ਨਾਮਧਾਰੀ ਸੰਪ੍ਰਦਾਇ ਦੀ ਨੀਂਹ ਸਤਿਗੁਰੂ ਰਾਮ ਸਿੰਘ ਜੀ ਨੇ 12 ਅਪ੍ਰੈਲ 1857 ਈ. ਨੂੰ ਰੱਖੀ। ਜਿਸ ਦਾ ਉਦੇਸ਼ ਸੀ ਸਿੱਖ ਜਗਤ ਵਿਚ ਆ ਗਈਆਂ ਸਦਾਚਾਰਕ, ਭਾਈਚਾਰਕ ਅਤੇ ਆਤਮਿਕ ਕਮਜ਼ੋਰੀਆਂ ਨੂੰ ਖ਼ਤਮ ਕਰਨਾ । ਨਾਮਧਾਰੀ ਸੰਪ੍ਰਦਾਇ ਦੀ ਸਥਾਪਨਾ ਕਰ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖੀ ਕਦਰਾਂ-ਕੀਮਤਾਂ ਨੂੰ ਸਿੱਖ ਭਾਈਚਾਰੇ ਵਿੱਚ ਮੁੜ ਤੋਂ ਸੁਰਜੀਤ ਕਰਨ ਲਈ ਸਫ਼ਲ ਯਤਨ ਕੀਤੇ। ਕਿਉਂਕਿ ਸਤਿਗੁਰ ਰਾਮ ਸਿੰਘ ਦਾ ਮੰਨਣਾ ਸੀ ਕਿ ਪੰਜਾਬ ਦਾ ਰਾਜ ਸਿੱਖਾਂ ਹੱਥੋਂ ਖੁੱਸਣ ਦਾ ਕਾਰਨ ਉਹਨਾਂ ਦੇ ਕਿਰਦਾਰ ਵਿੱਚ ਆਈ ਮੌਲਿਕ ਗਿਰਾਵਟ ਸੀ। ਇਸ ਲਈ ਮੁੜ ਤੋਂ ਸਿੱਖ ਰਾਜ ਦੀ ਪ੍ਰਾਪਤੀ ਲਈ ਪਹਿਲਾਂ ਆਪਣੇ ਕਿਰਦਾਰ ਨੂੰ ਉੱਚਾ ਚੁੱਕਣਾ ਲਾਜ਼ਮੀ ਸੀ।
ਨਾਮਧਾਰੀ ਦਾ ਅਰਥ ਹੈ- ਨਾਮ ਨੂੰ ਧਾਰਨ ਕਰਨ ਵਾਲਾ ਨਾਮ ਜੱਪਦੇ, ਸ਼ਬਦ ਪੜ੍ਹਦੇ ਨਾਮਧਾਰੀ ਸਿੱਖ ਜਦੋਂ ਵਜ਼ਦ ਵਿੱਚ ਆ ਜਾਂਦੇ ਤਾਂ ਉੱਚੀ-ਉੱਚੀ ਆਵਾਜ਼ਾਂ ਕੱਢਦੇ ਜਿਸ ਤੋਂ ਇਨ੍ਹਾਂ ਦਾ ਨਾਮ 'ਕੂਕਾ' ਪੈ ਗਿਆ। ਕੂਕਾ ਵਿਦਵਾਨ ਸਵਰਨ ਸਿੰਘ ਵਿਰਕ ਅਨੁਸਾਰ 'ਨਾਮਧਾਰੀ' ਨਾਮ ਇਸ ਸਮਪ੍ਰਦਾਇ ਦਾ ਸਮਾਜਿਕ ਨਾਮ ਹੈ ਅਤੇ 'ਕੂਕਾ' ਸ਼ਬਦ ਰਾਜਨੀਤਿਕ ਨਾਮ ਨਾਲ ਜੁੜਿਆ ਹੋਇਆ ਹੈ।
ਨਾਮਧਾਰੀ ਸਿੱਖਾਂ ਬਾਰੇ 'ਐਨਸਾਈਕਲੋਪੀਡੀਆ ਬ੍ਰਿਟੈਨਿਕਾ' ਵਿੱਚ ਇਸ ਪ੍ਰਕਾਰ ਲਿਖਿਆ ਹੈ:
“ਕੂਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੱਟੜ ਪੈਰੋਕਾਰ ਹਨ। 19 ਵੀਂ ਸਦੀ ਵਿੱਚ ਜਦ ਸਿੱਖ ਜਨਤਾ ਅਤੇ ਸਿੱਖ ਸੰਪ੍ਰਦਾਵਾਂ ਅਸਲੀ ਸਿੱਖੀ ਤੋਂ ਦੁਰੇਡੇ ਜਾ ਰਹੀਆਂ ਸਨ, ਤੱਦ ਕੂਕੇ ਆਪਣੇ ਉੱਚ ਸਿਧਾਂਤਾਂ ਉੱਤੇ ਪੂਰਨ ਤੌਰ ਤੇ ਕਾਇਮ ਰਹੇ। "
ਨਾਮਧਾਰੀ ਸੰਪ੍ਰਦਾ ਨੇ ਅੰਗਰੇਜ਼ ਦੀ ਗੁਲਾਮੀ ਵਿੱਚੋਂ ਦੇਸ਼ ਨੂੰ ਮੁਕਤ ਕਰਾਉਣ ਵਾਸਤੇ ਬਹੁਤ ਲੰਬਾ ਸੰਘਰਸ਼ ਲੜਿਆ, ਇਸ ਦੇ ਫਲ-ਸਰੂਪ ਅੰਗਰੇਜ਼ੀ ਸਰਕਾਰ ਅਤੇ ਉਸਦੇ ਚਾਟੜੇ ਦੇਸੀ ਰਾਜਿਆਂ, ਮਹਾਰਾਜਿਆਂ ਅਤੇ ਦੇਸ਼ ਧਰੋਹੀਆਂ ਦੁਆਰਾ ਦਿੱਤੇ ਗਏ ਭਿਆਨਕ ਤਸੀਹੇ ਝੱਲੇ ਹਨ। ਨਾਮਧਾਰੀਆਂ ਨੇ ਆਪਣੀ ਕੁਰਬਾਨੀ, ਤਪ ਅਤੇ ਤਿਆਗ ਸਦਕਾ ਉਹ ਇਤਿਹਾਸ ਸਿਰਜਿਆ ਹੈ ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਇਹਨਾਂ ਦਾ ਈਜਾਦ ਕੀਤਾ ਨਵੀਨ ਸਿਆਸੀ ਹਥਿਆਰ ਨਾ-ਮਿਲਵਰਤਨ, ਸੁਦੇਸੀ ਅਤੇ ਸਿਵਲ ਨਾ-ਫੁਰਮਾਨੀ ਪਿਛੋਂ ਜਾਕੇ ਮਹਾਤਮਾ ਗਾਂਧੀ ਜੀ ਨੇ ਵੀ ਅਪਣਾਇਆ।
ਸਤਿਗੁਰੂ ਰਾਮ ਸਿੰਘ ਜੀ ਨੇ ਖੰਡੇ ਦਾ ਅੰਮ੍ਰਿਤ ਛਕਾ ਕੇ ਨਾਮਧਾਰੀ ਸੰਤ ਖ਼ਾਲਸੇ ਦੀ ਬੁਨਿਆਦ ਸ੍ਰੀ ਭੈਣੀ ਸਾਹਿਬ ਦੇ ਅਸਥਾਨ 'ਤੇ ਰੱਖੀ। ਨਾਮਧਾਰੀਆਂ ਲਈ ਧਾਰਮਿਕ, ਰਾਜਸੀ ਤੇ ਭਾਈਚਾਰਕ ਨਿਯਮਾਵਲੀਆਂ ਬਣਾਈਆਂ।
ਨਾਮਧਾਰੀ ਅਸੂਲ
ਨਾਮਧਾਰੀ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਰਖਦੇ ਹਨ। ਨਾਮਧਾਰੀ ਸਿੱਖ 'ਵਾਹਿਗੁਰੂ' ਨਾਮ ਦਾ ਜਾਪ ਕਰਦੇ ਹਨ। ਨਾਮਧਾਰੀਆਂ ਨੂੰ ਇਹ ਵੀ ਹੁਕਮ ਹੈ ਕਿ ਘੱਟੋ-ਘੱਟ ਇੱਕ ਘੰਟਾ ਰੋਜ਼ਾਨਾ ਨਾਮ ਦਾ ਜਾਪ ਜ਼ਰੂਰ ਕੀਤਾ ਜਾਵੇ। ਜੋ ਮਾਨਸਿਕ ਸਥਿਰਤਾ ਅਤੇ ਤੰਦਰੁਸਤੀ ਦਾ ਅਹਿਮ ਨੇਮ ਮੰਨਿਆਂ ਗਿਆ ਹੈ।
ਨਾਮਧਾਰੀ ਦੇਹਧਾਰੀ ਗੁਰੂ ਦੀ ਹੋਂਦ ਦੇ ਮੁਦੱਈ ਹਨ। ਪਰਮਾਰਥ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਦੀ ਸ਼ਰਨ ਵਿੱਚ ਜਾਣਾ ਜ਼ਰੂਰੀ ਸਮਝਦੇ ਹਨ। ਨਾਮਧਾਰੀ ਮੁਖੀ, ਨਾਮਧਾਰੀਆਂ ਦੇ ਜੀਵਨ ਦੇ ਹਰ ਪੱਖ ਵਿੱਚ ਅਤੇ ਹਰ ਮੋੜ ਤੇ ਅਗਵਾਈ ਕਰਦੇ ਹਨ।
ਨਾਮਧਾਰੀ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਦਸਮ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਆਪਣੇ ਧਾਰਮਿਕ ਅਤੇ ਪਰਮਾਣਿਕ ਗਰੰਥ ਮੰਨਦੇ ਹਨ। ਮਾਸ, ਮੱਛੀ, ਅੰਡੇ, ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੇ ਸਖ਼ਤ ਖਿਲਾਫ਼ ਹਨ ਅਤੇ ਇਨ੍ਹਾਂ ਦੇ ਵਿਰੁੱਧ ਪ੍ਰਚਾਰ ਕਰਦੇ ਹਨ। ਨਾਮਧਾਰੀ ਹੁਣ ਵੀ ਸਨਾਤਨ ਰੀਤੀ ਅਨੁਸਾਰ ਹਵਨ-ਯੱਗ ਕਰਦੇ ਤੇ ਕਰਾਉਂਦੇ ਹਨ। ਇਸ ਸਮੇਂ ਗੁਰਬਾਣੀ ਦਾ ਪਾਠ ਹੁੰਦਾ ਹੈ।
ਨਾਮਧਾਰੀਆਂ ਨੇ ਅੰਗਰੇਜ਼ੀ ਰਾਜ ਵਿੱਰੁਧ ਅੰਦੋਲਨ ਚਲਾਇਆ ਜਿਸ ਵਿੱਚ ਨਾ-ਮਿਲਵਰਤਨ ਨੂੰ ਮੁੱਖ ਹਥਿਆਰ ਵਜੋਂ ਵਰਤਿਆ ਗਿਆ। ਇਸ ਅਧੀਨ ਸਰਕਾਰੀ ਸੰਸਥਾਵਾਂ ਦਾ ਬਾਈਕਾਟ ਕੀਤਾ ਗਿਆ। ਇਸ ਦਾ ਮਕਸਦ ਜਿੱਥੇ ਸਵਦੇਸੀ ਸੰਸਥਾਵਾਂ ਅਤੇ ਸਵਦੇਸੀ ਪ੍ਰਬੰਧ ਨੂੰ ਉਭਾਰਨਾ ਸੀ। ਉਥੇ ਇਸ ਦਾ ਦੂਸਰਾ ਮਕਸਦ ਬ੍ਰਿਟਿਸ਼ ਸਿਸਟਮ ਅਤੇ ਬ੍ਰਿਟਿਸ਼ ਆਰਥਿਕਤਾ ਨੂੰ ਸੱਟ ਮਾਰਨਾ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਹੇਠ ਲਿਖੇ ਪ੍ਰੋਗਰਾਮ ਨੂੰ ਅਪਣਾਇਆ ਗਿਆ-
(1) ਅੰਗ੍ਰੇਜ਼ ਦੇ ਸਕੂਲਾਂ ਤੇ ਸਿੱਖਿਆ ਦਾ ਬਾਈਕਾਟ ਕਰਨਾ।
(2) ਸਿੱਖਾਂ ਨੂੰ ਅੰਗ੍ਰੇਜ਼ ਦੀਆਂ ਕਚਹਿਰੀਆਂ ਵਿੱਚ ਨਾ ਜਾਣ ਲਈ ਕਿਹਾ ਗਿਆ।
(3) ਅੰਗ੍ਰੇਜ਼ ਦੀ ਡਾਕ ਵਿਰੁੱਧ ਆਪਣਾ ਦੇਸੀ ਡਾਕ ਮਹਿਕਮਾ ਸਥਾਪਿਤ ਕੀਤਾ ਗਿਆ ।
(4) ਵਿਦੇਸ਼ੀ ਕਪੜੇ ਤੋਂ ਪ੍ਰਹੇਜ਼ ਕਰਨਾ।
(5) ਬ੍ਰਿਟਿਸ਼ ਸਰਕਾਰ ਦੀ ਕੋਈ ਵੀ ਨੌਕਰੀ ਨਹੀਂ ਕਰਨੀ।
(6) ਅੰਗ੍ਰੇਜ਼ੀ ਸਰਕਾਰ ਤੋਂ ਛੁਟਕਾਰੇ ਦੇ ਸਜਗ, ਖ਼ਾਮੋਸ਼ ਤੇ ਅਹਿੰਸਕ ਯਤਨ ਕਰਨੇ ।
ਨਾਮਧਾਰੀ ਭਾਈਚਾਰੇ ਲਈ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਕਈ ਨਿਯਮ ਬਣਾਏ ਗਏ, ਜੋ ਨਾਮਧਾਰੀਆਂ ਲਈ ਸਮਾਜਿਕ ਅਤੇ ਧਾਰਮਿਕ ਤੌਰ ਤੇ ਜੁੜੇ ਹੋਏ ਹਨ। ਜਿਨਾਂ ਦੀ ਪਾਲਣਾ ਕਰਨਾ ਹਰ ਇੱਕ ਨਾਮਧਾਰੀ ਸਿੱਖ ਲਈ ਲਾਜ਼ਮੀ ਸੀ, ਇਹਨਾਂ ਵਿੱਚੋਂ ਪ੍ਰਮੁੱਖ ਨਿਯਮ ਹੇਠ ਲਿਖੇ ਹਨ:
(1) ਸਫ਼ੈਦ ਬਸਤਰ ਪਹਿਰਨੇ।
(ਬਸਤਰਾਂ ਦੀ ਕਾਟ ਅਸਲੋਂ ਨਵੇਕਲੀ ਮੁਕੱਰਰ ਕੀਤੀ। )
(2) ਅੰਮ੍ਰਿਤ ਵੇਲੇ ਜਾਗਣਾ, ਜੰਗਲ ਜਾ ਦਾਤਨ ਕਰਨੀ, ਸੁਣਕੇਸੀ ਇਸ਼ਨਾਨ ਕਰਨਾ । ਨਾਮ ਜਪਣਾ, ਬਾਣੀ ਪੜ੍ਹਨੀ ।
(3) ਸਭ ਪਾਸਿਆਂ ਤੋਂ ਆਤਮ ਨਿਰਭਰ ਹੋਣਾ।
(4) ਗੜਵਾ, ਡੋਰੀ, ਆਸਣ, ਪਊਏ ਤੇ ਮਾਲਾ ਸਦਾ ਕੋਲ ਰਖਣੇ।
(5) ਜੰਮਣਾ, ਮਰਨਾ, ਵਿਆਹ ਸ਼ਾਦੀਆਂ ਨੂੰ ਸਾਦਾ ਤੇ ਸਮਾਜਿਕ ਨੇਮਾਂ ਅਨੁਸਾਰ ਕਰਨਾ।
(6) ਗਊ ਗਰੀਬ ਦੀ ਰੱਖਿਆ ਕਰਨੀ।
(7) ਹਰ ਦੇਸ਼ ਵਾਸੀ ਨੂੰ ਆਪਣਾ ਵੀਰ ਭੈਣ ਜਾਨਣਾ ।
ਨਾਮਧਾਰੀਆਂ ਦੀ ਸਖਸ਼ੀਅਤ ਨੂੰ ਹੋਰ ਵੀ ਪ੍ਰਮਾਣਿਕਤਾ ਉਦੋਂ ਮਿਲ ਜਾਂਦੀ ਹੈ ਜਦੋਂ ਇਹਨਾਂ ਦਾ ਕੱਟੜ ਵਿਰੋਧੀ ਅੰਗਰੇਜ਼ ਵੀ ਇਹਨਾਂ ਦੇ ਸਖਸ਼ੀਅਤ ਦਸਦਾ ਹੋਇਆ ਇਹਨਾਂ ਦੇ ਗੁਣਾ ਦਾ ਜ਼ਿਕਰ ਕਰ ਜਾਂਦਾ ਹੈ:
ਡਿਪਟੀ ਕਮਿਸਨਰ ਲੁਧਿਆਣਾ ਪਰਕਿਨਜ਼ 1866 ਵਿੱਚ ਲਿਖਦਾ ਹੈ ਕਿ ਕੂਕਾ ਬਣਾਉਂਦੇ ਸਮੇਂ ਪਹਿਲਾਂ ਸਹੁੰ ਚੁਕਾਈ ਜਾਂਦੀ ਹੈ ਕਿ ਝੂਠ ਬੋਲਣ, ਚੋਰੀ ਕਰਨ, ਸ਼ਰਾਬ ਪੀਣ, ਵਿਭਚਾਰ ਕਰਨ ਆਦਿ ਜਿਹੀਆਂ ਸਾਰੀਆਂ ਬੁਰਾਈਆਂ ਤੋਂ ਸਖ਼ਤੀ ਨਾਲ ਦੂਰ ਰਿਹਾ ਜਾਵੇਗਾ। ਉਲੰਘਣਾ ਕਰਨ ਵਾਲੇ ਕੂਕਿਆਂ ਨੂੰ ਪੰਚਾਇਤ (ਕੂਕਾ ਪੰਚਾਇਤ) ਸ਼ਜਾ ਦਿੰਦੀ ਹੈ।
ਇਹਨਾਂ ਨੇਮਾਂ ਦੇ ਸਮਾਜ ਵਿੱਚ ਪ੍ਰਚਲਤ ਹੋ ਜਾਣ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਸ਼ਕਤੀ ਤੇ ਜਥੇਬੰਦਕ ਚੇਤਨਾ ਮਿਲੀ। ਨਾਮਧਾਰੀ ਲਹਿਰ ਨੂੰ ਖ਼ਤਮ ਕਰਨ ਲਈ ਅੰਗਰੇਜ਼ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਜਲਾਵਤਨ ਕਰ ਦਿੱਤਾ। ਇਸ ਸੰਪ੍ਰਦਾ ਨੂੰ ਸੰਭਾਲਣ ਲਈ ਸਤਿਗੁਰੂ ਰਾਮ ਸਿੰਘ ਜੀ ਦੇ ਭਰਾ ਸਤਿਗੁਰੂ ਹਰੀ ਸਿੰਘ ਜੀ ਨੇ ਨਾਮਧਾਰੀਆਂ ਦੀ ਅਗਵਾਈ ਕੀਤੀ। ਹੁਣ ਇਸ ਸੰਪ੍ਰਦਾ ਦੇ ਮੌਜੂਦਾ ਮੁੱਖੀ ਸਤਿਗੁਰੂ ਉਦੇ ਸਿੰਘ ਜੀ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਸੰਪ੍ਰਦਾ ਨੇ ਦੇਸ਼ ਦੇ ਵਿਕਾਸ ਲਈ ਹਰ ਪੱਖ ਵਿੱਚ ਸਾਰਥਿਕ ਭੂਮਿਕਾ ਨਿਭਾਈ ਹੈ।
ਪੁਸਤਕ ਸੂਚੀ
- ਤਾਰਾ ਸਿੰਘ ਅਨਜਾਣ- ਸਭਹਨ ਕੇ ਸਿਰਮੌਰ, ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ, 1998.
- ਨਾਮਧਾਰੀ ਸੰਖੇਪ ਇਤਿਹਾਸ, ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ, 2005.
- ਰਾਮ ਵਿਯੋਗੀਆਂ ਦੇ ਬਾਰਾਂਮਾਂਹ (ਸੰਪਾ.), ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ, 1995.
- ਏ. ਸੀ. ਅਰੋੜਾ- ਪੰਜਾਬ ਦੀਆਂ ਲੋਕ ਲਹਿਰਾਂ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996.
- ਸਮਸ਼ੇਰ ਸਿੰਘ ਅਸ਼ੋਕ- ਪੰਜਾਬ ਦੀਆਂ ਲਹਿਰਾਂ, ਅਸ਼ੋਕ ਪੁਸਤਕਮਾਲਾ, ਪਟਿਆਲਾ, 1974.
- ਪ੍ਰਾਚੀਨ ਵਾਰਾਂ ਤੇ ਜੰਗਨਾਮੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, 2006.
- ਐਮ. ਐਲ. ਆਹਲੂਵਾਲੀਆ ਅਤੇ (ਡਾ.) ਕਿਰਪਾਲ ਸਿੰਘ - ਪੰਜਾਬ ਦੇ ਸੁਤੰਤਰਤਾ ਸੰਗਰਾਮੀਏ, ਸਿੰਘ ਬ੍ਰਦਰਜ਼, ਅੰਮ੍ਰਿਤਸਰ, 1966.
- ਨਿਧਾਨ ਸਿੰਘ ਆਲਿਮ - ਗੁਰੂ ਪਦ ਪ੍ਰਕਾਸ਼, ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ, 1999.
- ਜੁਗ ਪਲਟਾਊ ਸਤਿਗੁਰੂ, ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ, 1998.
- ਨਾਮਧਾਰੀ ਸਿਧਾਂਤ ਪ੍ਰਦਰਸ਼ਨ, ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ, 1998
- ਗੁਰਦੇਵ ਸਿੰਘ ਸਿੱਧੂ- ਕੂਕਾ ਲਹਿਰ ਦੇ ਅਣਛੋਹੇ ਸੁਨਹਿਰੀ ਪੱਤਰੇ, ਲੋਕਗੀਤ ਪ੍ਰਕਾਸ਼ਨ, ਮੋਹਾਲੀ, 2017.
- ਬੰਦੀ ਬੋਲ (ਸੰਪਾ), ਨੈਸ਼ਨਲ ਬੁੱਕ ਟਰੱਸਟ, ਇੰਡੀਆ, ਦਿੱਲੀ, 2007.
- ਹਰਕਿਸ਼ਨ ਸਿੰਘ ਸੁਰਜੀਤ- ਬਰਤਾਨਵੀ ਸਾਮਰਾਜ ਵਿਰੋਧੀ ਲਹਿਰਾਂ: ਸੰਖੇਪ ਇਤਿਹਾਸ, ਆਜ਼ਾਦੀ ਲਹਿਰ, ਵਿਰਸਾ ਸੰਭਾਲ ਤੇ ਪ੍ਰਸਾਰ ਕੇਂਦਰ, ਚੰਡੀਗੜ੍ਹ, 2005.
- ਕਿਰਪਾਲ ਸਿੰਘ ਕਸੇਲ- ਤਵਾਰੀਖ ਸੰਤ ਖਾਲਸਾ, ਆਰਸੀ ਪਬਲੀਸ਼ਰਜ਼, ਦਿੱਲੀ, 2006.
- ਜਸਪਾਲ ਕੌਰ ਕਾਂਗ ਅਤੇ ਸੁਖਦੇਵ ਸਿੰਘ (ਸੰਪਾ)-ਸਤਿਗੁਰੂ ਰਾਮ ਸਿੰਘ ਅਤੇ ਕੂਕਾ ਲਹਿਰ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2021.
- (ਸੰਪਾ)- ਕੂਕਾ ਅੰਦੋਲਨ: ਸਮਾਜ ਸਭਿਆਚਾਰਕ ਪਰਿਪੇਖ (ਸੰਪਾ), ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2009.
- ਗਿਆਨ ਸਿੰਘ ਗਿਆਨੀ - ਨਾਮਧਾਰੀ ਸਿੱਖ-ਸੰਖੇਪ ਵਿਵਰਨ, ਮੈਨੇਜਰ ਸਤਿਜੁਗ, ਸਿਰਸਾ, 1988.
- ਗੁਰਭੇਜ ਸਿੰਘ ਗੁਰਾਇਆ (ਸੰਪਾ) - ਕੂਕਾ ਲਹਿਰ: ਸਾਹਿਤ ਤੇ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2017.
- ਡਾ. ਗੰਡਾ ਸਿੰਘ- ਕੂਕਿਆਂ ਦੀ ਵਿਥਿਆ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2017.
- ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1989.
- ਜਸਵੰਤ ਸਿੰਘ ਜੱਸ- ਬਾਬਾ ਰਾਮ ਸਿੰਘ, ਕਸਤੂਰੀ ਲਾਲ ਐਂਡ ਸੰਨਜ਼, ਅੰਮ੍ਰਿਤਸਰ, 1962.
- ਡਾ. ਜੋਗਿੰਦਰ ਸਿੰਘ - ਉਨ੍ਹੀਵੀਂ ਸਦੀ ਦੇ ਸਿੱਖ ਆਗੂ ਅਤੇ ਸੰਸਥਾਵਾਂ, ਲੋਕਗੀਤ ਪ੍ਰਕਾਸ਼ਨ, ਮੋਹਾਲੀ 2021.
- ਨਾਹਰ ਸਿੰਘ- ਨਾਮਧਾਰੀ ਇਤਿਹਾਸ (ਭਾਗ ਪਹਿਲਾ), ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ, 1998.
- ਸੰਤੋਖ ਸਿੰਘ ਬਾਹੋਵਾਲ - ਸਤਿਗੁਰੂ ਬਿਲਾਸ, (ਸੰਪਾ. ਜਸਵਿੰਦਰ ਸਿੰਘ), ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ, 2002.
- ਫੌਜਾ ਸਿੰਘ ਬਾਜਵਾ- ਕੂਕਾ ਅੰਦੋਲਨ, (ਅਨੁ. ਕੁਲਦੀਪ ਸਿੰਘ), ਸੈਂਟਰਲ ਯੂਨੀਵਰਸਿਟੀ ਆੱਫ ਪੰਜਾਬ, ਬਠਿੰਡਾ, 2023.
- ਸਵਰਨ ਸਿੰਘ ਵਿਰਕ- ਕੂਕਾ ਲਹਿਰ ਦਾ ਪੰਜਾਬੀ ਸਾਹਿਤ, ਸਤਿਗੁਰੂ ਰਾਮ ਸਿੰਘ ਚਿੰਤਨ ਅਦਾਰਾ, ਸ੍ਰੀ ਭੈਣੀ ਸਾਹਿਬ, 2009.
- ਕੂਕਾ ਲਹਿਰ ਦੇ ਅਮਰ ਨਾਇਕ (ਭਾਗ ਪਹਿਲਾ), ਲੋਕਗੀਤ ਪ੍ਰਕਾਸ਼ਨ, ਮੋਹਾਲੀ, 2017.
- ਕੂਕਾ ਲਹਿਰ ਦੇ ਅਮਰ ਨਾਇਕ (ਭਾਗ ਦੂਜਾ), ਲੋਕਗੀਤ ਪ੍ਰਕਾਸ਼ਨ, ਮੋਹਾਲੀ, 2019.
ਡਾ. ਖਲੀਲ ਖਾਨ
9914055472