ਫ਼ਲਸਫ਼ਾ ਜਾਂ ਦਰਸ਼ਨ, ਧਰਮ ਸੰਪਰਦਾ ਦੀ ਵਿਚਾਰਧਾਰਾ, ਅਕੀਦਾ, ਜੀਵ ਬ੍ਰਹਮ ਰਿਸ਼ਤਿਆਂ ਦੀ ਸ਼ਨਾਖਤ, ਮਨੁੱਖੀ ਜੀਵਨ, ਆਚਾਰ, ਆਹਾਰ, ਕਰਮ, ਪੁਨਰ ਜਨਮ, ਮੋਖ਼ਸ਼ ਆਦਿ ਦੇ ਸੰਦਰਭ ਵਿਚ, ਕੁਝ ਨਿਸ਼ਚਿਤ ਮਾਨਤਾਵਾਂ ਨੂੰ ਪ੍ਰਗਟ ਕਰਦਾ ਹੈ। ਹਜ਼ਾਰਾਂ ਸਾਲਾਂ ਤੋਂ ਇਹੋ ਫ਼ਲਸਫ਼ਾ ਜਾਂ ਵਿਚਾਰਧਾਰਾ ਨੂੰ ਵਸੀਲਾ ਬਣਾ ਕੇ ਬਸਤੀਵਾਦੀ ਆਕਾਂਖੀ, ਕਈ ਹਮਲਾਵਰ ਆਏ। ਮੁਗ਼ਲ ਹਮਲਾਵਰ ਜਦੋਂ ਆਉਂਦੇ ਤਾਂ ਫ਼ੌਜਾਂ ਦੇ ਨਾਲ ਨਾਲ, ਕਈ ਤਥਾਕਥਿਤ ਆਲਿਮ ਫ਼ਾਜ਼ਿਲ ਅਤੇ ਸੂਫ਼ੀ ਫ਼ਕੀਰ ਵੀ ਲਿਆਉਂਦੇ ਰਹੇ। ਹਥਿਆਰਾਂ ਦੇ ਸਿਰ 'ਤੇ, ਉਸ ਮੁਲਕ ਦੇ ਭੂਗੋਲ ਅਤੇ ਸਿਆਸਤ ਤੇ ਕਾਬਜ਼ ਹੋਣਾ ਅਤੇ ਵਿਦਵਾਨਾਂ, ਲਿਖਾਰੀਆਂ, ਸੂਫ਼ੀ ਫ਼ਕੀਰਾਂ ਦੇ ਸਿਰ 'ਤੇ, ਉਸ ਮੁਲਕ ਦੇ ਬਾਸ਼ਿੰਦਿਆਂ ਦੇ ਦਿਮਾਗ਼ ਜਾਂ ਵਿਚਾਰਾਂ ਨੂੰ ਸਾਫ਼ ਕਰ ਕੇ, ਆਪਣਾ ਅਕੀਦਾ, ਇਬਾਦਤ, ਰਹੁ-ਰੀਤਾਂ ਨੂੰ ਥੋਪ ਕੇ ਸਦੀਵੀ ਗੁਲਾਮ ਬਣਾਇਆ ਜਾ ਸਕੇ। ਅੰਗਰੇਜ਼ੀ ਹਕੂਮਤ ਤਾਂ ਬਾਕਾਇਦਾ, ਬ੍ਰਿਟਿਸ਼ ਪਾਰਲੀਆਮੈਂਟ ਵਿਚ ਚਾਰਟਰ ਐਕਟ 1913 ਪਾਸ ਕਰਵਾ ਕੇ, ਹਿੰਦੁਸਤਾਨ ਦੇ ਤਕਰੀਬਨ ਹਰ ਸਟੇਟ ਵਿਚ, ਭਰਪੂਰ ਪ੍ਰਚਾਰ ਸਮੱਗਰੀ ਅਤੇ ਪ੍ਰਚਾਰਕ ਭੇਜੇ। ਇਹ ਵਿਚਾਰਧਾਰਾ ਦੀ ਬਸਤੀਵਾਦੀ ਤਕਨੀਕ ਹੈ ਸੀ। ਦੂਜੇ ਦੀ ਵਿਚਾਰਧਾਰਾ, ਅਕੀਦਾ ਜਾਂ ਫ਼ਲਸਫ਼ੇ ਦਾ ਖੰਡਨ ਕਰ ਕੇ ਆਪਣੀ ਵਿਚਾਰਧਾਰਾ ਨੂੰ ਸਥਾਪਿਤ ਕਰਨਾ।
ਭਗਵਾਨ ਬੁੱਧ ਦੇ ਬੋਧ ਧਰਮ ਫ਼ਲਸਫ਼ੇ ਨੂੰ ਵੀ, ਧਰਮ ਰੂਪਾਂਤਰਣ ਜਾਂ ਧਰਮ ਪ੍ਰੀਵਰਤਨਕਾਰੀ ਵਿਚਾਰਧਾਰਾ ਮੰਨਿਆ ਗਿਆ ਹੈ। ਜਦੋਂ ਪ੍ਰੇਰਿਆ ਜਾਂਦਾ ਹੈ ਕਹਿਣ ਲਈ, 'ਬੁੱਧੰ ਸ਼ਰਣਮ ਗੱਛਾਮਿ', 'ਧੱਮਮ ਸ਼ਰਣਮ ਗੱਛਾਮੀ ਜਾਂ । 'ਸੰਘਮ ਸ਼ਰਣਮ ਗੱਛਾਮਿ' ਤਾਂ ਅਰਥ ਹੈ, ਬੁੱਧ ਦੀ ਸ਼ਰਣ ਜਾ ਰਿਹਾ ਹਾਂ, ਧੱਮ ਅਰਥਾਤ ਬੁੱਧ ਵਿਚਾਰਾਂ ਫ਼ਸਲਫ਼ੇ ਵਾਲਾ ਗ੍ਰੰਥ, ਧੱਮਪਦ ਦੀ ਸ਼ਰਣ ਜਾ ਰਿਹਾ ਹਾਂ... ਸੰਘ ਅਰਥਾਤ ਬੋਧ ਧਰਮ ਸਮਾਜ ਦੀ ਸ਼ਰਣ ਜਾ ਰਿਹਾਂ। ਇਹ ਕ੍ਰਿਆ ਧਰਮ ਪ੍ਰੀਵਰਤਨਕਾਰੀ ਕ੍ਰਿਯਾ ਮੰਨੀ ਗਈ।
ਜੀ. ਡਬਲਯੂ. ਲੈਟਨਰ, "ਕਿੰਗਸ ਕਾਲੇਜ" ਇੰਗਲੈਂਡ ਦਾ ਪ੍ਰੋਫ਼ੈਸਰ ਸੀ। ਬਹੁਤ ਵੱਡਾ ਵਿਦਵਾਨ ਅਤੇ ਕੁਟਨੀਤਿਗ! ਕਹਿੰਦੇ ਹਨ, ਪੰਜਾਬੀ ਸਹਿਤ ਦੁਨੀਆਂ ਦੀਆਂ 50 ਭਾਸ਼ਾਵਾਂ ਬਹੁਤ ਸਹਿਜੇ ਬੋਲ ਲਿਖ ਸਕਦਾ ਸੀ। ਬ੍ਰਿਟਿਸ਼ ਹਕੂਮਤ ਨੇ ਉਸ ਨੂੰ ਕਿਹਾ, ਹਿੰਦੁਸਤਾਨ ਦੇ ਸਾਰੇ ਸਟੇਟ ਤਾਂ ਅਧੀਨ ਹੋ ਗਏ, ਪਰ ਪੰਜਾਬੀਆਂ ਦੀ ਅਣਖ ਜਾਂ ਸਵੈਮਾਣ, ਸਾਡੇ ਅਧੀਨ ਨਹੀਂ ਹੋ ਰਿਹਾ। ਤੁਸੀਂ ਕੋਈ ਜੁਗਤ ਬਣਾਓ...ਕੋਈ ਸ਼ਾਸਨ ਨੀਤੀ, ਜੋ ਪੰਜਾਬ ਨੂੰ ਅਧੀਨ ਰੱਖ ਸਕੀਏ। ਪ੍ਰੋ. ਲੈਟਨਰ ਨੇ 6 ਵਰ੍ਹੇ ਪੰਜਾਬ ਦੇ ਪਿੰਡਾਂ, ਗੁਰਦੁਆਰਿਆਂ, ਮੰਦਰਾਂ ਅਤੇ ਮਸੀਤਾਂ ਨੂੰ, ਪੰਜਾਬੀ ਭੇਖ ਧਾਰ ਕੇ ਵੇਖਿਆ। ਗੁਰਦੁਆਰਿਆਂ ਵਿਚ ਪੰਜ ਗ੍ਰੰਥੀਆਂ ਦਾ ਪਾਠ, ਸਮੂਹਕ ਸ਼ਬਦ ਗਾਇਨ ਅਤੇ ਸਿੱਖ ਸੂਰਬੀਰਤਾ ਭਰੇ ਇਤਿਹਾਸ ਦੇ ਪ੍ਰਸੰਗ ਪੜ੍ਹਾਏ ਅਤੇ ਸੁਣਾਏ ਜਾਂਦੇ ਵੇਖੇ। ਮੰਦਰਾਂ ਦੀਆਂ ਪਾਠਸ਼ਾਲਾਵਾਂ, ਮਸੀਤਾਂ ਦੇ ਮਦਰੱਸਿਆਂ ਵਿਚ ਚੱਲ ਰਹੀਆਂ ਸਿੱਖਿਆਵਾਂ, ਨਿੱਕਿਆਂ ਤੋਂ ਹੀ ਬੱਚਿਆਂ ਵਿਚ, ਧਰਮ ਬੋਧ, ਸਭਿਆਚਾਰ, ਸਦਾਚਾਰ, ਰਾਸ਼ਟਰ ਭਗਤੀ ਅਤੇ ਸੂਰਬੀਰਤਾ, ਸਵੈਮਾਣ ਦੇ ਪੰਜਾਬੀ ਅਤੀਤ ਨਾਲ ਜੁੜਦਿਆਂ ਵੇਖਿਆ। ਪ੍ਰੋ. ਲੈਟਨਰ ਨੇ ਰਿਪੋਰਟ ਵਿਚ ਸਪੱਸ਼ਟ ਲਿਖਿਆ, "ਜੇ ਪੰਜਾਬ ਨੂੰ ਅਧੀਨ ਰੱਖਣਾ ਹੈ ਤਾਂ ਇਨ੍ਹਾਂ ਨੂੰ ਵਿਰਸੇ ਤੋਂ ਤੋੜਣਾ ਪਵੇਗਾ... ਇਨ੍ਹਾਂ ਦੇ ਹੱਥਾਂ 'ਚੋਂ ਪੰਜਾਬੀ ਕੈਦੇ, ਗੁਟਕੇ, ਇਤਿਹਾਸਕ ਪ੍ਰਸੰਗਾਂ ਦੀਆਂ ਪੋਥੀਆਂ ਖੋਹ ਕੇ, ਬਾਈਬਲ ਦੀਆਂ ਟੂਕਾਂ ਅਤੇ ਪ੍ਰਭੂ ਜੀਸਸ ਦੇ ਪ੍ਰਸੰਗਾਂ ਵਾਲੀਆਂ ਬੁਕਲੇਟਸ ਫੜਾਉਣੀਆਂ ਲਾਜ਼ਮੀ ਹੈ। ਇਹ ਸਾਜ਼ਿਸ਼, ਸਿੱਖ ਧਰਮ ਫ਼ਲਸਫ਼ਾ, ਮਰਿਆਦਾ ਅਤੇ ਮਾਨਤਾਵਾਂ ਨੂੰ ਬਾਹਰ ਕੱਢ ਕੇ, ਅੰਗਰੇਜ਼ੀ ਵਿਚਾਰਧਾਰਾ, ਫ਼ਲਸਫ਼ੇ ਨੂੰ ਬਾਲ ਬੁੱਧੀ ਵਿਚ ਸਥਾਪਤ ਕਰਨਾ ਸੀ। ਪ੍ਰੋ. ਲੈਟਨਰ ਦੀ ਸਿਫਾਰਿਸ਼ ਦੇ ਅਨੁਰੂਪ ਹੀ ਸਰਕਾਰੀ ਨੀਤੀਆਂ ਬਣੀਆਂ ਅਤੇ ਫਿਰ 1834 ਵਿਚ ਲਾਰਡ ਮੈਕਾਲੇ ਦੀ ਨਵੀਂ ਸਿੱਖਿਆ ਪ੍ਰਣਾਲੀ ਲਾਗੂ ਹੋਈ । ਪੰਜਾਬੀਆਂ ਦਾ ਬ੍ਰੇਨ ਵਾਸ਼ ਕਰ ਕੇ, ਸਿੱਖ ਧਰਮ ਦਰਸ਼ਨ, ਪੰਜਾਬੀ ਜੀਵਨ ਸ਼ੈਲੀ, ਅਕੀਦਾ ਖੋਹ ਕੇ, ਅੰਗਰੇਜ਼ੀ ਧਰਮ ਫ਼ਲਸਫ਼ਾ ਸਥਾਪਿਤ ਕਰਨ ਦੀ ਚਾਲ ਆਰੰਭ ਹੋਈ। ਸੰਨ 1857 ਤੋਂ 1863, ਪੰਜ ਸਾਲ ਸਤਿਗੁਰੂ ਰਾਮ ਸਿੰਘ ਨੇ, ਪਿੰਡਾਂ-ਪਿੰਡਾਂ ਤੇ ਸ਼ਹਿਰਾਂ, ਕਸਬਿਆਂ ਦੇ ਦੌਰੇ ਕੀਤੇ। ਪੰਜਾਬੀ ਫ਼ਲਸਫ਼ਾ ਅਤੇ ਸਿੱਖ ਧਰਮ ਦਰਸ਼ਨ ਤੇ ਹੋ ਰਹੇ ਇਸ ਗੁਪਤ ਹਮਲੇ ਨੂੰ ਸਮਝਿਆ। ਪੰਜਾਬ ਵਿਚ ਚੱਲ ਰਹੇ ਕਈ 'ਗਿਰਜਾ ਘਰ' ਅਤੇ ਈਸਾਈ ਮਿਸ਼ਨਰੀ ਸਕੂਲ ਵੇਖੇ। ਉਹਨਾਂ ਦੀ ਸਿੱਖਿਆ ਸਮੱਗਰੀ, ਵਿਸ਼ਾ ਅਤੇ ਪਾਠਕ੍ਰਮ ਵੇਖੇ। ਪ੍ਰੋ. ਮੈਕਾਲੇ ਦਾ ਇਹ ਦਾਅਵਾ ਸੱਚਾ ਲੱਗਾ ਕਿ ਮੇਰੀ ਸਿੱਖਿਆ ਪ੍ਰਣਾਲੀ ਅਧੀਨ, ਜੇ ਦੋ ਪੀੜ੍ਹੀਆਂ ਪੜ੍ਹ ਜਾਣ ਤਾਂ ਅੱਗੋਂ ਉਨ੍ਹਾਂ ਦੀ ਸੰਤਾਨ, ਤੀਜੀ | ਪੀੜ੍ਹੀ ਨਿਸ਼ਚਿਤ ਈਸਾਈ ਮੱਤ ਵਾਲੀ ਹੀ ਜੰਮੇਗੀ। ਸਤਿਗੁਰੂ ਰਾਮ ਸਿੰਘ ਜੀ ਨੇ ਦੀਵਾਨ ਬੂਟਾ ਸਿੰਘ ਦਾ ਛਾਪਾਖਾਨਾ, ਲਾਹੌਰ ਤੋਂ ਸਿੱਖ ਧਰਮ ਦਰਸ਼ਨ, ਸਿੱਖ ਇਤਿਹਾਸ, ਗੁਰਬਾਣੀ ਦੇ ਗੁਟਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸੰਸਕਰਣ ਛਪਵਾ ਕੇ, ਘਰੋ-ਘਰ ਪਹੁੰਚਾਏ ਅਤੇ ਆਪ ਪਿੰਡ-ਪਿੰਡ ਜਾ ਕੇ ਪੰਜਾਬੀਆਂ ਨੂੰ ਪ੍ਰੇਰ ਕੇ, ਆਪਣੇ ਅਮੀਰ ਵਿਰਸੇ ਨਾਲ ਜੋੜਿਆ।
ਗੁਰੂ ਨਾਨਕ ਤੋਂ ਆਰੰਭ, ਸਿੱਖ ਧਰਮ ਦਰਸ਼ਨ ਕਿਤੇ ਵੀ 'ਧਰਮਾਂਤਰਣ' ਨੂੰ ਉਤਸ਼ਾਹਤ ਨਹੀਂ ਕਰਦਾ। ਹਿੰਦੂ ਹੈ ਤਾਂ ਸੱਚਾ ਹਿੰਦੂ ਬਣੇ, ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣੇ, ਖ਼ੁਦਾ ਰਸੂਲ ਦੀ ਸਿਰਜੀ ਹੋਈ ਖੁਦਾਈ ਪ੍ਰਤੀ ਈਮਾਨ ਰੱਖੇ। ਸਿੱਖ ਧਰਮ, ਸਾਰੀ ਧਰਤੀ ਨੂੰ, ਇਸ ਤੇ ਵਸਦੇ ਜੀਆਂ ਨੂੰ ਇਕ ਰਿਸ਼ਤੇ ਵਿਚ ਵੇਖਦਾ ਹੈ। ਵੱਖਵਾਦ ਅਤੇ ਭਿੰਨ ਭੇਦ ਨੂੰ ਤੋੜਦਾ ਹੈ... “ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥” ਦਾ ਸੁਨੇਹਾ, ਦੁਨੀਆਂ ਵਿਚ ਪਹੁੰਚਾਉਂਦਾ ਹੈ।
ਵੈਦਿਕ ਕਾਲ ਵਿਚ '(ॐ) ਦੀ ਘੋਸ਼ਣਾ ਹੋਈ। ਇਹ ਸ੍ਰਿਸ਼ਟੀ ਦੀ ਸਿਰਜਣਾ, ਪਾਲਣਾ ਅਤੇ ਵਿਨਾਸ਼ ਦਾ ਪ੍ਰਤੀਕ ਸਵੀਕਾਰ ਹੋਇਆ। ਇਹ ਇਕ ਸਰਬ ਸਾਂਝਾ, ਰੱਬ ਦਾ ਪ੍ਰਤੀਕ ਸ਼ਬਦ ਸੀ। ਵੈਦਿਕ ਕਾਲ, ਆਰੀਆਂ ਦੇ ਆਗਮਨ ਤੋਂ ਤਕਰੀਬਨ ਇਕ ਹਜ਼ਾਰ ਸਾਲ ਮਗਰੋਂ ਆਰੰਭਹੋਇਆ ਮੰਨਿਆ ਜਾਂਦਾ ਹੈ । ਉਦੋਂ ਅਜੇ ਹਿੰਦੂ, ਮੁਸਲਮਾਨ, ਯਹੂਦੀ, ਈਸਾਈ, ਕੋਈ ਧਰਮ ਸੰਪਰਦਾ ਨਹੀਂ ਸੀ। ਬੱਸ, ਮਨੁੱਖ ਸੀ, ਜੰਗਲਾਂ ਵਿਚ, ਪ੍ਰਕ੍ਰਿਤੀ ਨਾਲ ਤਾਲਮੇਲ ਬਣਾਉਂਦਾ ਹੋਇਆ, ਜੰਗਲ ਦੇ ਹਿੰਸਕ ਜੀਆਂ ਤੋਂ ਸੁਰੱਖਿਆ ਦੀ ਜੁਗਤ ਕਰਦਾ ਅਤੇ ਫਿਰ ਰੋਜ਼ੀ ਰੋਟੀ ਦੀ ਤਲਾਸ਼ ਵਿਚ ਭਟਕਦਾ ਹੋਇਆ ਮਨੁੱਖ। ਵੇਦਾਂ ਦੀ ਸਿਰਜਣਾ ਹੋਈ। ਪਰਮੇਸ਼ਰ ਲਈ 'ਬ੍ਰਹਮ' ਸ਼ਬਦ ਆਇਆ। ਜਿਹੜੇ ਬੌਧਿਕ ਤਲ 'ਤੇ 'ਬ੍ਰਹਮ' ਦੀ ਖੋਜ ਕਰਨ ਲੱਗੇ, ਉਹ 'ਬ੍ਰਾਹਮਣ' ਕਹੇ ਗਏ। ਖੇਤਰ ਦੀ ਅਰਥਾਤ ਰਾਜ ਸੀਮਾ ਦੀ ਰੱਖਿਆ ਕਰਨ ਵਾਲੇ ਖੱਤਰੀ ਕਹਿਲਾਏ। ਵਿਵਸਾਇ ਜਾਂ ਵਾਪਾਰ ਕਰਨ ਵਾਲੇ ਵੈਸ਼ਯ ਅਤੇ ਸੇਵਾ ਸਫ਼ਾਈ ਵਾਲੇ ਸ਼ੂਦਰ ਕਹੇ ਗਏ।
ਇਵੇਂ 'ਵਰਣ' ਬਣੇ। ਜਦੋਂ ਹਿੰਦੁਸਤਾਨ ਵਿਚ ਵਰਣ ਵਿਵਸਥਾ ਵਿਕਸਿਤ ਹੋ ਰਹੀ ਸੀ, ਉਦੋਂ ਤਕਰੀਬਨ ਚਾਰ ਹਜ਼ਾਰ ਸਾਲ ਪਹਿਲਾਂ, ਮੱਧ ਏਸ਼ੀਆ ਵਿਚ 'ਹਜ਼ਰਤ ਇਬ੍ਰਾਹਿਮ' ਹੋਏ। ਪਹਿਲੀ ਘਰ ਵਾਲੀ 'ਸਰਾਂ' ਤੋਂ ਕੋਈ ਔਲਾਦ ਨਾ ਹੋਈ। ਦੂਜੇ ਸੇਵਾ ਲਈ ਆਈ 'ਹਾਜਰਾ' ਨਾਲ ਮੇਲ ਹੋਇਆ। ਇਸਮਾਈਲ ਦਾ ਜਨਮ ਹੋਇਆ। ਕੁਦਰਤ ਦਾ ਸੰਜੋਗ ਬਣਿਆ, ਪਹਿਲੀ ਔਰਤ 'ਸਰਾਂ' ਦੀ ਕੁੱਖੋਂ ਵੀ ਇਕ ਪੁੱਤਰ 'ਇਸਹਾਕ' ਦਾ ਜਨਮ ਹੋਇਆ। ਅੱਗੇ ਚੱਲ ਕੇ ਇਸਮਾਈਲ ਤੋਂ ਯਹੂਦੀ ਧਰਮ ਅਤੇ ਇਸਹਾਕ ਤੋਂ ਇਸਲਾਮ ਧਰਮ ਤੁਰਿਆ। ਯਹੂਦੀ ਧਰਮ ਵਿਚ ਹੀ, ਸਮਾਂ ਪਾ ਕੇ ਜੀਸਸ ਜਾਂ ਯਿਸੂ ਹੋਏ, ਜਿਨ੍ਹਾਂ ਤੋਂ 'ਯਰੂਸ਼ਲੇਮ' ਤੋਂ ਈਸਾਈ ਧਰਮ ਆਰੰਭ ਹੋਇਆ। ਇਕੋ ਹਜ਼ਰਤ ਇਬ੍ਰਾਹਿਮ ਦੇ ਵੰਸ਼ਜ, ਤਿੰਨ ਧਰਮ ਸੰਪਰਦਾਵਾਂ ਬਣਾ ਕੇ, ਦੁਨੀਆਂ ਨੂੰ ਅਧੀਨ ਕਰਨ ਲਈ ਜ਼ੋਰ ਅਜ਼ਮਾਇਸ਼ ਕਰਦੇ ਰਹੇ । ਅੱਜ ਇਹ ਧਰਮ ਦੇ ਨਾਂ 'ਤੇ ਸਾਰੇ ਇਕ ਦੂਜੇ ਦੇ ਖ਼ਿਲਾਫ਼ ਖੜ੍ਹੇ ਹਨ।
ਗੁਰੂ ਨਾਨਕ ਦਾ ਫ਼ਲਸਫ਼ਾ, ਦੁਨੀਆਂ ਦਾ ਨਿਵੇਕਲਾ ਅਤੇ ਪਹਿਲਾ ਫ਼ਲਸਫ਼ਾ ਹੈ, ਜਿਸ ਨੇ ਆਪਣੀ ਗੱਲ 'ੴ ਤੋਂ ਆਰੰਭ ਕੀਤੀ। 'ਤ' ਵੈਦਿਕ ਗਿਆਨ ਤੋਂ ਉਪਜਿਆ, ਇਕ ਨਾਦ ਰੂਪ ਧੁਨੀ ਸੀ । ਪਰਮੇਸ਼ਰ ਲਈ, ਇਹ ਸਭ ਤੋਂ ਵੱਧ ਬਿੰਬਾਤਮਕ ਸ਼ਬਦ ਸੀ। ਗੁਰੂ ਨਾਨਕ ਪਾਤਸ਼ਾਹ ਨੇ, ਉਸ ਓਂਕਾਰ ਸ਼ਬਦ ਨੂੰ ਨਿਰੰਕਾਰ ਦੇ ਬਿੰਬ ਰੂਪ ਵਿਚ ਵਰਤਿਆ, ਨਾਲ ੧ ਲਾਇਆ। ਉਹ ਸ੍ਰਿਸ਼ਟੀ ਦਾ ਸੁਆਮੀ ਇਕ ਹੈ। ਸਾਰੀ ਸ੍ਰਿਸ਼ਟੀ, ਇਕ ਅਦਿੱਖ ਧਾਗੇ ਵਿਚ ਬੱਝੀ ਹੋਈ ਹੈ। ਇਹ ਧਾਗਾ 'ਮਾਇਆ' ਹੈ। ਇਹ ਮਾਇਆ ਵੀ ਪਰਮੇਸ਼ਰ ਆਪ ਰਚੀ। 'ਸਾਂਖਯ ਦਰਸ਼ਨ' ਦੇ ਦ੍ਰਸ਼ਟਾ ਮਹਾਰਿਸ਼ੀ ਕਪਿਲ, ਸ੍ਰਿਸ਼ਟੀ ਨੂੰ ਪ੍ਰਕ੍ਰਿਤੀ ਕਹਿੰਦੇ ਹਨ। ਪਰਮੇਸ਼ਰ 'ਪੁਰਖ' ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਸੋਰਠ ਰਾਗ ਵਿਚ ਗਾਉਂਦੇ ਹਨ-ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ॥
ਇਹ ਬਾਰੀਕ ਤੰਦ, ਇਹ ਧਾਗਾ, ਪ੍ਰਕਿਰਤੀ ਹੈ, ਮਾਇਆ ਹੈ। ਸਾਰਾ ਜਗ ਇਕ ਧਾਗੇ ਵਿਚ ਬੱਝਾ ਹੋਇਆ ਹੈ। ਇਕ ਨਿੱਕਾ ਜਿਹਾ ਫੁੱਲ ਦਾ ਬੂਟਾ! ਉਸ ਦੀ ਸ਼ਾਖ 'ਤੇ ਲੱਗਾ ਫੁੱਲ ਤੋੜਿਆ...ਬੂਟਾ ਕੰਬ ਗਿਆ। ਉਸ ਦਾ ਇਹ ਕਾਂਬਾ, ਇਹ ਕੰਪੰਨ, ਇਹ ਵਾਈਬ੍ਰੇਸ਼ਨ ਧਰਤੀ ਦੇ ਉੱਤਰੀ | ਦੱਖਣੀ ਪੋਲ ਤਕ, ਪੂਰਬ ਤੋਂ ਪੱਛਮ ਤਕ, ਉਸੇ ਖਿਣ ਪਹੁੰਚ ਗਈ। ਅੱਜ ਵਿਗਿਆਨ ਕਹਿੰਦਾ ਹੈ, ਗੁਰੂ ਨਾਨਕ ਦਾ ਇਹ ਮਹਾਂਵਾਕ ਸੱਤ ਹੈ। ਅਸੀਂ ਜਿਸ ਨੂੰ ਚੇਤਨ ਊਰਜਾ ਕਹਿੰਦੇ ਹਾਂ, ਸਤਿਗੁਰ ਉਸ ਨੂੰ ਮਾਈ ਜਾਂ ਮਾਇਆ ਕਹਿੰਦੇ ਹਨ।
ਗੁਰੂ ਨਾਨਕ ਪਾਤਸ਼ਾਹ ਦਾ ਦੂਜਾ ਫ਼ਲਸਫ਼ਾ, ਹਰ ਜੀਅ ਵਿਚ, ਹਰ ਜੜ੍ਹ ਜਾਂ ਚੇਤਨ ਪਦਾਰਥ ਵਿਚ, ਪਰਮੇਸ਼ਰ ਮੌਜੂਦ ਹੈ। ਹਰ ਪਾਸੇ, ਹੇ ਨਿਰੰਕਾਰ ਤੂੰ ਹੀ ਤੂੰ ਹੈ। ਇਹ ਸੂਰਜ, ਚੰਦ, ਆਕਾਸ਼, ਮੰਡਲ, ਸੱਤ ਦਵੀਪਾਂ ਵਾਲੀ ਧਰਤੀ, ਜਲ, ਹਵਾ, ਅਗਨ...ਇਨ੍ਹਾਂ ਸਾਰਿਆਂ ਵਿਚ ਤੂੰ ਹੀ ਹੈਂ। ਜਦੋਂ ਇਹ ਸਾਰੇ ਬਿਨਸ ਜਾਣਗੇ...ਸੂਰਜ, ਚੰਦ, ਧਰਤੀ ਕੁਝ ਨਾ ਰਹੇ ਗਾ ਹੇ ਨਿਰੰਕਾਰ, ਉਦੋਂ ਵੀ ਤੂੰ ਹੀ ਰਹੇਂਗਾ।
ਪ੍ਰਮੁੱਖ ਸਿੱਖ ਵਿਦਵਾਨ ਡਾ. ਜਸਵੰਤ ਸਿੰਘ ਨੇਕੀ ਲਿਖਦੇ ਹਨ, ਭਾਈ ਵੀਰ ਸਿੰਘ ਜੀ ਦੀ ਕੋਠੀ, ਭਾਈ ਵੀਰ ਸਿੰਘ ਮਾਰਗ (ਲਾਰੰਸ ਰੋਡ), ਅੰਮ੍ਰਿਤਸਰ ਹੈ। ਵੱਡਾ ਜਿਹਾ ਬਗੀਚਾ। ਅਸੀਂ ਉਨ੍ਹਾਂ ਦੇ ਵਿਦਿਆਰਥੀ ਸਾਂ। ਇਕ ਦਿਨ ਬਾਗ਼ ਵਿਚ ਟਹਿਲਦਿਆਂ, ਭਾਈ ਸਾਹਿਬ ਖਲੋ ਗਏ। ਇਕ ਤਿੱਤਲੀ ਫੁੱਲ 'ਤੇ ਬਹਿ ਕੇ, ਰਸ ਦਾ ਆਨੰਦ ਲੈ ਰਹੀ ਸੀ। ਅਸੀਂ ਤਿੰਨ ਵਿਦਿਆਰਥੀ ਵੀ ਖਲੋ ਗਏ। ਤਿਤਲੀ ਰਸ ਲੈ ਕੇ ਉੱਡ ਗਈ। ਸਾਡੇ ਵੱਲ ਮੁਖਾਤਿਬ ਹੋਏ, “ਦੱਸੋ, ਕੀ ਵੇਖਿਆ ?” ਕਿਸੇ ਕਿਹਾ, ਜੀ ਤਿਤਲੀ ਫੁੱਲ 'ਤੇ ਬੈਠੀ ਉਡਾਰੀ ਮਾਰ ਗਈ। ਕਿਸੇ ਹੋਰ ਨੇ ਕੁਝ ਇਸੇ ਤਰ੍ਹਾਂ ਦਾ ਜਵਾਬ ਦਿੱਤਾ। ਮੇਰੇ ਵੱਲ ਮੁਖ਼ਾਤਿਬ ਹੋਏ, ਤੂੰ ਕਵੀ ਹਿਰਦੇ ਵਾਲਾ ਹੈਂ, ਦੱਸ ਕੀ ਵੇਖਿਆ। ਕਹਿੰਦੇ, ਮੈਂ ਤਤਕਾਲ ਦੋ ਸਤਰਾਂ ਜੋੜ ਕੇ ਸੁਣਾ ਦਿੱਤੀਆਂ।
ਅੱਜ ਮੇਰਾ ਸੁਹੱਪਣ ਵੀ ਜ਼ਾਇਆ ਹੋ ਗਿਆ। ਰਸ ਲੈ ਕੇ ਆਸ਼ਕ ਭੀ ਪਰਾਇਆ ਹੋ ਗਿਆ। ਭਾਈ ਵੀਰ ਸਿੰਘ ਕਹਿੰਦੇ, ਤੁਸੀਂ ਸਾਰੇ ਦੁਵਿਧਾ ਵਿਚ ਹੋ। ਇਹ ਜੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਿਰੀ ਰਾਗ ਵਿਚ-
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰ॥ ਉਹ ਨਿੱਕੀ ਜਿਹੀ ਤਿਤਲੀ, ਇਸ ਸ਼ਬਦ ਦੀ ਵਿਆਖਿਆ ਕਰ ਗਈ ਮੇਰੇ ਤੋਂ ਇਕ ਵਾਰ, ਖਾਰ ਰੋਡ, ਮੁੰਬਈ ਕਥਾ ਉਪਰਾਂਤ ਕਿਸੇ ਪੁੱਛਿਆ, ਸਿੱਖ ਧਰਮ ਦਾ ਫ਼ਲਸਫ਼ਾ ਕੀ ਹੈ ?
ਮੈਂ ਅਰਜ਼ ਕੀਤੀ, ਸਿੱਖ ਧਰਮ ਤਾਂ ਅਕੀਦਾ ਹੈ, ਭਰੋਸਾ ਹੈ, ਆਪਣੇ ਗੁਰੂ ਤੇ, ਗੁਰਬਾਣੀ ਤੇ ਜਿਸ ਦੇ ਖਿੱਤੇ ਵਿਚ ਸਾਰਾ ਬ੍ਰਹਮਾਂਡ ਸਮਾਇਆ ਹੋਇਆ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਉਸ ਅਕੀਦੇ 'ਚੋਂ ਕਈ ਫ਼ਲਸਫ਼ੇ ਪ੍ਰਗਟ ਹੋ ਗਏ। ਦੁਨੀਆਂ ਦਾ ਕੋਈ ਧਰਮ ਫ਼ਸਲਫ਼ਾ ਐਸਾ ਨਹੀਂ, ਜਿਸ ਦੀ ਖ਼ੁਸ਼ਬੋ ਸਿੱਖ ਧਰਮ ਵਿਚਾਰਧਾਰਾ 'ਚੋਂ ਨਾ ਆਉਂਦੀ ਹੋਵੇ। ਭਾਰਤੀ ਧਰਮ ਦਰਸ਼ਨ ਦੇ ਮੁੱਖ 6 ਦਰਸ਼ਨ ਹਨ।
- ਨਿਆਇਕ ਦਰਸ਼ਨ, ਮਹਾਂਰਿਸ਼ੀ ਗੌਤਮ ਨੇ ਦਿੱਤਾ। ਇਹ ਦਰਸ਼ਨ ਮੁੱਖ ਰੂਪ ਵਿੱਚ ਸਹਾਰੇ ਜਾਂ ਸਹਾਇਕ ਦੀ ਗੱਲ ਕਰਦਾ ਹੈ। ਸਿੱਖ ਧਰਮ ਉਹ ਸਹਾਰਾ, ਉਹ ਆਤਮ ਮਾਰਗ ਦਰਸ਼ਕ, 'ਗੁਰੂ' ਦੀ ਗੱਲ ਕਰਦਾ ਹੈ। ਗੁਰੂ ਹੀ ਆਤਮਾ- ਪ੍ਰਮਾਤਮਾ ਦਾ ਮਿਲਨ ਕਰਵਾਉਂਦਾ ਹੈ, ਗੁਰੂ ਹੀ ਮੋਖ ਦਾ ਦਾਤਾ ਹੈ—
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥
- ਵੈਸ਼ੈਸਿਕ ਦਰਸ਼ਨ, ਮਹਾਂਰਿਸ਼ੀ ਕੁਨਾਦ ਨੇ ਪ੍ਰਕਾਸ਼ਿਤ ਕੀਤਾ। ਇਹ ਦਰਸ਼ਨ, ਪ੍ਰਭੂ ਮਿਲਣ ਲਈ ਜਗਿਆਸਾ, ਡੂੰਘੀ ਤਾਂਘ ਦੀ ਗੱਲ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ, ਰਾਮਕਲੀ ਰਾਗ ਵਿਚ ਕਹਿੰਦੇ ਹਨ-
ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ॥
- ਸਾਖਯ ਦਰਸ਼ਨ, ਮਹਾਂਰਿਸ਼ੀ ਕਪਿਲ ਨੇ ਦਿੱਤਾ। ਇਹ ਦਰਸ਼ਨ, ਸ੍ਰਿਸ਼ਟੀ ਨੂੰ ਦੋ ਭਾਗ ਵਿਚ ਵੇਖਦਾ ਹੈ। ਇਕ ਪ੍ਰਕ੍ਰਿਤੀ ਹੈ। ਇਹ ਜੋ ਦੇਹ ਮਨੁੱਖ ਦੀ ਦਿਸਦੀ ਹੈ ਅਤੇ ਦੂਜਾ ਪੁਰਖ ਹੈ, ਜੋ ਜੀਵਾਤਮਾ ਵਾਂਗ ਅਦਿੱਖ ਹੈ। ਪਰਮਾਤਮਾ ਪੁਰਖ ਹੈ, ਉਸ ਨੂੰ ਜਾਣਨਾ ਜ਼ਰੂਰੀ ਹੈ। ਪੰਜਵੇਂ ਪਾਤਸ਼ਾਹ 'ਸੁਖਮਨੀ' ਵਿਚ ਦੱਸਦੇ ਹਨ-
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥
ਪ੍ਰਕ੍ਰਿਤੀ ਨੂੰ, ਸਿੱਖ ਫ਼ਲਸਫ਼ੇ ਵਿਚ ਧਨ ਜਾਂ ਦੇਹ ਕਿਹਾ ਹੈ ਅਤੇ ਪੁਰਖ ਨੂੰ ਜੀਵਾਤਮਾ ਰੂਪ ਸੰਬੋਧਿਤ ਕੀਤਾ ਹੈ-
ਧਨ ਪਿਰ ਏਕੈ ਸੰਗਿ ਬਸੇਰਾ॥ ਸੇਜ ਏਕ ਪੈ ਮਿਲਨੁ ਦੁਹੇਰਾ॥
ਧਨ ਅਤੇ ਪਿਰ, ਪ੍ਰਕ੍ਰਿਤੀ ਅਤੇ ਪੁਰਖ ਇਕ ਸੇਜ 'ਤੇ, ਇਕੇ ਦੇਹ ਪਿੰਡ ਵਿਚ ਰਹਿੰਦੇ ਹਨ, ਪਰ ਮਿਲਣਾ ਦੁਸ਼ਵਾਰ ਹੈ। ਦੋਹਾਂ ਦੇ ਵਿਚ ਇਕ ਅਦਿੱਖ ਜਿਹੀ ਦੀਵਾਰ ਹੈ, ਭੀਤ ਹੈ। ਉਹ ਭੀਤ 'ਹਉਮੈ' ਦੀ ਹੈ। ਮੇਰਾ ਸਰੀਰ, ਮੇਰਾ ਨਾਮ, ਮੇਰੀ ਹਸਤੀ ਅੰਦਰ ਕਦੇ ਝਾਤ ਨਹੀਂ ਪਈ।
ਸਤਿਗੁਰ ਕਹਿੰਦੇ ਨੇ-
ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥
- ਯੋਗ ਦਰਸ਼ਨ, ਮਹਾਂਰਿਸ਼ੀ ਪਤੰਜਲੀ ਜੀ, ਬ੍ਰਹਮ ਮਿਲਣ ਦੀ ਜੁਗਤਿ ਦੱਸਦੇ ਹਨ। ਸਿੱਖ ਧਰਮ ਫ਼ਲਸਫ਼ਾ, ਹਰ ਪਲ, ਹਰ ਖਿਣ, ਮਿਲਣ ਦਾ ਸੰਕਲਪ ਦੱਸਦਾ
ਕਵਨ ਸੰਜੋਗ ਮਿਲਉ ਪ੍ਰਭ ਅਪਨੇ॥ ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥
- ਮਿਮਾਂਸਾ ਦਰਸ਼ਨ, ਜੈਮਿਨੀ ਰਿਸ਼ੀ ਨੇ ਦਿੱਤਾ। ਇਹ ਅਨਿਸ਼ਵਰਵਾਦੀ ਦਰਸ਼ਨ ਵੀ ਕਿਹਾ ਜਾਂਦਾ ਹੈ। ਰਿਸ਼ੀ ਕਹਿੰਦਾ ਹੈ, ਸ਼ੁਭ ਕਰਮਾਂ ਬਾਝੋਂ ਗਤੀ ਨਹੀਂ। ਤੁਹਾਡੇ ਕਰਮਾਂ ਅਨੁਸਾਰ ਫ਼ੈਸਲਾ ਹੋਵੇਗਾ। ਗੁਰੂ ਨਾਨਕ ਪਾਤਸ਼ਾਹ 'ਜਪੁ ਜੀ' ਵਿਚ ਸਪੱਸ਼ਟ ਕਹਿੰਦੇ ਹਨ-
ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰ ॥
- ਵੇਦਾਂਤ ਦਰਸ਼ਨ, ਮਹਾਂਰਿਸ਼ੀ ਬਾਦਰਾਇਣ ਬਿਆਸ ਜੀ ਨੇ ਪ੍ਰਕਾਸ਼ ਕੀਤਾ। ਇਸ ਦਰਸ਼ਨ ਦੇ ਤਿੰਨ ਖੰਡ ਹਨ, ਅਦਵੈਤ ਦਰਸ਼ਨ, ਜੋ ਆਦਿ ਸ਼ੰਕਰਾਚਾਰਿਆ ਨੇ ਦਿੱਤਾ। ਦਵੈਤ ਦਰਸ਼ਨ, ਸ੍ਰੀ ਮਾਧਵਾਚਾਰਿਆ ਨੇ ਦਿੱਤਾ ਅਤੇ ਵਸ਼ਿਸ਼ਠ ਅਦਵੈਤ ਜੋ ਰਾਮਾਨੁਜ ਆਚਾਰਿਆ ਨੇ ਦਿੱਤਾ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ਇਨ੍ਹਾਂ ਤਿੰਨ ਮੱਤਾਂ ਨੂੰ ਪ੍ਰਕਾਸ਼ਤ ਕਰਦੇ ਹੋਏ ਅਨੇਕਾਂ 'ਮਹਾਂਵਾਕ ਹਨ'।
ਸੋ ਸਿੱਖ ਧਰਮ ਦਰਸ਼ਨ ਵਿਚ ਤਾਂ ਇਸਲਾਮ, ਈਸਾਈ ਜਾਂ ਯਹੂਦੀ ਮਤ ਭਗਵਾਨ ਬੁੱਧ ਦਾ ਅਸ਼ਟਾਂਗ ਮਾਰਗ ਜਾਂ ਭਗਵਾਨ ਮਹਾਂਵੀਰ ਦੀ ਅਹਿੰਸਾ, ਸਤਿਵਾਦਤ ਸ਼ੁੱਧਤਾ, ਸਾਰੇ ਧਰਮ ਦਰਸ਼ਨ, ਸਿੱਖ ਧਰਮ ਦਰਸ਼ਨ ਵਿਚ ਵਗਦੇ ਹੋਏ ਵੇਖੇ ਸਕਦੇ ਹਨ।
ਗੁਰੂਬਚਨ ਸਿੰਘ ਨਾਮਧਾਰੀ
9316051015