ਪੰਜਾਬ ਦਾ ਇਹ ਸ਼ੇਰ ਤੇ ਦਲੇਰ ਪੁੱਤਰ ਜ਼ਿਲ੍ਹਾ ਲੁਧਿਆਣਾ ਦਾ ਬਹਾਦਰ ਬੇਟਾ ਸੀ। ਇਸ ਦੀ ਉਮਰ 19 ਵਰ੍ਹੇ ਸੀ। ਇਹ ਉੜੀਸਾ (ਭਾਰਤ ਦਾ ਸੂਬਾ ਏ) ਦੇ ਰੇਵਨਸ਼ਾਹ ਕਾਲਜ ਦਾ ਪੜ੍ਹਿਆ ਹੋਇਆ ਸੀ। ਅੰਗਰੇਜ਼ ਸਾਮਰਾਜ ਦੀ ਫ਼ੌਜ ਨੂੰ ਬਗ਼ਾਵਤ ਲਈ ਤਿਆਰ ਕਰਨ ਵਾਸਤੇ ਇਸ ਨੌਜਵਾਨ ਨੇ ਫ਼ੌਜੀ ਅਫ਼ਸਰ ਦੀ ਵਰਦੀ ਪਹਿਨ ਕੇ ਬਨਾਰਸ ਤੋਂ ਬੰਨੂੰ ਤੱਕ ਦਾ ਸਫ਼ਰ ਸਾਈਕਲ ਤੇ ਕੀਤਾ। ਹਰ ਛਾਉਣੀ ਵਿੱਚੋਂ ਉਹਨੂੰ ਖ਼ਾਸੀ ਕਾਮਯਾਬੀ ਹੋਈ। ਕਰਤਾਰ ਸਿੰਘ ਸਰਾਭਾ ਕਿੰਨਾ ਨਿੱਡਰ ਸੀ- ਉਹ ਗਾਰਦਾਂ ਤੋਂ ਸਲਾਮੀਆਂ ਵੀ ਲੈਂਦਾ ਰਿਹਾ ਤੇ ਪੰਜਾਬੀ ਫ਼ੌਜੀਆਂ ਨੂੰ ਇਹ ਵੀ ਸਮਝਾਉਂਦਾ ਰਿਹਾ ਕਿ ਬਰਤਾਨੀਆਂ ਦੀ ਹਕੂਮਤ ਤੁਹਾਨੂੰ ਜੰਗ ਦੀ ਭੱਠੀ ਵਿੱਚ ਝੋਕ ਰਹੀ ਏ। ਮਰਨਾ ਤਾਂ ਓਥੇ ਵੀ ਏ ਪਰ ਜੋ ਤੁਸੀਂ ਬਗ਼ਾਵਤ ਕਰ ਦਿਉ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਾਣ ਦੀ ਮੁਸੱਲਹ ਕੋਸ਼ਿਸ਼ ਕਰਦਿਆਂ ਹੋਇਆਂ ਮਾਰੇ ਗਏ ਤਾਂ ਸ਼ਹੀਦ ਕਹਾਉਂਗੇ। ਫ਼ਿਰੋਜ਼ਪੁਰ ਛਾਉਣੀ ਦੇ ਇੰਡੀਅਨ ਗੈਰੀਜ਼ਨ ਨੇ ਉਸ ਦੇ ਸਾਹਮਣੇ ਆਜ਼ਾਦੀ ਲਈ ਲੜਨ ਦਾ ਹਲਫ਼ ਚੁੱਕਿਆ। ਲਾਹੌਰ ਤੇ ਚਕਵਾਲ ਦੀਆਂ ਛਾਉਣੀਆਂ ਵਿੱਚ ਉਹਨੂੰ ਯਕੀਨ ਦਿਵਾਇਆ ਗਿਆ ਕਿ ਜਵਾਨ ਜਾਨਾਂ ਦੀਆਂ ਬਾਜ਼ੀਆਂ ਲਾ ਦੇਣਗੇ। ਮੇਰਠ, ਫੈਜ਼ਾਬਾਦ, ਲਖਨਊ ਤੇ ਕਾਨਪੁਰ ਦੀਆਂ ਛਾਉਣੀਆਂ ਵਿੱਚ ਸਿਪਾਹੀਆਂ ਉਸ ਨੂੰ ਆਪਣੇ ਖ਼ੂਨ ਨਾਲ ਲਿਖ ਕੇ ਦਿੱਤਾ, "ਅਸੀਂ ਲੜ ਮਰਾਂਗੇ। ” ਅਲਾਹਬਾਦ, ਜਬਲਪੁਰ ਤੇ ਢਾਕਾ ਵਿੱਚ ਯਕੀਨ-ਦਹਾਨੀਆਂ ਹੋਈਆਂ। ਰੰਗੂਨ (ਬਰਮਾ) ਦੇ ਇਨਕਲਾਬੀ ਦਫ਼ਤਰ 16 ਡਮੰਜ਼ਨ ਸਟ੍ਰੀਟ ਵਿੱਚ ਗ਼ਦਰ ਪਾਰਟੀ ਦੇ ਆਗੂਆਂ ਨੂੰ ਪੈਗ਼ਾਮ ਆਏ: ਬਰਮਾ ਤੇ ਮਲਾਇਆ ਤੋਂ ਵੀ ਸੂਰਮੇ ਆਣਗੇ।
ਏਸ ਦੌਰ ਦੇ ਹਾਲਾਤ ਖੰਘਾਲਣ ਤੋਂ ਪਤਾ ਚਲਦਾ ਏ ਪੰਜਾਬ ਦੇ ਇਨਕਲਾਬੀਆਂ ਦਾ ਹਿੰਦੁਸਤਾਨ ਭਰ ਦੇ ਇਨਕਲਾਬੀਆਂ ਨਾਲ ਰਾਬਤਾ ਕਾਇਮ ਸੀ। ਉਹ ਗ਼ੁਲਾਮੀ ਦੀ ਪੰਜਾਲੀ ਭੰਨ੍ਹਣ ਲਈ ਸਿਰ-ਧੜ ਦੀ ਬਾਜ਼ੀ ਲਾ ਚੁੱਕੇ ਸਨ। ਹਰ ਇਨਕਲਾਬੀ ਜਾਨ ਦੀ ਕੀਮਤ ਤੇ ਆਜ਼ਾਦੀ ਹਾਸਲ ਕਰਨ ਤੇ ਤੁਲ ਗਿਆ ਸੀ।
1914 ਈ. ਦੇ ਆਖ਼ਰੀ ਦੇ ਮਹੀਨਿਆਂ ਵਿੱਚ ਇਨਕਲਾਬੀ ਕਾਰਵਾਈਆਂ ਬਹੁਤ ਤੇਜ਼ ਹੋ ਗਈਆਂ ਸਨ। ਰੇਲ ਗੱਡੀਆਂ 'ਚੋਂ ਸਰਕਾਰੀ ਖ਼ਜ਼ਾਨੇ ਦਾ ਰੁਪਿਆ ਕਈ ਜਗ੍ਹਾ ਲੁੱਟਿਆ ਗਿਆ। ਥਾਣਿਆਂ ਵਿੱਚੋਂ ਅਸਲਾ ਲੁੱਟਿਆ ਗਿਆ। ਮਿਲਟਰੀ ਦਾ ਅਸਲਾ ਵੀ ਚੁਰਾਇਆ ਗਿਆ। ਬ੍ਰਿਟਿਸ਼ ਗੌਰਮਿੰਟ ਬਿਲਬਿਲਾ ਉਠੀ। ਇੱਕ ਆਰਡੀਨੈਂਸ ਜਾਰੀ ਕੀਤਾ ਜਿਹਦੀ ਰੂਹ ਨਾਲ ਦਹਿਸ਼ਤਪਸੰਦਾਂ ਨੂੰ ਸਰਸਰੀ ਸਮਾਅਤ ਦੀਆਂ ਅਦਾਲਤਾਂ ਦੇ ਸਪੁਰਦ ਕਰਨ ਦੀ ਧਮਕੀ ਦਿੱਤੀ ਗਈ। ਇਹ ਕਾਲਾ ਕਾਨੂੰਨ ਵੀ ਆਜ਼ਾਦੀ ਦੇ ਮਤਵਾਲਿਆਂ ਦੇ ਹੌਂਸਲੇ ਘੱਟ ਨਾ ਕਰ ਸਕਿਆ। ਬੰਬ ਫੱਟਦੇ ਰਹੇ। ਧਮਾਕੇ ਹੁੰਦੇ ਰਹੇ। ਗੋਲੀਆਂ ਬਰਸਾਈਆਂ ਜਾਂਦੀਆਂ ਰਹੀਆਂ।
15 ਫਰਵਰੀ 1915 ਈ. ਦੀ ਤਾਰੀਖ਼ ਇਨਕਲਾਬ ਬਰਪਾ ਕਰਨ ਲਈ ਮੁਕੱਰਰ ਹੋ ਗਈ। ਹਰ ਸੀਨੇ ਵਿਚ ਜੋਸ਼ ਤੇ ਹਰ ਸਿਰ ਵਿੱਚ ਸ਼ਹਾਦਤ ਦਾ ਸਵਾਦ ਸਮਾਅ ਗਿਆ। ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਖ਼ਰੀਦ ਲਿਆ ਗਿਆ ਜਿਹੜਾ ਬਾਗ਼ੀਆਨਾ ਲਿਟਰੇਚਰ ਛਾਪਣ ਦਾ ਕੰਮ ਕਰਦਾ ਰਿਹਾ। ਇਹ ਲੋਕਾਂ ਵਿੱਚ ਮੁਫ਼ਤ ਤਕਸ਼ੀਮ ਕੀਤਾ ਜਾਂਦਾ ਸੀ । ਬੰਬ ਬਣਾਨ ਦੀਆਂ ਦੋ ਫ਼ੈਕਟਰੀਆਂ ਮੌਜ਼ਿਆ 'ਚੱਬੇਵਾਲ' ਤੇ 'ਲੋਹਟਬੱਦੀ' ਵਿੱਚ ਕਾਇਮ ਕੀਤੀਆਂ ਗਈਆਂ। ਬੰਬ ਇਨਕਲਾਬੀ ਸੈਂਟਰਾਂ ਵਿੱਚ ਖ਼ੁਫ਼ੀਆ ਤਰੀਕਿਆਂ ਨਾਲ ਭਿਜਵਾਏ ਜਾਂਦੇ ਰਹੇ। ਹੋਰ ਅਸਲਾ ਲੈਣ ਲਈ ਜਗਤ ਰਾਮ ਨੂੰ ਕਾਬਲ ਭੇਜਿਆ ਗਿਆ ਤੇ ਪਰਮਾਨੰਦ (ਝਾਂਸੀ ਦਾ ਰਹਿਣ ਵਾਲਾ ਸੀ) ਬੰਗਾਲ ਚਲਾ ਗਿਆ। ਉਹਦਾ ਮਕਸਦ ਇਨਕਲਾਬ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ। ਉਹ ਵੇਖਣਾ ਚਾਹੁੰਦਾ ਸੀ ਕਿ 15 ਫ਼ਰਵਰੀ ਲਈ ਕੀ ਇੰਤਜ਼ਾਮ ਕੀਤੇ ਗਏ ਨੇ। ਇਨਕਲਾਬੀਆਂ ਨੇ ਇੱਕ ਚੌਰੰਗੇ ਝੰਡੇ ਨੂੰ ਆਪਣਾ ਨਿਸ਼ਾਨ ਬਣਾਇਆ। ਇਹ ਨਿਸ਼ਾਨ ਹਿੰਦੁਸਤਾਨ ਦੇ ਇਨਕਲਾਬੀ ਸੈਂਟਰਾਂ ਨੂੰ ਭੇਜ ਦਿੱਤਾ ਗਿਆ। ਇਹ ਅਫ਼ਸੋਸ ਦੀ ਗੱਲ ਏ, ਇਹਨਾਂ ਰੰਗਾਂ ਦਾ ਪਤਾ ਨਹੀਂ ਚੱਲ ਸਕਿਆ ਜਿਨ੍ਹਾਂ ਨੂੰ ਮਿਲਾ ਕੇ ਚੌਰੰਗਾ ਝੰਡਾ ਬਣਾਇਆ ਗਿਆ ਸੀ। ਨਾ ਈ ਇਹ ਪਤਾ ਲੱਗਾ ਏ ਕਿ ਝੰਡੇ ਦਾ ਸਾਈਜ਼ ਕੀ ਸੀ।
ਇਨਕਲਾਬ ਲਈ ਹਾਲਾਤ ਮੁਆਫ਼ਿਕ ਸਨ। ਬਰਤਾਨੀਆ ਦੀ ਫ਼ੌਜ ਦਾ ਵੱਡਾ ਹਿੱਸਾ ਫ਼ਰਾਂਸ ਦੇ ਮੁਹਾਜ਼ ਉਤੇ ਲੜ ਰਿਹਾ ਸੀ। ਗ਼ਰੀਬਾਂ ਦੇ ਉਹ ਪੁੱਤਰ ਜਿਹੜੇ ਜਬਰੀ ਭਰਤੀ ਕੀਤੇ ਗਏ ਸਨ, ਉਹ ਲੜਨ ਲਈ ਤਿਆਰ ਨਹੀਂ ਸਨ। ਮਹਿੰਗਾਈ ਵੱਧ ਰਹੀ ਸੀ। ਹਿੰਦੁਸਤਾਨ ਦੇ ਕਈ ਸੂਬੇ ਕਹਿਤ-ਸਾਲੀ (ਭੁੱਖਮਰੀ) ਦੇ ਨੇੜੇ ਪੁੱਜ ਗਏ ਸਨ। ਚੋਰ ਬਾਜ਼ਾਰੀ ਹੋ ਰਹੀ ਸੀ। ਲੁਕਾਈ ਪਰੇਸ਼ਾਨ ਹਾਲ ਸੀ।
ਬਾਗ਼ੀਆਨਾ ਲਿਟਰੇਚਰ ਪੜ੍ਹ ਕੇ ਨੌਜਵਾਨ ਭੜਕ ਉੱਠੇ ਸਨ। ਅਸਲੇ ਨੇ ਉਨ੍ਹਾਂ ਨੂੰ ਜੁਰੱਅਤ ਦਿਲਾਈ ਸੀ। ਇਨਕਲਾਬ ਆਣ ਈ ਵਾਲਾ ਸੀ। ਇਹ ਅਫ਼ਵਾਹ ਫੈਲ ਗਈ ਸੀ ਕਿ ਹਿਮਾਲੀਆ ਪਹਾੜ ਤੋਂ 'ਸ਼੍ਰੀ ਮਹਾਂ ਪ੍ਰਭੂ ਜਗ ਬੰਧੂ' ਉੱਤਰ ਕੇ ਆਣਗੇ। ਉਹ ਤੇਰ੍ਹਾਂ ਵਰ੍ਹਿਆਂ ਤੋਂ ਚਿੱਲਾਕਸ਼ੀ ਕਰਦੇ ਰਹੇ ਨੇ। ਉਹ ਆਪਣੀ ਤਪੱਸਿਆ ਦੀ ਤਾਕਤ ਨਾਲ ਸਾਮਰਾਜ ਨੂੰ ਹਿੰਦੁਸਤਾਨ ਤੋਂ ਬਾਹਰ ਕੱਢ ਦੇਣਗੇ। ਆਸਾਮ ਤੋਂ ਲੈ ਕੇ ਪਿਸ਼ਾਵਰ ਤੱਕ ਇਹ ਗੱਲਾਂ ਹੋ ਰਹੀਆਂ ਸਨ: ਗ਼ੁਲਾਮੀ ਦਾ ਤੌਕ ਟੁੱਟਣ ਵਾਲਾ ਏ।
ਇਨਕਲਾਬੀਆਂ ਨੂੰ ਉਮੀਦ ਸੀ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਆਜ਼ਾਦੀ-ਪਸੰਦ ਫ਼ੌਜੀ ਇਨਕਲਾਬ ਲੈ ਆਣਗੇ। ਮੈਗਜ਼ੀਨ ਤੇ ਅਸਲਾ-ਖ਼ਾਨੇ ਕਬਜ਼ੇ ਵਿੱਚ ਆ ਜਾਣਗੇ। ਜ਼ੇਲ੍ਹ-ਖ਼ਾਨਿਆਂ ਵਿੱਚੋਂ ਆਜ਼ਾਦੀ ਦੇ ਮਤਵਾਲੇ ਰਿਹਾ ਕਰਾ ਲਏ ਜਾਣਗੇ। ਆਜ਼ਾਦੀ ਦੇ ਤਰਾਨੇ ਵਜਾਂਦੇ ਬੈਂਡ ਸੜਕਾਂ ਤੇ ਮਾਰਚ ਪਾਸਟ ਕਰਨਗੇ। ਬਰਤਾਨਵੀ ਹਕੂਮਤ ਦਾ ਨਾਂ ਨਿਸ਼ਾਣ ਮਿਟ ਜਾਏਗਾ। ਗ਼ੁਲਾਮੀ ਦੀਆਂ ਯਾਦਗਾਰਾਂ ਗ਼ਲਤ ਹਰਫ਼ਾਂ ਵਾਂਗੂੰ ਮਿਟਾ ਦਿੱਤੀਆਂ ਜਾਣਗੀਆਂ। ਪੰਜਾਬ ਦੇ ਮੁਜਾਹਿਦ ਤੇ ਜੀਆਲੇ ਪੁੱਤਰ ਹਿੰਦੁਸਤਾਨ ਨੂੰ ਆਜ਼ਾਦੀ ਦੀ ਨਿਅਮਤ (ਦਾਤ) ਨਾਲ ਮਾਲਾਮਾਲ ਕਰ ਦੇਣਗੇ। ਸਭਤੋਂ ਪਹਿਲਾਂ ਪੰਜਾਬ ਦੀਆਂ ਛਾਉਣੀਆਂ ਵਿੱਚੋਂ ਲਾਵਾ ਫੁੱਟੇਗਾ। ਫੇਰ ਇਹ ਅੱਗ ਸਾਰੇ ਹਿੰਦੁਸਤਾਨ ਵਿੱਚ ਫੈਲ ਜਾਏਗੀ। 1857 ਈ. ਦੀ ਆਜ਼ਾਦੀ ਦੀ ਜੰਗ ਤੋਂ ਬਾਅਦ ਇਹ ਮੁਨੱਜ਼ਮ ਕੋਸ਼ਿਸ਼ ਸੀ ਜੀਹਦੇ ਦਾਇਰੇ ਵਿੱਚ ਸਾਰਾ ਹਿੰਦੁਸਤਾਨ ਸੀ।
ਬੁਰਾ ਹੋਵੇ ਉਸ ਗ਼ੱਦਾਰ ਦਾ ਜੀਹਨੇ ਬਣਿਆ ਬਣਾਇਆ ਖੇਲ੍ਹ ਵਿਗਾੜ ਦਿੱਤਾ। 15 ਫਰਵਰੀ 1915 ਈ. ਇਨਕਲਾਬ ਲਿਆਣ ਦੀ ਤਾਰੀਖ਼ ਸੀ। ਮਰਦੂਦ ਵਤਨ-ਫ਼ਰੋਸ਼ ਕਿਰਪਾਲ ਸਿੰਘ ਨੇ ਪੁਲੀਸ ਨੂੰ ਮੁਖ਼ਬਰੀ ਕਰ ਦਿੱਤੀ। 14 ਫ਼ਰਵਰੀ ਦੀ ਰਾਤ ਨੂੰ ਜਦੋਂ ਲੋਕੀਂ ਸੌਂ ਕੇ ਜਾਗੇ ਤਾਂ ਉਹਨਾਂ ਵੇਖਿਆ ਗੋਰੇ ਫ਼ੌਜੀ ਸਟੇਨਗੰਨਾਂ ਲਈ ਚੱਲ ਫਿਰ ਰਹੇ ਨੇ। ਹਰ ਚੌਂਕ ਵਿੱਚ ਗੋਰੇ ਫ਼ੌਜੀਆਂ ਮੋਰਚੇ ਬਣਾਏ ਹੋਏ ਨੇ।
ਸੱਚੇ ਤੇ ਪੱਕੇ ਇਨਕਲਾਬੀਆਂ ਨੇ ਜਾਨਾਂ ਦੀਆਂ ਬਾਜ਼ੀਆਂ ਲਾ ਦਿੱਤੀਆਂ। ਇਨਕਲਾਬੀ ਗੱਭਰੂ ਜਵਾਨ ਕਰਤਾਰ ਸਿੰਘ ਸਰਾਭਾ ਪੰਜਾਹ ਇਨਕਲਾਬੀਆਂ ਨਾਲ ਫ਼ਿਰੋਜ਼ਪੁਰ ਛਾਉਣੀ ਪੁੱਜਿਆ। ਬੇਧੜਕ ਬੰਬ ਮਾਰੇ। ਧਮਾਕੇ ਹੋਏ। ਬਾਰਕਾਂ ਉੱਡ ਗਈਆਂ। ਗੋਰੇ ਫ਼ੌਜੀ ਮਾਰੇ ਗਏ ਤੇ ਜ਼ਖ਼ਮੀ ਹੋਏ। ਗੋਰਾ ਮਿਲਟਰੀ ਨੇ ਪੰਜਾਬੀ ਫ਼ੌਜਾਂ ਨੂੰ ਨਿਹੱਥਿਆਂ ਕਰ ਦਿੱਤਾ ਸੀ। ਇਨਕਲਾਬ ਦਾ ਸਾਥ ਕੌਣ ਦੇਂਦਾ। ਆਪਣੇ ਫ਼ੌਜੀ ਥੋੜ੍ਹੇ ਪੈ ਗਏ। ਸ਼ੇਰਦਿਲ ਕਰਤਾਰ ਸਿੰਘ ਸਰਾਭਾ ਖੂਨ ਦੇ ਹੰਝੂ ਰੋਇਆ। ਆਜ਼ਾਦੀ ਦਾ ਸੁਪਨਾ ਟੁੱਟ ਗਿਆ। ਉਮੀਦਾਂ ਮਿੱਟੀ ਵਿੱਚ ਮਿਲ ਗਈਆਂ। ਇੱਕ ਕਾਲੀ ਭੇਡ ਨੇ ਇਨਕਲਾਬੀ ਤਹਿਰੀਕ ਦਾ ਬੇੜਾ ਗਰਕ ਕਰ ਦਿੱਤਾ। ਦੋ ਹਫ਼ਤੇ ਪੰਜਾਬ ਦਹਿਸ਼ਤਪਸੰਦੀ ਦਾ ਮਰਕਜ਼ ਬਣਿਆ ਰਿਹਾ। ਥਾਣਿਆਂ ਉੱਤੇ ਬੰਬ ਸੁੱਟੇ ਗਏ। ਗੋਰੇ ਫ਼ੌਜੀਆਂ 'ਤੇ ਹਮਲੇ ਹੋਏ। ਬਰਤਾਨਵੀ ਸਾਮਰਾਜ ਨੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਦੋ ਸੌ ਇਨਕਲਾਬੀ ਗ੍ਰਿਫ਼ਤਾਰ ਕਰ ਲਏ ਗਏ। ਕਰਤਾਰ ਸਿੰਘ ਸਰਾਭਾ ਨੂੰ ਜ਼ੇਲ੍ਹ ਵਿੱਚ ਵਾਅਦਾ-ਮੁਆਫ਼ ਬਣਨ ਲਈ ਕਿਹਾ ਗਿਆ ਤੇ ਉਸ ਨੇ ਅੰਗ੍ਰੇਜ਼ ਅਫ਼ਸਰ ਦੇ ਮੂੰਹ 'ਤੇ ਥੁੱਕ ਦਿੱਤਾ। ਸਰ ਮਾਈਕਲ ਓਡਵਾਇਰ ਦੇ ਕਹਿਣ ਮੁਤਾਬਕ ਪਿੰਗਲੇ ਨੂੰ ਮੇਰਠ ਤੋਂ ਇਸ ਹਾਲ ਵਿੱਚ ਪਕੜਿਆ ਗਿਆ ਕਿ ਉਹਦੇ ਥੈਲੇ ਵਿੱਚ ਏਨੇ ਬੰਬ ਸਨ ਜਿਨ੍ਹਾਂ ਨਾਲ ਫ਼ੌਜ ਦੀ ਪੂਰੀ ਰਜਮੈਂਟ ਨੂੰ ਉਡਾਇਆ ਜਾ ਸਕਦਾ ਸੀ। ਪੰਜਾਬ ਦਾ ਸਪੁੱਤਰ ਜਗਤ ਰਾਮ ਪਿਸ਼ਾਵਰ ਤੋਂ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਇਆ ਗਿਆ।
ਇਨਕਲਾਬੀਆਂ ਦੇ ਇਰਾਦੇ ਤਾਂ ਮਿੱਟੀ ਵਿੱਚ ਮਿਲ ਗਏ ਪਰ ਹਿੰਦੁਸਤਾਨ ਵਿੱਚ ਸ਼ੋਰ ਹੰਗਾਮਾ ਹੋਇਆ। ਦਿੱਲੀ ਵਿੱਚ ਬੰਬ ਫਟੇ। ਬਨਾਰਸ ਵਿੱਚ ਗੋਲੀਆਂ ਵਰ੍ਹੀਆਂ। ਕਲਕੱਤਾ ਵਿੱਚ ਫ਼ੌਜੀ ਲਾਰੀਆਂ ਉੱਡਾ ਦਿੱਤੀਆਂ ਗਈਆਂ। ਜਬਲਪੁਰ ਦੇ ਆਰਸਨਲ ਤੇ ਧਾਵਾ ਬੋਲਿਆ ਗਿਆ। ਅਲਾਹਬਾਦ ਦੇ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਧਮਾਕਾ ਹੋਇਆ। ਸਤੰਬਰ 1915 ਈ. ਤਾਈਂ ਦਹਿਸ਼ਤਪਸੰਦ ਤਹਿਰੀਕ ਦਬਾਈ ਨਾ ਜਾ ਸਕੀ। ਆਜ਼ਾਦੀ ਦੇ ਪਰਵਾਨੇ ਸ਼ਮਾਂ ਵੱਲ ਵਧਦੇ ਰਹੇ। ਇਹਨਾਂ ਤਾਂ ਜਾਨਾਂ ਦੀ ਬਾਜ਼ੀ ਲਾ ਦਿੱਤੀ, ਪਰ ਉਹਦਾ ਚਾਅ ਪੂਰਾ ਨਾ ਹੋਇਆ।
ਹਿੰਦੁਸਤਾਨ ਗ਼ੁਲਾਮ ਹੀ ਰਿਹਾ । ਇਨਕਲਾਬੀ ਹਿੰਦੁਸਤਾਨ ਭਰ ਤੋਂ ਗ੍ਰਿਫ਼ਤਾਰ ਕਰਕੇ ਲਾਹੌਰ ਸੈਂਟਰਲ ਜ਼ੇਲ੍ਹ ਲਿਆਂਦੇ ਗਏ ਤੇ ਬਾਰਕ ਨੰਬਰ 16 ਵਿੱਚ ਬੰਦ ਕਰ ਦਿੱਤੇ ਗਏ। ਇਮਪੀਰੀਅਲ ਲੈਜਿਸਲੇਟਿਵ ਕਾਊਂਸਲ ਨੇ 'ਡੀਫੈਂਸ ਆਫ਼ ਇੰਡੀਆ ਐਕਟ' ਦੀ ਆੜ ਵਿੱਚ ਕਾਲਾ ਕਾਨੂੰਨ ਪਾਸ ਕੀਤਾ ਤੇ ਇੱਕ ਸਪੈਸ਼ਲ ਟ੍ਰਿਬਿਊਨਲ ਕਾਇਮ ਹੋਇਆ, ਜਿਸ ਦੇ ਸਪੁਰਦ ਇਨਕਲਾਬੀਆਂ ਦੀਆਂ ਕਿਸਮਤਾਂ ਕਰ ਦਿੱਤੀਆਂ ਗਈਆਂ। ਜਿਹੜਾ ਟ੍ਰਿਬਿਊਨਲ ਪੰਜਾਬ ਲਈ ਬਣਿਆ ਉਸ ਦਾ ਇਕ ਰੁਕਨ ਸ਼ਿਵ ਨਾਰਾਇਣ ਸ਼ਰਮਾ ਇਕੱਲਾ ਹਿੰਦੁਸਤਾਨੀ ਸੀ, ਬਾਕੀ ਮੈਂਬਰ ਅੰਗਰੇਜ਼। 27 ਮਾਰਚ 1915 ਈ. ਨੂੰ ਮੁਕੱਦਮੇ ਦੀ ਪਹਿਲੀ ਪੇਸ਼ੀ ਹੋਈ।
ਬਾਰਕ ਨੰਬਰ 16 ਵਿੱਚ ਅਦਾਲਤ ਬੈਠੀ। ਸਰਕਾਰੀ ਵਕੀਲ ਮਿਸਟਰ ਪਿਟਮੈਨ ਵਕੀਲਾਂ ਦੀ ਖੇਪ ਨਾਲ ਅਦਾਲਤ ਦੇ ਸੱਜੇ ਪਾਸੇ ਖੜ੍ਹੇ ਸਨ। ਉਹਨਾਂ ਦੇ ਪਿੱਛੇ ਸੀ. ਆਈ. ਡੀ. ਦੇ ਗੁਰਗੇ ਸਨ। 65 ਇਨਕਲਾਬੀ ਹੱਥਕੜੀਆਂ ਤੇ ਬੇੜੀਆਂ ਨਾਲ ਖੱਬੇ ਪਾਸੇ ਖੜ੍ਹੇ ਸਨ। ਉਹਨਾਂ ਤੇ ਸ਼ਹਿਨਸ਼ਾਹਿ-ਹਿੰਦ ਦੀ ਹਕੂਮਤ ਦੇ ਖਿਲਾਫ਼ ਬਗ਼ਾਵਤ ਦਾ ਜ਼ੁਰਮ ਸੀ । ਪਹਿਲੀ ਕਤਾਰ ਵਿੱਚ ਸੱਠ ਸਾਲਾ ਬੁੱਢਾ ਇਨਕਲਾਬੀ ਭਾਨ ਸਿੰਘ ਤੇ ਮੁਨਸ਼ੀ ਕਰੀਮ ਬਖ਼ਸ਼ ਸਨ। ਉਹਨਾਂ ਦੇ ਨਾਲ ਈ ਬਾਬਾ ਸੋਹਣ ਸਿੰਘ ਭਕਨਾ ਤੇ ਮੁਹੰਮਦ ਦੀਨ ਸਨ। ਉਹਨਾਂ ਦੇ ਨੇੜੇ ਗੱਭਰੂ ਜਵਾਨ ਕਰਤਾਰ ਸਿੰਘ ਸਰਾਭਾ, ਪ੍ਰਿਥਵੀ ਸਿੰਘ ਤੇ ਅਲੀ ਸ਼ੇਰ ਸਨ। ਗੁਰਮੁਖ ਸਿੰਘ ਵੀ ਲਾਗੇ ਬੇੜੀਆਂ ਨਾਲ ਜਕੜਿਆ ਖੜ੍ਹਾ ਸੀ। ਹਕੂਮਤ ਵੱਲੋਂ 404 ਗਵਾਹ ਪੇਸ਼ ਹੋਏ। ਬਹੁਤੇ ਗਵਾਹ ਪੁਲੀਸ ਨੇ ਮਜਬੂਰ ਕਰਕੇ ਬਣਾਏ ਸਨ। ਆਹਲਾ ਸਿੰਘ ਨੰਬਰਦਾਰ ਨੇ ਗਵਾਹੀ ਦੇ ਕੇ ਥਾਣੇਦਾਰ ਨੂੰ ਟ੍ਰਿਬਿਊਨਲ ਦੇ ਸਾਹਮਣੇ ਆਖ ਦਿੱਤਾ, “ਜਨਾਬ, ਹੁਣ ਤੇ ਰਾਜ਼ੀ ਹੋ ਗਏ ਓ।" ਦੂਜੇ ਗਵਾਹ ਨੇ ਜਿਰਾਹ ਵਿੱਚ ਮੰਨਿਆ ਓਸ ਤੇ ਸਰਕਾਰ ਦੀ ਮਰਜ਼ੀ ਪੂਰੀ ਕੀਤੀ ਏ।
ਸਫ਼ਾਈ ਵਿੱਚ 228 ਪੱਕੇ ਪੀਡੇ ਗਵਾਹ ਪੇਸ਼ ਹੋਏ। ਉਨ੍ਹਾਂ ਨੂੰ ਅਦਾਲਤ ਵਿੱਚ ਧਮਕੀਆਂ ਦਿੱਤੀਆਂ ਗਈਆਂ। ਇਨਸਾਫ਼ ਦੀ ਮਿੱਟੀ ਪਲੀਤ ਕੀਤੀ ਗਈ। ਗ਼ਦਰ ਪਾਰਟੀ ਦੇ ਜਿਹੜੇ ਸੱਤ ਲੀਡਰ ਕਲਕੱਤਾ ਵਿੱਚ ਗ੍ਰਿਫ਼ਤਾਰ ਕਰ ਲਏ ਗਏ ਸਨ, ਉਹਨਾਂ ਨੂੰ ਮੁਜਰਮਾਂ ਦੀ ਇਆਨਤ (ਮਦਦ) ਕਰਨ ਦੇ ਜ਼ੁਰਮ ਵਿੱਚ ਧਰ ਲਿਆ ਗਿਆ। ਸਾਰੇ ਇਲਕਲਾਬੀ ਇਸ ਟ੍ਰਿਬਿਊਨਲ ਦੀ ਕਾਰਵਾਈ ਦਾ ਮਜ਼ਾਕ ਉਡਾਉਂਦੇ ਰਹੇ। ਜਦੋਂ ਫ਼ਰਦ ਜ਼ੁਰਮ ਲੱਗੀ, ਇਕਰਾਰ ਯਾਂ ਇਨਕਾਰ ਪੁੱਛਿਆ ਗਿਆ, ਤਾਂ ਸ਼ੇਰ ਦਿਲ ਗੱਭਰੂ ਕਰਤਾਰ ਸਿੰਘ ਸਰਾਭਾ ਬਘੇਲੇ ਵਾਂਗੂੰ ਗੱਜਿਆ। ਓਸ ਆਖਿਆ, “ਅਸਾਂ ਕੋਈ ਜ਼ੁਰਮ ਨਹੀਂ ਕੀਤਾ, ਨਾ ਕੋਈ ਸਾਜ਼ਿਸ਼ ਕੀਤੀ ਏ। ਅਸਾਂ ਤਾਂ ਬਰਤਾਨਵੀ ਸਾਮਰਾਜ ਨੂੰ ਲਲਕਾਰਿਆ ਏ। ਆਜ਼ਾਦੀ ਲਈ ਕੋਸ਼ਿਸ਼ ਕੀਤੀ ਏ। ਆਜ਼ਾਦੀ ਹਾਸਲ ਕਰਨਾ ਹਰ ਗ਼ੁਲਾਮ ਦਾ ਹੱਕ ਏ । ਅਸੀਂ ਸਾਮਰਾਜ ਦੇ ਬਾਗ਼ੀ ਆਂ, ਸਾਜ਼ਸ਼ੀ ਨਹੀਂ।” ਇੱਕ ਜੱਜ ਨੇ ਆਖਿਆ, “ਤੈਨੂੰ ਪਤਾ ਏ ਤੇਰੇ ਏਸ ਬਿਆਨ ਨਾਲ ਤੈਨੂੰ ਕੀ ਸਜ਼ਾ ਮਿਲੇਗੀ?” ਪੰਜਾਬ ਦੇ ਜੀਆਲੇ ਪੁੱਤਰ ਨੇ ਜਵਾਬ ਦਿੱਤਾ, “ਮੈਨੂੰ ਪਤਾ ਏ ਮੌਤ ਦੀ ਸਜ਼ਾ ਹੋ ਸਕਦੀ ਏ। ਮੈਂ ਗ਼ੁਲਾਮੀ ਦੀ ਜ਼ਿੰਦਗੀ ਨਾਲੋਂ ਇੱਜ਼ਤ ਦੀ ਮੌਤ ਮਰਨ ਨੂੰ ਚੰਗਾ ਸਮਝਦਾ ਆਂ।” ਸਾਰਿਆਂ ਇਨਕਲਾਬੀਆਂ ਸਾਜ਼ਿਸ਼ ਦੇ ਜ਼ੁਰਮ ਤੋਂ ਇਨਕਾਰ ਕੀਤਾ ਤੇ ਆਖਿਆ, ਅਸਾਂ ਇਨਕਲਾਬ ਲਿਆਣਾ ਚਾਹਿਆ ਸੀ। ਅਸਾਂ ਆਜ਼ਾਦੀ ਲਈ ਕੋਸ਼ਿਸ਼ ਕੀਤੀ ਸੀ। ਅਸੀਂ ਲੋਕਾਂ ਨੂੰ ਜਗਾਇਆ ਏ, ਸਾਮਰਾਜ ਦੀਆਂ ਕੰਧਾਂ ਹਿਲਾਈਆਂ ਨੇ।
ਮੁਕੱਦਮੇ ਦੀ ਕਾਰਵਾਈ ਜੂਨ 1915 ਈ. ਦੇ ਆਖ਼ਰੀ ਦਿਨਾਂ ਵਿਚ ਖ਼ਤਮ ਹੋ ਗਈ। ਟ੍ਰਿਬਿਊਨਲ ਦੇ ਜੱਜ ਗਰਮੀਆਂ ਗੁਜ਼ਾਰਣ ਲਈ ਪਹਾੜ 'ਤੇ ਚਲੇ ਗਏ। ਓਥੇ ਉਹਨਾਂ ਫ਼ੈਸਲਾ ਲਿਖਿਆ। ਇਨਕਲਾਬੀਆਂ ਨੂੰ ਸਣੇ ਬੇੜੀਆਂ ਕਾਲ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਕਹਿਰ ਦੀ ਗਰਮੀ ਤੇ ਘੁੱਟਣ ਵਿੱਚ ਵੀ ਬੇੜੀਆਂ ਨਾ ਲਾਹੀਆਂ ਗਈਆਂ। ਉਹ ਤਿੰਨ ਮਹੀਨੇ ਸੜਦੇ ਰਹੇ। 13 ਸਤੰਬਰ 1915 ਨੂੰ ਜੱਜ ਪਹਾੜ ਤੋਂ ਵਾਪਸ ਆਏ। ਲਾਹੌਰ ਸੈਂਟਰਲ ਜ਼ੇਲ੍ਹ ਦੀ ਬਾਰਕ ਨੰਬਰ 16 ਵਿੱਚ ਅਦਾਲਤ ਲੱਗੀ। ਹੁਕਮ ਸੁਣਾਇਆ ਗਿਆ। ਚੌਵੀ (24) ਇਨਕਲਾਬੀਆਂ ਨੂੰ ਸਜ਼ਾਏ-ਮੌਤ ਦਿੱਤੀ ਗਈ। ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਇਹਨਾਂ ਵਿੱਚ ਪਹਿਲਾ ਨਾਂ ਲੁਧਿਆਣੇ ਦੇ ਜੀਆਲੇ ਪੁੱਤਰ ਕਰਤਾਰ ਸਿੰਘ ਸਰਾਭਾ ਦਾ ਸੀ। ਹੁਸ਼ਿਆਰਪੁਰ ਦਾ ਅਲੀ ਸ਼ੇਰ ਸੀ। ਲਾਹੌਰ ਦਾ ਤਾਜਰ ਜਗਤ ਸਿੰਘ ਸੀ। ਮਹਾਰਾਸ਼ਟਰ ਦਾ ਦਹਿਸ਼ਤ ਪਸੰਦ ਪਿੰਗਲੇ ਸੀ। ਸਿਆਲਕੋਟ ਦਾ ਜ਼ਿਮੀਂਦਾਰ ਹਰਨਾਮ ਸਿੰਘ ਸੀ। ਜਲੰਧਰ ਦਾ ਗਰੀਬ ਕਿਸਾਨ ਫ਼ਜ਼ਲ ਦੀਨ ਸੀ। ਝਾਂਸੀ ਦਾ ਬਾਗ਼ੀ ਪਰਮਾਨੰਦ ਸੀ। ਹੁਸ਼ਿਆਰਪੁਰ ਦਾ ਸ਼ਹੀਦੇ-ਵਤਨ ਜਗਤ ਰਾਮ ਸੀ। ਅੰਬਾਲੇ ਦਾ ਪ੍ਰਿਥਵੀ ਸਿੰਘ ਜ਼ਿਮੀਂਦਾਰ ਸੀ। ਲੁਧਿਆਣੇ ਦੇ ਕਿਸਾਨ ਜ਼ਿਮੀਂਦਾਰ ਨੰਦ ਸਿੰਘ ਤੇ ਬਦਰ ਦੀਨ ਸਨ। ਹੁਸ਼ਿਆਰਪੁਰ ਦਾ ਲੱਖਪਤੀ ਹਰਨਾਮ ਸਿੰਘ ਟੁੰਡੀਲਾਟ ਸੀ। ਅੰਮ੍ਰਿਤਸਰ ਦੇ ਬਾਗ਼ੀ ਸੋਹਣ ਸਿੰਘ ਭਕਨਾ ਤੇ ਨਿਧਾਨ ਸਿੰਘ ਸਨ।
ਛੱਬੀ (26) ਇਨਕਲਾਬੀਆਂ ਨੂੰ ਕਾਲੇਪਾਣੀ ਦੀ ਸਜ਼ਾ ਹੋਈ। ਉਹਨਾਂ ਵਿੱਚ ਮੁਹੰਮਦ ਦੀਨ ਸੀ। ਉਹਦੇ ਨਾਲ ਲਾਹੌਰ ਦਾ ਲੱਖਪਤੀ ਮਦਨ ਸਿੰਘ ਗਾਗਾ ਤੇ ਅੰਮ੍ਰਿਤਸਰ ਦੇ ਬਾਗ਼ੀ ਪੁੱਤਰ ਅਬਦੁਲ ਮਜੀਦ, ਵਿਸਾਖਾ ਸਿੰਘ ਤੇ ਸ਼ੇਰ ਸਿੰਘ ਸਨ। ਉਹਨਾਂ ਦੇ ਨਾਲ ਬੜੇ ਜ਼ਿਮੀਂਦਾਰ ਖ਼ਾਨਦਾਨ ਦਾ ਬਾਗ਼ੀ ਜਵਾਨ ਜਵਾਲਾ ਸਿੰਘ ਸੀ। ਫ਼ਿਰੋਜ਼ਪੁਰ ਦੇ ਜੀਆਲੇ ਪੁੱਤਰ ਰੂੜ ਸਿੰਘ ਤੇ ਗ਼ੁਲਾਮ ਅਬਾਸ ਬਾਕੀ ਬਹਾਦਰਾਂ ਦੇ ਨਾਂ ਨਹੀਂ ਮਿਲੇ। ਸਾਰਿਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਤੇ ਕਾਲੇ ਪਾਣੀ (ਜਜ਼ੀਰਾ ਅੰਡੇਮਾਨ ਨਿਕੋਬਾਰ) ਭੇਜ ਦਿੱਤੇ ਗਏ। ਏਸ ਫ਼ੈਸਲੇ ਬਾਰੇ ਜੁਡੀਸ਼ਲ ਅਪੀਲ ਵੀ ਨਹੀਂ ਹੋ ਸਕਦੀ ਸੀ।
ਇਹ ਦੌਰ ਪੰਜਾਬ ਦੇ ਲਾਅਨਤੀ ਗਵਰਨਰ ਸਰ ਮਾਈਕਲ ਓਡਵਾਇਰ ਦਾ ਸੀ। ਉਸ ਨੇ ਗ਼ਦਰ ਪਾਰਟੀ ਵਿੱਚ ਹਿੱਸਾ ਲੈਣ ਵਾਲੇ ਇਨਕਲਾਬੀ ਸਿੱਖਾਂ ਦੇ ਖ਼ਿਲਾਫ਼ ਆਪਣੇ ਖ਼ਾਸ ਵਫ਼ਾਦਾਰ ਸਰ ਸੁੰਦਰ ਸਿੰਘ ਮਜੀਠੀਆ ਤੇ ਸਰਦਾਰ ਬਹਾਦਰ ਗੱਜਣ ਸਿੰਘ ਜਗੀਰਦਾਰ ਦੀ ਮਦਦ ਨਾਲ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੋਂ ਅਕਾਲ ਤਖ਼ਤ ਦੇ ਸਾਹਮਣੇ ਇਹ ਫ਼ੈਸਲਾ ਕਰਾ ਦਿੱਤਾ ਕਿ ਜਿਨ੍ਹਾਂ ਸਿੱਖਾਂ ਗ਼ਦਰ ਪਾਰਟੀ ਵਿੱਚ ਹਿੱਸਾ ਲਿਆ ਏ, ਉਹਨਾਂ ਨੂੰ ਸਿੱਖ ਧਰਮ ਤੋਂ ਖ਼ਾਰਜ ਕੀਤਾ ਜਾਂਦਾ ਏ। ਸਾਮਰਾਜ ਦੇ ਪਾਲਤੂ ਕੁੱਤੇ ਤੇ ਟੋਡੀ ਉਹਦੇ ਇਸ਼ਾਰੇ ਤੇ ਕੀਹ ਕੁਝ ਨਹੀਂ ਕਰਦੇ ਰਹੇ? ਇਹਨਾਂ ਕਾਲੀਆਂ ਭੇਡਾਂ ਨੇ ਪੰਜਾਬ ਨੂੰ ਬਦਨਾਮ ਕੀਤਾ। ਖ਼ਿਤਾਬਾਂ ਤੇ ਜਗੀਰਾਂ ਦੇ ਇਹ ਭੁੱਖੇ ਪੰਜਾਬ ਦੀ ਧਰਤੀ ਲਈ ਕਲੰਕ ਦਾ ਟਿੱਕਾ ਸਨ। ਆਜ਼ਾਦੀ ਦੀ ਤਵਾਰੀਖ਼ ਵੀ ਉਹਨਾਂ ਨੂੰ ਕਦੀ ਮੁਆਫ਼ ਨਹੀਂ ਕਰੇਗੀ।
ਆਖ਼ਰ ਉਹ ਘੜੀ ਆ ਗਈ, ਜਦੋਂ ਫ਼ਾਂਸੀ ਦੇ ਫੰਦੇ ਦਰੁਸਤ ਕੀਤੇ ਗਏ। ਤਖ਼ਤੇ ਧੋਏ ਗਏ। ਕਾਲ ਕੋਠੜੀਆਂ ਦੇ ਸਾਹਮਣੇ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖ ਦਿੱਤੀਆਂ ਗਈਆਂ। ਪੰਜਾਬ ਦੇ ਬਹਾਦਰ ਤੇ ਨਿੱਡਰ ਪੁੱਤਰ, ਆਜ਼ਾਦੀ ਦੇ ਪਰਵਾਨੇ, ਇਸ਼ਨਾਨ ਕਰਣ ਲੱਗ ਪਏ। ਨਹਾਣ ਤੋਂ ਫ਼ਾਰਗ ਹੋਏ ਤਾਂ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਾਣ ਲੱਗ ਪਏ। ਸਭ ਤੋਂ ਪਹਿਲਾਂ 19 ਸਾਲ ਦੇ ਸ਼ੇਰ ਦਲੇਰ ਗੱਭਰੂ ਕਰਤਾਰ ਸਿੰਘ ਸਰਾਭਾ ਨੂੰ ਫ਼ਾਂਸੀ ਘਰ ਵਿੱਚ ਲਿਆਂਦਾ ਗਿਆ। ਉਹ ਫੱਟੇ 'ਤੇ ਤਣ ਕੇ ਖੜ੍ਹ ਗਿਆ। ਉਹ ਮੁਸਕਰਾਇਆ। ਉਹਦਾ ਚਿਹਰਾ ਨੂਰੋ-ਨੂਰ ਹੋ ਗਿਆ।
ਜ਼ੇਲ੍ਹ ਦੇ ਅਫ਼ਸਰ ਨੇ ਪੁੱਛਿਆ- “ਤੁਸਾਂ ਰਹਿਮ ਦੀ ਅਪੀਲ ਕਿਉਂ ਨਹੀਂ ਕੀਤੀ?”
ਸਾਮਰਾਜ ਦਾ ਨੌਕਰ ਇਨਕਲਾਬੀ ਜਵਾਨ ਦਾ ਜਵਾਬ ਸੁਣ ਕੇ ਸ਼ਰਮਾ ਗਿਆ। ਕਰਤਾਰ ਸਿੰਘ ਆਖਿਆ ਸੀ- "ਜੇ ਖ਼ੁਦਾ ਮੈਨੂੰ ਲੱਖ ਜੀਵਨ ਬਖ਼ਸ਼ੇ ਤਾਂ ਮੈਂ (ਉਹ ਸਾਰੇ) ਜੀਵਨ ਦੇਸ਼ ਦੀ ਆਜ਼ਾਦੀ ਤੋਂ ਕੁਰਬਾਨ ਕਰ ਦਿਆਂਗਾ।”
ਉਸ ਨੇ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲਾਇਆ। ਫ਼ਾਂਸੀ ਦਾ ਫੰਦਾ ਚੁੰਮਿਆ ਤੇ ਗਲ ਵਿੱਚ ਪਾ ਲਿਆ। ਫੱਟਾ ਖਿੱਚਿਆ ਗਿਆ। ਉਹ ਤੜਪਿਆ ਤੇ ਸੁਰਖ਼ਰੂ ਹੋ ਗਿਆ। ਮਸ਼ਹੂਰ ਇਨਕਲਾਬੀ ਜਗਤ ਰਾਮ ਨੇ ਇਹ ਬੋਲ ਕਹੇ-
ਸਦਾ ਜਿਊਂਦਾ ਰਹੇਂਗਾ ਪੰਜਾਬ ਦਿਆ ਸਪੁੱਤਰਾ ਗ਼ਦਰ ਪਾਰਟੀ ਦਿਆ ਸੂਰਮਿਆਂ ਆਣ ਵਾਲੇ ਜ਼ਮਾਨੇ ਵਿੱਚ ਲੋਕੀਂ ਤੇਰਾ ਨਾਂ ਲੈਣਗੇ
ਉੱਨੀ ਸੌ ਬਹੱਤਰ ਦੇ ਮੱਘਰ ਦੀ ਦੂਸਰੀ ਤਾਰੀਖ਼ ਸੀ (ਬਿਕਰਮੀ)
ਜਿਸ ਦਿਨ ਹੱਸ ਕੇ ਫਾਂਸੀ ਚੜ੍ਹੇ ਸਨ ਸੂਰਮੇ ਏਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਾ ਯਾਦ ਰੱਖਣਗੇ ਆਣ ਵਾਲੇ ਸੂਰਮੇ !!
19 ਨਵੰਬਰ 1915 ਈ. ਦੀ ਸੁਬਹ ਸਵੇਰੇ 21 ਦਹਿਸ਼ਤਪਸੰਦ ਇਨਕਲਾਬੀ, ਅੰਗ੍ਰੇਜ਼ ਰਾਜ ਦੇ ਬਾਗ਼ੀ ਜਵਾਨ ਲਾਹੌਰ ਸੈਂਟਰਲ ਜ਼ੇਲ੍ਹ ਵਿੱਚ ਫ਼ਾਂਸੀ ਲਾ ਦਿੱਤੇ ਗਏ। ਉਹਨਾਂ ਜਵਾਨਾਂ ਦਲੇਰਾਂ ਤੇ ਸ਼ੇਰਾਂ ਨੇ ਹੱਸ ਹੱਸ ਕੇ ਆਪਣਿਆਂ ਗਲਾਂ ਵਿੱਚ ਫਾਹੀਆਂ ਪਾਈਆਂ, 'ਇਨਕਲਾਬ ਜਿੰਦਾਬਾਦ' ਦੇ ਨਾਅਰੇ ਲਾਏ ਤੇ ਜਾਨਾਂ ਕੁਰਬਾਨ ਕੀਤੀਆਂ। ਆਜ਼ਾਦੀ ਲਈ ਕੋਸ਼ਿਸ਼ ਕੀਤੀ ਤੇ ਸ਼ਹਾਦਤ ਪਾਈ।
ਇਹ ਸਭ ਤਹਿਰੀਕੇ-ਆਜ਼ਾਦੀ ਦੇ ਰੌਸ਼ਨ ਮੀਨਾਰ ਨੇ। ਇਹਨਾਂ ਦਾ ਨਾਂ ਸੁਨਹਿਰੇ ਲਫ਼ਜ਼ਾਂ ਵਿੱਚ ਲਿਖਿਆ ਜਾਏਗਾ। ਜੇ ਅਸਾਂ ਏਹਨਾਂ ਨੂੰ ਭੁਲਾ ਦਿੱਤਾ ਤਾਂ ਤਵਾਰੀਖ਼ ਦਾ ਸੁਨਹਿਰੀ ਵਰਕਾ ਗੁੰਮ ਹੋ ਜਾਏਗਾ। ਆਣ ਵਾਲਾ ਜ਼ਮਾਨਾ ਸਾਨੂੰ ਵੀ ਮੁਆਫ਼ ਨਹੀਂ ਕਰੇਗਾ। ਹਰ ਉਹ ਜਵਾਨ ਤੇ ਬੁੱਢਾ ਇੱਜ਼ਤ ਦੇ ਕਾਬਲ ਏ ਜਿਸ ਨੇ ਬਰਤਾਨੀਆ ਦੀ ਸਾਮਰਾਜੀ ਹਕੂਮਤ ਨੂੰ ਲਲਕਾਰਿਆ, ਬੰਦੀਖ਼ਾਨੇ ਦੇ ਦੁੱਖ ਤੇ ਤਕਲੀਫ਼ਾਂ ਬਰਦਾਸ਼ਤ ਕੀਤੀਆਂ ਯਾਂ ਫਿਰ ਫ਼ਾਂਸੀ ਪਾਈ ਤੇ ਆਜ਼ਾਦੀ ਲਈ ਸ਼ਹੀਦ ਹੋ ਗਿਆ। ਇਹਨਾਂ ਦੇ ਪਵਿੱਤਰ ਖੂਨ ਨਾਲ ਆਜ਼ਾਦੀ ਦੀ ਸ਼ਮ੍ਹਾਂ ਰੌਸ਼ਨ ਏਂ। ਖ਼ੁਦਾਵੰਦਿ ਦੋ-ਆਲਮ ਇਹਨਾਂ ਦੀਆਂ ਰੂਹਾਂ ਨੂੰ ਸਕੂਨ ਬਖ਼ਸ਼ੇ।
ਲਾਹੌਰ ਸੈਂਟਰਲ ਜੇਲ੍ਹ ਵਿੱਚੋਂ 29 (ਉਨੱਤੀ) ਇਨਕਲਾਬੀ ਕਾਲੇਪਾਣੀ ਭੇਜੇ ਗਏ। ਏਸੇ ਤਰ੍ਹਾਂ ਸੂਬਾਜਾਤ ਮੁਤੱਹਿਦਾ ਆਗਰਾ ਵਾ ਅਵਧ (ਉਤਰ ਪ੍ਰਦੇਸ਼-ਯੂ.ਪੀ.) ਵਿੱਚ ਡੀਫੈਂਸ ਐਕਟ ਦੇ ਤਹਿਤ ਮੁਕਦੱਮਾਤ ਚਲਾਏ ਗਏ। ਪੰਜਾਬੀ ਫ਼ੌਜੀਆਂ ਨੂੰ ਸਜ਼ਾਏ-ਮੌਤ ਹੋਈ।
ਬਰਮਾ ਤੇ ਬੰਗਾਲ ਵਿੱਚੋਂ 28 ਇਨਕਲਾਬੀਆਂ ਨੂੰ ਫ਼ਾਂਸੀ ਮਿਲੀ। ਪੰਜਾਬ ਦੇ ਬਾਗ਼ੀ ਬੇਟੇ ਹਰਦਿੱਤ ਸਿੰਘ, ਵੀਰ ਸਿੰਘ ਤੇ ਕਪੂਰ ਸਿੰਘ ਨੂੰ ਕਾਲੇਪਾਣੀ ਦੀ ਸਜ਼ਾ ਹੋਈ। ਬਰਮਾ ਦੇ ਸ਼ਹਿਰ ਮਾਂਡਲੇ ਦੀ ਜ਼ੇਲ੍ਹ ਵਿੱਚ ਪੰਜਾਬ ਦੇ ਨਾਮਵਰ ਫ਼ਰਜ਼ੰਦ ਸੋਹਣ ਲਾਲ ਨੂੰ ਜਦੋਂ ਰਹਿਮ ਦੀ ਅਪੀਲ ਕਰਨ ਲਈ ਕਿਹਾ ਗਿਆ ਤਾਂ ਓਸ ਨੇ ਗੋਰੇ ਹਾਕਮ ਨੂੰ ਜਵਾਬ ਦਿੱਤਾ:
“ਮੈਂ ਇਨਸਾਫ਼ ਦੁਸ਼ਮਣ ਤੇ ਜ਼ਾਲਮ ਹਕੂਮਤ ਕੋਲੋਂ ਰਹਿਮ ਦੀ ਭੀਖ ਨਹੀਂ ਮੰਗ ਸਕਦਾ। ਮੈਨੂੰ ਫੱਟੇ ਲਾ ਦਿਉ। ”
ਰਣਧੀਰ ਸਿੰਘ ਨੇ ਆਪਣੇ ਪੈਂਫ਼ਲਿਟ 'ਗ਼ਦਰ ਹੀਰੋਜ਼' (Ghadar Heroes) ਵਿੱਚ ਲਿਖਿਆ ਏ:
ਲਾਹੌਰ ਸੈਂਟ੍ਰਲ ਜ਼ੇਲ੍ਹ ਵਿੱਚ ਗ਼ਦਰ ਪਾਰਟੀ ਦੇ 30 ਹੋਰ ਇਨਕਲਾਬੀਆਂ 'ਤੇ ਵੀ ਮੁਕੱਦਮਾ ਚਲਾਇਆ ਗਿਆ ਸੀ। ਉਹਨਾਂ ਵਿੱਚੋਂ ਇੱਕ ਦਾ ਨਾਂ ਲਿਖਿਆ ਏ- ਉਹ ਸ਼ਹੀਦੇ-ਵਤਨ ਕਾਂਸ਼ੀ ਰਾਮ ਏ। ਸਭ ਨੂੰ ਮੌਤ ਦੀ ਸਜ਼ਾ ਦਿੱਤੀ ਗਈ।
ਹਿੰਦੁਸਤਾਨ ਤੋਂ ਬਾਹਰ ਸਰਦਾਰ ਬਲਵੰਤ ਸਿੰਘ ਗ੍ਰੰਥੀ (ਗ਼ਦਰ ਪਾਰਟੀ ਦਾ ਕੈਨੇਡਾ ਦਾ ਰਹਿਨੁਮਾ) ਨੂੰ ਸਿੰਗਾਪੁਰ ਵਿੱਚ ਫ਼ਾਂਸੀ ਦਿੱਤੀ ਗਈ । ਡਾਕਟਰ ਮਥਰਾ ਸਿੰਘ ਨੂੰ ਈਰਾਨ ਦੇ ਮਸ਼ਹੂਰ ਸ਼ਹਿਰ ਮਸ਼ਹਦ ਮੁਕੱਦਸ ਵਿੱਚ ਬਰਤਾਨਵੀ ਸਫ਼ਾਰਤਖ਼ਾਨੇ ਦੀ ਇਮਾਰਤ ਵਿੱਚ ਫੱਟੇ ਚਾੜ੍ਹਿਆ ਗਿਆ।
ਸਰ ਮਾਈਕਲ ਓਡਵਾਇਰ ਗਵਰਨਰ ਪੰਜਾਬ, ਆਪਣੀ ਕਿਤਾਬ Inida as I know ਵਿੱਚ ਲਿਖਦਾ ਏ :
“175 ਬਾਗ਼ੀ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਏ। 38 ਇਨਕਲਾਬੀਆਂ ਨੂੰ ਸਜ਼ਾਏ-ਮੌਤ ਦਿੱਤੀ ਗਈ। ਬਾਅਦ ਵਿੱਚ 18 ਦੀ ਸਜ਼ਾਏ-ਮੌਤ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। 79 ਇਨਕਲਾਬੀ ਕਾਲੇ ਪਾਣੀ ਭੇਜੇ ਗਏ। 58 ਦਹਿਸ਼ਤਪਸੰਦਾਂ ਨੂੰ ਹਿੰਦੁਸਤਾਨ ਦੀਆਂ ਮੁਖ਼ਤਲਿਫ਼ ਜ਼ੇਲ੍ਹਾਂ ਵਿੱਚ ਰੱਖਿਆ ਗਿਆ ਤਾਂ ਕਿ ਏਥੇ ਹੀ ਭਸਮ ਹੋ ਜਾਣ। "
ਬਰਮਾ ਵਿੱਚ ਬਲੋਚ ਰਜਮੈਂਟ ਦੀ ਬਟਾਲੀਅਨ ਨੇ ਬਗ਼ਾਵਤ ਕੀਤੀ। ਉਹਦੇ ਜਵਾਨ ਗੋਰੇ ਫ਼ੌਜੀਆਂ ਤੇ ਹਮਲਾ ਆਵਰ ਹੋਏ ਸਨ। ਸਿੰਗਾਪੁਰ ਵਿੱਚ 15 ਇਨਫੈਂਟਰੀ ਦੇ ਜਵਾਨਾਂ ਨੇ ਸਾਮਰਾਜ ਨੂੰ ਲਲਕਾਰਿਆ ਸੀ। ਅਫ਼ਸੋਸ ਇਹ ਏ, ਇਹਨਾਂ ਵਿੱਚ ਕਿਸੇ ਮੁਜਾਹਿਦ ਦਾ ਨਾਂ ਵੀ ਕਿਸੇ ਯਾਦਦਾਸ਼ਤ ਵਿੱਚੋਂ ਨਹੀਂ ਮਿਲਿਆ। ਇਹਨਾਂ ਗੁੰਮਨਾਮ ਸ਼ਹੀਦਾਂ ਨੂੰ ਵੀ ਸਾਡਾ ਸਲਾਮ ਹੋਵੇ! ਰੰਗੂਨ ਵਿੱਚ ਸ਼ਹਾਦਤ ਪਾਣ ਵਾਲਿਆਂ ਨੂੰ ਵੀ ਪ੍ਰਣਾਮ ਏ !
ਗ਼ਦਰ ਪਾਰਟੀ ਦੀ ਕਾਲ ਉਤੇ 15 ਫ਼ਰਵਰੀ 1915 ਨੂੰ ਮੇਰਠ ਦੀ ਛਾਉਣੀ ਵਿੱਚ ਬਗ਼ਾਵਤ ਦਾ ਝੰਡਾ ਬੁਲੰਦ ਹੋਇਆ ਸੀ। ਰਾਜਪੂਤ ਰਜਮੈਂਟ ਦੇ ਜੀਆਲੇ ਪੇਸ਼ ਸਨ। ਇਹਨਾਂ ਨੇ ਅਸਲਾਖ਼ਾਨੇ ਤੇ ਕਬਜ਼ਾ ਕਰ ਲਿਆ ਤੇ ਬਰਤਾਨਵੀ ਹਕੂਮਤ ਦੇ ਪਿੱਠੂ ਤੇ ਸੈਂਕੜੇ ਗੋਰੇ ਫ਼ੌਜੀ ਵਾਸਲਿ-ਜਹੰਨਮ (ਨਰਕ ਵਾਸੀ) ਕੀਤੇ ਸਨ। ਇਹ ਸੈਂਕੜੇ ਜਵਾਨ ਲੜਦੇ ਹੋਏ ਸ਼ਹਾਦਤ ਪਾ ਗਏ ਸਨ। ਜਿਹੜੇ ਜ਼ਿੰਦਾ ਗ੍ਰਿਫ਼ਤਾਰ ਹੋ ਗਏ ਸਨ, ਉਹਨਾਂ ਤੇ ਦਿੱਲੀ ਵਿੱਚ ਮੁਕੱਦਮਾ ਚੱਲਿਆ ਸੀ। 7 ਇਨਕਲਾਬੀਆਂ ਨੂੰ ਸਜ਼ਾਏ-ਮੌਤ ਹੋਈ ਸੀ।
ਅੰਬਾਲਾ ਛਾਉਣੀ ਵਿੱਚ ਹਵਾਲਦਾਰ ਲਛਮਣ ਸਿੰਘ ਤੇ ਉਹਦੀ ਕੰਪਨੀ ਦੇ 23 ਜਵਾਨਾਂ ਨੇ, ਜਿਹੜੇ ਰਸਾਲੇ ਦੇ ਜਵਾਨ ਸਨ, ਆਜ਼ਾਦੀ ਲਈ ਗੋਲੀਆਂ ਚਲਾਈਆਂ। ਗੋਰੇ ਭੁੰਨ ਕੇ ਰੱਖ ਦਿੱਤੇ। ਉਹਨਾਂ ਵਿੱਚ ਇੱਕ ਮੁਸਲਮਾਨ ਸਿਪਾਹੀ ਅਬਦੁੱਲਾ ਵੀ ਸੀ ਜਿਹੜਾ ਵਾਅਦਾ-ਮੁਆਫ਼ ਗਵਾਹ ਨਹੀਂ ਸੀ ਬਣਿਆ ਬਲਕਿ ਆਪਣੇ ਇਨਕਲਾਬੀ ਸਾਥੀਆਂ ਨਾਲ ਫ਼ਾਂਸੀ ਪਾ ਗਿਆ।
1915 ਈ. ਦੀ ਜੰਗਿ-ਆਜ਼ਾਦੀ ਨੂੰ ਕਾਮਯਾਬੀ ਨਸੀਬ ਨਾ ਹੋਈ। ਪਰ ਇਹ ਨਿਖੇੜਾ ਤਾਂ ਹੋ ਗਿਆ ਕਿ ਪੰਜਾਬ ਅੰਗ੍ਰੇਜ਼ ਦੀ ਭੇਡ ਨਹੀਂ ਸੀ। ਪੰਜਾਬ ਦੇ ਸ਼ੇਰ ਦਲੇਰ ਪੁੱਤਰਾਂ ਨੇ ਏਸ ਧਰਤੀ ਨੂੰ ਆਪਦੇ ਖੂਨ ਨਾਲ ਸਿੰਜਿਆ, ਜਾਗ੍ਰਤੀ ਪੈਦਾ ਕੀਤੀ। ਸਾਮਰਾਜੀ ਹਕੂਮਤ ਦੀਆਂ ਕੰਧਾਂ ਹਿਲਾ ਛੱਡੀਆਂ।
ਪਹਿਲੀ ਜੰਗਿ-ਅਜ਼ੀਮ ਦੇ ਬਾਅਦ ਗਾਂਧੀ ਜੀ ਹਿੰਦੁਸਤਾਨ ਦੀ ਸਿਆਸਤ ਉਤੇ ਅਹਿੰਸਾ ਦੀ ਛਾਪ ਲਾ ਕੇ ਮੈਦਾਨ ਵਿਚ ਆਏ। ਏਸ ਤੋਂ ਪੰਜਾਬ ਨੇ ਵੀ ਅਸਰ ਕਬੂਲ ਕੀਤਾ। ਦਹਿਸ਼ਤਪਸੰਦ ਤਹਿਰੀਕ ਪੰਜਾਬ ਵਿੱਚ ਬਾਅਦ ਵਿੱਚ ਵੀ ਬਾਕੀ ਰਹੀ। ਲਾਹੌਰ ਵਿੱਚ ਭਗਵਤੀ ਚਰਨ ਦੇ ਦਹਿਸ਼ਤਗਰਦਾਂ ਦਾ ਗ੍ਰੋਹ ਸੀ। ਪੰਜਾਬ ਦੇ ਮਸ਼ਹੂਰ ਇਨਕਲਾਬੀ ਭਗਤ ਸਿੰਘ, ਕਾਮਰੇਡ ਅਹਿਸਾਨ ਇਲਾਹੀ ਤੇ ਅਬਦੁਲ ਮਜੀਦ (ਕਾਕੋਰੀ ਕੇਸ ਵਾਲਾ) ਉਹਦੇ ਸਾਥੀ ਸਨ, ਜਿਨ੍ਹਾਂ ਦੇ ਹਾਲਾਤ ਤੋਂ ਲੋਕੀਂ ਵਾਕਫ਼ ਨੇ। ਇਹ ਪੰਜਾਬ ਦੀ ਤਵਾਰੀਖ਼ ਦਾ ਇੱਕ ਗਵਾਚਿਆ ਹੋਇਆ ਵਰਕਾ ਸੀ।
ਮਹੁੰਮਦ ਆਸਫ਼ ਖਾਨ