ਪਿੰਡੋਂ ਬਾਹਰ ਚੜ੍ਹਦੇ ਪਾਸੇ ਸੋਹਣਾ ਸਥਾਨ ਵੇਖ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪਿੱਪਲ-ਬੋਹੱੜ ਅਤੇ ਹੋਰ ਛਾਂ-ਦਾਰ ਦਰਖੱਤ ਆਪਣੇ ਹੱਥੀ ਲਾਏ ਸਨ ਅਤੇ ਉਹਨਾਂ ਨੂੰ ਇਕ ਜਲ ਕੁੰਡ ਚੋਂ ਪਾਣੀ ਪਾ ਪਾ ਕੇ ਵੱਡੇ ਕੀਤਾ ਸੀ। ਹੁਣ ਸਮਾਂ ਆ ਗਿਆ ਸੀ ਕਿ ਇਸ ਰਮਣੀਕ ਥਾਂ ਤੇ ਸੰਗਤਾਂ ਲਈ ਸਰੋਵਰ ਤਿਆਰ ਕੀਤਾ ਜਾਵੇ।
੧੮੯੭ ਵਿਚ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਹੁਕਮ ਨਾਲ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਗਈ ਤਾਂ ਵਿਰੋਧੀਆਂ ਨੇ ਸਰਕਾਰੇ ਦਰਬਾਰੇ ਜ਼ਬਰੀ ਕਬਜ਼ੇ ਦੀ ਸ਼ਿਕਾਇਤ ਕਰ ਦਿੱਤੀ। ਅੰਗਰੇਜ਼ ਤਹਿਸੀਲ ਦਾਰ ਅਤੇ ਅਧਿਕਾਰੀ ਮੌਕਾ ਵੇਖਣ ਆਏ। ਸਤਿਗੁਰੂ ਹਰੀ ਸਿੰਘ ਜੀ ਨੇ ਇਸ ਜਗ੍ਹਾ ਤੇ ਪੁਰਾਣਾ ਕਬਜ਼ਾ ਵੇਖਾਣ ਲਈ ਆਏ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਸਾਰੇ ਰੁੱਖ ਉਹਨਾਂ ਦੇ ਵੱਡੇ ਭਾਈ ਸਤਿਗੁਰੂ ਰਾਮ ਸਿੰਘ ਜੀ ਨੇ ਆਪ ਲਗਾਏ ਹਨ ਅਤੇ ਸਰੋਵਰ ਵਿੱਚੋਂ ਹੱਥੀ ਪਾਣੀ ਪਾ ਪਾ ਕੇ ਵੱਡੇ ਕੀਤੇ ਹਨ।ਇਸਦੇ ਨਾਲ ਹੀ ਫਲ੍ਹਾਈ ਦੇ ਦਰਖੱਤ ਹੇਠ ਖੁਦਾਈ ਕਰਕੇ ਆਪਣੇ ਪਹਿਲੇ ਸਮਿਆਂ ਦਾ ਹਵਨ ਕੁੰਡ ਅਤੇ ਵਿੱਚੋਂ ਨਿਕਲੇ ਕੋਲੇ ਵਿਖਾ ਦਿੱਤੇ।ਜਦੋਂ ਨਾਲ ਲਗਦਾ ਇਕ ਖੂਹ ਵੇਖਾਇਆ ਤਾਂ ਅੰਗਰੇਜ਼ ਅਧਿਕਾਰੀ ਚੁੱਪ ਕਰਕੇ ਚੱਲੇ ਗਏ। ਕਿਉਂਕਿ ਇਸ ਸਰੋਵਰ ਦਾ ਸਬੰਧ ਤ੍ਰੇਤੇ ਦੇ ਅਵਤਾਰ ਭਗਵਾਨ ਰਾਮ ਨਾਲ ਸੀ ਇਸ ਲਈ ਇਸਦਾ ਨਾਮ "ਰਾਮਸਰ" ਕਰਕੇ ਪ੍ਰਸਿੱਧ ਹੋਇਆ।
੧੯੯੮ ਈ: ਵਿੱਚ ਮਾਤਾ ਜਿਊਣ ਕੌਰ ਜੀ ਨੇ ਸਤਿਗੁਰੂ ਹਰੀ ਸਿੰਘ ਜੀ ਦੀ ਪ੍ਰਵਾਨਗੀ ਲੈ ਕੇ ਸਰੋਵਰ ਦੇ ਕੋਲ ਹੀ ਖੂਹ ਦੇ ਨਾਲ ਮਹੰਤ ਸੇਵਾ ਸਿੰਘ ਨੂੰ ਕਹਿ ਕੇ ਇਕ ਸੁਹਣਾ ਅਸਥਾਨ ਤਿਆਰ ਕਰਵਾਇਆ ਜਿਸਦੇ ਵਿਚਕਾਰ ਚਾਰ ਦਰਾਂ ਵਾਲਾ ਵੱਡਾ ਕਮਰਾ ਅਤੇ ਚੁਫੇਰੇ ਪੰਜ- ਪੰਜ ਦਰਾਂ ਵਾਲਾ ਵਰਾਂਡਾ ਵਗਲਿਆ ਹੋਇਆ ਸੀ ਇਸ ਅਸਥਾਨ ਤੇ ਸਤਿਗੁਰੂ ਹਰੀ ਸਿੰਘ ਜੀ, ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ, ਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਤੱਪ ਸਾਧਨਾ ਕੀਤੀ ਅਤੇ ਨਿਵਾਸ ਕੀਤਾ। ਇਹ ਕੋਠੀ ਨੂ ਬਾਗ ਵਾਲੀ ਕੋਠੀ ਕਹਿ ਕੇ ਜਾਣਿਆਂ ਜਾਂਦਾ ਹੈ।