ਰਾਮ ਮੰਦਰ ਦੀ ਇਹ ਗੋਲ ਸ਼ਾਨਦਾਰ ਇਮਾਰਤ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਕਿਰਪਾ ਕਰਕੇ ੨੦੦੭ ਈ: ਵਿੱਚ ਬਣਵਾਈ ਹੈ। ਇਸ ਅਸਥਾਨ ਤੇ ਪਹਿਲਾਂ ਯੁਗ ਨਾਇਕ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਨਿਵਾਸ ਹੋਇਆ ਕਰਦਾ ਸੀ। ੧੯੦੬ ਬਿ: (੧੮੪੯ ਈ:) ਵਿਚ ਰਾਈਆਂ ਤੋਂ ਵਾਪਸ ਆ ਕੇ ਸਤਿਗੁਰੂ ਜੀ ਨੇ ਭਾਈ ਲਹਿਣਾ ਸਿੰਘ ਦੀ ਭੇਟਾ ਕੀਤੀ ਇਸ ਥਾਂ ਵਿਚ ਆਪਣਾ ਨਿਵਾਸ ਬਣਾਇਆ ਸੀ, ਜੋ ਸਤਿਗੁਰੂ ਜੀ ਦੇ ਫੈਲਦੇ ਜਸ ਦੇ ਨਾਲ ਨਾਲ ਵਿਸ਼ਵ ਪ੍ਰਸਿੱਧ ਹੋ ਗਿਆ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਲਾਵਤਨ ਕੀਤੇ ਜਾਣ ਤੋਂ ਪਹਿਲਾਂ ੧੭ ਜਨਵਰੀ ੧੮੭੨ ਤੱਕ ਏਥੇ ਹੀ ਨਿਵਾਸ ਰੱਖਦੇ ਸਨ ਅਤੇ ਦੇਸ਼ ਦੀ ਸੁਤੰਤਰਤਾ ਲਈ ਅੰਦੋਲਨ ਏਥੋਂ ਹੀ ਚਲਾਏ ਗਏ। ਅੰਗਰੇਜ਼ ਸਰਕਾਰ ਵਲੋਂ ਇਸ ਅਸਥਾਨ ਦੀ ਪੂਰੀ ਤਰ੍ਹਾਂ ਤਲਾਸ਼ੀ ਕਰਨ ਉਪਰੰਤ ੧੯ ਜਨਵਰੀ ੧੮੭੨ ਈ: ਨੂੰ ਦਰਵਾਜੇ ਤੇ ਪੁਲਿਸ ਚੌਕੀ ਬਿਠਾ ਕੇ ਏਥੇ ਆਉਣ ਜਾਣ ਵਾਲਿਆਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ। ਸਤਿਗੁਰੂ ਹਰੀ ਸਿੰਘ ਜੀ ਨੇ ਬੜੇ ਹੀ ਧੀਰਜ ਅਤੇ ਹੌਸਲੇ ਨਾਲ ਇਸ ਸਾਰੇ ਅਸਥਾਨ ਦੀ ਸੇਵਾ ਸੰਭਾਲ ਕੀਤੀ ਅਤੇ ਸਰਕਾਰ ਦੀਆਂ ਸਖ਼ਤੀਆਂ ਜਰੀਆਂ।
ਦੇਸ਼ ਦੇ ਸੁਤੰਤਰਤਾ ਅੰਦੋਲਨ ਦੌਰਾਨ ਸਤਿਗੁਰੂ ਜੀ ਦਾ ਇਹ ਨਿਵਾਸ ਅਸਥਾਨ ਆਜ਼ਾਦੀ ਦੇ ਪ੍ਰਵਾਨਿਆਂ ਲਈ ਪ੍ਰਰਨਾ ਦਾ ਸਰੋਤ ਬਣਿਆ ਰਿਹਾ। ਵਰਤਮਾਨ ਗੋਲ ਆਕਾਰ ਦੇ ਰਾਮ ਮੰਦਰ ਦੀ ਸ਼ਾਨਦਾਰ ਇਮਾਰਤ ਦੇ ਅੰਦਰ ਸਤਿਗੁਰੂ ਰਾਮ ਸਿੰਘ ਜੀ ਦੇ ਪੁਰਾਤਨ ਨਿਵਾਸ ਦਾ ਇੱਕ ਮਾਡਲ ਰਖਿਆ ਹੋਇਆ ਹੈ।