ਇਹ ਖਰਾਸ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ ਲੱਗਾ। ਪਹਿਲਾਂ ਹੱਥ ਵਾਲੀਆਂ ਚੱਕੀਆਂ ਨਾਲ ਹੀ ਆਟਾ ਪੀਸਿਆ ਜਾਂਦਾ ਸੀ। ਸ੍ਰੀ ਭੈਣੀ ਸਾਹਿਬ ਲਗਾਤਾਰ ਵਧਦੀ ਸੰਗਤਾਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਖਰਾਸ ਲਗਾਉਣ ਦੀ ਲੋੜ ਪਈ। ਬਾਠਾਂਵਾਲੇ ਦੇ ਸੰਤ ਠਾਕਰ ਸਿੰਘ ਨੇ ਆ ਤਬੇਲੇ ਦੇ ਸੱਜੇ ਪਾਸੇ, ਇਸ ਥਾਂ ਤੇ ਸਿਰਫ਼ ਦਸਾਂ ਦਿਨਾਂ ਵਿੱਚ ਖਰਾਸ ਲਗਾ ਕੇ ੨੮ ਦਸੰਬਰ ੧੮੯੫ ਈ., ਦੁਸਹਿਰੇ ਵਾਲੇ ਦਿਨ ਚਾਲੂ ਕਰ ਦਿੱਤਾ। ਖਰਾਸ ਦੇ ਨਾਲ ਇੱਕ ਕੋਠੜੀ ਵੀ ਪਾਈ।
੧੯੦੫ ਈ. ਵਿੱਚ ਸਤਿਗੁਰੂ ਹਰੀ ਸਿੰਘ ਜੀ ਦੇ ਜਤਨਾਂ ਸਦਕਾ ਪੁਲਿਸ ਚੌਕੀ ਵਾਲਿਆਂ ਦੀ ਰਿਹਾਇਸ਼ ਅਤੇ ਅਸਲਾਖਾਨੇ ਨੂੰ ਡਿਓਡੀ ਦੇ ਸਾਹਮਣੇ ਤੋਂ ਹਟਾ ਕੇ ਖਰਾਸ ਵਾਲੀ ਥਾਂ ਲੈ ਜਾਣ ਦਾ ਲੁਧਿਆਣੇ ਦੇ ਡੀ. ਸੀ. ਵਲੋਂ ਹੁਕਮ ਹੋਇਆ ਅਤੇ ਖਰਾਸ ਇਸ ਥਾਂ ਤੋਂ ਹਟਾ ਕੇ ਅਕਾਲ ਬੁੰਗੇ ਨੂੰ ਜਾਣ ਵਾਲੀ ਗਲੀ ਵੱਲ ਲਗਾ ਦਿੱਤਾ ਗਿਆ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ਼ ਨਾਲ ਲਗਭਗ ੧੦੪ ਸਾਲ ਬਾਅਦ ਖਰਾਸ ਫੇਰ ਆਪਣੀ ਪਹਿਲੇ ਵਾਲੀ ਥਾਂ ਤੇ ਆ ਕੇ ਉਸ ਪੁਰਾਣੇ ਇਤਿਹਾਸਕ ਸਮੇਂ ਨੂੰ ਦਰਸਾ ਰਿਹਾ ਹੈ।