Date:
18 Nov 2025

ਸਧਾਰਨ ਪੰਜਾਬੀਆਂ ਦੀ ਅਸਧਾਰਨ ਕਰਨੀ ਸਦਕਾ ਗ਼ਦਰ ਪਾਰਟੀ ਲਹਿਰ ਤੋਂ ਵੀ ਅੱਧੀ ਸਦੀ ਪਹਿਲਾਂ ਸ਼ੁਰੂ ਹੋਈ ਕੂਕਾ ਜਾਂ ਨਾਮਧਾਰੀ ਲਹਿਰ ਨੇ ਪੰਜਾਬੀ ਇਤਿਹਾਸ ਨੂੰ ਅਗਾਂਹ ਤੋਰਿਆ, ਨਰੋਏ ਪੂਰਨੇ ਪਾਏ, ਨਿੱਗਰ ਰਵਾਇਤਾਂ ਤੋਰੀਆਂ, ਸਾਡੇ ਅਨੁਭਵ ਨੂੰ ਨਿਖਾਰਿਆ, ਸਾਡੀ ਸਿਮਰਤੀ ਨੂੰ ਰੰਗ-ਰੱਤਾ ਕੀਤਾ। ਅਜੋਕਾ ਨਾਮਧਾਰੀ ਭਾਈਚਾਰਾ ਆਪਣੀ ਵਿਲੱਖਣ ਦਿੱਖ, ਭਾਈਚਾਰਕ ਮਰਿਆਦਾ ਅਤੇ ਆਪਣੇ ਮਖ਼ਸੂਸ ਬੋਲਿਆਂ ਹੇਠ ਆਪਣੇ ਇਤਿਹਾਸ, ਸੰਘਰਸ਼ ਅਤੇ ਚੇਤਨਾ ਨੂੰ ਜਿਉਂਦਾ-ਵਗਦਾ ਰੱਖਣ ਦੇ ਆਹਰ ਵਿਚ ਹੈ। ਇਸ ਉੱਦਮ ਵਿਚ ਪੰਜਾਬੀ ਖਿੱਤੇ ਦੀ ਚਲਦੀ-ਫਿਰਦੀ ਟਕਸਾਲ, ਲੋਕ-ਨਾਬਰੀ ਦੀ ਪਰੰਪਰਾ ਨੂੰ ਲੋਕ-ਹਿਤੂ ਸਿਆਸਤ ਵਿਚ ਢਾਲਣ ਵਾਲੇ, ਮੌਲਿਕ ਮਾਰਕਸਵਾਦੀ ਕਾਰਜਕਰਤਾ, ਸਾਹਿਤਕਾਰ, ਚਿੰਤਕ ਅਤੇ ਇਤਿਹਾਸਕਾਰ ਕਾਮਰੇਡ ਸੁਵਰਨ ਸਿੰਘ ਵਿਰਕ 1857 ਦੇ ਵਿਸਾਖ ਤੋਂ ਲੈ ਕੇ ਅਜੋਕੇ ਸਮਿਆਂ ਵਿੱਚ ਸਾਰਥਕਤਾ ਦੀ ਨਿਰੰਤਰ ਤਲਾਸ਼ ਨੂੰ ਸੇਧ ਸੇਧ ਦੇਣ ਹਿੱਤ ਚੱਪਾ ਸਦੀ ਤੋਂ ਕੂਕਾ ਲਹਿਰ ਅਤੇ ਨਾਮਧਾਰੀ ਸੰਪਰਦਾਇ ਦੇ ਖੋਜੀ, ਪੇਸ਼ਕਾਰ ਅਤੇ ਸਿਧਾਂਤਕਾਰ ਵਜੋਂ ਕਲਮ ਵਾਹ ਰਹੇ ਹਨ।
ਇਸ ਵਡੇਰੇ ਕਾਰਜ ਨੂੰ ਉਹਨਾਂ ਦੀਆਂ 'ਕੂਕਾ ਲਹਿਰ ਦੇ ਅਮਰ ਨਾਇਕ' ਲੜੀ ਦੀਆਂ ਤਿੰਨ ਜਿਲਦਾਂ ਵਿਚ 150 ਹਸਤੀਆਂ ਉੱਤੇ ਇੱਕਾਗਰ, ਲਗਭਗ ਬਾਈ-ਤੇਈ ਸੌ ਸਫ਼ਿਆਂ ਦੀ ਭਾਰੀ-ਗਉਰੀ ਚੁਗਾਠ ਵਿਚ ਬੀੜਿਆ ਗਿਆ ਹੈ। ਸਭ ਤੋਂ ਪਹਿਲਾਂ, ਕਿਸੇ ਵੀ ਹੋਰ ਵਾਰਤਾ ਤੋਂ ਪਹਿਲਾਂ, ਕਿਸੇ ਵੀ ਭੂਮਿਕਾ ਤੋਂ ਪਹਿਲਾਂ ਕਹਿਣਾ ਬਣਦਾ ਹੈ ਕਿ ਐਡੇ ਵੱਡੇ ਕਾਰਜ ਦੇ ਸਨਮੁਖ ਹੋਣਾ ਹੀ ਸਾਨੂੰ ਹਲੀਮੀ ਵਿਚ ਲੈ ਆਉਂਦਾ ਹੈ। ਇਹ ਜਿਲਦਾਂ ਕਿਸੇ ਵੀ ਪਾਠਕ ਲਈ ਵੱਡੀ ਵੰਗਾਰ ਦਾ ਸਬੱਬ ਬਣਦੀਆਂ ਹਨ ਕਿ ਕੀ ਉਹ ਅਜਿਹੀ ਲਿਖਤ ਨਾਲ ਦੋ-ਚਾਰ ਹੋਣ ਲਈ ਤਿਆਰ ਹੈ ਜਾਂ ਹੀਰ ਸਿਆਲ ਦੇ ਹੁਸਨ ਦੇ ਦੀਦਾਰ ਦੀ ਤਾਬ ਝੱਲਣ ਤੋਂ ਡੋਲਿਆ ਹੋਇਆ 'ਭੌਰ ਆਸ਼ਕ' ਹੀ ਹੈ?
ਤਿੰਨਾ ਜਿਲਦਾਂ ਵਿਚੋਂ ਗੁਜ਼ਰਦਿਆਂ ਆਪਣੇ ਅਨੁਭਵ ਵਿਚੋਂ ਆਖਦਾ ਹਾਂ ਕਿ ਇਹਨਾਂ ਜਿਲਦਾਂ ਅੰਦਰ ਰਮੇ ਹੋਏ ਸਮੇਂ ਦੇ ਨਕਸ਼ ਸਾਡੀ ਸੁਰਤ ਨੂੰ ਆਪਣੇ ਕਮਾਏ-ਹੰਢਾਏ ਸੱਚ ਨਾਲ ਜਗਾਉਂਦੇ ਹਨ। ਬਕੌਲ ਵਾਰਿਸ ਸ਼ਾਹ ਪਾਠਕ ਨਾਲ ਕੂਕਿਆਂ ਦੇ ਜਗਤ ਦੇ ਦਰਸ਼ਨ- 'ਰੂਪ ਜੱਟੀ ਦਾ ਵੇਖ ਕੇ ਜਾਗ ਲੱਧੀ, ਹੀਰ ਘੋਲ ਘੱਤੀ ਕੁਰਬਾਨ ਹੋਈ। ਵਾਰਿਸ ਸ਼ਾਹ ਨਾ ਥਾਉਂ ਦਮ ਮਾਰਨੇ ਦੀ, ਚਾਰੋਂ ਚਸ਼ਮ ਦੀ ਜਦੋਂ ਘਮਸਾਨ ਹੋਈ।' ਦੇ ਨਿਆਈਂ ਹਨ। ਵਿਰਕ ਜੀ ਦੀ ਇਹ ਘਾਲਣਾ ਸਾਨੂੰ 'ਚਾਰੋਂ ਚਸ਼ਮ ਦੀ ਘਮਸਾਣ' ਹੋ ਲੈਣ ਦਾ ਸਿਦਕੀ ਸੱਦਾ ਦਿੰਦੀ ਹੈ।
ਪੰਜਾਬੀ ਇਤਿਹਾਸ ਨੂੰ ਖੜੋਤ ਵਿੱਚੋਂ ਕੱਢਣ ਲਈ, ਸਮੇਂ ਨਾਲ ਆਹਢਾ ਲਾਉਣ ਹਿੱਤ ਪੰਜਾਬੀ ਲੋਕਾਈ ਨੇ ਹਰ ਦੌਰ ਵਿਚ ਮੋਢਾ ਲਾਇਆ। ਪ੍ਰਮੁਖ ਸ਼ਖ਼ਸੀਅਤਾਂ, ਆਗੂਆਂ, ਘੁਲਾਟੀਆਂ, ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਗਈਆਂ, ਸਾਹਿਤ ਰਚਿਆ ਗਿਆ, ਨਾਟਕ ਤੇ ਫਿਲਮਾਂ ਵੀ ਸਾਹਮਣੇ ਆਈਆਂ ਅਤੇ ਵੱਡੇ ਪਾਟਕ-ਦਰਸ਼ਕ ਘੇਰੇ ਵਿਚ ਮਕਬੂਲ ਹੋਈਆਂ। ਇਸ ਵਡੇਰੇ ਸੰਦਰਭ ਵਿਚ ਪੁਛਣਾ ਵਾਜਬ ਹੈ ਕਿ ਕੂਕਾ ਲਹਿਰ ਅਤੇ ਨਾਮਧਾਰੀ ਸਮਾਜ ਦੇ ਨਾਇਕਾਂ ਦੀਆਂ ਜੀਵਨੀਆਂ ਸਾਡੇ ਸਾਹਮਣੇ ਅਜਿਹਾ ਕੀ ਪੇਸ਼ ਕਰਦੀਆਂ ਹਨ ਜੋ ਅਸੀਂ ਪਹਿਲੋਂ ਹੀ ਨਹੀਂ ਜਾਣਦੇ? ਸਧਾਰਨ ਤੌਰ 'ਤੇ ਪੰਜਾਬੀਆਂ ਲਈ ਕੂਕਾ ਲਹਿਰ ਅੰਮ੍ਰਿਤਸਰ, ਰਾਏਕੋਟ ਅਤੇ ਮਲੇਰਕੋਟਲਾ ਦੇ ਬੁੱਚੜਵਧ ਦੇ ਸਾਕਿਆਂ ਸਦਕਾ ਅੰਗਰੇਜ਼ ਬਸਤੀਵਾਦੀ ਹਕੂਮਤ ਦੇ ਦਮਨ ਦਾ ਸ਼ਿਕਾਰ ਹੋਣ ਸਦਕਾ ਮਾਂਦੀ ਪੈ ਜਾਣ ਦਾ ਵੇਰਵਾ ਹੈ। ਇਸ ਸਾਦਾ ਗਿਆਨ ਮੁਤਾਬਿਕ ਇਹ ਲਹਿਰ ਪੰਜਾਬ ਦੇ ਇਤਿਹਾਸ ਦਾ ਹਿੱਸਾ ਹੈ ਅਤੇ ਸਾਡੀ ਇਤਿਹਾਸ ਵੱਲ ਉਦਾਸੀਨਤਾ ਦੀ ਗਵਾਹੀ ਵੀ ਹੈ। ਆਪਣੇ ਨਾਇਕਾਂ ਪ੍ਰਤੀ ਅਕੀਦਤ ਅਤੇ ਪ੍ਰਮਾਣਿਕਤਾ ਪ੍ਰਤੀ ਵਚਨਬੱਧਤਾ ਸਦਕਾ ਸੁਵਰਨ ਸਿੰਘ ਵਿਰਕ ਜੀ ਦਾ ਇਹ ਵੱਡਾ ਕੰਮ ਸਾਡੀ ਉਦਾਸੀਨਤਾ ਦੇ ਸਲਾਬੇ ਨੂੰ ਸੀਖ ਲਾਉਂਦਾ ਹੈ। ਇਹ ਸਿਰਫ਼ ਇਤਿਹਾਸ ਦੀ ਪੋਥੀ ਨਹੀਂ ਰਹਿੰਦਾ ਸਗੋਂ, ਸਾਡੇ ਸਮਾਜਕ- ਵਿਚਾਰਧਾਰਕ ਚਲਣ ਵਿਚ ਦਖ਼ਲ ਦਿੰਦਾ ਹੈ। ਸਾਡੇ ਇਤਿਹਾਸ ਦੇ ਖ਼ਾਮੋਸ਼ ਧਾਰੇ ਹਰਕਤ ਵਿਚ ਆਉਂਦੇ ਹਨ ਅਤੇ ਗੁਰਦੇਵ ਸਿੰਘ ਮਾਨ ਮੁਤਾਬਕ, ਵਿਰਕ ਜੀ ਦਾ ਇਹ ਕਾਰਜ ਝੰਗ ਦੇ ਬੇਲਿਆਂ ਵਿਚ ਮੱਝਾਂ ਚਾਰਨ ਵੇਲੇ ਰਾਂਝੇ ਦੀ ਹਸਤੀ ਦੇ ਹਾਣ ਦਾ ਹੈ - 'ਬੂਰੀ ਮੱਝ 'ਤੇ ਬੈਠ ਕੇ ਮੀਆਂ ਰਾਂਝਾ, ਵਾਹੇ ਵੰਞਲੀ ਸੁਰਾਂ ਨਿਰਾਲੀਆਂ ਨੇ। ਰਾਂਝੇ ਦੇ ਇਸ਼ਕ ਥੀਂ ਭਰ ਗਈਆਂ, ਗਲ਼ੀਆਂ ਪਿੰਡ ਦੀਆਂ ਖਾਲਮ ਖਾਲੀਆਂ ਨੇ।' ਇਸ ਪੁਸਤਕ ਲੜੀ ਵਿਚ ਅਨੇਕ ਪ੍ਰਸੰਗਾਂ ਜ਼ਰੀਏ ਬਿਆਨ ਹੋਈ ਵਾਰਤਾ ਦੀ ਸਾਹਿਤਕ ਪੁੱਠ ਜਿਸ ਤਰ੍ਹਾਂ ਇਤਿਹਾਸ ਦੀਆਂ ਕੰਦਰਾਂ ਨੂੰ ਰੌਸ਼ਨ ਕਰਦੀ ਹੈ, ਉਹ ਤਰੀਕਾਕਾਰ ਮੈਨੂੰ ਵਾਰ-ਵਾਰ ਲਾਤੀਨੀ ਅਮਰੀਕੀ ਲੇਖਕ ਅੇਦੁਆਰਦੋ ਗਲਿਆਨੋ ਦੇ 'The Open Veins Of Latin America' And 'Mirrors' ਵੱਲ ਲਿਜਾਂਦਾ ਰਿਹਾ।
ਸੁਖਦੇਵ ਸਿੰਘ ਸਿਰਸਾ ਨੇ ਵਿਰਕ ਜੀ ਦੀ ਇਤਿਹਾਸ-ਪੋਥੀ ਦੀ ਬੁਨਿਆਦ ਉਹਨਾਂ ਦੇ ਨਾਮਧਾਰੀ ਸਾਹਿਤ ਉਤੇ ਕਾਮਿਲ ਦਸਤਰਸ ਵਿਚ ਅੰਗਿਆ ਹੈ। ਵੱਡੀ ਹੈਰਾਨੀ ਹੈ ਕਿ ਸਮਾਜ ਦੇ ਕਿਰਤੀ ਤਬਕਿਆਂ ਵਿਚੋਂ ਉਠੀ ਅਤੇ ਲਗਭਗ ਨਿਰੱਖਰ ਲੋਕਾਂ ਵਿਚ ਪਰਵਾਨ ਚੜ੍ਹੀ ਕੂਕਾ ਲਹਿਰ ਦੇ ਆਗੂ ਆਪਣੇ ਮੌਖਿਕ ਉਚਾਰ ਨੂੰ ਸ਼ਬਦੀ ਜਾਮਾ ਪੁਆਉਣ ਲਈ ਏਨੇ ਸੁਚੇਤ ਸਨ। ਇਸ ਸਦਕਾ ਇਹ ਸਾਹਿਤ ਸਾਡੇ ਅਧਿਐਨ ਹਿਤ ਗੰਭੀਰ ਸਮੱਗਰੀ ਮੁਹੱਈਆ ਕਰਦਾ ਹੈ। ਸੰਨ 2009 ਵਿਚ 'ਕੂਕਾ ਲਹਿਰ ਦਾ ਪੰਜਾਬੀ ਸਾਹਿਤ' ਦੇ ਪ੍ਰਕਾਸ਼ਨ ਨਾਲ ਵਿਰਕ ਜੀ ਦੀ ਗੰਭੀਰ ਖੋਜ ਸਾਡੇ ਸਾਹਮਣੇ ਆਉਂਦੀ ਹੈ। ਇਸ ਸਾਹਿਤਕ ਪਰੰਪਰਾ ਵਿਚ ਸੰਤ ਸੰਤੋਖ ਸਿੰਘ ਬਾਹੋਵਾਲ ਜੀ ਦਾ ਮਹੱਤਵਪੂਰਨ ਕਾਰਜ 'ਸਤਿਗੁਰੂ ਬਿਲਾਸ'ਵੱਡੀ ਪ੍ਰਾਪਤੀ ਹੈ। ਅੰਗਰੇਜ਼ ਹਕੂਮਤ ਦੀਆਂ ਰਿਪੋਰਟਾਂ; ਪੁਲੀਸ ਅਤੇ ਖ਼ੁਫ਼ੀਆ ਮਹਿਕਮਿਆਂ ਦੇ ਕਾਗਜ਼; ਇੰਡੀਆ ਆਫਿਸ ਲਾਇਬ੍ਰੇਰੀ ਲੰਡਨ ਦੇ ਦਸਤਾਵੇਜ਼; ਬਾਬਾ ਰਾਮ ਸਿੰਘ ਜੀ ਦੇ 'ਹੁਕਮਨਾਮੇ' ਅਤੇ ਚਿੱਠੀਆਂ; ਨਾਮਧਾਰੀ ਲਹਿਰ ਦੇ ਕਾਵਿ-ਇਤਿਹਾਸ, ਗਲਪ-ਇਤਿਹਾਸ ਆਦਿ; ਅਤੇ ਕੂਕਾ ਲਹਿਰ ਬਾਰੇ ਤੁਰੀ ਆਉਂਦੀ ਲੋਕ-ਕੰਠ ਅਤੇ ਲੋਕ-ਚਿੱਤ ਵਿਚ ਮਹਿਫ਼ੂਜ਼ ਸਮੱਗਰੀ ਨੂੰ ਆਪਣੀ ਕਮਾਈ ਹੋਈ, ਰਸਵੰਤ, ਖੁੱਲ੍ਹੀ ਵੇਗਮੱਤੀ ਸਾਹਿਤਕ ਭਾਸ਼ਾ ਵਿਚ ਢਾਲਿਆ ਹੈ। ਇਸ ਜੁਗਤ ਸਦਕਾ ਪੋਥੀ ਦੀ ਆਤਮਾ ਸਾਡੇ ਨੇੜੇ ਆਣ ਢੁਕਦੀ ਹੈ। ਸਾਹਿਤਕ ਰਸ ਸਦਕਾ ਅਸੀਂ ਪੜ੍ਹਤ ਵਿਚ ਖੁਭਦੇ ਹਾਂ ਅਤੇ ਇਸ ਲਗਾਅ ਕਾਰਨ ਇਤਿਹਾਸ ਦੀ ਛੁਹ ਸਾਡੀ ਸੁਰਤ ਨੂੰ ਤੁਣਕੇ ਮਾਰਦੀ ਹੈ। ਮੇਰੀ ਧਾਰਨਾ ਦੀ ਪੁਸ਼ਟੀ ਵਜੋਂ ਵਿਰਕ ਜੀ ਵੱਲੋਂ ਪੁਸਤਕ ਦੇ ਸਾਰ-ਸੰਕਲਪ ਵਜੋਂ 'ਅਮਰ ਨਾਇਕਾਂ' ਦੇ ਪਦ ਦੀ ਵਿਆਖਿਆ ਹਿਤ 'ਲੋਕ ਨਾਇਕ, ਅਟੱਲ ਪਰਤਾਪੀ ਸਤਿਗੁਰੂ ਪ੍ਰਤਾਪ ਸਿੰਘ ਜੀ' ਵਾਲੇ ਮਜ਼ਮੂਨ ਵੱਲ ਧਿਆਨ ਧਰੋ:
"ਸਮਾਜ ਵਿਅਕਤੀਆਂ ਦਾ ਸਮੂਹ ਹੈ। ਇਤਿਹਾਸ ਸਮਾਜ ਦੀ ਤੋਰ ਪਛਾਨਣ ਦੀ ਕਲਾ ਹੈ। ਲੋਕਾਈ ਦੇ ਦੁਖ ਦਰਦ ਨੂੰ ਆਪਣੇ ਸੀਨੇ ਵਿਚ ਸੰਭਾਲਣ ਵਾਲੇ ਨਾਇਕ ਬਣਦੇ ਹਨ। ਇਹਨਾਂ ਨਾਇਕਾਂ ਵਿਚੋਂ ਕੁਝ ਕੁ ਦੀ ਕੀਰਤੀ, ਸਮੇਂ-ਸਥਾਨ ਦੀਆਂ ਹੱਦਾਂ ਤੋਂ ਪਾਰ ਚਲੀ ਜਾਂਦੀ ਹੈ । ਉਹਨਾਂ ਦੀਆਂ ਪਾਈਆਂ ਪੈੜਾਂ 'ਤੇ ਕਾਫ਼ਲੇ ਅਨੰਤ ਕਾਲ ਤੱਕ ਚਲਦੇ ਰਹਿੰਦੇ ਕ੍ਰਿਆਸ਼ੀਲਤਾ ਅਤੇ ਆਪਣੇ ਵਾਤਾਵਰਣ ਵਿਚੋਂ ਜੀਵੰਤ ਕਦਰਾਂ ਕੀਮਤਾਂ ਦੀ ਗ੍ਰਹਿਣਸ਼ੀਲਤਾ ਹੀ ਉਸ ਨੂੰ ਯੁਗ-ਬੋਧ ਨਾਲ ਲੈਸ ਕਰਦੀ ਹੈ। ਸਾਡੇ ਇਹ ਨਾਇਕ ਸਮਾਂ ਪਾ ਕੇ ਲੋਕ ਚੇਤਨਾ ਦਾ ਸਜੀਵ ਅੰਗ ਬਣ ਜਾਂਦੇ ਹਨ। ਜਦੋਂ ਜਦੋਂ ਵੀ ਦੁਸ਼ਵਾਰੀਆਂ, ਅਣ-ਸੁਖਾਵੇਂ ਹਾਲਾਤ ਨਾਲ ਸਾਡੇ ਲੋਕ ਦੋ-ਚਾਰ ਹੁੰਦੇ ਹਨ, ਆਪਣੇ ਨਾਇਕਾਂ ਦਾ ਸਿਮਰਨ, ਉਹਨਾਂ ਦੀ ਬਲ-ਬੁੱਧੀ ਵਿਚ ਵਾਧਾ ਕਰਦਾ ਹੈ । ਉਹ ਕਠਿਨ ਪ੍ਰੀਖਿਆਵਾਂ ਵਿਚੋਂ ਸਫਲ ਹੋਣ ਦਾ ਵੱਲ ਸਿੱਖਦੇ ਹਨ।” ਹਨ। ਆਪਣੇ ਯੁਗ ਦੀਆਂ ਅਗਰਗਾਮੀ ਸ਼ਕਤੀਆਂ ਨਾਲ ਸਾਂਝਾਂ ਪਾਉਣ ਵਾਲੇ ਹੀ ਯੁਗ-ਪੁਰਖ ਅਖਵਾਉਣ ਦੇ ਹੱਕਦਾਰ ਹੁੰਦੇ ਹਨ। ਇਹ ਠੀਕ ਹੈ ਕਿ ਸਮਾਜ ਨੂੰ ਬਦਲਣ ਦੀ ਪ੍ਰਕਿਰਿਆ ਵਿਚ ਵਿਅਕਤੀ ਖੁਦ ਵੀ ਬਦਲਦਾ ਹੈ। ਉਸ ਦੀ ਛਾਪ ਛੱਡੀ: ਮਾਰਕਸਵਾਦੀ ਇਤਿਹਾਸ-ਚੇਤਨਾ ਨਾਲ ਲੈਸ ਇਹ ਟੋਟਾ ਸਾਦਾ ਪੰਜਾਬੀ ਵਾਰਤਕ ਦੇ ਰਸ-ਰੰਗ-ਰਮਜ਼ ਦਾ ਵੀ ਅਨੂਠਾ ਨਗ ਹੈ। ਵਿਰਕ ਜੀ ਦੀ ਇਸ ਭਾਸ਼ਾਈ ਸ਼ੈਲੀ ਦੀਆਂ ਜੜ੍ਹਾਂ ਵਿਚ ਸ਼ੇਖੁਪੁਰਾ ਦੀਆਂ ਖੁੱਲ੍ਹੀਆਂ ਚਰਾਂਦਾਂ ਅਤੇ ਮੈਰਿਆਂ ਵਿਚ ਹਨ। ਨਾਲ ਹੀ ਆਪਣੇ ਬਾਲਪਣ ਤੋਂ 'ਸਤਿਜੁਗ' ਵਿਚ ਛਪਦੇ ਸੰਤ ਇੰਦਰ ਸਿੰਘ ਚੱਕਰਵਰਤੀ ਦੇ ਮਜ਼ਮੂਨਾਂ ਦੇ ਵਿਸ਼ੇ, ਨਿਭਾਅ ਅਤੇ ਅਨੁਰਾਗ ਨੇ ਆਪਣੀ “ਹੋਰ ਲੇਖਾਂ ਤੋਂ ਇਲਾਵਾ ਚੱਕਰਵਰਤੀ ਜੀ ਦੇ ਲਿਖੇ ਮੁੱਖ ਲੇਖ ਜੋ ਇਨ੍ਹਾਂ ਅੰਕਾਂ ਦੇ ਆਰੰਭ ਵਿਚ ਹੁੰਦੇ ਸਨ, ਆਪਣੇ ਆਪ ਵਿਚ ਨਾਮਦਾਰੀ ਸਾਹਿਤ ਅਤੇ ਇਤਿਹਾਸ ਨੂੰ ਕਥਾ ਕਹਾਣੀ ਦੀ ਸ਼ੈਲੀ ਵਿਚ ਪੇਸ਼ ਕਰਦੇ, ਰਸ ਭਰੀ ਵਾਰਤਕ ਦੇ ਅਨੂਠੇ ਨਮੂਨੇ ਹੁੰਦੇ ਸਨ, ਜਿਨ੍ਹਾਂ ਵਿਚ ਗੁਰਬਾਣੀ ਜਾਂ ਹੋਰ ਕਾਵਿ-ਟੁਕੜੀਆਂ, ਸੋਨੇ ਦੀ ਮੁੰਦਰੀ ਵਿਚ ਨਗਾਂ ਵਾਂਗੂੰ ਜੜੀਆਂ ਹੁੰਦੀਆਂ ਸਨ। "
ਸੋ, ਸੰਤ ਇੰਦਰ ਸਿੰਘ ਚਕਰਵਰਤੀ ਸਾਹਿਤਕ ਗੁਣ ਵਾਲੀ ਇਤਿਹਾਸਕਾਰੀ ਦੇ ਪੂਰਨੇ ਪਾ ਰਹੇ ਸਨ ਜੋ ਸਾਡੇ ਨਜ਼ਦੀਕ ਸੁਵਰਨ ਸਿੰਘ ਵਿਰਕ ਨੇ ਇਸ ਪੁਸਤਕ ਲੜੀ ਵਿਚ ਸਾਣ 'ਤੇ ਲਾ ਧਰੇ ਹਨ। ਏਸੇ ਮਜ਼ਮੂਨ ਵਿਚ ਕਥਾ ਸ਼ੈਲੀ ਵਿਚ ਇਤਿਹਾਸ-ਲੇਖਣ ਦੀ ਪਰੰਪਰਾ ਨੂੰ ਪੰਜਾਬੀ ਵਿਚ ਭਾਈ ਵੀਰ ਸਿੰਘ ਅਤੇ ਹਿੰਦੀ ਵਿਚ ਰਾਹੁਲ ਸੰਕਰਤਾਇਨ ਸਥਾਪਤ ਕਰ ਰਹੇ ਸਨ ਅਤੇ ਚਕਰਵਰਤੀ ਜੀ ਨੇ "ਸਤਿਗੁਰੂ ਰਾਮ ਸਿੰਘ ਜੀ ਤੇ ਹੋਰ ਕੂਕਾ ਨਾਇਕਾਂ ਬਾਰੇ ਲੰਮੀਆਂ ਕਥਾਵਾਂ, ਰੌਚਕ ਸ਼ੈਲੀ ਵਿਚ ਪ੍ਰਸਤੁਤ ਕੀਤੀਆਂ। ” ਇਸੇ ਸੰਦਰਭ ਵਿਚ 'ਮਸਤਾਂ ਦੀਆਂ ਮਜਲਸਾਂ ਦੇ ਸਰਦਾਰ -ਮਹਾਰਾਜ ਗੁਰਦਿਆਲ ਸਿੰਘ ਜੀ' ਨੂੰ ਸਮਰਪਿਤ ਮਜ਼ਮੂਨ ਵਿਚ ਸੰਨ 1920 ਤੋਂ ਸ਼ੁਰੂ ਹੋਏ ਹਫ਼ਤਾਵਾਰ 'ਸਤਿਜੁਗ' ਦੇ ਪ੍ਰਕਾਸ਼ਨ ਦਾ ਪ੍ਰਸੰਗ ਪੰਜਾਬ ਵਿਚ ਇਤਿਹਾਸਕ ਮੁਕਾਮ ਰੱਖਦਾ ਹੈ। 'Kuka Outbreak' ਤਹਿਤ ਦਸਤਾਵੇਜ਼ੀ ਰਿਕਾਰਡ ਲੰਡਨੋਂ ਲਿਆਂਦਾ ਗਿਆ ਅਤੇ 'ਹੱਡਬੀਤੀ' ਸਿਰਲੇਖ ਤਹਿਤ ਛਾਪਿਆ ਗਿਆ । ਪ੍ਰੈਸ ਅਤੇ ਪ੍ਰਕਾਸ਼ਨ ਦੇ ਜ਼ਰੀਏ ਇਹ ਨਵੇਂ ਢੰਗ ਦੀ ਲੇਖਣੀ ਸੀ ਜਿਸ ਨੂੰ ਮੇਲਿਆਂ, ਦੀਵਾਨਾਂ ਅਤੇ ਹੋਰ ਇਕੱਤਰਤਾਵਾਂ ਵਿਚ ਵੰਡਿਆ ਜਾਂਦਾ ਸੀ ਅਤੇ ਜ਼ੁਬਾਨੀ ਪ੍ਰਚਾਰ ਵੀ ਕੀਤਾ ਜਾਂਦਾ ਸੀ। ਵਿਰਕ ਜੀ 'ਹੱਡਬੀਤੀ' ਵਾਲੀ ਦਸਤਾਵੇਜ਼-ਆਧਾਰਿਤ ਲੇਖਣੀ ਨੂੰ ਇਸ ਤੋਂ ਪਹਿਲਾਂ ਜਾਰੀ ਕਾਵਿ+ਇਤਿਹਾਸ-ਲੇਖਣ ਦੀ ਵੰਨਗੀ, ਗਿਆਨੀ ਗਿਆਨ ਸਿੰਘ ਜੀ ਦੇ 'ਪੰਥ ਪਰਕਾਸ਼' ਦੀ ਪ੍ਰੇਰਨਾ ਅਧੀਨ ਲਿਖੇ ਗਿਆਨੀ ਕਾਲਾ ਸਿੰਘ ਦਾ 'ਨਾਮਧਾਰੀ ਪੰਥ ਪਰਕਾਸ਼' ਤੋਂ ਵਖਰਿਆਉਂਦੇ ਹਨ। ਮੌਖਿਕ ਪਰੰਪਰਾ ਵੀ ਦਸਤਾਵੇਜ਼ੀ ਇਤਿਹਾਸ ਦੇ ਦੌਰ ਵਿਚ ਵੀ ਜਾਰੀ ਸੀ ਅਤੇ ਮਹਾਰਾਜ ਗੁਰਦਿਆਲ ਸਿੰਘ “ਬਿਰਧਾਂ ਤੋਂ ਸੁਣੇ ਬਚਨ, ਨਾਮਧਾਰੀ ਇਤਿਹਾਸ ਸੰਬੰਧੀ ਖੋਜ ਰੋਜ਼ ਲਿਖਦੇ। " ਸੋ ਇਹ ਲੋਕ-ਕੰਠ ਅਤੇ ਅੱਖੀਂ ਡਿੱਠੇ ਦੀ ਵਾਰਤਾ ਨਾਮਧਾਰੀ ਇਤਿਹਾਸ-ਲੇਖਣ ਧਾਰਾ ਦਾ ਟਕਸਾਲੀ ਅੰਗ ਹੈ ਅਤੇ ਇਹ ਤੱਤ ਵਿਰਕ ਜੀ ਦੇ ਕਾਰਜ ਵਿਚ ਵੀ ਬਰਾਬਰ ਦੀ ਥਾਂ ਰੱਖਦੀ ਹੈ। ਭੈਣੀ ਸਾਹਿਬ ਡੇਰੇ ਦੇ ਕੁਸ਼ਲ ਪ੍ਰਬੰਧਕ ਰਹੇ ਆਪਣੇ ਪਿਤਾ ਜਥੇਦਾਰ ਗੁਰਮੁਖ ਸਿੰਘ ਝੱਬਰ ਵੱਲੋਂ ਪੁਰਾਣੇ ਨਾਮਧਾਰੀ ਸਿੰਘਾਂ ਦੀਆਂ ਸੁਣਾਈਆਂ ਗਾਥਾਵਾਂ ਅਤੇ ਕੁਕਾ ਕੇਂਦਰ ਦੇ ਅਨੁਭਵ ਨੂੰ 'ਅੱਖੀਂ ਢਿੱਠਾ ਕਿੱਸਾ ਕੀਤਾ' ਵਿਚ ਜਿਲਦਬੰਦ ਕੀਤਾ। ਪੁਸਤਕ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਵਿਰਕ ਜੀ ਆਪਣੇ ਪੁਰਖਿਆਂ ਦੇ ਬਚਨਾਂ ਨੂੰ ਮੁੜ ਤੋਂ ਮਾਣ ਰਹੇ ਹਨ ਅਤੇ ਸਾਡੇ ਤੱਕ ਉਸ ਕੂਕਾ ਜਗਤ ਦੇ ਮਜੀਠੀ ਕਹਿਣਾ ਬਣਦਾ ਹੈ ਕਿ ਤੁਹਾਡੀ ਘਾਲਿ ਥਾਂਇਪਈ ਹੈ ਵਿਰਕ ਜੀ । ਬਾਬਾ ਵਾਰਿਸ ਸ਼ਾਹ ਤੁਠੇ ਹਨ ਤੇ ਆਖਦੇ ਹਨ: 'ਜਾਹ ਗੂੰਜ ਤੂੰ ਮੰਗਵਾੜ ਬੈਠਾ, ਬਖ਼ਸ਼ ਲਈ ਹੈ ਸਭ ਤਕਸੀਰ ਤੇਰੀ।' ਸਿਦਕ ਦੀ ਵਾਰ ਪੁੱਜਦੀ ਕਰ ਰਹੇ ਹਨ।
ਹਜ਼ਰੋ ਸਾਹਿਬ ਦੇ ਬਾਬਾ ਬਾਲਕ ਸਿੰਘ ਜੀ ਤੋਂ ਤੁਰਿਆ ਇਹ ਅੰਦੋਲਨ ਅਗਲੇਰੇ ਪੜਾਅ ਉਤੇ ਸਤਿਗੁਰੂ ਰਾਮ ਸਿੰਘ, ਹਰੀ ਸਿੰਘ, ਪ੍ਰਤਾਪ ਸਿੰਘ, ਬੀਰ ਸਿੰਘ, ਜਗਜੀਤ ਸਿੰਘ ਜੀ ਦੀਆਂ ਜੀਵਨੀਆਂ ਰਾਹੀਂ ਸਾਨੂੰ ਕੂਕਾ ਲਹਿਰ ਦੇ ਆਰੰਭ ਹੋਣ ਦੇ ਸੰਦਰਭ, ਸੰਘਰਸ਼, ਸੰਗਠਨ, ਆਗੂ ਜਥਾ ਅਤੇ ਪ੍ਰਮੁਖ ਘਟਨਾਵਲੀਆਂ ਰਾਹੀਂ ਇਹ ਪੁਸਤਕ ਲੜੀ ਨਾਮਧਾਰੀ ਸੰਪਰਦਾਇ ਦੀ ਇਤਿਹਾਸ ਰੇਖਾ ਦੇ ਸਾਹਮਣੇ ਲੈ ਆਉਂਦੀ ਹੈ। ਅਗਲੇਰੇ ਵਿਸਥਾਰ ਵਿਚ 1857 ਦੀ ਵਿਸਾਖੀ ਵੇਲੇ ਦੇ ਪਹਿਲੇ ਪੰਜ ਪਿਆਰੇ; ਸੂਬੇ ਅਤੇ ਨਾਇਬ ਸੂਬੇ; ਜਥੇਦਾਰ, ਮਹੰਤ, ਕਥਾਵਾਚਕ, ਕੀਰਤਨੀਏ, ਆਦਿ ਆਉਂਦੇ ਹਨ। ਕਈ ਅਧਿਐਨ ਕਾਰਜ ਨਾਮਧਾਰੀਆਂ ਨੂੰ ਆਜ਼ਾਦੀ ਸੰਗਰਾਮ ਦੇ ਮੋਢੀ ਵਜੋਂ ਵੇਖਦੇ ਹਨ: ਕਈ ਇਸ ਲਹਿਰ ਨੂੰ millennial ਰੁਝਾਨ ਵਾਲਾ ਵਰਤਾਰੇ ਵਜੋਂ ਤੇ ਕਈ ਇਸ ਨੂੰ ਸਿੱਖ ਸਮਾਜ ਤੋਂ ਫ਼ਾਸਲੇ 'ਤੇ ਵਿਚਰਨ ਵਾਲੇ ਸੰਪਰਦਾਇ ਵਜੋਂ ਸਥਾਪਤ ਕਰਦੇ ਹਨ। ਹੁਣ ਹਿੰਦੂ ਬਹੁਗਿਣਤੀਵਾਦੀ ਵਿਚਾਰਧਾਰਾ ਤਹਿਤ ਇਸ ਨੂੰ ਸਨਾਤਨ ਪਰੰਪਰਾ ਅਨੁਸਾਰੀ ਮਿਸ਼ਰਿਤ ਸਭਿਆਚਾਰ ਦੀ ਵੰਨਗੀ ਵਜੋਂ ਦਰਸਾਉਣ ਦਾ ਰੁਝਾਨ ਵੀ ਦਿਸਦਾ ਹੈ। ਇਹ ਸਭ ਅਧਿਐਨ ਕਾਰਜ ਆਪੋ ਆਪਣੇ ਨੁਕਤੇ ਉਭਾਰਦੇ ਹਨ, ਪਰ ਕੂਕਾ ਲਹਿਰ ਦੇ ਮਰਮ ਤੱਕ ਲਿਜਾਂਦੇ ਕੇਂਦਰੀ ਸੂਤਰ ਬਾਰੇ ਮਤਭੇਦ ਬਣਿਆ ਰਹਿੰਦਾ ਹੈ। ਸੁਵਰਨ ਸਿੰਘ ਵਿਰਕ ਇਸ ਸੰਵੇਦਨਸ਼ੀਲ ਮਾਮਲੇ ਨੂੰ ਸੁਲਝਾਉਂਦੇ ਦਿਸਦੇ ਹਨ ਅਤੇ ਅਨੇਕ ਦਲੀਲਾਂ, ਤੱਥਾਂ ਅਤੇ ਦ੍ਰਿਸ਼ਟਾਂਤਾਂ ਸਦਕਾ ਕੂਕਾ ਲਹਿਰ ਦੇ ਕਿਰਦਾਰ ਦੀ ਸਾਂਝੀ ਤੰਦ ਵਜੋਂ ਇਸ ਦੇ 1857-1907 ਕਾਲ ਖੰਡ ਵਿਚ ਬਸਤੀਵਾਦੀ-ਵਿਰੋਧ ਦਾ ਧੁਰਾ ਹੋਣ ਨੂੰ ਸਥਾਪਦੇ ਹਨ। ਇੰਞ ਵੇਖਿਆਂ ਕੂਕਾ ਲਹਿਰ ਅੰਗਰੇਜ਼-ਸਿੱਖ ਜੰਗਾਂ ਦੀ ਸੈਨਿਕ, ਹਥਿਆਰਬੰਦ ਬਿਰਤੀ ਦੀ ਵਾਹਕ ਵੀ ਹੈ ਅਤੇ ਪ੍ਰਚਾਰ, ਸਮਾਜ ਸੁਧਾਰ, ਜਥੇਬੰਦੀ ਸਦਕਾ ਲੋਕ-ਉਭਾਰ ਦੀ ਤਿਆਰੀ ਵਿਚ ਜੁਟੀ ਹੋਈ ਆਧੁਨਿਕ ਕਿਸਮ ਦੀ ਸਿਆਸਤ ਲਈ ਪਿੜ ਵੀ ਤਿਆਰ ਕਰ ਰਹੀ ਦਿਸਦੀ ਹੈ। ਇਸ ਦੋਹਰੀ ਤਰਜ਼ ਦੀ ਕਰਮਧਾਰਾ ਨੇ ਕੂਕਾ ਲਹਿਰ ਦੇ ਸਾਹਮਣੇ ਹਰ ਇਤਿਹਾਸਕ ਦੌਰ ਵਿਚ ਨਵੀਆਂ ਵੰਗਾਰਾਂ ਖੜ੍ਹੀਆਂ ਕੀਤੀਆਂ।
ਕਹਿਣਾ ਬਣਦਾ ਹੈ ਕਿ ਅੰਗਰੇਜ਼ ਫੌਜ ਨਾਲ ਬਰ ਮੇਚਣ ਲਈ ਯੂਰਪੀਨ ਤਰਜ਼ ਦੀ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਫੌਜ ਦੇ ਅੰਦਰਵਾਰ ਪੰਜਾਬੀ ਸਿਪਾਹੀਆਂ ਵਿਚ ਰਮੀ ਹੋਈ ਪੰਜਾਬੀ ਸੁਰਤ ਦਾ ਅੰਗਰੇਜ਼ ਸਾਮਰਾਜ ਦੇ ਵਰਤਾਰੇ, ਚਰਿੱਤਰ, ਕਾਰਜ ਪ੍ਰਣਾਲੀ ਨਾਲ ਨੇੜੇ ਦਾ ਵਾਹ, ਸੰਪਰਕ ਤੇ ਨਜ਼ਰਸਾਨੀ ਹੋਣ ਸਦਕਾ ਕਿਸੇ ਨਵੀਂ ਚੇਤਨਾ ਜਾਂ ਸਬਕ ਲਈ ਜ਼ਰੂਰੀ ਜ਼ਮੀਨ ਤਿਆਰ ਕਰਦਾ ਹੈ। ਲੋਕ-ਲਾਮਬੰਦੀ ਤੋਂ ਬਿਨਾਂ ਅੰਗਰੇਜ਼ ਸਾਮਰਾਜ ਨਾਲ ਸਿੱਧੀ ਟੱਕਰ ਤੋਂ ਟਾਲ਼ ਕੱਢਣ ਦੇ ਬਾਬਾ ਰਾਮ ਸਿੰਘ ਦੇ ਤਰੀਕਾਕਾਰ, ਜਥੇਬੰਦਕ ਕੁਸ਼ਲਤਾ, ਰਣਨੀਤਕ ਸੰਪਰਕ, ਖ਼ਾਲਸਾਈ ਮਰਿਆਦਾ ਦੀ ਬਹਾਲੀ, ਸਮਾਜ ਅਤੇ ਧਰਮ-ਸੁਧਾਰ ਦੀ ਚੇਤਨਾ, ਕਿਰਤ ਨੂੰ ਮਨੁੱਖੀ ਚਰਿੱਤਰ ਦਾ ਕੇਂਦਰੀ ਧੁਰਾ ਮੰਨਣ ਦੀ ਧਾਰਨਾ - ਇਹ ਸਾਰੇ ਤੱਤ ਅਗਲੇਰੀਆਂ ਲੋਕ ਲਹਿਰਾਂ ਦੇ ਮੌਲਣ ਲਈ ਸਿਆੜ ਕੱਢਦੇ ਹਨ। ਇਸ ਰੁਝਾਨ ਦੀ ਤਰਜਮਾਨੀ ਕਰਦਾ 'ਇਤਿਹਾਸ-ਪੁਰਖ ਬਾਬਾ ਲਹਿਣਾ ਸਿੰਘ 'ਘਰਜਾਖ'' ਵਾਲਾ ਮਜ਼ਮੂਨ ਵੇਖੀਏ:
"ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਿੱਖ ਪੁਨਰ-ਜਾਗਰਣ ਅਤੇ ਆਜ਼ਾਦੀ ਸੰਗਰਾਮ ਵਿੱਢਣ ਲਈ ਸਾਜੇ ਗਏ, ਨਾਮਧਾਰੀ ਜਾਂ ਕੂਕਾ ਪੰਥ ਦੀ ਵਿਸ਼ੇਸ਼ਤਾ ਇਹ ਸਮਝੀ ਗਈ । ਕਿ ਜਿਹਨਾਂ ਲੋਕਾਂ ਦੇ ਹਿਰਦਿਆਂ ਵਿਚ, ਮਹਾਰਾਜਾ ਰਣਜੀਤ ਸਿੰਘ ਦੇ ਸਾਂਝੇ ਪੰਜਾਬੀ ਰਾਜ ਦਾ ਗੌਰਵ ਗੁਆਚਣ ਦਾ ਰੋਸ ਪੈਦਾ ਹੋਇਆ, ਉਹ ਧੀਰੇ-ਧੀਰੇ ਆਪ ਦੇ ਝੰਡੇ ਹੇਠ ਜੁੜਦੇ ਗਏ । ਇਸ ਕਾਰਨ ਸਿੱਖ ਸੈਨਾ, ਜਿਸ ਵਿਚ ਆਪ ਨੇ 1837 ਤੋਂ 1845 ਤੱਕ ਦਾ ਸਮਾਂ ਬਤੀਤ ਕੀਤਾ ਸੀ, ਇਸ ਨਾਲ ਸਬੰਧਿਤ ਬਹੁਤ ਸਾਰੇ ਸੈਨਿਕ ਅਤੇ ਉੱਚ ਅਧਿਕਾਰੀਆਂ ਨੇ ਵੀ ਕੂਕਾ ਅੰਦੋਲਨ ਨਾਲ ਜੁੜਨ ਵਿਚ, ਪੰਜਾਬ ਦੇ ਉੱਜਲ ਭਵਿੱਖ ਦੇ ਦਰਸ਼ਨ ਹੁੰਦੇ ਮਹਿਸੂਸ ਕੀਤੇ। ਪੰਜਾਬ ਪੁਲਸ ਦੇ ਨਾਂ ਚਿੱਠੀ ਵਿਚ 50 ਕੂਕਾ ਮੁਖੀਆਂ ਦਾ ਜ਼ਿਕਰ ਕੀਤਾ ਗਿਆ ਹੈ...ਏਨੇ ਕੁ ਕੂਕਾ ਮੁਖੀ ਅੰਗਰੇਜ਼ੀ ਰਾਜ ਸਮੇਂ (1849 ਤੋਂ ਬਾਅਦ) ਪੁਲੀਸ ਜਾਂ ਫੌਜ ਵਿਚ ਰਹਿ ਚੁੱਕੇ ਸਨ.. ਸੂਬਾ ਬ੍ਰਹਮਾ ਸਿੰਘ ਬਾਰੇ ਵੀ 1857 ਦੇ ਵਿਦਰੋਹ ਵਿਚ ਸ਼ਾਮਿਲ ਹੋਣਾ ਲਿਖਿਆ ਮਿਲਦਾ ਹੈ, ਸੋ ਉਹ ਵੀ ਸਾਬਕਾ ਸੈਨਿਕ ਸਨ। ਰਾਜ ਖੁੱਸਣ ਤੋਂ ਬਾਅਦ ਨਲਵੇ ਸਰਦਾਰ ਦੇ ਵੰਸ਼ਜਾਂ ਦਾ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਨਾ, ਇਸ ਗੱਲ ਦਾ ਸਬੂਤ ਸੀ ਕਿ ਆਪ ਦਾ ਨਿਸ਼ਾਨਾ ਪੰਜ ਦਰਿਆਵਾਂ ਦੀ ਧਰਤੀ ਤੋਂ ਬਦੇਸ਼ੀ ਹਾਕਮਾਂ ਦਾ ਬਿਸਤਰਾ ਗੋਲ ਕਰਨਾ ਸੀ। ਕੂਕਾ ਲਹਿਰ ਦਾ ਸੰਕਲਪ ਐਸੀ ਰਾਜ ਸੱਤਾ ਦਾ ਸੀ ਜਿਹਦੇ ਤੋਂ ਸਮਾਜ ਦੇ ਨਾ ਸਿਰਫ਼ ਉਪਰਲੇ ਤਬਕੇ ਨੇ, ਸਗੋਂ ਦੱਬਿਆਂ-ਕੁਚਲਿਆਂ ਨੇ ਵੀ ਬੰਧਨ-ਮੁਕਤ ਹੋ ਕੇ ਲਾਭਵੰਤ ਹੋਣਾ ਸੀ।”
ਆਜ਼ਾਦੀ ਲਈ ਜੋ ਮਜੀਠੀ ਰੰਗ ਦੇ ਬਸਤੀਵਾਦ-ਵਿਰੋਧੀ ਕੂਕਾ ਲਹਿਰ ਦੇ ਖ਼ਾਲਸਾ ਰਾਜ ਦੀ ਬਹਾਲੀ ਕਰਨ ਵਾਲੇ ਰਾਜਸੀ ਨਿਸ਼ਾਨੇ, ਸਮਾਜਕ ਏਕਤਾ ਅਤੇ ਭਵਿੱਖੀ ਘਾੜ੍ਹਤ ਲਈ ਤਿਆਰ ਹੋਇਆ ਪਹਿਲਾ ਪੂਰ ਪੰਜਾਬ ਦੀ ਧਾਗੇ ਨਾਲ ਫੁਲਕਾਰੀ ਕੱਢਦਾ ਹੈ ਅਤੇ ਅਗਲੇ ਪੂਰਾਂ ਲਈ ਸਿਆੜ ਕੱਢਦਾ ਹੈ। ਇਹਨਾਂ ਸਿਦਕਧਾਰੀ ਪੁਰਖਾਂ ਦਾ ਬਿਆਨ ਕਰਦਿਆਂ ਵਿਰਕ ਜੀ 19-20ਵੀਂ ਸਦੀ ਦੇ ਪੰਜਾਬ ਦੇ ਇਤਿਹਾਸ, ਭੂਗੋਲ, ਸਮਾਜਚਾਰਾ, ਸਭਿਆਚਾਰ, ਸਾਹਿਤ, ਲੋਕ ਬੋਲੇ, ਆਦਿ ਨੂੰ ਚਿਤਰਦੇ ਜਾਂਦੇ ਹਨ, ਸਿਮਰਤੀਆਂ ਉਲੀਕਦੇ-ਉਘਾੜਦੇ ਜਾਂਦੇ ਹਨ ਕਿ ਸਾਡੇ ਨਜ਼ਦੀਕ ਕੂਕਾ ਲਹਿਰ ਪੰਜਾਬ ਦੀ ਥਿਰ ਹੁੰਦੀ ਜਾਂਦੀ ਕਾਇਆ ਵਿਚ ਨਵੇਂ ਲਹੂ ਦਾ ਸੰਚਾਰ ਕਰਦੀ ਦਿਸਦੀ ਹੈ। ਜਿਥੇ ਕਿਤੇ ਕਿਸੇ ਨਾਇਕ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਹੈ, ਉਥੇ ਵੀ ਡਿਸਟ੍ਰਿਕਟ ਗਜ਼ਟੀਅਰ ਵਿਚੋਂ, ਲੋਕ ਸਿਮਰਤੀ ਵਿਚੋਂ, ਸਿੱਖ ਇਤਿਹਾਸ ਵਿਚੋਂ ਢੁਕਵੇਂ ਵੇਰਵੇ ਦੇ ਕੇ ਮੁਕਾਮੀ ਇਤਿਹਾਸ (Local History) ਨੂੰ ਉਘਾੜ੍ਹਦੇ ਹਨ। ਮਿਸਾਲ ਵਜੋਂ ਨਾਮਧਾਰੀ ਸਿੱਖਾਂ ਦੀ 'ਮਸਤਾਨਾ ਪਰੰਪਰਾ' ਦੇ ਮੋਢੀਆਂ ਵਾਲਾ ਰੁਤਬਾ ਰੱਖਣ ਵਾਲੇ 'ਢਾਈਆਂ ਵਿਚੋਂ ਇਕ - ਸਮਰੱਥ ਪੁਰਖ ਬਾਬਾ ਜਮੀਅਤ ਸਿੰਘ ਕਾਹਨਾ ਕਾਛਾ' ਵਾਲਾ ਮਜ਼ਮੂਨ ਗੰਭੀਰ ਪ੍ਰਾਪਤੀ ਹੈ।
ਕੂਕਾ ਲਹਿਰ ਵਿਚ ਨਾਤੇਦਾਰੀ-ਸਾਕਾਚਾਰੀ ਸੰਬੰਧਾਂ ਦੀ ਸਰਗਰਮੀ ਦਿਸਦੀ ਹੈ। ਹੋਰਾਂ ਦੇ ਨਾਲ 'ਭਾਈ ਆਤਮਾ ਸਿੰਘ ਆਲੋ ਮੁਹਾਰ' ਪੰਜਾਂ ਪਿਆਰਿਆਂ ਵਿਚੋਂ ਇਕ ਸਨ । ਸੰਤ ਨਿਧਾਨ ਸਿੰਘ ਆਲਿਮ ਤੋਂ ਇਲਾਵਾ ਵੇਰਵੇ ਲਗਭਗ ਖ਼ਾਮੋਸ਼ ਹਨ, ਪਰ ਵਿਰਕ ਜੀ ਪੁਰਾਣੇ ਸਾਹਿਤ ਅਤੇ ਮੌਖਿਕ ਬਿਆਨਾਂ ਦੇ ਨਾਲ ਜ਼ਮੀਨੀ ਖੋਜ ਕਾਰਜ ਰਾਹੀਂ ਨਾਮਧਾਰੀ ਲਹਿਰ ਦੇ ਵਿਸਥਾਰਤ ਸਮਾਜਕ ਆਧਾਰ ਦੀ ਇਕ ਹੋਰ ਗੌਲਣਯੋਗ ਪਰਤ- ਸਰਕਾਰੀ ਨੌਕਰੀਸ਼ੁਦਾ, ਅਰੋੜੇ ਖਤਰੀ ਅਤੇ ਪੜ੍ਹੇ ਲਿਖੇ ਸ਼ਹਿਰੀ ਤਬਕੇ- ਸਾਹਮਣੇ ਲਿਆਉਂਦੇ ਹਨ:
“ਝਨਾਂ ਦੇ ਕੰਢੇ ਦਾ ਭਾਈ ਰੁਲਦੂ ਸਿੰਘ ਅਤੇ ਆਲੋ ਮੁਹਾਰ (ਸਿਆਲਕੋਟ) ਦੇ ਦੋ ਹੋਰ ਪਟਵਾਰੀ ਕੂਕੇ - ਇਹ ਸਾਰੀ ਮਹਿਮਾ ਭਾਈ ਆਤਮਾ ਸਿੰਘ ਆਲੋ ਮੁਹਾਰ ਦੀ ਸੀ । ਜਿਹਨਾਂ ਨਾ ਸਿਰਫ਼ ਆਪਣੇ ਪਿੰਡ ਵਿੱਚ, ਸਗੋਂ ਗੁਆਂਢੀ ਜ਼ਿਲ੍ਹਿਆਂ ਦੇ ਅਰੋੜੇ ਖਤਰੀਆਂ ਅਤੇ ਪੜ੍ਹੇ ਲਿਖੇ ਸ਼ਹਿਰੀ ਤਬਕੇ ਵਿਚ ਵੀ ਕੂਕੇ ਬਣਾਏ। ਟੇਕ ਸਿੰਘ ਪਟਵਾਰੀ ਜਿਹੇ ਕੱਟੜ ਕੂਕੇ ਹੀ ਆਪਣੀ ਨੌਕਰੀ ਦੀ ਕੀਮਤ 'ਤੇ ਵੀ ਕਹਿ ਸਕਦੇ ਸਨ ਕਿ ਸੱਚਾ ਗੁਰੂ ਤਾਂ ਸਤਿਗੁਰੂ ਰਾਮ ਸਿੰਘ ਹੀ ਹੈ। ਭਾਈ ਆਤਮਾ ਸਿੰਘ ਅਲੋਪ ਰਹਿ ਕੇ ਵੀ ਨਾਮਧਾਰੀ ਇਤਿਹਾਸ 'ਤੇ ਆਪਣੀ ਡੂੰਘੀ ਛਾਪ ਛੱਡਦਾ ਹੈ। "
ਇਸ ਪੁਸਤਕ ਲੜੀ ਵਿਚ ਕੂਕਾ ਲਹਿਰ ਅੰਦਰ ਔਰਤਾਂ ਦੀ ਸਰਗਰਮ ਹਿੱਸੇਦਾਰੀ ਅਨੇਕ ਪੱਧਰਾਂ ਉਤੇ ਦਿਸਦੀ ਹੈ। ਪੰਜਾਬ ਦੇ ਸਮਾਜਕ ਇਤਿਹਾਸ ਵਿੱਚ ਇਹਨਾਂ ਧਰਮੀ, ਦ੍ਰਿੜ੍ਹ ਅਤੇ ਸੰਗਰਾਮੀ ਔਰਤਾਂ ਦੀ ਗਿਣਤੀ ਅਤੇ ਵੇਰਵੇ ਦੇ ਕੇ ਉਹਨਾਂ ਦੀ ਕਰਨੀ ਨੂੰ ਕੇਂਦਰ ਵਿਚ ਲਿਆਉਣਾ ਇਸ ਉੱਦਮ ਦੀ ਨਿੱਗਰ ਪ੍ਰਾਪਤੀ ਹੈ। ਮਾਈ ਜੁਆਲਾ ਦੇਈ, ਮਹਾਰਾਣੀ ਜਿੰਦਾਂ, ਮਾਈ ਗੁਰਦੇਈ ਖੰਨੇ ਵਾਲੀ, ਮਾਈ ਅਤਰੀ, ਮਾਤਾ ਜੀਵਨ ਕੌਰ, ਗੁਰੂ ਜਨਨੀ ਮਾਤਾ ਸਦਾ ਕੌਰ, ਜਗਤ ਮਾਤਾ ਜੱਸਾਂ ਜੀ, ਬੀਬੀ ਨੰਦਾਂ, ਜਗਤ ਮਾਤਾ ਫ਼ਤਹਿ ਕੌਰ ਜੀ, ਮਾਈ ਭੋਲੀ ਲੁਧਿਆਣੇ ਵਾਲੀ, ਮਾਤਾ ਭੁਪਿੰਦਰ ਕੌਰ ਜੀ, ਮਾਤਾ ਸਾਹਿਬ ਕੌਰ ਪੱਧਰੀ, ਮਾਈ ਇੰਦ ਕੌਰ ਹੰਢਿਆਇਆ, ਮਾਈ ਉੱਤਮੀ ਉਰਫ਼ ਘੁੱਲੀ, ਮਾਈਅਤਰ ਕੌਰ ਮਾਈਸਰਖਾਨਾ, ਮਾਈ ਬੁੱਧਾਂ, ਮਾਈ ਮਹਾਤਮਾ ਜਾਂ ਸੂਬਾ ਹੁਕਮ ਕੌਰ ਅਤੇ ਹੋਰ ਸਿਦਕੀ ਵੀਰਾਂਗਣਾਵਾਂ ਦਾ ਵਰਨਣ ਸਾਡੇ ਸਿਰ ਵਿਰਕ ਜੀ ਵੱਲੋਂ ਕੀਤਾ ਅਹਿਸਾਨ ਹੈ। ਨਾਮਧਾਰੀ ਪੰਥ ਵਿਚ ਪਹਿਲਾ ਇਸਤਰੀ ਸੂਬਾ ਹੋਣ ਦਾ ਮਾਣ ਬੀਬੀ ਹੁਕਮ ਕੌਰ ਜੀ ਨੂੰ ਜਾਂਦਾ ਹੈ । ਬਾਬਾ ਰਾਮ ਸਿੰਘ 'ਨਾਰੀ ਨਿੰਦਾ' ਵਾਲੇ 'ਸਭਿਆਚਾਰ' ਤੋਂ ਦੂਰ ਸਨ, ਔਰਤਾਂ ਦੀ ਹਸਤੀ ਦਾ ਸਨਮਾਨ ਬਹਾਲ ਕਰਨ ਹਿੱਤ ਆਵਾਜ਼ ਬੁਲੰਦ ਕਰਦਿਆਂ ਕੁਰੀਤੀਆਂ ਤਜਣ ਨੂੰ ਨਾਮਧਾਰੀ ਜੀਵਨ ਜਾਚ ਦਾ ਅੰਗ ਬਨਾਉਣ ਵਾਲੇ ਸਨ। ਕੂਕਾ ਲਹਿਰ ਦੇ ਸਮਾਜਕ ਪਸਾਰ ਵਿੱਚ ਇੱਕ ਨੁਕਤਾ ਸਾਡਾ ਧਿਆਨ ਖਿੱਚਦਾ ਹੈ ਕਿ ਸਾਦਾ, ਸਮੂਹਿਕ ਅਤੇ ਅੰਤਰਜਾਤੀ ਵਿਆਹਾਂ ਦੀ ਪਰੰਪਰਾ ਵੀ ਸਾਹਮਣੇ ਆਉਂਦੀ ਹੈ ਅਤੇ ਜੱਟਾਂ ਦੀਆਂ ਧੀਆਂ ਦੇ ਰਿਸ਼ਤੇ ਰਾਮਗੜ੍ਹੀਆਂ, ਛੀਂਬਿਆਂ, ਆਦਿ ਵਿੱਚ ਹੁੰਦੇ ਹਨ।
ਔਰਤਾਂ ਨੂੰ ਗੁਰਮੁਖੀ ਵਿੱਚ ਸਿੱਖਿਅਤ ਕਰਨਾ ਅਤੇ ਸਿੰਘਾਂ ਦੇ ਬਰਾਬਰ ਹੀ ਖਾਲਸਈ ਰਹਿਤ ਮਰਿਆਦਾ ਦੇ ਧਾਰਨੀ ਬਨਾਉਣ ਜਿਹੇ ਕਾਰਜ ਤੋਰਨਾ ਕਿ “ਭੈਣਾਂ ਨੂੰ ਵੀ ਆਪਣੇ ਹਨ: ਭਰਾਵਾਂ ਨਾਲ ਮਿਲ ਕੇ ਗੋਰਿਆਂ ਦੇ ਖ਼ਿਲਾਫ਼ ਜੰਗ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੈ।”
ਇਸ ਰੌਸ਼ਨੀ ਵਿਚ ਦੇਖਿਆਂ 'ਸੂਬਾ ਹੁਕਮੀ' ਇਕ “ਪੜ੍ਹੀ ਲਿਖੀ, ਨਾਮਬਾਣੀ ਵਿਚ ਪਰਪੱਕ ਕਿਸਾਨ ਪਿਛੋਕੜ ਵਿਚੋਂ ਆਈ, ਮਾਝਾ ਖਿੱਤੇ ਨਾਲ ਸੰਬੰਧਿਤ, ਯੁਵਾ ਅਤੇ ਉਤਸ਼ਾਹੀ" ਔਰਤ ਸੀ। ਇਸ ਚੋਣ ਉੱਤੇ ਪੂਰਾ ਉਤਰਨ ਲਈ: “ਆਪਣਾ ਸਮੁੱਚਾ ਜੀਵਨ, ਗੁਰੂ ਆਸ਼ੇ ਅਨੁਸਾਰ, | ਗੁਰਮਤ ਜੀਵਨ ਜਾਚ ਦਾ ਪ੍ਰਚਾਰ ਕਰਦਿਆਂ, ਸਧਾਰਨ ਤੋਂ ਲੈ ਕੇ ਰਾਜ ਦਰਬਾਰਾਂ ਦੀਆਂ ਬੀਬੀਆਂ ਨੂੰ ਸਿੱਖੀ ਵਿਚ ਪਰਪੱਕ ਕਰਨ ਲਈ ਵਕਫ਼ ਕਰ ਦਿੱਤਾ। ” ਮਾਈ ਮਹਾਤਮਾ ਦੇ ਲਕਬ ਨਾਲ ਜਾਣੀ ਜਾਂਦੀ ਬੀਬੀ ਹੁਕਮ ਕੌਰ ਦੇ ਕਾਰਜਾਂ ਬਾਰੇ ਪੁਲੀਸ ਰਿਕਾਰਡ ਵੀ ਬੋਲਦਾ ਹੈ। ਇਨ੍ਹਾਂ ਇੰਦਰਾਜਾਂ ਤੋਂ ਵਿਰਕ ਜੀ 19ਵੀਂ ਸਦੀ ਦੇ ਪੰਜਾਬੀ ਸਮਾਜ ਵਿਚ ਇਕ ਪੇਂਡੂ ਕਿਸਾਨੀ ਪਿਛੋਕੜ ਵਾਲੀ ਪ੍ਰਬੁੱਧ ਔਰਤ, ਸੂਬਾ ਹੁਕਮ ਕੌਰ ਦਾ ਜੀਵਨ ਵਰਨਣ ਕਰਦਿਆਂ ਉਸ ਦੀ ਬੌਧਿਕ ਸਿਖਲਾਈ, ਜਨਤਕ ਤੌਰ 'ਤੇ ਕਥਾਕਾਰੀ ਕਰਨਾ ਅਤੇ ਕੂਕਾ ਸੂਬਾ ਹੋਣ ਕਰ ਕੇ ਅੰਦੋਲਨ ਨੂੰ ਲਾਮਬੰਦ ਕਰਦਿਆਂ ਨਜ਼ਰਬੰਦੀ ਹੰਢਾਉਣ ਬਾਰੇ ਸਾਨੂੰ ਵਡਮੁੱਲੀ ਜਾਣਕਾਰੀ ਦਿੰਦੇ
“ਛੋਟੀ ਉਮਰ ਤੋਂ ਹੀ ਉਸ ਅੰਮ੍ਰਿਤਸਰ ਵਿਚ ਨਿਰਮਲੇ ਸੰਤ ਮਿਸ਼ਰਾ ਸਿੰਘ ਜੀ ਦੇ ਡੇਰੇ ਰਹਿ ਕੇ, ਆਦਿ ਗ੍ਰੰਥ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਵਿਦਿਆ, ਅਰਥ-ਬੋਧ ਅਤੇ ਵੇਦਾਂਤ ਦੀ ਜਾਣਕਾਰੀ ਵੀ ਹਾਸਿਲ ਕੀਤੀ। ਆਪ ਹਰ ਰੋਜ਼ ਬਾਬਾ ਦੀਪ ਸਿੰਘ ਸ਼ਹੀਦ ਦੇ ਬੁੰਗੇ, ਪਰਕਰਮਾ ਵਿਚ ਕਥਾ ਵੀ ਕਰਿਆ ਕਰਦੇ ਸਨ। ਫ਼ਿਰ ਸਤਿਗੁਰੂ ਰਾਮ ਸਿੰਘ ਜੀ ਦੇ 1862 ਈ. ਦੀਵਾਲੀ ਸਮੇਂ ਅੰਮ੍ਰਿਤਸਰ ਦਰਸ਼ਨ ਦੇਣ ਵੇਲੇ, ਬੀਬੀ ਹੁਕਮੀ ਵੀ ਨਾਮ ਦੀ ਦਾਤ ਲੈ ਕੇ ਨਾਮਧਾਰੀ ਸੰਤ ਖਾਲਸੇ ਵਿਚ ਸ਼ਾਮਲ ਹੋ ਗਈ ਅਤੇ ਬਾਕੀ ਜੀਵਨ ਗੁਰਮਤ ਪ੍ਰਚਾਰ ਅਤੇ ਵਿਦੇਸ਼ੀ ਹਕੂਮਤ ਵਿਰੁੱਧ ਜਨ ਵਿਦਰੋਹ ਲਾਮਬੰਦ ਕਰਨ ਨੂੰ ਸਮਰਪਿਤ ਕਰ ਦਿੱਤਾ। 1872 ਈ. ਵਿੱਚ ਇੱਕ ਪ੍ਰਮੁਖ ਕੂਕਾ ਸੂਬਾ ਦੇ ਤੌਰ 'ਤੇ ਆਪ ਨੂੰ ਪੇਕੇ ਪਿੰਡ ਵਰਿਆਂਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਪਿੰਡ ਵਿੱਚ ਕਥਾ ਕਰਨੀ, ਕੀਰਤਨ ਕਰਨਾ ਅਤੇ ਸੁਬਾ ਸ਼ਾਮ ਸਤਿਸੰਗ ਦੇ ਅਸਰ ਹੇਠ ਬਹੁਤ ਸਾਰੇ ਲੋਕ, ਨਾਮਧਾਰੀ ਸੰਤ ਖ਼ਾਲਸਾ ਦੇ ਲੜ ਲੱਗ ਗਏ । ”
ਗ਼ਦਰੀ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ, ਭਾਬੀ ਦੁਰਗਾਵਤੀ ਅਤੇ ਹੋਰ ਸੰਗਰਾਮੀ ਔਰਤਾਂ ਦੀ ਅਗਵਾਈ ਕਰਨ ਵਾਲੀ ਬੀਬੀ ਹੁਕਮੀ ਨੂੰ ਸਾਡੇ ਸਮਿਆਂ ਵਿਚ ਲੈ ਆਉਣਾ ਵਿਰਕ ਜੀ ਦਾ ਸਥਾਈ ਯੋਗਦਾਨ ਮੰਨਿਆ ਜਾਵੇਗਾ।ਸਾਮਰਾਜ-ਵਿਰੋਧ ਦੀ ਚੂਲ਼ ਕੂਕਾ-ਲਹਿਰ ਨੂੰ ਇਕਾਗਰਤਾ ਦਿੰਦੀ ਹੈ। ਜਿਸ ਨਾਲ ਸਿੱਖ ਲਹਿਰ ਦੀ ਵਿਰਾਸਤੀ ਚਿੰਨ੍ਹ ਪ੍ਰਣਾਲੀ, ਗਿਆਨ-ਚੇਤਨਾ ਅਤੇ ਸਚਿਆਰ ਕਮਾਉਣ ਦੇ ਉਦੇਸ਼ ਦਾ, 19 ਵੀਂ ਸਦੀ ਦੇ ਦੂਜੇ ਅੱਧ ਵਿਚ ਬਸਤੀਵਾਦੀ ਹਕੂਮਤ ਖ਼ਿਲਾਫ਼ ਸੰਘਰਸ਼ ਨੂੰ ਸਾਹਮਣੇ ਰੱਖਦਿਆਂ, ਰਾਜਸੀ-ਵਿਚਾਰਧਾਰਕ ਪਲਟਾਅ ਕੀਤਾ ਗਿਆ। ਕੂਕਾ ਰਹਿਤ ਦੇ ਧਾਰਨੀਆਂ ਨੂੰ ਹਕੂਮਤ ਕੈਰੀ ਅੱਖ ਨਾਲ ਵੇਖਦੀ ਸੀ। ਮਿਸਾਲ ਵਜੋਂ ਮਾਲਵੇ ਦੀਆਂ ਰਿਆਸਤਾਂ ਵਿਚੋਂ ਫ਼ਰੀਦਕੋਟ ਦੀ ਜੇਲ੍ਹ ਵਿਚ ਕੈਦ 'ਭੂਰਿਆਂ ਵਾਲਿਆਂ ਵਿਚੋਂ ਇੱਕ - ਬਾਬਾ ਕਾਹਨ ਸਿੰਘ ਬਾਜਾ ਖਾਨਾ' ਨੂੰ:
“ ਰਾਜੇ ਵੱਲੋਂ ਵਾਰ-ਵਾਰ ਕੂਕਾ ਰਹਿਤ ਮਰਿਆਦਾ ਤਿਆਗਣ ਲਈ, ਖੂਹ ਵਿਚੋਂ ਡੋਲ ਨਾਲ ਕੱਢਣ ਦੀ ਜਗ੍ਹਾ ਚਮੜੇ ਦੇ ਬੋਕੇ ਨਾਲ ਉਸ ਵਿਚੋਂ ਕੱਢਿਆ ਪਾਣੀ, ਪੀਣ ਅਤੇ ਸਤਿਗੁਰੂ ਰਾਮ ਸਿੰਘ ਨੂੰ ਆਪਣਾ ਇਸ਼ਟ ਨਾ ਮੰਨਣ ਕਿਹਾ ਜਾਂਦਾ । .. ਕੂਕਿਆਂ ਦੀ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਜਥੇਬੰਦੀ ਵਿਚ ਸ਼ਾਮਿਲ ਹੋਣਾ ਹੀ ਰਾਜ-ਵਿਰੋਧੀ ਗਤੀਵਿਧੀ ਸਮਝਿਆ ਜਾਂਦਾ ਸੀ। ... (ਕੂਕੇ) ਅਰਦਾਸ ਵਿਚ ਜਦੋਂ “ਮਹਾਂ-ਮਲੇਛ ਦਾ ਨਾਸ” ਅਤੇ ਆਪਣੇ "ਸੰਤ ਖਾਲਸੇ ਦੇ ਪਰਕਾਸ਼" ਦੀ ਮੰਗ ਕਰਦੇ ਹਨ ਤਾਂ ਇਸ ਨਾਲ ਉਹ ਆਮ ਲੋਕਾਂ ਵਿਚ ਅੰਗਰੇਜ਼ ਰਾਜ-ਵਿਰੋਧੀ ਜਜ਼ਬਾ ਉਭਾਰਦੇ ਹਨ...।"
ਸਾਡੇ ਲਈ ਸਾਫ਼ ਹੁੰਦਾ ਜਾਂਦਾ ਹੈ ਕਿ ਸਾਮਰਾਜ-ਵਿਰੋਧ ਨੂੰ ਆਪਣੇ ਉਤਸਾਹੀ ਬੋਲਿਆਂ ਸਦਕਾ ਸਿੱਖ ਲਹਿਰ ਦੇ ਟਕਸਾਲੀ ਸੰਘਰਸ਼ੀ ਚਿੰਨ੍ਹ ਪ੍ਰਬੰਧ ਵਿਚ ਢਾਲੇ ਜਾਣ ਦੀ ਕਵਾਇਦ ਜਾਰੀ ਸੀ। ਸਪੱਸ਼ਟ ਇਹ ਵੀ ਹੈ ਕਿ ਇਨ੍ਹਾਂ ਰਿਆਸਤਾਂ ਦੇ ਰਾਜੇ ਅਤੇ ਅਹਿਲਕਾਰ ਅੰਗਰੇਜ਼-ਪੱਖੀ ਸਨ, ਪਰ ਉਥੋਂ ਦੀ ਜਨਤਾ ਵਿਚ ਕੂਕਾ-ਹਮਦਰਦੀ ਦੀ ਭਾਵਨਾ ਮੌਜੂਦ ਸੀ।
ਇਸੇ ਭਾਵਨਾ ਦਾ ਇਕ ਹੋਰ ਸਰੋਤ ਕੂਕਾ ਕੇਂਦਰ ਭੈਣੀ ਸਾਹਿਬ ਦੇ ਡੇਰੇ ਦੇ ਬੂਹੇ 'ਤੇ ਅੰਗਰੇਜ਼ ਸਰਕਾਰ ਦੀ ਪੁਲੀਸ ਚੌਂਕੀ (1872-1923) ਸੀ। 'ਸ੍ਰੀ ਮਹਾਰਾਜ ਬੀਰ ਸਿੰਘ ਜੀ- ਜੀਵਨ ਅਤੇ ਰਚਨਾ' ਵਿਚ ਵਿਰਕ ਜੀ ਇਸ ਚੌਕੀ ਅਤੇ ਬਾਬਾ ਰਾਮ ਸਿੰਘ ਜੀ ਦੀ ਰੰਗੂਨ ਵਿਚ ਜਲਾਵਤਨੀ ਦੀ ਕਰਕ ਅਤੇ ਰੋਹ ਬਾਰੇ ਦੱਸਦੇ ਹਨ:
"ਆਪਣੇ ਪਰਦੇਸੀ ਪ੍ਰੀਤਮ, ਸਤਿਗੁਰੂ ਰਾਮ ਸਿੰਘ ਜੀ ਦੇ ਮੁੜ ਘਰ ਪਰਤਣ, ਦੇਸ਼ ਵਾਪਸੀ ਲਈ ਕੂਕੇ ਮਸਤਾਨਿਆਂ ਦੇ ਹਉਕੇ, ਹਟਕੋਰੇ ਅਜੇ ਭੈਣੀ ਸਾਹਿਬ ਦੀਆਂ ਫ਼ਿਜ਼ਾਵਾਂ ਵਿਚ ਅਕਸਰ ਸੁਣੇ ਜਾਂਦੇ ਸਨ। ਇਹੋ ਕਾਰਨ ਸੀ ਕਿ ਜਿਸ ਵਾਤਾਵਰਨ ਵਿਚ ਆਪ ਦੀ ਪਰਵਰਿਸ਼ ਹੋਈ ਉਸ ਵਿਚ ਫਰੰਗੀ ਸਰਕਾਰ ਦੀ ਰਾਜ-ਭਗਤੀ ਦੀ ਕੋਈ ਗੁੰਜਾਇਸ਼ ਨਹੀਂ ਸੀ। ਸਥਾਪਿਤ ਸੱਤਾ ਅਤੇ ਗ਼ਲਤ ਕਦਰਾਂ ਕੀਮਤਾਂ ਤੋਂ ਨਾਬਰੀ, ਇਸ ਤਰ੍ਹਾਂ ਆਪ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਬਣ ਗਈ। ”
ਇਤਿਹਾਸਕ ਘਟਨਾਵਲੀ, ਸਾਮਰਾਜੀ ਦਮਨ ਅਤੇ ਪੰਜਾਬੀ ਲੋਕਾਈ ਦੇ ਹਿਰਾਵਲ ਦਸਤੇ ਵਾਸਤੇ ਖੜ੍ਹੀ ਹੋਈ ਵੰਗਾਰ ਪਹਿਲਾਂ ਖਾਲਸਾ ਰਾਜ ਖੋਹੇ ਜਾਣ ਦਾ ਕਾਲਚੱਕਰ, ਫਿਰ ਉਸ ਨੂੰ ਹਾਸਲ ਕਰਨ ਹਿਤ ਲਾਮਬੰਦੀ ਦਾ ਦੌਰ ਅਤੇ ਹੁਣ ਮਲੇਰਕੋਟਲੇ ਦੇ ਸਾਕੇ ਮਗਰੋਂ 'ਪ੍ਰੀਤਮ' ਦੇ 'ਪਰਦੇਸੀ' ਹੋ ਜਾਣ ਦਾ ਸੱਲ ਨਾਮਧਾਰੀ ਪੰਥ ਦੀ ਅੰਤਰੀਵ ਭਾਵਨਾ ਵਿਚ ਬਿਰਹੋਂ-ਵੈਰਾਗ ਦੀ ਤੰਦ ਜੋੜ ਗਿਆ। ਇਹ ਤੰਦ ਸਾਨੂੰ ਨਾਲ ਦੋ-ਚਾਰ ਕਰਵਾਉਂਦੀ ਹੈ।
ਸੁਵਰਨ ਸਿੰਘ ਵਿਰਕ ਇਸ ਮੁਕਾਮ ਉੱਤੇ ਸਾਡੇ ਵੱਡੇ ਸੇਧਗਾਰ ਵਜੋਂ ਲੋੜੀਂਦੇ ਸੰਦਰਭਾਂ ਨੂੰ ਰੌਸ਼ਨ ਕਰਦੇ ਹਨ। ਸਾਨੂੰ ਸੋਝੀ ਦਿੰਦੇ ਹਨ ਕਿ ਕੂਕਾ ਲਹਿਰ ਦੇ ਕੇਂਦਰੀ ਉਦੇਸ਼, ਸੰਗਠਨ ਅਤੇ ਸਰਗਰਮੀ ਦੇ ਸਮਾਨਅੰਤਰ ਅਤੇ ਸਹਿਯੋਗੀ ਧਾਰਾਵਾਂ ਵਗਦੀਆਂ ਰਹੀਆਂ ਹਨ। ਉਦਾਹਰਨ ਵਜੋਂ 'ਮਸਤਾਨਾ ਧਾਰਾ', 'ਖਾੜਕੂ ਧਾਰਾ', 'ਰਾਮ-ਵਿਯੋਗੀਆਂ' ਦੀ ਧਾਰਾ, 'ਰੰਗੂਨ ਦਰਸ਼ਨੀਆਂ' ਦੀ ਧਾਰਾ ਅਤੇ ਭਾਈ ਸੱਦਾ ਸਿੰਘ ਕਬੀਰ ਵਾਲੀ 'ਛੂਤੀਆ ਸ਼ਾਖਾ' ਅਤੇ ਹੋਰ ਅਜਿਹੀਆ ਧਾਰਾਵਾਂ ਜਿਹਨਾਂ ਦਾ ਜ਼ਿਕਰ ਸਾਡੀ ਅਕਾਦਮਿਕ ਇਤਿਹਾਸਕਾਰੀ ਵਿਚ ਅਕਸਰ ਨਹੀਂ ਹੁੰਦਾ। ਉਹਨਾਂ ਵਿਚ ਕੂਕਾ ਲਹਿਰ ਦਾ ਕੇਂਦਰੀ ਚਰਿੱਤਰ, ਨਿਸ਼ਾਨਾ, ਸਰਗਰਮੀ ਅਤੇ ਆਗੂਆਂ ਦਾ ਜ਼ਿਕਰ ਹੁੰਦਾ ਹੈ।1872 ਵਿਚ ਬਾਬਾ ਰਾਮ ਸਿੰਘ ਦੀ ਜਲਾਵਤਨੀ ਮਗਰੋਂ ਦਾ ਕਾਲ ਖੰਡ ਨਵੇਂ ਆਗੂਆਂ ਨਾਲ ਮੁਸ਼ਕਿਲ ਹਾਲਾਤ ਵਿਚ ਸਰਕਾਰੀ ਦਬਾਅ, ਤਣਾਅ ਅਤੇ ਦਮਨ ਨੂੰ ਝੱਲਦਿਆਂ ਸਾਮਰਾਜ-ਵਿਰੋਧ ਦਾ ਸਭਿਆਚਾਰ ਉਸਾਰਨ ਅਤੇ ਪ੍ਰਸਾਰਨ ਦਾ ਸਵਾਲ ਉੱਭਰਦਾ ਜਾਂਦਾ ਹੈ। ਇਹਨਾਂ ਜੀਵਨੀਆਂ ਵਿਚ ਨਾਮਧਾਰੀ ਪੰਥ ਦੇ ਸਨਮੁਖ ਅੰਦਰੂਨੀ ਵੰਗਾਰਾਂ ਅਤੇ ਬਾਹਰੀ ਏਕਤਾ ਕਾਇਮ ਰੱਖਣ ਦਾ ਮੁੱਦਾ ਹਾਜ਼ਰ ਰਹਿੰਦਾ ਹੈ। ਪਤਾ ਲਗਦਾ ਹੈ ਕਿ ਇਸ ਖ਼ਿਲਾਅ ਵਿਚ ਨਵੇਂ ਗੱਦੀਦਾਰਾਂ ਵਜੋਂ ਦਾਅਵਾ ਕਰਨ ਲਈ ਕਈ ਮਾਈ-ਭਾਈ ਉਠ ਖੜ੍ਹੇ ਅਤੇ ਬਾਬਾ ਹਰੀ ਸਿੰਘ (1872-1906) ਨੇ ਕਿਸ ਤਰ੍ਹਾਂ ਇਨ੍ਹਾਂ ਚੁਣੌਤੀਆ ਨੂੰ ਨਜਿੱਠਿਆ। ਸਰਕਾਰ ਤੋਂ ਮਨਜ਼ੂਰੀ ਲੈ ਕੇ ਪ੍ਰਚਾਰ ਦੌਰੇ ਕਰਨੇ; ਲੰਗਰ ਦੀਵਾਨ ਲਾਉਣੇ, ਕਥਾ ਕੀਰਤਨ ਤੋਰਨਾ ਅਤੇ ਮੁਹੱਲੇ ਕੱਢਣ ਸਦਕਾ ਸੰਗਤਾਂ ਨੂੰ ਜੋੜ ਕੇ ਵੀ ਰੱਖਣਾ ਉੱਤੇ ਨਾਲ ਹੀ ਆਪਣਾ ਪ੍ਰਭਾਵ ਵੀ ਸਿੱਧ ਕਰਨਾ। ਇਸ ਸਾਰੇ ਦੌਰ ਵਿਚ ਸੰਤ ਸੰਤੋਖ ਸਿੰਘ ਬਾਹੋਵਾਲ ਨੂੰ ਹਾਲ ਅਹਿਵਾਲ ਲਿਖਣ ਲਈ ਨਾਲ ਰੱਖਣਾ, ਲਿਖੇ ਹੋਏ 'ਤੇ ਨਿਰਖ ਕਰਨੀ ਅਤੇ ਪੋਥੀ ਤਿਆਰ ਕਰਨੀ। ਇਤਾਲਵੀ ਮਾਰਕਸਵਾਦੀ ਦਾਨਿਸ਼ਵਰ ਅੰਤੋਨੀਓ ਗ੍ਰਾਮਸ਼ੀ ਅਨੁਸਾਰ ਪਹਿਲੇ ਦੌਰ ਵਿਚ ਰਾਜ ਸੱਤਾ ਨਾਲ ਸਿੱਧੇ ਟਾਕਰੇ (War of Attrition) ਵਿਚ ਨਾਕਾਮ ਹੋ ਜਾਣ ਪਿਛੋਂ ਨਵੀਂ ਰਣਨੀਤੀ ਤਹਿਤ ਸਭਿਆਚਾਰਕ-ਵਿਚਾਰਧਾਰਕ मढ़वरी (War of Position) से उड़े हत्ते ਅਪਣਾਇਆ ਗਿਆ।
'ਜੋਟੀਆਂ' ਦੀਆਂ ਧਾਰਨਾਵਾਂ ਅਤੇ ਵਧੇਰੇ ਤੀਖਣ ਰੂਪ ਵਿਚ 'ਹੱਲੇ' ਦੀਆਂ ਧਾਰਨਾਵਾਂ ਨਾਲ ਕਥਾ-ਕੀਰਤਨ ਵਾਲਾ 'ਹੱਲੇ ਦਾ ਦੀਵਾਨ' ਇਸ ਦੌਰ ਦੇ ਕੂਕਾ ਅੰਦੋਲਨ ਦੀ ਮਹੱਤਵਪੂਰਨ ਸੰਸਥਾ ਬਣਦਾ ਤੁਰਿਆ ਗਿਆ। ਦੇਖਣ ਨੂੰ ਸਧਾਰਨ ਧਾਰਮਿਕ ਇਕੱਤਰਤਾ ਪਰ ਤੱਤ ਵਜੋਂ ਕੂਕਾ ਵਿਚਾਰਧਾਰਾ ਨਾਲ ਸੀਖੀ ਹੋਈ ਜੁਗਤ ਬਾਰੇ ਵਿਰਕ ਜੀ 'ਬਹੁ ਆਯਾਮੀ ਪ੍ਰਤਿਭਾ - ਸੰਤ ਨਿਧਾਨ ਸਿੰਘ 'ਆਲਿਮ', 'ਆਸ਼ਕਾਂ ਸਾਦਕਾਂ ਦੇ ਕੀਰਤਨੀਏ - ਸੰਤ ਲਾਲ ਸਿੰਘ ਜੀ 'ਭੂਰੇ ਗਿੱਲ', 'ਹੱਲੇ ਦੇ ਦੀਵਾਨ ਦਾ ਸਿਖਰ - ਜਥੇਦਾਰ ਅਤਰ ਸਿੰਘ ਇੰਦਰ ਮੋਹਣੀਆਂ ਵਾਲੇ' ਅਤੇ ਹੋਰ ਮਜ਼ਮੂਨਾਂ ਵਿਚ ਦਸਦੇ ਹਨ। ਵੰਨਗੀ ਦੇਖੋ:
“ ਮਹਾਂ ਪੁਰਖਾਂ ਦੇ ਡੇਰੇ ਦੀਵਾਨ ਸਜਿਆ ਹੋਇਆ ਹੈ। ਸਰਾਧਾਂ ਦੀ ਪੁੰਨਿਆ ਹੈ, ਭਾਦਰੋਂ ਦਾ ਮਹੀਨਾ ਹੈ। ਸੰਗਤ ਬੇਅੰਤ ਜੁੜੀ ਹੋਈ ਹੈ । ਸਾਡਾ ਜਥਾ 'ਆਸਾ ਦੀ ਵਾਰ' ਦਾ ਕੀਰਤਨ ਕਰ ਰਿਹਾ ਹੈ। ਸੰਤ ਨੱਥਾ ਸਿੰਘ ਜੀ ਬੜੇ ਪ੍ਰੇਮ ਨਾਲ ਖਲੋ ਕੇ ਪੜ੍ਹ ਰਹੇ ਹਨ- 'ਰਾਮ ਰਸੁ ਪੀਆ ਰੇ । ਜਿਹ ਰਸ ਬਿਸਰਿ ਗਏ ਰਸ ਅਉਰ ਲਲ (ਗਉੜੀ ਕਬੀਰਜੀ, ਪੰ. 337)
ਠਾਕੁਰ ਜੀ (ਸੰਤ ਕੇਸਰ ਸਿੰਘ ਮੁਹਾਵਾ ਵਾਲੇ) ਮਹਾਰਾਜ ਵੀ ਇਕ ਬੰਨਿਉਂ ਰਾਰਾ-ਰਾਰਾ ਕਰਦੇ ਆ ਜਾਂਦੇ ਹਨ। ਹੱਥਾਂ ਵਿਚ ਪਊਏ, ਖੜਤਾਲਾਂ ਵਾਂਦ ਵਜਾਉਂਦੇ ਹੋਏ,ਦੀਵਾਨ ਵਿਚ ਨਿਰਤਕਾਰੀ ਕਰ ਰਹੇ ਹਨ। ਹੋਰ ਵੀ ਕਈ ਸਾਧ ਮਸਤਾਨੇ ਹੋ ਜਾਂਦੇ ਹਨ। ਕਿਲਕਾਂ ਵੱਜਦੀਆਂ ਹਨ, ਬੋਲੇ ਹੋ ਰਹੇ ਹਨ, ਸੰਗਤ ਮਹਾਨ ਆਨੰਦ ਵਿਚ ਹੈ, ਲੋਕ ਅਸ਼-ਅਸ਼ ਕਰ ਰਹੇ ਹਨ। ਕਿੰਨਾ ਚਿਰ ਇਹ ਰੰਗ ਬੱਝਾ ਰਿਹਾ, ਦੀਵਾਨ ਦਾ ਭੋਗ ਪੈਂਦਾ ਹੈ। "
'ਸਤਿਜੁਗ' ਦੇ ਸੰਤ ਅੰਕ ਵਿਚ ਪ੍ਰਕਾਸ਼ਿਤ ਉਪਰੋਕਤ ਬਿਆਨ ਨਿਧਾਨ ਸਿੰਘ ਆਲਿਮ ਜੀ ਦਾ ਹੈ। ਵਿਰਕ ਜੀ ਇਥੇ ਸਾਨੂੰ ਸਹਿਜੇ ਹੀ ਨਾਮਧਾਰੀ ਸਾਹਿਤ ਦੇ ਨਗੀਨੇ ਦਿਖਾ ਜਾਂਦੇ ਹਨ। ਇਸ ਪੁਸਤਕ ਲੜੀ ਵਿਚ ਆਪਣੇ ਅਧਿਐਨ ਅਤੇ ਪੇਸ਼ਕਾਰੀ ਦੇ ਨਾਲ ਗੁੰਦ ਕੇ ਵਿਰਕ ਜੀ ਨੇ ਨਾਮਧਾਰੀ ਸਾਹਿਤ ਦੀ ਅਮੀਰ ਪਰੰਪਰਾ ਨੂੰ ਸਿਰਫ਼ ਦਸਤਾਵੇਜ਼ ਜਾਂ ਸਬੂਤ ਵਾਂਗ ਹੀ ਨਹੀਂ ਵਰਤਿਆ ਬਲਕਿ ਉਸ ਦੌਰ ਦੇ ਉਲੇਲ-ਖ਼ਮੀਰ ਨਾਲ ਸਾਨੂੰ ਹੇਲ-ਮੇਲ ਵੀ ਕੀਤਾ ਹੈ:
“ਮਸਤਾਨਿਆਂ ਨੇ ਹੱਸਦਿਆਂ-ਹੱਸਦਿਆਂ, ਕੌਮੀ ਮੁਕਤੀ ਲਈ ਸਿਰ ਵੀ ਵਾਰੇ, ਸਤਿਗੁਰੂ ਜੀ ਦੇ ਵਿਜੋਗ ਵਿਚ, 'ਪਰਦੇਸੀ ਪ੍ਰੀਤਮ' ਨੂੰ ਸਿੱਕਦੇ ਰਹੇ। ਉਹਨਾਂ ਰਾਹਾਂ ਨੂੰ ਵਿੰਹਦੇ ਰਹੇ ਜਿਥੌਂ ਉਹ ਪਰਦੇਸ ਗਏ ਸਨ। ਉਹ ਰੋਜ਼ ਸੁਬਾ ਸ਼ਾਮ ਦੇ ਦੀਵਾਨਾਂ ਵਿਚ, ਗੁਆਚੇ ਮਾਹੀ ਨੂੰ ਝਬਦੇ ਮੁੜ ਆਉਣ ਦੀਆਂ, ਵਿਜੋਗੀ ਧੁਨਾਂ ਅਲਾਪਦੇ ਰਹੇ। ਇਕ ਪੂਰਾ ਜੀਵਨ ਹਿਜਰ ਵਿਛੋੜੇ ਦੇ ਧੂੰਏਂ ਨੂੰ ਫੋਲਦਿਆਂ ਬਿਤਾ ਦੇਣਾ, ਕੋਈ ਇਹਨਾਂ ਕੂਕਿਆ ਮਸਤਾਨਿਆਂ ਤੋਂ ਸਿੱਖੇ। "
ਵਿਜੋਗ ਦੀ ਇਸ ਸਮੂਹਿਕ ਧਾਰਾ ਨੂੰ ਪੰਜਾਬ ਵਿਚ ਪ੍ਰਚਲਿਤ ਸੂਫ਼ੀ ਕਲਾਮ ਅਤੇ ਕਿੱਸਾ ਨਾਇਕਾਂ ਦੇ ਪ੍ਰਸੰਗਾਂ ਨਾਲ ਸੰਜੋਗਦਿਆਂ ਕੂਕਾ ਦੀਵਾਨ ਪੇਂਡੂ ਖੇਤਰ ਦੀ ਸਾਂਝੀ ਸਭਿਅਤਾ ਦਾ ਨਿਸ਼ਾਨ ਵੀ ਸਨ। ਇਸ ਸੰਦਰਭ ਵਿਚ ਵਿਰਕ ਜੀ ਨੇ ਆਲਿਮ ਜੀ ਦੇ ਦੀਵਾਨਾਂ ਦੀ ਸਾਰਥਕਤਾ ਇੰਞ ਦਰਸਾਈ ਹੈ:
"ਉਹਨਾਂ ਦੇ ਦੀਵਾਨਾਂ ਦਾ ਆਨੰਦ ਨਾਮਧਾਰੀ ਅਤੇ ਹੋਰ ਸਿੱਖ ਸੰਗਤ ਤੋਂ ਇਲਾਵਾ ਹਿੰਦੂ ਅਤੇ ਮੁਸਲਿਮ ਭਾਈਚਾਰੇ ਵੀ ਮਾਣਦੇ ਸਨ। ਉਹ ਇਸਲਾਮੀ ਅਤੇ ਹਿੰਦੂ ਪੌਰਾਣਿਕ ਗ੍ਰੰਥਾਂ ਦੇ ਵੀ ਗਹਿਰੇ ਵਾਕਿਫ਼ਕਾਰ ਸਨ। ਉਹਨਾਂ ਦੇ ਹੱਲੇ ਦੇ ਦੀਵਾਨ ਦੀਆਂ ਧਾਰਨਾਵਾਂ ਅਤੇ ਗਾਇਨ ਲੋਕ-ਧੁਨਾਂ ਅਤੇ ਲੋਕ-ਸ਼ੈਲੀ ਵਰਗਾ ਹੁੰਦਾ ਸੀ। ਉਹ ਪੜ੍ਹਿਆ ਕਰਦੇ ਸਨ- "ਰਾਧੇ ਭੁੱਲ ਗਈ ਗਗਰੀਆ ਉਠਾਣੀ, ਕਾਹਨ ਤਾਈਂ ਗਊਆਂ ਭੁੱਲੀਆਂ। ”
- ਸੁਮੇਲ ਸਿੰਘ ਸਿੱਧੂ
(ਇਤਿਹਾਸਕਾਰ ਅਤੇ ਡਾਇਰੈਕਟਰ, ਅਦਾਰਾ 23 ਮਾਰਚ)
