂ ਮੁਹੰਮਦ ਸਿੰਘ ਆਜ਼ਾਦ ਬਣ ਜਾਂਦਾ ਹੈ ਤੇ ਪੂਰੇ ਇੱਕੀ ਵਰ੍ਹਿਆਂ ਬਾਅਦ ਇਤਿਹਾਸ ਦੇ ਪੰਨਿਆਂ 'ਤੇ ਆਪਣੀ ਮੋਹਰ ਲਾ ਦਿੰਦਾ ਹੈ।” ਰੌਲਿੰਗਜ਼ ਨੂੰ ਸਾਬਕਾ ਅੰਗਰੇਜ਼ ਅਧਿਕਾਰੀਆਂ 'ਤੇ ਗੋਲੀ ਚਲਾ ਕੇ ਮਾਰਨ ਅਤੇ ਜ਼ਖਮੀ ਕਰਨ ਵਾਲੇ ਹਮਲਾਵਰ ਦੀ ਤਾਰੀਫ ਉੱਕਾ ਚੰਗੀ ਨਹੀਂ ਸੀ ਲੱਗ ਰਹੀ ਪਰ ਉਸਦੀ ਪੁਲਸੀਆ ਬੁੱਧੀ ਕੋਲ ਓਨਾ ਦੀਆਂ ਗਹਿਰ-ਗੰਭੀਰ ਗੱਲਾਂ ਦਾ ਕੋਈ ਤੋੜ ਨਹੀਂ ਸੀ।
"ਤੁਸੀਂ ਆਪਣਾ ਖਿਆਲ ਰੱਖਣਾ। ਕਿਸੇ ਤਰ੍ਹਾਂ ਦਾ ਖਤਰਾ ਜਾਂ ਲੋੜ ਮਹਿਸੂਸ ਹੋਵੇ ਤਾਂ ਤੁਰੰਤ ਫੋਨ ਕਰ ਦੇਣਾ। ” ਰੌਲਿੰਗਜ਼ ਨੇ ਉੱਠ ਕੇ ਜਾਣ ਲੱਗਿਆਂ ਜਾਣਬੁੱਝ ਕੇ ਆਵਾਜ਼ ਨੂੰ ਬੜੀ ਭੇਤਭਰੀ ਬਣਾਉਂਦਿਆਂ ਚੌਕੰਨਾ ਕੀਤਾ ਪਰ ਓਨਾ 'ਤੇ ਇਸ ਦਾ ਕੋਈ ਅਸਰ ਨਾ ਹੋਇਆ ਤੇ ਉਹ ਸਹਿਜ ਹੋ ਕੇ ਬੈਠੀ ਰਹੀ।
ਮਾਈਕਲ ਦੇ ਕਤਲ 'ਚ ਨਿੱਤ ਦਿਨ ਆਉਂਦੇ ਨਵੇਂ ਮੋੜ ਬਾਰੇ ਓਨਾ ਨੂੰ ਕੋਈ ਨਾ ਕੋਈ ਗੱਲ ਦਾ ਪਤਾ ਲੱਗਦਾ ਰਹਿੰਦਾ। ਇੱਕ ਦਿਨ ਉਸ ਨੂੰ ਜਾਣਕਾਰੀ ਮਿਲੀ ਕਿ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਬਰਿਕਸਟਨ ਜੇਲ੍ਹ 'ਚੋਂ ਆਪਣੀ ਜਾਣ-ਪਛਾਣ ਵਾਲਿਆਂ ਨੂੰ ਚਿੱਠੀਆਂ ਲਿਖਦਾ ਰਹਿੰਦਾ ਹੈ। ਉਹ ਅਕਸਰ ਕਿਤਾਬਾਂ ਭੇਜਣ ਲਈ ਆਖਦਾ ਹੈ। ਹੋਰ ਤਾਂ ਹੋਰ ਉਸਨੇ ਅਦਾਲਤ ਵਿੱਚ ਸਹੁੰ ਖਾਣ ਲਈ ਵਾਰਸ ਸ਼ਾਹ ਦੁਆਰਾ ਲਿਖੀ 'ਹੀਰ' ਨਾਂ ਦੀ ਬਹੁ-ਚਰਚਿਤ ਕਿਤਾਬ ਦੀ ਮੰਗ ਕੀਤੀ ਹੈ।
ਇਹ ਗੱਲ ਸੁਣ ਕੇ ਓਨਾ ਨੂੰ ਹੈਰਾਨੀ ਨਹੀਂ ਸੀ ਹੋਈ। ਹਿੰਦੋਸਤਾਨ ਦੇ ਕਿਆਮ ਸਮੇਂ ਉਸਨੇ ਭਾਰਤੀਆਂ ਅਤੇ ਖਾਸ ਕਰ ਪੰਜਾਬੀਆਂ ਦੇ ਇਤਿਹਾਸ ਤੇ ਸਭਿਆਚਾਰ ਬਾਰੇ ਕਾਫੀ ਜਾਣਕਾਰੀ ਹਾਸਲ ਕੀਤੀ ਸੀ। ਇਸੇ ਕਰਕੇ ਉਹ ਜਾਣਦੀ ਸੀ ਕਿ ਪੰਜਾਬ ਦੇ ਪੇਂਡੂ ਜਨ ਮਾਨਸ ਨੂੰ 'ਹੀਰ' ਨਾਲ ਕਿੰਨਾ ਗਹਿਰਾ ਲਗਾਅ ਹੈ। ਹੀਰ ਤਾਂ ਇੱਕ ਤਰ੍ਹਾਂ ਪੰਜਾਬੀ ਨੌਜਵਾਨਾਂ ਦੇ ਸੁਪਨਿਆਂ ਦੀ ਸਹਿਜ਼ਾਦੀ ਹੈ।
ਊਧਮ ਸਿੰਘ ਵਲੋਂ ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਲਿਖੇ ਇੱਕ ਪੱਤਰ ਦੀ ਸ਼ਬਦਾਵਲੀ ਸੁਣਦਿਆਂ ਤਾਂ ਓਨਾ ਅੰਦਰ ਹੀ ਅੰਦਰ ਹੱਸ ਪਈ ਸੀ। ਇਸ ਚਿੱਠੀ 'ਚ ਊਧਮ ਸਿੰਘ ਆਪਣੇ ਆਪ ਨੂੰ ਹਿਜ਼ ਮੈਜਿਸਟੀ ਦਾ ਦਾਮਾਦ ਆਖਦਾ ਹੈ।
“ਕਿੰਨਾ ਬੇਖੌਫ ਤੇ ਨਿੱਡਰ ਹੈ!” ਓਨਾ ਨੇ ਆਪਣੇ ਆਪ ਨੂੰ ਆਖਿਆ ਸੀ।
ਇੱਕ ਦਿਨ ਮਿਲਣ ਆਏ ਪੁਲਿਸ ਅਧਿਕਾਰੀ ਨੇ ਓਨਾ ਨੂੰ ਊਧਮ ਸਿੰਘ ਵਲੋਂ ਜੇਲ੍ਹ ਤੋਂ ਲਿਖੀਆਂ ਚਿੱਠੀਆਂ ਦੇ ਫੜੇ ਜਾਣ ਬਾਰੇ ਦੱਸਿਆ।
“ਓਨਾ ਮੈਮ, ਊਧਮ ਸਿੰਘ ਬੇਹੱਦ ਖਤਰਨਾਕ ਅਪਰਾਧੀ ਹੈ। ਉਸ ਦੀਆਂ ਕੁੱਝ ਚਿੱਠੀਆਂ ਫੜੀਆਂ ਗਈਆਂ ਨੇ ਜਿਸ ਤੋਂ ਪਤਾ ਲੱਗਦਾ ਕਿ ਉਹਨੇ ਜੇਲ੍ਹ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਆਪਣੇ ਜਾਣੂ ਨੂੰ ਜੇਲ੍ਹ ਅੰਦਰ ਸਲਾਖਾਂ ਕੱਟਣ ਵਾਲੀ ਆਰੀ ਚੋਰੀ ਛਿੱਪੇ ਭੇਜਣ ਲਈ ਲਿਖਿਆ ਸੀ। ਉਸਦਾ ਮਕਸਦ ਜੇਲ੍ਹ 'ਚੋਂ ਦੌੜ ਕੇ ਕਿਸੇ ਨੂੰ ਮਾਰਨਾ ਹੋ ਸਕਦਾ। ਉਸਦੇ ਨਿਸ਼ਾਨੇ 'ਤੇ ਕੌਣ ਹੋਵੇਗਾ- ਕਹਿ ਨਹੀਂ ਸਕਦੇ। ਇਸ ਕਰਕੇ ਮੈਮ ਤੁਹਾਨੂੰ ਵੀ ਬਹੁਤ ਜ਼ਿਆਦਾ ਚੌਕੰਨੇ ਰਹਿਣ ਦੀ ਜ਼ਰੂਰਤ ਹੈ।”
“ਕੀ ਮੀਟਿੰਗ ਵਾਲੇ ਦਿਨ ਤੁਹਾਡੀ ਪੁਲੀਸ ਚੌਕੰਨੀ ਨਹੀਂ ਸੀ ?"
ਅਧਿਕਾਰੀ ਚੁੱਪ ਰਿਹਾ ਸੀ।
“ਮੇਰਾ ਨਹੀਂ ਖਿਆਲ ਕਿ ਉਸਨੇ ਜੇਲ੍ਹ ਤੋਂ ਭੱਜ ਜਾਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਜੇ ਕੋਸ਼ਿਸ਼ ਕੀਤੀ ਹੁੰਦੀ ਤਾਂ | ਜੇਲ੍ਹ ਦੀਆਂ ਦੀਵਾਰਾਂ ਉਸਨੂੰ ਡੱਕ ਨਹੀਂ ਸਨ ਸਕਦੀਆਂ।” ਅਧਿਕਾਰੀ ਓਨਾ ਦੀਆਂ ਗੱਲਾਂ 'ਤੇ ਹੈਰਾਨ ਹੀ ਨਹੀਂ ਪ੍ਰੇਸ਼ਾਨ ਵੀ ਹੋ ਰਿਹਾ ਸੀ।
“ਇਹ ਤੁਸੀਂ ਕੀ ਕਹਿ ਰਹੇ ਹੋ ਮੈਮ? ਊਧਮ ਸਿੰਘ ਨੇ ਮਾਈਕਲ ਸਰ ਨੂੰ ਬੇਰਹਿਮੀ ਨਾਲ ਮਾਰਿਆ ਹੈ। ਸਾਡਾ ਸਾਰਿਆਂ ਦਾ ਜ਼ੋਰ ਉਸਨੂੰ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਣ 'ਚ ਲੱਗਾ ਹੋਇਆ ਹੈ। ਉਹ ਖਤਰਨਾਕ ਤੇ ਖੂੰਖਾਰ ਅਪਰਾਧੀ ਹੈ ਜਿਸਨੇ ਘਿਨਾਉਣਾ ਅਪਰਾਧ ਕੀਤਾ। " ਅਧਿਕਾਰੀ ਨੂੰ ਲੱਗਾ ਓਨਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਰਕੇ ਅਜਿਹੀਆਂ ਗੱਲਾਂ ਕਰ ਰਹੀ ਹੈ।
“ਕੀ ਊਧਮ ਸਿੰਘ ਸੱਚਮੁੱਚ ਖੂੰਖਾਰ ਅਪਰਾਧੀ ਹੈ?"
"ਬਿਲਕੁੱਲ !”
“ਫੇਰ ਤਾਂ ਉਹ ਹੈਰਿੰਗ ਬਰਥ 'ਤੇ ਗੋਲੀ ਚਲਾ ਕੇ ਭੱਜ ਸਕਦਾ ਸੀ। ਤੁਹਾਡੀ ਪੁਲੀਸ ਦਾ ਹੀ ਤਾਂ ਕਹਿਣਾ ਕਿ ਹੈਰਿੰਗ ਬਰਥ ਉਸਦੇ ਰਾਹ 'ਚ ਆ ਗਈ ਸੀ। ਮਿਸਟਰ, ਮੈਂ ਲੰਮਾ ਸਮਾਂ ਪੰਜਾਬ ਰਹੀ ਹਾਂ । ਉੱਥੋਂ ਦਾ ਸਭਿਆਚਾਰ ਨਿਹੱਥੇ 'ਤੇ ਗੋਲੀ ਚਲਾਉਣ ਨੂੰ ਠੀਕ ਨਹੀਂ ਸਮਝਦਾ। ਕੀ ਮੈਂ ਤੁਹਾਨੂੰ ਕੁੱਝ ਪੁੱਛ ਸਕਦੀ ਹਾਂ ?”
"ਕਿਉਂ ਨਹੀਂ ?”
“ਤੁਹਾਡੀ ਸਰਕਾਰ ਨੇ ਭਾਰਤ ਵਿਚ ਔਰਤਾਂ, ਬੱਚਿਆਂ ਅਤੇ ਨਿਹੱਥੇ ਲੋਕਾਂ ਨੂੰ ਮਾਰਿਆ ਹੈ। ਕੀ ਤੁਸੀਂ ਖੂੰਖਾਰ ਨਹੀਂ? ਊਧਮ ਸਿੰਘ ਨੇ ਮੇਰੇ ਜੀਵਨ ਸਾਥੀ ਨੂੰ ਮਾਰਿਆ ਹੈ, ਇਸਦਾ ਮੈਨੂੰ ਦੁੱਖ ਹੈ ਅਤੇ ਮੇਰੇ ਜਿਉਂਦੇ ਰਹਿਣ ਤੱਕ ਰਹੇਗਾ। ਕਿਤੇ ਨਾ ਕਿਤੇ ਊਧਮ ਸਿੰਘ ਪ੍ਰਤੀ ਰੰਜ ਵੀ ਹੈ ਤੇ ਰਹੇਗਾ ਵੀ, ਪਰ ਕੀ ਊਧਮ ਸਿੰਘ ਨੇ ਔਰਤਾਂ, ਬੱਚਿਆਂ ਜਾਂ ਬੇਕਸੂਰ ਲੋਕਾਂ 'ਤੇ ਕੋਈ ਜ਼ੁਲਮ ਕੀਤਾ ਹੈ? ਜੇ ਨਹੀਂ ਤਾਂ ਖੂੰਖਾਰ ਕਿਵੇਂ ਹੋਇਆ ?
ਹੀ ਨਹੀਂ, ਜ਼ਰੂਰੀ ਵੀ ਹੈ। ਪੁਲਿਸ ਅਧਿਕਾਰੀ ਨੂੰ ਲੱਗਾ- ਉੱਠ ਕੇ ਜਾਣਾ ਚੰਗਾ ਇਨ੍ਹੀਂ ਦਿਨੀਂ ਓਨਾ ਦੀ ਮਾਨਸਿਕ ਹਾਲਤ ਬੜੀ ਉਦਾਸੀ ਵਾਲੀ ਤੇ ਉਦਰੇਵੇਂ ਭਰੀ ਸੀ। ਨੀਂਦ ਤਾਂ ਉੱਕਾ ਹੀ ਉੱਡ ਗਈ ਸੀ। ਜਦੋਂ ਹੀ ਅੱਖ ਲੱਗਣ ਲੱਗਦੀ, ਡਰਾਉਣਾ ਸੁਪਨਾ ਅੱਖਾਂ 'ਚ ਉਤਰ ਆਉਂਦਾ-ਗਾੜ੍ਹਾ ਕਾਲਾ ਹਨੇਰਾ ਪਸਰਿਆ ਹੋਇਆ। ਲਾਸ਼ਾਂ ਇੱਕ ਦੂਜੇ 'ਤੇ ਚੜ੍ਹੀਆਂ ਪਈਆਂ। ਕੁੱਝ ਲੋਕ ਲਾਲਟੈਨ ਦੇ ਮੱਧਮ ਚਾਨਣ 'ਚ ਲਾਸ਼ਾਂ ਦੇ ਢੇਰ 'ਚੋਂ ਆਪਣਿਆਂ ਨੂੰ ਭਾਲਣ ਲੱਗੇ ਹਨ। ਦੀਵੇ ਦੀ ਲੋਅ 'ਚ ਖੂਨ ਦਾ ਛੱਪੜ ਚਮਕ ਰਿਹਾ। ਇੱਕ ਬਿਰਧ ਮਾਤਾ ਮਿੱਟੀ ਬਣੇ ਪਏ ਜਵਾਨ ਪੁੱਤ ਨੂੰ ਬੁੱਕਲ 'ਚ ਲਈ ਬੈਠੀ ਹੈ। ਹਾਣੀ ਦੀ ਲਾਸ਼ ਵੱਲ ਵੇਖਦਿਆਂ ਇੱਕ ਚੂੜੇ ਵਾਲੀ ਸੱਜ ਵਿਆਹੀ ਨਾਰ ਦੀ ਚੀਕ ਅਸਮਾਨ ਨੂੰ ਚੀਰ ਗਈ। ਅਵਾਰਾ ਕੁੱਤੇ ਲਾਸ਼ਾਂ ਨੋਚ ਰਹੇ ਹਨ। ਧੁੰਦਲੀਆਂ ਨਜ਼ਰਾਂ ਵਾਲਾ ਬੇਵੱਸ ਬਜ਼ੁਰਗ ਹੱਥ ਵਿਚਲੀ ਸੋਟੀ ਨਾਲ ਕੁੱਤਿਆਂ ਨੂੰ ਭਜਾਉਣ ਦਾ ਅਸਫਲ ਯਤਨ ਕਰ ਰਿਹਾ। ਵੱਡੇ ਮੂੰਹ ਵਾਲਾ ਖੂੰਖਾਰ ਕੁੱਤਾ ਇੱਕ ਲਾਸ਼ ਨੂੰ ਘੜੀਸ ਕੇ ਦੂਰ ਲਿਜਾ ਰਿਹਾ। ਕੁੱਤੇ ਦਾ ਮੂੰਹ ਕਦੇ ਡਾਇਰ 'ਚ ਬਦਲ ਜਾਂਦਾ ਕਦੇ ਓਡਵਾਇਰ 'ਚ ਕੁੱਤਾ ਜ਼ੋਰ ਦੀ ਬੁਰਕੀ ਭਰਦਾ ਹੈ, ਲਾਸ਼ ਦੀ ਬਾਂਹ ਅੱਡ ਹੋ ਜਾਂਦੀ ਹੈ। ਇਸ ਡਰਾਉਣੇ ਸੁਪਨੇ ਤੋਂ ਤਬਕ ਕੇ ਓਨਾ ਚੀਕਾਂ ਮਾਰਦੀ ਉੱਠ ਖੜ੍ਹਦੀ ਹੈ। ਆਲੇ ਦੁਆਲੇ ਦੇਖਦੀ ਹੈ, ਸਾਹਮਣੀ ਕੰਧ 'ਤੇ ਲੱਗੀ ਫੋਟੋ 'ਚ ਓਡਵਾਇਰ ਵਾਇਸਰਾਏ ਤੋਂ ਸਨਮਾਨ ਲੈਂਦੇ ਹੋਏ ਮੁਸਕਰਾ ਰਿਹਾ।
ਆਏ ਦਿਨ ਹਮਦਰਦੀ ਪ੍ਰਗਟ ਕਰਨ ਲਈ ਆਉਣ ਵਾਲੇ ਅਧਿਕਾਰੀਆਂ ਦੀਆਂ ਗੱਲਾਂ ਓਨਾ ਨੂੰ ਉੱਕਾ ਚੰਗੀਆਂ ਨਹੀਂ ਲੱਗਦੀਆਂ। ਕਈ ਅਧਿਕਾਰੀ ਤਾਂ ਜਾਣ ਬੁੱਝ ਕੇ ਉਸ ਦੁਆਲੇ ਰਹੱਸ ਦਾ ਜਾਲ੍ਹ ਤਾਣ ਦਿੰਦੇ, "ਬੜਾ ਅਜੀਬ ਹੈ, ਡੀਫੈਂਸ ਦੇ ਵਕੀਲ ਸੇਂਟ ਜੌਹਨ ਨੇ ਕੋਰਟ ਵਿੱਚ ਸਿੱਧ ਕੀਤਾ ਹੈ ਕਿ ਓਡਵਾਇਰ ਸਰ ਅਤੇ ਹਮਲਾਵਰ ਮੁਹੰਮਦ ਸਿੰਘ ਆਜ਼ਾਦ ਉਰਫ਼ ਊਧਮ ਸਿੰਘ ਵਿਚਕਾਰ ਦੋਸਤਾਨਾ ਸਬੰਧ ਸਨ। ”
ਹੁਣ ਤਾਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਜਿਨ੍ਹਾਂ 'ਚ ਸਚਾਈ ਘੱਟ ਤੇ ਰੁਮਾਂਸ ਵੱਧ ਹੋਵੇਗਾ। ਕੋਈ ਕੁੱਝ ਕਹੇਗਾ-ਕੋਈ ਕੁੱਝ। ਕੁੱਝ ਤਾਂ ਇੱਥੋਂ ਤੱਕ ਜਾਣਗੇ ਕਿ ਮਾਈਕਲ ਤੇ ਊਧਮ ਸਿੰਘ ਇਕੱਠੇ ਡਰਿੰਕ ਲੈਂਦੇ ਸਨ। ਆਹ ਪੱਤਰਕਾਰ ਤਾਂ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਕੀ ਕਰਨ, ਅਖ਼ਬਾਰਾਂ ਦਾ ਢਿੱਡ ਵੀ ਤਾਂ ਭਰਨਾ ਹੋਇਆ। "
"ਊਧਮ ਸਿੰਘ ਨੇ ਆਪਣੇ ਬਿਆਨਾਂ 'ਚ ਮੰਨਿਆ ਕਿ ਉਹ ਓਡਵਾਇਰ ਨੂੰ ਕਈ ਵਾਰ ਮਿਲਿਆ ਸੀ। ਪਤਾ ਲੱਗਾ ਊਧਮ ਸਿੰਘ ਇੱਕ ਵਾਰ ਤਾਂ ਓਡਵਾਇਰ ਸਰ ਨੂੰ ਉਦੋਂ ਮਿਲਿਆ ਸੀ ਜਦੋਂ ਸਰ ਪਾਰਕ ਵਿੱਚ ਆਪਣੇ ਕੁੱਤੇ ਸਮੇਤ ਸੈਰ ਕਰ ਰਹੇ ਸਨ। ”
“ਮਿਸਟਰ ਐਲਡ, ਇਸਦਾ ਮਤਲਬ ਪਤਾ ਕੀ ਹੈ?” ਓਨਾ ਨੇ ਪਰਿਵਾਰਕ ਮਿੱਤਰ ਜੋਸੇਫ ਐਲਡਰਿਨ ਦੀਆਂ ਅੱਖਾਂ 'ਚ ਝਾਕਦਿਆਂ ਸਵਾਲ ਦਾਗਿਆ ਸੀ।
"ਵੀ?"
“ਇਹ ਕਿ ਕ੍ਰਾਂਤੀਕਾਰੀ ਨਿਹੱਥੇ 'ਤੇ ਵਾਰ ਕਰਨਾ ਅਸੂਲਨ ਠੀਕ ਨਹੀਂ ਸਮਝਦੇ। ਤੁਸੀਂ ਦੱਸੋ, ਉਸ ਸਮੇਂ ਮਾਈਕਲ ਨੂੰ ਮਾਰਨਾ ਕੋਈ ਔਖਾ ਕੰਮ ਸੀ?” ਓਨਾ ਨੂੰ ਹੈਰਾਨੀ ਭਰੀ ਖ਼ਬਰ ਦੱਸ ਕੇ ਹੈਰਾਨ ਕਰਨ ਦੇ ਮਕਸਦ ਨਾਲ ਆਏ ਦੋਸਤ ਨੇ ਓਨਾ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਕੇ ਜਾਣ 'ਚ ਹੀ ਭਲਾਈ ਸਮਝੀ ਸੀ।
ਓਨਾ ਦਾ ਜਵਾਈ ਨੌਰਮਨ ਹਿਊਸਨ ਅਦਾਲਤੀ ਕਾਰਵਾਈ ਦੇਖਣ ਲਈ ਲਗਾਤਾਰ ਜਾਂਦਾ ਸੀ । ਇਸ ਕੇਸ 'ਚ ਅਦਾਲਤ ਨੇ ਉਸਦੀ ਗਵਾਹੀ ਵੀ ਦਰਜ ਕੀਤੀ ਸੀ।
“ਮੌਮ! ਮਾਣਯੋਗ ਜੱਜ ਐਟਕਿਨਸਨ ਦੀ ਕੋਰਟ ਨੇ ਡੈਡ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ।” ਅਦਾਲਤੀ ਕਾਰਵਾਈ ਦੇ ਖਤਮ ਹੁੰਦਿਆਂ ਹੀ ਨੌਰਮਨ ਬੜੀ ਤੇਜ਼ੀ ਨਾਲ ਘਰ ਪਰਤਿਆ ਸੀ। ਉਸਨੇ ਆਪਣੇ ਵਲੋਂ ਬੜੇ ਉਤਸ਼ਾਹ ਨਾਲ ਖ਼ਬਰ ਸੁਣਾਈ ਸੀ। ਹਿਊਸਨ ਨੂੰ ਆਸ ਸੀ ਕਿ ਓਨਾ ਖ਼ਬਰ ਸੁਣ ਕੇ ਜਰੂਰ ਸੰਤੁਸ਼ਟੀ ਦਾ ਲੰਮਾ ਸਾਹ ਲਵੇਗੀ ਪਰ ਉਹ ਤਾਂ ਸਹਿਜਤਾ ਨਾਲ ਬੈਠੀ ਰਹੀ ਸੀ।
"ਹਤਿਆਰੇ ਨੂੰ 25 ਜੂਨ 1940 ਨੂੰ ਸਵੇਰੇ ਨੌਂ ਵਜੇ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ।” ਪ੍ਰਤੀਕਰਮ ਜਾਨਣ ਲਈ ਨੌਰਮਨ ਨੇ ਅੱਖਾਂ ਸੱਸ ਦੇ ਚਿਹਰੇ 'ਤੇ ਗੱਡ ਦਿੱਤੀਆਂ। ਉਹ ਅਜੇ ਵੀ ਚੁੱਪ ਬੈਠੀ ਸੀ ।
"ਹੈਰਾਨੀ ਇਹ ਹੈ ਕਿ ਊਧਮ ਸਿੰਘ ਨੇ ਰੋਂਦਿਆਂ ਕਰਲਾਉਂਦਿਆਂ ਰਹਿਮ ਦੀ ਭੀਖ ਨਹੀਂ ਮੰਗੀ। ਉਲਟਾ ਸਰਕਾਰ ਦੇ ਕਾਨੂੰਨੀ ਸਲਾਹਕਾਰਾਂ ਵੱਲ ਵਿਅੰਗ ਭਰੀਆਂ ਜ਼ਹਿਰੀਲੀਆਂ ਨਜ਼ਰਾਂ ਨਾਲ ਵੇਖਿਆ। ਮੇਜ਼ ਉੱਪਰ ਦੀ ਜਿਊਰੀ ਮੈਂਬਰਾਂ ਵੱਲ ਥੁੱਕ ਦਿੱਤਾ। ਮੌਤ ਦੀ ਸਜ਼ਾ ਦਾ ਤਾਂ ਉਸ ਉੱਪਰ ਕੋਈ ਅਸਰ ਹੀ ਨਹੀਂ ਸੀ ਹੋਇਆ। ” ਓਨਾ ਨੇ ਹਲਕਾ ਜਿਹਾ ਸਿਰ ਉੱਪਰ ਚੁੱਕਿਆ ਅਤੇ ਜਵਾਈ ਦੇ ਚਿਹਰੇ ਵੱਲ ਵੇਖਿਆ।
“ਬੈਂਕ ਗਾਡ !” ਓਨਾ ਨੇ ਲੰਮਾ ਸਾਹ ਭਰਿਆ। ਨੌਰਮਨ ਨੂੰ ਸਮਝ ਨਾ ਆਈ ਕਿ ਓਨਾ ਨੇ ਰੱਬ ਦਾ ਸ਼ੁਕਰਾਨਾ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦੇਣ ਦੀ ਖਬਰ ਸੁਣ ਕੇ ਕੀਤਾ ਸੀ ਕਿ ਊਧਮ ਸਿੰਘ ਦੇ ਅਡੋਲ ਰਹਿਣ ਬਾਰੇ ਸੁਣ ਕੇ।
“ਮੌਮ, ਲੱਗਦਾ ਨਹੀਂ ਕਿ ਕਾਤਲ ਨੂੰ 25 ਜੂਨ ਨੂੰ ਫਾਂਸੀ ਹੋਵੇ। ਉਸਦੇ ਕਾਨੂੰਨੀ ਸਲਾਹਕਾਰ ਜਿਊਰੀ ਕੋਲ ਮੌਤ ਦੀ ਸਜ਼ਾ ਖਿਲਾਫ ਅਪੀਲ ਜ਼ਰੂਰ ਦਾਇਰ ਕਰਨਗੇ। ਪਰ---?" ਨੌਰਮਨ ਨੇ ਜਾਣ ਬੁੱਝ ਕੇ ਵਾਕ ਕੁੱਝ ਅਧੂਰਾ ਛੱਡਿਆ।
“ਪਰ- ਮੈਨੂੰ ਉਮੀਦ ਹੈ ਕਿ ਜਿਊਰੀ ਵੱਲੋਂ ਅਪੀਲ ਰੱਦ ਕਰ ਦਿੱਤੀ ਜਾਵੇਗੀ। "
66 “ ਤੁਸੀਂ ਹੁਣ ਆਰਾਮ ਕਰੋ-ਥੱਕੇ ਆਏ ਹੋਵੋਂਗੇ। ” ਆਖਦਿਆਂ ਓਨਾ ਮਾਈਕਲ ਦੀਆਂ ਕਿਤਾਬਾਂ ਵਾਲੇ ਰੈਂਕ ਅੱਗੇ ਜਾ ਖੜ੍ਹੀ ਹੋਈ। ਨੌਰਮਨ ਸਮਝ ਗਿਆ ਸੀ ਕਿ ਮੌਮ ਇਸ ਵਿਸ਼ੇ 'ਤੇ ਹੋਰ ਗੱਲ ਨਹੀਂ ਕਰਨਾ ਚਾਹੁੰਦੇ।
ਪੰਦਰ੍ਹਾਂ ਜੁਲਾਈ ਦੀ ਸ਼ਾਮ ਨੂੰ ਧੀ ਮੈਰੀ ਓਡਵਾਇਰ ਨੇ ਓਨਾ ਨੂੰ ਜਿਊਰੀ ਦੇ ਫ਼ੈਸਲੇ ਬਾਰੇ ਫੋਨ 'ਤੇ ਦੱਸਿਆ, “ਮੌਮ, ਜਿਊਰੀ ਵਲੋਂ ਊਧਮ ਸਿੰਘ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ। ਉਸਨੂੰ 31 ਜੁਲਾਈ 1940 ਨੂੰ ਸਵੇਰੇ ਨੌਂ ਵਜੇ ਲੰਡਨ ਦੀ ਪੈਨਟਨਵਿਲ ਜੇਲ੍ਹ 'ਚ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ। "
ਊਧਮ ਸਿੰਘ ਨੂੰ ਫਾਂਸੀ ਦੇ ਦਿੱਤੇ ਜਾਣ ਵਾਲੀ ਖ਼ਬਰ ਭਾਵੇਂ ਓਨਾ ਨੇ ਰੇਡੀਓ ਤੋਂ ਜਾਰੀ ਸਰਕਾਰੀ ਬੁਲੇਟਿਨ ਰਾਹੀਂ ਸੁਣ ਲਈ ਸੀ ਪਰ ਇਸ ਸਾਰੇ ਘਟਨਾਕ੍ਰਮ ਦੀ ਪੂਰੀ ਜਾਣਕਾਰੀ ਦੇਣ ਲਈ ਲੰਡਨ ਦਾ ਸ਼ੈਰਿਫ ਜਾਰਜ ਪਰਸੀ ਵਿਸ਼ੇਸ਼ ਤੌਰ 'ਤੇ ਮਿਲਣ ਆਇਆ ਸੀ। ਫਾਂਸੀ ਦੇਣ ਵੇਲੇ ਡਿਊਟੀ 'ਤੇ ਹਾਜ਼ਰ ਰਹੇ ਜੇਲ੍ਹ ਡਾਕਟਰ ਨੂੰ ਵੀ ਉਹ ਨਾਲ ਹੀ ਲਿਆਇਆ ਸੀ।
ਜਾਰਜ ਪਿਛਲੇ ਲੰਮੇ ਸਮੇਂ ਤੋਂ ਓਡਵਾਇਰ ਪਰਿਵਾਰ ਦਾ ਨੇੜਲਾ ਮਿੱਤਰ ਸੀ। ਉਹ ਜਦੋਂ ਵੀ ਓਡਵਾਇਰ ਕੋਲ ਮਿਲਣ ਆਉਂਦਾ, ਦੋਵੇਂ ਹੌਲੀ-ਹੌਲੀ ਸ਼ਰਾਬ ਦੀਆਂ ਘੁੱਟਾਂ ਭਰਦੇ, ਸਿਗਰਟ ਦੇ ਕਸ਼ ਖਿੱਚਦੇ ਤੇ ਤਾਸ਼ ਖੇਡਦੇ। ਮਾਈਕਲ ਦੀ ਮੌਤ ਸ਼ੈਰਿਫ ਲਈ ਨਿੱਜੀ ਘਾਟਾ ਸੀ।
“ਅੱਜ ਆਖਰ ਮਾਈਕਲ ਸਰ ਨੂੰ ਇਨਸਾਫ ਮਿਲ ਹੀ ਗਿਆ।" ਜਾਰਜ ਪਰਸੀ ਨੇ ਤਸੱਲੀ ਦਾ ਲੰਮਾ ਸਾਹ ਲਿਆ ਸੀ।
“ਊਧਮ ਸਿੰਘ ਦੇ ਫਾਂਸੀ ਚੜ੍ਹਨ ਨਾਲ ਤਾਂ ਮਾਈਕਲ ਨੂੰ ਇਨਸਾਫ਼ ਮਿਲਿਆ ਹੈ, ਕੀ ਮਾਈਕਲ ਦੀ ਮੌਤ ਨਾਲ ਜਲ੍ਹਿਆਂ ਵਾਲਾ ਬਾਗ 'ਚ ਮਾਰੇ ਗਏ ਸੈਂਕੜੇ ਲੋਕਾਂ ਨੂੰ ਇਨਸਾਫ ਮਿਲ ਗਿਆ ?" ਓਨਾ ਦੇ ਦਿਮਾਗ 'ਚ ਇਹ
ਵਿਚਾਰ ਬਿਜਲੀ ਦੀ ਤੇਜ਼ੀ ਨਾਲ ਦੌੜਿਆ ਪਰ ਉਸਨੇ ਇਸ ਵਿਚਾਰ ਨੂੰ ਬੁੱਲ੍ਹਾਂ ਤੱਕ ਨਾ ਆਉਣ ਦਿੱਤਾ। ਉਸਨੇ ਜਾਰਜ ਦੀ ਗੱਲ ਦੇ ਜਵਾਬ 'ਚ ਹੋਰ ਈ ਸਵਾਲ ਪੁੱਛ ਲਿਆ।
“ਜੌਜ, ਜਦੋਂ ਊਧਮ ਸਿੰਘ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ, ਕੀ ਉਹ ਨਾਰਮਲ ਸੀ?" "ਕੀ ਮਤਲਬ?"
“ਕੀ ਊਧਮ ਸਿੰਘ ਜੇਲ੍ਹ ਕਰਮਚਾਰੀਆਂ ਅੱਗੇ ਗਿੜਗਿੜਾਇਆ ਸੀ? ਉਸਨੇ ਫਾਂਸੀ ਦੇ ਤਖਤੇ ਵੱਲ ਜਾਣ ਤੋਂ ਇਨਕਾਰ ਤਾਂ ਨਹੀਂ ਕੀਤਾ ਜਿਵੇਂ ਕਿ ਮੌਤ ਦੀ ਸਜ਼ਾ ਵਾਲੇ ਅਕਸਰ ਕਰਦੇ ਨੇ ?"
ਓਨਾ ਦਾ ਸਵਾਲ ਸੁਣ ਕੇ ਜਾਰਜ ਨੇ ਆਪ ਜਵਾਬ ਦੇਣ ਦੀ ਥਾਂ ਜੇਲ੍ਹ ਡਾਕਟਰ ਵੱਲ ਵੇਖਿਆ।
"ਨੋ ਮੈਮ! ਊਧਮ ਸਿੰਘ ਬਿਲਕੁੱਲ ਸ਼ਾਂਤ ਸੀ। ਰੋਣਾ ਜਾਂ ਗਿੜਗੜਾਉਣਾ ਤਾਂ ਇੱਕ ਪਾਸੇ, ਉਸਦੇ ਚਿਹਰੇ ਉੱਪਰ ਤਾਂ ਉਦਾਸੀ ਦਾ ਵੀ ਕੋਈ ਚਿੰਨ੍ਹ ਨਹੀਂ ਸੀ ਸਗੋਂ ਸੰਤੁਸ਼ਟੀ ਝਲਕਦੀ ਸੀ। ਮੈਂ ਖੁਦ ਉਸਦੀ ਮੈਡੀਕਲ ਜਾਂਚ ਕੀਤੀ ਸੀ—ਨਾ ਦਿਲ ਦੀ ਧੜਕਣ ਤੇਜ਼ ਸੀ, ਨਾ ਖੂਨ ਦਾ ਦਬਾਅ ਵੱਧ ਹੋਇਆ। ਉਹ ਤਾਂ ਸਗੋਂ ਆਮ ਨਾਲੋਂ ਵੀ ਸਹਿਜ ਸੀ।” ਜੇਲ੍ਹ ਡਾਕਟਰ ਨੇ ਸ਼ਬਦ ਬੋਚ ਕੇ ਵਰਤੇ ਸਨ।
“ਇਹ ਕ੍ਰਾਂਤੀਕਾਰੀ ਵੀ ਬੜੀ ਢੀਠ ਮਿੱਟੀ ਦੇ ਬਣੇ ਹੁੰਦੇ ਨੇ। " ਜਾਰਜ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਸੀ। ਓਨਾ ਨੇ ਮਹਿਸੂਸ ਕੀਤਾ ਜਾਰਜ ਆਪਣੇ ਵਲੋਂ ਤਾਂ ਊਧਮ ਸਿੰਘ ਦੇ ਜ਼ਜ਼ਬੇ ਦੀ ਤਾਰੀਫ ਕਰਨੀ ਚਾਹੁੰਦਾ ਸੀ ਪਰ ਉਸ ਤੋਂ ਝਿਜਕਦਿਆਂ ਸ਼ਬਦਾਂ ਨੂੰ ਘੁਮਾ ਫਿਰਾ ਲਿਆ ਗਿਆ ਸੀ ।
“ਫਾਂਸੀ ਚੜ੍ਹਦਿਆਂ ਉਸਨੇ ਕੁੱਝ ਤਾਂ ਕਿਹਾ ਹੋਵੇਗਾ?"
“ਜੇਲ੍ਹ ਵਾਰਡ ਤੋਂ ਫਾਂਸੀ ਵਾਲੇ ਤਖਤੇ ਤੱਕ ਨਾਅਰੇ ਮਾਰਦਾ ਰਿਹਾ। ”
"ਕਿਹੋ ਜਿਹੇ ਨਾਅਰੇ ?” ਓਨਾ ਨੇ ਉਤਸੁਕਤਾ ਨਾਲ ਪੁੱਛਿਆ।
“ਇਨਕਲਾਬ ਜ਼ਿੰਦਾਬਾਦ-ਸਾਮਰਾਜ ਮੁਰਦਾਬਾਦ- ਹਿੰਦੋਸਤਾਨ ਜ਼ਿੰਦਾਬਾਦ !"
ਓਨਾ ਨੇ ਅੱਖਾਂ ਬੰਦ ਕਰ ਲਈਆਂ। ਸੱਜੇ ਹੱਥ ਨਾਲ ਛਾਤੀ 'ਤੇ ਸਲੀਬ ਦਾ ਨਿਸ਼ਾਨ ਬਣਾਇਆ।
"ਮੈਂ ਮਾਈਕਲ ਨੂੰ ਬੜਾ ਚਿਰ ਤੋਂ ਇਹ ਆਵਾਜ਼ਾਂ ਸੁਣਨ ਲਈ ਆਖਦੀ ਰਹੀ ਸਾਂ- ਅਫ਼ਸੋਸ ਉਸਨੇ ਮੇਰੀ ਇੱਕ ਨਹੀਂ ਸੁਣੀ। " ਉਸਨੇ ਅਫ਼ਸੋਸ 'ਚ ਸਿਰ ਹਿਲਾਇਆ।
"ਕਾਸ! ਹੁਕਮਰਾਨ ਆਵਾਮ ਦੀ ਆਵਾਜ਼ ਸੁਣ ਲਿਆ ਕਰਨ। "
ਜਾਰਜ ਪਰਸੀ ਅਤੇ ਜੇਲ੍ਹ ਡਾਕਟਰ ਹੈਰਾਨੀ ਨਾਲ ਓਨਾ ਦੇ ਮੂੰਹ ਵੱਲ ਵੇਖਦੇ ਰਹਿ ਗਏ ਸਨ।
ਗੁਰਮੀਤ ਕੜਿਆਲਵੀ
9872640994