ਜੇ ਇਸ ਧਰਤੀ ਦੀਆਂ ਕੌਮਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਪੂਰਨ ਵਿਆਖਿਆ ਕਰਕੇ ਦੱਸੀ ਜਾਵੇ ਤਾਂ ਸੰਸਾਰ ਦੇ ਹਰ ਰਾਸ਼ਟਰ ਨੂੰ ਇੰਝ ਪ੍ਰਤੀਤ ਹੋਵੇਗਾ ਜਿਵੇਂ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦਾ ਆਪਣਾ ਹੀ ਧਰਮ-ਗ੍ਰੰਥ ਹੈ।
ਧਰਤੀ ਦੀਆਂ ਸਾਰੀਆਂ ਕੌਮਾਂ ਗੁਰੂ ਜੀ ਨੂੰ ਉਨ੍ਹਾਂ ਦੇ ਜੀਵਨ ਦੀ ਕਿਰਤ ਅਤੇ ਪ੍ਰੇਮ ਦੀ ਉੱਚਤਮ ਕਵਿਤਾ ਦੁਆਰਾ ਆਪਣੇ ਅੰਗ-ਸੰਗ ਅਨੁਭਵ ਕਰਨਗੀਆਂ। ਜਿਨ੍ਹਾਂ ਲੋਕਾਂ ਵਿਚ ਜੀਵਨ ਦੀ ਚਿੰਗਿਆੜੀ ਮੌਜੂਦ ਹੈ, ਉਨ੍ਹਾਂ ਨੂੰ ਇਹ ਗੱਲ ਪ੍ਰਭਾਤ ਦੇ ਆਗਮਨ ਸਮਾਨ ਲਗੇਗੀ। ਜੀਵਨ ਦੇ ਮਹਾਨ ਸੰਗੀਤ ਵਿਚ ਪੂਰਬ ਤੇ ਪੱਛਮ ਦਾ ਕੋਈ ਭੇਦ ਨਹੀਂ ਹੈ। ਇਸਾਈ ਕੌਮਾਂ ਨੂੰ ਗੁਰੂ-ਗ੍ਰੰਥ ਸਾਹਿਬ ਵਿਚੋਂ ਅੰਜੀਲ ਤੇ ਮੁਸਲਿਮ ਕੌਮਾਂ ਨੂੰ ਕੁਰਾਨ ਲੱਭ ਪਵੇਗਾ। ਸੰਸਕ੍ਰਿਤ ਭਾਸ਼ਾ ਵਿਚ ਉਪਨਿਸ਼ਦਾਂ ਦੇ ਪ੍ਰੇਮੀਆਂ ਨੂੰ ਗੁਰੂ ਦੀ ਬਾਣੀ ਦੇ ਸੰਗੀਤ ਵਿਚ ਭਾਰਤ ਦੀ ਪ੍ਰਾਚੀਨ ਸਿਆਣਪ ਦਿਸ ਪਵੇਗੀ। ਵਿਗਿਆਨਕ ਮਨ ਨੂੰ ਗੁਰੂ ਜੀ ਦੇ ਮਨ ਵਿਚ ਆਪਣੀ ਚਿੰਤਨਸ਼ੀਲ ਮਨੋ-ਬਿਰਤੀ ਦੇ ਪ੍ਰਤੀਬਿੰਬ ਦਿਖਾਈ ਦੇਣਗੇ। ਗੁਰੂ ਜੀ ਦੇ ਵਿਚਾਰ ਜੀਵਨ, ਪ੍ਰੇਮ ਤੇ ਕਿਰਤ ਦੇ ਸਬੰਧ ਵਿਚ ਹੈਰਾਨ ਕਰ ਦੇਣ ਦੀ ਹੱਦ ਤੱਕ ਕ੍ਰਾਂਤੀਕਾਰੀ ਹਨ। ਆਧੁਨਿਕ ਸਮਾਜਾਂ ਦੇ ਲੋਕ ਗੁਰੂ ਜੀ ਦੇ ਯੰਤਰਵਤ ਵਹਿਮਾਂ-ਭਰਮਾਂ ਨਾਲ ਭਰਪੂਰ ਧਾਰਮਿਕਤਾ ਤੇ ਦੰਭੀ ਪਵਿੱਤਰਤਾ ਦੇ ਖੰਡਨ ਨਾਲ ਪੂਰੀ ਤਰ੍ਹਾਂ ਸਹਿਮਤ ਹਨ।
ਕਰਮ-ਸਿਧਾਂਤ ਦਾ ਨੇਮ ਇਥੇ ਲਾਗੂ ਵੀ ਹੈ ਤੇ ਨਹੀਂ ਵੀ। ਇਹੋ ਕੁਝ ਹੀ ਬੁੱਧ ਤੇ ਜ਼ੋਰਾਸਟਰ ਦੇ ਦ੍ਰਿਸ਼ਟੀਕੋਣ ਬਾਰੇ ਕਿਹਾ ਜਾ ਸਕਦਾ ਹੈ।
ਆਤਮਵੇਤਾ ਤੇ ਭੌਤਿਕ-ਵਿਗਿਆਨ ਦੇ ਖੋਜੀ ਇਹ ਗੱਲ ਜਾਣ ਲੈਣਗੇ ਕਿ ਗੁਰੂ ਜੀ ਨੇ ਵਿਸ਼ੇਸ਼ ਤੌਰ ਤੇ ਇਸ ਗੱਲ ਵੱਲ ਸੰਕੇਤ ਕੀਤਾ ਹੈ ਕਿ ਦ੍ਰਿਸ਼ਟਮਾਨ ਸੰਸਾਰ ਤੋਂ ਪਰੇ ਆਤਮਾ ਦੇ ਸੰਸਾਰ ਦੀ ਹੋਂਦ ਵੀ ਮੌਜੂਦ ਹੈ। ਇਸ ਆਤਮਕ ਸਮਾਜ ਵਿਚ ਵੀ ਆਤਮਾਵਾਂ ਦੇ ਕਈ ਸਰੂਪ ਵਿਦਮਾਨ ਹਨ-ਕੁਝ ਭਲੇ, ਕੁਝ ਬੁਰੇ ਤੇ ਕੁਝ ਨਿਰਲੇਪ ਰਹਿਣ ਵਾਲੇ ਇਨ੍ਹਾਂ
ਸਭ ਤੋਂ ਉਪਰ ਸ਼ੁਧ ਆਤਮਾਵਾਂ ਦਾ ਮੰਡਲ ਹੈ, ਜਿਥੇ ਆਤਮਾ ਸ਼ੁਧ ਸੁਤੰਤਰਤਾ ਵਿਚ ਪੂਰਨ ਰੂਪ ਵਿਚ ਜਗਮਗਾ ਰਹੀ ਹੈ। ਇਹ ਸ਼ੁਧ ਸੁਤੰਤਰਤਾ ਜਾਂ ਨਿਰੁਕਸ਼ ਆਤਮਕਤਾ ਸਭ ਪ੍ਰਕਾਰ ਦੇ ਜੀਵਨ ਦੀ ਅੰਤਿਮ ਸਿਧੀ ਜਾਂ ਲਕਸ਼ ਹੁੰਦਾ ਹੈ।
ਵਿਸ਼ਵ-ਵਿਆਪੀ ਇਕਸੁਰਤਾ ਦੇ ਆਤਮਕ ਰੰਗ ਵਿਚ ਰੰਗਿਆ ਹੋਇਆ ਵੈਦਾਂਤੀ ਇਹ ਵੇਖ ਸਕਦਾ ਹੈ ਕਿ ਗੁਰੂ ਜੀ ਮਨੁੱਖ ਤੇ ਪ੍ਰਕ੍ਰਿਤੀ ਦੀ ਪੂਜਾ ਕਰਦੇ ਹਨ ਤੇ ਇਸ ਦਾ ਉਸੇ ਤਰ੍ਹਾਂ ਸਨਮਾਨ ਕਰਦੇ ਹਨ ਜਿਵੇਂ ਉਹ ਪ੍ਰਭੂ-ਪ੍ਰੀਤਮ ਦਾ ਕਰਦੇ ਹਨ।
ਇਕ ਬੋਧੀ ਨੂੰ ਗੁਰੂ ਜੀ ਵਿਚ ਆਪਣਾ ਹੀ ਮਾਰਗ ਦਿਖਾਈ ਦੇਵੇਗਾ, ਜਿਸ ਤਰ੍ਹਾਂ ਉਹ ਇਕ ਇਸਾਈ ਨੂੰ ਮਿਲ ਰਿਹਾ ਹੁੰਦਾ ਹੈ।
“ਜੋ ਬੀਜੋਗੇ, ਉਹੋ ਹੀ ਲੁਣੋਗੇ।" "ਤੁਹਾਡੇ ਸਾਹਮਣੇ ਤੁਹਾਡੇ ਕਰਮਾਂ ਦਾ ਲੇਖਾ ਜੱਖਾ ਕੀਤਾ ਜਾਵੇਗਾ ਅਤੇ ਇਸ ਵਿਚ ਰਾਈ ਜਿਨੀ ਵੀ ਵਾਧ ਘਾਟ ਨਹੀਂ ਹੋ ਸਕੇਗੀ।" 'ਪ੍ਰਭੂ ਦਾ ਪ੍ਰੇਮ ਤਾਂ ਖਿਮਾਂ ਕਰ ਦੇਣ ਵਿਚ ਹੈ। ਇਸ ਦੁਆਰਾ ਪ੍ਰਭੂ ਦਾ ਨਿਵਾਸ ਮਨੁੱਖ ਦੇ ਅੰਦਰ ਹੁੰਦਾ ਹੈ ਤੇ ਇਹੀ ਸਭ ਤੋਂ ਉਚਾ ਸਦਾਚਾਰ ਹੈ। " ਪ੍ਰਭੂ ਦੀ ਕ੍ਰਿਪਾ-ਦ੍ਰਿਸ਼ਟੀ ਦੁਆਰਾ ਹੀ ਕਰਮਾਂ ਦੇ ਬੰਧਨ ਤੋਂ ਮੁਕਤੀ ਮਿਲ ਸਕਦੀ ਹੈ।
ਗੁਰੂ ਜੀ ਤਾਂ ਇਥੋਂ ਤੱਕ ਕਹਿ ਦਿੰਦੇ ਹਨ, "ਹੇ ਮੁਸਲਮਾਨ ! ਜਿਹੜਾ ਵਿਵਹਾਰ ਤੁਸੀਂ ਕਰ ਰਹੇ ਹੋ, ਉਹ ਨਿਪਟ ਅਗਿਆਨ ਹੈ। ਸੱਚਾ ਇਸਲਾਮ ਤਾਂ ਰੱਬ ਦੀ ਰਜ਼ਾ ਵਿਚ ਵਿਚਰ ਕੇ ਸਭ ਕੁਝ ਦਾ ਤਿਆਗ ਕਰਨ ਵਿਚ ਹੈ । ਸੱਚਾ ਇਸਲਾਮ ਤਾਂ ਪ੍ਰੇਮ ਜਾਂ ਮੁਹੱਬਤ ਵਿਚ ਹੈ। ਇਹ ਬੜਾ ਮੁਸ਼ਕਿਲ ਹੈ। ਕੇਵਲ ਆਪਣੇ ਆਪ ਨੂੰ ਮੁਸਲਿਮ ਕਹਾਕੇ ਤੁਸੀਂ ਸਚਮੁਚ ਹੀ ਅਜਿਹਾ ਬਣ ਸਕਦੇ ਹੋ।" "ਹੇ ਹਿੰਦੂ! ਸੱਚਾ ਯੋਗ ਤਾਂ ਨਾਮ ਵਿਚ ਹੈ, ਨਾ ਕਿ ਤੁਹਾਡੀਆਂ ਅਨਿਕ ਪ੍ਰਕਾਰ ਦੇ ਵਰਤਾਂ-ਨੇਮਾਂ ਵਿਚ" "ਹੇ ਯੋਗੀ! ਜੇ ਤੇਰਾ ਚਿਤ ਕਰਤਾ ਪੁਰਖ ਦੀ ਪਰਮ ਸ਼ਾਤੀ ਨਾਲ ਇਕਸੁਰ ਹੈ ਤਾਂ ਇਹੋ ਹੀ ਆਤਮ ਵਸੀਕਾਰ ਹੈ ਜਿਸ ਨੇ ਆਤਮਾ ਨੂੰ ਜਿਤ ਲਿਆ ਹੈ।ਅਰਥਾਤ ਮਨ ਉਤੇ ਕਾਬੂ ਪਾ ਲਿਆ ਹੈ, ਉਸ ਨੇ ਸੰਸਾਰ ਨੂੰ ਵੀ ਜਿਤ ਲਿਆ ਹੈ।" ਇਸ ਦੇ ਬਾਵਜੂਦ ਹਿੰਦੂਆਂ, ਜੈਨੀਆਂ ਤੇ ਮੁਸਲਮਾਨਾਂ ਦੇ ਦੰਭਾਂ ਦਾ ਨਿਖੇਧ ਕੀਤਾ ਗਿਆ ਹੈ ਕਿਉਂ ਜੋ ਦੰਭ ਮਨੁੱਖ ਵਲੋਂ ਮੰਨੇ ਜਾਂਦੇ ਸਾਰੇ ਧਰਮਾਂ ਵਿਚ ਜ਼ਹਿਰ ਘੋਲ ਦਿੰਦਾ ਹੈ। ਗੁਰੂ ਜੀ ਦੇ ਇਸ ਵਿਸ਼ਵ-ਵਿਆਪੀ ਧਰਮ ਦੀ ਪ੍ਰੇਰਨਾ ਸੰਕਲਨਵਾਦੀ ਦ੍ਰਿਸ਼ਟੀਕੋਣ ਤੇ ਨਵਾਂ ਸੰਸ਼ਲੇਸ਼ਣ ਦ੍ਰਿਸ਼ਟੀਗੋਚਰ ਵਿਚ ਕਈਆਂ ਨੂੰ ਨਵਾਂ ਹੁੰਦਾ ਹੈ। ਪਰ ਇਹ ਵਿਸ਼ਵ ਵਿਆਪਕਤਾ ਵਿਦਵਾਨਾਂ ਵਾਲੀ ਮਾਨਸਿਕ ਸਰੂਪ ਵਾਲੀ ਨਹੀਂ ਹੈ ਸਗੋਂ ਆਤਮਕ ਸਰੂਪ ਵਾਲੀ ਹੈ। ਇਹ ਤਾਂ ਇਕ ਤਰ੍ਹਾਂ ਦਾ ਸਜੀਵ ਸਮੂਹ ਹੈ ਜੋ ਧਰਤ ਤੇ ਆਕਾਸ਼ ਵਿਚੋਂ ਸਫੁਟਿਤ ਹੋ ਰਿਹਾ ਹੈ। ਸਾਰਾ ਅਤੀਤ ਇਸ ਵਰਤਮਾਨ ਵਿਚ ਵਿਆਪਕ ਹੈ। ਇਹ ਮਤ ਕਿਸੇ ਮਾਨਸਿਕ ਤੇ ਨੈਤਿਕ ਪ੍ਰੀਸ਼ਰਮ ਦੀ ਦੇਣ ਨਹੀਂ ਹੈ, ਨਾ ਹੀ ਇਹ ਕਿਸੇ ਨਿਗੁਣੀ ਪ੍ਰਯੋਗਸ਼ਾਲਾ ਦੀ ਉਪਜ ਹੈ। ਇਹ ਤਾਂ ਕਰਤਾ-ਪੁਰਖ ਦਾ ਆਪਣੇ ਵਲੋਂ ਕੀਤਾ ਗਿਆ ਸੰਸ਼ਲੇਸ਼ਣ ਹੈ, ਜੋ ਪ੍ਰਕ੍ਰਿਤੀ ਦੇ ਅਗਾਧ-ਬੋਧ ਰਹੱਸ ਦੀ ਮੌਨ ਸ਼ਾਂਤੀ ਵਿਚੋਂ ਉਤਪੰਨ ਹੁੰਦਾ ਹੈ ਅਤੇ ਇਹ ਇਸ ਤਰ੍ਹਾਂ ਉਤਪੰਨ ਹੁੰਦਾ ਹੈ, ਜਿਵੇਂ ਸੂਰਜ ਤੇ ਤਾਰੇ ਆਕਾਸ਼-ਗੰਗਾ ਵਿਚ ਜਗਮਗਾਉਂਦੇ ਹਨ।
ਗੁਰੂ ਜੀ ਨੇ ਹਿੰਦੂ-ਮਤ ਵਲੋਂ ਵਰਤੀ ਜਾਂਦੀ ਭਾਸ਼ਾ ਦਾ ਉਪਯੋਗ ਕੀਤਾ ਹੈ। ਚੇਤੰਨਯ ਦਾ 'ਹਰੀ ਹਰੀ' ਜਪਣਾ ਵੈਸ਼ਨਵ-ਮਤ ਦਾ ਸਿਖਰ ਹੈ, ਜੋ ਉਸ ਦੇ ਸੁਪਨਿਆਂ ਵਿਚ ਸਾਕਾਰ ਹੋਇਆ ਹੈ। ਗੁਰੂ ਜੀ ਉਸ ਨਾਲ ਵੀ ਗੋਸ਼ਟਿ ਕਰਦੇ ਹਨ। ਆਪ ਕੋਲ ਫਰੀਦ ਅਤੇ ਮੀਆਂ ਮੀਰ ਵਰਗੇ ਮੁਸਲਮ ਦਰਵੇਸ਼ ਆਉਂਦੇ ਹਨ। ਗੁਰੂ ਜੀ ਅਤੇ ਉਨ੍ਹਾਂ ਦੇ ਸਿਖਾਂ ਲਈ 'ਰਾਮ' ਤੇ 'ਰਹੀਮ' 'ਦੇਹੁਰਾ' ਤੇ 'ਮਸੀਤ' ਇਕ ਸਮਾਨ ਹਨ। ਇਸਾਈਆਂ ਦਾ ਗਿਰਜਾ ਵੀ ਇਨ੍ਹਾਂ ਤੋਂ ਵਖਰਾ ਨਹੀਂ ਹੈ।
ਗੁਰੂ ਜੀ ਤਾਂ ਲੋਕਾਂ ਤੋਂ ਬਸ ਇਹੋ ਹੀ ਸਵਾਲ ਪੁੱਛਦੇ ਹਨ ਕੀ ਮਨੁੱਖ ਪ੍ਰਭੂ-ਪ੍ਰੀਤਮ ਨਾਲ ਜੁੜ ਕੇ ਸਿਧਾ-ਸਾਦਾ ਜੀਵਨ ਬਤੀਤ ਕਰ ਰਿਹਾ ਹੈ ? ਕੀ ਉਹ ਖਿਮਾਂ ਕਰਨ, ਗਿਲੇ- ਰਹਿਤ ਪ੍ਰੇਮ ਦੁਆਰਾ ਸੇਵਾ ਤੇ ਕਿਰਤ ਕਰਦੇ ਅਤੇ ਵੰਡ ਕੇ ਛਕਦੇ ਹਨ ? ਕੀ ਉਹ ਗੁਰਮੁਖ ਵੱਲ ਇਸ ਤਰ੍ਹਾਂ, ਆਕਰਸ਼ਿਤ ਹਨ ਜਿਵੇਂ ਅਨੰਤ ਵਿਚ ਵਿਭਿੰਨ ਨਛੱਤਰ ਆਪਣੇ ਕੇਂਦਰ-ਬਿੰਦੂ ਸੂਰਜ ਦੁਆਲੇ ਪ੍ਰਕਰਮਾ ਕਰ ਰਹੇ ਹਨ ? ਕੀ ਉਹ ਆਪ ਮੁਹਾਰੇ ਉਤਪੰਨ ਹੋਈ ਭਲਾਈ ਦੀ ਭਿੰਨੀ ਮਹਿਕ ਨੂੰ, ਜੋ ਕਿ ਮਨੁੱਖਤਾ ਦਾ ਸਾਰ ਤੱਤ ਹੈ। ਸਾਰੀ ਧਰਤ ਉਤੇ ਵੰਡ ਰਹੇ ਹਨ ? ਕੀ ਬਾਹਰ-ਮੁਖੀ ਸਥੂਲਤਾ, ਜਿਸ ਨੇ ਮਨੁੱਖ ਦੀ ਰੱਬਤਾ ਨੂੰ ਢਕਿਆ ਹੋਇਆ ਹੈ, ਉਹ ਉਸ ਤੋਂ ਉਪਰ ਉਠ ਖਲੋਤੇ ਹਨ ਅਤੇ ਉਸ ਉਤੇ ਭਾਰੂ ਹੋ ਗਏ ਹਨ ? ਕੀ ਮਨੁੱਖ ਨੇ ਆਪਣੀ ਆਤਮਾ ਦੀ ਸੁੰਦਰਤਾ ਨੂੰ ਸਭ ਵਸਤਾਂ ਵਿਚੋਂ ਤੱਕ ਸਕਣ ਦੇ ਅਨੁਭਵ ਨੂੰ ਪ੍ਰਾਪਤ ਕਰ ਲਿਆ ਹੈ ? ਕੀ 'ਮੈਂ-ਮਮਤਾ' ਦੇ ਅੰਨ੍ਹੇ ਅਭਿਮਾਨ, ਧਨ-ਦੌਲਤ, ਬੁਧੀ ਅਤੇ ਉਚ-ਪਦਵੀ ਦੇ ਅਭਿਮਾਨ-ਭਾਵ ਦਾ ਤਿਆਗ ਕਰ ਦਿੱਤਾ ਹੈ ? ਰੰਗਾਂ, ਜਾਤੀ ਤੇ ਮਤ-ਮਤਾਂਤਰਾਂ ਦੇ ਦਿਸਦੇ ਪਿਸਦੇ ਅੰਤਰ ਤਾਂ ਉਹ ਜ਼ਹਿਰ ਹਨ, ਜੋ ਮਨੁੱਖ ਦਾ ਪਤਨ ਕਰ ਦਿੰਦੇ ਹਨ। ਕੀ ਇਨ੍ਹਾਂ ਜ਼ਹਿਰਾਂ ਨੂੰ ਨਕਾਰ ਦਿਤਾ ਗਿਆ ਹੈ ?
ਜੀਵਿਤ ਹਮਦਰਦੀ ਹੀ ਸਭ ਕੁਝ ਹੈ। ਮਨੁੱਖ ਇਕ ਹੈ। ਜਿਹੜੇ ਲੋਕ ਪ੍ਰਸਪਰ ਮਤਭੇਦਾਂ ਅਤੇ ਮਿਥਾਂ ਦੇ ਕਾਰਨ ਬਣਦੇ ਹਨ, ਉਹ ਅੰਧਕਾਰ ਦੀਆਂ ਸ਼ਕਤੀਆਂ ਹੀ ਹੁੰਦੀਆਂ ਹਨ। ਜਿਹੜੇ ਮਨੁੱਖ ਅਤੇ ਮਨੁੱਖ ਇਕ ਤੇ ਦੂਜੀ ਕੌਮ ਦੀ ਗਲਵਕੜੀ ਪਾ ਕੇ ਉਨ੍ਹਾਂ ਵਿਚ ਏਕਤਾ ਸਥਾਪਿਤ ਕਰਦੇ ਹਨ, ਉਹ ਚਾਨਣ ਦੀਆਂ ਸ਼ਕਤੀਆਂ ਹੁੰਦੀਆਂ ਹਨ। ਪੁਰਸ਼ ਤੇ ਇਸਤਰੀ ਦੀ ਪ੍ਰਸਪਰ ਸਾਂਝ ਸਰਵੋਤਮ ਸਾਂਝ ਹੈ, ਜੋ ਇਕ ਮਨੁੱਖ ਨੂੰ ਦੂਜੇ ਨਾਲ ਅਤੇ ਮਨੁੱਖ ਨੂੰ ਗੁਰੂ ਤੇ ਪ੍ਰਭੂ ਨਾਲ ਜੋੜਦੀ ਹੈ। ਜਿਨ੍ਹਾਂ ਨੇ ਬੁੱਧ, ਹਜ਼ਰਤ ਈਸਾ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ, ਉਹ ਧੰਨ ਹਨ। ਜਿਨ੍ਹਾਂ ਨੇ ਕਿਸੇ ਵੀ ਮੰਡਲ ਜਾਂ ਕਿਸੇ ਵੀ ਯੁਗ ਵਿਚ ਗੁਰਮੁਖ ਨਾਲ ਸਾਂਝ ਪਾਈ ਹੈ, ਉਹ ਸੱਚੇ ਅਰਥਾਂ ਵਿਚ ਆਤਮਕ ਪੁਰਸ਼ ਹਨ। ਸਿਧ ਗੋਸ਼ਟਿ ਵਿਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ "ਇਸ ਯੁਗ ਵਿਚ ਗੁਰੂ ਹੀ ਧਰਮ ਦਾ ਕੇਂਦਰ-ਬਿੰਦੂ ਹੈ।" ਜਿਨਾ ਚਿਰ ਤੱਕ ਤੁਸੀਂ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਲੈਂਦੇ, ਉਦੋਂ ਤਕ ਤੁਹਾਨੂੰ ਪ੍ਰਭੂ-ਪ੍ਰੀਤਮ ਦੇ ਸੰਜੋਗੀ-ਮੇਲ ਦਾ ਅਨੰਦ-ਮਈ ਅਨੁਭਵ ਪ੍ਰਾਪਤ ਨਹੀਂ ਹੋ ਸਕਦਾ। ਪਾਠ-ਪੂਜਾ ਆਦਿ ਨਿਹਫਲ ਕਰਮ ਹੈ, ਪੰਡਤਾਈ ਦਾ ਦਾਅਵਾ ਵੀ ਝੂਠਾ ਅਭਿਮਾਨ ਹੈ। ਵਾਸਤਵਿਕਤਾ ਤਾਂ ਇਸ ਵਿਚ ਹੈ ਕਿ ਤੁਸੀਂ ਨਾਮ-ਰਤੀਆਂ ਆਤਮਾਵਾਂ ਨੂੰ ਮਿਲ ਕੇ ਅਤੇ ਪ੍ਰਭੂ ਦਾ ਨਾਮ ਸਿਮਰਨ ਕਰਕੇ ਜੀਵਨ ਦੇ ਸਦਾ ਪ੍ਰਵਾਹਤ ਹੁੰਦੇ ਸ਼ਹਿਦ ਅੰਮ੍ਰਿਤ ਨੂੰ ਚਖ ਲਿਆ ਹੈ। ਪ੍ਰਭੂ ਦਾ ਨਾਮ ਜਪਣਾ ਹੀ ਸਿਮਰਨ ਹੈ, ਜਿਵੇਂ ਕਿ ਨੋਰ ਵਿਚ ਦੇ ਜੂਲੀਅਨ ਨੂੰ ਇਹ ਅਦੁੱਤੀ ਅਨੁਭਵ ਪ੍ਰਾਪਤ ਹੋ ਗਿਆ ਸੀ।' ਉਸ ਨੇ ਪ੍ਰਭੂ-। ਪ੍ਰੀਤਮ ਦੇ ਵਾਸਤਵਿਕ ਰੂਪ ਵਿਚ ਦਰਸ਼ਨ ਕਰ ਲਏ ਸਨ, ਉਸ ਦੇ ਅਨੁਭਵ ਨੂੰ ਭਰਪੂਰ ਰੂਪ ਵਿਚ ਮਾਣ ਲਿਆ ਸੀ, ਆਤਮਕ ਤੌਰ 'ਤੇ ਉਸ ਦੇ ਬਚਨਾਂ ਨੂੰ ਸਰਵਣ ਕਰ ਲਿਆ ਸੀ, ਉਸ ਦੀ ਭਿੰਨੀ ਮਹਿਕ ਨੂੰ ਮਾਣ ਲਿਆ ਸੀ ਅਤੇ ਉਸ ਦੇ ਮਧੁਰ ਅਨੁਭਵ ਨੂੰ ਡੀਕ ਲਾ ਕੇ ਚਖ਼ ਲਿਆ ਸੀ।"
ਪੂਰਨ ਸਿੰਘ