ਆਤਮਾ ਸਿੰਘ ਸਨਖਤ੍ਰਾ
ਉਸ ਦਿਨ ਤੋਂ ਬਾਅਦ ਮੁੜ ਕੇ ਮੈਨੂੰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਸੀਬ ਨਹੀਂ ਹੋਏ। ਜਦੋਂ ਕਿ 6 ਭਾਦਰੋਂ ਸਵੇਰੇ ਜਥੇਦਾਰ ਟਹਿਲ ਸਿੰਘ ਦਸੂਹੇ ਵਾਲਾ ਸਵੇਰੇ ਸਵੇਰੇ ਹੀ ਅਹੀਆਪੁਰ ਮੈਨੂੰ ਤੇ ਸੰਤ ਬੁਧ ਸਿੰਘ ਨੂੰ ਦਸਮ ਸ੍ਰੀ ਗ੍ਰੰਥ ਸਾਹਿਬ ਦੇ ਰੱਖੇ ਹੋਏ ਸ੍ਰੀ ਭੈਣੀ ਸਾਹਿਬ ਵਰਨੀਆਂ ਵਾਲੀ ਕੋਠੀ ਵਿਚ ਅਖੰਡ ਪਾਠ ਕਰਨ ਵਾਸਤੇ ਹੁਕਮ ਲੈ ਕੇ ਆ ਗਿਆ। ਉਸਨੂੰ ਸਾਡੇ ਵਾਸਤੇ ਇਹ ਹੁਕਮ 5 ਭਾਦਰੋਂ ਸ਼ਾਮ ਨੂੰ ਹੋਇਆ ਸੀ ਤੇ ਭਾਵੇਂ ਉਸਨੇ ਕਾਫੀ ਭੱਜ ਦੌੜ ਕੀਤੀ ਪਰ ਸਾਨੂੰ ਜਲੰਧਰ ਹੀ ਪਤਾ ਲੱਗ ਗਿਆ ਕਿ ਮੇਰੇ ਦੀਨ ਦੁਨੀਆਂ ਦੇ ਸਹਾਇਕ ਅਤੇ ਮੇਰੇ ਵਰਗੇ ਅਨਾਥਾਂ ਦੇ ਨਾਥ, ਗਊ ਗਰੀਬ ਦੇ ਪਾਲਕ ਸਤਿਗੁਰੂ ਪ੍ਰਤਾਪ ਸਿੰਘ ਜੀ ਦੇਹ ਕਰਕੇ ਨਾਮਧਾਰੀ ਸਾਧ ਸੰਗਤ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਅਸੀਂ ਦੋਵੇਂ ਜਾ ਕੇ ਰੱਖੇ ਹੋਏ ਅਖੰਡ ਪਾਠ ਵਿੱਚ ਜਾ ਲਗੇ। ਜਦੋਂ ਕਿ ਚਾਰ ਚੁਫੇਰਿਓਂ ਨਾਮਧਾਰੀ ਵੈਰਾਗ ਕਰਦੇ ਹੋਏ ਵਹੀਰਾਂ ਘਤੀ ਆ ਰਹੇ ਸਨ।
ਸ੍ਰੀ ਭੈਣੀ ਸਾਹਿਬ ਜਾਣ ਤੇ ਮੈਨੂੰ ਪਤਾ ਲਗਾ ਕਿ ਅਹੀਆਪੁਰ ਤੋਂ ਆ ਕੇ 4-5 ਦਿਨ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਰਹਿ ਕੇ ਨੀਯਤ ਕਰਕੇ ਅਤੇ ਪ੍ਰਯੋਗ ਦਾ ਆਰੰਭ ਕਰਨ ਬਾਬਤ ਸਭ ਕੁਝ ਸਮਝਾ ਕੇ ਫਿਰ ਮੰਡੀ ਸਕੇਤ ਚਲੇ ਗਏ ਸਨ ਤੇ ਭਾਦਰੋਂ ਦੀ ਸੰਗਰਾਂਦ ਦੇ ਨੇੜੇ ਵਾਪਿਸ ਭੈਣੀ ਸਾਹਿਬ ਆ ਕੇ ਗੋਲ ਛੱਪਰ ਵਿੱਚ ਆ ਡੇਰਾ ਲਾਇਆ ਤੇ ਏਥੇ ਹੀ ਇਲਾਜ ਵਗੈਰਾ ਹੁੰਦਾ ਰਿਹਾ। ਸਗੋਂ ੫ ਭਾਦਰੋਂ ਨੂੰ ਇਕ ਸਿਪਾਹੀ ਵੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਵਾਸਤੇ ਅਦਾਲਤੀ ਵਾਰੰਟ (ਸੰਮਨ) ਲੈ ਕੇ ਆਇਆ ਪਰ ਸਤਿਗੁਰੂ ਜੀ ਨੇ ਇਸ਼ਾਰੇ ਨਾਲ ਹੀ ਉਸਨੂੰ ਅਗੇ ਆਉਣ ਤੋਂ ਰੋਕ ਦਿੱਤਾ ਸੀ ਤੇ 5 ਭਾਦਰੋਂ ਦੀ ਰਾਤ ਨੂੰ ਉਹ ਵੀ ਅਜੇ ਭੈਣੀ ਸਾਹਿਬ ਹੀ ਸੀ ਕਿ 5-6 ਭਾਦਰੋਂ ਦੀ ਦਰਮਿਆਨੀ ਰਾਤ ਨੂੰ 12 ਵਜਕੇ 2 ਮਿੰਟਾਂ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਜੋਤੀ ਜੋਤ ਸਮਾ ਗਏ।
