Sri Bhaini Sahib

Official website of central religious place for Namdhari Sect
RiseSet
06:19am06:42pm

News updates

  • ਜਲਧੰਰ ਨਾਮਧਾਰੀ ਸਿੱਖਾਂ ਦੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ

    Date: 18 Jul 2013

    ੧੯ ਜੁਲਾਈ ੨੦੧੩ ਮੁਤਾਬਿਕ ੪ ਸਾਵਣ ੨੦੭੦ ਬਿਕਰਮੀ ਦਿਨ ਸ਼ੁੱਕਰਵਾਰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਹਰੀ ਮੰਦਰ ਵਿਖੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਕੀਰਤਨ ਰਾਗੀ ਸਰਮੁਖ ਸਿੰਘ ਤੇ ਸ਼ਾਮ ਸਿੰਘ ਕਰ ਰਹੇ ਸਨ। ਸੇਵਕ ਕਰਤਾਰ ਸਿੰਘ ਸ੍ਰ੍ਰੀ ਸਤਿਗੁਰੂ ਜੀ ਨੂੰ ਚੌਰ ਕਰ ਰਿਹਾ ਸੀ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਸਿੱਖਾਂ ਸੇਵਕਾਂ ਸਹਿਤ ਜਲਧੰਰ ਸ਼ਹਿਰ ਦੀ ਸਾਧ ਸੰਗਤ ਦੀ ਅਰਜ਼ ਪ੍ਰਵਾਨ ਕਰਕੇ ਨਾਮਧਾਰੀ ਸਿੱਖਾਂ ਦੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸਵੇਰੇ ੭:੩੦ ਵਜੇ ਤੋਂ ੫ ਵਜੇ ਤੱਕ ਚਰਨ ਪਾਉਣ ਦੀ ਕ੍ਰਿਪਾ ਹੁੰਦੀ ਰਹੀ। ਸ਼ਾਮ ੭:੧੫ ਵਜੇ ਵਾਪਸ ਸ੍ਰੀ ਭੈਣੀ ਸਾਹਿਬ ਪਹੁੰਚ ਹਰੀ ਮੰਦਰ ਵਿੱਚ ਸ਼ਾਮ ਦੇ ਨਾਮ ਸਿਮਰਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਅਤੇ ਕੋਠੀ ਵਿੱਚ ਸਾਧ ਸੰਗਤ ਦੀਆਂ ਅਰਜ ਬੇਨਤੀਆਂ ਸੁਣਨ ਦੀ ਕ੍ਰਿਪਾ ਕੀਤੀ।

  • ਲੁਧਿਆਣੇ ਸਿੱਖਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ

    Date: 17 Jul 2013

    ਮਿਤੀ ੧੮-੦੭-੨੦੧੩ ਮੁਤਾਬਿਕ ੩ ਸਾਵਣ ੨੦੭੦ ਦਿਨ ਵੀਰਵਾਰ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ੦੪.੪੫ ਤੇ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਹਰੀ ਮੰਦਰ ਵਿਖੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਵਾਰ ਦਾ ਕੀਰਤਨ ਰਾਗੀ ਮੋਹਨ ਸਿੰਘ ਜੀ ਅਤੇ ਉਹਨਾਂ ਦੇ ਸ਼ਗਿਰਦ ਬੱਚੇ ਕਰ ਰਹੇ ਸਨ। ਸਮਾਂ ਤਕਰੀਬਨ ੦੭:੧੦ ਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਲੁਧਿਆਣਾ ਦੀ ਨਾਮਧਾਰੀ ਸੰਗਤ ਦੀ ਅਰਜ ਪ੍ਰਵਾਨ ਕਰਕੇ ਲੁਧਿਆਣੇ ਸਿੱਖਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਨਾਮਧਾਰੀ ਸੰਗਤ ਅਤੇ ਨੌਜਵਾਨਾਂ ਵਿਚ ਕਾਫੀ ਉਤਸ਼ਾਹ ਸੀ। ਲੁਧਿਆਣੇ ਤੋਂ ੦੪.੩੦ ਵਜੇ ਵਾਪਸ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਦਰਸ਼ਨ ਦੇ ਉਹਨਾਂ ਦੀਆਂ ਅਰਜ਼ ਬੇਨਤੀਆਂ ਸੁਣੀਆਂ। ਅੱਜ ਦੂਰ ਸੰਚਾਰ ਵਿਭਾਗ ਦੇ ਉੱਚ ਅਧਿਕਾਰੀ ਵੀ ਉਚੇਚੇ ਤੌਰ ਤੇ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਸ੍ਰੀ ਭੈਣੀ ਸਾਹਿਬ ਆਏ ਹੋਏ ਸਨ।

  • ਦਿੱਲੀ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਆਸਾ ਦੀ ਵਾਰ

    Date: 15 Jul 2013

    ਮਿਤੀ ੧੬-੦੭-੨੦੧੩ ਮੁਤਾਬਿਕ ੧ ਸਾਵਣ ੨੦੭੦ ਬਿਕ੍ਰਮੀ ਦਿਨ ਮੰਗਲਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਿੱਲੀ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਤਕਰੀਬਨ ੪.੩੫ ਤੇ ਆਪਣੇ ਨਿਵਾਸ ਸਥਾਨ ਤੋਂ ਚੱਲ ਕੇ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਵਾਜਿਆ। ਇਸ ਸਮੇਂ ਪੂਜਯ ਮਾਤਾ ਚੰਦ ਕੌਰ ਜੀ ਵੀ ਨਾਲ ਸਨ। ਕੀਰਤਨ ਬਲਵੰਤ ਸਿੰਘ ਹਜ਼ੂਰੀ ਰਾਗੀ ਜਥੇ ਸਮੇਤ ਕਰ ਰਹੇ ਸਨ। ਵਾਰ ਦੇ ਭੋਗ ਬਾਅਦ ਆਪਣੇ ਡੇਰੇ ਹੰਸਪਾਲ ਜੀ ਦੇ ਘਰ ਆਣ ਕੁਝ ਜਲ ਪਾਣੀ ਛਕਣ ਉਪਰੰਤ ਸ੍ਰੀ ਸਤਿਗੁਰੂ ਜੀ ਸਮੇਤ ਮਾਤਾ ਜੀ ੭.੨੦ ਤੇ ਹਵਾਈ ਅੱਡੇ ਲਈ ਰਵਾਨਾ ਹੋਏ।ਇਥੋਂ ਹੀ ਸ੍ਰੀ ਸਤਿਗੁਰੂ ਜੀ ਸਮੇਤ ਮਾਤਾ ਜੀ ਹਵਾਈ ਸਫਰ ਰਾਹੀ ਜੰਮੂ ਦੀ ਸਾਧ ਸੰਗਤ ਦੀ ਅਰਜ ਪ੍ਰਵਾਨ ਕਰਕੇ ਦਰਸ਼ਨ ਦੇਣ ਲਈ ਜਾ ਰਹੇ ਸਨ।

  • ਜੰਮੂ ਇਲਾਕੇ ਦਾ ਪਹਿਲਾ ਦੌਰਾ

    Date: 15 Jul 2013

    ਮਿਤੀ ੧੬ ਜੁਲਾਈ ੨੦੧੩ ਮੁਤਾਬਿਕ ੧ ਸਾਵਣ ੨੦੭੦ ਦਿਨ ਮੰਗਲਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਸਪਾਇਸ ਜੈੱਟ ਏਅਰਵੇਜ ਦੇ ਜਹਾਜ ਰਾਹੀ ਸਫਰ ਕਰਕੇ ੧੦:੧੫ ਵਜੇ ਜੰਮੂ ਹਵਾਈ ਅੱਡੇ ਤੇ ਆਣ ਉੱਤਰੇ। ਗੁਰਗੱਦੀ ਤੇ ਸੁਭਾਇ-ਮਾਨ ਹੋਣ ਤੋਂ ਬਾਅਦ ਜੰਮੂ ਇਲਾਕੇ ਦਾ ਪਹਿਲਾ ਦੌਰਾ ਸੀ। ਨਾਮਧਾਰੀ ਸਾਧ-ਸੰਗਤ ਅਤੇ ਸਥਾਨਕ ਪ੍ਰਸ਼ਾਸਨ ਸੂਬਾ ਸੁਖਦੇਵ ਸਿੰਘ ਜੰਮੂ ਦੀ ਅਗਵਾਈ ਵਿਚ ਸ੍ਰੀ ਸਤਿਗੁਰੂ ਜੀ ਦੇ ਸੁਆਗਤ ਲਈ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸ੍ਰੀ ਸਤਿਗੁਰੂ ਜੀ ਏਥੋਂ ਆਪਣੇ ਡੇਰੇ ਸੂਬਾ ਜੀ ਦੇ ਘਰ ਆਣ ਪ੍ਰਸ਼ਾਦਾ ਛਕਣ ਉਪਰੰਤ ਆਰਾਮ ਕੀਤਾ ਅਤੇ ਫਿਰ ਸ਼ੁਰੂ ਹੋਇਆ ਨਾਮਧਾਰੀ ਘਰਾਂ ਵਿਚ ਚਰਨ ਪਾਉਣ ਦਾ ਕਾਰਜ। ਸ਼ਾਮ ਨੂੰ ਨਾਮਧਾਰੀ ਧਰਮਸ਼ਾਲਾ ਵਿਖੇ ਨਾਮ ਸਿਮਰਨ ੭ ਤੋਂ ੮ ਅਤੇ ਉਪਰੰਤ ਕੀਰਤਨ ਹੋਇਆ। ਸਾਧ-ਸੰਗਤ ਦੀ ਹਾਜ਼ਰੀ ਭਰਭੂਰ ਸੀ।

  • ਲੁਧਿਆਣੇ ਸ਼ਹਿਰ ਵਿਚ ਨਾਮਧਾਰੀ ਪਰਿਵਾਰਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ

    Date: 14 Jul 2013

    ਅੱਜ ਮਿਤੀ ੧੫-੦੭-੨੦੧੩ ਮੁਤਾਬਿਕ ੩੨ ਹਾੜ੍ਹ ੨੦੭੦ ਦਿਨ ਸੋਮਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ੪:੪੦ ਮਿੰਟ ਤੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਕੀਰਤਨ ਰਾਗੀ ਈਸ਼ਰ ਸਿੰਘ ਤੇ ਇਕਬਾਲ ਸਿੰਘ ਦੋਨੋ ਭਰਾ ਕਰ ਰਹੇ ਸਨ। ਵਾਰ ਦੇ ਭੋਗ ਉਪਰੰਤ ਤਕਰੀਬਨ ੫.੪੫ ਵਜੇ ਸ੍ਰੀ ਸਤਿਗੁਰੂ ਜੀ ਲੁਧਿਆਣੇ ਸ਼ਹਿਰ ਵਿਚ ਨਾਮਧਾਰੀ ਪਰਿਵਾਰਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਵਾਪਸ ਸ੍ਰੀ ਭੈਣੀ ਸਾਹਿਬ ਆਣ-ਪ੍ਰਸ਼ਾਦਾ ਛਕਣ ਉਪਰੰਤ ੧੨ ਵਜੇ ਦੁਪਹਿਰ ਦਿੱਲੀ ਦੀ ਸਾਧ-ਸੰਗਤ ਨੂੰ ਦਰਸ਼ਨ ਦੇਣ ਲਈ ਕਮਰ-ਕੱਸੇ ਕਰ ਅਰਦਾਸਾ ਸੋਧ ਚਾਲੇ ਪਾਏ। ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਦਿੱਲੀ ਵਿਖੇ ਸ਼ਾਮ ਨੂੰ ਪੰਜ ਤੋਂ ਛੇ ਵਜੇ ਤੱਕ ਨਾਮ ਸਿਮਰਨ ਹੋਇਆ। ਪਿਛਲੇ ਪਹਿਰ ਦਾ ਕੀਰਤਨ ਰਾਗੀ ਬਲਵੰਤ ਸਿੰਘ ਅਤੇ ਸਾਥੀਆਂ ਨੇ ਕੀਤਾ, ਉਪਰੰਤ ਜਥੇਦਾਰ ਸੇਵਾ ਸਿੰਘ ਦਿੱਲੀ ਨੇ ਕਥਾ ਕੀਤੀ। ਇਸ ਪ੍ਰੋਗਰਾਮ ਵਿਖੇ ਪੂਜਯ ਮਾਤਾ ਜੀ ਨੇ ਸਾਧ ਸੰਗਤ ਨੂੰ ਦਰਸ਼ਨ ਦਿੱਤੇ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕੁਝ ਘਰਾਂ ਵਿਚ ਚਰਨ ਪਾਉਣ ਉਪਰੰਤ ਡੇਰਾ ਹੰਸਪਾਲ ਜੀ ਦੇ ਘਰ ਸੀ, ਉਥੇ ਪਹੁੰਚ ਆਰਾਮ ਕੀਤਾ।

  • ਜਲੰਧਰ ਅਤੇ ਲੁਧਿਆਣਾ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ

    Date: 13 Jul 2013

    ਅੱਜ ਮਿਤੀ ੧੪ ਜੁਲਾਈ ੨੦੧੩ ਮੁਤਾਬਿਕ ੩੧ ਹਾੜ੍ਹ ੨੦੭੦ ਬਿਕਰਮੀ ਦਿਨ ਐਤਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ਹੋ ਰਹੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਦਰਸ਼ਨ ਦਿੱਤੇ।  ਅਸਾ ਦੀ ਵਾਰ ਦਾ ਕੀਰਤਨ ਸੰਤ ਹਰਬੰਸ ਸਿੰਘ ਘੁੱਲਾ ਹਜ਼ੂਰੀ ਰਾਗੀ ਦੀ ਅਗਵਾਈ ਵਿੱਚ ਰਾਗੀ ਸਿੰਘ ਕਰ ਰਹੇ ਸਨ।  ਅੱਜ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਇੱਕ ਅਨੰਦ ਕਾਰਜ ਵੀ ਹੋਇਆ।  ੭:੪੦ ਤੇ ਸ੍ਰੀ ਸਤਿਗੁਰੂ ਜੀ ਸਿੱਖਾਂ ਸੇਵਕਾਂ ਸਹਿਤ ਜਲੰਧਰ ਵਿਖੇ ਵਿਦਿਅਕ ਜਥੇ ਵੱਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿੱਚ ਦਰਸ਼ਨ ਦੇਣ ਲਈ ਸ੍ਰੀ ਭੈਣੀ ਸਾਹਿਬ ਤੋਂ ਰਵਾਨਾ ਹੋਏ।  ਯਾਦਗਰੀ ਸਮਾਗਮ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਸਵਾਗਤ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਕੇ.ਕੇ ਭੰਡਾਰੀ ਨੇ ਕੀਤਾ ਅਤੇ ਜਗਦੀਸ਼ ਸਿੰਘ ਵਰਿਆਮ ਜਨਰਲ ਸਕੱਤਰ ਨਾਮਧਾਰੀ ਦਰਬਾਰ ਨੇ ਸ੍ਰੀ ਸਤਿਗੁਰੂ ਜੀ ਨੂੰ ਜੀ ਆਇਆਂ ਆਖਿਆ।  ਸਮਾਗਮ ਸਮਾਪਤੀ ਤੋਂ ਬਾਅਦ ਸ੍ਰੀ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਦੇਣ ਦੀ ਕ੍ਰਿਪਾ ਕੀਤੀ ਅਤੇ ਵਰਿਆਮ ਜੀ ਅਤੇ ਹੋਰ ਦੋ ਘਰਾਂ ਵਿੱਚ ਚਰਨ ਪਾਉਣ ਉਪਰੰਤ ਜਲੰਧਰ ਤੋਂ ਵਾਪਸੀ ਕਰ ਲਈ।

    ਅੱਜ ਹੀ ਦੁਪਿਹਰ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਲੁਧਿਆਣਾ ਸ਼ਹੀਦੀ ਸਮਾਰਕ ਵਿਖੇ ਸੰਤ ਮਾਨ ਸਿੰਘ ਪਨੇਸਰ ਜੋ ਕਿ ਭਾਈ ਜੀ ਸੁਰਿੰਦਰ ਸਿੰਘ ਅਤੇ ਜਸਵੀਰ ਸਿੰਘ ਦੇ ਪਿਤਾ ਸਨ, ਉਹਨਾਂ ਦੇ ਭੋਗ ਤੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ।  ਸਾਧ ਸੰਗਤ ਅਤੇ ਹੋਰ ਪਤਵੰਤੇ ਸੱਜਣ ਕਾਫੀ ਵੱਡੀ ਤਦਾਦ ਵਿੱਚ ਹਾਜ਼ਰ ਸਨ।  ਹਜ਼ੂਰੀ ਰਾਗੀ ਬਲਵੰਤ ਸਿੰਘ ਦੀ ਅਗਵਾਈ ਵਿੱਚ ਰਾਗੀ ਜਥੇ ਨੇ ਕੀਰਤਨ ਕੀਤਾ ਅਤੇ ਪਾਠ ਦਾ ਭੋਗ ਪਾਇਆ ਗਿਆ।  ਇਸ ਸਮੇਂ ਰਜਿੰਦਰ ਭੰਡਾਰੀ ਭਾਜਪਾ ਆਗੂ, ਸ: ਮਲਕੀਤ ਸਿੰਘ ਦਾਖਾਂ ਕਾਂਗਰਸ ਪਾਰਟੀ, ਸ: ਅਮਰਜੀਤ ਸਿੰਘ ਭਾਟੀਆ, ਹੀਰਾ ਸਿੰਘ ਗਾਬੜੀਆ ਅਕਾਲੀ ਆਗੂ ਵੀ ਹਾਜ਼ਰ ਸਨ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਨੇ ਸ੍ਰੀ ਭੈਣੀ ਸਾਹਿਬ ਵਾਪਸ ਆਣ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣਨ ਦੀ ਕ੍ਰਿਪਾ ਕੀਤੀ। 

  • ਸ੍ਰੀ ਭੈਣੀ ਸਾਹਿਬ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ

    Date: 13 Jun 2013

    ਮਿਤੀ ੧੪-੬-੨੦੧੩ ਮੁਤਾਬਿਕ ੧ ਹਾੜ੍ਹ ੨੦੭੦ ਦਿਨ ਵੀਰਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਹਰੀ ਮੰਦਰ ਵਿੱਚ ਆਸਾ ਦੀ ਵਾਰ ਦੇ ਕੀਰਤਨ ਸਮੇਂ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ।  ਅੱਜ ਸ੍ਰੀ ਭੈਣੀ ਸਾਹਿਬ ਹੀ ਰਹਿ ਕੇ ਬਾਹਰੋਂ ਆਈ ਸਾਧ ਸੰਗਤ ਦੀਆਂ ਅਰਜ਼ ਬੇਨਤੀਆਂ ਸੁਣੀਆਂ।  ਦੁਪਿਹਰ ਦੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ੨ ਤੋਂ ੩ ਵਜੇ ਗੁਰਮੀਤ ਸਿੰਘ ਦਰੋਗਾ ਮੁਠੱਡਾ ਜੋ ਕੇ ਕਾਫੀ ਲੰਬਾਂ ਸਮਾਂ ਗੁਰੂ ਘਰ ਦਾ ਉਘਰਾਈਆ ਰਿਹਾ ਉਸ ਨਮਿਤ ਭੋਗ ਪਿਆ।  ਅੱਜ ਉਚੇਚੇ ਤੌਰ ਤੇ ਸਿੱਖ ਜਗਤ ਦੇ ਨਾਮਵਰ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਜੀ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਸ੍ਰੀ ਭੈਣੀ ਸਾਹਿਬ ਆਏ।  ਭਾਈ ਬਲਬੀਰ ਸਿੰਘ ਜੀ ਨੇ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਬਖਸ਼ਿਸਾਂ ਦਾ ਉਚੇਚਾ ਵਰਣਨ ਕੀਤਾ।  ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਭਾਈ ਬਲਬੀਰ ਸਿੰਘ ਰਾਗੀ ਨੂੰ ਸਿਰੋਪਾ ਅਤੇ ਸਨਮਾਨ ਦੇ ਕੇ ਨਿਵਾਜਿਆ।

  • ਸੰਤਨਗਰ, ਪਿੰਡ ਖੋਟੇ ਅਤੇ ਨਾਮਧਾਰੀ ਧਰਮਸ਼ਾਲਾ ਫਗਵਾੜਾ ਵਿਖੇ ਦਰਸ਼ਨ ਦਿੱਤੇ

    Date: 12 Jun 2013

    ਮਿਤੀ ੧੩-੬-੨੦੧੩ ਦਿਨ ਵੀਰਵਾਰ ੩੧ ਜੇਠ ੨੦੭੦ ਸਵੇਰੇ ੪:੩੨ ਮਿੰਟ ਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸੰਤਨਗਰ ਸੰਤ ਸਤਨਾਮ ਸਿੰਘ ਮੁਕਤਾ ਦੇ ਘਰ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ।  ੫ ਪਾਠਾਂ ਦੇ ਭੋਗ ਪਾਏ ਗਏ।  ਇਹ ਮੇਲਾ ਪਰਿਵਾਰ ਵੱਲੋਂ ਸੂਬਾ ਧਰਮ ਸਿੰਘ ਦੀ ਯਾਦ ਵਿੱਚ ਕੀਤਾ ਗਿਆ।  ੬ ਵਜੇ ਸੰਤਨਗਰ ਤੋਂ ਚੱਲ ਕੇ ੮:੩੦ ਵਜੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਪਿੰਡ ਖੋਟੇ ਜ਼ਿਲ੍ਹਾ ਮੋਗਾ (ਪੰਜਾਬ) ਵਿਖੇ ਆਣ ਕੇ ਪ੍ਰਸ਼ਾਦਾ ਛਕਣ ਉਪਰੰਤ ਦੀਵਾਨ ਵਿੱਚ ਦਰਸ਼ਨ ਦਿੱਤੇ।  ਇਹ ਮੇਲਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਆਰੰਭੀ ਅਨੰਦ ਕਾਰਜ ਦੀ ਮਰਿਯਾਦਾ ਨਮਿਤ ਸੀ ਜੋ ਪਿੰਡ ਖੋਟੇ ਤੋਂ ੩ ਜੂਨ ੧੮੬੩ ਨੂੰ ਆਰੰਭ ਕੀਤੀ ਸੀ।  ਇਸ ਸਮੇਂ ਪੂਜਯ ਮਾਤਾ ਚੰਦ ਕੌਰ ਜੀ ਵੀ ਸ੍ਰੀ ਭੈਣੀ ਸਾਹਿਬ ਤੋਂ ਚੱਲ ਕੇ ਆਣ ਪਹੁੰਚੇ ਸਨ।  ਪ੍ਰੁੋਗਰਾਮ ਵੱਡੇ ਬਣੇ ਹੋਏ ਹਾਲ ਵਿੱਚ ਚਲ ਰਿਹਾ ਸੀ।  ਬਾਹਰ ਭਾਰੀ ਬਾਰਿਸ਼ ਨਾਲ ਇੰਦਰ ਦੇਵਤਾ ਵੀ ਹਾਜ਼ਰੀ ਭਰ ਰਿਹਾ ਸੀ।  ਇੱਥੋਂ ਹੀ ਤਕਰੀਬਨ ੧੧ ਵਜੇ ਚੱਲ ਕੇ ੧:੩੦ ਤੇ ਦੁਪਿਹਰੇ ਨਾਮਧਾਰੀ ਧਰਮਸ਼ਾਲਾ ਫਗਵਾੜਾ ਵਿਖੇ ਸ: ਕੁਲਦੀਪ ਸਿੰਘ ਨਮਿਤ ਭੋਗ ਤੇ ਦਰਸ਼ਨ ਦਿੱਤੇ।  ਭੋਗ ਉਪਰੰਤ ਘਰ ਚਰਨ ਪਾ ਕੇ ਪਿੰਡ ਕੁਤਬੇਵਾਲ ਵਿਖੇ ਸੂਬਾ ਸੁਰਜੀਤ ਸਿੰਘ ਦੇ ਘਰ ਚਰਨ ਪਾ ਵਾਪਿਸ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਨਿਵਾਜਿਆ।

  • ਐਲਨਾਬਾਦ, ਪ੍ਰਤਾਪਨਗਰ, ਸੰਤਨਗਰ ਤੇ ਰਾਣੀਆਂ ਵਿਖੇ ਦਰਸ਼ਨ ਅਤੇ ਚਰਨ ਪਾਉਣ ਦੀ ਕਿਰਪਾ

    Date: 11 Jun 2013

    ਅੱਜ ਮਿਤੀ ੧੨-੬-੨੦੧੩ ਮੁਤਾਬਿਕ ੩੦ ਜੇਠ ੨੦੭੦ ਦਿਨ ਬੁੱਧਵਾਰ ਸਵੇਰੇ ੪:੩੨ ਮਿੰਟ ਤੇ ਮਸਤਾਨਗੜ੍ਹ ਤੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਰਵਾਨਾ ਹੋ ਕੇ ਐਲਨਾਬਾਦ ਬਾਹਰ-ਵਾਰ ਖੇਤਾਂ ਵਿੱਚ ਸ: ਰੇਸ਼ਮ ਸਿੰਘ ਦੀ ਢਾਣੀ ਤੇ ਆਸਾ ਦੀ ਵਾਰ ਵਿੱਚ ਸਾਧ-ਸੰਗਤ ਨੂੰ ਦਰਸ਼ਨ ਦਿੱਤੇ।  ਆਸਾ ਦੀ ਵਾਰ ਦਾ ਕੀਰਤਨ ਉਸਤਾਦ ਮਹਿਲ ਸਿੰਘ ਦੇ ਸ਼ਗਿਰਦ ਬੱਚੇ ਬੱਚੀਆਂ ਨੇ ਕੀਤਾ।  ੫:੪੦ ਤੇ ਵਾਰ ਦੇ ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਐਲਨਾਬਾਦ ਤੋਂ ਕਿਸੇ ਨਿੱਜੀ ਰੁਝੇਵੇਂ ਕਾਰਨ ਮਸਤਾਨਗੜ੍ਹ ਵਾਪਿਸ ਆਏ।  ਅੱਜ ਪਿੰਡ ਪ੍ਰਤਾਪਨਗਰ  ਸਾਰੇ ਨਗਰ ਵਿੱਚ ਘਰ-ਘਰ ਚਰਨ ਪਾਉਣ ਦਾ ਪ੍ਰੋਗਰਾਮ ਸੀ।  ਸ੍ਰੀ ਸਤਿਗੁਰੂ ਜੀ ਨੇ ਸਾਰੇ ਘਰਾਂ ਵਿੱਚ ਚਰਨ ਪਾਏ।  ਨਗਰ ਨਿਵਾਸੀਆਂ ਵਿੱਚ ਪੂਰਾ ਉਤਸ਼ਾਹ ਤੇ ਚਾਅ ਸੀ।  ਦੁਪਿਹਰ ੨ ਵਜੇ ਸ: ਸੁੱਚਾ ਸਿੰਘ ਸਾਬਕਾ ਸਰਪੰਚ ਨਕੌੜਾ ਦੇ ਘਰ ਜਲ-ਪਾਣੀ ਛਕਣ ਤੋਂ ਬਾਅਦ ਪਿੰਡ ਖੂਹ ਅੰਮ੍ਰਿਤਸਰੀਆ ਵਿਖੇ ੩ ਘਰਾਂ ਵਿੱਚ ਚਰਨ ਪਾਉਣ ਬਾਅਦ ਮਸਤਾਨਗੜ੍ਹ ਆਣ ਆਰਾਮ ਕੀਤਾ।  ਸ਼ਾਮ ੬ ਵਜੇ ਸੰਤਨਗਰ ਵਿਖੇ ਕੁਝ ਘਰਾਂ ਵਿੱਚ ਚਰਨ ਪਾ ਕੇ ਵੱਡੇ ਮੰਦਰ ਵਿੱਚ ਹੋ ਰਹੇ ਨਾਮ ਸਿਮਰਨ ਵਿੱਚ ਦਰਸ਼ਨ ਦਿੱਤੇ।  ਉਪਰੰਤ ਰਾਣੀਆਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹੋ ਰਹੇ ਸਮਾਗਮ ਵਿੱਚ ਸਾਧ ਸੰਗਤ ਨੂੰ ਦਰਸ਼ਨ ਦਿੱਤੇ।

  • ਸਿਰਸਾ ਵਿਖੇ ਘਰਾਂ ਵਿੱਚ ਚਰਨ ਪਾਏ

    Date: 10 Jun 2013

    ਅੱਜ ਮਿਤੀ ੧੧-੫-੨੦੧੩ ਮੁਤਾਬਿਕ ੨੯ ਜੇਠ ੨੦੭੦ ਦਿਨ ਮੰਗਲਵਾਰ ਮਸਤਾਨਗੜ੍ਹ ਤੋਂ ੪:੧੦ ਤੇ ਸਵੇਰੇ ਚੱਲ ਕੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਿੱਖਾਂ ਸੇਵਕਾਂ ਦੇ ਕਾਫਲੇ ਸਹਿਤ ੪:੫੦ ਤੇ ਸਿਰਸਾ ਨਾਮਧਾਰੀ ਧਰਮਸ਼ਾਲਾ ਵਿਖੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ।  ਕੀਰਤਨ ਸਥਾਨਕ ਜਥੇ ਵੱਲੋਂ ਕੀਤਾ ਗਿਆ।  ਭੋਗ ਉਪਰੰਤ ਸਿਰਸਾ ਸ਼ਹਿਰ ਦੇ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ।  ਸਿਰਸਾ ਵਿਖੇ ਹੀ ਸ੍ਰੀ ਸਤਿਗੁਰੂ ਜੀ ਨੇ ਕਵਲਜੀਤ ਸਿੰਘ ਦੇ ਘਰ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦਿੱਤੇ।  ਉਪਰੰਤ ਦੁਪਿਹਰ ੧੨:੩੦ ਤੇ ਪਿੰਡ ਹਾਰਨੀਆਂ ਸ: ਸਰਿੰਦਰ ਸਿੰਘ ਦੇ ਨਮਿਤ ਪਏ ਭੋਗ ਤੇ ਦਰਸ਼ਨ ਦੇਣ ਤੋਂ ਬਾਅਦ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ਆਣ ਆਰਾਮ ਕੀਤਾ।  ਕੁੱਝ ਦੇਰ ਬਾਅਦ ਹੀ ਸ੍ਰੀ ਸਤਿਗੁਰੂ ਜੀ ਦੀ ਆਮਦ ਤੇ ਇੰਦਰ ਦੇਵਤਾ ਨੇ ਮਿੰਨੀ- ਮਿੰਨੀ ਫੁਹਾਰ ਪਾ ਕੇ ਮੌਸਮ ਨੂੰ ਖੁਸ਼-ਗਵਾਰ ਬਣਾ ਦਿੱਤਾ ਅਤੇ ਸਮੁੱਚੇ ਇਲਾਕੇ ਨੇ ਤਪਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ।  ਸ਼ਾਮ ਨੂੰ ਪਿੰਡ ਅਮ੍ਰਿਤਸਰ ਖੁਰਦ ਵਿਖੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ।

Pages